Now Reading
ਗੀਤ

ਗੀਤ

ਐ ਸੂਰਮੇਂ ਜੁਝਾਰੋ ! ਕੋਈ ਬੁਲਾ ਰਿਹਾ ਹੈ ।
ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ ।
ਪੀ ਖੂਨ ਦੇ ਪਿਆਲੇ, ਬੇਹੋਸ਼ ਹੋਇਆ ਸਾਕੀ ।
ਗ਼ਮਾਂ ਤੇ ਨ੍ਹੇਰਿਆਂ ਦੀ, ਹਾਲਾਂ ਹੈ ਰਾਤ ਬਾਕੀ ।
ਕਿਰਤੀ ਦੇ ਮੁੜ੍ਹਕੇ ਅੰਦਰ, ਵਿਹਲੜ ਨਹਾ ਰਿਹਾ ਹੈ ।
ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ।
ਖੁਸ਼ੀਆਂ ਨੇ ਡੇਰੇ ਲਾਏ; ਮਹਿਲਾਂ ਮੁਨਾਰਿਆਂ ਵਿਚ ।
ਆਈ ਬਹਾਰ ਨਾਹੀਂ ਕੱਖਾਂ ਦੇ ਢਾਰਿਆਂ ਵਿਚ ।
ਲਾਲੋ ਦਾ ਖੂਨ ਭਾਗੋ, ਬੁਲ੍ਹਾਂ ਨੂੰ ਲਾ ਰਿਹਾ ਹੈ ।
ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ ।
ਪੈਂਦੇ ਨੇ ਅੱਖਾਂ ਸਾਹਵੇਂ, ਨਿੱਤ ਮਿਹਨਤਾਂ ’ਤੇ ਡਾਕੇ ।
ਮਨੁੱਖਤਾ ਦੇ ਕਾਤਲ, ਦੁਹਰਾਉਣ ਖੂਨੀ ਸਾਕੇ ।
ਕਿਰਤਾਂ ਤੇ ਮਾਰ ਛਾਪੇ, ਕੋਈ ਜਸ਼ਨ ਮਨਾ ਰਿਹਾ ਹੈ।
ਗੋਬਿੰਦ ਦਾ ਸੁਨੇਹਾ, ਉਠੋ! ਜਗਾ ਰਿਹਾ ਹੈ ।
ਬੈਠੇ ਕਿਉਂ ਅਣਖ ਵੇਚੀ? ਉਠੋ! ਤਾਂ ਜ਼ੇਰਾ ਕਰਕੇ ।
ਐ ਸੂਰਬੀਰੋ ਜੂਝੋ ! ਸਿਰ ਨੂੰ ਤਲੀ ਤੇ ਧਰ ਕੇ ।
ਮੁੱਲ ਸਿੰਘਾਂ ਦੇ ਸਿਰਾਂ ਦੇ, ਅੱਜ ਵੀ ਕੋਈ ਪਾ ਰਿਹਾ ਹੈ ।
ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ ।

  • ਸ਼ਹੀਦ ਸਾਥੀ ਜੈਮਲ ਪੱਡਾ
Scroll To Top