Now Reading
ਕਾਮਰੇਡ ਪਾਸਲਾ ਦੇ ਵਿਚਾਰ ਸੁਣਨ ਮੱਲ੍ਹੀ ਫਾਰਮ ’ਤੇ ਇਕੱਤਰ ਹੋਏ ਖੱਬੇ ਪੱਖੀ

ਕਾਮਰੇਡ ਪਾਸਲਾ ਦੇ ਵਿਚਾਰ ਸੁਣਨ ਮੱਲ੍ਹੀ ਫਾਰਮ ’ਤੇ ਇਕੱਤਰ ਹੋਏ ਖੱਬੇ ਪੱਖੀ

ਬਰੈਂਪਟਨ : ਜਦੋਂ ਦੇਸ਼ ਭਰ ਵਿੱਚ ਕੈਨੇਡਾ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਹਰਬੰਸ ਮੱਲ੍ਹੀ ਦੇ ਸੱਦੇ ਉਪਰ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਕਾਫੀ ਸੱਜਣ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੇ ਵਿਚਾਰ ਸੁਣਨ ਲਈ ਮੱਲ੍ਹੀ ਫਾਰਮ ’ਤੇ ਇਕੱਠੇ ਹੋਏ। ਫਾਰਮ ਨੇ ਕੈਨੇਡਾ ਦੇ ਗਰਮੀਆਂ ਦੇ ਵਧੀਆ ਮੌਸਮ ਵਿੱਚ ਹਰੇ-ਭਰੇ ਸੰਘਣੇ ਜੰਗਲ ਵਿਚਕਾਰ ਵਿਚਾਰ-ਵਟਾਂਦਰੇ ਲਈ ਬਹੁਤ ਹੀ ਖੁਸ਼ਗਵਾਰ ਮਾਹੌਲ ਪ੍ਰਦਾਨ ਕੀਤਾ। ਮੀਟਿੰਗ ਤੋਂ ਬਾਅਦ ਪਰਿਵਾਰ ਵੱਲੋਂ ਖਾਣ ਪੀਣ ਦੇ ਖੁੱਲ੍ਹੇ-ਡੁੱਲ੍ਹੇ ਪ੍ਰਬੰਧ ਨੇ ਇਸ ਅਵਸਰ ਨੂੰ ਹੋਰ ਵੀ ਵਧੀਆ ਬਣਾਇਆ।
ਮਟਿੰਗ ਦੀ ਪ੍ਰਧਾਨਗੀ ਹਰਿੰਦਰ ਹੁੰਦਲ ਨੇ ਕੀਤੀ। ਕਾਮਰੇਡ ਪਾਸਲਾ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਵੱਡੀ ਗਿਣਤੀ ਵਿਚ ਦਲਿਤਾਂ ਨੂੰ ਨਾਲ ਲੈਣ ਵਿੱਚ ਨਾਕਾਮਯਾਬ ਰਹੀਆਂ ਹਨ ਅਤੇ ਅਸੀਂ ਇਸ ਘਾਟ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਾਂ।
ਨਾਲ ਹੀ ਇਸ ਲਹਿਰ ਨੂੰ ਹੋਰ ਤਕੜਾ ਕਰਨ ਲਈ ਸਾਰੀਆਂ ਖੱਬੇ ਪੱਖੀ, ਲੋਕ ਹਿਤੈਸ਼ੀ, ਜਮਹੂਰੀ, ਧਰਮ ਨਿਰਪੱਖ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਵੀ ਲੋੜ ਹੈ। ਉਨ੍ਹਾਂ ਮੁਤਾਬਕ ਕਿਸਾਨਾਂ ਦੀ ਲਹਿਰ ਦੀ ਕਾਮਯਾਬੀ ਤੋਂ ਬਾਅਦ ਨੌਜਵਾਨ ਵੀ ਸੰਗਿਠਤ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਜਥੇਬੰਦ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਨਕਲਾਬ ਲਈ ਲੜਾਈ ਲੰਬੀ ਹੈ ਪਰ ਆਖਿਰ ਜਿੱਤ ਇਨਕਲਾਬੀਆਂ ਦੀ ਹੀ ਹੋਣੀ ਹੈ।
ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਬੇਸ਼ੱਕ ਅਸੀਂ ਇਨਕਲਾਬ ਨਹੀਂ ਲਿਆ ਸਕੇ ਅਤੇ ਇਸ ਲਈ ਹੋਰ ਵੀ ਲੰਬਾ ਸਮਾਂ ਲੱਗਣਾ ਹੈ ਪਰ ਖੱਬੇ ਪੱਖੀ ਧਿਰਾਂ ਨੂੰ ਜ਼ੋਰ ਲਾਉਣਾ ਚਾਹੀਦਾ ਹੈ ਕਿ ਸਰਕਾਰਾਂ ਜੋ ਅੰਨ੍ਹੇਵਾਹ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਵਿੱਚ ਅਮਰੀਕਾ ਦੀ ਨਕਲ ਮਾਰ ਰਹੀਆਂ ਹਨ, ਉਸਦੀ ਥਾਂ ਉੁਹ ਘੱਟੋ-ਘੱਟ ਕੈਨੇਡਾ, ਸਵੀਡਨ, ਨਾਰਵੇ ਵਰਗੇ ਦੇਸ਼ਾਂ ਦੀਆਂ ਨੀਤੀਆਂ ਲਾਗੂ ਕਰਨ ਤਾਂ ਜੋ ਆਮ ਲੋਕਾਂ ਦਾ ਬਚਪਨ, ਬੁਢਾਪਾ ਸਰਕਾਰ ਸਾਂਭੇ ਅਤੇ ਵਿਦਿਆ ਅਤੇ ਸਿਹਤ ਸੇਵਾਵਾਂ ਵੀ ਸਰਕਾਰੀ ਅਦਾਰੇ ਹੀ ਦੇਣ।
ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਅੰਮਿ੍ਰਤ ਢਿੱਲੋਂ ਨੇ ਸ਼ਹੀਦ-ਇ-ਆਜ਼ਮ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਸਾਂਝੀਆਂ ਕੀਤੀਆਂ।
ਤਰਕਸ਼ੀਲ ਸੁਸਾਇਟੀ ਦੇ ਕੋਆਰਡੀਨੇਟਰ ਬਲਰਾਜ ਸ਼ੌਕਰ ਨੇ ਵੀ ਵਿਚਾਰ ਰੱਖੇ। ਬਲਜੀਤ ਬੈਂਸ ਨੇ ਸੁਰੀਲੀ ਆਵਾਜ਼ ਵਿੱਚ ਅਮਰ ਗੀਤ ‘ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’ ਗਾਇਆ। ਸਟੇਜ ਦੀ ਜ਼ੁੰਮੇਵਾਰੀ ਹਰਬੰਸ ਮੱਲ੍ਹੀ ਨੇ ਬਾਖੂਬੀ ਨਿਭਾਈ।
ਰਿਪੋਰਟ : ਡਾ ਬਲਜਿੰਦਰ ਸਿੰਘ ਸੇਖੋਂ

Scroll To Top