Now Reading
ਇਕ ਧੀ ਦੀ ਦੇਸ਼ ਦੀਆਂ ਕੁੱਲ ਧੀਆਂ ਸਮੇਤ ਸਾਰੇ ਭਾਰਤੀਆਂ ਨੂੰ ਵੰਗਾਰ!

ਇਕ ਧੀ ਦੀ ਦੇਸ਼ ਦੀਆਂ ਕੁੱਲ ਧੀਆਂ ਸਮੇਤ ਸਾਰੇ ਭਾਰਤੀਆਂ ਨੂੰ ਵੰਗਾਰ!

ਬਿਲਕੀਸ ਬਾਨੋ ਦੇ ਬਲਾਤਕਾਰੀਆਂ ਤੇ ਉਸਦੇ ਪਰਿਵਾਰ ਦੇ ਕਾਤਲਾਂ ਦੀ ਰਿਹਾਈ ’ਤੇ ਇਹ ਜੋ ਕੁਝ ਵੀ ਮੈਂ ਕਹਿਣ ਜਾ ਰਹੀ ਹਾਂ, ਉਹ ਇਕ ਔਰਤ ਵਜੋਂ ਦੂਜੀ ਔਰਤ ਨੂੰ ਤਾਂ ਕਿਹਾ ਹੀ ਜਾ ਰਿਹਾ ਹੈ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਵੀ ਕਹਿਣ ਜਾ ਰਹੀ ਹਾਂ।
ਜ਼ਰਾ ਇਹ ਖਿਆਲ ਕਰੋ ਕਿ ਤੁਸੀਂ 5 ਮਹੀਨਿਆਂ ਦੀ ਗਰਭਵਤੀ ਹੋ ਅਤੇ ਰਾਖਸ਼ਸ਼ ਵਰਗੇ ਬੰਦਿਆਂ ਦੀ ਭੀੜ ਤੁਹਾਡੇ ’ਤੇ ਝਪਟ ਪੈਂਦੀ ਹੈ ਅਤੇ ਉਹ ਇਕੱਲੇ-ਇਕੱਲੇ ਵਾਰੋ-ਵਾਰੀ ਤੁਹਾਡਾ ਬਲਾਤਕਾਰ ਕਰਕੇ ਤੁਹਾਨੂੰ ਨੋਚਦੇ ਹਨ। ਫਿਰ ਇਹ ਵੀ ਖਿਆਲ ਕਰੋ ਕਿ ਉਹ ਤੁਹਾਡੇ ਸਾਹਮਣੇ ਹੀ ਤੁਹਾਡੀ ਮਾਂ ਦਾ ਵੀ ਸਮੂਹਕ ਬਲਾਤਕਾਰ ਕਰਦੇ ਹਨ ਅਤੇ ਹੁੰਦੇ ਤੁਹਾਨੂੰ ਦੇਖਣ ਲਈ ਵੀ ਮਜ਼ਬੂਰ ਕਰਦੇ ਹਨ। ਉਹੀ ਮਾਂ, ਜਿਸਨੇ ਕੁੱਝ ਦੇਰ ਪਹਿਲਾਂ ਅਜਿਹੀ ਹੀ ਬੇਵਸੀ ਦੀ ਅਵਸਥਾ ’ਚ ਤੁਹਾਡਾ ਬਲਾਤਕਾਰ ਹੁੰਦਾ ਦੇਖਿਆ ਸੀ। ਉਸ ਤੋਂ ਬਾਅਦ ਤੁਹਾਡੀਆਂ ਦੋ ਭੈਣਾਂ ਨਾਲ ਇਹੀ ਭਾਣਾ ਵਾਪਰਦਾ ਵੀ ਤੁਹਾਡੀਆਂ ਬਦਨਸੀਬ ਅੱਖਾਂ ਦੇਖਦੀਆਂ ਹਨ। ਹਾਲੇ ਵੀ ਜਿਵੇਂ ਇਹ ਸਾਰੀ ਦਰਿੰਦਗੀ ਕਾਫੀ ਨਹੀਂ?! ਖਿਆਲ ਕਰੋ ਕਿ ਤੁਸੀਂ ਥਾਂ-ਥਾਂ ਤੋਂ ਨੋਚੇ ਹੋਏ ਅਤੇ ਲਹੂ ਲੁਹਾਣ ਹੋਏ ਧਰਤੀ ’ਤੇ ਨਿੱਸਲ ਪਏ ਤੜਪ ਰਹੇ ਹੋ, ਤੁਹਾਡੀ ਬਾਂਹ ਬਲਾਤਕਾਰੀਆਂ ਨੇ ਤੋੜ ਦਿੱਤੀ ਹੈ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਤੁਹਾਡੀ 3 ਸਾਲ ਦੀ ਬੇਟੀ ਦਾ ਸਿਰ ਪੱਥਰ ਨਾਲ ਫੇਹ ਕੇ ਉਸਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਮਾਰ ਦਿੱਤਾ ਜਾਂਦਾ ਹੈ।
ਇਸ ਤੋਂ ਵੀ ਬੁਰੀ ਗੱਲ ਇਹ ਕਿ ਤੁਸੀਂ ਇਨ੍ਹਾਂ ਆਦਮੀਆਂ ਨੂੰ ਜਾਣਦੇ ਹੋ। ਉਹ ਕੋਈ ਅਣਜਾਣੇ ਵਿਅਕਤੀ ਨਹੀਂ ਹਨ, ਬਲਕਿ ਤੁਹਾਡੇ ਗੁਆਂਢੀ ਹੀ ਹਨ। ਉਹ ਤੁਹਾਡੇ ਪਰਿਵਾਰ ਤੋਂ ਦੁੱਧ ਖਰੀਦਦੇ ਰਹੇ ਹਨ ਤੇ ਅਫਸੋਸ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਸ਼ੁਭਚਿੰਤਕ ਮੰਨਦੇ ਰਹੇ ਹੋ। ਇਹ ਵੀ ਖਿਆਲ ਕਰੋ ਕਿ ਤੁਸੀਂ ਦੇਸ਼ ਦੀਆਂ ਅਦਾਲਤਾਂ ਤੋਂ ਇਨਸਾਫ਼ ਲੈਣ ਲਈ 17 ਸਾਲ ਲੰਮੀ ਜੱਦੋ ਜ਼ਹਿਦ ਕੀਤੀ ਹੋਵੇ ਜਿਸ ਦੌਰਾਨ ਆਪਣੀ ਜਾਣ ਬਚਾਉਣ ਲਈ ਤੁਸੀਂ 20 ਵਾਰ ਆਪਣੇ ਟਿਕਾਣੇ ਬਦਲੇ ਹੋਣ ਅਤੇ ਤੁਹਾਡਾ ਮੁਕੱਦਮਾ ਤੁਹਾਡੇ ਆਪਣੇ ਸੂਬੇ ’ਚੋਂ ਬਾਹਰ ਤਬਦੀਲ ਕਰਨਾ ਪਿਆ ਹੋਵੇ। ਤਦ ਅਚਾਨਕ ਹੀ ਜਦ ਤੁਸੀਂ ਮਹਿਸੂਸ ਕਰਨ ਲੱਗੇ ਹੋਵੋ ਕਿ ਤੁਸੀਂ ਆਖੀਰ ’ਚ ਬਹਾਦਰੀ ਨਾਲ ਆਪਣੇ ਸਰੀਰਕ ਤੇ ਮਾਨਸਿਕ ਜਖ਼ਮਾਂ ਨੂੰ ਸਿਉਣ ਤੇ ਜਿਉਂਦੇ ਹੋਣ ਬਾਰੇ ਸੋਚਣਾ ਸ਼ੁਰੂ ਹੀ ਕੀਤਾ ਹੋਵੇ ਤਾਂ ਉਦੋਂ ਅਚਾਨਕ ਹੀ ਸਰਕਾਰ ਦੇ ਇਕ ਆਦੇਸ਼ ਨਾਲ ਤੁਹਾਡੇ ’ਤੇ ਜ਼ੁਲਮ ਢਾਹੁਣ ਵਾਲੇ 11 ਬੰਦਿਆਂ ਦੀ ਸਜ਼ਾ ਮਾਫ਼ ਕਰਕੇ, ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇ। ਜਿਵੇਂ ਕਿਸੇ ਥੱਕੇ ਹਾਰੇ ਪਰ ਸਖਤ, ਕਿਰਾਏ ਦੇ ਘੋੜੇ ਦੀਆਂ ਵੀ ਕੁਝ ਕਹਾਣੀਆਂ ਨਿੱਜੀ ਮਹਿਸੂਸ ਹੁੰਦੀਆਂ ਹਨ ਉਵੇਂ ਹੀ ਬਿਲਕੀਸ ਬਾਨੋ ਦੀ ਕਹਾਣੀ ਵੀ ਮੇਰੇ ਲਈ ਅਜਿਹੀ ਹੀ ਨਿੱਜੀ ਕਹਾਣੀ ਹੈ।
ਜਿਸ ਰਾਤ ਅੱਜ ਤੋਂ 20 ਸਾਲ ਪਹਿਲਾਂ ਮੈਂ ਉਸਨੂੰ ਗੋਧਰਾ ਦੇ ਰਿਲੀਫ਼ ਕੈਂਪ ’ਚ ਬਾਕੀ ਔਰਤਾਂ ਨਾਲ ਗੁੱਛਮ ਗੁੱਛਾ ਭੀੜ ’ਚ ਮਿਲੀ, ਜਿਥੇ ਤਰਪਾਲ ਦੀ ਸ਼ੀਟ ’ਤੇ ਟੈਂਟ ’ਚ ਮਿੱਟੀ ਦੇ ਤੇਲ ’ਚ ਦੀਵੇ ਦੀ ਮੱਧਮ ਰੌਸ਼ਨੀ ਸੀ। ਪਰ ਇਸ ਹਫ਼ਤੇ ਦੀਆਂ ਸੁਰਖ਼ੀਆਂ ਤੋਂ ਇੰਝ ਜਾਪਦਾ ਹੈ ਜਿਵੇਂ ਇਹ ਹਾਲੇ ਕੱਲ੍ਹ ਦੀ ਗੱਲ ਹੋਵੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਿਵੇਂ ਉਸਨੇ ਉਸ ਰਾਤ ਹੀ ਆਪਣੀ ਹੱਡ ਬੀਤੀ ਵਿਥਿਆ ਸੁਣਾਈ, ਉਹ ਰੋਈ ਨਹੀਂ। ਪਰ ਉਸਦੀਆਂ ਖਾਲੀ ਅੱਖਾਂ ਹੀ ਉਸਦੀ ਪੀੜਾ ਬਿਆਨ ਕਰਦੀਆਂ ਸਨ ਤੇ ਉਸਦਾ ਟੁੱਟਿਆ-ਫੁੱਟਿਆ ਅੰਦਾਜ਼ ਬਿਆਨ ਕਰਦਾ ਸੀ ਕਿ ੳੋਸਦੇ ਅੰਦਰੋਂ ਬਹੁਤ ਕੁੱਝ ਮਰ ਚੁੱਕਾ ਸੀ ਅਤੇ ਉਸਨੇ ਆਪਣੇ ਤੇ ਕੁੱਝ ਕਾਬੂ ਪਾਇਆ ਸੀ।
ਉਸਦੇ ਪਤੀ ਯਾਕੂਬ ਨੇ ਮੈਨੂੰ ਹੁਣ ਦੱਸਿਆ ਹੈ ਕਿ ਜਦੋਂ ਤੋਂ ਉਸਦੇ ਬਲਾਤਕਾਰੀਆਂ ਤੇ ਬੇਟੀ ਦੇ ਕਾਤਲਾਂ ਨੂੰ ਆਜ਼ਾਦ ਕੀਤਾ ਗਿਆ ਹੈ ਤੇ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਮਿਠਾਈਆਂ ਅਤੇ ਹਾਰਾਂ ਨਾਲ ਸਵਾਗਤ ਕੀਤਾ ਗਿਆ ਹੈ ਉਦੋਂ ਤੋਂ ਬਿਲਕੀਸ ਦੁਬਾਰਾ ਫਿਰ ਉਸੇ ਨੀਮ ਬੇਹੋਸ਼ੀ ਦੀ ਅਵਸਥਾ ’ਚ ਚਲੀ ਗਈ ਹੈ। ਉਹ ਬਹੁਤ ਹੀ ਘੱਟ ਬੋਲਦੀ ਹੈ ਤੇ ਇਕੱਲੀ ਮਹਿਸੂਸ ਕਰਦੀ ਹੈ। ਤੁਸੀਂ ਸੋਚੋਗੇ ਕਿ ਬਿਲਕੀਸ ਦੇ ਜ਼ਖਮਾਂ ਦੀ ਹੋਰ ਬੇਇੱਜ਼ਤੀ ਕਰਨਾ ਅਸੰਭਵ ਹੈ। ਦੁਬਾਰਾ ਫਿਰ ਸੋਚੋ ਕਿ ਬੀਜੇਪੀ ਦਾ ਇਕ ਵਿਧਾਇਕ ਸੀ.ਕੇ. ਰਾਊਜ਼ੀ, ਜੋ ਕਿ ਗੁਜਰਾਤ ਸਰਕਾਰ ਦੀ ਉਸ ਕਮੇਟੀ ਦਾ ਮੈਂਬਰ ਹੈ, ਜਿਸਨੇ ਇਨ੍ਹਾਂ ਦਰਿੰਦਿਆਂ ਦੀ ਸਜ਼ਾ ਮਾਫ ਕਰਕੇ ਇਨ੍ਹਾਂ ਦੀ ਰਿਹਾਈ ਦੀ ਸਿਫਾਰਸ਼ ਕੀਤੀ ਸੀ, ਨੇ ‘ਮੋਸੋ ਸਟੋਰੀ’ ਨਾਂਅ ਦੇ ਡਿਜੀਟਲ ਪਲੈਟਫਾਰਮ ਨੂੰ ਦੱਸਿਆ ਕਿ ਇਹ (ਯਾਨਿ ਬਲਾਤਕਾਰੀ ਤੇ ਕਾਤਲ) ਬ੍ਰਾਹਮਣ ਹਨ ਤੇ ਬ੍ਰਾਹਮਣ ਸੰਸਕਾਰੀ ਹੁੰਦੇ ਹਨ ਅਤੇ ਜੇਲ੍ਹ ਵਿਚ ਇਨ੍ਹਾਂ ਦਾ ਵਿਵਹਾਰ ਚੰਗਾ ਸੀ।’’ ਜਿਉਂ ਹੀ ਮੇਰੇ ਸਹਿਯੋਗੀ ਵਲੋਂ ਰਾਊਜ਼ੀ ਨਾਲ ਕੀਤੀ ਇੰਟਰਵਿਊ ਦੀ ਵੀਡਿਓ ਵਾਇਰਲ ਹੋਈ ਤਾਂ ਕਈ ਪਾਰਟੀ (ਭਾਜਪਾ ਦੇ) ਸਮਰਥਕ ਤੇ ਹਮਦਰਦ ਵੀ ਪ੍ਰੇਸ਼ਾਨ ਹੋਏ। ਸੰਸਕਾਰੀ ਬਲਾਤਕਾਰੀਆਂ ਬਾਰੇ ਸਾਡੀ ਇੰਟਰਵਿਊ ਨੇ ਇਕ ਗੱਲ ਦਾ ਨਿਚੋੜ ਕੱਢ ਕੇ ਰੱਖ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਦੀ 14 ਸਾਲਾਂ ਬਾਅਦ ਵੀ ਕੈਦੀਆਂ ਦੀ ਰਿਹਾਈ ਦੀ ਸਕੀਮ ਵਿਚ ਉਨ੍ਹਾਂ ਵਿਚ ਸੁਧਾਰ ਦਾ ਅੰਸ਼ ਮਾਤਰ ਵੀ ਨਿਸ਼ਾਨ ਨਹੀਂ ਹੈ। ਰਾਊਲਜੀ ਨੇ ਤਾਂ ਇਹ ਕਹਿ ਕੇ ਉਨ੍ਹਾਂ ਦੇ ਅਪਰਾਧੀ ਹੋਣ ’ਤੇ ਵੀ ਸਵਾਲ ਉਠਾਇਆ ਹੈ ਕਿ, ‘‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੋਈ ਅਪਰਾਧ ਕੀਤਾ ਵੀ ਸੀ ਜਾਂ ਨਹੀਂ?
ਬੜੀ ਅਕਹਿ ਬੇਇਨਸਾਫ਼ੀ ਬੇਪਰਦ ਹੋ ਰਹੀ ਹੈ ਤੇ ਉਹ ਵੀ ਪੂਰੀ ਬੇਸ਼ਰਮੀ ਨਾਲ। ਇਸ ਦਾ ਕਾਨੂੰਨੀ ਪਹਿਲੂ ਵੀ ਝਾਂਸੇਬਾਜ਼ ਹੈ। ਸੰਨ 2022 ਦੀਆਂ ਗਰਮੀਆਂ ’ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਸਾਫ ਕੀਤਾ ਸੀ ਕਿ ਬਲਾਤਕਾਰ ਦੇ ਸਜ਼ਾ ਯਾਫਤਾ ਲੋਕਾਂ ਨੂੰ ਸਜ਼ਾ ਖਤਮ ਹੋਣ ਤੋਂ ਪਹਿਲਾਂ ਰਿਹਾਈ ਸੰਬੰਧੀ ਪ੍ਰੋਗਰਾਮ ’ਚ ਸ਼ਾਮਲ ਨਾ ਕੀਤਾ ਜਾਵੇ। ਜੇ ਗੁਜਰਾਤ ਸਰਕਾਰ ਨੇ 1992 ਦੇ ਪੁਰਾਣੇ ਕਾਨੂੰਨ ਅਧੀਨ ਕਾਰਵਾਈ ਕੀਤੀ ਹੈ ਤਾਂ ਵੀ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੂੰ ਕੇਂਦਰੀ ਸਰਕਾਰ ਤੋਂ ਮਨਜ਼ੂਰੀ ਲਾਜ਼ਮੀ ਲੈਣੀ ਚਾਹੀਦੀ ਸੀ। ਇਸ ਲਈ ਇਨ੍ਹਾਂ ਬਲਾਤਕਾਰੀਆਂ ਤੇ ਕਾਤਲਾਂ ਦੀ ਸਜ਼ਾ ਮਾਫ਼ੀ ਉਪਰੰਤ ਰਿਹਾਈ ਦੀ ਹਰੀ ਝੰਡੀ ਆਖਰ ਕਿਸਨੇ ਦਿੱਤੀ, ਇਸ ਬਾਰੇ ਹਾਲੇ ਤੱਕ ਹਨੇਰਾ, ਕਾਲਾ ਪਰਦਾ ਤਣਿਆ ਹੋਇਆ ਹੈ। ਬਿਲਕੀਸ ਬਾਨੋ ਦੀ ਵਕੀਲ ਸ਼ੋਭਾ ਗੁਪਤਾ ਨੇ ਸਾਲਾਂਬੱਧੀ ਇਸ ਬਲਾਤਕਾਰ ਪੀੜਤਾ ਦਾ ਹਰ ਪਲ ਸਾਥ ਦਿੱਤਾ ਤਾਂ ਕਿ ਉਸਨੂੰ ਇਨਸਾਫ਼ ਮਿਲ ਸਕੇ। ਉਸਨੇ ਮੈਨੂੰ ਦੱਸਿਆ ਕਿ ਉਹ ਹੁਣ ਟੁੱਟ ਚੁੱਕੀ ਹੈ ਅਤੇ ਇਸ ਹਾਲਤ ’ਚ ਨਹੀਂ ਕਿ ਬਿਲਕੀਸ ਦੇ ਫੈਸਲੇ ਵਿਰੁੱਧ ਅਦਾਲਤ ’ਚ ਜਾਵੇਗੀ ਤਾਂ ਉਸ ਦਾ ਜਵਾਬ ਸੁਣ ਕੇ ਮੈਂ ਹੋਰ ਵੀ ਸ਼ਰਮਸਾਰ ਹੋਈ ਹਾਂ। ਉਸਨੇ ਕਿਹਾ, ‘‘ਕੋਈ ਵੀ ਹੱਡਮਾਸ ਦਾ ਇਨਸਾਨ ਕਿੰਨਾ ਹੌਂਸਲਾ ਤੇ ਕਿਵੇਂ ਰੱਖ ਸਕਦਾ ਹੈ? ਹੁਣ ਕਿਸੇ ਹੋਰ ਨੂੰ ਲੜਨਾ ਚਾਹੀਦਾ ਹੈ। ਸੀ.ਬੀ.ਆਈ. ਨੂੰ ਇਸ ਫੈਸਲੇ ਵਿਰੁੁੱਧ ਅਪੀਲ ਕਰਨੀ ਚਾਹੀਦੀ ਹੈ, ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ, ਪ੍ਰਧਾਨ ਮੰਤਰੀ ਨੂੰੂ ਦਖ਼ਲ ਦੇਣਾ ਚਾਹੀਦਾ ਹੈ।
ਅਸੀਂ ਮੂੰਹ ਫੇਰ ਸਕਦੇ ਹਾਂ ਤੇ ਢੌਂਗ ਕਰ ਸਕਦੇ ਹਾਂ ਕਿ ਇਹ ਕਿਹੜਾ ਸਾਡੀ ਸਮੱਸਿਆ ਹੈ। ਪਰ ਇਕ ਔਰਤ ਤੋਂ ਦੂਜੀ ਔਰਤ ਤੱਕ ਇਹ ਸਾਡੀ ਹੀ ਸਮੱਸਿਆ ਹੈ। ਸ਼ੋਭਾ ਗੁਪਤਾ ਨੇ ਮੈਨੂੰ ਦੱਸਿਆ ਕਿ ਇਕ ਹੋਰ ਔਰਤ, ਜੋ ਖ਼ੁਦ ਵੀ ਬਲਾਤਕਾਰ ਪੀੜਤ ਹੈ, ਨੂੰ ਜਦ ਇਨ੍ਹਾਂ ਦੀ ਰਿਹਾਈ ਬਾਰੇ ਪਤਾ ਲੱਗਾ ਤਾਂ ਉਸਨੇ ਮੈਨੂੰ ਬੜੀ ਨਿਰਾਸ਼ਾ ’ਚ ਫੋਨ ਕੀਤਾ ਤੇ ਪੁੱਛਿਆ ਕਿ ਕੀ ਉਸਨੂੰ ਆਪਣਾ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ? ਦਸੰਬਰ 16, 2012 ਦੇ ਨਿਰਭੈਆ ਬਲਾਤਕਾਰ ਤੇ ਕਤਲ ਕੇਸ ਤੋਂ ਬਾਅਦ ਸੜਕਾਂ ’ਤੇ ਨਿੱਕਲ ਕੇ ਜਨਤਕ ਰੋਸ ਮੁਜ਼ਾਹਰੇ ਕਰਨ ਵਾਲੇ ਹੁਣ ਕਿੱਥੇ ਗਏ? ਕੀ ਇਨ੍ਹਾਂ ਲੋਕਾਂ ਦੀ ਬਾਕੀ ਸਾਰੀ ਜ਼ਿੰਦਗੀ ਜੇਲ੍ਹਾਂ ’ਚ ਨਹੀਂ ਗੁਜਰਨੀ ਚਾਹੀਦੀ ਅਤੇ ਜਿਵੇਂ ਬਿਲਕੀਸ ਪੁੱਛਦੀ ਹੈ ਕਿ ਕਿਸੇ ਵੀ ਔਰਤ ਦੀ ਇਨਸਾਫ ਲਈ ਲੜਾਈ ਦਾ ਅੰਤ ਅਜਿਹਾ ਹੋਣਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ਸਾਡੇ ਵਲੋਂ ਸਾਂਝੀ ਆਵਾਜ਼ ਉਠਾਉਣ ’ਚ ਹੈ।
ਆਓ! ਕੁਹਰਾਮ ਮਚਾ ਦੇਈਏ!

ਬਰਖਾ ਦੱਤ
ਅਨੁਵਾਦ : ਪ੍ਰੋ. ਜੈਪਾਲ ਸਿੰਘ

Scroll To Top