ਰਵੀ ਕੰਵਰ
ਲਾਤੀਨੀ ਅਮਰੀਕਾ ਮਹਾਂਦੀਪ ਦੇ ਦੇਸ਼ ਕੋਲੰਬੀਆ ਵਿਚ 19 ਜੂਨ ਨੂੰ ਹੋਈ ਦੂਜੇ ਗੇੜ ਦੀ ਰਾਸ਼ਟਰਪਤੀ ਦੀ ਚੋਣ ਵਿਚ ਖੱਬੇ-ਪੱਖੀ ਆਗੂ ਗੁਸਤਾਵੋ ਪੈਟਰੋ ਰਾਸ਼ਟਰਪਤੀ ਚੁਣੇ ਗਏ ਹਨ। ਇਸ 62 ਸਾਲਾ ਸਾਬਕਾ ਗੁਰੀਲੇ ਨੇ ਦੇਸ਼ ਦੇ ਅਰਬਪਤੀ ਵਪਾਰੀ ਰੋਡੋਲਫੋ ਹਰਨਾਂਨਡੇਜ ਨੂੰ ਹਰਾਇਆ ਹੈ। ਇਸ ਦੇਸ਼ ਦੇ ਚੋਣ ਕਾਨੂੰੂਨ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੁਣੇ ਜਾਣ ਲਈ 50% ਤੋਂ ਵਧੇਰੇ ਵੋਟਾਂ ਦੀ ਲੋੜ ਹੁੰਦੀ ਹੈ। ਪਹਿਲੇ ਗੇੜ ਦੀ ਚੋਣ ਦੌਰਾਨ ਖੱਬੇ ਪੱਖੀ ‘ਹਿਸਟੋਰਿਕ ਪੈਕਟ ਗਠਜੋੜ’ ਦੇ ਗੁਸਤਾਵੋ ਪੈਟਰੋ ਨੂੰ 40% ਵੋਟ ਮਿਲੇ ਸਨ ਜਦੋਂਕਿ ਉਨ੍ਹਾਂ ਤੋਂ ਵੱਧ 47% ਵੋਟਾਂ ‘ਲੀਗ ਆਫ ਐਂਟੀ ਕੁਰੱਪਸ਼ਨ ਗਵਰਨਰਜ਼ ਮੂਵਮੈਂਟ’ ਦੇ ਰੋਡੋਲਫੋ ਹਰਨਾਂਨਡੇਜ ਨੂੰ ਮਿਲੀਆਂ ਸੀ। ਕਿਸੇ ਵੀ ਉਮੀਦਵਾਰ ਵਲੋਂ 50% ਤੋਂ ਵੱਧ ਵੋਟਾਂ ਨਾ ਹਾਸਲ ਕਰ ਸਕਣ ਕਾਰਨ 19 ਜੂਨ ਨੂੰ ਦੂਜੇ ਗੇੜ ਦੀ ਚੋਣ ਹੋਈ ਸੀ। ਜਿਸ ਵਿਚ ਗੁਸਤਾਵੋ ਪੈਟਰੋ ਰਾਸ਼ਟਰਪਤੀ ਅਤੇ ਫ਼੍ਰਾਂਸੀਆ ਮਾਰਕੁਏਜ ਉਪ ਰਾਸ਼ਟਰਪਤੀ ਚੁਣੀ ਗਈ ਹੈ।
ਕੋਲੰਬੀਆ, ਲਾਤੀਨੀ ਅਮਰੀਕਾ ਮਹਾਂਦੀਪ ਦਾ ਚੌਥਾ ਸਭ ਤੋਂ ਵੱਡਾ ਅਤੇ ਸਭ ਤੋਂ ਵਧੇਰੇ ਸੰਘਣੀ ਆਬਾਦੀ ਵਾਲਾ ਦੇਸ਼ ਹੈ। ਜਿਸ ਦੀ ਆਬਾਦੀ 4 ਕਰੋੜ 90 ਲੱਖ ਹੈ। ਦੱਖਣ ਪ੍ਰਸ਼ਾਂਤ ਮਹਾਂਸਾਗਰ ਤੇ ਕੈਰੀਬੀਅਨ ਸਾਗਰ ਦੇ ਕੰਢੇ ’ਤੇ ਸਥਿਤ ਇਸ ਦੇਸ਼ ਦੀਆਂ ਸੀਮਾਵਾਂ ਵੈਨੇਜ਼ੁਏਲਾ, ਬ੍ਰਾਜ਼ੀਲ, ਪੇਰੂ ਤੇ ਇਕਵਾਡੋਰ ਨਾਲ ਲੱਗਦੀਆਂ ਹਨ। ਇਹ ਦੇਸ਼ ਪਿਛਲੀ ਸਦੀ ਤੋਂ ਹੀ ਖੱਬੇ ਪੱਖੀ ਗੁੱਰੀਲਾ ਗਰੁੱਪ ‘ਫਾਰਕ’ ਵਲੋਂ ਲੜੀ ਜਾ ਰਹੀ ਗੁੱਰੀਲਾ ਜੰਗ ਦਾ ਮੈਦਾਨ ਰਿਹਾ ਹੈ ਅਤੇ 2017 ਵਿਚ ‘ਫਾਰਕ’ ਨਾਲ ਹੋਇਆ ਸ਼ਾਂਤੀ ਸਮਝੌਤਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਗੁਸਤਾਵੋ ਪੈਟਰੋ ਜਿਹੜੇ ਕਿ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਦੀ ਸੰਸਦ ਦੇ ਮੈਂਬਰ ਹਨ, ਵੀ ਇਸੇ ਖੱਬੇ ਪੱਖੀ ਗੁੱਰੀਲਾ ਗਰੁੱਪ ਨਾਲ ਸੰਬੰਧਤ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੇ 1980 ਵਿਚ ਕੈਦ ਵੀ ਕੱਟੀ ਸੀ। ਉਨ੍ਹਾਂ ਨਾਲ ਚੁਣੀ ਗਈ ਫ੍ਰਾਂਸੀਆਂ ਮਾਰਕੁਏਜ਼ ਨੂੰ ਦੇਸ਼ ਦੀ ਪਹਿਲੀ ਔਰਤ ਤੇ ਅਫਰੀਕੀ ਨਸਲ ਨਾਲ ਸਬੰਧਤ ਉਪ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਹੈ।
ਤੇਲ, ਸੋਨੇ, ਚਾਂਦੀ, ਹੀਰਿਆਂ, ਪਲੈਟੀਨਮ ਤੇ ਕੋਲੇ ਵਰਗੇ ਮੁੱਲਵਾਨ ਖਨਿਜਾਂ ਨਾਲ ਜਰਖੇਜ਼ ਇਹ ਦੇਸ਼ ਪਿਛਲੇ 200 ਸਾਲਾਂ ਤੋਂ ਸੱਜ ਪਿਛਾਖੜੀ ਹਾਕਮਾਂ ਦੇ ਸ਼ਾਸਨ ਅਧੀਨ ਰਿਹਾ ਹੈ। ਉਸੇ ਦਾ ਹੀ ਸਿੱਟਾ ਹੈ ਕਿ ਇਸ ਦੇਸ਼ ਦੇ 40% ਵਸਨੀਕ ਅੱਤ ਦੀ ਗਰੀਬੀ ਨਾਲ ਜੂਝ ਰਹੇ ਹਨ। ਕੋਵਿਡ-19 ਨਾਲ ਬੁਰੀ ਤਰ੍ਹਾਂ ਝੰਬੇ ਗਏ ਇਸ ਦੇਸ਼ ਦੇ ਪਿਛਲੇ ਹਾਕਮ, ਰਾਸ਼ਟਰਪਤੀ ਈਵਾਨ ਡੁਕੀਓ ਦੀ ਲੋਕਾਂ ਵਿਚ ਹਰਮਨ ਪਿਆਰਤਾ ਸਿਰਫ 20% ਰਹਿ ਗਈ ਸੀ। ਆਰਥਿਕ ਸੰਕਟ ਤੇ ਸਿੱਕੇ ਦੀ ਕੀਮਤ ਦੇ ਨਿਰੰਤਰ ਡਿੱਗਣ ਨਾਲ, ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਡਾਵਾਂਡੋਲ ਹੋਇਆ ਪਿਆ ਹੈ। ਅਮਰੀਕੀ ਸਾਮਰਾਜ ਦੇ ਇਸ ਹੱਥਠੋਕੇ ਰਾਸ਼ਟਰਪਤੀ ਵਿਰੁੱਧ ਦੇਸ਼ ਦੇ ਲੋਕਾਂ-ਵਿਦਿਆਰਥੀਆਂ, ਟੈਕਸੀ ਡਰਾਇਵਰਾਂ, ਕਿਸਾਨਾਂ ਤੇ ਮੂਲ ਨਿਵਾਸੀਆਂ ਨੇ ਸ਼ਾਨਦਾਰ ਸੰਘਰਸ਼ ਵਿੱਢੇ। ਡੁਕੀਓ ਦੇ ਤਜ਼ਵੀਜਤ ਟੈਕਸ ਸੁਧਾਰਾਂ ਵਿਰੁੱਧ ਅਤੇ ਉਸ ਵਲੋਂ ਆਮ ਲੋਕਾਂ ਦੇ ਕੀਤੇ ਜਾਂਦੇ ਬੇਕਿਰਕ ਦਮਨ ਵਿਰੁੱਧ ਇਤਿਹਾਸਕ ਕੌਮੀ ਪੱਧਰ ਦੀ ਹੜਤਾਲ ਕੀਤੀ ਗਈ ਜਿਹੜੀ ਕਿ ਅਪ੍ਰੈਲ 21 ਦੇ ਅਖੀਰ ਤੋਂ ਲੈ ਕੇ ਜੂਨ 2021 ਤੱਕ ਚੱਲੀ, ਜਿਸ ਵਿਚ ਦੇਸ਼ ਭਰ ਦੇ ਦਰਜਨਾਂ ਸ਼ਹਿਰਾਂ, ਕਸਬਿਆਂ ਵਿਚ ਲੋਕਾਂ ਨੇ ਸੜਕਾਂ ਮੱਲ ਲਈਆਂ। ਇਸ ਨੂੰ ਕੁਚਲਣ ਲਈ ਕੀਤੇ ਗਏ ਬੇਕਿਰਕ ਦਮਨ-ਤਸ਼ੱਦਦ ਦਾ ਸਾਹਮਣਾ ਵੀ ਦੇਸ਼ ਦੇ ਮਿਹਨਤਕਸ਼ ਲੋਕਾਂ ਨੇ ਕੀਤਾ। ਇਸ ਦਮਨ ਦੌਰਾਨ 80 ਲੋਕ ਸ਼ਹੀਦ ਹੋਏ, 1832 ਨੂੰ ਕੈਦ ਕੀਤਾ ਗਿਆ, 83 ਅੱਖਾਂ ਵਿਚ ਸੱਟਾਂ ਲੱਗਣ ਕਰਕੇ ਅੰਨ੍ਹੇਪਣ ਦਾ ਸ਼ਿਕਾਰ ਹੋਏ, 28 ਖਿਲਾਫ਼
ਲਿਗਕ ਹਿੰਸਾ ਕੀਤੀ ਗਈ ਅਤੇ ਕੁੱਲ 3486 ਲੋਕ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ।
ਇਸ ਸੰਘਰਸ਼ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਗੁਸਤਾਵੋ ਪੈਟਰੋ ਨੇ ਆਪਣੀ ਚੋਣ ਮੁਹਿੰਮ ਦੌਰਾਨ ਦੇਸ਼ ਦੀ ਆਰਥਿਕ ਪ੍ਰਣਾਲੀ ਵਿਚ ਇਨਕਲਾਬੀ ਤਬਦੀਲੀ ਕਰਦੇ ਹੋਏ ਦੇਸ਼ ਦੀ ਸੰਪਤੀ ਦੀ ਮੁੜ ਵੰਡ ਕਰਕੇ ਗਰੀਬਾਂ ਨੂੰ ਉਨ੍ਹਾਂ ਦਾ ਹਿੱਸਾ ਦੇਣ ਦਾ ਵਾਅਦਾ ਕੀਤਾ ਹੈ। ਉਸਨੇ ਦੇਸ਼ ਵਿਚ ਸਭ ਲਈ ਮੁਫ਼ਤ ਉਚੇਰੀ ਸਿੱਖਿਆ, ਇਕ ਸਰਵ ਵਿਆਪੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਤੇ ਇਕੱਲੀਆਂ ਮਾਵਾਂ ਲਈ ਘੱਟੋ ਘੱਟ ਤਨਖਾਹ ਦਾ ਵਾਅਦਾ ਕਰਨ ਦੇ ਨਾਲ-ਨਾਲ ਦੇਸ਼ ਦੇ 4000 ਸਭ ਤੋਂ ਅਮੀਰ ਲੋਕਾਂ ’ਤੇ ਹੋਰ ਵਧੇਰੇ ਟੈਕਸ ਲਾਉਣ ਤੇ ਸਥਾਨਕ ਖੇਤੀਬਾੜੀ ਤੇ ਉਸ ’ਤੇ ਅਧਾਰਤ ਸਨਅਤਾਂ ਨੂੰ ਪ੍ਰਫੁਲਤ ਕਰਨ ਦਾ ਵੀ ਵਾਅਦਾ ਕੀਤਾ ਹੈ। ਉਸਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਵਿਚੋਂ ਭੁੱਖ ਦਾ ਖਾਤਮਾ ਕਰਨ ਲਈ ਲੋੜ ਪੈਣ ’ਤੇ ਆਰਥਿਕ ਐਮਰਜੈਂਸੀ ਵੀ ਲਗਾ ਸਕਦਾ ਹੈ।
ਪਿੱਛਲੀ ਸਦੀ ਤੋਂ ਦੇਸ਼ ਨੂੰ ਬੁਰੀ ਤਰ੍ਹਾਂ, ਭੰਨ-ਤੋੜ ਰਹੀ ਹਿੰਸਾ ਨੂੰ ਖਤਮ ਕਰਨਾ ਉਸਦਾ ਪ੍ਰਾਥਮਿਕ ਅਜੰਡਾ ਹੈ। ਆਪਣੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਬੋਗੇਟਾ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਸਨੇ ਕਿਹਾ-‘‘ਮੈਂ ਕੌਮੀ ਗੱਲਬਾਤ ਦਾ ਸੱਦਾ ਦਿੰਦਾ ਹਾਂ। ਦੇਸ਼ ਨੂੰ ਇਕਜੁੱਟ ਕਰਨ ਅਤੇ ਸਭ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼ਾਂਤੀ ਅੱਤ ਲੋੜੀਂਦੀ ਹੈ। ਸ਼ਾਂਤੀ ਦਾ ਅਰਥ ਹੈ ਕੋਈ ਮੇਰੇ ਵਰਗਾ ਰਾਸ਼ਟਰਪਤੀ ਬਣ ਸਕਦਾ ਹੈ ਜਾਂ ਫ੍ਰਾਂਸੀਆ ਵਰਗੀ ਦੇਸ਼ ਦੀ ਉਪ ਰਾਸ਼ਟਰਪਤੀ। ਸ਼ਾਂਤੀ ਦਾ ਅਰਥ ਹੈ, ਅਸੀਂ ਇਕ ਦੂਜੇ ਨੂੰ ਮਾਰਨਾ ਬੰਦ ਕਰੀਏ।’’
ਇਸ ਪ੍ਰਤੀ ਹੁੰਗਾਰਾ ਭਰਦੇ ਹੋਏ ਖਚਾਖਚ ਭਰੇ ਮੈਦਾਨ ਵਿੱਚੋਂ ਭਾਰੀ ਭੀੜ ਇਕ ਆਵਾਜ਼ੇ ਦਹਾੜੀ, ‘‘ਹੁਣ ਕੋਈ ਜੰਗ ਨਹੀਂ!’’
ਇਸ ਚੋਣ ਨੇ ਅਮਰੀਕੀ ਸਾਮਰਾਜ ਦੇ ਹਿਤਾਂ ਨੂੰ ਇਕ ਹੋਰ ਸੱਟ ਮਾਰੀ ਹੈ। ਇਸੇ ਸਾਲ ਪੇਰੂ ਵਿਚ ਖੱਬੇ ਪੱਖੀ ਅਧਿਆਪਕ ਆਗੂ ਪੈਡਰੋ ਕਾਸਟੀਲੋ ਰਾਸ਼ਟਰਪਤੀ ਚੁਣੇ ਗਏ ਸਨ। ਇਸ ਤੋਂ ਪਹਿਲਾਂ ਚਿੱਲੀ ਵਿਚ ਹੋਈ ਚੋਣ ਵਿਚ ਖੱਬੇ ਪੱਖੀ 36 ਸਾਲਾ ਸਾਬਕਾ ਵਿਦਿਆਰਥੀ ਆਗੂ ਗੈਬਰੀਅਲ ਬੋਰਿਕ ਰਾਸ਼ਟਰਪਤੀ ਚੁਣੇ ਗਏ ਸਨ। ਇਸੇ ਸਾਲ ਅਕਤੂਬਰ ਵਿਚ ਬ੍ਰਾਜ਼ੀਲ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਦੌਰਾਨ ਖੱਬੇ ਪੱਖੀ ਆਗੂ ਲੂਲਾ ਡੀ ਸਿਲਵਾ ਦੇ ਚੁਣੇ ਜਾਣ ਦੀ ਵੀ ਸੰਭਾਵਨਾ ਹੈ, ਕਿਉਂਕਿ ਮੌਜੂਦਾ ਸੱਜ ਪਿਛਾਖੜੀ ਰਾਸ਼ਟਰਪਤੀ ਜੈਰ ਬੋਲਸੋਨਾਰੋ ਬੁਰੀ ਤਰ੍ਹਾਂ ਆਪਣੀ ਹੈਸੀਅਤ ਲੋਕਾਂ ਵਿਚ ਗੁਆਉਂਦੇ ਜਾ ਰਹੇ ਹਨ।
ਕੋਲੰਬੀਆ ਦੀ ਸਰਹੱਦ ਤਿੰਨ ਦੇਸ਼ਾਂ ਨਾਲ ਲਗਦੀ ਹੈ ਜੋ ਇਸ ਖਿੱਤੇ ਦੇ ਖੱਬੇ ਪੱਖੀ ਲਹਿਰ ਦੀ ਮਜ਼ਬੂਤੀ ਨਾਲ ਝੰਡਾਬਰਦਾਰੀ ਕਰਨ ਵਾਲੇ ਦੇਸ਼ ਵੈਨੇਜ਼ੁਏਲਾ ਨਾਲ ਇਹ ਕਾਫੀ ਲੰਬੀ ਹੈ। ਜਿਸਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਮਰੀਕੀ ਸਾਮਰਾਜ ਦੇ ਸਖਤ ਹਮਲਿਆਂ ਦਾ ਟਾਕਰਾ ਕਰਦੇ ਹੋਏ ਡਟੇ ਹਨ। ਪਿਛਲੇ ਸਮੇਂ ਵਿਚ ਕੋਲੰਬੀਆ ਨੂੰ ਅਮਰੀਕੀ ਸਾਮਰਾਜ ਵਲੋਂ ਵੈਨੇਜ਼ੁਏਲਾ ਵਿਰੁੱਧ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਹੁਣ ਗੁਸਤਾਵੋ ਪੈਟਰੋ ਦੇ ਰਾਸ਼ਟਰਪਤੀ ਬਣਨ ਨਾਲ ਅਮਰੀਕਾ ਦੀ ਇਹ ਖੇਡ ਵੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਆਪਣੇ ਚੁਣੇ ਜਾਣ ਤੋਂ ਬਾਅਦ ਆਪਣੇ ਗੁਆਂਢੀ ਵੈਨੇਜ਼ੁਏਲਾ ਦੇ ਨਾਲ ਰਿਸ਼ਤੇ ਸੁਧਾਰਨ ਦੀ ਵੀ ਗੱਲ ਕੀਤੀ ਹੈ।
ਲਾਤੀਨੀ ਅਮਰੀਕਾ ਵਿਚ 2022 ਵਿਚ ਹੋ ਰਿਹਾ ਇਹ ਘਟਨਾਕ੍ਰਮ ਯਕੀਨਨ ਹੀ ਦੁਨੀਆਂ ਭਰ ਦੇ ਸਾਮਰਾਜ ਵਿਰੋਧੀ ਤੇ ਜਮਹੂਰੀਅਤ ਪਸੰਦ ਲੋਕਾਂ ਲਈ ਤਸੱਲੀ ਵਾਲੀ ਗੱਲ ਹੈ। ਯਕੀਨਨ ਹੀ, ਇਸ ਮਹਾਂਦੀਪ ਵਿਚ ਵੱਸਦੇ ਲੋਕੀਂ ਅਮਰੀਕੀ ਸਾਮਰਾਜ ਵਿਰੁਧ ਲੋਕ ਪੱਖੀ ਸ਼ਾਸਨ ਮਾਡਲ ਨੂੰ ਪੇਸ਼ ਕਰਨ ਅਤੇ ਉਸਦਾ ਆਗਾਜ਼ ਕਰਨ ਵਾਲੇ ਮਹਾਨ ਆਗੂ, ਮਰਹੂਮ ਸਾਥੀ ਹੂਗੋ ਸ਼ਾਵੇਜ਼ ਦਾ ਸਾਮਰਾਜ ਮੁਕਤ ਸੰਸਾਰ ਕਾਇਮ ਕਰਨ ਦਾ ਸੁਪਨਾ ਪੂਰਾ ਕਰਨ ਵੱਲ ਵੱਧ ਰਹੇ ਹਨ।