ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ 12 ਜੂਨ ਨੂੰ ਦੇਸ਼ ਦੀਆਂ ਖੱਬੀਆਂ ਧਿਰਾਂ ਵਿਚੋਂ ਇਕ ‘ਅਵਾਮੀ ਵਰਕਰਸ ਪਾਰਟੀ’, ਵਿਦਿਆਰਥੀ ਜਥੇਬੰਦੀ ‘ਪ੍ਰੋਗ੍ਰੇਸਿਵ ਸਟੂਡੈਂਟਸ ਫੈਡਰੇਸ਼ਨ’ ਅਤੇ ਇਸਤਰੀਆਂ ਦੀ ਜੱਥੇਬੰਦੀ, ‘ਇਸਤਰੀ ਜਮਹੂਰੀ ਫਰੰਟ’ ਵਲੋਂ ਦੇਸ਼ ਵਿਚ ਛਾਲਾਂ ਮਾਰਕੇ ਵੱਧ ਰਹੀ ਮਹਿੰਗਾਈ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਰਾਜਧਾਨੀ ਦੇ ਆਬਪਾਰਾ ਚੌਂਕ ਵਿਖੇ ਹੋਏ ਇਸ ਵਿਸ਼ਾਲ ਮੁਜ਼ਾਹਰੇ ਵਿਚ ਕਿਰਤੀਆਂ, ਔਰਤਾਂ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਇਸਲਾਮਾਬਾਦ ਦੇ ਵਸਨੀਕਾਂ ਨੇ ਵੀ ਚੋਖੀ ਗਿਣਤੀ ਵਿਚ ਹਿੱਸਾ ਲਿਆ। ਉਹ ਮੰਗ ਕਰ ਰਹੇ ਸਨ ਕਿ ਰੁਜ਼ਗਾਰ, ਵਿਦਿਆ ਤੇ ਸਿਹਤ ਸੇਵਾਵਾਂ ਦੀ ਗਰੰਟੀ ਕਰਦਿਆਂ ਲੋਕਾਂ ਨੂੰ ਮਾਨ-ਸਨਮਾਨ ਭਰੀ ਜ਼ਿੰਦਗੀ ਜਿਉਣ ਦਾ ਹੱਕ ਦਿੱਤਾ ਜਾਵੇ। ਮਿਹਨਤਕਸ਼ ਲੋਕਾਂ ਨੂੰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਆਰਥਿਕ ਰਾਹਤ ਦਿੱਤੀ ਜਾਵੇ, ਵਸਤਾਂ ਦੀ ਸਥਾਨਕ ਉਤਪਾਦਨ ਸਮਰਥਾ ਨੂੰ ਵਧਾਇਆ ਜਾਵੇ, ਦੇਸ਼ ਵਿਚ ਅਮੀਰਾਂ ਉਤੇ ਵਧੇਰੇ ਟੈਕਸ ਲਾਉਂਦੀ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇ।
ਇੱਥੇ ਇਹ ਵਰਣਨਯੋਗ ਹੈ ਕਿ ਪਾਕਿਸਤਾਨੀ ਅਰਥਚਾਰਾ ਇਸ ਵੇਲੇ ਬਹੁਤ ਹੀ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਮਈ ਮਹੀਨੇ ਵਿਚ ਵੱਧ ਰਹੀਆਂ ਤੇਲ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਤੇਜ਼ੀ ਨਾਲ ਡਿੱਗ ਰਹੀ ਕੀਮਤ ਦੇ ਮੱਦੇਨਜ਼ਰ ਮੁਦਰਾ ਸਫਿਤੀ ਭਾਵ ਕੀਮਤਾਂ ਵਿਚ ਵਾਧਾ ਪਿਛਲੇ ਦੋ ਸਾਲਾਂ ਦੌਰਾਨ ਸਭ ਤੋਂ ਵਧੇਰੇ ਰਿਹਾ ਹੈ। ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਮਹਿੰਗਾਈ ਦਰ 13.8% ਰਹੀ ਹੈ। ਇਹ ਤਾਂ ਸਰਕਾਰੀ ਅੰਕੜੇ ਹਨ, ਜਦੋਂਕਿ ਅਸਲ ਮਹਿੰਗਾਈ ਦਰ ਇਸ ਤੋਂ ਕਿਤੇ ਵਧੇਰੇ ਹੈ। 3 ਜੂਨ ਨੂੰ ‘ਸਟੇਟ ਬੈਂਕ ਆਫ ਪਾਕਿਸਤਾਨ’ ਦੇ ਬੁਲਾਰੇ ਮੁਤਾਬਕ ਪਾਕਿਸਤਾਨੀ ਰੁਪਏ ਦੀ ਕੀਮਤ ਵਿਚ ਡਾਲਰ ਦੇ ਮੁਕਾਬਲੇ ਦਾ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਅਤੇ ਡਾਲਰ 203.86 ਪਾਕਿਸਤਾਨੀ ਰੁਪਏ ਦਾ ਹੋ ਗਿਆ।
ਦੇਸ਼ ਵਿਚ ਇਮਰਾਨ ਖਾਨ ਦੀ ਸਰਕਾਰ ਨੂੰ ਗੱਦੀ ਤੋਂ ਲਾਹਕੇ ਨਵੀਂ ਬਣੀ ਸਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਖਿੱਚੜੀ ਸਰਕਾਰ ਵਲੋਂ ਦੇਸ਼ ਨੂੰ ਡਾਵਾਂਡੋਲ ਆਰਥਿਕ ਸਥਿਤੀ ਵਿਚੋਂ ਕੱਢਣ ਲਈ ਕੌਮਾਂਤਰੀ ਮੁਦਰਾ ਫੰਡ ਤੋਂ ਰਾਹਤ ਪੈਕੇਜ਼ ਲੈਣ ਹਿੱਤ ਗੱਲਬਾਤ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਉਸ ਨੂੰ ਖੁਸ਼ ਕਰਨ ਲਈ ਲੋਕ ਵਿਰੋਧੀ ਆਰਥਿਕ ਕਦਮ ਚੁੱਕੇ ਜਾ ਰਹੇ ਹਨ। ਜੂਨ ਦੇ ਪਹਿਲੇ ਹਫਤੇ ਵਿਚ ਕੌਮਾਂਤਰੀ ਮੁਦਰਾ ਫੰਡ ਤੇ ਸਰਕਾਰ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਦੇਸ਼ ਦੇ ਵਿੱਤ ਮੰਤਰੀ ਮਿਫਤਾਹ ਇਸਮਾਇਲ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 17% ਵਾਧੇ ਦਾ ਐਲਾਨ ਕੀਤਾ ਸੀ ਜਿਸ ਨਾਲ ਇਨ੍ਹਾਂ ਦੀ ਕੀਮਤ ਵਿਚ 30 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਸੀ। ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ ਨਾਲ 90 ਕਰੋੜ ਅਮਰੀਕੀ ਡਾਲਰ ਦੇ ਰਾਹਤ ਪੈਕੇਜ਼ ਦਾ ਕਰਾਰ ਕਰ ਲਿਆ ਹੈ, ਕਿਉਂਕਿ 3 ਜੂਨ ਨੂੰ ਉਸ ਕੋਲ ਵਿਦੇਸ਼ੀ ਮੁਦਰਾ ਭੰਡਾਰ ਸਿਰਫ 10 ਅਰਬ ਅਮਰੀਕੀ ਡਾਲਰ ਦਾ ਰਹਿ ਗਿਆ ਸੀ, ਜਿਹੜਾ ਕਿ ਉਸਦੀਆਂ 2 ਮਹੀਨੇ ਦੀਆਂ ਦਰਾਮਦ ਲੋੜਾਂ ਵੀ ਮੁਸ਼ਕਲ ਨਾਲ ਹੀ ਪੂਰੀਆਂ ਕਰਦਾ ਹੈ। ਪਰ ਕੌਮਾਂਤਰੀ ਮੁਦਰਾ ਫੰਡ ਨੇ ਪਾਕਿਸਤਾਨ ਸਰਕਾਰ ਵਲੋਂ ਚੁੱਕੇ ਗਏ ਇਨ੍ਹਾਂ ਮਹਿੰਗਾਈ ਵਧਾਉਣ ਵਾਲੇ ਸਖਤ ਕਦਮਾਂ ਪ੍ਰਤੀ ਵੀ ਨਾਖੁਸ਼ੀ ਪ੍ਰਗਟ ਕਰਦੇ ਹੋਏ ਹੋਰ ਵਧੇਰੇ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਦੇਸ਼ ਦੀ ਸ਼ਰੀਫ ਸਰਕਾਰ ਨੇ 10 ਜੂਨ ਨੂੰ ਸਾਲ 2022-23 ਲਈ 9.5 ਟਿ੍ਰਲਿਅਨ ਪਾਕਿਸਤਾਨੀ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜਿਹੜਾ ਕਿ ਮੁੱਖ ਰੂਪ ਵਿਚ ਕੌਮਾਂਤਰੀ ਮੁਦਰਾ ਫੰਡ ਨੂੰ ਖੁਸ਼ ਕਰਨ ਲਈ ਲੋਕ ਵਿਰੋਧੀ ਵਿੱਤੀ ਕਦਮਾਂ ’ਤੇ ਅਧਾਰਤ ਹੈ। ਇਸ ਬਜਟ ਨੂੰ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਇਸਮਾਇਲ ਨੇ 3 ਕਰੋੜ ਤੋਂ ਵਧੇਰੇ ਆਮਦਨ ਵਾਲੇ ਲੋਕਾਂ ’ਤੇ 2% ਵਧੇਰੇ ਟੈਕਸ ਲਾਉਣ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਲਈ ਕਾਰਾਂ ਖਰੀਦਣ ’ਤੇ ਪਾਬੰਦੀ ਲਾਉਣ ਅਤੇ ਤੇਲ ਦੀ ਖਪਤ ਘਟਾਉਣ ਲਈ ਸਫਰ ’ਤੇ ਵੀ ਰੋਕਾਂ ਲਗਾਉਣ ਦਾ ਐਲਾਨ ਕੀਤਾ ਸੀ। ਇੱਥੇ ਵਰਣਨਯੋਗ ਹੈ ਕਿ ਪਾਕਿਸਤਾਨ ਸਿਰ 6.4 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਹੈ। ਕੌਮਾਂਤਰੀ ਸੰਸਥਾ ‘ਬਲੂਮਬਰਗ’ ਵਲੋਂ ਕੀਤੇ ਗਏ ਸਰਵੇਖਣ ਮੁਤਾਬਕ ਪਾਕਿਸਤਾਨ ਦੇ ਅਰਥਚਾਰੇ ਦੀ ਹਾਲਤ ਇਸ ਵੇਲੇ ਏਸ਼ੀਆਈ ਦੇਸ਼ਾਂ ਵਿਚੋਂ ਸਭ ਤੋਂ ਵਧੇਰੇ ਭੈੜੀ ਹੈ।
‘ਅਵਾਮੀ ਵਰਕਰਸ ਪਾਰਟੀ’ ਵਲੋਂ ਕੀਤੇ ਗਏ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਲੋਕ, ਮਹਿੰਗਾਈ ਤੇ ਸਰਕਾਰ ਵਿਰੁੱਧ ਨਾਅਰੇ ਲਾਉਣ ਦੇ ਨਾਲ-ਨਾਲ ਕੌਮਾਂਤਰੀ ਮੁਦਰਾ ਫੰਡ ਵਿਰੁੱਧ ਵੀ ਨਾਅਰੇ ਲਗਾ ਰਹੇ ਸਨ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਵਾਮੀ ਵਰਕਰਸ ਪਾਰਟੀ ਦੇ ਡਿਪਟੀ ਜਨਰਲ ਸਕੱਤਰ ਅਸੀਮ ਸੱਜਾਦ ਅਖ਼ਤਰ ਨੇ ਦੇਸ਼ ਦੇ ਵਿੱਤ ਮੰਤਰੀ ਦੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਗਰੀਬ ਵਿਰੋਧੀ ਕਦਮ ਹੈ ਜਦੋਂਕਿ ਅਮੀਰਾਂ ਵਲੋਂ ਤੇਲ ਖਪਤ ਨੂੰ ਘਟਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਕਿ ਦੇਸ਼ ਦਾ ਤੇਲ ਦਰਾਮਦ ਬਿੱਲ ਚੋਖਾ ਘੱਟ ਸਕਦਾ ਹੈ। ਉਸਨੇ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਤੇ ਇਜ਼ਾਰੇਦਾਰਾਂ ਨੂੰ ਮਾਫੀ ਸਕੀਮਾਂ ਦੇ ਰੂਪ ਵਿਚ ਦਿੱਤੀਆਂ ਜਾਂਦੀਆਂ ਅਰਬਾਂ-ਖਰਬਾਂ ਰੁਪਏ ਦੀਆਂ ਸਬਸਿਡੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਫੌਜ ਤੇ ਅਫਸਰਸ਼ਾਹੀ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਤੇ ਵਿਸ਼ੇਸ਼ ਲਾਭ ਵੀ ਬੰਦ ਕੀਤੇ ਜਾਣੇ ਚਾਹੀਦੇ ਹਨ।
ਪਾਰਟੀ ਦੇ ਰਾਵਲਪਿੰਡੀ ਦੇ ਸਕੱਤਰ ਇਕਬਾਲ ਜਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਆਕਾਸ਼ ਛੂੰਹਦੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਤੇਲ ਦੀਆਂ ਵੱਧਦੀਆਂ ਕੀਮਤਾਂ ਨੇ ਕੱਚੀਆਂ ਬਸਤੀਆਂ ਦੇ ਵਸਨੀਕਾਂ ਲਈ ਸਫਰ ਕਰਨਾ ਔਖਾ ਕਰ ਦਿੱਤਾ ਹੈ। ਟੈਕਸੀ ਤੇ ਰਿਕਸ਼ਾ ਚਾਲਕ ਆਪਣੀ ਰੋਜ਼ੀ-ਰੋਟੀ ਤੋਂ ਹੱਥ ਧੋ ਰਹੇ ਹਨ।
ਪ੍ਰੋਫੈਸਰ ਸ਼ਾਹਜਹਾਂ ਨੇ ਆਪਣੇ ਸੰਬੋਧਨ ਵਿਚ ਪ੍ਰਸ਼ਨ ਕੀਤਾ ਕਿ ਰਵਾਇਤੀ ਰਾਜਨੀਤਕ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਜਮਹੂਰੀਅਤ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਦੀਆਂ ਨਹੀਂ ਥੱਕਦੀਆਂ, ਕਿਉਂ ਕੌਮਾਂਤਰੀ ਮੁਦਰਾ ਫੰਡ ਵਲੋਂ ਥੋਪੀਆਂ ਗਈਆਂ ਲੋਕ ਵਿਰੋਧੀ ਕਟੌਤੀਆਂ ਤੇ ਸ਼ਰਤਾਂ ਦਾ ਬਦਲ ਪੇਸ਼ ਕਰਨ ਤੋਂ ਮੁਨਕਰ ਹਨ? ਪ੍ਰੇਗੈ੍ਰਸਿਵ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਜਮੀਲ ਇਕਬਾਲ ਨੇ ਸਿੱਖਿਆ ਬਜ਼ਟ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਸ਼ਾਹ ਰੁਕਨ-ਏ-ਆਲਮ ਨੇ ਕਿਹਾ ਕਿ ਆਮ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਮੀਰ ਲੋਕਾਂ ਵਲੋਂ ਮਹਿੰਗੀਆਂ ਖਪਤਕਾਰ ਵਸਤਾਂ ਦੀ ਦਰਾਮਦ ਉਨ੍ਹਾਂ ਦੀਆਂ ਜ਼ਿੰਦਗੀਆਂ ’ਤੇ ਸਿੱਧਾ ਅਸਰ ਪਾਉਂਦੀ ਹੈ।
ਇਸਤਰੀ ਜਮਹੂਰੀ ਫਰੰਟ ਦੀ ਆਗੂ ਅਰੀਜ਼ ਹੁਸੈਨ ਨੇ ਕਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਆਵਾਮ ਨੂੰ ਪਰਿਵਾਰਾਂ ਨੂੰ ਰੋਟੀ ਤੇ ਬੱਚਿਆਂ ਦੀਆਂ ਫੀਸਾਂ ਦੇ ਖਰਚੇ ਤਾਰਨ, ਦੋਹਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਸ ਰੋਸ ਮੁਜ਼ਾਹਰੇ ਦੌਰਾਨ ਸਭਿਆਚਾਰਕ ਗਰੁੱਪ ‘ਲਾਲ ਹੜਤਾਲ’ ਵਲੋਂ ਮਹਿੰਗਾਈ ਦੇ ਵੱਧਣ ਕਰਕੇ ਲੋਕਾਂ ਦੀ ਹਾਲਤ ਨੂੰ ਦਰਸਾਉਂਦਾ ਇਕ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ।
ਰਵੀ ਕੰਵਰ