Now Reading
ਕੌਮਾਂਤਰੀ ਪਿੜ : ਕੋਲੰਬੀਆ ਵਿਖੇ ਖੱਬੇ ਪੱਖੀ ਆਗੂ ਗੁਸਤਾਵੋ ਪੈਟਰੋ ਨੇ ਸੰਭਾਲੀ ਸੱਤਾ

ਕੌਮਾਂਤਰੀ ਪਿੜ : ਕੋਲੰਬੀਆ ਵਿਖੇ ਖੱਬੇ ਪੱਖੀ ਆਗੂ ਗੁਸਤਾਵੋ ਪੈਟਰੋ ਨੇ ਸੰਭਾਲੀ ਸੱਤਾ

ਲਾਤੀਨੀ ਅਮਰੀਕੀ ਦੇਸ਼, ਕੰਲੋਬੀਆ ਦੀ 19 ਜੂਨ ਨੂੰ ਹੋਈ ਰਾਸ਼ਟਰਪਤੀ ਦੀ ਚੋਣ ਵਿਚ ਜੇਤੂ ਰਹੇ ਖੱਬੇ ਪੱਖੀ ਆਗੂ ਗੁਸਤਾਵੋ ਪੈਟਰੋ ਅਤੇ ਉਪ ਰਾਸ਼ਟਰਪਤੀ ਫ਼੍ਰਾਂਸੀਆ ਮਾਰਕੂਏਜ ਨੇ 7 ਅਗਸਤ, ਸਪੇਨੀ ਸਾਮਰਾਜ ਤੋਂ ਦੇਸ਼ ਦੀ ਆਜ਼ਾਦੀ ਦੀ 203ਵੀਂ ਵਰ੍ਹੇਗੰਢ ਵਾਲੇ ਦਿਨ, ਆਪਣਾ ਅਹੁਦਾ ਸੰਭਾਲਿਆ।
ਰਾਜਧਾਨੀ ਬੋਗੋਟਾ ਦੇ ਬੋਲੀਵਰ ਪਲਾਜਾ ਵਿਚ ਉਨ੍ਹਾਂ ਨੂੰ ਇਹ ਸਹੁੰ ਦੇਸ਼ ਦੀ ਸੰਸਦ ਦੇ ਪ੍ਰਧਾਨ ਰੋਏ ਬਾਰੇਰਾਸ ਨੇ ਚੁਕਾਈ। ਉਨ੍ਹਾਂ ਰੱਬ ਦੇ ਨਾਂਅ ’ਤੇ ਸਹੁੰ ਚੁਕਦਿਆਂ ਦੇਸ਼ ਦੇ ਲੋਕਾਂ ਨਾਲ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦਾ ਪੂਰੀ ਵਫ਼ਾਦਾਰੀ ਨਾਲ ਪਾਲਣ ਕਰਨ ਦਾ ਵਾਅਦਾ ਕੀਤਾ। ਰਾਸ਼ਟਰਪਤੀ ਦੇ ਅਹੁਦੇ ਦਾ ਪ੍ਰਤੀਕ ਕਮਰਬੰਦ, ਉਨ੍ਹਾਂ ਨੂੰ 1990 ਵਿਚ ਐਮ-19 ਗੁਰੀਲਾ ਗਰੁਪ ਦੇ ਸ਼ਹੀਦ ਕਰ ਦਿੱਤੇ ਗਏ ਉਨ੍ਹਾਂ ਦੇ ਸਾਥੀ ਤੇ ਸੰਸਦ ਮੈਂਬਰ ਮਾਰੀਆ ਜੋਸ ਪਿਜਾਰੋ ਦੀ ਧੀ ਨੇ ਪਹਿਨਾਇਆ। ਉਨ੍ਹਾਂ ਦੇ ਨਾਲ ਹੀ ਮਾਰਕੁਏਜ਼ ਨੇ ਵੀ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ।
ਦੇਸ਼ ਵਿਚ ਪਹਿਲੀ ਵਾਰ ਖੱਬੇ ਪੱਖੀ ਰਾਸ਼ਟਰਪਤੀ ਚੁਣਿਆ ਗਿਆ ਹੈ। 62 ਸਾਲਾ ਗੁਸਤਾਵੋ ਪੈਟਰੋ 17 ਸਾਲ ਦੀ ਉਮਰ ਵਿਚ ਹੀ ਖੱਬੇ ਪੱਖੀ ਗੁਰੀਲਾ ਗਰੁੱਪ, 19- ਅਪ੍ਰੈਲ ਮੂਵਮੈਂਟ, ਜਿਸਨੂੰ ਆਮ ਭਾਸ਼ਾ ਵਿਚ ‘ਐਮ-19’ ਵਜੋਂ ਜਾਣਿਆ ਜਾਂਦਾ ਹੈ, ਦੇ ਮੈਂਬਰ ਬਣ ਗਏ ਸਨ। 1985 ਵਿਚ ਉਨ੍ਹਾਂ ਨੂੰ ਦੇਸ਼ ਦੀ ਫੌਜ ਨੇ ਗਿ੍ਰਫਤਾਰ ਕਰ ਲਿਆ ਸੀ ਅਤੇ ਉਹ 18 ਮਹੀਨੇ ਜੇਲ੍ਹ ਵਿੱਚ ਰਹੇ ਸਨ। ਇਸ ਬੰਦੀ ਕਾਲ ਦੌਰਾਨ ਹੀ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਕੇਵਲ ਹਥਿਆਰਬੰਦ ਘੋਲ ਨਾਲ ਲੋਕਾਂ ਦਾ ਮੁਕੰਮਲ ਵਿਸ਼ਵਾਸ਼ ਨਹੀਂ ਜਿੱਤਿਆ ਜਾ ਸਕਦਾ। 1987 ਵਿਚ ‘ਐਮ-19’ ਸਰਕਾਰ ਨਾਲ ਅਮਨ ਗਲਬਾਤ ਵਿੱਚ ਰੁੱਝ ਗਈ ਅਤੇ ਇਸ ਗਰੁੱਪ ਨੇ ‘ਐਮ-19 ਜਮਹੂਰੀ ਗਠਜੋੜ’ ਨਾਂ ਦੀ ਇਕ ਰਾਜਨੀਤਕ ਪਾਰਟੀ ਦਾ ਰੂਪ ਵੀ ਧਾਰ ਲਿਆ ਸੀ। 1991 ਵਿਚ ਉਹ ਪੀ.ਡੀ.ਏ. ਵਲੋਂ ਕੋਲੰਬੀਆ ਦੀ ਸੰਸਦ ਦੇ ਮੈਂਬਰ ਚੁਣੇ ਗਏ। 1994 ਵਿਚ ਉਨ੍ਹਾਂ ਦੀ ਮੁਲਾਕਾਤ ਇਕ ਪ੍ਰੋਗਰਾਮ ਦੌਰਾਨ ਲਾਤੀਨੀ ਅਮਰੀਕਾ ਵਿਚ ਸਾਮਰਾਜੀ ਸੰਸਾਰੀਕਰਨ ਦੇ ਬਦਲ ਦੇ ਰੂਪ ਵਿਚ ਲੋਕ ਪੱਖੀ ਸ਼ਾਸਨ ਮਾਡਲ ਦੇ ਪੈਰੋਕਾਰ ਵੈਨੇਜ਼ੁਏਲਾ ਦੇ ਲੈਫਟੀਨੈਂਟ ਕਰਨਲ ਹੂਗੋ ਸ਼ਾਵੇਜ਼ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਉਤੇ ਕਾਫ਼ੀ ਨਿੱਗਰ ਪ੍ਰਭਾਵ ਪਾਇਆ ਸੀ। 2006 ਵਿਚ ਗੁਸਤਾਵੋ ਕਾਫ਼ੀ ਵੱਡੇ ਬਹੁਮਤ ਨਾਲ ਸੰਸਦ ਲਈ ਚੁਣੇ ਗਏ ਸਨ। 2009 ਵਿਚ ਉਨ੍ਹਾਂ ਸੰਸਦ ਮੈਂਬਰੀ ਤੋਂ ਅਸਤੀਫ਼ਾ ਦੇ ਕੇ 2010 ਵਿਚ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲੜੀ ਅਤੇ ਚੌਥੇ ਸਥਾਨ ’ਤੇ ਰਹੇ। ਉਨ੍ਹਾਂ ਪੀ.ਡੀ.ਏ. ਨਾਲ ਵਿਚਾਰਧਾਰਕ ਮਤਭੇਦਾਂ ਕਰਕੇ ਉਸਨੂੰੂ ਛੱਡ ਦਿੱਤਾ ਅਤੇ ‘ਹਿਊਮਨ ਕੋਲੰਬੀਆ ਮੂਵਮੈਂਟ’ ਦੀ ਸਥਾਪਨਾ ਕੀਤੀ। ਅਕਤੂਬਰ 2011 ਵਿਚ ਉਹ ਦੇਸ਼ ਦੀ ਰਾਜਧਾਨੀ ਕੋਲੰਬੋ ਦੇ ਮੇਅਰ ਚੁਣੇ ਗਏ ਅਤੇ 2015 ਤੱਕ ਇਸ ਅਹੁਦੇ ’ਤੇ ਰਹੇ ਸਨ। ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਲੋਕ ਪੱਖੀ ਪ੍ਰਬੰਧਨ ਤੇ ਰਾਜਨੀਤੀ ਦੀ ਤਕੜੀ ਛਾਪ ਛੱਡੀ ਸੀ। 2018 ਦੀ ਰਾਸ਼ਟਰਪਤੀ ਦੀ ਚੋਣ ਵਿਚ ਉਹ 25% ਵੋਟ ਹਾਸਲ ਕਰਨ ਵਿਚ ਸਫਲ ਰਹੇ ਸਨ। 17 ਜੂਨ 2022 ਨੂੰ ਹੋਈ ਚੋਣ ਵਿਚ ਉਹ 50.44% ਵੋਟਾਂ ਲੈ ਕੇ ਰਾਸ਼ਟਰਪਤੀ ਚੁਣੇ ਗਏ ਸਨ। ਆਪਣੇ ਰਾਜਨੀਤਕ ਜੀਵਨ ਦੌਰਾਨ ਉਨ੍ਹਾਂ ਨੂੰ ਦੇਸ਼ ਦੀਆਂ ਸਜ ਪਿਛਾਖੜੀ ਸਰਕਾਰਾਂ ਦੀਆਂ ਸੂਹੀਆਂ ਏਜੰਸੀਆਂ ਅਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਗੈਂਗਾਂ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਨਿਰੰਤਰ ਸਾਹਮਣਾ ਕਰਨਾ ਪਿਆ ਸੀ। ਉਹ ਅਰਥ ਸ਼ਾਸ਼ਤਰ ਦੇ ਸਨਾਤਕ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਡਾਕਟਰੇਟ ਹਨ।
ਗੁਸਤਾਵੋ ਪੈਟਰੋ ਨਾਲ ਉਪ ਰਾਸ਼ਟਰਪਤੀ ਚੁਣੀ ਗਈ 41 ਸਾਲਾ ਫ੍ਰਾਂਸੀਆ ਏਲੀਨਾ ਮਾਰਕੁਏਜ ਮੀਨਾ, ਅਫਰੀਕੀ ਮੂਲ ਦੀ ਪਹਿਲੀ ਔਰਤ ਆਗੂ ਹੈ ਜੋ ਇਸ ਅਹੁਦੇ ਲਈ ਚੁਣੀ ਗਈ ਹੈ ਅਤੇ ਪੇਸ਼ੇ ਵਜੋਂ ਇਕ ਵਕੀਲ, ਮਨੁੱਖੀ ਅਧਿਕਾਰ ਤੇ ਚੁਗਿਰਦਾ ਕਾਰਕੁੰਨ ਹੈ। ਉਨ੍ਹਾਂ ਨੂੰ ਆਪਣੇ ਖੇਤਰ, ਲਾ ਤੋਮਾ ਵਿਖੇ ਸੋਨੇ ਦੀ ਗੈਰ ਕਾਨੂੰਨੀ ਮਾਇਨਿੰਗ ਨੂੰ ਰੁਕਵਾਉਣ ਲਈ ਸੰਘਰਸ਼ ਕਰਨ ਕਰਕੇ ‘ਗੋਲਡਮੈਨ’ ਚੁਗਿਰਦਾ ਪੁਰਸਕਾਰ ਮਿਲਿਆ ਸੀ। ਉਨ੍ਹਾਂ ਇਸ ਮਾਇਨਿੰਗ ਨੂੰ ਰੁਕਵਾਉਣ ਲਈ 80 ਔਰਤਾਂ ਦੇ ਨਾਲ ਦੇਸ਼ ਦੀ ਰਾਜਧਾਨੀ ਬੋਗੋਟਾ ਤੱਕ 560 ਕਿਲੋਮੀਟਰ ਲੰਮਾ ‘ਚੁਗਿਰਦਾ ਚੇਤਨਤਾ ਮਾਰਚ’ ਕੱਢਿਆ ਸੀ। 2019 ਵਿਚ ਬੀ.ਬੀ.ਸੀ. ਦੀ ਦੁਨੀਆਂ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿਚ ਉਹ ਵੀ ਸ਼ਾਮਲ ਸਨ।
ਰਾਜਧਾਨੀ ਬੋਗੋਟਾ ਦੇ ਬੋਲੀਵਾਰ ਪਲਾਜ਼ਾ ਵਿਚ ਲੱਖਾਂ ਦੇਸ਼ ਵਾਸੀਆਂ ਅਤੇ ਕਈ ਲਾਤੀਨੀ ਅਮਰੀਕੀ ਦੇਸ਼ਾਂ ਦੇ ਰਾਸ਼ਟਰਪਤੀਆਂ ਤੇ ਪ੍ਰਤੀਨਿਧਾਂ ਦੀ ਹਾਜ਼ਰੀ ਵਿਚ ਗੁਸਤਾਵੋ ਪੈਟਰੋ ਨੇ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾ ਆਦੇਸ਼, 19ਵੀਂ ਸ਼ਤਾਬਦੀ ਦੇ ਲਾਤੀਨੀ ਅਮਰੀਕੀ ਯੋਧੇ ਸਾਈਮਨ ਬੋਲੀਵਾਰ, ਜ਼ਿਨ੍ਹਾਂ ਨੇ ਸਪੇਨਿਸ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਜੰਗ ਲੜੀ ਸੀ, ਦੀ ਤਲਵਾਰ ਨੂੰ ਸਹੁੰ ਚੁੱਕ ਸਮਾਗਮ ਵਾਲੀ ਥਾਂ ’ਤੇ ਲਿਆਉਣ ਦਾ ਆਦੇਸ਼ ਦਿੱਤਾ ਸੀ। ਇਸ ਸਮਾਗਮ ਨੂੰ ਸਾਮਰਾਜ ਵਿਰੋਧੀ ਦਿੱਖ ਪ੍ਰਦਾਨ ਕਰਨ ਹਿੱਤ ਇਸ ਤਲਵਾਰ ਨੂੰ ਸਮਾਗਮ ਦਾ ਹਿੱਸਾ ਬਨਾਉਣ ਦੀ ਪੈਟਰੋ ਦੀ ਇੱਛਾ ਸੀ। ਇਸਨੂੰ ਪਰਵਾਨ ਵੀ ਕਰ ਲਿਆ ਗਿਆ ਪ੍ਰੰਤੂ ਅੰਤਮ ਸਮੇਂ ’ਤੇ ਅਹੁਦਾ ਛੱਡ ਰਹੇ ਸੱਜ ਪਿਛਾਖੜ ਆਗੂ ਇਵਾਨ ਡੁਕਿਊ ਨੇ ਇਸ ਨੂੰ ਰੱਦ ਕਰ ਦਿੱਤਾ। ਰਾਸ਼ਟਰਪਤੀ ਪੈਟਰੋ ਦੇ ਆਦੇਸ਼ ਤੋਂ ਬਾਅਦ ਇਹ ਤਲਵਾਰ ਸਮਾਗਮ ਵਿਚ ਲਿਆਂਦੀ ਗਈ।
ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਸਭ ਤੋਂ ਪਹਿਲੇ ਭਾਸ਼ਣ ਵਿਚ ਪੈਟਰੋ ਨੇ ਐਲਾਨ ਕੀਤਾ, ‘‘ਇਸ ਮਹਾਨ ਤਲਵਾਰ ਨਾਲ ਹਾਜ਼ਰ ਹੋਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਪਲ ਹੈ, ਇਹ ਪ੍ਰਤੀਰੋਧ ਦੀ ਪ੍ਰਤੀਕ ਹੈ। ਇਹ ਲਾਤੀਨੀ ਅਮਰੀਕਾ ਦੇ ਲੋਕਾਂ ਦੀ ਧਰੋਹਰ ਹੈ ਅਤੇ ਚਾਹਵਾਂਗਾਂ ਕਿ ਲੋਕਾਂ ਦੀ ਇਹ ਇੱਛਾ ਮੁੜ ਕਦੇ ਵੀ ਦਫਨ ਨਾ ਕੀਤੀ ਜਾਵੇ।’’
ਸਮੁੱਚੇ ਦੇਸ਼ ਵਾਸੀਆਂ ਤੇ ਕੌਮਾਂਤਰੀ ਮਹਿਮਾਨਾਂ ਨੂੰ ਧੰਨਵਾਦ ਦਿੰਦਿਆਂ ਉਨ੍ਹਾਂ ਕਿਹਾ ‘‘ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਾਡੀ ਦੂਜੀ ਪਾਰੀ ਸ਼ੁਰੂ ਹੋਈ ਹੈ। ਅਸੀਂ ਇਸਨੂੰ ਕਮਾਇਆ ਹੈ। ਸਾਡਾ ਭਵਿੱਖ ਪਹਿਲਾਂ ਲਿਖਿਆ ਹੋਇਆ ਨਹੀਂ ਹੈ। ਅਸੀਂ ਪੈਨ ਦੇ ਮਾਲਕ ਹਾਂ, ਅਸੀਂ ਸਮੂਹਕ ਰੂਪ ਵਿਚ ਇਸਨੂੰ ਲਿਖ ਸਕਦੇ ਹਾਂ, ਅਮਨ ਤੇ ਇਕਜੁਟਤਾ ਨਾਲ। ਅਮਨ ਸੰਭਵ ਹੈ, ਜੇਕਰ ਅਸੀਂ ਕੋਲੰਬੀਆ ਦੇ ਸਭ ਖੇਤਰਾਂ ਦੇ ਲੋਕਾਂ ਨਾਲ ਸਮਾਜਿਕ ਵਿਚਾਰ-ਵਟਾਂਦਰੇ ਦਾ ਆਗਾਜ਼ ਕਰੀਏ, ਸਭ ਤਰ੍ਹਾਂ ਦੇ ਮਤਭੇਦਾਂ ਨੂੰ ਕਾਇਮ ਰੱਖਦੇ ਹੋਏ, ਆਪਣੇ ਵਿਚਾਰ ਪੇਸ਼ ਕਰੀਏ, ਤਰਕ ਨਾਲ ਸੁਨਣ-ਸੁਨਾਉਣ ਹਿੱਤ ਅਤੇ ਪਰਸਪਰ ਹੋਂਦ ਦੇ ਸਾਂਝੇ ਰਾਹ ’ਤੇ ਚਲਦੇ ਹੋਏ।’’
ਉਨ੍ਹਾਂ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਲੋਕਾਂ ਨਾਲ ਅਮਨ ਕਾਇਮ ਕਰਨ, ਢੁਕਵੀਆਂ ਪੈਨਸ਼ਨਾਂ ਦੇਣ ਅਤੇ ਅਪਾਹਜਾਂ ਤੇ ਹਾਸ਼ੀਆਗਤ ਖੇਤਰਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਔਰਤਾਂ ਦਾ ਸ਼ਸ਼ਕਤੀਕਰਨ ਕਰਨ ਤੇ ਸਭ ਖੇਤਰਾਂ ਵਿਚ

ਲਿਗਕ ਬਰਾਬਰਤਾ ਲਾਗੂ ਕਰਨ, ਸਰਕਾਰ ਦੀਆਂ ਨੀਤੀਆਂ ਨੂੰ ਸਿਰਜਣ ਤੇ ਲਾਗੂ ਕਰਨ ਵਿਚ ਦੇਸ਼ ਦੇ ਲੋਕਾਂ ਨਾਲ ਨਿਰੰਤਰ ਸਲਾਹ-ਮਸ਼ਵਰਾ ਕਰਨ, ਲੋਕਾਂ ਦੀ ਸਲਾਹ ਨਾਲ ਪ੍ਰਸ਼ਾਸ਼ਨ ਚਲਾਉਣ, ਜ਼ਿੰਦਗੀ ਨਾਲ ਜੁੜੇ ਬੁਨਿਆਦੀ ਮੁੱਦਿਆਂ ਨੂੰ ਤਰਜੀਹ ਦੇਣ ਅਤੇ ਨੀਮ ਫੌਜੀਵਾਦ ਦਾ ਖਾਤਮਾ ਕਰਨ, ਭਿ੍ਰਸ਼ਟਾਚਾਰ ਦੇ ਖ਼ਾਤਮੇਂ ਅਤੇ ਚੁਗਿਰਦੇ ਦੀ ਰਾਖੀ ਕਰਨ ਤੇ ਮੌਸਮੀ ਤਬਦੀਲੀ ਵਿਰੁੱਧ ਸੰਘਰਸ਼ ਕਰਨ, ਸਭ ਆਰਥਿਕ ਖੇਤਰਾਂ ਵਿਚ ਕੌਮੀ ਵਿਕਾਸ ਨੂੰ ਪ੍ਰਫੁੱਲਤ ਕਰਨ, ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਦੇਸ਼ ਦੇ ਸੰਵਿਧਾਨ ਮੁਤਾਬਕ ਸ਼ਾਸਨ ਆਦਿ ਦੇ ਵਾਅਦੇ ਕੀਤੇ।
ਰਾਸ਼ਟਰਪਤੀ ਗੁਸਤਾਵੋ ਪੈਟਰੋ ਦੇ ਪਹਿਲੇ ਕੂਟਨੀਤਕ ਐਲਾਨਾਂ ਵਿਚੋਂ ਇਕ ਸੀ, ਗੁਆਂਢੀ ਖੱਬੇ ਪੱਖੀ ਦੇਸ਼ ਵੈਨੇਜ਼ੁਏਲਾ ਨਾਲ ਸੁਖਾਵੇਂ ਸਬੰਧ ਕਾਇਮ ਕਰਨੇ। ਇਸ ਨੂੰ ਲਾਗੂ ਕਰਦੇ ਹੋਏ ਦੋਹਾਂ ਹੀ ਦੇਸ਼ਾਂ ਨੇ ਇਕ-ਦੂਜੇ ਦੇ ਦੇਸ਼ ਵਿਚ ਰਾਜਦੂਤਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਸਾਮਰਾਜੀ ਅਮਰੀਕਾ ਵਲੋਂ ਖੱਬੇ ਪੱਖੀ ਦੇਸ਼ ਵੈਨੇਜ਼ੁਏਲਾ ਉਤੇ ਪਿਛਲੇ ਸਮੇਂ ਵਿਚ ਪਾਬੰਦੀਆਂ ਲਗਾਕੇ ਅਤੇ ਹੋਰ ਹਰਬੇ ਵਰਤਕੇ ਉਥੇ ਆਪਣੇ ਸਜ ਪਿਛਾਖੜੀ ਹਥਠੋਕਿਆਂ ਰਾਹੀਂ ਤਖਤਾ ਪਲਟ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ। ਕੋਲੰਬੀਆ ਨੂੰ ਇਸ ਕਾਰਜ ਵਿਚ ਅਮਰੀਕੀ ਸਾਮਰਾਜ ਵਲੋਂ ਵਰਤਿਆ ਜਾਂਦਾ ਰਿਹਾ ਹੈ। ਪਰ ਹੁਣ ਉਥੇ ਵੀ ਖੱਬੇ ਪੱਖੀ ਆਗੂ ਦੇ ਸੱਤਾ ਗ੍ਰਹਿਣ ਕਰਨ ਨਾਲ ਅਮਰੀਕੀ ਸਾਮਰਾਜ ਦੀਆਂ ਇਹਨਾਂ ਨਾਪਾਕ ਚਾਲਾਂ ਨੂੰ ਧੱਕਾ ਵੱਜਾ ਹੈ। ਯਕੀਨਨ ਹੀ ਕੋਲੰਬੀਆ ਵਿਚ ਰਾਸ਼ਟਰਪਤੀ ਗੁਸਤਾਵੋ ਪੈਟਰੋ ਦੇ ਸੱਤਾ ਸੰਭਾਲਣ ਤੋਂ ਬਾਅਦ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਲੋਕ ਪੱਖੀ ਸ਼ਕਤੀਆਂ ਨੂੰ ਬਲ ਮਿਲੇਗਾ।

ਰਵੀ ਕੰਵਰ

Scroll To Top