Now Reading
ਕੌਮਾਂਤਰੀ ਪਿੜ ਰਵੀ ਕੰਵਰ (ਸੰਗਰਾਮੀ ਲਹਿਰ-ਸਤੰਬਰ 2018)

ਕੌਮਾਂਤਰੀ ਪਿੜ ਰਵੀ ਕੰਵਰ (ਸੰਗਰਾਮੀ ਲਹਿਰ-ਸਤੰਬਰ 2018)

ਰਵੀ ਕੰਵਰ
ਪਾਕਿਸਤਾਨ ਦੀਆਂ ਆਮ ਚੋਣਾਂ ਇਮਰਾਨ ਖਾਨ ਬਣੇ ਦੇਸ਼ ਦੇ ਪ੍ਰਧਾਨ ਮੰਤਰੀ

ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਸਿੱਟੇ ਵਜੋਂ 22 ਸਾਲਾਂ ਤੋਂ ਰਾਜਨੀਤਕ ਪਿੜ ਵਿਚ ਸਰਗਰਮ ਅਤੇ ਇਸ ਅਹੁਦੇ ਲਈ ਜੂਝ ਰਹੇ 65 ਸਾਲਾ ਕੌਮਾਂਤਰੀ ਪੱਧਰ ਦੇ ਕ੍ਰਿਕੇਟਰ, ਇਮਰਾਨ ਮੁਹੰਮਦ ਖਾਨ ਨਿਆਜ਼ੀ, ਜਿਨ੍ਹਾਂ ਨੂੰ ਇਮਰਾਨ ਖਾਨ ਵਜੋਂ ਜਾਣਿਆ ਜਾਂਦਾ ਹੈ, ਨੇ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ 18 ਅਗਸਤ ਨੂੰ ਸਹੁੰ ਚੁੱਕ ਲਈ ਹੈ। ਦੇਸ਼ ਦੀ ਸੰਸਦ, ਜਿਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਹੈ, ਦੀਆਂ ਕੁੱਲ ਸੀਟਾਂ 342 ਹਨ ਅਤੇ ਇਨ੍ਹਾਂ ਵਿਚੋਂ 272 ਸੀਟਾਂ ਦੀ ਸਿੱਧੀ ਚੋਣ ਹੁੰਦੀ ਹੈ ਜਦੋਂਕਿ 70 ਸੀਟਾਂ ਪਾਰਟੀਆਂ ਨੂੰ ਮਿਲੀਆਂ ਸੀਟਾਂ ਦੇ ਅਧਾਰ ‘ਤੇ ਨਾਮਜਦਗੀ ਰਾਹੀਂ ਭਰੀਆਂ ਜਾਂਦੀਆਂ ਹਨ।
ਇਮਰਾਨ ਖਾਨ ਦੀ ਪਾਰਟੀ, ਪਾਕਿਸਤਾਨ-ਤਹਿਰੀਕੇ-ਇਨਸਾਫ ਪਾਰਟੀ (ਪੀ.ਟੀ.ਆਈ.) ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ। ਉਸਨੇ ਕੁੱਲ 149 ਸੀਟਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿਚੋਂ 116 ਉਸਨੇ ਸਿੱਧੀਆਂ ਚੋਣਾਂ ਰਾਹੀਂ ਜਿੱਤੀਆਂ ਹਨ ਅਤੇ 33 ਉਸਨੂੰ ਜਿੱਤੀਆਂ ਸੀਟਾਂ ਦੇ ਆਧਾਰ ‘ਤੇ ਹੋਈਆਂ ਨਾਮਜ਼ਦਗੀਆਂ ਨਾਲ ਮਿਲੀਆਂ ਹਨ। ਦੂਜੇ ਨੰਬਰ ‘ਤੇ ਰਹੀ ਹੈ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼ ਸ਼ਰੀਫ਼) (ਪੀ.ਐਮ.ਐਲ.ਐਨ.) ਜਿਸਦੀ ਅਗਵਾਈ ਨਵਾਜ ਸ਼ਰੀਫ ਦੇ ਜੇਲ੍ਹ ਵਿਚ ਹੋਣ ਕਰਕੇ ਉਸਦੇ ਭਰਾ ਸ਼ਹਿਬਾਜ ਸ਼ਰੀਫ, ਜਿਹੜੇ ਕਿ ਸੂਬਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ, ਕਰ ਰਹੇ ਸਨ। ਇਸਨੇ ਕੁੱਲ 82 ਸੀਟਾਂ ਹਾਸਲ ਕੀਤੀਆਂ ਹਨ, 64 ਸਿੱਧੀਆਂ ਅਤੇ 18 ਨਾਮਜਦਗੀਆਂ ਰਾਹੀਂ। ਤੀਜੇ ਨੰਬਰ ‘ਤੇ ਆਈ ਹੈ, ਮਰਹੂਮ ਬੇਨਜੀਰ ਭੁੱਟੋ ਦੀ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.), ਜਿਸਦੀ ਅਗਵਾਈ ਸਾਂਝੇ ਰੂਪ ਵਿਚ ਬੇਨਜੀਰ ਭੁੱਟੋ ਦੇ 29 ਸਾਲਾ ਪੁੱਤਰ ਬਿਲਾਬਲ ਭੁੱਟੋ ਅਤੇ ਉਸਦੇ ਪਤੀ ਆਸਿਫ ਅਲੀ ਜ਼ਰਦਾਰੀ ਕਰ ਰਹੇ ਹਨ। ਇਸਨੇ ਕੁੱਲ 54 ਸੀਟਾਂ ਹਾਸਲ ਕੀਤੀਆਂ ਹਨ, 43 ਸਿੱਧੀਆਂ ਤੇ 11 ਨਾਮਜਦਗੀ ਰਾਹੀਂ।
18 ਅਗਸਤ ਨੂੰ ਲਗਭਗ ਸਵੇਰੇ 9 ਵਜੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਇਮਰਾਨ ਖਾਨ ਨੂੰ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ ਸੀ। ਉਸੇ ਦਿਨ ਦੁਪਹਿਰ ਬਾਅਦ ਕੌਮੀ ਅਸੰਬਲੀ ਵਿਚ ਵੀ ਉਹ ਬਹੁਮਤ ਸਿੱਧ ਕਰਨ ਵਿਚ ਸਫਲ ਰਹੇ। ਉਨ੍ਹਾਂ ਨੂੰ 342 ਮੈਂਬਰੀ ਕੌਮੀ ਅਸੰਬਲੀ ਵਿਚ 176 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਵਿਰੁੱਧ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੈਦਾਨ ਵਿਚ ਉਤਰੇ ਪੀ.ਐਮ.ਐਲ.ਐਨ. ਦੇ ਆਗੂ ਸ਼ਹਿਬਾਜ ਸ਼ਰੀਫ ਨੂੰ 96 ਵੋਟ ਮਿਲੇ। ਇਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਗੈਰ ਹਾਜਰ ਰਹੀ, ਉਸਨੇ 24 ਘੰਟੇ ਪਹਿਲਾਂ ਇਹ ਬਹਾਨਾ ਬਣਾਉਂਦੇ ਹੋਏ ਇਹ ਫੈਸਲਾ ਲਿਆ ਕਿ ਸ਼ਹਿਬਾਜ਼ ਸ਼ਰੀਫ਼ ਉਸਦੇ ਚੇਅਰਮੈਨ ਜ਼ਰਦਾਰੀ ਵਿਰੁੱਧ ਬੋਲਦਾ ਰਿਹਾ ਹੈ। ਇਮਰਾਨ ਖਾਨ ਨੂੰ ਛੋਟੀਆਂ ਪਾਰਟੀਆਂ-ਐਮ.ਕਿਉਂ.ਐਮ. ਦੇ 7 ਵੋਟ, ਪੀ.ਐਮ.ਐਲ.(ਕਿਊ) ਦੇ 5 ਵੋਟ, ਬਲੋਚਿਸਤਾਨ ਅਵਾਮੀ ਪਾਰਟੀ ਦੇ 5, ਬਲੋਚਿਸਤਾਨ ਨੈਸ਼ਨਲ ਪਾਰਟੀ (ਐਮ) ਦੇ 4, ਗ੍ਰੈਂਡ ਡੈਮੋਕਰੇਟਿਕ ਗਠਜੋੜ ਦੇ 3, ਅਵਾਮੀ ਮੁਸਲਿਮ ਲੀਗ ਦਾ 1, ਜਮਹੂਰੀ ਵਤਨ ਪਾਰਟੀ ਦਾ 1 ਅਤੇ 7 ਵੋਟ ਆਜ਼ਾਦ ਮੈਂਬਰਾਂ ਦੇ ਮਿਲੇ। ਦੂਜੇ ਪਾਸੇ ਸ਼ਹਿਬਾਜ ਸ਼ਰੀਫ ਨੂੰ ਆਪਣੀ ਪਾਰਟੀ ਤੋਂ ਬਿਨਾਂ ਐਮ.ਐਮ.ਏ. ਦੇ 14 ਅਤੇ ਅਵਾਮੀ ਨੈਸ਼ਨਲ ਪਾਰਟੀ ਦਾ 1 ਵੋਟ ਹੀ ਮਿਲਿਆ।
ਇਮਰਾਨ ਖਾਨ ਦੀ ਇਹ ਜਿੱਤ ਦੇਸ਼ ਦੀ ਫੌਜ ਦੀ ਇਨ੍ਹਾਂ ਚੋਣਾਂ ਵਿਚ ਸਿੱਧੀ ਦਖਲਅੰਦਾਜ਼ੀ ਕਰਕੇ ਹੋਈ ਹੈ। ਇਨ੍ਹਾਂ ਦੀ ਨਿਗਰਾਨੀ ਕਰ ਰਹੀਆਂ ਕੌਮਾਂਤਰੀ ਤੇ ਕੌਮੀ ਜਥੇਬੰਦੀਆਂ ਨੇ ਇਨ੍ਹਾਂ ਚੋਣਾਂ ਨੂੰ ਅੱਜ ਤੱਕ ਦੀਆਂ ਸਭ ਤੋਂ ਵਧੇਰੇ ਧਾਂਧਲੀ ਵਾਲੀਆਂ ਚੋਣਾਂ ਗਰਦਾਨਿਆ ਹੈ। ਇਨ੍ਹਾਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਵਲੋਂ ਟਿਕਟਾਂ ਵੰਡਣ ਵੇਲੇ ਤੋਂ ਹੀ ਫੌਜ ਦੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਸੀ। ਪੀ.ਐਮ.ਐਲ.ਐਨ. ਵਲੋਂ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਉਨ੍ਹਾਂ ਨੂੰ ਧਮਕਾਇਆ ਜਾਂਦਾ ਰਿਹਾ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਲਈ ਦਬਾਅ ਬਣਾਇਆ ਗਿਆ। ਇਸਦੇ ਸਿੱਟੇ ਵਜੋਂ ਪੀ.ਐਮ.ਐਲ.ਐਨ. ਦੇ 40 ਦੇ ਲਗਭਗ ਉਮੀਦਵਾਰਾਂ ਨੇ ਪਾਰਟੀ ਟਿੱਕਟਾਂ ਵਾਪਸ ਕਰਕੇ ਆਜ਼ਾਦਾਂ ਵਜੋਂ ਚੋਣਾਂ ਲੜੀਆਂ। ਚੋਣ ਮੁਹਿੰਮ ਦੌਰਾਨ ਇਸ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕੁਝ ਨੂੰ ਅਯੋਗ ਕਰਾਰ ਦਿੱਤਾ ਗਿਆ ਅਤੇ ਜੇਲ੍ਹ ਵਿਚ ਕਿਸੇ ਨਾ ਕਿਸੇ ਬਹਾਨੇ ਧੱਕ ਦਿੱਤਾ ਗਿਆ। ਦੋ ਬੁਨਿਆਦਪ੍ਰਸਤ ਧਾਰਮਕ ਗਰੁੱਪਾਂ, ਜਿਨ੍ਹਾਂ ‘ਤੇ ਅਮਰੀਕਾ ਤੇ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਹੋਣ ਵਜੋਂ ਪਾਬੰਦੀਆਂ ਲਾਈਆਂ ਗਈਆਂ ਹਨ, ਨੂੰ ਸਿਰਫ ਇਸ ਕਰਕੇ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਲੈਣ ਦਿੱਤਾ ਗਿਆ ਤਾਂਕਿ ਉਹ ਪੀ.ਐਮ.ਐਲ. ਐਨ. ਦੇ ਉਮੀਦਵਾਰਾਂ ਦੇ ਵੋਟ ਤੋੜ ਸਕਣ। 3 ਲੱਖ ਤੋਂ ਵੱਧ ਫੌਜੀਆਂ ਨੂੰ ਚੋਣ ਬੂਥਾਂ ‘ਤੇ ਇਨ੍ਹਾਂ ਚੋਣਾਂ ਵਿਚ ਤੈਨਾਤ ਕੀਤਾ ਗਿਆ ਸੀ, ਉਹ ਵੀ ਵਿਸ਼ੇਸ਼ ਨਿਆਇਕ ਸ਼ਕਤੀਆਂ ਪ੍ਰਦਾਨ ਕਰਦੇ ਹੋਏ।
ਚੋਣਾਂ ਵਾਲੇ ਦਿਨ ਹਰ ਪਾਸੇ ਫੌਜ ਦੀ ਹਾਜ਼ਰੀ ਵਿਚ ਵੋਟਾਂ ਤਾਂ ਸੁਚਾਰੂ ਢੰਗ ਨਾਲ ਪੈ ਗਈਆਂ। ਪਰ ਰਾਤ 10 ਵਜੇ ਤੋਂ ਬਾਅਦ ਧਾਂਧਲੀ ਸ਼ੁਰੂ ਹੋ ਗਈ, ਗਿਣਤੀ ਸ਼ੁਰੂ ਹੋਣ ਤੋਂ 4 ਘੰਟੇ ਬਾਅਦ।  ਜਿਨ੍ਹਾਂ ਹਲਕਿਆਂ ਵਿਚ ਅੰਤਰ 1000 ਤੋਂ 5000 ਦਰਮਿਆਨ ਸੀ, ਦੇ ਨਤੀਜੇ ਅਚਨਚੇਤ ਰੋਕ ਦਿੱਤੇ ਗਏ ਅਤੇ ਲਗਭਗ ਸਾਰੇ ਅਜਿਹੇ ਗਿਣਤੀ ਬੂਥਾਂ ‘ਤੇ ਬਿਜਲੀ ਗੁੱਲ ਹੋ ਗਈ। ਸਵੇਰੇ ਮੂੰਹ ਹਨੇਰੇ ਜਿਹੜੇ ਰਾਤ ਨੂੰ ਉਮੀਦਵਾਰ ਜਿੱਤ ਰਹੇ ਸਨ, ਉਨ੍ਹਾਂ ਨੂੰ ਪੀ.ਟੀ.ਆਈ. ਦੇ ਉਮੀਦਵਾਰਾਂ ਤੋਂ ਹਾਰਿਆ ਹੋਇਆ ਐਲਾਨ ਦਿੱਤਾ ਗਿਆ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਅੰਤਿਮ ਨਤੀਜੇ 72 ਘੰਟੇ ਲਈ ਰੋਕੇ ਗਏ। ਇਸ ਤਰ੍ਹਾਂ ਫੌਜ ਦੀ ਸਰਗਰਮ ਹਿਮਾਇਤ ਨਾਲ ਹੋਈ ਧਾਂਧਲੀ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਸੀਟਾਂ ਹਾਸਲ ਕਰਨ ਵਿਚ ਸਫਲ ਰਹੀ।
ਜਿਵੇਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਲੰਮੇ-ਚੌੜੇ ਵਾਅਦੇ ਅਤੇ ਜੁਮਲੇਬਾਜ਼ੀ ਕਰਕੇ ਸਾਡੇ ਦੇਸ਼ ਵਿਚ ਚੋਣਾਂ ਜਿੱਤਣ ਵਿਚ ਸਫਲ ਰਿਹਾ ਸੀ। ਉਸੇ ਤਰ੍ਹਾਂ ਹੀ ਇਮਰਾਨ ਖਾਨ ਨੇ ਵੀ ਕਰੋੜਾਂ ਰੁਪਏ ਇਸ਼ਤਿਹਾਰ ਬਾਜ਼ੀ ‘ਤੇ ਖਰਚ ਕੇ ਵਿਆਪਕ ਚੋਣ ਮੁਹਿੰਮ ਚਲਾਈ ਅਤੇ ਲੋਕ ਲੁਭਾਉਣੇ ਵਾਅਦੇ ਕੀਤੇ। ਮੁਹਿੰਮ ਦੇ ਜਿਸਦੇ ਕੇਂਦਰੀ ਨਾਅਰੇ ‘ਤਬਦੀਲੀ’ ਤੇ ‘ਇਕ ਨਵਾਂ ਪਾਕਿਸਤਾਨ’ ਸਨ। ਉਹ ਪਾਕਿਸਤਾਨ ਦੇ ਲੋਕਾਂ ਖਾਸ ਕਰਕੇ ਬੇਰੁਜ਼ਗਾਰੀ ਤੇ ਸਮਾਜਕ ਵਿਤਕਰੇ ਦੇ ਸ਼ਿਕਾਰ ਨੌਜਵਾਨਾਂ ਤੇ ਭਰਿਸ਼ਟਾਚਾਰ ਤੋਂ ਦੁਖੀ ਮੱਧ ਵਰਗ ਨੂੰ ਭਰਮਾਉਣ ਵਿਚ ਸਫਲ ਰਿਹਾ ਹੈ। ਉਸਨੇ ਵੀ ਭਰਿਸ਼ਟਾਚਾਰ ਨੂੰ ਖਤਮ ਕਰਨ, ਪੁਸ਼ਤੈਨੀ ਰਾਜ ਨੂੰ ਖਤਮ ਕਰਨ, ਭਰਿਸ਼ਟ ਰਾਜਨੀਤੀਵਾਨਾਂ ਤੇ ਕਾਰੋਬਾਰੀਆਂ ਵਲੋਂ ਲੁੱਟੇ ਗਏ ਪੈਸੇ ਨੂੰ ਵਾਪਸ ਲਿਆਕੇ ਉਸਨੂੰ ਸਿਹਤ, ਸਿੱਖਿਆ ਆਦਿ ‘ਤੇ ਖਰਚ ਕਰਨ ਤੇ ਆਮ ਲੋਕਾਂ ਨੂੰ ਦੇਣ, 1 ਕਰੋੜ ਨਵੀਆਂ ਨੌਕਰੀਆਂ ਸਿਰਜਣ ਵਰਗੇ ਲੋਕ ਭਰਮਾਊ ਨਾਅਰੇ ਦਿੱਤੇ ਹਨ ਅਤੇ ‘ਨਯਾ ਪਾਕਿਸਤਾਨ’ ਸਿਰਜਣ ਦਾ ਵਾਅਦਾ ਕੀਤਾ ਹੈ। ਇਸਦੇ ਨਾਲ ਹੀ ਉਸਨੇ ਭਾਰਤ ਨਾਲ ਸਬੰਧ ਸੁਧਾਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਉਣ ਦਾ ਵੀ ਵਾਅਦਾ ਆਪਣੇ ਦੇਸ਼ ਦੇ ਲੋਕਾਂ ਨਾਲ ਕੀਤਾ ਹੈ। ਚੋਣਾਂ ਵਿਚ ਵੱਡੀ ਪਾਰਟੀ ਬਣਕੇ ਉਭਰਨ ਤੋਂ ਬਾਅਦ ਉਸ ਵਲੋਂ ਪਾਕਿ ਟੀ.ਵੀ. ‘ਤੇ ਕੀਤੀ ਗਈ ਤਕਰੀਰ ਵਿਚ ਉਸਨੇ ਗਰੀਬੀ ਤੇ ਭਰਿਸ਼ਟਾਚਾਰ ਖਤਮ ਕਰਨ, 1 ਅਰਬ ਪੌਦੇ ਲਾਉਣ, ਸਿਹਤ ਤੇ ਸਿੱਖਿਆ ਕਾਰਡ ਦੇਣ, ਅਗਲੇ 5 ਸਾਲਾਂ ਵਿਚ 1 ਕਰੋੜ ਨੌਕਰੀਆਂ ਪੈਦਾ ਕਰਨ, 5 ਲੱਖ ਘਰ ਉਸਾਰਨ ਵਰਗੇ ਲੋਕ ਲੁਭਾਊ ਵਾਅਦੇ ਮੁੜ ਦੁਹਰਾਏ ਹਨ।
ਪਾਕਿਸਤਾਨ ਇਸ ਵੇਲੇ ਸਖਤ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਦਾ ਅਰਥਚਾਰਾ ਭੁਗਤਾਨ ਸੰਤੁਲਨ ਦੇ ਮੁਹਾਨੇ ‘ਤੇ ਖੜ੍ਹਾ ਹੈ। ਜਿਸ ਕਰਕੇ ਸਿੱਕੇ ਦੀ ਕੀਮਤ ਦੀ ਸਥਿਰਤਾ ਨੂੰ ਖਤਰਾ ਬਣਿਆ ਹੋਇਆ ਹੈ ਅਤੇ ਇਹ ਦੇਸ਼ ਸਿਰ ਚੜ੍ਹੇ ਕਰਜ਼ੇ ਨੂੰ ਵਾਪਸ ਕਰਨ ਅਤੇ ਦਰਾਮਦਾਂ ਲਈ ਵਿਦੇਸ਼ੀ ਸਿੱਕੇ ਦੀ ਉਪਲੱਬਧਤਾ ਦੀ ਇਸਦੀ ਸਮਰਥਾ ਨੂੰ ਢਾਅ ਲਾਉਂਦਾ ਹੈ। ਦੇਸ਼ ਦਾ ਕਰਜ਼ਾ ਤੇ ਦੇਣਦਾਰੀਆਂ ਲਗਭਗ 300 ਖਰਬ ਰੁਪਏ ਤੱਕ ਪਹੁੰਚ ਗਈਆਂ ਹਨ, ਜਿਹੜੀਆਂ ਕਿ ਇਸਦੇ ਸਮੁੱਚੇ ਅਰਥਚਾਰੇ ਦੇ ਆਕਾਰ ਦੇ 87% ਦੇ ਬਰਾਬਰ ਹੈ। ਬਜਟ ਘਾਟਾ 4 ਫੀਸਦੀ ਤੋਂ ਵੱਧਕੇ ਕੁੱਲ ਘਰੇਲੂ ਉਤਪਾਦ ਦੇ 10 ਫੀਸਦੀ ਤੱਕ ਪਹੁੰਚ ਗਿਆ ਹੈ। ਜੁਲਾਈ 17 ਤੋਂ ਮਾਰਚ 18 ਤੱਕ ਦੇਸ਼ ਦੀਆਂ ਦਰਾਮਦਾਂ ਦਾ 70% ਭਾਗ ਉਰਜਾ, ਮਸ਼ੀਨਰੀ ਤੇ ਧਾਤਾਂ ਦਾ ਸੀ। ਇਸਦਾ ਮੁੱਖ ਕਾਰਨ ਤੇਲ ਕੀਮਤਾਂ ਦਾ ਵੱਧਣਾ ਅਤੇ ਚੀਨ-ਪਾਕਿਸਤਾਨ ਗਲਿਆਰੇ ਨੂੰ ਉਸਾਰਨ ਲਈ ਹੋ ਰਹੀ ਮਸ਼ੀਨਰੀ ਦੀ ਦਰਾਮਦ ਸੀ। ਜਦੋਂਕਿ ਦੇਸ਼ ਦੀਆਂ ਬਰਾਮਦਾਂ, ਮੁੱਖ ਰੂਪ ਵਿਚ ਟੈਕਸਟਾਇਲ ਵਿਚ ਨਿਗੂਣਾ ਵਾਧਾ ਹੋਇਆ ਹੈ। ਇਸਦੇ ਸਿੱਟੇ ਵਜੋਂ ਦੇਸ਼ ਦੇ ਵਿਦੇਸ਼ੀ ਸਿੱਕੇ ਦੇ ਭੰਡਾਰ ਘੱਟਕੇ 10.3 ਅਰਬ ਡਾਲਰ ‘ਤੇ ਪੁੱਜ ਗਏ ਹਨ। ਜਿਹੜੇ ਕਿ ਮੁਸ਼ਕਲ ਨਾਲ ਦੋ ਮਹੀਨੇ ਦੀਆਂ ਦਰਾਮਦਾਂ ਜੋਗੇ ਹੀ ਹਨ। ਦੇਸ਼ ਦਾ ਕੇਂਦਰੀ ਬੈਂਕ ਪਹਿਲਾਂ ਹੀ ਦਸੰਬਰ ਤੋਂ ਬਾਅਦ 4 ਵਾਰ ਦੇਸ਼ ਦੇ ਸਿੱਕੇ, ਰੁਪਏ ਦੀ ਕਦਰ ਘਟਾਈ ਕਰ ਚੁੱਕਾ ਹੈ।
ਅਜਿਹੇ ਹੀ ਸੰਕਟ ਵਿਚੋਂ ਨਿਕਲਣ ਲਈ 2013 ਵਿਚ ਪਾਕਿਸਤਾਨ, ਕੌਮਾਂਤਰੀ ਮੁਦਰਾ ਕੋਸ਼ ਤੋਂ 6.6 ਅਰਬ ਡਾਲਰ ਦਾ ਕਰਜ਼ਾ ਲੈ ਚੁੱਕਾ ਹੈ। ਇਮਰਾਨ ਖਾਨ ਦੀ ਨਵੀਂ ਬਣੀ ਸਰਕਾਰ ਵਿਚ ਵਿੱਤ ਮੰਤਰੀ ਬਣੇ, ਅਸਦ ਉਮਰ ਮੁਤਾਬਕ ਇਸ ਵੇਲੇ ਦੇਸ਼ ਨੂੰ ਘੱਟੋ ਘੱਟ 12 ਅਰਬ ਡਾਲਰ ਦੀ ਲੋੜ ਇਸ ਸੰਕਟ ਵਿਚੋਂ ਨਿਕਲਣ ਲਈ ਹੈ। ਜੇਕਰ ਦੇਸ਼ ਮੁੜ ਕੌਮਾਂਤਰੀ ਮੁਦਰਾ ਕੋਸ਼ ਤੋਂ ਕਰਜ਼ਾ ਲੈਂਦਾ ਹੈ ਤਾਂ ਉਸ ਨਾਲ ਜੁੜੀਆਂ ਸ਼ਰਤਾਂ, ਇਮਰਾਨ ਖਾਨ ਵਲੋਂ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ, ਬਲਕਿ ਆਮ ਲੋਕਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਨਗੀਆਂ।
ਅਸਦ ਉਮਰ ਪਹਿਲਾਂ ਹੀ ‘ਸਰਕਾਰ ਦੇ ਪਹਿਲੇ 100 ਦਿਨ’ ਬਾਰੇ ਦੇਸ਼ ਦੇ ਅਖਬਾਰ ‘ਫਾਈਨੈਂਨਸ਼ੀਅਲ ਟਾਈਮਜ਼’ ਨਾਲ ਗੱਲ ਕਰਦੇ ਹੋਏ ਕਹਿ ਚੁੱਕੇ ਹਨ-”ਦੇਸ਼ ਦੀਆਂ ਸਾਰੀਆਂ ਸਰਕਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਨੂੰ ਇਕ ‘ਵਿਸ਼ੇਸ਼ ਸੰਪਤੀ ਫੰਡ’ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਮੌਜੂਦਾ ਆਰਥਕ ਸੰਕਟ ਵਿਚੋਂ ਦੇਸ਼ ਨੂੰ ਬਾਹਰ ਕੱਢਣ ਲਈ ਲੋੜੀਂਦੇ ਫੰਡ ਜੁਟਾਉਣ ਹਿੱਤ ਵਿਆਪਕ ਪੱਧਰ ‘ਤੇ ਨਿੱਜੀਕਰਨ ਦੀ ਮੁਹਿੰਮ ਚਲਾਉਣ ਵੱਲ ਦੇਸ਼ ਨੂੰ ਵਧਾਉਣ ਲਈ ਸੋਚਣਾ ਪਵੇਗਾ। ਇਸ ਫੰਡ ਦੀ ਸਥਾਪਨਾ ਕੌਮਾਂਤਰੀ ਮੁਦਰਾ ਫੰਡ ਤੋਂ ਦੇਸ਼ ਲਈ ਕਰਜ਼ਾ ਲੈਣ ਵਿਚ ਸਹਾਈ ਸਿੱਧ ਹੋਵੇਗੀ। ਇਹ ‘ਵਿਸ਼ੇਸ਼ ਸੰਪਤੀ ਫੰਡ’ ਨਿੱਜੀਕਰਨ ਵੱਲ ਵੱਧਣ ਦਾ ਨਵੀਂ ਸਰਕਾਰ ਦਾ ਪਹਿਲਾ ਕਦਮ ਹੋਵੇਗਾ। ਲਗਭਗ 200 ਕੰਪਨੀਆਂ ਸਰਕਾਰੀ ਕੰਟਰੋਲ ‘ਚੋਂ ਕੱਢਕੇ ਇਸ ‘ਸੰਪਤੀ ਫੰਡ’ ਵਿਚ ਸ਼ਾਮਲ ਕੀਤੀਆਂ ਜਾਣਗੀਆਂ, ਜਿਸਦਾ ਸੰਚਾਲਨ ਨਿੱਜੀ ਖੇਤਰ ਕਰੇਗਾ ਅਤੇ ਸਰਕਾਰ ਵਲੋਂ ਦੂਰ ਰਹਿ ਕੇ ਇਸਦਾ ਪ੍ਰਬੰਧਨ ਕੀਤਾ ਜਾਵੇਗਾ। ਇਸ ਫੰਡ ਦਾ ਕਾਰਜ, ਘਾਟੇ ਘਟਾਉਣਾ ਅਤੇ ਕੰਪਨੀਆਂ ਨੂੰ ਕਰਜ਼ੇ ਤੋਂ ਬਾਹਰ ਕੱਢਣਾ ਹੋਵੇਗਾ।”
ਅਜਿਹੀਆਂ ਸਥਿਤੀਆਂ ਵਿਚ ਨਵੀਆਂ ਨੌਕਰੀਆਂ ਪੈਦਾ ਹੋਣੀਆਂ ਤਾਂ ਦੂਰ ਪੁਰਾਣੀਆਂ ਵੀ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਕਰਕੇ ਖ਼ਤਮ ਹੋਣਗੀਆਂ। ਕੌਮਾਂਤਰੀ ਮੁਦਰਾ ਫੰਡ ਦੀਆਂ ਕਰਜ਼ਾ ਸ਼ਰਤਾਂ ਆਮ ਆਦਮੀ ਦਾ ਜੀਣਾ ਹੋਰ ਮੁਹਾਲ ਕਰਨਗੀਆਂ।
ਇਮਰਾਨ ਖਾਨ ਦਾ ਦੇਸ਼ ਦੇ ਟੈਕਸ ਦਾਇਰੇ ਨੂੰ ਵਧਾਉਣ ਦਾ ਸੁਪਨਾ ਵੀ ਆਮ ਲੋਕਾਂ ‘ਤੇ ਬੋਝ ਪਾ ਕੇ ਹੀ ਪੂਰਾ ਕੀਤਾ ਜਾ ਸਕੇਗਾ, ਕਿਉਂਕਿ ਦੇਸ਼ ਦੇ ਭਰਿਸ਼ਟ ਪੂੰਜੀਪਤੀ ਜੇਕਰ ਟੈਕਸ ਵਧੇਰੇ ਦੇਣਗੇ ਤਾਂ ਉਨ੍ਹਾਂ ਦਾ ਮੁਨਾਫ਼ਾ ਘਟੇਗਾ। ਇਸ ਮੁਨਾਫ਼ੇ ਦੇ ਸਿਰ ‘ਤੇ ਹੀ ਉਹ ਸਮਾਜਕ ਤੇ ਰਾਜਨੀਤਕ ਖੇਤਰ ਵਿਚ ਦਖਲ ਦਿੰਦੇ ਹਨ ਅਤੇ ਸੱਤਾ ਵਿਚ ਆਪਣੀ ਪੈਠ ਬਣਾਉਂਦੇ ਹਨ। ਇਮਰਾਨ ਖਾਨ ਦੀ ਆਪਣੀ ਪਾਰਟੀ ਵਿਚ ਵੀ ਅਜਿਹੇ ਲੋਕਾਂ ਦੀ ਬਹੁਤਾਤ ਹੈ। ਉਹ ਟੈਕਸ ਵਧਾਉਣ ਲਈ ਹਰਗਿਜ਼ ਵੀ ਰਾਜੀ ਨਹੀਂ ਹੋਣਗੇ ਬਲਕਿ ਉਹ ਛੋਟਾਂ ਮੰਗਣਗੇ। ਅਸਿੱਧੇ ਟੈਕਸ, ਜਿਹੜੇ ਕਿ ਆਮ ਆਦਮੀ ਵਲੋਂ ਨਿੱਤ ਦਿਨ ਦੀਆਂ ਲੋੜੀਂਦੀਆਂ ਵਸਤਾਂ ‘ਤੇ ਲੱਗਦੇ ਹਨ, ਉਹ ਹੀ ਵੱਡੀ ਮਾਤਰਾ ਵਿਚ ਵਧਾਏ ਜਾ ਸਕਣਗੇ। ਅਜਿਹੀ ਸਥਿਤੀ ਵਿਚ ਇਮਰਾਨ ਖਾਨ ਦਾ ‘ਇਸਲਾਮਕ ਵੈਲਫੇਅਰ ਸਟੇਟ’ ਭਾਵ ‘ਨਯਾ ਪਾਕਿਸਤਾਨ’ ਸਿਰਜਣ ਦਾ ਵਾਅਦਾ ਨਰਿੰਦਰ ਮੋਦੀ ਦੇ ‘ਅੱਛੇ ਦਿਨ ਆਏਂਗੇ’ ਦੀ ਤਰ੍ਹਾਂ ਜੁਮਲਾ ਹੀ ਸਿੱਧ ਹੋਵੇਗਾ।
ਪੀ.ਐਮ.ਐਲ.ਐਨ., ਨਵਾਜ ਸ਼ਰੀਫ ਦੀ ਪਾਰਟੀ ਦਾ ਟਕਰਾਅ ਫੌਜ ਤੇ ਨਿਆਂਪਾਲਕਾ ਨਾਲ ਦੋ ਮੁੱਖ ਮੁੱਦਿਆਂ ਕਰਕੇ ਪੈਦਾ ਹੋਇਆ ਸੀ। ਸਭ ਤੋਂ ਵੱਡਾ ਮੁੱਦਾ ਸੀ ਸ਼ਾਸ਼ਨ-ਪ੍ਰਸ਼ਾਸਨ ਵਿਚ ਫੌਜ ਦੇ ਮੁਕਾਬਲੇ ਸਿਵਲੀਅਨ ਸੰਸਥਾਵਾਂ ਦੇ ਗਲਬੇ ਦਾ ਅਤੇ ਦੂਜਾ ਸੀ ਨਵਾਜ ਸ਼ਰੀਫ ਵਲੋਂ ਭਾਰਤ ਨਾਲ ਵਪਾਰ ਨੂੰ ਵਧਾਉਣ ਅਤੇ ਜੰਗ ਦਾ ਮਾਹੌਲ ਠੰਡਾ ਕਰਨ ਦੀ ਇੱਛਾ ਜਾਹਰ ਕਰਨੀ। ਇਮਰਾਨ ਖਾਨ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਅਤੇ ਹੋਰ ਆਪਣੇ ਵਾਅਦੇ ਪੂਰੇ ਕਰਨ ਲਈ ਫੌਜ, ਜਿਸਨੂੰ ਕਿ ਉਸਨੇ ਸੱਤਾ ਵਿਚ ਬਿਠਾਇਆ ਹੈ, ਨਾਲ ਕਿਵੇਂ ਸੰਤੁਲਨ ਬਣਾਵੇਗਾ। ਇਹ ਵੀ ਉਸ ਸਾਹਮਣੇ ਇਕ ਗੰਭੀਰ ਚੁਣੌਤੀ ਹੈ।
ਪਾਕਿਸਤਾਨ ਦੇ ਇਕ ਸਾਬਕਾ ਵਿੱਤ ਮੰਤਰੀ ਤੇ ਗੰਭੀਰ ਪੂੰਜੀਵਾਦੀ ਅਰਥਸ਼ਾਸਤਰੀ ਹਾਫਿਜ਼ ਪਾਸ਼ਾ ਦੀ ਹਾਲ ਵਿਚ ਇਮਰਾਨ ਖਾਨ ਬਾਰੇ ਕੀਤੀ ਪਸ਼ੀਨਗੋਈ ਦਰੁਸਤ ਸਾਬਤ ਹੋਵੇਗੀ-”ਲੋਕ ਗਲੀਆਂ ਵਿਚ ਆਉਣ ਲਈ ਮਜ਼ਬੂਰ ਹੋਣਗੇ। ਇਹ ਇਮਰਾਨ ਖਾਨ ਦਾ ਅੰਤ ਹੋਵੇਗਾ।”
ਇਮਰਾਨ ਖਾਨ ਨੇ ਆਪਣੇ ਮੰਤਰੀ ਮੰਡਲ ਦਾ ਵੀ 20 ਅਗਸਤ ਨੂੰ ਗਠਨ ਕਰ ਲਿਆ ਹੈ। ਇਸ ਵਿਚ 16 ਮੰਤਰੀ ਹਨ ਅਤੇ 5 ਸਲਾਹਕਾਰ। ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ, ਉਹ 2008-13 ਦਰਮਿਆਨ ਵੀ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਵਿੱਤ ਮੰਤਰੀ ਅਸਦ ਉਮਰ, ਫਵਾਦ ਚੌਧਰੀ ਦੇਸ਼ ਦੇ ਸੂਚਨਾ ਪ੍ਰਸਾਰਨ ਮੰਤਰੀ, ਖੈਬਰ ਪਖਤੂਨਾ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟਕ ਰੱਖਿਆ ਮੰਤਰੀ ਬਣਾਏ ਗਏ ਹਨ। ਇਸ ਵਜਾਰਤ ਵਿਚ ਪੀ.ਟੀ.ਆਈ. ਦੇ 9 ਅਤੇ 7 ਮੰਤਰੀ ਸਰਕਾਰ ਵਿਚ ਸ਼ਾਮਲ ਹੋਰ ਪਾਰਟੀਆਂ ਤੋਂ ਹਨ। ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਉਨ੍ਹਾਂ ਨੂੰ ਸਹੂੰ ਚੁਕਵਾਈ ਜਾ ਚੁੱਕੀ ਹੈ।

ਧਾਰਮਕ ਬੁਨਿਆਦਪ੍ਰਸਤ ਪਾਰਟੀਆਂ ਨੂੰ ਨਕਾਰਿਆ
ਇਨ੍ਹਾਂ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਤੇ ਸ਼ਾਨਦਾਰ ਪੱਖ ਰਿਹਾ ਹੈ, ਪਾਕਿਸਤਾਨ ਦੇ ਲੋਕਾਂ ਵਲੋਂ ਧਾਰਮਕ ਬੁਨਿਆਦਪ੍ਰਸਤ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਾ। ਇਨ੍ਹਾਂ ਪਾਰਟੀਆਂ ਵਲੋਂ ਦੇਸ਼ ਦੀ ਕੌਮੀ ਅਸੰਬਲੀ ਲਈ ਹੁਣ ਤੱਕ ਦੇ ਸਭ ਰਿਕਾਰਡਾਂ ਨੂੰ ਤੋੜਦੇ ਹੋਏ 460 ਉਮੀਦਵਾਰ ਖੜ੍ਹੇ ਕੀਤੇ ਗਏ ਸਨ।
ਸਭ ਤੋਂ ਪੁਰਾਣੇ ਬੁਨਿਆਦਪ੍ਰਸਤ ਗਠਜੋੜ, ਮੁਤਾਹਿਦਾ ਮਜਲਿਸ-ਏ-ਅੱਮਾਲ, ਜਿਸ ਵਿਚ 5 ਪਾਰਟੀਆਂ-ਜਮਾਇਤੇ ਉਲੇਮਾ-ਏ-ਇਸਲਾਮ-ਐਫ, ਜਮਾਇਤ-ਏ-ਇਸਲਾਮੀ, ਜਮਾਇਤ-ਏ-ਉਲੇਮਾ ਪਾਕਿਸਤਾਨ, ਇਸਲਾਮੀ ਤਹਿਰੀਕ ਅਤੇ ਜਮਾਇਤ ਅਹਿਲੇ ਹਦੀਥ ਸ਼ਾਮਲ ਹਨ, ਨੇ ਕੌਮੀ ਅਸੰਬਲੀ ਦੀਆਂ 192 ਤੋਂ ਵੱਧ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇਹ 4.85% ਵੋਟਾਂ ਲੈ ਕੇ ਸਿਰਫ 12 ਸੀਟਾਂ ਹੀ ਜਿੱਤ ਸਕੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਹ ਗਠਜੋੜ ਸਭ ਤੋਂ ਪੁਰਾਣੇ ਗਠਜੋੜਾਂ ਵਿਚੋਂ ਇਕ ਹੈ ਅਤੇ ਮੁੱਖ ਧਾਰਾ ਦੀਆਂ ਰਾਜਨੀਤਕ ਧਿਰਾਂ ਵਿਚ ਸ਼ਾਮਲ ਹੈ।
ਦੋ ਹੋਰ ਬੁਨਿਆਦਪ੍ਰਸਤ ਧਾਰਮਕ ਪਾਰਟੀਆਂ, ਜਿਨ੍ਹਾਂ ਦੇ ਸਰਪ੍ਰਸਤ ਸੰਗਠਨਾਂ ‘ਤੇ ਸੰਯੁਕਤ ਰਾਸ਼ਟਰ ਸੰਘ ਨੇ ਵੀ ਅੱਤਵਾਦੀਆਂ ਦੀ ਸ਼ਰੇਣੀ ਵਿਚ ਰੱਖਦੇ ਹੋਏ ਪਾਬੰਦੀ ਲਾਈ ਹੋਈ ਹੈ, ਇਨ੍ਹਾਂ ਚੋਣਾਂ ਵਿਚ ਮੈਦਾਨ ਵਿਚ ਸਨ। ਤਹਿਰੀਕੇ-ਏ-ਲਾਬਾਇਕ ਇਸਲਾਮ ਅਤੇ ਹਾਫਿਜ ਸਈਦ, ਜਿਹੜੇ ਜਮਾਤ-ਉਦ-ਦਾਵਾ ਦੇ ਮੁਖੀ ਹਨ ਦੀ ਅੱਲਾਹ-ਓ-ਅਕਬਰ ਤਹਿਰੀਕ। ਤਹਿਰੀਕ-ਏ-ਲਾਬਾਇਕ ਨੇ ਕੌਮੀ ਅਸੰਬਲੀ ਲਈ ਦੇਸ਼ ਭਰ ਵਿਚ 178 ਉਮੀਦਵਾਰ ਖੜ੍ਹੇ ਕੀਤੇ ਸਨ। ਜਿਨ੍ਹਾਂ ਵਿਚੋਂ ਕੋਈ ਵੀ ਨਹੀਂ ਜਿੱਤ ਸਕਿਆ। ਕੁੱਲ ਵੋਟਾਂ ਵੀ ਇਹ ਸਿਰਫ 0.10% ਹੀ ਹਾਸਲ ਕਰ ਸਕੀ। ਇਹ ਸਿੰਧ ਸੂਬੇ ਦੀ ਅਸੰਬਲੀ ਵਿਚ ਜ਼ਰੂਰ 2 ਸੀਟਾਂ ਜਿੱਤਣ ਵਿਚ ਸਫਲ ਰਹੀ।
ਇਸੇ ਤਰ੍ਹਾਂ ਅੱਲਾਹ-ਓ-ਅਕਬਰ ਤਹਿਰੀਕ ਨੇ ਪੰਜਾਬ ਸੂਬੇ ਵਿਚ ਕੌਮੀ ਅਸੰਬਲੀ ਤੇ ਸੂਬਾ ਅਸੰਬਲੀ ਲਈ 265 ਉਮੀਦਵਾਰ ਖੜ੍ਹੇ ਕੀਤੇ ਸਨ। ਇਸਦਾ ਇਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ। ਕੌਮੀ ਅਸੰਬਲੀ ਦੀਆਂ ਸੀਟਾਂ ‘ਤੇ ਖੜ੍ਹੇ ਇਸਦੇ ਉਮੀਦਵਾਰਾਂ ਨੂੰ ਸਿਰਫ 0.32% ਵੋਟ ਹੀ ਮਿਲੇ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਫੌਜ ਵਲੋਂ ਇਨ੍ਹਾਂ ਦੋਵਾਂ ਪਾਰਟੀਆਂ-ਤਹਿਰੀਕ-ਏ-ਲਾਬਾਇਕ ਅਤੇ ਅੱਲਾਹ-ਓ-ਅਕਬਰ ਤਹਿਰੀਕ ਨੂੰ ਪੀ.ਐਮ.ਐਲ.ਐਨ. ਦੀਆਂ ਵੋਟਾਂ ਤੋੜਨ ਲਈ ਫੌਜ ਵਲੋਂ ਖੜਾ ਕੀਤਾ ਗਿਆ ਸੀ।

ਪ੍ਰਾਂਤਕ ਅਸੰਬਲੀ ਚੋਣਾਂ
ਪਾਕਿਸਤਾਨ ਦੀਆਂ ਆਮ ਚੋਣਾਂ ਨਾਲ ਹੀ ਦੇਸ਼ ਦੇ ਸਮੁੱਚੇ 4 ਸੂਬਿਆਂ ਦੀਆਂ ਵੀ ਚੋਣਾਂ ਹੋਈਆਂ ਸਨ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿਚ ਹੋਈਆਂ ਅਸੰਬਲੀ ਚੋਣਾਂ ਵਿਚ ਇਮਰਾਨ ਖਾਨ ਦੀ ਤਹਿਰੀਕੇ-ਇਨਸਾਫ-ਪਾਰਟੀ (ਪੀ.ਟੀ.ਆਈ.) 175 ਸੀਟਾਂ ਜਿੱਤਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਪੀ.ਐਮ.ਐਲ.ਐਨ., ਜਿਹੜੀ ਪਿਛਲੀਆਂ ਦੋ ਟਰਮਾਂ ਦੌਰਾਨ ਸੱਤਾ ਵਿਚ ਸੀ, 162 ਸੀਟਾਂ ਲੈ ਕੇ ਦੂਜੇ ਥਾਂ ‘ਤੇ ਰਹੀ ਹੈ। ਤੀਜੇ ਥਾਂ ‘ਤੇ ਪੀ.ਐਮ.ਐਲ.(ਕਿਊ) 10 ਸੀਟਾਂ ਲੈ ਕੇ ਰਹੀ। ਜਦੋਂਕਿ ਕੌਮੀ ਅਸੰਬਲੀ ਵਿਚ ਤੀਜੇ ਨੰਬਰ ‘ਤੇ ਰਹਿਣ ਵਾਲੀ ਪੀ.ਪੀ.ਪੀ. ਨੂੰ ਇੱਥੇ ਸਿਰਫ 6 ਸੀਟਾਂ ਮਿਲੀਆਂ ਹਨ। 371 ਮੈਂਬਰੀ ਅਸੰਬਲੀ ਦੇ ਮੁੱਖ ਮੰਤਰੀ ਪੀ.ਟੀ.ਆਈ. ਦੇ ਉਸਮਾਨ ਬੁਜ਼ਦਾਰ 186 ਵੋਟਾਂ ਲੈ ਕੇ ਚੁਣੇ ਗਏ ਹਨ, ਉਨ੍ਹਾਂ ਦੇ ਮੁਕਾਬਲੇ ਪੀ.ਐਮ.ਐਲ਼ ਐਨ. ਦੇ ਹਮਜ਼ਾ ਸ਼ਹਿਬਾਜ਼ ਸ਼ਰੀਫ਼, ਜਿਹੜੇ ਕਿ ਨਵਾਜ਼ ਸ਼ਰੀਫ ਦੇ ਭਤੀਜੇ ਅਤੇ ਇਸ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਹਨ, ਨੂੰ 159 ਵੋਟਾਂ ਮਿਲੀਆਂ। ਇੱਥੇ ਵੀ ਪੀ.ਪੀ.ਪੀ. ਨੇ ਇਸ ਚੋਣ ਵਿਚ ਹਿੱਸਾ ਨਹੀਂ ਲਿਆ।
ਦੂਜੇ ਵੱਡੇ ਸੂਬੇ ਸਿੰਧ ਵਿਚ ਮਰਹੂਮ ਬੇਨਜੀਰ ਭੁੱਟੋ ਦੀ ਪਾਰਟੀ ਪੀ.ਪੀ.ਪੀ. ਮੁੜ ਤੀਜੀ ਵਾਰ ਲਗਾਤਾਰ ਸੱਤਾ ਸੰਭਾਲਣ ਵਿਚ ਸਫਲ ਰਹੀ ਹੈ। ਸੂਬੇ ਦੀ 168 ਮੈਂਬਰੀ ਅਸੰਬਲੀ ਵਿਚ ਪੀ.ਪੀ.ਪੀ. ਨੂੰ 95 ਸੀਟਾਂ ਨਾਲ ਸਪੱਸ਼ਟ ਬਹੁਮਤ ਮਿਲਿਆ। ਪੀ.ਟੀ.ਆਈ. 30 ਸੀਟਾਂ ਹਾਸਲ ਕਰਕੇ ਦੂਜੇ ਥਾਂ ‘ਤੇ ਅਤੇ ਐਮ.ਕਿਉ.ਐਮ.21 ਸੀਟਾਂ ਨਾਲ ਤੀਜੇ ਥਾਂ ‘ਤੇ ਰਿਹਾ ਹੈ। ਇਸ ਸੂਬਾ ਅਸੰਬਲੀ ਵਿਚ ਬੁਨਿਆਦਪ੍ਰਸਤ ਧਾਰਮਕ ਪਾਰਟੀ ਤਹਿਰੀਕੇ-ਏ-ਲਾਬਾਇਕ ਵੀ 2 ਸੀਟਾਂ ਹਾਸਲ ਕਰਨ ਵਿਚ ਸਫਲ ਰਹੀ। ਪੀ.ਐਮ.ਐਲ.ਐਨ. ਦੀ ਇੱਥੇ ਕੋਈ ਵੀ ਸੀਟ ਨਹੀਂ ਹੈ। ਪੀ.ਪੀ.ਪੀ. ਦੇ ਮੁਰਾਦ ਅਲੀ ਸ਼ਾਹ ਸੂਬੇ ਦੇ ਮੁੱਖ ਮੰਤਰੀ ਚੁਣੇ ਗਏ ਹਨ।
ਖੈਬਰ ਪਖਤੂਨਵਾ, ਸੂਬੇ ਦੀਆਂ 100 ਅਸੰਬਲੀ ਸੀਟਾਂ ਸਿੱਧੇ ਰੂਪ ਵਿਚ ਚੁਣੀਆਂ ਜਾਣ ਵਾਲੀਆਂ ਹਨ। ਜਿਨ੍ਹਾਂ ਵਿਚੋਂ 66 ਤੇ ਪੀ.ਟੀ.ਆਈ. ਨੇ, 10 ‘ਤੇ ਐਮ.ਐਮ.ਏ., 6 ‘ਤੇ ਅਵਾਮੀ ਨੈਸ਼ਨਲ ਪਾਰਟੀ, ਪੀ.ਐਮ.ਐਲ.ਐਨ. ਨੇ 5 ‘ਤੇ, ਪੀ.ਪੀ.ਪੀ. ਨੇ 4 ‘ਤੇ ਅਤੇ ਆਜ਼ਾਦ ਉਮੀਦਵਾਰਾਂ ਨੇ 6 ਸੀਟਾਂ ਹਾਸਲ ਕੀਤੀਆਂ ਹਨ। ਇੱਥੇ ਵੀ ਇਮਰਾਨ ਖਾਨ ਦੀ ਪੀ.ਟੀ.ਆਈ. ਕੋਲ ਸਪੱਸ਼ਟ ਬਹੁਮਤ ਹੈ ਅਤੇ ਉਸੇ ਦੀ ਸਰਕਾਰ ਬਣੇਗੀ।
ਬਲੋਚਿਸਤਾਨ ਸੂਬੇ ਦੀ ਅਸੰਬਲੀ ਲਈ 51 ਸੀਟਾਂ ‘ਤੇ ਸਿੱਧੀ ਚੋਣ ਹੋਈ ਹੈ ਬਾਕੀ 13 ਸੀਟਾਂ ਨਾਮਜ਼ਦਗੀਆਂ ਰਾਹੀਂ ਭਰੀਆਂ ਗਈਆਂ ਹਨ। ਕੁੱਲ 64 ਸੀਟਾਂ ਵਿਚੋਂ 20 ਸੀਟਾਂ ਹਾਸਲ ਕਰਕੇ ਬਲੋਚਿਸਤਾਨ ਅਵਾਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਐਮ.ਐਮ.ਏ. ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ (ਐਮ) 10-10 ਸੀਟਾਂ ਹਾਸਲ ਕਰਕੇ ਦੂਜੇ ਅਤੇ ਪੀ.ਟੀ.ਆਈ. 7 ਸੀਟਾਂ ਨਾਲ ਤੀਜੇ ਥਾਂ ‘ਤੇ ਰਹੀ ਹੈ। ਬਾਕੀ ਸੀਟਾਂ ਛੋਟੀਆਂ ਪਾਰਟੀਆਂ ਤੇ ਆਜ਼ਾਦਾਂ ਨੇ ਹਾਸਲ ਕੀਤੀਆਂ ਹਨ। ਇੱਥੇ ਬਲੋਚਿਸਤਾਨ ਅਵਾਮੀ ਪਾਰਟੀ, ਬਲੋਚਿਸਤਾਨ ਨੈਸ਼ਨਲ ਪਾਰਟੀ (ਐਮ) ਤੇ ਪੀ.ਟੀ.ਆਈ. ਦੀ ਸਾਂਝੀ ਸਰਕਾਰ ਬਣਨ ਦੀ ਸੰਭਾਵਨਾ ਹੈ। ਇਹ ਦੋਵੇਂ ਪਾਰਟੀਆਂ ਪੀ.ਟੀ.ਆਈ. ਦੀ ਕੇਂਦਰੀ ਸਰਕਾਰ ਵਿਚ ਵੀ ਭਾਈਵਾਲ ਹਨ।

ਚੋਣਾਂ ਵਿਚ ਖੱਬੀ ਧਿਰ ਦੀ ਸਥਿਤੀ
ਪਾਕਿਸਤਾਨ ਦੀਆਂ ਇਨ੍ਹਾਂ ਆਮ ਚੋਣਾਂ ਵਿਚ ਦੇਸ਼ ਭਰ ਵਿਚ ਖੱਬੀ ਧਿਰ ਦੇ 50 ਉਮੀਦਵਾਰ ਕੁੱਲ ਮਿਲਾਕੇ ਕੌਮੀ ਅਸੰਬਲੀ ਅਤੇ ਸੂਬਾਈ ਅਸੈਂਬਲੀਆਂ ਲਈ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਲਾਹੌਰ ਖੱਬੇ ਮੋਰਚੇ ਦੇ ਭਾਈਵਾਲ, ਪਸ਼ਤੂਨ ਤੱਹਫੁਜ ਮੁਹਾਜ਼ ਵਲੋਂ ਫਾਟਾ (ਦੇਸ਼ ਦੀ ਕੇਂਦਰੀ ਸਰਕਾਰ ਵਲੋਂ ਸ਼ਾਸਤ ਕਬੀਲਾਈ ਅਜੰਸੀ) ਖੇਤਰ ਤੋਂ ਚੋਣ ਲੜ ਰਹੇ, ਦੋ ਖੱਬੇ ਪੱਖੀ ਆਗੂ ਕੌਮੀ ਅਸੰਬਲੀ ਦੀਆਂ ਚੋਣਾਂ ਜਿੱਤਣ ਵਿਚ ਸਫਲ ਰਹੇ ਹਨ। ਇਸ ਤਰ੍ਹਾਂ ਕਈ ਦਹਾਕਿਆਂ ਬਾਅਦ ਪਾਕਿਸਤਾਨ ਦੀ ਜਗੀਰਦਾਰ ਸਾਮੰਤਾਂ ਤੇ ਪੂੰਜੀਪਤੀਆਂ ਨਾਲ ਭਰੀ ਕੌਮੀ ਅਸੰਬਲੀ ਵਿਚ ਦੋ ਖੱਬੀ ਧਿਰ ਦੇ ਨੁਮਾਇੰਦੇ ਪੁੱਜੇ ਹਨ।
ਕੌਮੀ ਅਸੰਬਲੀ ਦੇ ਦੱਖਣੀ ਵਜੀਰਿਸਤਾਨ ਕਬੀਲਾਈ ਅਜੰਸੀ ਦੇ ਹਲਕਾ ਐਨ.ਏ.-50 ਤੋਂ ਪਸ਼ਤੂਨ ਤਹੱਫੁਜ ਮੁਹਾਜ ਦੇ ਆਗੂ ਅਲੀ ਵਜੀਰ ਨੇ ਆਪਣੇ ਨੇੜਲੇ ਵਿਰੋਧੀ ਐਮ.ਐਮ.ਏ. ਦੇ ਉਮੀਦਵਾਰ ਤੋਂ 16015 ਵੋਟਾਂ ਵੱਧ ਲੈ ਕੇ ਜਿੱਤ ਹਾਸਲ ਕੀਤੀ। ਐਮ.ਐਮ.ਏ. ਉਮੀਦਵਾਰ ਨੂੰ ਸਿਰਫ 7515 ਵੋਟ ਹੀ ਮਿਲੇ। ਇਸੇ ਖੇਤਰ ਦੇ ਹਲਕਾ ਐਨ.ਏ.-48 ਤੋਂ ਪਸ਼ਤੂਨ ਤਹੱਫੁਜ ਮੁਹਾਜ ਦੇ ਸਾਥੀ ਮੋਹਸਿਨ ਦਾਬਰ ਜਿੱਤੇ ਹਨ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਪੀ.ਟੀ. ਆਈ. ਦੇ ਉਮੀਦਵਾਰ ਤੋਂ 6104 ਵੋਟ ਵੱਧ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਸਾਥੀ ਮੋਹਸਿਨ ਦਾਬਰ, ਪੇਸ਼ਾਵਰ ਹਾਈ ਕੋਰਟ ਵਿਚ ਵਕਾਲਤ ਕਰਦੇ ਹਨ ਅਤੇ ਉਹ ਚਲੰਤ ਮਾਮਲਿਆਂ ਦੇ ਲੇਖਕ ਵੀ ਹਨ, ਉਨ੍ਹਾਂ ਦੇ ਲੇਖ ਦੇਸ਼ ਦੇ ਰੋਜ਼ਾਨਾ ਅਖਬਾਰਾਂ ਵਿਚ ਛੱਪਦੇ ਹਨ। ਉਹ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਪ੍ਰਸਿੱਧ ਹਨ। ਦੇਸ਼ ਦੀ ਵੱਡੀ ਖੱਬੇ ਪੱਖੀ ਪਾਰਟੀ ਅਵਾਮੀ ਵਰਕਰਜ਼ ਪਾਰਟੀ ਨੇ ਕੌਮੀ ਅਸੰਬਲੀ ਲਈ 8 ਅਤੇ ਪ੍ਰਾਂਤਕ ਅਸੈਂਬਲੀਆਂ ਲਈ 14 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ। ਪੰਜਾਬ ਅਸੰਬਲੀ ਦੇ ਟੋਬਾ ਟੇਕ ਸਿੰਘ ਹਲਕੇ ਤੋਂ ਉਸਦੇ ਉਮੀਦਵਾਰ ਨੂੰ 4,586 ਵੋਟ ਮਿਲੇ ਹਨ ਅਤੇ ਉਹ ਪੀ.ਟੀ.ਆਈ. ਤੇ ਪੀ.ਐਮ.ਐਲ.ਐਨ. ਦੇ ਉਮੀਦਵਾਰਾਂ ਤੋਂ ਪਿੱਛੇ ਤੀਜੀ ਥਾਂ ‘ਤੇ ਰਿਹਾ ਹੈ। ਧਾਰਮਕ ਬੁੁਨਿਆਦਪ੍ਰਸਤ ਤੇ ਪੀ.ਪੀ.ਪੀ. ਦੇ ਉਮੀਦਵਾਰ ਉਸ ਤੋਂ ਪਿੱਛੇ ਰਹੇ ਹਨ। ਕੌਮੀ ਅਸੰਬਲੀ ਦੀਆਂ ਸੀਟਾਂ ‘ਤੇ ਅਵਾਮੀ ਵਰਕਰਜ਼ ਪਾਰਟੀ ਨੂੰ ਕੁੱਲ 17,935 ਵੋਟ ਮਿਲੇ ਹਨ, ਜਿਹੜੇ ਕੁੱਲ ਪੋਲ ਹੋਈ ਵੋਟ ਦਾ 0.03% ਬਣਦੇ ਹਨ।

ਕੌਣ ਹੈ, ਅਲੀ ਵਜ਼ੀਰ?
ਲਾਹੌਰ ਖੱਬੇ ਮੋਰਚੇ, ਇਸ ਸਾਲ ਦੇ ਸ਼ੁਰੂ ਵਿਚ ਲਾਹੌਰ ਵਿਚ ਇਕੱਠ ਕਰਕੇ 10 ਖੱਬੇ ਪੱਖੀ ਪਾਰਟੀਆਂ ਤੇ ਗਰੁੱਪਾਂ ਨੇ ਸੰਘਰਸ਼ਾਂ ਅਤੇ ਚੋਣਾਂ ਸਾਂਝੇ ਰੂਪ ਵਿਚ ਲੜਨ ਲਈ ਇਸ ਮੋਰਚੇ ਦਾ ਗਠਨ ਕੀਤਾ ਸੀ, ਜਿਸਨੂੰ ਇਸ ਨਾਂਅ ਨਾਲ ਜਾਣਿਆ ਜਾਂਦਾ ਹੈ, ਦੀ ਭਾਈਵਾਲ ਜਥੇਬੰਦੀ ਪਸ਼ਤੂਨ ਤਹਫੁੱਜ਼ ਮੁਹਾਜ ਦੇ ਐਨ.ਏ.-50 ਤੋਂ ਜਿੱਤੇ ਉਮੀਦਵਾਰ ਸਾਥੀ ਅਲੀ ਵਜੀਰ ਦਾ ਜ਼ਿਕਰ ਵਿਸ਼ੇਸ਼ ਰੂਪ ਵਿਚ ਕਰਨਾ ਬਣਦਾ ਹੈ। ਉਹ ਇਕ ਜੁਝਾਰੂ ਅਤੇ ਲਾਮਿਸਾਲ ਕੁਰਬਾਨੀ ਵਾਲੇ ਆਗੂ ਹਨ। ਉਹ ‘ਫਾਟਾ’ ਦੀ ਦੱਖਣੀ ਵਜੀਰਿਸਤਾਨ ਅਜੰਸੀ ਖੇਤਰ ਦੇ ਹੈਡਕੁਆਰਟਰ ਸ਼ਹਿਰ ਵਾਨਾ ਨਾਲ ਸੰਬੰਧ ਰੱਖਦੇ ਹਨ। ਇਸ ਸਦੀ ਦੇ ਮੁਢਲੇ ਦਿਨਾਂ ਵਿਚ ਜਦੋਂ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੇ ਜੱਦੀ ਇਲਾਕੇ ਵਿਚ ਤਾਲਿਬਾਨ ਨਾਲ ਜੁੜੇ ਵਿਦੇਸ਼ੀ ਅੱਤਵਾਦੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਇਸ ਬਾਰੇ ਉਨ੍ਹਾਂ ਦੇ ਪਿਤਾ, ਜਿਹੜੇ ਉਸ ਖੇਤਰ ਦੇ ਸਭ ਤੋਂ ਵੱਡੇ ਅਹਿਮਦਜਈ ਵਜੀਰ ਕਬੀਲੇ ਦੇ ਮੁਖੀ ਸਨ, ਨੇ ਸ਼ਿਕਾਇਤ ਸਰਕਾਰ ਨੂੰ ਕੀਤੀ। ਪ੍ਰੰਤੂ ਸਰਕਾਰੀ ਅਫਸਰਾਂ ਨੇ ਚੁੱਪ ਧਾਰੀ ਰੱਖੀ ਅਤੇ ਕੇਂਦਰੀ ਸਰਕਾਰ ਨੇ ਤਾਂ ਅਫਗਾਨ, ਅਰਬ ਤੇ ਕੇਂਦਰੀ ਏਸ਼ੀਆ ਨਾਲ ਸਬੰਧ ਰੱਖਦੇ ਅੱਤਵਾਦੀਆਂ ਦੇ ਉਥੇ ਹਾਜ਼ਰ ਹੋਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਤਰ੍ਹਾਂ 2003 ਤੱਕ ‘ਫਾਟਾ’ ਦੇ ਉਤਰੀ ਤੇ ਦੱਖਣੀ ਵਜੀਰਿਸਤਾਨ ਅਜੰਸੀ ਇਲਾਕਿਆਂ ਵਿਚ ਅੱਤਵਾਦੀਆਂ ਤੇ ਧਾਰਮਕ ਬੁਨਿਆਦਪ੍ਰਸਤਾਂ ਨੇ ਆਪਣਾ ਗਲਬਾ ਕਾਇਮ ਕਰ ਲਿਆ ਅਤੇ ਉਹ ਉਥੇ ਆਪਣਾ ਧਾਰਮਕ ਰਾਜ ਸਥਾਪਤ ਕਰਨ ਦੇ ਯਤਨ ਕਰਨ ਲੱਗੇ। ਇਸਦਾ ਸਭ ਤੋਂ ਪਹਿਲਾ ਸ਼ਿਕਾਰ ਸਾਥੀ ਅਲੀ ਵਜੀਰ ਦੇ ਵੱਡੇ ਭਰਾ ਤੇ ਨੌਜਵਾਨ ਆਗੂ ਫਾਰੂਕ ਵਜੀਰ ਬਣੇ। ਅੱਤਵਾਦੀਆਂ ਦੀ ਇਸ ਮੁਹਿੰਮ ਦਾ ਸ਼ਿਕਾਰ ਉਸ ਖੇਤਰ ਦੇ ਹਜ਼ਾਰਾਂ ਪਸ਼ਤੂਨ ਕਬੀਲਾਈ ਆਗੂ, ਰਾਜਨੀਤਕ ਕਾਰਕੁੰਨ ਤੇ ਧਾਰਮਕ ਆਗੂ ਬਣੇ, ਉਨ੍ਹਾਂ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਵਿਦੇਸ਼ੀ ਤੇ ਦੇਸੀ ਅੱਤਵਾਦੀਆਂ ਦੇ ਉਨ੍ਹਾਂ ਦੇ ਜੱਦੀ ਪੁਸ਼ਤੀ ਇਲਾਕੇ ਵਿਚ ਗਲਬੇ ਅਤੇ ਸਥਾਨਕ ਲੋਕਾਂ ‘ਤੇ ਉਨ੍ਹਾਂ ਵਲੋਂ ਢਾਏ ਜਾਂਦੇ ਜੁਲਮਾਂ ਦਾ ਵਿਰੋਧ ਕਰਦੇ ਸਨ।
2005 ਵਿਚ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਗਏ ਇਕ ਹਮਲੇ ਵਿਚ ਉਨ੍ਹਾਂ ਦੇ ਪਿਤਾ, ਭਰਾਵਾਂ ਤੇ ਚਾਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਵੇਲੇ ਅਲੀ ਵਜੀਰ, ਇਕ ਬਸਤੀਵਾਦੀ ਕਾਨੂੰਨ (ਐਫ.ਆਰ.ਸੀ.), ਜਿਸ ਵਿਚ ਕਿਸੇ ਕਬੀਲੇ ਜਾਂ ਧਰਮ ਦੇ ਕਿਸੇ ਵੀ ਵਿਅਕਤੀ ਵਲੋਂ ਕੀਤੇ ਗਏ ਜ਼ੁਰਮ ਲਈ ਸਮੁੱਚੇ ਕਬੀਲੇ ਜਾਂ ਧਰਮ ਨੂੰ ਦੋਸ਼ੀ ਮੰਨਿਆ ਜਾਂਦਾ ਹੈ, ਅਧੀਨ ਜੇਲ੍ਹ ਵਿਚ ਸਨ। ਇਸ ਤਰ੍ਹਾਂ ਉਨ੍ਹਾਂ ਦੇ ਪਿਤਾ ਤੇ ਨਜਦੀਕੀ ਰਿਸ਼ਤੇਦਾਰਾਂ ਦੀਆਂ ਅੰਤਮ ਰਸਮਾਂ ਵਿਚ ਵੀ ਉਨ੍ਹਾਂ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਗਿਆ।
ਅੱਤਵਾਦੀਆਂ ਨੇ ਉਨ੍ਹਾਂ ਦੇ ਸਮੁੱਚੇ ਰੋਟੀ-ਰੋਜ਼ੀ ਦੇ ਸਾਧਨਾਂ ਪੈਟਰੋਲ ਪੰਪਾਂ, ਸੇਬ ਦੇ ਬਾਗਾਂ ਆਦਿ ਨੂੰ ਤਬਾਹ ਕਰ ਦਿੱਤਾ। ਦੇਸ਼ ਦੀ ਫੌਜ ਵਲੋਂ ਵੀ ਜਬਰ ਦਾ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਗਿਆ। 2016 ਵਿਚ ਇਕ ਦੁਰਘਟਨਾਵਸ ਬੰਬ ਫੱਟਣ ਨਾਲ ਇਕ ਫੌਜੀ ਅਫਸਰ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਦੀ ਵਾਨਾ ਕਸਬੇ ਵਿਚ ਸਥਿਤ ਮਾਰਕੀਟ ਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ ਗਿਆ। ਉਨ੍ਹਾਂ ਦੇ ਕਬੀਲੇ, ਅਹਿਮਦਜਈ ਵਲੋਂ ਉਨ੍ਹਾਂ ਦੀ ਮਦਦ ਲਈ ਚੰਦਾ ਇਕੱਠਾ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ।
ਇਨ੍ਹਾਂ ਸਭ ਸਥਿਤੀਆਂ ਤੋਂ ਬਾਵਜੂਦ ਉਹ ਪਸ਼ਤੂਨਾਂ ‘ਤੇ ਹੋ ਰਹੇ ਜਬਰ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਪਸ਼ਤੂਨ ਤਹੱਫੁਜ ਮੁਹਾਜ ਰਾਹੀਂ ‘ਅੱਤਵਾਦ ਵਿਰੁੱਧ ਜੰਗ ਦੇ ਸ਼ਿਕਾਰਾਂ’ ਅਤੇ ‘ਲਾਪਤਾ ਹੋਏ ਲੋਕਾਂ’ ਦੇ ਹੱਕਾਂ ਹਿੱਤਾਂ ਨੂੰ ਲੈ ਕੇ ਸਮੁੱਚੇ ਦੇਸ਼ ਵਿਚ ਮੁਹਿੰਮ ਚਲਾ ਰਹੇ ਹਨ। ਦੇਸ਼ ਦੀ ਸਰਕਾਰ ਦੇ ਸਖਤ ਵਿਰੋਧ ਦੇ ਬਾਵਜੂਦ ਪਿਛਲੇ ਮਹੀਨਿਆਂ ਵਿਚ ਉਨ੍ਹਾਂ ਕਈ ਮੁੱਖ ਸ਼ਹਿਰਾਂ ਲਾਹੌਰ, ਕਰਾਚੀ, ਪੇਸ਼ਾਵਰ, ਸਵਾਤ ਆਦਿ ਵਿਚ ਖੱਬੀਆਂ ਧਿਰਾਂ ਦੀ ਮਦਦ ਨਾਲ ਇਨ੍ਹਾਂ ਮੁੱਦਿਆਂ ‘ਤੇ ਰੈਲੀਆਂ ਕੀਤੀਆਂ ਹਨ।
2008 ਅਤੇ 2013 ਦੀਆਂ ਕੌਮੀ ਅਸੰਬਲੀ ਦੀਆਂ ਚੋਣਾਂ ਵੀ ਉਨ੍ਹਾਂ ਲੜੀਆਂ ਸਨ। 2013 ਵਿਚ ਤਾਂ ਉਹ ਸਿਰਫ 300 ਵੋਟਾਂ ਨਾਲ ਹੀ, ਇਸ ਲਈ ਹਾਰ ਗਏ ਸਨ ਕਿਉਂਕਿ ਤਾਲਿਬਾਨ ਨੇ ਬੰਦੂਕ ਦੀ ਨੋਕ ‘ਤੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕ ਦਿੱਤਾ ਸੀ। 2018 ਦੀਆਂ ਚੋਣਾਂ ਵਿਚ ਪੀ.ਟੀ.ਆਈ. ਦੇ ਆਗੂ ਇਮਰਾਨ ਖਾਨ ਨੇ ਉਨ੍ਹਾਂ ਨੂੰ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਸੀ, ਪ੍ਰੰਤੂ ਉਨ੍ਹਾਂ ਇਸ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਉਨ੍ਹਾਂ ਵਿਰੁੱਧ ਪੀ.ਟੀ.ਆਈ. ਨੇ ਆਪਣਾ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ। ਉਹ ਪਾਸਿਤਾਨ ਵਿਚ ਸਰਗਰਮ ਮਾਰਕਸਵਾਦੀ ਧਿਰ ‘ਸਟੱਰਗਲ’ ਦੇ ਆਗੂ ਹਨ।
ਆਪਣੇ ਖੇਤਰ ਦੇ ਲੋਕਾਂ ਵਿਚ ਡੂੰਘੀ ਪੈਠ ਰੱਖਣ ਵਾਲੇ ਇਸ ਬੇਖ਼ੌਫ਼ ਜਮਾਤੀ ਜੰਗਜੂ ਯੋਧੇ ਦੇ ਕੌਮੀ ਅਸੰਬਲੀ ਵਿਚ ਦਾਖਲੇ ਨਾਲ ਸਮੁੱਚੀ ਖੱਬੀ ਧਿਰ ਤੇ ਦੇਸ਼ ਦੇ ਕਰੋੜਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਹੁਣ ਕੌਮੀ ਅਸੰਬਲੀ ਵਿਚ ਗੂੰਜ ਸਕੇਗੀ।

Scroll To Top