Now Reading
ਲੋਕ ਮਸਲੇ : ਪ੍ਰਦੂਸ਼ਣ ਤੇ ਦੁਰਗੰਧ ਨੇ ਬੀਤ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ

ਲੋਕ ਮਸਲੇ : ਪ੍ਰਦੂਸ਼ਣ ਤੇ ਦੁਰਗੰਧ ਨੇ ਬੀਤ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ

“ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਬਲਾਕ ਦਾ ਭੁ-ਭਾਗ, ਇਲਾਕਾ ਬੀਤ, ਮਿੰਨੀ ਕਸ਼ਮੀਰ ਦੇ ਨਾਮ ਨਾਲ ਜਾਣਿਆ ਜਾਂਦਾ ਸਵਰਗ ਜਿਹਾ ਖਿਤਾ ਹੋਇਆ ਕਰਦਾ ਸੀ। ਇਸ ਇਲਾਕੇ ਨੂੰ ਮਹਾਨ ਦੇਸ਼ ਭਗਤਾਂ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਦੀ ਜਨਮ ਭੂਮੀ ਅਤੇ ਕਰਮਸਥਲੀ ਹੋਣ ਦਾ ਵੀ ਮਾਣ ਹਾਸਲ ਹੈ। ਸ਼ੁੱਧ ਹਵਾ, ਸਾਫ ਪਾਣੀ, ਹਰਿਆਲੀ ਧਰਤ, ਰਮਣੀਕ ਵਾਤਾਵਰਨ ਨਾਲ ਸੰਜੋਈ ਕੁਦਰਤੀ ਸੁੰਦਰਤਾ ਦਾ ਖਜ਼ਾਨਾ ਹੋਇਆ ਕਰਦਾ ਸੀ ਕਦੀ ਇਹ ਇਲਾਕਾ। ਸਾਹ ਤੇ ਚਮੜੀ ਰੋਗਾਂ ਜਾਂ ਬੁਖ਼ਾਰ ਆਦਿ ਤੋਂ ਪੀੜਤ ਮਰੀਜਾਂ ਨੂੰ ਠੀਕ ਹੋਣ ਲਈ ਦਵਾਈ-ਬੂਟੀ ਤੋਂ ਇਲਾਵਾ ਇਸ ਇਲਾਕੇ ਵਿੱਚ ਹਫ਼ਤਾ-ਦੋ ਹਫਤੇ ਰਹਿਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਸਨ ਵੈਦ-ਹਕੀਮਾਂ ਵਲੋਂ।
ਪਰ ਅੱਜ ਇਲਾਕੇ ਦੀ ਤਰੱਕੀ ਦੇ ਨਾਂ ’ਤੇ ਮੁਨਾਫਾਖੋਰ ਬਘਿਆੜਾਂ ਨੇ ਸਰਕਾਰਾਂ ਦੀ ਸਰਪ੍ਰਸਤੀ ਹੇਠ ਇਸ ਧਰਤ ਨੂੰ ਕੁੰਭੀ ਨਰਕ ਵਿਚ ਤਬਦੀਲ ਕਰ ਕੇ ਰੱਖ ਦਿੱਤਾ ਹੈ। ਜੀਵਨ ਅਸਤ-ਵਿਆਸਤ ਹੋ ਗਿਆ ਹੈ। ਲੋਕੀਂ ਵੰਨ-ਸੁਵੰਨੀਆਂ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਬਣਾਏ ਜਾ ਰਹੇ ਹਨ। ਚੁਣੇ ਹੋਏ ਲੋਕ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਲੋਕਾਂ ਅਤੇ ਆਲੇ-ਦੁਆਲੇ ਨੂੰ ਸਾਫ-ਸਵਸਥ ਰੱਖਣ ਦੇ ਆਪਣੇ ਪਰਮ ਫਰਜ ਨੂੰ ਟਕਿਆਂ ਦੇ ਲਾਲਚ ਵਿੱਚ ਫਸ ਕੇ ਵਿਸਾਰ ਚੁੱਕੇ ਹਨ। ਇਹਨਾਂ ਨਾਲਾਇਕ-ਦੁਰਚਾਰੀਆਂ ਚੋਂ ਕਈ ਅੱਤ ਦੇ ਲੋਭੀਆਂ ਨੇ ਮਾਫ਼ੀਆ ਦੇ ਸੁੱਟੇ ਟੁਕੜਿਆਂ ’ਤੇ ਪਲ ਕੇ ਐਸ਼ ਕਰਨੀ ਹੀ ਆਪਣੇ ਜੀਵਨ ਦਾ ਮੁੱਖ ਉਦੇਸ਼ ਨਿਰਧਾਰਤ ਕਰ ਲਿਆ ਹੈ। ਸਰਕਾਰਾਂ ’ਚ ਬੈਠੇ ਅਤੇ ਉੱਚ ਪ੍ਰਸ਼ਾਸ਼ਨਿਕ ਅਹੁਦਿਆਂ ’ਤੇ ਬਿਰਾਜਮਾਨ ਨੇਤਾਵਾਂ ਤੇ ਅਧਿਕਾਰੀਆਂ ਨੇ ਕਾਰਪੋਰੇਟ ਘਰਾਣਿਆਂ, ਚੁਨਿੰਦਾ ਉਦਯੋਗਪਤੀਆਂ, ਮਾਈਨਿੰਗ ਤੇ ਹਰ ਤਰ੍ਹਾਂ ਦੇ ਹੋਰ ਮਾਫ਼ੀਏ ਨੂੰ ਖੁਲ੍ਹ-ਖੇਡਣ ਲਈ ਸੁਰੱਖਿਅ ਛਤਰੀ ਮੁਹੱਈਆ ਕਰਵਾਈ ਹੋਈ ਹੈ। ਜਦਕਿ ਸਰਕਾਰ ਦੇ ਖ਼ਜ਼ਾਨੇ ਭਰਨ ਲਈ ਟੈਕਸ ਦੇਣ ਵਾਲੇ ਆਮ ਆਵਾਮ, ਪਿੰਡਾਂ-ਸ਼ਹਿਰਾਂ ਦੇ ਜੱਦੀ ਵਸਨੀਕ ਕਿਸਾਨਾਂ-ਮਜਦੂਰਾਂ ਨੂੰ ਮਰਨ ਲਈ ਜਾਂ ਫਿਰ ਜਾਨ ਬਚਾਉਣ ਲਈ ਘਰ-ਘਾਟ ਛੱਡ ਕੇ ਭੱਜ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਇਲਾਕਾ ਬੀਤ ਅਤੇ ਪਿੰਡ ਮਹਿੰਦਵਾਣੀ ਦੇ ਵਾਤਾਵਰਣ ਨੂੰ ਦੂਸ਼ਿਤ ਕਰਕੇ ਲੋਕਾਂ ਅਤੇ ਪਸ਼ੂਆਂ ਨੂੰ ਘਾਤਕ ਰੋਗਾਂ ਦੇ ਸ਼ਿਕਾਰ ਬਨਾਉਣ ਲਈ ਮੁੱਖ ਤੌਰ ’ਤੇ ਪਿੰਡ ਗੋਂਦਪੁਰ ਜੈ ਚੰਦ, ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਸਾਬਣ ਫ਼ੈਕਟਰੀ, ਰਿਫਾਈਨਰੀ ਅਤੇ ਸਟੋਨ ਕਰਸ਼ਰ ਮਾਫੀਆ ਜਿੰਮੇਵਾਰ ਹਨ, ਜਿਨ੍ਹਾਂ ਕਾਰਨ ਲੋਕਾਂ ਦਾ ਜੀਵਨ ਨਰਕ ਬਣ ਕੇ ਰਹਿ ਗਿਆ ਹੈ। ਗੜ੍ਹਸ਼ੰਕਰ- ਨੰਗਲ ਰੋਡ ਤੋਂ 10 ਕੁ ਕਿਲੋਮੀਟਰ ਅੱਗੇ ਪੰਡੋਰੀ ਬੀਤ ਤੇ ਮਹਿੰਦਵਾਣੀ ਨੂੰ ਜੋੜਦੀ ਪੇਂਡੂ ਲਿੰਕ ਸੜਕ ਹੈ, ਜੋ ਨੈਸ਼ਨਲ ਜਾਂ ਸਟੇਟ ਹਾਈਵੇ ਤਾਂ ਕੀ ਹੋਣੀ ਸੀ, ਸਗੋਂ ਜਿਲ੍ਹਾ ਪੱਧਰੀ ਸੜਕ ਦੀ ਕੈਟਾਗਰੀ ਵਿੱਚ ਵੀ ਨਹੀਂ ਆਉਂਦੀ। ਮਾਰਕੀਟ ਕਮੇਟੀ ਅਧੀਨ ਆਉਂਦੀ ਇਸ ਲਿੰਕ ਸੜਕ ਤੋਂ 9 ਤੋਂ 10 ਟਨ ਤੱਕ ਵਜਨ ਢੋਣ ਵਾਲੇ ਵਾਹਨਾਂ ਦੇ ਲੰਘਣ ਦੀ ਹੀ ਮੰਜ਼ੂਰੀ ਹੈ। ਪਰ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਇਸ ਲਿੰਕ ਸੜਕ ਤੋਂ ਹੈਵੀ ਟਿੱਪਰ, ਟਰੱਕ ਅਤੇ ਫ਼ੈਕਟਰੀ ਦੇ ਟੈਂਕਰ-ਟਰਾਲੀਆਂ, 120 ਟਨ ਲੋਡ ਲੈਕੇ ਰਾਤ-ਦਿਨੇ ਗੁਜਰਦੇ ਹਨ। ਇਹਨਾਂ ਹੈਵੀ ਵਹੀਕਲਾਂ ਦੀ ਆਵਾਜਾਈ ਕਾਰਨ ਇਹ ਸੜਕ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਇਸ ਵਿੱਚ 2 ਤੋਂ 3 ਫੁੱਟ ਤੱਕ ਡੂੰਘੇ ਤੇ 10 ਤੋਂ 15 ਫੁੱਟ ਲੰਮੇ-ਚੌੜੇ ਖੱਡੇ ਬਣੇ ਗਏ ਹਨ ਅਤੇ ਆਏ ਦਿਨ ਹੁੰਦੇ ਜਾਨਲੇਵਾ ਹਾਦਸਿਆਂ ਕਰਕੇ ਇਹ ਸੜਕ ਖੂੰਨੀ ਸੜਕ ਦਾ ਰੂਪ ਵਟਾ ਚੁੱਕੀ ਹੈ।
ਦਸੱਣਾ ਬਣਦਾ ਹੈ ਕਿ ਇਹ ਸੜਕ ਪਿੰਡਾਂ ਦੀ ਸੰਘਣੀ ਆਬਾਦੀ ਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਜਿਸ ਵਿੱਚ ਕੋਈ ਵੀ ਡਿਵਾਈਡਰ ਜਾ ਮਾਰਕਾ ਨਹੀਂ ਲਗਿਆ ਹੋਇਆ, ਜੋ ਇਹ ਨਿਰਧਾਰਤ ਕਰੇ ਕੇ ਪੈਦਲ ਚੱਲਣ ਵਾਲੇ, ਪਸ਼ੂ ਰੇਹੜੀਆਂ ਤੇ ਬੈਲ ਗੱਡੀਆਂ ਜਾਂ ਹਲਕੇ, ਦਰਮਿਆਨੇ ਤੇ ਭਾਰੀ ਵ੍ਹੀਕਲ ਕਿੱਥੋਂ ਦੀ ਸੁਰੱਖਿਅਤ ਗੁਜਰ ਸਕਦੇ ਹਨ।
ਹੈਵੀ ਵਾਹਨਾਂ ਦੀ ਆਵਾਜਾਈ ਕਾਰਨ ਘਰਾਂ ਦੀਆਂ ਦੀਵਾਰਾਂ ਵਿੱਚ ਤ੍ਰੇੜਾਂ ਆ ਗਈਆਂ ਹਨ। ਹੈਵੀ ਵ੍ਹੀਕਲਾਂ ਦੇ ਲੰਘਣ ਵੇਲੇ ਹੁੰਦੇ ਕੰਪਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉੱਡ-ਉੱਡ ਕੇ ਘਰਾਂ ’ਚ ਦਾਖ਼ਲ ਹੁੰਦੇ ਗਰਦੋ ਗੁਬਾਰ ਨਾਲ ਲੋਕਾਂ, ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਅਤੇ ਡੰਗਰਾਂ ਨੂੰ ਸਾਹ ਲੈਣ ਵਿੱਚ ਡਾਢੀ ਪ੍ਰੇਸ਼ਾਨੀ ਹੁੰਦੀ ਹੈ । ਪ੍ਰਸ਼ਾਸ਼ਨ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਨ੍ਹਾਂ ਗਾਫਲਾਂ ਨੂੰ ਨੀਂਦ ’ਚੋਂ ਜਗਾਉਣ ਲਈ ਇਲਾਕੇ ਦੇ ਸੂਝਵਾਨ ਤੇ ਜੁਝਾਰੂ ਲੋਕਾਂ ਨੇ “ਲੋਕ ਬਚਾਓ-ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼’’ ਬਣਾਈ ਹੈ। ਇਸ ਕਮੇਟੀ ਨੇ ਕੇਵਲ ਪੰਜਾਬ ਹੀ ਨਹੀਂ, ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਵੀ ਇਹ ਪੂਰਾ ਮਾਮਲਾ ਲਿਆਂਦਾ ਹੈ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਦੋਨਾਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਨੇ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਸਮਝ ਕੇ ਯੋਗ ਹੱਲ ਕਰਨ ਦੀ ਥਾਂ ਮਜ਼ਾਕ ਉਡਾ ਕੇ ਲੋਕਾਂ ਦੇ ਜਖਮਾਂ ’ਤੇ ਲੂਣ ਭੁੱਕਿਆ ਹੈ। ਆਖ਼ਿਰ ਲੋਕਾਂ ਨੇ ਮਜਬੂਰਨ ਸੰਘਰਸ਼ ਕਮੇਟੀ ਦੇ ਬੈਨਰ ਹੇਠ 5 ਅਗਸਤ ਤੋਂ ਪੱਕਾ ਮੋਰਚਾ ਲਾ ਕੇ ਅਣਮਿਥੇ ਸਮੇਂ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਾਬਣ ਫੈਕਰਟੀ ਅਤੇ ਕਰਸ਼ਰ ਮਾਫ਼ੀਏ ਦੇ ਹੈਵੀ ਵਾਹਨਾਂ ਦੇ ਪਿੰਡਾਂ ਵਿਚੋਂ ਲੰਘਣ ’ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਲੇਕਿਨ ਸਰਕਾਰਾਂ ਅਤੇ ਪ੍ਰਸ਼ਾਸ਼ਨ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਦੀ ਬਜਾਇ ਅਜੇ ਵੀ ਗੋਂਗਲੂਆ ਤੋਂ ਮਿੱਟੀ ਹੀ ਝਾੜ ਰਹੀਆਂ ਹਨ। ਦਿਨ-ਰਾਤ ਦੇ ਇਸ ਸਰਵ ਸਾਂਝੇ ਧਰਨੇ ’ਚ ਬੁੱਧੀਜੀਵੀਆਂ, ਲੜਾਕੂ ਜਨ ਸੰਗਠਨਾਂ ਦੇ ਉੱਘੇ ਆਗੂਆਂ, ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਰ ਸ਼ਖਸੀਅਤਾਂ ਅਤੇ ਖੱਬੀਆਂ ਪਾਰਟੀਆਂ ਦੇ ਲੀਡਰਾਂ ਨੇ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਹੋਈ ਹੈ। ਇਸੇ ਕੜੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਦੇ ਅਧਿਆਪਕਾਂ ਦੀ ਜੱਥੇਬੰਦੀ ਦੇ ਸਾਬਕਾ ਸੂਬਾਈ ਪ੍ਰਧਾਨ, ਨਾਮਵਰ ਬੁੱਧੀਜੀਵੀ ਪ੍ਰੋ ਜੈਪਾਲ ਸਿੰਘ 15 ਅਗਸਤ ਵਾਲੇ ਦਿਨ ਧਰਨੇ ਵਿਚ ਸ਼ਾਮਲ ਹੋਣ ਲਈ ਉਚੇਚੇ ਪੁੱਜੇ ਸਨ। ਹਰ ਉਮਰ-ਤਬਕੇ ਦੇ ਆਮ ਲੋਕ ਪਾਰਟਬਾਜੀ ਤੋਂ ਉੱਪਰ ਉੱਠ ਕੇ ਇਸ ਪੱਕੇ ਮੋਰਚੇ ਦਾ ਹਰ ਤਰ੍ਹਾਂ ਨਾਲ ਸਮਰਥਨ ਕਰਦੇ ਹੋਏ ਆਪਣੀ ਇਕਜੁੱਟਤਾ ਦਾ ਮੁਜ਼ਾਹਰਾ ਕਰ ਰਹੇ ਹਨ। ਇਸ ਸਰਵ ਸਾਂਝੇ ਲੋਕ ਸੰਗਰਾਮ ਵਿੱਚ ਮਹਿੰਦਵਾਣੀ ਹੀ ਨਹੀਂ ਇਲਾਕੇ ਦੇ ਹਰ ਪਿੰਡ ਦੇ ਵਸਨੀਕ ਉਚੇਚਾ ਯੋਗਦਾਨ ਪਾ ਰਹੇ ਹਨ।
ਮੋਰਚੇ ਵਲੋਂ, ਅਸੀਂ ਅਪੀਲ ਕਰਦੇ ਹਾਂ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਉਕਤ ਕਿਸਮ ਦੀਆਂ ਸੰਗਰਾਮੀ ਸੁਰਾਂ ਸਾਰੇ ਪੰਜਾਬ ਅਤੇ ਦੇਸ਼ ਵਿੱਚੋਂ ਉੱਠਣੀਆਂ ਚਾਹੀਦੀਆਂ ਹਨ।

-ਦਵਿੰਦਰ ਮਹਿੰਦਵਾਣੀ

Scroll To Top