ਹੁਣ ਤੱਕ ਚੱਲੀ ਆ ਰਹੀ ਰਵਾਇਤ ’ਤੇ ਅਮਲ ਕਰਦਿਆਂ, ਭਾਰਤ ਦੀ ਸੁਤੰਤਰਤਾ ਦੀ 75 ਵੀਂ ਵਰ੍ਹੇਗੰਢ ਦੇ ਮਾਣਮੱਤੇ ਅਵਸਰ ’ਤੇ, 15 ਅਗਸਤ, 2022 ਨੂੰ, ਦੇਸ਼ ਦੇ ਮੌਜੂਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਮੋਦਰ ਦਾਸ ਮੋਦੀ ਨੇ, ਦੇਸ਼ ਦੇ ਗੌਰਵ ਦਾ ਪ੍ਰਤੀਕ ਤਿਰੰਗਾ ਝੰਡਾ ਲਹਿਰਾਉਣ ਉਪਰੰਤ, ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਸੀ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਇਹ ਰਾਸ਼ਟਰ ਦੇ ਨਾਂ ਲਗਾਤਾਰ 9ਵਾਂ ਸੰਬੋਧਨ ਸੀ। ਭਾਸ਼ਣ ਕਲਾ ਦੇ ਮਾਹਿਰ ਸਮਝੇ ਜਾਂਦੇ ਸ਼੍ਰੀ ਮੋਦੀ ਦੇ ਉਕਤ ਭਾਸ਼ਣ ਦੇ ਪ੍ਰਮੁੱਖ ਨੁਕਤੇ ਅਸੀਂ ਹੇਠਾਂ ਪਾਠਕਾਂ ਨਾਲ ਸਾਂਝੇ ਕਰਨੇ ਚਾਹਾਂਗੇ :
ਉਨ੍ਹਾਂ ਕਿਹਾ ਕਿ ਸਾਡੇ ਵਿਵਹਾਰ ਅਤੇ ਆਮ ਬੋਲ-ਚਾਲ ’ਚ ਔਰਤਾਂ ਪ੍ਰਤੀ ਦੁਰਭਾਵਨਾ ਦੀ ਭਰਮਾਰ ਹੈ। ਇਸੇ ਦੁਰਭਾਵਨਾ ਅਧੀਨ ਅਸੀਂ ਹਰ ਵੇਲੇ ਇਸਤਰੀਆਂ ਦਾ ਤਿ੍ਰਸਕਾਰ ਕਰਦੇ ਹਾਂ। ਸਾਨੂੰ ਇਸ ਐਬ ’ਤੇ ਕਾਬੂ ਪਾਉਣ ਦਾ ਹਲਫ ਲੈਣਾ ਚਾਹੀਦਾ ਹੈ।
ਉਨ੍ਹਾਂ ਸੱਦਾ ਦਿੱਤਾ ਕਿ 130 ਕਰੋੜ ਭਾਰਤੀ ਸਾਂਝੇ ਯਤਨਾਂ ਰਾਹੀਂ ‘ਟੀਮ ਇੰਡੀਆ’ ਬਣ ਕੇ ਦੇਸ਼ ਨੂੰ ਅੱਗੇ ਵਧਾਉਂਦੇ ਹੋਏ ਇਹ ਸੁਨਿਸ਼ਚਤ ਕਰੀਏ ਕਿ ਆਉਂਦੇ 25 ਸਾਲਾਂ ’ਚ, ਭਾਵ 2047 ਤੱਕ, ਭਾਰਤ ਇੱਕ ਪੂਰਨ ‘ਵਿਕਸਿਤ ਰਾਸ਼ਟਰ’ ਬਣ ਜਾਵੇ।
‘ਅਨੇਕਤਾ ’ਚ ਏਕਤਾ’ ਨੂੰ ਲੋਕਰਾਜ ਦੀ ਜਨਨੀ ਸੱਦਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਇਸ ਭਾਵਨਾ ਨੂੰ ਤਕੜਿਆਂ ਕਰਨਾ ਚਾਹੀਦਾ ਹੈ।
ਉਨ੍ਹਾਂ ਸੱਦਾ ਦਿੱਤਾ ਕਿ ਸਾਨੂੰ ਗੁਲਾਮੀ ਦੇ ਪ੍ਰਤੀਕਾਂ ਅਤੇ ਰਹਿੰਦ-ਖੂਹੰਦ ਨੂੰ ਮਿਟਾ ਦੇਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਇੱਕ ਨਾਗਰਿਕ ਦੇ ਤੌਰ ’ਤੇ ਸਾਨੂੰ ਆਪਣੇ ਫਰਜ਼ਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਭਰਿਸ਼ਟਾਚਾਰ ਅਤੇ ਪਿਤਾ ਪੁਰਖੀ ਰਾਜਨੀਤੀ ’ਤੇ ਆਪਣੀ ਆਦਤ ਮਜ਼ੂਬ ਹਮਲਾ ਬੋਲਦਿਆਂ ਆਪੋਜੀਸ਼ਨ ’ਤੇ ਨਿਸ਼ਾਨਾ ਵੀ ਸਾਧਿਆ।
ਘੱਟ ਆਮਦਨੀ ਵਾਲੇ ਗਰੀਬਾਂ ਅਤੇ ਨੀਵੇਂ ਜਾਂ ਛੋਟੇ ਸਮਝੇ ਜਾਂਦੇ ਕੰਮ-ਧੰਦਿਆਂ ਰਾਹੀਂ ਉਪਜੀਵਕਾ ਕਮਾਉਣ ਵਾਲਿਆਂ ਪ੍ਰਤੀ ਆਪਣੀ ਸਰਕਾਰ ਦੀ ‘ਫਿਕਰਮੰਦੀ’ ਅਤੇ ‘ਸਤਿਕਾਰ’ ਦਾ ਉਚੇਚਾ ਵਿਖਾਵਾ ਕਰਨ ਲਈ ਆਂਗਨਵਾੜੀ ਵਰਕਰਾਂ, ਰੇਹੜੀ-ਫੜੀ ਵਾਲਿਆਂ, ਮੁਦਰਾ ਯੋਜਨਾ ਤਹਿਤ ਕਰਜ਼ਾ ਲੈਣ ਵਾਲਿਆਂ ਅਤੇ ਮੁਰਦਾ ਘਰਾਂ (ਮੋਰਚਰੀ) ਦੇ ਮੁਲਾਜ਼ਮ ਨੂੰ ਸੁਤੰਤਰਤਾ ਦਿਵਸ ਸਮਾਰੋਹ ਵਿੱਚ ‘ਵਿਸ਼ੇਸ਼ ਮਹਿਮਾਨਾਂ’ ਵਜੋਂ ਲਿਆਂਦਾ ਗਿਆ ਸੀ।
ਦੇਖਣ-ਸੁਨਣ ਨੂੰ ਤਾਂ ਉਪਰੋਕਤ ਸਭ ਕੁੱਝ ਬੜਾ ਚੰਗਾ ਲੱਗਦਾ ਹੈ। ਪਰ ਇਹ ਆਮ ਧਾਰਨਾ ਹੈ ਕਿ ਪ੍ਰਧਾਨ ਮੰਤਰੀ ਅਜਿਹੇ ਮਹੱਤਵਪੂਰਣ ਮੌਕਿਆਂ ’ਤੇ ਆਪਣੇ ਭਾਸ਼ਣ ਜਾਂ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਜੋ ਕੁਝ ਬੋਲਦੇ ਹਨ, ਵਾਪਰਦਾ ਹਮੇਸ਼ਾ ਐਨ ਉਸਦੇ ਉਲਟ ਹੈ। ਇਸ ਵਾਰ ਵੀ ਇਹੋ ਕੁਝ ਹੋਇਆ।
15 ਅਗਸਤ ਵਾਲੇ ਦਿਨ ਸ਼੍ਰੀ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿਚ ਵਾਪਰੀ ਇੱਕੋ ਘਟਨਾ ਨਾਲ, ‘ਪ੍ਰਧਾਨ ਸੇਵਕ’ ਵੱਲੋਂ ਆਪਣੇ ਆਪ ਨੂੰ ਬਹੁਤ ਉੱਚ ਮੁਰਾਤਬੇ ਵਾਲਾ ‘ਸਟੇਟਸਮੈਨ’ ਸਿੱਧ ਕਰਨ ਲਈ ਦਿੱਤੇ ਗਏ 80 ਮਿੰਟਾਂ ਤੋਂ ਵਧੇਰੇ ਸਮੇਂ ਦੇ ਭਾਸ਼ਣ ਵਿਚਲਾ ਖੋਖਲਾਪਨ ਅਤੇ ਕਹਿਣੀ-ਕਰਨੀ ਦਾ ਵੱਡਾ ਖੱਪਾ ਬੇਪਰਦ ਹੋ ਗਿਆ ਹੈ। ਗੁਜਰਾਤ ਸਰਕਾਰ ਦੀ ਇਕ ਕਮੇਟੀ, ਜਿਸ ਦੇ 10 ’ਚੋਂ 5 ਮੈਂਬਰ ਭਾਜਪਾ ਨਾਲ ਸਬੰਧਤ ਸਨ, ਦੀ ਸਿਫਾਰਸ਼ ’ਤੇ ਇੱਕੋ ਟੱਬਰ ਦੇ 14 ਜੀਆਂ ਦੇ ਸਮੂਹਿਕ ਕਤਲੇਆਮ ਅਤੇ ਚਾਰ ਔਰਤਾਂ ਨਾਲ ਬਲਾਤਕਾਰ ਕਰਨ ਦੇ ਅਤਿ ਘਿਨਾਉਣੇ ਜ਼ੁਰਮ ਅਧੀਨ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਗਲੀਜ਼ ਦੋਸ਼ੀਆਂ ਨੂੰ ਇਸ ਪਵਿੱਤਰ ਦਿਨ ਜੇਲ੍ਹ ’ਚੋਂ ਮੁਕਤ ਕਰ ਦਿੱਤਾ ਗਿਆ ਸੀ।
ਇਨ੍ਹਾਂ ਵਹਿਸ਼ੀ ਦਰਿੰਦਿਆਂ ਨੇ 2002 ਵਿਚ ਗੋਧਰਾ ਰੇਲ ਕਾਂਡ ਤੋਂ ਬਾਅਦ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੇ ਨਾਂ ’ਤੇ ਗਿਣ-ਮਿਥ ਕੇ ਕੀਤੀ ਗਈ ਹਕੂਮਤੀ ਹਿੰਸਾ ਤੇ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਮੁਹਿੰਮ ਦੌਰਾਨ ਬਿਲਕੀਸ ਬਾਨੋ ਨਾਂ ਦੀ ਇਕ ਮੁਸਲਿਮ ਔਰਤ ਦੀ ਤਿੰਨ ਸਾਲਾਂ ਦੀ ਮਾਸੂਮ ਬੱਚੀ ਸਮੇਤ ਉਸ ਦੇ ਟੱਬਰ ਦੇ 14 ਜੀਆਂ ਦਾ ਬੇਦਰਦੀ ਨਾਲ ਕਤਲ ਕੀਤਾ ਸੀ। ਇੰਨਾ ਹੀ ਨਹੀਂ, ਇਹ ਰਾਕਸ਼ ਬਿਲਕਿਸ ਬਾਨੋ, ਉਸ ਦੀਆਂ ਦੋ ਭੈਣਾਂ ਅਤੇ ਬਿਰਧ ਮਾਤਾ ਦੀ ਵਾਰੋ-ਵਾਰੀ ਬੇਪਤੀ ਕਰਨ ਦੇ ਵੀ ਗੁਨਾਹਗਾਰ ਸਨ। ਇਸ ਅਸੱਭਿਅਕ ਵਾਰਦਾਤ ਨਾਲ ਜੁੜਿਆ, ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲਾ, ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਉਕਤ ਸੰਗੀਨ ਗੁਨਾਹ ‘ਹਿੰਦੂ ਧਰਮ ਦੀ ਰੱਖਿਆ’ ਦੇ ਨਾਂ ’ਤੇ ਕੀਤਾ ਗਿਆ ਸੀ। ਇਨਸਾਫ ਪ੍ਰਾਪਤੀ ਲਈ 20 ਸਾਲ ਅਦਾਲਤਾਂ ’ਚ ਖੱਜਲ-ਖੁਆਰ ਹੋਣ ਵਾਲੇ ਅਤੇ ਜਾਨ ਬਚਾਉਣ ਲਈ ਦਰ ਬਦਰ ਧੱਕੇ ਖਾਣ ਲਈ ਮਜਬੂਰ ਕਰ ਦਿੱਤੇ ਗਏ ਪੀੜਤਾਂ ਦੇ ਨਾਸੂਰ ਬਣ ਚੁੱਕੇ ਜਖ਼ਮਾਂ ’ਤੇ ਤੇਜ਼ਾਬ ਛਿੜਕਣ ਵਾਲੀ ਗੱਲ ਇਹ ਵਾਪਰੀ ਕਿ ਜੇਲ੍ਹ ਚੋਂ ਰਿਹਾਅ ਹੋਏ ਇਹਨਾਂ ਕਾਤਲਾਂ-ਬਲਾਤਕਾਰੀਆਂ ਦਾ ਫੁੱਲ ਮਾਲਾਵਾਂ ਪਾ ਕੇ, ਤਿਲਕ ਲਾ ਕੇ, ਜਲ ਛਿੜਕ ਕੇ ਮਠਿਆਈ ਖੁਆ ਕੇ ਸਵਾਗਤ ਕੀਤਾ ਗਿਆ। ਇਨ੍ਹਾਂ ਆਦਮਖੋਰਾਂ ਦੀ ਰਿਹਾਈ ਪਿਛੋਂ ਅਨੇਕਾਂ ਮੁਸਲਿਮ ਪਰਿਵਾਰ ਇਸ ਪਿੰਡ ’ਚੋਂ ਨਵੇਂ ਸਿਰਿਓਂ ਪਲਾਇਨ ਕਰ ਗਏ ਹਨ। ਗੁਜਰਾਤ ’ਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਤਾਂ ਇਹ ਕਹਿ ਕੇ ਬੇਸ਼ਰਮੀ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਕਿ, “ਕੀ ਪਤਾ ਇਨ੍ਹਾਂ ਨੇ ਕੋਈ ਅਪਰਾਧ ਕੀਤਾ ਵੀ ਹੈ ਕਿ ਨਹੀਂ?’’ ਅਗਲਾ ਮਾਅਰਕਾ ਇਸ ‘ਭੱਦਰ ਪੁਰਸ਼’ ਨੇ ਇਹ ਕਹਿ ਕੇ ਮਾਰਿਆ ਕਿ, “ਸਾਰੇ ਦੋਸ਼ੀ ‘ਸੰਸਕਾਰੀ’ ਬ੍ਰਾਹਮਣ ਹਨ ਅਤੇ ਜੇਲ੍ਹ ਵਿੱਚ ਇਨ੍ਹਾਂ ਦਾ ਵਤੀਰਾ ਬੜਾ ਚੰਗਾ ਸੀ।’’ ਯਾਦ ਕਰੋ! ਮੰਨੂ ਸਿਮਰਤੀ, ਜਿਸ ਨੂੰ ਆਰ.ਐਸ.ਐਸ. ਭਾਰਤੀ ਸੰਵਿਧਾਨ ਦੀ ਸ਼ਾਸ਼ਨ ਪੱਧਤੀ ਵਜੋਂ ਪੁਨਰ ਸਥਾਪਤ ਕਰਨਾ ਚਾਹੁੰਦਾ ਹੈ, ਕਿਵੇਂ ਬ੍ਰਾਹਮਣ ਨੂੰ ਹਰ ਗੁਨਾਹ ਦੀ ਸਜ਼ਾ ਤੋਂ ਮੁਕਤ ਕਰਾਰ ਦਿੰਦੀ ਹੈ। ਇਸ ਬਿਆਨ ਤੋਂ ਇਹ ਗੱਲ ਵੀ ਫਿਰ ਤੋਂ ਸਾਫ ਹੋ ਗਈ ਕਿ ਘਾਗ ਹਿੰਦੂਤਵੀ ਆਗੂਆਂ ਵੱਲੋਂ, ਆਪਣੇ ਤੋਂ ਵੱਖਰੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਔਰਤਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਦੀ ਘਟੀਆ ਕਰਤੂਤ ਨੂੰ ‘ਮੁਕੱਦਸ’ ਸਮਝ ਕੇ ਸਰ ਅੰਜ਼ਾਮ ਦੇਣ ਦੇ ਆਪਣੇ ਪੈਰੋਕਾਰ ‘ਧਰਮ ਰੱਖਿਅਕਾਂ’ ਨੂੰ ਦਿੱਤੇ ਗਏ ‘ਉਪਦੇਸ਼ਾਂ’ ਸਬੰਧੀ ਚੱਲ ਰਹੀਆਂ ਚਰਚਾਵਾਂ ਵੀ ਨਿਰਮੂਲ ਨਹੀਂ ਹਨ।
ਹਾਲੇ ਤੱਕ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਭਾਜਪਾ ਦੇ ਕਥਿਤ ਮਾਰਗ ਦਰਸ਼ਕ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਸ਼੍ਰੀ ਮੋਹਨ ਭਾਗਵਤ, ਮੋਦੀ ਅਤੇ ਉਨ੍ਹਾਂ ਦੇ ਕਾਬੀਨਾ ਵਿਚਲੇ ਸਹਿਯੋਗੀਆਂ ਅਤੇ ਗੁਜਰਾਤ ਸਰਕਾਰ ਦੇ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਨੇ ਨਾ ਤਾਂ ਵਿਧਾਇਕ ਸ਼੍ਰੀ ਰਾਊਜੀ ਦੇ ਬਿਆਨਾਂ ਦਾ ਖੰਡਨ ਕੀਤਾ ਹੈ ਅਤੇ ਨਾ ਦੋਸ਼ੀਆਂ ਨੂੰ ਛੱਡਣ ਬਾਰੇ ਹੀ ਇੱਕ ਵੀ ਸ਼ਬਦ ਬੋਲਿਆ ਹੈ। ਸੰਘ- ਭਾਜਪਾ ਦੀ ਫਿਰਕੂ ਜ਼ਿਹਨੀਅਤ ਅਤੇ ਖਤਰਨਾਕ ਇਰਾਦਿਆਂ ਬਾਰੇ ਜੇ ਅਜੇ ਵੀ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ ਅਸੀਂ ਅਜਿਹੇ ਲੋਕਾਂ ਦੇ ਭੋਲੇਪਨ ’ਤੇ ਕੇਵਲ ਤਰਸ ਹੀ ਖਾ ਸਕਦੇ ਹਾਂ। ਅਸੀਂ ਉਚੇਚ ਨਾਲ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਉਕਤ ਸਾਰਾ ਕੁੱਝ ਫਿਰਕੂ ਧਰੁਵੀਕਰਨ ਦੀ ਕੋਝੀ ਮੰਸ਼ਾ ਅਧੀਨ ਯੋਜਨਾਬੱਧ ਕੀਤਾ ਜਾ ਰਿਹਾ ਹੈ।
ਇਨ੍ਹਾਂ ਘਿਰਣਾਯੋਗ ਅਪਰਾਧੀਆਂ ਦੀ ਰਿਹਾਈ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਸੰਘ-ਭਾਜਪਾ ਅਤੇ ਮੋਦੀ ਦੇ ਰਾਜ ’ਚ ਘੱਟ ਗਿਣਤੀਆਂ, ਦਲਿਤ, ਇਸਤਰੀਆਂ, ਕਬਾਇਲੀ ’ਤੇ ਹੋਰ ਹਾਸ਼ੀਆਗਤ ਆਬਾਦੀ ਸਮੂਹ ਹਰ ਕਿਸਮ ਦੇ ਘਿਰਣਾ ਯੋਗ ਅੱਤਿਆਚਾਰ ਸਹਿਣ ਕਰਨ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਅਤੇ ਅਦਾਲਤਾਂ ਸਮੇਤ ਕਿਸੇ ਵੀ ਸੰਵਿਧਾਨਕ ਅਦਾਰੇ ਤੋਂ ਇਨਸਾਫ ਦੀ ਉੱਕਾ ਹੀ ਕੋਈ ਆਸ ਨਾ ਰੱਖਣ।
ਦੁਰਾਚਾਰੀ ਕਾਤਲਾਂ ਦੀ ਰਿਹਾਈ ਦੀ ਉਕਤ ਘਟਨਾ ਤੋਂ ਇਹ ਸਿੱਧ ਹੋ ਗਿਆ ਹੈ ਕਿ ਸ਼੍ਰੀ ਮੋਦੀ ਦੇ 15 ਅਗਸਤ ਵਾਲੇ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਬੋਲੇ ਗਏ ਭਾਰੀ ਭਰਕਮ ਤੇ ਚਿਕਨੇ-ਚੋਪੜੇ, ‘ਔਰਤਾਂ ਦੇ ਸਤਿਕਾਰ’, ‘ਅੰਮਿ੍ਰਤ ਮਹੋਤਸਵ’ ‘ਅਨੇਕਤਾ ਮੇਂ ਏਕਤਾ’, ‘ਅੰਮਿ੍ਰਤ ਕਾਲ’ ‘130 ਕਰੋੜ ਲੋਗੋਂ ਕੇ ਸਮੂਹਿਕ ਪ੍ਰਯਾਸ’ ਆਦਿ ਸ਼ਬਦਾਂ ਦੀ ਅਸਲੀਅਤ, “ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ’’ ਵਾਲੀ ਕਹਾਵਤ ਤੋਂ ਵੱਧ ਕੇ ਕੁੱਝ ਵੀ ਨਹੀਂ ਹੈ।
ਇਸ ਤੋਂ ਪਹਿਲਾਂ ਆਪਣੇ-ਆਪ ਨੂੰ ‘ਸਰਵ ਸ਼੍ਰੇਸ਼ਟ ਰਾਸ਼ਟਰ ਭਗਤ’ ਸਿੱਧ ਕਰਨ ਅਤੇ ਅਤੀਤ ’ਚ ਸੰਘ-ਭਾਜਪਾ ’ਤੇ ਲੱਗੇ ਤਿਰੰਗੇ ਦੀ ਬੇਹੁਰਮਤੀ ਕਰਨ ਦੇ ਦਾਗ਼ ਧੋਣ ਦੇ ਇਰਾਦੇ ਨਾਲ ਮੋਦੀ ਐਂਡ ਕੰਪਨੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਵੀ ਛੇੜੀ ਸੀ। ਚਰਚਾਵਾਂ ਹਨ ਕਿ ਇਸ ਮੁਹਿੰਮ ਚੋਂ ਵੀ ਮੋਦੀ ਦੇ ਕਿ੍ਰਪਾ ਪਾਤਰ ਕਾਰਪੋਰੇਟ ਘਰਾਣਿਆਂ ਨੇ ਅਤੇ ਖੁਦ ਭਾਜਪਾ ਨੇ ਚੋਖੀ ਕਮਾਈ ਕੀਤੀ ਹੈ। ਗਰੀਬ ਲੋਕੀਂ ਇਹ ਕਹਿੰਦੇ ਦੇਖੇ-ਸੁਣੇ ਗਏ ਕਿ ਸਾਡੇ ਸਿਰਾਂ ’ਤੇ ਛੱਤ ਤੇ ਪੀਪਿਆਂ ’ਚ ਆਟਾ ਹੈ ਨੀ ਅਸੀਂ ਸਿਰਫ ਝੰਡੇ ਦਾ ਕੀ ਕਰੀਏ? ਸਾਡੀ ਜਾਚੇ ਮੋਦੀ ਸਰਕਾਰ ਦੀ ਇਸ ਮੁਹਿੰਮ ਨਾਲ ਤਿਰੰਗੇ ਦੀ ਸ਼ਾਨ ਘਟੀ ਹੈ ਅਤੇ ਬਹੁਤ ਥਾਈਂ ਇਸ ਦੀ ਨਿਰਾਦਰੀ ਤੇ ਬੇਕਦਰੀ ਹੁੰਦੀ ਆਮ ਦੇਖੀ ਹੈ। ਉਂਝ ਇਹ ਆਪਣੇ ਆਪ ’ਚ ਹੀ ਸਮੇਂ ਦਾ ਸਭ ਤੋਂ ਭੱਦਾ ਮਜ਼ਾਕ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ, ਭਾਜਪਾ ਜਿਸ ਦਾ ਸਿਆਸੀ ਵਿੰਗ ਹੈ, ਤਿਰੰਗੇ ਨੂੰ ਰਾਸ਼ਟਰੀ ਝੰਡਾ ਮੰਨਣ ਤੋਂ ਸਦਾ ਹੀ ਇਨਕਾਰੀ ਰਿਹਾ ਹੈ। ਇੱਥੋਂ ਤੱਕ ਕਿ ਤਿਰੰਗੇ ਨੂੰ ਸੰਘੀ ਅਕਸਰ ਹੀ ਮਨਹੂਸ (ਅਸ਼ੁਭ) ਕਹਿੰਦੇ ਰਹੇ ਹਨ। ਸੰਘ ਦੇ ਦਫ਼ਤਰਾਂ ਅਤੇ ਸ਼ਾਖਾਵਾਂ ’ਚ ਵੀ ਤਿਰੰਗਾ ਲਿਜਾਣ ਦੀ ਮਨਾਹੀ ਹੁੰਦੀ ਸੀ।
ਇਸ ਦੁਖਾਂਤ ਦਾ ਦੂਜਾ ਵੱਡਾ ਪਹਿਲੂ ਇਹ ਹੈ ਕਿ ਸੰਘ ਬਸਤੀਵਾਦੀ ਅੰਗਰੇਜ਼ੀ ਰਾਜ ਤੋਂ ਮੁਕਤੀ ਦੇ ਪੱਖ ’ਚ ਕਦੀ ਵੀ ਨਹੀਂ ਰਿਹਾ ਅਤੇ ਇਸ ਦਾ ਪਿਛੋਕੜ ਸੁਤੰਤਰਤਾ ਸੰਗਰਾਮ ਦੀ ਪਿੱਠ ’ਚ ਛੁਰਾ ਮਾਰਨ ਦੀਆਂ ਸ਼ਰਮਨਾਕ ‘ਗਾਥਾਵਾਂ’ ਨਾਲ ਭਰਿਆ ਪਿਆ ਹੈ। ਇਸ ਕਰਕੇ ਸੁਤੰਤਰਤਾ ਸੰਗਰਾਮ ਦੌਰਾਨ ਪਨਪੇ ਹਾਂ ਪੱਖੀ ਸਰੋਕਾਰਾਂ ਤੇ ਪ੍ਰਤੀਕਾਂ ਅਤੇ ਕਾਇਮ ਹੋਈਆਂ ਨਰੋਈਆਂ ਪੰ੍ਰਪਰਾਵਾਂ ਨੂੰ ਭਾਜਪਾ, ਸੰਘ ਦੇ ਇਸ਼ਾਰੇ ’ਤੇ ਤਬਾਹ ਕਰਨ ਲੱਗੀ ਹੋਈ ਹੈ।
ਇਸ ਤੋਂ ਇਲਾਵਾ ਦੇਸ਼ ਦੀ ਭੂਗੋਲਿਕ ਏਕਤਾ ਨੂੰ ਕਾਇਮ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਫ਼ੈਡਰਲਜ਼ਿਮ ਸਾਡੀ ਮੂਲ ਪਛਾਣ ਰਹੇ ਹਨ। ਸੰਘ-ਭਾਜਪਾ ਨੂੰ ਇਹ ਫੁੱਟੀ ਅੱਖ ਨਹੀਂ ਸੁਹਾਉਂਦੇ। ਕਿਉਂਕਿ ਸੰਘ ਸਾਰੇ ਧਰਮਾਂ ਨੂੰ ਮੰਨਣ ਵਾਲੇ, ਆਪੋ-ਆਪਣੀਆਂ ਭਾਸ਼ਾਵਾਂ ਬੋਲਣ ਵਾਲੇ, ਅੱਡੋ-ਅੱਡ ਖਿੱਤਿਆਂ ਦੇ ਵੱਖੋ-ਵੱਖ ਸੱਭਿਆਚਾਰਾਂ ਵਾਲੇ ਭਾਰਤੀ ਲੋਕਾਂ ਨੂੰ ਇਕੋ ਧਰਮ ਦੇ ਗੁਲਾਮ ਬਨਾਉਣਾ ਚਾਹੁੰਦਾ ਹੈ।
ਅਸੀਂ ਦੇਸ਼ ਵਾਸੀਆਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ ਤੋਂ ਆਰਐਸਐਸ ਦੀ ਅਗਵਾਈ ’ਚ ਹਿੰਦਤਵੀ-ਮੰਨੂਵਾਦੀ ਸ਼ਕਤੀਆਂ ਨੇ ਮਜ਼ਬੂਤੀ ਫੜੀ ਹੈ ਉਦੋਂ ਤੋਂ ਦੇਸ਼ ਵਿੱਚ ਨੈਤਿਕ ਕਦਰਾਂ-ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ। ਅੰਧ ਵਿਸ਼ਵਾਸ, ਪਿਛਾਂਹਖਿਚੂ ਵਿਚਾਰ, ਅਫਵਾਹਾਂ, ਅਪਰਾਧਿਕ ਵਾਰਦਾਤਾਂ ਆਦਿ ਗੈਰ ਸਮਾਜੀ ਵਰਤਾਰਿਆਂ ਨੇ ਸੰਘ-ਭਾਜਪਾ ਦੇ ਬਾਰੇ ਪਹਿਰੇ ਲਾਮਿਸਾਲ ਤੇਜ਼ੀ ਫੜੀ ਹੈ। ਦੇਸ਼ ਦਾ ਅਰਥਚਾਰਾ ਗੰਭੀਰ ਸੰਕਟ ਦਾ ਸ਼ਿਕਾਰ ਹੈ। ਅਮੀਰ-ਗਰੀਬੀ ਦਾ ਪਾੜਾ, ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਨ ਵਧ ਰਹੇ ਹਨ। ਵਸੋਂ ਦੇ ਵਿਸ਼ਾਲ ਭਾਗ ਸਿੱਖਿਆ, ਸਿਹਤ ਸਹੂਲਤਾਂ, ਆਵਾਸ, ਪਾਣੀ, ਸੈਨੀਟੇਸ਼ਨ ਸਹੂਲਤਾਂ ਆਦਿ ਬੁਨਿਆਦੀ ਲੋੜਾਂ ਤੋਂ ਮਹਿਰੂਮ ਹਨ।
ਬਿਜਲੀ, ਰੇਲ-ਸੜਕੀ-ਹਵਾਈ ਟਰਾਂਸਪੋਰਟ, ਸਟੀਲ, ਕੋਇਲਾ, ਸੰਚਾਰ, ਬੈਂਕ-ਬੀਮਾ, ਰੱਖਿਆ ਉਪਕਰਨ ਆਦਿ ਬੁਨਿਆਦੀ ਸੱਨਅਤਾਂ ਤੇ ਅਦਾਰੇ ਨਿਜੀ ਕਾਰਪੋਰੇਟਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਕਾਰਪੋਰੇਟ ਸੈਕਟਰ ਨੂੰ ਟੈਕਸ ਛੋਟਾਂ, ਆਰਥਿਕ ਪ੍ਰੋਤਸਾਹਨ ਅਤੇ ਕਰਜ਼ ਮਾਫੀ ਦੀਆਂ ਰਿਊੜੀਆਂ ਵੰਡੀਆਂ ਜਾ ਰਹੇ ਹਨ ਅਤੇ ਲੋਕਾਂ ਦਾ ਅਸਿੱਧੇ ਟੈਕਸਾਂ ਰਾਹੀਂ ਕਚੂੰਮਰ ਕੱਢਿਆ ਜਾ ਰਿਹਾ ਹੈ। ਅਜਿਹੇ ਵੇਲੇ, ਆਉਣ ਵਾਲੇ 25 ਸਾਲਾਂ ’ਚ ਦੇਸ਼ ਨੂੰ ਵਿਕਸਤ ਮੁਲਕ ’ਚ ਤਬਦੀਲ ਕਰਨ ਦੇ ‘ਮੁੰਗੇਰੀ ਲਾਲ ਦੇ ਹਸੀਨ ਸੁਪਨੇ’ ਦੇਖਣੇ ਹੋਰ ਗੱਲ ਹੈ ’ਤੇ ਜ਼ਮੀਨੀ ਹਕੀਕਤਾਂ ਕੁੱਝ ਹੋਰ ਹਨ।
ਅੰਤ ਵਿੱਚ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਪਲਟੇ ਬਿਨਾ ਅਤੇ ਫਿਰਕੂ-ਫਾਸਿਸਟ ਤਾਕਤਾਂ ਨੂੰ ਅਮਲੀ ਤੇ ਵਿਚਾਰਧਾਰਕ ਸੰਘਰਸ਼ ਰਾਹੀਂ ਭਾਂਜ ਦਿੱਤੇ ਬਗੈਰ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੁੱਝ ਵੀ ਨਹੀਂ ਸੰਵਰ ਸਕਣਾ। ਉਲਟਾ ਸਗੋਂ ਪਿਛਲੇ 75 ਸਾਲਾਂ ਦੀਆਂ ਸੀਮਤ ਲੋਕ ਪੱਖੀ ਪ੍ਰਾਪਤੀਆਂ ਵੀ ਜਾਇਆ ਹੋ ਜਾਣਗੀਆਂ। ਦੇਸ਼ ਨੂੰ ਸਾਮਰਾਜੀ ਲੁੱਟ ਅਤੇ ਦਾਬੇ ਤੋਂ ਮੁਕਤ ਕਰਨ ਦਾ ਜ਼ਰੀਆ ਬਣਿਆ ਪਬਲਿਕ ਸੈਕਟਰ ਆਰਥਿਕ ਖੇਤਰ ਦੀ ਸਾਡੀ ਅਜਿਹੀ ਹੀ ਮੁੱਖ ਪ੍ਰਾਪਤੀ ਹੈ।
ਇਸ ਅਵਸਥਾ ਵਿਚ ਦੇਸ਼ ਦਾ ਭਲਾ ਚਾਹੁਣ ਵਾਲੇ ਸਭਨਾਂ ਦਾ ਸਾਂਝਾ ਸੰਘਰਸ਼ੀ ਹੰਭਲਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ।
