Now Reading
ਕੌਮਾਂਤਰੀ ਪਿੜ : ਸਫ਼ਲ ਰਿਹਾ ‘ਜਮਹੂਰੀਅਤ ਲਈ ਲਾਸ ਏਂਜਲਸ ਲੋਕ ਸਿਖਰ ਸੰਮੇਲਨ’

ਕੌਮਾਂਤਰੀ ਪਿੜ : ਸਫ਼ਲ ਰਿਹਾ ‘ਜਮਹੂਰੀਅਤ ਲਈ ਲਾਸ ਏਂਜਲਸ ਲੋਕ ਸਿਖਰ ਸੰਮੇਲਨ’

‘ਜਮਹੂਰੀਅਤ ਲਈ ਲੋਕ ਸਿਖਰ ਸੰਮੇਲਨ’ ( 4) 8 ਤੋਂ 10 ਜੂਨ ਤੱਕ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਹੋਇਆ। ਇਹ ਸਿਖਰ ਸੰਮੇਲਨ, ਦੋਹਾਂ ਅਮਰੀਕੀ ਮਹਾਂਦੀਪਾਂ, ਉਤਰੀ ਅਮਰੀਕਾ ਤੇ ਦੱਖਣੀ (ਲਾਤੀਨੀ) ਅਮਰੀਕਾ ਦੇ ਦੇਸ਼ਾਂ ’ਤੇ ਅਧਾਰਤ ਅਮਰੀਕੀ ਸਾਮਰਾਜ ਪੱਖੀ ਸੰਸਥਾ ‘ਅਮਰੀਕੀ ਦੇਸ਼ਾਂ ਦੀ ਜਥੇਬੰਦੀ’ ( 1-ਓ.ਏ.ਐਸ.) ਵਲੋਂ 6 ਤੋਂ 10 ਜੂਨ ਤੱਕ ਲਾਸ ਏਂਜਲਸ ਵਿਖੇ ਵਿਚ ਹੀ ਕੀਤੇ ਗਏ ‘ਜਮਹੂਰੀਅਤ ਬਾਰੇ ਸਿਖਰ ਸੰਮੇਲਨ’ ਦੇ ਮੁਕਾਬਲੇ ’ਤੇ ਕੀਤਾ ਗਿਆ ਸੀ।
ਓ.ਏ.ਐਸ. ਵਲੋਂ ਕਰਵਾਏ ਗਏ ਸੰਮੇਲਨ ਦੀ ਮੇਜ਼ਬਾਨੀ ਅਮਰੀਕੀ ਸਰਕਾਰ ਨੇ ਕੀਤੀ ਸੀ ਅਤੇ ਇਹ ਲਾਸ ਏਂਜਲਸ ਦੇ ਕੰਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਸੀ। ਅਸਲ ਵਿਚ ਇਹ ਸੰਮੇਲਨ ਅਮਰੀਕੀ ਸਾਮਰਾਜ ਵਲੋਂ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਆਪਣਾ ਰਾਜਨੀਤਕ ਅਜੰਡਾ ਲਾਗੂ ਕਰਨ ਦਾ ਇਕ ਮੰਚ ਮਾਤਰ ਹੀ ਹੈ।
ਇਹ ਸੰਮੇਲਨ ਉਸ ਵੇਲੇ ਮੁਸ਼ਕਲ ਵਿਚ ਫਸ ਗਿਆ ਜਦੋਂ ਮੈਕਸੀਕੋ ਦੇ ਰਾਸ਼ਟਰਪਤੀ ਆਂਦਰਾਸ ਮੈਨੁਅਲ ਲੋਪੇਜ਼ ਓਬਰਾਡੋਰ (ਅਮਲੋ) ਨੇ ਲਾਤੀਨੀ ਅਮਰੀਕੀ ਦੇਸ਼ਾਂ ਕਿਊਬਾ, ਵੈਨੇਜ਼ੁਏਲਾ ਤੇ ਨਿਕਾਰਾਗੁਆ ਨੂੰ ਇਸ ਸਿਖਰ ਸੰਮੇਲਨ ਵਿਚੋਂ ਬਾਹਰ ਰੱਖਣ ਵਿਰੁੱਧ ਰੋਸ ਵਜੋਂ ਇਸਦਾ ਬਾਈਕਾਟ ਕਰ ਦਿੱਤਾ। ਇਸਦੇ ਨਾਲ ਹੀ ਲਾਤੀਨੀ ਅਮਰੀਕਾ ਦੇ ਕਈ ਹੋਰ ਆਗੂਆਂ ਨੇ ਵੀ ਇਸਦੇ ਬਾਈਕਾਟ ਦਾ ਐਲਾਨ ਕਰ ਦਿੱਤਾ।
‘ਜਮਹੂਰੀਅਤ ਲਈ ਲੋਕ ਸਿਖਰ ਸੰਮੇਲਨ’ ਦੇ ਆਯੋਜਕਾਂ ਅਤੇ ਵਲੰਟੀਅਰਾਂ ਨੇ ੳ.ਏ.ਐਸ. ਵਲੋਂ ਆਯੋਜਤ ਅਮਰੀਕਾ ਪੱਖੀ ‘ਜਮਹੂਰੀਅਤ ਬਾਰੇ ਸਿਖਰ ਸੰਮੇਲਨ’ ਵਿਚੋਂ ਬਾਹਰ ਰੱਖੇ ਗਏ ਦੇਸ਼ਾਂ ਕਰਕੇ ਉਪਜੀ ਰੋਸ-ਭਾਵਨਾ ਨੂੰ ਇਸ ਸੰਮੇਲਨ ਸਾਹਮਣੇ ਪ੍ਰਗਟ ਕਰਨ ਦਾ ਦਿ੍ਰੜ ਇਰਾਦਾ ਦਰਸਾਉਂਦਿਆਂ, ਸੈਂਕੜੇ ਵਲੰਟੀਅਰਾਂ ਨੇ 10 ਜੂਨ ਨੂੰ ਇਸ ਸਿਖਰ ਸੰਮੇਲਨ ਵਾਲੀ ਥਾਂ ਲਾਸ ਏਂਜਲਸ ਕੰਨਵੈਨਸ਼ਨ ਸੈਂਟਰ ਸਾਹਮਣੇ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ‘ਜਮਹੂਰੀਅਤ ਲਈ ਲੋਕ ਸਿਖਰ ਸੰਮੇਲਨ’ ਨੂੰ ਜਥੇਬੰਦ ਕਰਨ ਵਾਲੀਆਂ ਜਥੇਬੰਦੀਆਂ ਜਿਵੇਂ ‘ਯੂਨੀਅਨ ਡੀ.ਵੇਸੀਨੋਸ’, ‘ਆਂਸਰ ਗਠਜੋੜ’ ਤੇ ‘ਪੀਪਲਜ਼ ਫੋਰਮ’ ਦੇ ਕਾਰਕੁੰਨਾਂ ਨੇ ਲਾਸ ਏਂਜਲਸ ਕੰਨਵੈਨਸ਼ਨ ਸੈਂਟਰ ਦੀ ਕੀਤੀ ਗਈ ਵਾੜਬੰਦੀ ਦੇ ਬਾਹਰ ਖੜ੍ਹੇ ਹੋ ਕੇ, ਇਸ ਸੰਮੇਲਨ ਵਿਚ ਸ਼ਾਮਲ ਨਾ ਕੀਤੇ ਗਏ ਤਿੰਨੋਂ ਦੇਸ਼ਾਂ ਕਿਊਬਾ, ਵੈਨੇਜ਼ੁਏਲਾ ਤੇ ਨਿਕਾਰਾਗੁਆ ਦੇ ਝੰਡੇ ਲਹਿਰਾਏ। ਵਰਣਨਯੋਗ ਹੈ ਕਿ ਅਮਰੀਕਾ ਪੱਖੀ ਇਸ ਸਿਖਰ ਸੰਮੇਲਨ ਤੋਂ ਅਮਰੀਕੀ ਲੋਕਾਂ ਨੂੰ ਦੂਰ ਰੱਖਣ ਲਈ ਸੰਮੇਲਨ ਵਾਲੀ ਥਾਂ ਲਾਸ ਏਂਜਲਸ ਕੰਨਵੈਨਸ਼ਨ ਸੈਂਟਰ ਦੀ ਸਖਤ ਵਾੜਬੰਦੀ ਕੀਤੀ ਗਈ ਸੀ।
‘ਆਂਸਰ ਗਠਜੋੜ’ ਦੀ ਆਗੂ ਬਰੀਆਨ ਬੇਕਰ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕਾ ਦੇ ਮਿਹਨਤਕਸ਼ ਤੇ ਗਰੀਬ ਲੋਕਾਂ ਦੇ ਹਿਤ, ਵਾਲ ਸਟਰੀਟ ਬੈਂਕਰਾਂ ਤੇ ਅਮਰੀਕੀ ਪੂੰਜੀਪਤੀਆਂ ਨਾਲੋਂ ਸੌ ਗੁਣਾ ਵਧੇਰੇ ਕਿਊਬਾ ਤੇ ਵੈਨੇਜ਼ੁਏਲਾ ਦੇ ਲੋਕਾਂ ਤੇ ਸਰਕਾਰ ਨਾਲ ਸਾਂਝੇ ਹਨ।’’
ਇਸ ਤੋਂ ਬਾਅਦ ਇਹ ਕਾਰਕੁੰਨ ਲਾਸ ਏਂਜਲਸ ਦੇ ਟਰੇਡ ਟੈਕਨੀਕਲ ਕਾਲਜ ਕੈਂਪਸ ਵਿਖੇ ਹੋ ਰਹੇ ‘ਜਮਹੂਰੀਅਤ ਲਈ ਲੋਕ ਸਿਖਰ ਸੰਮੇਲਨ’ ਵਿਚ ਸ਼ਾਮਲ ਹੋ ਗਏ। ਇੱਥੇ ਸ਼ੈਸ਼ਨ ਦੇ ਅੰਤ ਵਿਚ ਕਿਊਬਾ, ਵੈਨੇਜ਼ੁਏਲਾ ਦੇ ਰਾਸ਼ਟਰਪਤੀਆਂ ਤੇ ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਈਵੋ ਮੋਰਾਲੇਜ ਵਲੋਂ ਭੇਜੇ ਗਏ ਵਿਸ਼ੇਸ਼ ਸੁਨੇਹੇ ਸੁਣਾਏ ਗਏ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਆਪਣੇ ਸੁਨੇਹੇ ਵਿਚ ਲੋਕ ਸਿਖਰ ਸੰਮੇਲਨ ਨੂੰ ਲਾਸ ਏਂਜਲਸ ਦਾ ਹਕੀਕੀ ਜਮਹੂਰੀ ਸਿਖਰ ਸੰਮੇਲਨ ਗਰਦਾਨਦਿਆਂ ਕਿਹਾ-‘‘ਦੁਨੀਆਂ ਵਾਸ਼ਿੰਗਟਨ (ਅਮਰੀਕੀ ਸਾਮਰਾਜ) ਦੇ ਗਲਬੇ ਤੇ ਹੰਕਾਰ ਤੋਂ ਕਿਤੇ ਵੱਡੀ ਹੈ।’’
ਇਸ ਤੋਂ ਬਾਅਦ ਇਸ ਲੋਕ ਸਿਖਰ ਸੰਮੇਲਨ ਵਿਚ ਸ਼ਾਮਲ ਦੋਹਾਂ ਅਮਰੀਕੀ ਮਹਾਂਦੀਪਾਂ ਦੇ ਮਿਹਨਤਕਸ਼ ਤੇ ਗਰੀਬ ਲੋਕਾਂ ਦੇ ਪ੍ਰਤੀਨਿਧਾਂ ਦਰਮਿਆਨ ਹੋਏ ਵਿਚਾਰ-ਵਟਾਂਦਰੇ ’ਤੇ ਅਧਾਰਤ ਸਿਖਰ ਸੰਮੇਲਨ ਦੇ ਨਿਚੋੜ ਨੂੰ ਇਕ ਬਿਆਨ ਦੇ ਰੂਪ ਵਿਚ ਪੇਸ਼ ਕੀਤਾ ਗਿਆ, ਜਿਸ ਦਾ ਸਾਰ ਨਿਮਨ ਅਨੁਸਾਰ ਹੈ :
‘‘ਮਨੁੱਖਤਾ ਸਾਹਮਣੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਅਸੀਂ ਆਪਣੀਆਂ ਗਲੀਆਂ, ਆਪਣੇ ਆਂਢ-ਗੁਆਂਢ, ਆਪਣੀਆਂ ਕੰਮ ਵਾਲੀਆਂ ਥਾਵਾਂ ਉਤੇ ਹਾਜ਼ਰ ਹੋਵਾਂਗੇ, ਨਿਰੰਤਰ ਉਸਾਰੀ ਕਰਦੇ ਹੋਏ ਤੇ ਜਥੇਬੰਦ ਹੁੰਦੇ ਹੋਏ। ਹਜ਼ਾਰਾਂ ਛੋਟੇ ਕਾਰਜ ਤੇ ਵੰਡੇ ਸੰਘਰਸ਼ ਕਰਦੇ ਹੋਏ ਜਿਹੜੇ ਕਿ ਸਾਨੂੰ ਇਕਮੁੱਠ ਹੋਇਆਂ ਨੂੰ ਜਿੱਤ ਦੇ ਨੇੜੇ ਲਿਆਉਂਦੇ ਹਨ। ਸਾਡੇ ਉਪਗ੍ਰਹਿ ਨੂੰ ਸਾਡੀ ਲੋੜ ਹੈ। ਸਾਡੇ ਲੋਕਾਂ ਨੂੰ ਸਾਡੀ ਲੋੜ ਹੈ। ਸਾਡੀ ਜਿੱਤ ਅਟਲ ਹੈ।’’
ਇਹ ਇਸ ਬਿਆਨ ਦੀ ਪ੍ਰੇਰਨਾ ਹੀ ਸੀ ਕਿ ‘ਜਮਹੂਰੀਅਤ ਲਈ ਲੋਕ ਸੰਮੇਲਨ’ ਵਿਚ ਹਾਜ਼ਰ ਸਾਰੇ ਲੋਕ ਓ.ਏ.ਐਸ. ਵਲੋਂ ਆਯੋਜਤ ਅਮਰੀਕਾ ਪੱਖੀ ‘ਜਮਹੂਰੀਅਤ ਬਾਰੇ ਸਿਖਰ ਸੰਮੇਲਨ’ ਵੱਲ ਕੀਤੇ ਜਾਣ ਵਾਲੇ ਮਾਰਚ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ। ਬਾਹਰ ਸੜਕਾਂ ’ਤੇ ਲੰਬੀਆਂ ਲਾਈਨਾਂ ਲੱਗ ਗਈਆਂ। ਦੋਹਾਂ ਮਹਾਂਦੀਪਾਂ ਨਾਲ ਸਬੰਧਤ ਵੱਖ-ਵੱਖ ਲੋਕ ਸੰਘਰਸ਼ਾਂ ਦੇ ਚੰਡੇ ਹੋਏ ਲੋਕ ਆਪਣੇ-ਆਪਣੇ ਬੈਨਰਾਂ, ਝੰਡਿਆਂ ਤੇ ਪਲੇ-ਕਾਰਡਾਂ ਨਾਲ ਹਾਜ਼ਰ ਸਨ। ਪਲੇ ਕਾਰਡਾਂ ’ਤੇ ਲਿਖਿਆ ਸੀ ‘ਗੋਰੇ ਨਸਲਵਾਦ ਨੂੰ ਨੱਥ ਪਾਓ!’, ‘ਅਮਰੀਕਾ ਨੂੰ ਜਨਤਕ ਕੈਦਖ਼ਾਨਾ ਬਨਾਉਣਾ ਬੰਦ ਕਰੋ!’, ‘ਮਿਹਨਤਕਸ਼ ਹੀ ਸੰਸਾਰ ਨੂੰ ਚਲਾਉਂਦੇ ਹਨ!’, ‘ਸਭ ਲਈ ਆਵਾਸ!’ ਆਦਿ। ਲਾਸ ਏਂਜਲਸ, ਅਮਰੀਕਾ ਤੇ ਲਾਤੀਨੀ ਅਮਰੀਕਾ ਦੀਆਂ ਜਥੇਬੰਦੀਆਂ ਦੀ ਨਿਸ਼ਾਨਦੇਹੀ ਉਨ੍ਹਾਂ ਦੇ ਰੰਗ ਬਿਰੰਗੇ ਬੈਨਰ ਕਰ ਰਹੇ ਸਨ। ਸਭ ਤੋਂ ਅੱਗੇ ਇਕ ਟਰੱਕ ਸੀ, ਜਿਸ ਵਿਚ ਇਸ ਸਿਖਰ ਸੰਮੇਲਨ ਦੇ ਆਯੋਜਕ, ਬੁਲਾਰੇ ਅਤੇ ਨਾਅਰੇ ਮਾਰਨ ਵਾਲੇ ਨੌਜਵਾਨ ਸਵਾਰ ਸਨ।
ਇਸ ਮਾਰਚ ਨੂੰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿਚ ਪ੍ਰਵਾਸੀਆਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੀ ਇਕ ਜਥੇਬੰਦੀ ਦਾ ਨੌਜਵਾਨ ਪ੍ਰਵਾਸੀ ਆਗੂ ਵੀ ਸ਼ਾਮਲ ਸੀ ਜੋ ਮੈਕਸਿਕੋ-ਅਮਰੀਕੀ ਬਾਰਡਰ ’ਤੇ ਪ੍ਰਵਾਸ ਦੌਰਾਨ ਆਪਣੀ ਇਕ ਰਿਸ਼ਤੇਦਾਰ ਨੂੰ ਗੁਆ ਚੁੱਕਾ ਸੀ। ਉਸਨੇ ਆਪਣੀ ਪੀੜ ਪੇਸ਼ ਕਰਦਿਆਂ ਕਿਹਾ-‘‘ਪ੍ਰਵਾਸੀਆਂ ਨੂੰ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਅਤੇ ਉਹ ਜੰਗਲ ਬੇਲਿਆਂ ਵਿਚੋਂ ਸਖਤ ਹਾਲਤਾਂ ਵਿਚ ਪ੍ਰਵਾਸ ਕਰਦੇ ਹੋਏ ਅਮਰੀਕਾ ਦੀ ਧਰਤੀ ਤੱਕ ਪੁੱਜਣ ਦਾ ਯਤਨ ਕਰਦੇ ਹਨ। ਅਜਿਹੀਆਂ ਹੀ ਸਥਿਤੀਆਂ ਦੀ ਭੇਂਟ ਮੇਰੀ ਰਿਸ਼ਤੇਦਾਰ ਚੜ੍ਹੀ ਹੈ।’’
ਬਹੁਤੇ ਬੁਲਾਰਿਆਂ ਨੇ ਸਿਖਰ ਸੰਮੇਲਨ ਵਿਚ ਨਵੇਂ ਸੰਸਾਰ ਦੀ ਉਸਾਰੀ ਦੇ ਵਿਚਾਰ ਉਤੇ ਹੋਏ ਵਿਚਾਰ-ਵਟਾਂਦਰੇ ’ਤੇ ਅਧਾਰਤ ਜ਼ਜਬਾਤ ਪੇਸ਼ ਕੀਤੇ। ਸਾਮਰਾਜ ਵਿਰੋਧੀ ਕਾਰਕੁੰਨ ਗਲੋਰੀਆ-ਲਾ-ਰੀਵਾ ਨੇ ਲਾਸ ਏਂਜਲਸ ਕੰਨਵੈਸ਼ਨ ਸੈਂਟਰ ਸਾਹਮਣੇ ਪੁੱਜਣ ’ਤੇ ਮਾਰਚ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਨ ਕੀਤਾ।
ਲਾ-ਰੀਵਾ ਨੇ ਕਨਵੈਨਸ਼ਨ ਸੈਂਟਰ ਦੁਆਲੇ ਖੜ੍ਹੇ ਵਿਸ਼ਾਲ ਸ਼ੀਸ਼ਿਆਂ ਵਾਲੇ ਬਹੁਮੰਜ਼ਿਲਾ ਟਾਵਰਾਂ ਵੱਲ ਉਂਗਲ ਕਰਦਿਆਂ ਕਿਹਾ-‘‘ਲਾਸ ਏਂਜਲਸ ਵਿਚ ਰਹਿਣ ਵਾਲੇ ਹਰ ਬਸ਼ਰ ਨੂੰ ਇਨ੍ਹਾਂ ਬਿਲਡਿੰਗਾਂ ਵਿਚ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।’’ ਇੱਥੇ ਇਹ ਵਰਣਨਯੋਗ ਹੈ ਕਿ ਲਾਸ ਏਂਜਲਸ ਦੁਨੀਆਂ ਦੇ ਸਭ ਤੋਂ ਵਧੇਰੇ ਬੇਘਰਿਆਂ (ਪ੍ਰਤੀ ਵਿਅਕਤੀ ਤੇ ਆਬਾਦੀ ਦੇ ਅਨੁਪਾਤ ਅਨੁਸਾਰ) ਦਾ ਸ਼ਹਿਰ ਹੈ। ‘‘ਅੱਜ ਅਸੀਂ ਇੱਥੇ ਸੰਕਟ ਵਿਚ ਘਿਰੇ ਹਾਂ। ਸਾਨੂੰ ਦਰਪੇਸ਼ ਹਰ ਸਮੱਸਿਆ ਦਾ ਇਕੋ-ਇਕ ਹੱਲ ਹੈ, ਇਨਕਲਾਬ। ਇਸ ਲਈ ਅਜਿਹੀ ਵਿਵਸਥਾ ਦੀ ਲੋੜ ਹੈ ਜਿੱਥੇ ਹਰ ਚੀਜ਼, ਜਿਸਦੀ ਅਸੀਂ ਉਸਾਰੀ ਕਰਦੇ ਹਾਂ ਸਾਡੀ ਮਾਲਕੀ ਹੇਠ ਹੋਵੇ ਅਤੇ ਅਸੀਂ ਉਸ ਵਿਚ ਹਿੱਸੇਦਾਰ ਹੋਈਏ, ਤੇ ਜਿੱਥੇ ਹਰ ਯੋਜਨਾਬੰਦੀ ਵਾਤਾਵਰਣ ਪੱਖੀ ਹੋਵੇ।’’

Scroll To Top