Now Reading
ਅਤੀਤ ਦੀਆਂ ਮਾਨਵਤਾਵਾਦੀ ਲੋਕ ਲਹਿਰਾਂ ਦੀ ਪੇ੍ਰਰਣਾ ਨਾਲ ਸਮਾਜਿਕ ਤਬਦੀਲੀ ਦੇ ਸੰਘਰਸ਼ ਤੇਜ਼ ਕਰੋ!

ਅਤੀਤ ਦੀਆਂ ਮਾਨਵਤਾਵਾਦੀ ਲੋਕ ਲਹਿਰਾਂ ਦੀ ਪੇ੍ਰਰਣਾ ਨਾਲ ਸਮਾਜਿਕ ਤਬਦੀਲੀ ਦੇ ਸੰਘਰਸ਼ ਤੇਜ਼ ਕਰੋ!

ਪੰਜਾਬੀ ਖਿੱਤੇ ਦਾ ਇਤਿਹਾਸ ਆਜ਼ਾਦੀ, ਬਰਾਬਰਤਾ, ਸਾਂਝੀਵਾਲਤਾ ਤੇ ਜ਼ੁਲਮਾਂ ਦਾ ਟਾਕਰਾ ਕਰਦਿਆਂ ਆਪਾ ਵਾਰਨ ਸਮੇਤ ਸੱਭ ਕੁੱਝ ਕੁਰਬਾਨ ਕਰ ਦੇਣ ਦੀਆਂ ਮਾਣਮੱਤੀਆਂ ਪ੍ਰੰਪਰਾਵਾਂ ਨਾਲ ਭਰਿਆ ਪਿਆ ਹੈ। ਇੱਥੋਂ ਦੇ ਲੋਕਾਂ ਦਾ ਮੱਧ ਕਾਲ ’ਚ ਉਠੀ ਭਗਤੀ ਲਹਿਰ ਨਾਲ ਬਹੁਤ ਹੀ ਡੂੰਘਾ ਤੇ ਭਾਵਪੂਰਤ ਰਿਸ਼ਤਾ ਰਿਹਾ ਹੈ। ਇਨ੍ਹਾਂ ਵਿਚਾਰਧਾਰਕ ਤੇ ਸਮਾਜਿਕ ਸਾਂਝਾਂ ਦਾ ਹੀ ਸਿੱਟਾ ਹੈ ਕਿ ਪੰਜਾਬ ਦੀ ਧਰਤੀ ਮਨੁੱਖਤਾ ਦੀ ਸੇਵਾ, ਬਰਾਬਰੀ ਦੇ ਸੁਨੇਹੇ ਤੇ ਪੀੜਤ ਲੋਕਾਈ ਲਈ ਸਭ ਕੁਝ ਨਿਓਛਾਵਰ ਕਰ ਦੇਣ ਵਰਗੇ ਸਤਿਗੁਣਾਂ ਦੇ ਧਾਰਨੀ ਲੋਕਾਂ ਨੂੰ ਜਨਮ ਦੇਣ ਵਾਲੀ ਜ਼ਰਖੇਜ਼ ਭੂਮੀ ਵਜੋਂ ਵਡਿਆਈ ਜਾਂਦੀ ਹੈ। ਦੇਸ਼ ਦੇ ਆਜ਼ਾਦੀ ਸੰਗਰਾਮ ’ਚ ਕੁੱਦੇ ਗਦਰੀ ਬਾਬਿਆਂ, ਬੱਬਰ ਅਕਾਲੀਆਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸੰਗੀ-ਸਾਥੀਆਂ ਅਤੇ ਹੋਰਨਾਂ ਲੋਕ ਪੱਖੀ ਤੰਜ਼ੀਮਾਂ ਦੇ ਬਾਵੱਕਾਰ ਆਗੂਆਂ ਵਲੋਂ ਸਿੱਖ ਗੁਰੂਆਂ ਅਤੇ ਹੋਰਨਾਂ ਯੋਧਿਆਂ ਦੀਆਂ ਅਦੁੱਤੀ ਸ਼ਹਾਦਤਾਂ ਤੇ ਕੁਰਬਾਨੀਆਂ ਤੋਂ ਮਿਲੀ ਪ੍ਰੇਰਨਾ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਧਾਰਨੀ ਹੋਣ ਸਦਕਾ ਹੀ ਇੱਥੋਂ ਦੇ ਜੰਮੇ ਲੋਕਾਂ ਨੂੰ ਹੱਲਾਕਾਰੀਆਂ ਦੇ ਜ਼ੁਲਮਾਂ ਵਿਰੁੱਧ ਅਗਲੀਆਂ ਸਫਾਂ ’ਚ ਹੋ ਕੇ ਲੜਨ ਦਾ ਮਾਣ ਹਾਸਲ ਹੈ। ਇਨਸਾਫ਼ ਪ੍ਰਾਪਤੀ ਦੀਆਂ ਜੰਗਾਂ ’ਚ ਹੁੰਦੇ ਰਹੇ ਭਾਰੀ ਜਾਨੀ-ਮਾਲੀ ਨੁਕਸਾਨ ਨੂੰ ਖਿੜੇ ਮੱਥੇ ਜਰਨ ਅਤੇ ਇਸ ਦੀ ਭਰਪਾਈ ਲਈ ਹੌਂਸਲੇ ਨਾਲ ਜੁਟ ਜਾਣ ਦੀ ਮੁਹਾਰਤ ਵੀ ਪੰਜਾਬ ਦੇ ਜਾਇਆਂ ਨੂੰ ਇਸੇ ਵਿਚਾਰਧਾਰਾ ਤੋਂ ਹਾਸਲ ਹੁੰਦੀ ਆਈ ਹੈ।
ਪ੍ਰੰਤੂ, ਪੰਜਾਬੀਆਂ ਦੀ ਝੋਲੀ ਇਸ ਬੇਸ਼ਕੀਮਤੀ ਵਿਰਸੇ ਰੂਪੀ ਖਜ਼ਾਨੇ ਨਾਲ ਭਰੀ ਹੋਣ ਦੇ ਬਾਵਜੂਦ ਅਜਿਹੇ ਕਿਹੜੇ ਕਾਰਨ ਰਹੇ ਕਿ ਗੁਰੂਆਂ ਤੇ ਭਗਤੀ ਲਹਿਰ ਦੇ ਦੂਸਰੇ ਮਹਾਨ ਪੁਰਸ਼ਾਂ ਅਤੇ ਲਾਸਾਨੀ ਸੁਤੰਤਰਤਾ ਸੰਗਰਾਮੀਆਂ ਦੀਆਂ ਸਿੱਖਿਆਵਾਂ ਅਤੇ ਅਦੁੱਤੀ ਕੁਰਬਾਨੀਆਂ ਤੋਂ ਸੇਧ ਲੈ ਕੇ ਅੱਜੇ ਤਾਈਂ ਅਸੀਂ ਕੋਈ ਐਸੀ ਵੱਡੀ ਲਹਿਰ ਖੜ੍ਹੀ ਨਹੀਂ ਕਰ ਸਕੇ, ਜੋ ਪ੍ਰਾਂਤ ਤੇ ਦੇਸ਼ ਅੰਦਰ ਆਰਥਿਕ ਬਰਾਬਰੀ ਵਾਲੇ ਸਮਾਜ ਨੂੰ ਸਿਰਜਣ ਵਾਲੀ ਇਨਕਲਾਬੀ ਧਾਰਾ ਦੀ ਆਗਵਾਈ ਕਰਨ ਦੇ ਯੋਗ ਬਣ ਸਕੇ!? ਹਾਲਾਂਕਿ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਦੇ ਸੰਗਰਾਮ ’ਚ ਵੀ ਪੰਜਾਬ ਵਾਸੀਆਂ ਦਾ ਮੋਹਰਲੀਆਂ ਸਫਾਂ ’ਚ ਲੜਦਿਆਂ ਸ਼ਾਨਾਮੱਤੀਆਂ ਕੁਰਬਾਨੀਆਂ ਕਰਨ ਦਾ ਸ਼ਾਨਦਾਰ ਰਿਕਾਰਡ ਹੈ। ਨਾਲ ਹੀ, ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਵੀ ਪੰਜਾਬ ਅੰਦਰ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਮਸਲਿਆਂ ਦੇ ਹੱਲ ਲਈ ਅਤੇ ਹਕੂਮਤੀ ਬੇਇਨਸਾਫੀਆਂ ਖਿਲਾਫ਼ ਤੇ ਇਸਤਰੀਆਂ ’ਤੇ ਹੁੰਦੇ ਜ਼ੁਲਮਾਂ ਵਿਰੁੱਧ ਪੰਜਾਬ ਵਾਸੀਆਂ ਵੱਲੋਂ ਅਨੇਕਾਂ ਜੇਤੂ ਸੰਘਰਸ਼ ਲੜੇ ਗਏ ਹਨ, ਜਿਨ੍ਹਾਂ ਦੀ ਅਗਵਾਈ ਮੋਟੇ ਤੌਰ ’ਤੇ ਸਿੱਖ ਫਲਸਫ਼ੇ ਦੇ ਮਾਨਵਤਾਵਾਦੀ ਅਸੂਲਾਂ ਨੂੰ ਪ੍ਰਣਾਈਆਂ ਹੋਈਆਂ ਜਥੇਬੰਦੀਆਂ ਤੇ ਵਿਅਕਤੀਆਂ ਦੇ ਨਾਲ-ਨਾਲ ਸਮਾਜਿਕ ਤਬਦੀਲੀ ਲਈ ਜੂਝ ਰਹੀਆਂ ਪ੍ਰਗਤੀਸ਼ੀਲ ਧਿਰਾਂ ਦੇ ਹੱਥਾਂ ’ਚ ਰਹੀ ਹੈ। ਰਾਜੇ-ਰਜਵਾੜਿਆਂ ਤੇ ਜਗੀਰਦਾਰਾਂ ਵਿਰੁੱਧ ਰਿਆਸਤੀ ਮੁਜ਼ਾਰਿਆਂ ਦਾ ਸ਼ਾਨਾਮੱਤਾ ਜੇਤੂ ਘੋਲ, ਪੰਜਾਬੀ ਬੋਲੀ ’ਤੇ ਅਧਾਰਤ ‘‘ਪੰਜਾਬੀ ਸੂਬੇ’’ ਦੀ ਸਥਾਪਨਾ ਕੀਤੇ ਜਾਣ ਲਈ ਜਮਹੂਰੀ ਲੀਹਾਂ ’ਤੇ ਚੱਲਿਆ ਸਮੂਹ ਪੰਜਾਬੀਆਂ ਦਾ ਸਾਂਝਾ ਸੰਘਰਸ਼, ਖੁਸ਼ ਹੈਸੀਅਤੀ ਟੈਕਸ ਵਿਰੁੱਧ ਲੜਿਆ ਗਿਆ ਸ਼ਾਨਦਾਰ ਤੇ ਸਫਲ ਕਿਸਾਨ ਅੰਦੋਲਨ, ਮਿਲ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਲਹੂ ਵੀਟਵੀਆਂ ਜਦੋ-ਜ਼ਹਿਦਾਂ, ਅੱਤਵਾਦ-ਵੱਖਵਾਦ ਵਿਰੁੱਧ ਵਿਚਾਰਧਾਰਕ ਸੰਘਰਸ਼ ਕਰਦਿਆਂ ਸੈਂਕੜੇ ਕਮਿਊਨਿਸਟਾਂ ਵੱਲੋਂ ਦਿੱਤੀਆਂ ਗਈਆਂ ਮਾਣ-ਮੱਤੀਆਂ ਸ਼ਹਾਦਤਾਂ ਅਤੇ ਅਨੇਕਾਂ ਆਮ ਸ਼ਹਿਰੀਆਂ ਦੀਆਂ ਅਥਾਹ ਕੁਰਬਾਨੀਆਂ, ਪੰਜਾਬ ਦੇ ਜਾਇਆਂ ਦੀ ਹੱਕ-ਸੱਚ ਲਈ ਜੂਝ ਮਰਨ ਦੀ ਸ਼ਾਨਦਾਰ ਰਵਾਇਤ ਨੂੰ ਦਰਸਾਉਣ ਵਾਲੀਆਂ ਕੁਝ ਕੁ ਉੱਭਰਵੀਆਂ ਤੇ ਇਤਿਹਾਸ ਸਿਰਜਣ ਵਾਲੀਆਂ ਗਾਥਾਵਾਂ ਹਨ। ਮੋਦੀ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਮੋਰਚੇ ਮੱਲ ਕੇ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਲੜਿਆ ਗਿਆ ਜੇਤੂ ਕਿਸਾਨ ਸੰਘਰਸ਼, ਜੋ ਦੇਸ਼ ’ਚ ਹੀ ਨਹੀਂ, ਸੰਸਾਰ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਵੀ ਪੰਜਾਬ ਤੋਂ ਹੀ ਆਰੰਭ ਹੋਇਆ ਸੀ। ਪ੍ਰੰਤੂ ਇਨ੍ਹਾਂ ਸੰਘਰਸ਼ਾਂ ’ਚੋਂ ਰਾਜਨੀਤਕ ਤੇ ਵਿਚਾਰਧਾਰਕ ਚੇਤਨਾ ਦੇ ਉਗਮਣ ਦੀ ਜਿਹੜੀ ਹੱਕ-ਬਜਾਨਬ ਆਸ ਕੀਤੀ ਜਾਂਦੀ ਹੈ, ਉਸ ਨੂੰ ਅਜੇ ਤਾਈਂ ਵੀ ਬੂਰ ਨਹੀਂ ਪਿਆ। ਇਹ ਘਾਟ ਕਾਫੀ ਰੜਕਦੀ ਹੈ।
ਅਤੀਤ ’ਚ ਵੀ ਅਗਾਂਹਵਧੂ ਤੇ ਖੱਬੇ ਪੱਖੀ ਲਹਿਰਾਂ ਦੀ ਸਿਰਜਣਾ ਦੇ ਰਾਹ ’ਚ ਰੋੜੇ ਅਟਕਾਉਣ ਤੇ ਇਨ੍ਹਾਂ ਲਹਿਰਾਂ ਦੇ ਲੋਕ ਮਨਾਂ ’ਚ ਉੱਕਰੇ ਨਰੋਏ ਪ੍ਰਭਾਵਾਂ ਨੂੰ ਖਾਰਜ ਕਰਨ ਲਈ ਪੰਜਾਬ ਅੰਦਰ ਕਈ ਵਾਰ ਸਰਕਾਰਾਂ ਦੇ ਪਾਲੇ ਹੋਏ ਤੇ ਵਿਦੇਸ਼ੀ ਤਾਕਤਾਂ ਦੇ ਹੱਥਠੋਕੇ ਸ਼ਰਾਰਤੀ ਤੇ ਸਮਾਜ ਵਿਰੋਧੀ-ਅਰਾਜਕ ਤੱਤ, ਧਰਮਾਂ, ਭਾਸ਼ਾਵਾਂ ਤੇ ਖਿੱਤਿਆਂ ਦੇ ਸੌੜੇ ਰਾਜਸੀ ਮੁੱਦਿਆਂ ਦੁਆਲੇ ਜਨ ਸਧਾਰਣ ਨੂੰ ਲਾਮਬੰਦ ਕਰਕੇ ਫਿਰਕੂ ਤੇ ਵੰਡਵਾਦੀ ਮਹੌਲ ਸਿਰਜਣ ’ਚ ਵੀ ਸਫਲ ਹੋ ਜਾਂਦੇ ਰਹੇ ਹਨ ਅਤੇ ਇਹ ਕੋਝੇ ਯਤਨ ਅੱਜ ਵੀ ਜਾਰੀ ਹਨ। ਇਹ ਵੀ ਉਚੇਚਾ ਚਿੰਤਾ ਜਨਕ ਵਰਤਾਰਾ ਹੈ ਕਿ ਨੌਜਵਾਨ ਇਸ ਕੁਰਾਹੇ ਦਾ ਜਲਦੀ ਸ਼ਿਕਾਰ ਹੁੰਦੇ ਦੇਖੇ ਗਏ ਹਨ। ਅਜਿਹਾ ਕਿਉਂ? ਇਹ ਖਿੱਤੇ ਨਾਲ ਸਬੰਧਤ ਸਾਰੇ ਸੂਝਵਾਨ ਤੇ ਸੁਹਿਰਦ ਲੋਕਾਂ ਲਈ ਇਹ ਡੂੰਘੀ ਘੋਖ-ਪੜਤਾਲ ਦਾ ਵਿਸ਼ਾ ਹੈ!
ਬਿਨ੍ਹਾਂ ਸ਼ੱਕ 1970ਵਿਆਂ ’ਚ ਆਰੰਭ ਹੋਇਆ ਖਾਲਿਸਤਾਨੀ ਲਹਿਰ ਦਾ ਸਮਾਂ, ਜਿਸ ਦੌਰਾਨ 26 ਹਜ਼ਾਰ ਦੇ ਕਰੀਬ ਬੇਗੁਨਾਹ ਪੰਜਾਬੀਆਂ ਦੀਆਂ ਜਾਨਾਂ ਅਜਾਈਂ ਹੀ ਖੋਹ ਲਈਆਂ ਗਈਆਂ ਸਨ, ਪੰਜਾਬ ਦੀ ਸਾਂਝੀਵਾਲਤਾ ਵਾਲੀ, ਲੋਕ ਪੱਖੀ ਵਿਰਾਸਤ ਦਾ ਘੋਰ ਅਪਮਾਨ ਕਰਨ ਵਾਲੇ ਦੌਰ ਵਜੋਂ ਯਾਦ ਕੀਤਾ ਜਾਵੇਗਾ। ਹਾਲਾਂਕਿ ਇਸ ਵੱਖਵਾਦੀ ਲਹਿਰ ਨਾਲ ਜੁੜੇ ਕੁਝ ਐਸੇ ਜਮਹੂਰੀ ਤੇ ਰਾਜਨੀਤਕ ਸਵਾਲ ਵੀ ਸਨ, ਜਿਹੜੇ ਕਿਸੇ ਵਿਸ਼ੇਸ਼ ਫਿਰਕੇ ਨਾਲ ਸੰਬੰਧਤ ਨਾ ਹੋ ਕੇ ਸਮੁੱਚੇ ਪੰਜਾਬੀ ਲੋਕਾਂ ਦੇ ਜੀਵਨ ਨਾਲ ਨੇੜਿਓਂ ਜੁੜੇ ਹੋਏ ਸਨ ਅਤੇ ਜੋ ਅੱਜ ਵੀ ਅਣਸੁਲਝੇ ਹੀ ਪਏ ਹਨ। ਪ੍ਰੰਤੂ ਇਸ ਲਹਿਰ ਦੀ ਅਗਵਾਈ ਮੁੱਖ ਰੂਪ ’ਚ ਉਨ੍ਹਾਂ ਸਿੱਖ ਆਗੂਆਂ ਦੇ ਹੱਥਾਂ ’ਚ ਰਹੀ, ਜਿਨ੍ਹਾਂ ਨੇ ਧਾਰਮਿਕ ਸਿੱਖਿਆਵਾਂ ਤੇ ਚਿੰਨ੍ਹਾਂ ਨੂੰ ਸਮੁੱਚੇ ਸੰਦਰਭ ਨਾਲੋਂ ਨਿਖੇੜ ਕੇ, ਧਾਰਮਿਕ ਗ੍ਰੰਥਾਂ ’ਚ ਦਰਜ ਬਾਣੀ ਦੇ ਅਰਥਾਂ ਨੂੰ ਮਨੋ ਕਲਪਿਤ ਰੰਗਤ ਦਿੰਦਿਆਂ, ਸਿੱਖ ਜਨ ਸਮੂਹਾਂ ਨੂੰ ਕੁਰਾਹੇ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਕੰਮ ’ਚ ਹਾਕਮ ਧਿਰਾਂ, ਕੇਂਦਰੀ ਏਜੰਸੀਆਂ ਤੇ ਭਾਰਤ ਦੋਖੀ ਵਿਦੇਸ਼ੀ ਤਾਕਤਾਂ ਦੀ ਭੂਮਿਕਾ ਨੇ ਜਮਹੂਰੀ ਲਹਿਰ ਦਾ ਕਿੰਨਾ ਨੁਕਸਾਨ ਕੀਤਾ, ਇਹ ਵੇਰਵੇ ਹੁਣ ਵੱਡੀ ਹੱਦ ਤੱਕ ਜਗ ਜਾਹਰ ਹੋ ਚੁੱਕੇ ਹਨ। ਇਸੇ ਤਰ੍ਹਾਂ 2021-22 ’ਚ ਲੜੇ ਗਏ ਮਹਾਨ ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬੀਆਂ ਦੇ ਖ਼ੂਨ ’ਚ ਦੌੜਦੀ ਨਾਬਰੀ ਤੇ ਜ਼ੁਲਮ ਵਿਰੁੱਧ ਜੂਝਣ ਦੀ ਦੀਦਾ ਦਲੇਰੀ ਦੇ ਝਲਕਾਰੇ ਸਾਫ਼ ਨਜ਼ਰੀਂ ਪਏ ਸਨ। ਪ੍ਰੰਤੂ ਇਹ ਵੀ ਵੱਡੇ ਦੁਰਭਾਗ ਦਾ ਵਿਸ਼ਾ ਹੈ ਕਿ ਅੰਦੋਲਨ ਜਿੱਤ ਕੇ ਵਾਪਸ ਪਰਤੇ ਲੋਕਾਂ ਦੇ ਮਨਾਂ ਅੰਦਰ, ਅੰਦੋਲਨ ਦੌਰਾਨ ਪਨਪੀ ਸਥਾਪਤੀ ਵਿਰੋਧੀ ਸੇਧ ਤੇ ਊਰਜਾ ਨੂੰ ਜਦੋਂ ਅਮਲੀ ਜਾਮਾ ਪਹਿਨਾਉਣ ਦਾ ਸਮਾਂ ਆਇਆ ਤਾਂ ਇਸ ਕਾਰਜ ’ਚ ਲੋੜੀਂਦੀ ਕਾਮਯਾਬੀ ਹਾਸਲ ਨਹੀਂ ਹੋ ਸਕੀ। ਉਲਟਾ ਸਗੋਂ ਸਥਾਪਤੀ ਵਲੋਂ ਐਸੇ ਤੱਤਾਂ ਨੂੰ ਲੋਕਾਂ ਦੇ ‘ਆਦਰਸ਼’ ਬਣਾਉਣ ਦੀ ਯੋਜਨਾ ਵੱਡੀ ਹੱਦ ਤੱਕ ਸਿਰੇ ਚੜ੍ਹ ਗਈ, ਜਿਨ੍ਹਾਂ ਦਾ ਕਿਰਦਾਰ ਇਸ ਲੋਕ ਪੱਖੀ ਅੰਦੋਲਨ ਦੇ ਉੱਚੇ-ਸੱਚੇ ਆਦਰਸ਼ਾਂ ਦਾ ਮੁੱਦਈ ਹੋਣ ਤੋਂ ਕੋਹਾਂ ਦੂਰ ਸੀ। ਹੋਰ ਤਾਂ ਛੱਡੋ, ਇਹ ਵਿਅਕਤੀ ਤਾਂ ਕਿਸੇ ਵੀ ਪੱਖੋਂ ਸੱਚੇ-ਸੁੱਚੇ ਸਿੱਖ ਕਹਾਉਣ ਦੇ ਵੀ ਹੱਕਦਾਰ ਨਹੀਂ ਸਨ ਕਹੇ ਜਾ ਸਕਦੇ। ਇਹ ਦੇਖਣਾ ਵੀ ਡਾਢਾ ਤਖਲੀਫਦੇਹ ਰਿਹਾ ਕਿ ਲੋਕਾਂ ਦਾ ਹਲਕਾ-ਫੁਲਕਾ ਮਨੋਰੰਜਨ ਕਰਨ ਵਾਲੇ ਸਤਹੀ ਗਾਇਕਾਂ ਦੀਆਂ ਮੌਤਾਂ ਉਪਰ ਪੰਜਾਬੀ ਨੌਜਵਾਨ ਐਨਾ ਭਾਵੁਕ ਤੇ ਉਲਾਰ ਹੋ ਗਿਆ, ਜਿੰਨਾਂ ਸ਼ਾਇਦ ਕਿਸੇ ਸ਼੍ਰੋਮਣੀ ਸ਼ਹੀਦ ਦੀ ਸ਼ਹਾਦਤ ਮੌਕੇ ਵੀ ਨਾ ਹੋਇਆ ਹੋਵੇ! ਕਾਰਪੋਰੇਟ ਘਰਾਣਿਆਂ ਦੇ ਵਿਰੋਧ ’ਚ ਇਕ ਸਾਲ ਤੋਂ ਜ਼ਿਆਦਾ ਸਮਾਂ ਚੱਲੇ ਅੰਦੋਲਨ ਦੌਰਾਨ ਅੱਤ ਦੀਆਂ ਮੁਸ਼ਕਿਲਾਂ ’ਚ ਵੀ ਹੱਸਦੇ ਰਹਿਣ ਦਾ ਮਾਣਮੱਤਾ ਤਜ਼ਰਬਾ ਹਾਸਲ ਕਰਕੇ ਪਰਤੇ ਕਿਸਾਨ ਚੋਖੀ ਗਿਣਤੀ ’ਚ ਕੁਝ ਕੁ ਵਿੱਤੀ ਲਾਲਸਾਵਾਂ ਜਾਂ ਹੋਰ ਥੋੜ੍ਹ ਚਿਰੇ ਲਾਭਾਂ ਖਾਤਰ ਉਨ੍ਹਾਂ ਹੀ ਕਾਰਪੋਰੇਟ ਲੁਟੇਰਿਆਂ ਦੇ ਦਰੀਂ ਜਾ ਕੇ ਆਪਣੀ ਫਸਲ ਵੇਚਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਦੇਖੇ ਗਏ, ਜਿਨ੍ਹਾਂ ਦੀ ਉਹ ਸਮੁੱਚੇ ਸੰਘਰਸ਼ ਦੌਰਾਨ ਬੁਲੰਦ ਬਾਂਗ ਵਿਰੋਧਤਾ ਕਰਦੇ ਰਹੇ ਸਨ। ਕਾਰਪੋਰੇਟ ਪੱਖੀ ਕਾਨੂੰਨਾਂ ਖਿਲਾਫ਼ ਲਹੂ ਵੀਟਵਾਂ ਘੋਲ ਜਿੱਤ ਕੇ ਪਰਤੇ ਪੰਜਾਬੀਆਂ ਦਾ ਪੰਜਾਬ ਵਿਧਾਨ ਸਭਾ ਦੀਆਂ ਇਸੇ ਸਾਲ ਫਰਵਰੀ ਮਹੀਨੇ ਸੰਪੰਨ ਹੋਈਆਂ ਚੋਣਾਂ ’ਚ ਕਾਰਪੋਰੇਟ ਪੱਖੀ ਰਾਜਸੀ ਧਿਰ (ਆਪ) ਦੇ ਹੱਕ ’ਚ ਭੁਗਤਣਾ ਵੀ, ਕਿਵੇਂ ਵੀ ਵਾਜ਼ਬ ਨਹੀਂ ਠਹਿਰਾਇਆ ਜਾ ਸਕਦਾ।
ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ’ਚ ਲੋਕਾਂ ਵਲੋਂ ‘ਆਪ’ ਸਰਕਾਰ ਦੀ ਭੈੜੀ ਕਾਰਗੁਜ਼ਾਰੀ ਵਿਰੁੱਧ ਭੁਗਤਣ ਨੂੰ ਕੁੱਝ ਹਲਕੇ ਬੇਸ਼ਕ ਵੋਟਰਾਂ ਅੰਦਰ ਪੈਦਾ ਹੋਈ ‘ਨਵੀਂ ਸੋਚ’ ਦਾ ਨਾਂ ਦਿੰਦੇ ਹੋਣ, ਪ੍ਰੰਤੂ ਸਾਡੀ ਜਾਚੇ ਸਿਮਰਨਜੀਤ ਸਿੰਘ ਮਾਨ ਵਰਗੇ ਅੱਤ ਦੇ ਗੈਰ ਜ਼ਿੰਮੇਵਾਰ ਤੇ ਸ਼ੱਕੀ ਕਿਰਦਾਰ ਵਾਲੇ ਆਦਮੀ ਨੂੰ ਚੁਣ ਕੇ ਪਾਰਲੀਮੈਂਟ ’ਚ ਭੇਜਣਾ, ਪੰਜਾਬੀਆਂ ਦੀ ਵੱਡੀ ਭੁੱਲ ਜਾਂ ਉਲਾਰ ਸੋਚ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਇਸ ਫ਼ਤਵੇ ਨਾਲ ਪੂਰੇ ਦੇਸ਼ ਅੰਦਰ ਪੰਜਾਬੀਆਂ ਬਾਰੇ ਇਕ ਨਾਂਹ ਪੱਖੀ ਸੁਨੇਹਾ ਗਿਆ ਹੈ। ਹਾਲਾਂ ਕਿ ਕੁਝ ਕੁ ਦਿਨਾਂ ਬਾਅਦ ਉਸੇ ਹੀ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ’ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਉਸਦੀ ਚੰਗੀ ਖੁੰਬ ਵੀ ਠੱਪੀ ਗਈ ਸੀ। ਜਾਪਦਾ ਹੈ ਕਿ ਪੰਜਾਬ ਦੇ ਸਮੁੱਚੇ ਲੋਕ ਅਜੇ ਉਸ ਦਰੁਸਤ ਰਾਜਨੀਤਕ ਮੁਤਬਾਦਲ ਦੀ ਤਲਾਸ਼ ’ਚ ਗੰਭੀਰਤਾ ਨਾਲ ਆਤਮ ਮੰਥਨ ਕਰ ਰਹੇ ਹਨ, ਜੋ ਉਨ੍ਹਾਂ ਨੂੰ ਧਰਾਤਲ ’ਤੇ ਠੋਸ ਰੂਪ ’ਚ ਅਜੇ ਕਿਧਰੇ ਨਜ਼ਰ ਨਹੀਂ ਆ ਰਿਹਾ। ਪੰਜਾਬੀਆਂ ਦੀ ਇਸ ਭਟਕਣ ਪਿੱਛੇ ਜਿੱਥੇ ਲੋਕਾਈ ਦਾ ਉਲਾਰਪੁਨੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਉਥੇ ਇਹ ਗੱਲ ਵੀ ਬਿਨਾਂ ਰੱਖ-ਰਖਾਅ ਦੇ ਕਹੀ ਜਾ ਸਕਦੀ ਹੈ ਕਿ ਲੋਕ ਪੱਖੀ, ਸੰਘਰਸ਼ਸ਼ੀਲ ਤਾਕਤਾਂ ਦੀ ਲੋਕਾਂ ਨੂੰ ਦਰੁਸਤ ਸੇਧ ’ਚ ਲਾਮਬੰਦ ਕਰਕੇ ਸੰਘਰਸ਼ਾਂ ਦੇ ਰਾਹ ਪਾਉਣ ਪੱਖੋਂ ਅਸਫਲਤਾ ਵੀ ਇਸ ਮਾਮਲੇ ’ਚ ਬਰਾਬਰ ਦੀ ਦੋਸ਼ੀ ਹੈ।
ਪ੍ਰਾਂਤ ’ਚ ਇਕ ਮਜ਼ਬੂਤ ਤੇ ਸਥਿਰ ਲੋਕ ਪੱਖੀ ਲਹਿਰ ਦੇ ਨਾ ਉੱਸਰਨ ਦਾ ਇਕ ਕਾਰਨ ਅਗਾਂਹਵਧੂ ਸ਼ਕਤੀਆਂ ਵੱਲੋਂ ਸਾਡੇ ਖਿੱਤੇ ਦੀ ਮਾਨਵਤਾਵਾਦੀ ਤੇ ਆਪਾਵਾਰੂ ਵਿਰਾਸਤ ਨੂੰ ਅਣਗੌਲਿਆਂ ਕਰਨਾ ਤੇ ਇਥੋਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਪੂਰੀ ਡੂੰਘਾਈ ਨਾਲ ਨਾ ਸਮਝਣਾ ਵੀ ਹੈ। ਕਿਸੇ ਵੀ ਦੇਸ਼ ਜਾਂ ਖਿੱਤੇ ਦੇ ਇਤਿਹਾਸਕ ਪਿਛੋਕੜ ਤੇ ਸਭਿਆਚਾਰ ਦੇ ਨਰੋਏ ਪੱਖਾਂ ਦੀ ਜਾਣਕਾਰੀ ਤੇ ਜੁਝਾਰੂ ਅਮਲਾਂ ਨੂੰ ਸਮਾਜਿਕ ਤਬਦੀਲੀ ਨਾਲ ਜੁੜਵੇਂ ਘੋਲਾਂ ਦੇ ਵਾਧੇ ਲਈ ਇਸਤੇਮਾਲ ਕਰਨ ਹਿਤ ਮੇਚਵੇਂ ਦਾਅਪੇਚ ਘੜਨ ਦੀ ਕਲਾ, ਹਕੀਕੀ ਇਨਕਲਾਬੀ ਲਹਿਰ ਦੀ ਸਿਰਜਣਾ ਅਤੇ ਸਫਲਤਾ ਲਈ ਮੁੱਢਲੀ ਸ਼ਰਤ ਹੈ। ਦੇਸ਼ ਦੇ ਇਸ ਹਿੱਸੇ ਅੰਦਰ ਸਮਾਜ ਸੁਧਾਰਕਾਂ, ਸੂਫੀ ਰਹਿਬਰਾਂ, ਨਾਥਾਂ, ਯੋਗੀਆਂ, ਸਿੱਖ ਗੁਰੂਆਂ ਤੇ ਭਗਤੀ ਲਹਿਰ ਦੇ ਮਹਾਨ ਚਿੰਤਕਾਂ ਦੀਆਂ, ਇੱਥੋਂ ਦੇ ਸਮਾਜ ਦੀ ਅਸਲੀਅਤ ਨੂੰ ਸਮਝਣ ਤੇ ਸਮਾਜਿਕ ਵਿਗਾੜਾਂ ਪ੍ਰਤੀ ਛੇੜੀਆਂ ਗਈਆਂ ਬਗ਼ਾਵਤੀ ਸੁਰਾਂ ਨੂੰ ਸਮਾਜਿਕ ਪਰਿਵਰਤਨ ਦੀ ਤਾਂਘ ਰੱਖਦਾ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਅਣਡਿੱਠ ਕਿਵੇਂ ਕਰ ਸਕਦਾ ਹੈ!? ਸਿੱਖ ਧਰਮ ਦੀ ਸਥਾਪਨਾ ਤੇ ਵਿਕਾਸ ਕਿਸੇ ਜ਼ੋਰ-ਜਬਰ ਨਾਲ ਨਹੀਂ, ਬਲਕਿ ਸੱਚਾਈ ਤੇ ਤਰਕ ਅਧਾਰਤ ਫਲਸਫ਼ੇ ਅਤੇ ਸੱਚੇ-ਸੁੱਚੇ ਅਮਲਾਂ ਕਾਰਨ ਹੋਇਆ ਹੈ। ਜਦੋਂ ਵੀ ਕਦੀ ਇਸ ਖਿੱਤੇ ਦੇ ਲੋਕ ਉਪਰੋਕਤ ਸੇਧਾਂ ਅਨੁਸਾਰ ਅੱਗੇ ਵਧੇ ਹਨ ਤਾਂ ਸਮੇਂ ਦੇ ਜਾਬਰ ਹਾਕਮਾਂ ਦੇ ਅਕਹਿ ਤੇ ਅਸਹਿ ਜ਼ੁਲਮਾਂ ਦੇ ਬਾਵਜੂਦ ਸਿੱਖ ਧਰਮ ਦੇ ਬੂਟੇ ਨੂੰ ਨਵੀਆਂ ਕਰੂੰਬਲਾਂ ਫੁੱਟਦੀਆਂ ਰਹੀਆਂ ਹਨ। ਸਿੱਖ ਗੁਰੂਆਂ ਨੇ ਜਿਹੜਾ ਪਹਿਰਾਵਾ ਤੇ ਰਹਿਣ-ਸਹਿਣ ਦੇ ਢੰਗ, ਸਿੱਖ ਧਰਮ ਦੇ ਅਨੁਆਈਆਂ ਲਈ ਸੁਝਾਏ ਸਨ, ਸਿੱਖ ਧਰਮ ਨੂੰ ਕੇਵਲ ਉਨ੍ਹਾਂ ਦੁਆਲੇ ਹੀ ਨਹੀਂ ਘੁੰਮਾਇਆ ਜਾਣਾ ਚਾਹੀਦਾ। ਬਹੁਤ ਸਾਰੇ ਸਿੱਖ ਆਗੂਆਂ ਤੇ ਧਰਮ ਪ੍ਰਚਾਰਕਾਂ ਨੇ ਇਸ ਬੁਨਿਆਦੀ ਅਸੂਲ ਦੀ ਉਲੰਘਣਾ ਕਰਦਿਆਂ ਸਾਰਾ ਜ਼ੋਰ ਸਿੱਖੀ ਦੇ ਰੂਪਕ ਪੱਖ ’ਤੇ ਹੀ ਦਿੱਤਾ ਹੈ, ਜਦ ਕਿ ਸਿੱਖੀ ਦੀ ਅਸਲ ਪਹਿਚਾਣ ਇਸ ਦੇ ਮਾਨਵੀ ਫਲਸਫ਼ੇ ਉਪਰ ਅਧਾਰਤ ‘ਅਮਲ’ ਨੂੰ ਰੱਖਿਆ ਜਾਣਾ ਚਾਹੀਦਾ ਹੈ। ਉਹ ਅਮਲ, ਜੋ ਹਰ ਕਿਸਮ ਦੇ ਜਬਰ ਵਿਰੁੱਧ ਜੂਝਦਾ ਹੋਇਆ ਬਰਾਬਰਤਾ, ਆਜ਼ਾਦੀ, ਸਾਂਝੀਵਾਲਤਾ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਵੱਲ ਸੇਧਤ ਹੋਵੇ। ਸਿੱਖ ਧਰਮ ਅਨੁਸਾਰ ਕਿਰਤ ਕਰਨਾ, ਨਾਮ ਜਪਣਾ (ਗਿਆਨ ਹਾਸਲ ਕਰਨਾ) ਤੇ ਵੰਡ ਛਕਣਾ ਸਮੁੱਚੀ ਮਨੁੱਖਤਾ ਦੇ ਫਰਜ਼ ਤੈਅ ਕੀਤੇ ਗਏ ਹਨ। ਅਜਿਹੀ ਸਮਾਜਿਕ ਸਿਰਜਣਾ ਲਈ ਜਾਤੀ-ਪਾਤੀ ਵੰਡ ਦੇ ਖਾਤਮੇ, ਔਰਤ-ਮਰਦ ਦੀ ਹਰ ਖੇਤਰ ’ਚ ਹਕੀਕੀ ਬਰਾਬਰਤਾ ਕਾਇਮ ਕਰਨ ਲਈ ਅਤੇ ਜ਼ੁਲਮ ਤੇ ਠੱਗੀਆਂ ਨਾਲ ਧਨ ਇਕੱਤਰ ਕਰਕੇ ਬਣੇ ਧਨਵਾਨ ਲੋਕਾਂ ਵਿਰੁੱਧ ਬੇਕਿਰਕ ਲੜਾਈ ਤੇ ਪੀੜਤ ਲੋਕਾਂ ਨੂੰ ਦੁੱਖ-ਭੁੱਖ ਤੋਂ ਨਿਜ਼ਾਤ ਦੁਆਉਣ ਖਾਤਰ ਸੰਘਰਸ਼ ਕਰਦਿਆਂ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸੰਦੇਸ਼ ਹੀ ਸਿੱਖੀ ਦਾ ਮੂਲ ਮੰਤਰ ਮਿਥਿਆ ਗਿਆ ਸੀ। ਨਰੋਏ ਸਮਾਜਿਕ ਤੇ ਸਭਿਆਚਾਰਕ ਰਸਮਾਂ-ਰਿਵਾਜਾਂ ਨੂੰ ਅਗਾਂਹ ਤੋਰਦੇ ਹੋਏ ਪਿਛਾਖੜੀ ਤੇ ਹਨੇਰ ਬਿਰਤੀਵਾਦੀ ਵਿਚਾਰਾਂ, ਜਾਦੂ-ਟੂਣੇ, ਵਹਿਮ-ਭਰਮ ਆਦਿ ਵਿਰੁੱਧ ਤੇ ਜੰਗਲੀਂ ਜਾ ਕੇ ਭਗਤੀ ਕਰਨ ਦਾ ਪਖੰਡ ਰਚਨ ਵਾਲਿਆਂ ਤੋਂ ਸਾਵਧਾਨ ਰਹਿਣ ਦਾ ਜ਼ੋਰਦਾਰ ਸੁਨੇਹਾ ਵੀ ਬਾਣੀ ’ਚ ਦਰਜ ਹੈ। ਹੱਕ-ਸੱਚ ਲਈ ਲੜੇ ਜਾਣ ਵਾਲੇ ਘੋਲਾਂ ਦੀ ਅਗਵਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਥਾਂ ‘ਸੰਯੁਕਤ ਹੱਥਾਂ’ ’ਚ ਦੇਣ ਦਾ ਵੱਡਮੁੱਲਾ ਲੋਕ ਰਾਜੀ ਸਿਧਾਂਤ ਵੀ ਦਸਵੇਂ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਦੀ ਦੁੱਖਾਂ-ਭੁੱਖਾਂ, ਜ਼ੁਲਮਾਂ-ਵਿਤਕਰਿਆਂ ਤੋਂ ਮੁਕਤੀ ਲਈ ਜੂਝ ਰਹੀ ਮਨੁੱਖ ਜਾਤੀ ਨੂੰ ਵੱਡੀ ਦੇਣ ਹੈ। ਸਨਾਤਨੀ ਵਿਚਾਰਧਾਰਾ, ਜਿਹੜੀ ਰਾਜਿਆਂ (ਸ਼ਾਸਕਾਂ) ਦੀ ਪੈਦਾਇਸ਼ ਤੇ ਹੈਸੀਅਤ ਨੂੰ ਕਿਸੇ ਦੈਵੀ ਸ਼ਕਤੀ ਦੀ ਦੇਣ ਸਮਝਦੀ ਹੈ, ਦੇ ਟਾਕਰੇ ’ਚ ‘ਰਾਜੇ ਸ਼ੀਂਹ, ਮੁਕੱਦਮ ਕੁੱਤੇ’ ਕਹਿ ਕੇ ਭੰਡਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਨੇ ਸਮਾਜਿਕ ਵਿਕਾਸ ਦੀ ਧਾਰਾ ਨੂੰ ਇਕ ਨਵਾਂ ਮੋੜ ਦੇ ਦਿੱਤਾ। ਜਦੋਂ ਸਨਾਤਨੀ ਧਰਮ ਦੇ ਅਨੁਆਈ ਵਿਦਵਾਨ ਕਿਸੇ ਮਨੁੱਖ ਦੀ ਮੌਜੂਦਾ ਚੰਗੀ-ਮੰਦੀ ਆਰਥਿਕ ਦਸ਼ਾ ਤੇ ਸਮਾਜਿਕ ਰੁਤਬੇ ਨੂੰ ਉਸ ਵਲੋਂ ਪਿਛਲੇ ਜਨਮਾਂ ’ਚ ਕੀਤੇ ਚੰਗੇ-ਮਾੜੇ ਕਰਮਾਂ ਦਾ ਫਲ ਦੱਸਦੇ ਸਨ, ਉਦੋਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦਾ ਖੂਨ ਪੀ-ਪੀ ਅਮੀਰ ਬਣੇ ਮਲਕ ਭਾਗੋ ਦਾ ਸੁਆਦਲਾ ਭੋਜਨ ਛੱਕਣ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਇਸ ’ਚੋਂ ਕਿਰਤੀ ਲੋਕਾਂ ਦਾ ਖੂਨ ਨਜ਼ਰ ਆਉਂਦਾ ਹੈ। ਇਹ ਪ੍ਰਸੰਗ ਆਪਣੇ ਆਪ ’ਚ ਹੀ ਪੁਨਰ ਜਨਮ ਦੀ ਧਾਰਨਾ ਦਾ ਖੰਡਨ ਵੀ ਕਰਦਾ ਹੈ ਅਤੇ ਕਿਰਤ ਦੀ ਲੁੱਟ ਤੇ ਕਾਣੀ ਵੰਡ ਦੀ ਘਾਤਕ ਸਮਾਜੀ ਵਰਤਾਰੇ ਵਜੋਂ ਭੰਡੀ ਕਰਦਾ ਹੈ। ਇਸ ਤੋਂ ਵੀ ਅੱਗੇ ਭਾਈ ਲਾਲੋ ਦੇ ਘਰ ਖਾਣਾ ਖਾਣ ਦੇ ਪ੍ਰਥਮ ਗੁਰੂ ਦੇ ਫੈਸਲੇ ਨੇ ਤਾਂ ਅਮੀਰੀ-ਗਰੀਬੀ ਬਾਰੇ ਹਜ਼ਾਰਾਂ ਸਾਲਾਂ ਤੋਂ ਪ੍ਰਚਾਰੀਆਂ ਜਾ ਰਹੀਆਂ ਲੁਟੇਰਿਆਂ ਜਮਾਤਾਂ ਦੀਆਂ ਮਨੋ ਕਲਪਿਤ ਮਿੱਥਾਂ ਨੂੰ ਅਸਲੋਂ ਹੀ ਚਕਨਾਚੂਰ ਕਰਕੇ ਰੱਖ ਦਿੱਤਾ ਸੀ।
ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਮਾਨਵਵਾਦੀ ਫਲਸਫੇ ਦਾ ਏਨਾ ਵੱਡਾ ਖਜ਼ਾਨਾ ਤੇ ਹੱਕ-ਸੱਚ ਦੀ ਰਾਖੀ ਲਈ ਸਰਬੰਸ ਵਾਰਨ ਵਾਲੇ ਸਿਰਲੱਥਾਂ ਦੀ ਅਮੁੱਕ ਸੂਚੀ ਹੋਣ ਦੇ ਬਾਵਜੂਦ ਅਸੀਂ ਸਾਂਝੀਵਾਲਤਾ ’ਤੇ ਅਧਾਰਤ ਸਮਾਜ ਸਿਰਜਣ ਵਾਲੀ ਲਹਿਰ ਨੂੰ ਇਸ ਖਿੱਤੇ ਅੰਦਰ ਜ਼ਿਆਦਾ ਅੱਗੇ ਨਹੀਂ ਵਧਾ ਸਕੇ। ਜਿਨ੍ਹਾਂ ਸਮਾਜਿਕ ਬੁਰਿਆਈਆਂ ਤੇ ਦਕਿਆਨੂਸੀ ਰਹੁ-ਰੀਤਾਂ ਦੇ ਵਿਰੁੱਧ ਲੜਾਈ ਲੜਨ ਲਈ ਸਿੱਖ ਧਰਮ ਦਾ ਜਨਮ ਹੋਇਆ ਸੀ, ਅੱਜ ਉਨ੍ਹਾਂ ਹੀ ਕੁਰੀਤੀਆਂ ਨੇ ਸਿੱਖਾਂ ਸਮੇਤ ਸਮੁੱਚੇ ਸਮਾਜ ਨੂੰ ਮੁੜ ਆਪਣੀ ਜਕੜ ’ਚ ਲੈ ਲਿਆ ਹੈ। ਕਿਰਤ ਦੀ ਰਾਖੀ ਦੇ ਅਸੂਲਾਂ ਨੂੰ ਪ੍ਰਣਾਏ ਜੰਗਜ਼ੂਆਂ ਦੀ ਜਗ੍ਹਾ, ਅੱਜ ਕਿਰਤ ਦੀ ਲੁੱਟ ਕਰਨ ਵਾਲੇ ਪਰਜੀਵੀ, ਧਾਰਮਿਕ ਅਸਥਾਨਾਂ ਅਤੇ ਰਾਜ- ਭਾਗ ਨਾਲ ਸਬੰਧਤ ਅਦਾਰਿਆਂ ’ਤੇ ਕਬਜ਼ਾ ਜਮਾਈ ਬੈਠੇ ਹਨ। ਸ਼ਬਦ ਗੁਰੂ, ਭਾਵ ਗੁਰਬਾਣੀ ਦੇ ਸਾਰ ਤੱਤ ਨੂੰ ਜੀਵਨ ਜਾਚ ਬਣਾਉਣ ਦੀ ਥਾਂ ਅਸੀਂ ਭੇਖੀ ਸੰਤਾਂ ਤੇ ਬਾਬਿਆਂ ਦੇ ਅਨੁਆਈ ਬਣ ਕੇ ਰਹਿ ਗਏ ਹਾਂ ਤੇ ਸਿੱਖ ਧਰਮ ਦੇ ਮੂਲ ਤੱਤ ਨੂੰ ਵਿਸਾਰ ਕੇ ਸਿੱਖੀ ਨੂੰ ਸਿਰਫ ਇਸਦੇ ਰੂਪਕ ਪੱਖ, ਭਾਵ ਬਾਹਰੀ ਦਿੱਖ ਨਾਲ ਨੱਥੀ ਕਰ ਬੈਠੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ-ਵਿਚਾਰ ਕੇ ਸੰਵਾਦ ਰਚਾਉਣ ਦੀ ਥਾਂ ਅਸੀਂ ਉਸਨੂੰ ਨਿਰੋਲ ਤੇ ਨਿਰੋਲ ਆਸਥਾ ਦਾ ਵਿਸ਼ਾ ਬਣਾ ਕੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਸਿੱਖ ਧਰਮ ਅੰਦਰ ਮੂਰਤੀ ਪੂਜਾ ਤੇ ਪਿਛਾਖੜੀ ਰਹੁ-ਰੀਤਾਂ ਦਾ ਬੋਲਬਾਲਾ ਮੁੜ ਤੋਂ ਵੱਡੀ ਹੱਦ ਤੀਕ ਕਾਇਮ ਹੋ ਗਿਆ ਹੈ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਭੇਖੀ ਮਸੰਦਾਂ ਨੂੰ ਕੁਰਾਹੇ ਪੈਣ ਕਾਰਨ ਸਖਤ ਸਜ਼ਾਵਾਂ ਦਿੱਤੀਆਂ ਸਨ, ਉਹੀ ਅੱਜ ਫਿਰ ਸਿੱਖਾਂ ਦੇ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂ ਬਣ ਬੈਠੇ ਹਨ। ਇਹੀ ਕਾਰਨ ਹੈ ਕਿ ਸਿੱਖ ਧਰਮ ਨਾਲ ਸੰਬੰਧਤ ਬਹੁਤ ਹੀ ਸ਼ਾਨਦਾਰ ਧਾਰਮਿਕ ਸਥਾਨ ਤੇ ਹੋਰ ਇਮਾਰਤਾਂ ਤਾਂ ਭਾਵੇਂ ਵੱਡੀ ਗਿਣਤੀ ’ਚ ਥਾਂ-ਥਾਂ ਉਸਾਰੀਆਂ ਜਾ ਰਹੀਆਂ ਹਨ, ਪ੍ਰੰਤੂ ਸਿੱਖੀ ਦੇ ਅਸੂਲਾਂ ਉਪਰ ਪਹਿਰਾ ਦੇਣ ਵਾਲੇ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਪੰਜਾਬ ਤੋਂ ਬਾਹਰ ਕਿਸੇ ਦੂਰ-ਨੇੜਲੇ ਪ੍ਰਾਂਤ ਜਾਂ ਦੇਸ਼ ਦੇ ਆਮ ਲੋਕਾਂ ਤੱਕ ਸਿੱਖ ਧਰਮ ਦੀਆਂ ਬੁਨਿਆਦੀ ਸੇਧਾਂ ਨਾ ਪੁੱਜਣ ਕਾਰਨ ਸਿੱਖੀ ਦਾ ਪਸਾਰਾ ਨਹੀਂ ਹੋ ਸਕਿਆ। ਪ੍ਰਾਂਤ ਦੇ ਗੈਰ ਸਿੱਖ ਵੀ ਅਥਾਹ ਸ਼ਰਧਾ ਹੋਣ ਦੇ ਬਾਵਜੂਦ ਸਿੱਖ ਧਰਮ ਵੱਲ ਉਸ ਮਿਕਦਾਰ ਵਿੱਚ ਨਹੀਂ ਖਿੱਚੇ ਜਾ ਰਹੇ, ਜਿਵੇਂ ਕਦੀ ਅਤੀਤ ’ਚ ਵਾਪਰਦਾ ਰਿਹਾ ਹੈ। ਕੱਟੜਤਾ, ਜਾਤ-ਪਾਤ, ਔਰਤਾਂ ਨਾਲ ਗੈਰ ਬਰਾਬਰੀ ਵਾਲਾ ਸਲੂਕ ਤੇ ਵਹਿਮ ਪ੍ਰਸਤੀ ਆਦਿ ਸਨਾਤਨੀ ਵਿਚਾਰਧਾਰਾ ’ਚੋਂ ਉਪਜੇ ਪਿਛਾਖੜੀ ਵਰਤਾਰੇ ਅੱਜ ਬਾਕੀ ਸਮਾਜ ਦੇ ਨਾਲ ਹੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੇ ਮਨਾਂ ਅੰਦਰ ਵੀ ਪਹਿਲਾਂ ਵਾਂਗ ਹੀ ਨਾ ਕੇਵਲ ਮੌਜੂਦ ਹਨ, ਬਲਕਿ ਦਿਨੋਂ-ਦਿਨ ਜ਼ੋਰ ਫੜ੍ਹਦੇ ਜਾ ਰਹੇ ਹਨ। ਗੁਰਬਾਣੀ ਦੇ ਹਕੀਕੀ ਅਰਥਾਂ ਦਾ ਅਨਰਥ ਹੋ ਰਿਹਾ ਹੈ। ਸਵਾਰਥੀ ਤੱਤਾਂ ਵੱਲੋਂ ਨਿਮਰਤਾ ਤੇ ਸੇਵਾ ਭਾਵਨਾ ਦੀ ਥਾਂ ਝੂਠੇ ਹੰਕਾਰ ਤੇ ਦਿਖਾਵੇ ਨੂੰ ਸਿੱਖੀ ਦੀ ਪਹਿਚਾਣ ਵਜੋਂ ਸਥਾਪਿਤ ਕੀਤੇ ਜਾਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਜਿਹੜੇ ਲੋਕ ਕਿਸੇ ਦੂਸਰੇ ਅਗਾਂਹਵਧੂ ਫਲਸਫ਼ੇ ਦੇ ਧਾਰਨੀ ਹੁੰਦੇ ਹੋਏ ਵੀ ਸਿੱਖ ਧਰਮ ਦੀਆਂ ਮਾਨਵੀ ਸੇਧਾਂ ਤੋਂ ਪ੍ਰਭਾਵਤ ਹੋ ਕੇ ਇਸ ਨਾਲ ਸਾਂਝਾਂ ਪਾ ਕੇ ਤੁਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਿੱਖੀ ਦੇ ਪਰਦੇ ਹੇਠਾਂ ਛੁਪੇ ਲੁਟੇਰੀ ਵਿਵਸਥਾ ਦੇ ਹਾਮੀ ਪਾਣੀ ਪੀ-ਪੀ ਕੋਸਦੇ ਰਹਿੰਦੇ ਹਨ, ਤਾਂ ਕਿ ਇੱਕ ਸ਼ਕਤੀਸ਼ਾਲੀ ਤੇ ਲੋਕ ਪੱਖੀ, ਸਰਵ ਸਾਂਝੀ ਲਹਿਰ ਨਾ ਉੱਸਰ ਸਕੇ। ਅਜਿਹੇ ਤੱਤਾਂ ਪ੍ਰਤੀ ਸਿੱਖ ਜਨ ਸਮੂਹਾਂ ਅੰਦਰ ਲੋੜੀਂਦੀ ਚੌਕਸੀ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ। ਉਂਝ ਲੋਕਾਈ ਦਾ ਸੂਝਵਾਨ ਹਿੱਸਾ ਅਜਿਹੇ ਸ਼ਰਾਰਤੀ ਤੱਤਾਂ ਨੂੰ ਉਨ੍ਹਾਂ ਦੇ ਹਰ ਝੂਠ ਦਾ ਗਾਹੇ-ਵਗਾਹੇ ਢੁਕਵਾਂ ਜਵਾਬ ਵੀ ਦਿੰਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪ੍ਰਾਂਤ ਅੰਦਰ ਸਾਰੇ ਕੋਝੇ ਯਤਨਾਂ ਦੇ ਬਾਵਜੂਦ ਖੱਬੀ ਸੋਚ ਨੂੰ ਪ੍ਰਣਾਏ ਅਗਾਂਹਵਧੂ ਲੋਕਾਂ ਤੇ ਗੁਰਬਾਣੀ ਨਾਲ ਦਿਲੋਂ ਜੁੜੇ ਸਿੱਖਾਂ ਵਿਚਕਾਰ ਸੁਹਿਰਦ ਰਿਸ਼ਤੇ ਕਾਇਮ ਹੀ ਨਹੀਂ, ਬਲਕਿ ਹਰ ਚੜ੍ਹਦੇ ਦਿਨ ਹੋਰ ਮਜ਼ਬੂਤ ਹੁੰਦੇ ਜਾ ਰਹੇ ਹਨ।
ਅਫਸੋਸ ਹੈ ਕਿ ਬਹੁਗਿਣਤੀ ਸਿੱਖ ਵਿਦਵਾਨ ਤੇ ਬੁੱਧੀਮਾਨ ਲੋਕ, ਸਿੱਖ ਧਰਮ ’ਚ ਆਈਆਂ ਉਪਰੋਕਤ ਕੁਰਹਿਤਾਂ ਵਿਰੁੱਧ ਆਵਾਜ਼ ਉਠਾਉਣ ਦੀ ਲੋੜੀਂਦੀ ਜ਼ੁਰਅਤ ਨਹੀਂ ਦਿਖਾ ਰਹੇ। ਕੋਈ ਵੀ ਨਾਮ ਨਿਹਾਦ ਧਾਰਮਿਕ ਵਿਅਕਤੀ ਜਾਂ ਅਖੌਤੀ ਸੰਤ, ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਜਿਧਰ ਜੀਅ ਕਰੇ ਮੋੜਾ ਦੇ ਦੇਵੇ, ਉਸ ਬਾਰੇ ਗਿਣਤੀ ਦੇ ਲੋਕ ਹੀ ਮਾੜਾ-ਮੋਟਾ ਉਜ਼ਰ ਕਰਦੇ ਹਨ। ਇਸੇ ਕਰਕੇ ਸਿੱਖ ਜਨ ਸਮੂਹਾਂ ਦਾ ਚੋਖਾ ਹਿੱਸਾ ਲੋਕਾਈ ਨੂੰ ਕੁਰਾਹੇ ਪਾਉਣ ਵਾਲੇ ਭੇਖੀਆਂ ਮਗਰ ਲੱਗ ਤੁਰਦਾ ਹੈ ਤੇ ਅਨੇਕਾਂ ਲੋਕ ਨਿਰਾਸ਼ ਹੋ ਕੇ ਸਿੱਖੀ ਰਵਾਇਤਾਂ ਤੋਂ ਪਰਾਂਹ ਚਲੇ ਜਾਂਦੇ ਹਨ। ਇਹ ਵਰਤਾਰਾ ਉਸ ਧਰਮ ’ਚ ਵਾਪਰ ਰਿਹਾ ਹੈ, ਜੋ ਸਭ ਤੋਂ ਆਧੁਨਿਕ, ਤਰਕ ’ਤੇ ਅਧਾਰਤ ਫਲਸਫੇ ਤੇ ਹਕੀਕੀ ਅਮਲਾਂ ਨਾਲ ਸੰਜੋਇਆ ਹੋਇਆ ਹੈ। ਕੁਝ ਸਵਾਰਥੀ ਲੋਕਾਂ ਦੇ ਕਾਰਿਆਂ ਕਾਰਨ ਅੱਜ ਸਿੱਖ ਧਰਮ ਵਿਰੁੱਧ ਕਈ ਪਾਸਿਆਂ ਤੋਂ ਉਂਗਲਾਂ ਉਠ ਰਹੀਆਂ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਸਨਾਤਨੀ ਵਿਚਾਰਧਾਰਾ ਦਾ ਪੂਰਨ ਖੰਡਨ ਕਰਕੇ ਸਾਨੂੰ ਇਕ ਲੋਕ ਪੱਖੀ ਤੇ ਵਿਗਿਆਨਕ ਵਿਚਾਰਧਾਰਾ ਨਾਲ ਨਿਵਾਜ਼ਿਆ ਹੈ, ਪ੍ਰੰਤੂ ਅਜੋਕੇ ਸਿੱਖ ਆਗੂਆਂ ਦਾ ਇਕ ਹਿੱਸਾ ਨਾ ਕੇਵਲ ਉਸੇ ਸਨਾਤਨੀ ਵਿਚਾਰਧਾਰਾ ਨੂੰ ਖਾਦ-ਪਾਣੀ ਦੇ ਰਿਹਾ ਹੈ ਬਲਕਿ ਅਨੇਕਾਂ ਸਿੱਖ ਨੇਤਾ ਸਨਾਤਨੀ ਵਿਚਾਰਧਾਰਾ ਦੀ ਅਜੋਕੀ : ਸਭ ਤੋਂ ਮੁਹਰੈਲ ਤੇ ਚਾਲਕ ਸੰਸਥਾ, ਆਰ.ਐਸ.ਐਸ. ਦੀ ਗੋਦੀ ’ਚ ਜਾ ਬੈਠੇ ਹਨ।
ਇਸ ਚਰਚਾ ਦਾ ਮਕਸਦ ਸਿੱਖ ਧਰਮ ਤੇ ਭਗਤੀ ਲਹਿਰ ਦੇ ਮਾਨਵੀ ਸਰੋਕਾਰਾਂ ਦੀ ਰਾਖੀ ਲਈ ਲੋਕਾਈ ਨੂੰ ਚੇਤੰਨ ਕਰਕੇ ਇਸ ਨੂੰ ਭੇਖੀ ਤੇ ਕੁਰਾਹੇ ਪਾਉਣ ਵਾਲੇ ਸਵਾਰਥੀ ਤੱਤਾਂ ਦੇ ਦੁਰਪ੍ਰਭਾਵਾਂ ਤੋਂ ਮੁਕਤ ਕਰਾਉਣਾ ਹੈ ਤਾਂ ਕਿ ਸਿੱਖੀ ਦਾ ਮਾਨਵੀ ਫਲਸਫ਼ਾ ਅਤੇ ਅਤੀਤ ਦੇ ਹੋਰ ਪ੍ਰੇਰਣਾਮਈ ਫਲਸਫੇ ਤੇ ਲਹਿਰਾਂ ਹਕੀਕੀ ਸਮਾਜਿਕ ਤਬਦੀਲੀ ਲਈ ਜੂਝ ਰਹੇ ਲੋਕਾਂ ਵਾਸਤੇ ਰਾਹ ਦਸੇਰੇ ਦੀ ਭੂਮਿਕਾ ਅਦਾ ਕਰ ਸਕਣ। ਅਸਾਡਾ ਮੰਨਣਾ ਹੈ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਅੰਦਰ ਐਸਾ ਤਰਕ ਪੂਰਨ ਤੇ ਵਿਗਿਅਨਕ ਨਜ਼ਰੀਆ ਰਚਿਆ ਹੋਇਆ ਹੈ, ਜੋ ਦੂਸਰੇ ਲੋਕਾਂ ਨੂੰ ਸਿੱਖ ਧਰਮ ਵੱਲ ਆਕਰਸ਼ਿਤ ਕਰਨ ਦੇ ਸਮਰੱਥ ਹੈ, ਭਾਵੇਂ ਉਹ ਸਰੂਪ ਦੇ ਪੱਖ ਤੋਂ ਸਿੱਖ ਧਰਮ ਨੂੰ ਨਾ ਵੀ ਅਪਣਾਉਣ। ਕੇਵਲ ਸਿੱਖੀ ਹੀ ਨਹੀਂ, ਬਾਕੀ ਦੇ ਧਰਮਾਂ ਅਤੇ ਮਾਨਵਹਿਤੈਸ਼ੀ ਸਮਾਜਿਕ ਲਹਿਰਾਂ ਦੇ ਲੋਕ ਪੱਖੀ ਸਰੋਕਾਰਾਂ ਦੀ ਵੀ ਇਸੇ ਨਜ਼ਰੀਏ ਤੋਂ ਘੋਖ-ਪੜਤਾਲ ਅਤੇ ਸੁਯੋਗ ਵਰਤੋਂ ਕੀਤੀ ਜਾਣੀ ਅਤਿ ਲੋੜੀਂਦੀ ਹੈ। ਅਜਿਹੇ ਸੁਵੱਲੇ ਸੰਘਰਸ਼ਾਂ ਦੇ ਨਤੀਜੇ ਵਜੋਂ ਸਿਰਜੇ ਗਏ ਸੁਚੱਜੇ ਸਮਾਜਿਕ ਢਾਂਚੇ ਅੰਦਰ ਹੀ ਧਰਮ ਨਿਰਪੱਖਤਾ ਦੇ ਅਸੂਲਾਂ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰਨ ਆਜ਼ਾਦੀ ਮਿਲ ਸਕਦੀ ਹੈ ਤੇ ਧਾਰਮਿਕ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਦੀ ਜ਼ਾਮਣੀ ਕਰਦਿਆਂ ਸਮੁੱਚੀ ਵਸੋਂ ਦੇ ਬਰਾਬਰ ਵਿਕਾਸ ਲਈ ਯੋਗ ਮਾਹੌਲ ਸਿਰਜਿਆ ਜਾ ਸਕਦਾ ਹੈ। ਜੇਕਰ ਅਸੀਂ ਇਸ ਦਿਸ਼ਾ ’ਚ ਕੋਈ ਨਿੱਗਰ ਹਿੱਸਾ ਪਾ ਸਕੀਏ, ਤਾਂ ਇਹ ਸਿੱਖ ਧਰਮ ਦੀ ਹੀ ਨਹੀਂ, ਬਲਿਕ ਸਮੁੱਚੀ ਮਾਨਵਤਾ ਦੀ ਵੱਡੀ ਸੇਵਾ ਹੋਵੇਗੀ।

Scroll To Top