ਲੰਘੀ 14 ਫਰਵਰੀ ਨੂੰ, ਦਹਾਕਿਆਂ ਤੋਂ ਬਦਅਮਨੀ ਦੀ ਮਾਰ ਝੱਲ ਰਹੇ, ਸਰਹੱਦੀ ਸੂਬੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਅੰਦਰ ਹੋਈ ਇੱਕ ਅੱਤਵਾਦੀ ਵਾਰਦਾਤ ‘ਚ ਸੀ.ਆਰ.ਪੀ.ਐਫ. ਦੇ ਚਾਲੀ ਜਵਾਨ ਸ਼ਹੀਦ ਹੋ ਗਏ । ਵਾਹਨਾਂ ਦੇ ਇੱਕ ਵੱਡੇ ਕਾਫਲੇ ਦੇ ਰੂਪ ‘ਚ ਇਸ ਫੋਰਸ ਦੇ ਢਾਈ ਹਜਾਰ ਤੋਂ ਜਿਆਦਾ ਜਵਾਨ ਅਤੇ ਅਫਸਰ ਸ੍ਰੀਨਗਰ ਵੱਲ ਜਾ ਰਹੇ ਸਨ । ਸ਼ਾਮ ਸਾਢੇ ਕੁ ਤਿੰਨ ਵਜੇ ਭਾਰੀ ਮਾਤਰਾ ‘ਚ ਵਿਸਫੋਟਕ ਪਦਾਰਥਾਂ ਨਾਲ ਭਰੀ ਇੱਕ ਐਸ ਯੂ ਵੀ ਸਕਾਰਪਿਓ ਗੱਡੀ, ਜਿਸ ਨੂੰ ਅਲੀ ਅਹਿਮਦ ਡਾਰ ਨਾਂਅ ਦਾ ਫਿਦਾਇਨ (ਮਨੁੱਖੀ ਬੰਬ) ਚਲਾ ਰਿਹਾ ਸੀ, ਕਾਫਲੇ ਦੀ ਇੱਕ ਬਸ ਨਾਲ ਟਕਰਾਈ। ਨਤੀਜਤਨ ਹੋਏ ਖਤਰਨਾਕ ਧਮਾਕੇ ‘ਚ ਚਾਲੀ ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ। ਇਸ ਬੁਜਦਿਲਾਨਾ ਕੁਕਰਮ ਦੀ ਜਿੰਮੇਵਾਰੀ ਸਰਹੱਦ ਪਾਰੋਂ ਪਾਕਿਸਤਾਨ ‘ਚੋਂ ਦਹਿਸ਼ਤਗਰਦ ਕਾਰਵਾਈਆਂ ਚਲਾ ਰਹੀ ਜਥੇਬੰਦੀ ਜੈਸ਼-ਇ-ਮੁਹੰਮਦ ਨੇ ਲਈ ਹੈ ਜਿਸ ਦਾ ਮੁਖੀ ਮੌਲਾਨਾ ਅਜਹਰ ਮਸੂਦ ਹੈ । ਇਹ ਉਹੀ ਖੂੰਖਾਰ ਅੱਤਵਾਦੀ ਹੈ, ਜਿਸ ਨੂੰ 1999 ‘ਚ, ਵੇਲੇ ਦੀ ਭਾਜਪਾ ਸਰਕਾਰ ਨੇ, ਅਗਵਾ ਕਰਕੇ ਕੰਧਾਰ ਲਿਜਾਏ ਗਏ ਇੰਡੀਅਨ ਏਅਰ ਲਾਈਨਜ਼ ਦੇ ਜਹਾਜ ਆਈ ਸੀ 814 ਦੇ ਮੁਸਾਫਿਰਾਂ ਅਤੇ ਅਮਲੇ ਦੀ ਰਿਹਾਈ ਬਦਲੇ, ਭਾਰਤੀ ਜੇਲ ‘ਚੋਂ ਰਿਹਾ ਕਰਕੇ ਕੰਧਾਰ ਛੱਡ ਕੇ ਆਂਦਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦਰਿੰਦਾ ਹਜਾਰਾਂ ਬੇਗੁਨਾਹਾਂ ਦੇ ਕਤਲ ਕਰਵਾ ਚੁੱਕਾ ਹੈ। 2001 ‘ਚ ਭਾਰਤੀ ਸੰਸਦ ‘ਤੇ ਹੋਏ ਹਮਲੇ, ਜਨਵਰੀ 2016 ‘ਚ ਪਠਾਨਕੋਟ ਹਵਾਈ ਅੱਡੇ ਤੇ ਹੋਏ ਹਮਲੇ ਅਤੇ ਸਤੰਬਰ 2016 ‘ਚ ਉੜੀ ਸੈਕਟਰ ‘ਚ ਫੌਜੀ ਚੌਂਕੀ ‘ਤੇ ਕੀਤੇ ਗਏ ਹਮਲੇ ਆਦਿ ਵਿਚ ਅਨੇਕਾਂ ਲੋਕਾਂ ਨੂੰ ਕਤਲ ਕਰ ਦੇਣ ਦੀਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਕਰਤਾ ਇਹੀ ਅਜਹਰ ਮਸੂਦ ਹੈ । ਅਨੇਕਾਂ ਸੂਤਰਾਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਅਜਹਰ ਮਸੂਦ ਪਾਕਿਸਤਾਨ ਵਿੱਚ ਹੈ ਅਤੇ ਬਹਾਵਲਪੁਰ ਵਿਖੇ ਕਿਸੇ ਥਾਂ ‘ਨਜ਼ਰਬੰਦ’ ਹੈ ।
ਬੇਸ਼ਕ ਇਸ ਵਾਰਦਾਤ ਦੇ ਸਾਜ਼ਿਸ਼ ਕਰਤਾ ਬਦੇਸ਼ੀ ਹਨ ਪਰ ਇਹ ਡਾਢੀ ਫਿਕਰਮੰਦੀ ਦਾ ਵਿਸ਼ਾ ਹੈ ਕਿ ਸਾਜਿਸ਼ ਨੂੰ ਸਿਰੇ ਚੜ੍ਹਾਉਣ ਵਾਲਾ ਅਲੀ ਅਹਿਮਦ ਡਾਰ ਕਸ਼ਮੀਰੀ ਹੈ ਅਤੇ ਪੁਲਵਾਮਾ ਦਾ ਰਹਿਣ ਵਾਲਾ ਹੈ । ਬਦੇਸ਼ੀ ਅੱਤਵਾਦੀ ਸੰਗਠਨਾਂ ਨੂੰ 2015 ਤੋਂ ਬਾਅਦ ਲਗਾਤਾਰ ਸਥਾਨਕ ਯੁਵਕਾਂ ਦੇ ਰੂਪ ਵਿੱਚ ਨਫਰੀ ਅਤੇ ਸਮਰਥਨ ਮਿਲ ਰਿਹਾ ਹੈ ।
14 ਫ਼ਰਵਰੀ ਦੀ ਵਾਰਦਾਤ ‘ਚ ਜਾਨਾਂ ਗੁਆਉਣ ਵਾਲੇ ਚਾਲੀ ਜਵਾਨ ਦੇਸ਼ ਦੇ ਤਕਰੀਬਨ ਸਾਰੇ ਸੂਬਿਆਂ ਤੋਂ ਹਨ । ਪੰਜਾਬ ਦੇ ਚਾਰ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ । ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਤੇਰਾਂ, ਰਾਜਸਥਾਨ ਦੇ ਪੰਜ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਉੱਤਰਾਖੰਡ , ਮਹਾਰਾਸ਼ਟਰ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਕਰਨਾਟਕਾ, ਕੇਰਲਾ, ਝਾਰਖੰਡ, ਆਸਾਮ, ਬਿਹਾਰ ਤੋਂ ਇੱਕ-ਇੱਕ ਜਵਾਨ ਸ਼ਹੀਦ ਹੋਏ । ਇਹ ਸਤਰਾਂ ਲਿਖਣ ਵੇਲੇ ਤਕ ਕਾਫੀ ਸਾਰੇ ਹਸਪਤਾਲਾਂ ‘ਚ ਜੇਰੇ ਇਲਾਜ ਸਨ ਅਤੇ ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਸੀ ।
ਇਸ ਖੌਫਨਾਕ ਵਾਰਦਾਤ ਤੋਂ ਦੇਸ਼ ਵਾਸੀ ਡਾਢੇ ਗਮਗੀਨ ਅਤੇ ਖਫਾ ਹਨ । ਹਰ ਖੇਤਰ ਦੀਆਂ ਸਰਕਰਦਾ ਸਖਸ਼ੀਅਤਾਂ ਜਿੱਥੇ ਇਸ ਵਾਰਦਾਤ ਤੋਂ ਦੁਖੀ ਅਤੇ ਚਿੰਤਾਤੁਰ ਹਨ ਉੱਥੇ ਉਹਨਾਂ ਵਲੋਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਦੇਣ ਦੇ ਸਰਕਾਰ ਪੁਖ਼ਤਾ ਇੰਤਜਾਮ ਕਰੇ । ਕਿਉਂਕਿ ਇਸ ਘਿਨਾਉਣੀ ਵਾਰਦਾਤ ਦੇ ਤਾਰ ਸਰਹੱਦ ਪਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ ਇਸ ਲਈ ਲੋਕ ਉਥੋਂ ਦੇ ਹਾਕਮਾਂ ਵਿਸ਼ੇਸ਼ ਕਰਕੇ ਪਾਕਿਸਤਾਨੀ ਫ਼ੌਜ ਨੂੰ ਵੀ ਇਸ ਘਟਨਾ ਦੇ ਦੋਸ਼ੀ ਮੰਨਦੇ ਹਨ । ਪਰ ਭਾਰਤ ਵਿਚਲੇ ਛਾਵਨਵਾਦੀ ਤੱਤ, ਖਾਸ ਕਰ ਕੇ ਆਪਣੇ ਆਪ ਨੂੰ ਹਿੰਦੂ ਹਿਤਾਂ ਦੇ ਅਲੰਬਰਦਾਰ ਦੱਸਣ ਵਾਲੇ ਸੰਘੀ ਸੰਗਠਨਾਂ; ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਦੇ ਕਾਰਕੁੰਨਾਂ ਨੇ ਇਸ ਘਟਨਾ ਲਈ ਸਮੁੱਚੇ ਪਾਕਿਸਤਾਨੀਆਂ ਨੂੰ ਹੀ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ । ਉਹ ਪਾਕਿਸਤਾਨ ‘ਤੇ ਹਮਲਾ ਕਰਕੇ ਇਸ ਦੀ ਹੋਂਦ ਤੱਕ ਨੂੰ ਮਿਟਾ ਦੇਣ ਦੀਆਂ ਵੰਗਾਰਾਂ ਪਾ ਰਹੇ ਹਨ । ਇਸ ਸੂਝ ਤੋਂ ਕੋਰੇ ਪਰਚਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗੇ ਕਾਂਗਰਸੀ ਵੀ ਸ਼ਾਮਲ ਹਨ। ਸੰਘੀ ਕਾਰਕੁੰਨ ਤਾਂ ਕਸ਼ਮੀਰੀ ਵਸੋਂ ਨੂੰ ਵੀ ਇਸ ਵਾਰਦਾਤ ਲਈ ਗੁਨਾਹਗਾਰ ਠਹਿਰਾ ਰਹੇ ਹਨ । ਅਜੇਹੇ ਨਫਰਤੀ ਕੁਨਬੇ ਨੇ ਦੇਹਰਾਦੂਨ ਅਤੇ ਹੋਰਨਾਂ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਦਿਹਾੜੀਦਾਰਾਂ ‘ਤੇ ਜਾਨਲੇਵਾ ਹਮਲੇ ਕਰਕੇ ‘ਕਸ਼ਮੀਰੀਓ ਵਾਪਸ ਜਾਓ’ ਦਾ ਵੱਖਵਾਦੀ ਨਾਅਰਾ ਬੁਲੰਦ ਕੀਤਾ ਹੈ। ਭਾਜਪਾ ਨੇ ਠੀਕ ਇਹੋ ਤਬਾਹਕੁੰਨ ਪਰਚਾਰ ਰਾਜਸੀ ਮੋਰਚੇ ‘ਤੇ ਵਿੱਢਿਆ ਹੋਇਆ ਹੈ। ਭਾਜਪਾ ਆਗੂਆਂ ਵਲੋਂ ਪੁਲਵਾਮਾ ਵਾਰਦਾਤ ਦੇ ਪ੍ਰਭਾਵ ਸਦਕਾ ਲੋਕਾਂ ਦੇ ਮਨਾਂ ‘ਚ ਸੁਭਾਵਕ ਰੂਪ ਵਿਚ ਉਭਰੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਦਾ ਪੂਰਾ ਸਿਆਸੀ ਲਾਭ ਲੈਣ ਲਈ ਆਪਣੇ ਕਾਡਰ ਨੂੰ ਖੁੱਲ੍ਹ ਖੇਡਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਹਿੰਦੁਸਤਾਨ ਦੀ ਅਖੰਡਤਾ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਦੇ ਸਭਣਾ ਚਾਹਵਾਨਾਂ ਨੂੰ ਇਹ ਗੱਲ ਆਪ ਸਮਝਣ ਅਤੇ ਸਾਰੇ ਦੇਸ਼ ਵਾਸੀਆਂ ਨੂੰ ਸਮਝਾਉਣ ਦੀ ਡਾਢੀ ਲੋਕ ਹੈ ਕਿ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਦੀਆਂ ਅਜੇਹੀਆਂ ਨਖਿੱਧ ਕਰਤੂਤਾਂ ਨੇ ਦੇਸ਼ ਦਾ ਕੁੱਝ ਨਹੀਂ ਸੰਵਾਰਨਾ। ਬਦੇਸ਼ੀ ਧਰਤੀ ਤੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸਰਗਨੇ ਇਨ੍ਹਾਂ ਘਟਨਾਵਾਂ ਨੂੰ ਕਸ਼ਮੀਰੀ ਯੁਵਕਾਂ ਨੂੰ ਵਰਗਲਾ ਕੇ ਅਤੱਵਾਦੀ ਸਫਾਂ ‘ਚ ਰਲਾਉਣ ਅਤੇ ਸਾਰੀ ਕਸ਼ਮੀਰੀ ਵਸੋਂ ‘ਚ ਬੇਗਾਨਗੀ ਦੀ ਭਾਵਨਾ ਮਜਬੂਤ ਕਰਨ ਲਈ ਇਸਤੇਮਾਲ ਕਰਨਗੇ। ਜੇ ਹੋਰ ਸਪਸ਼ਟ ਕਹਿਣਾ ਹੋਵੇ ਤਾਂ ਇਹ ਗੱਲ ਬਿਨਾਂ ਝਿਜਕ ਕਹੀ ਜਾ ਸਕਦੀ ਹੈ ਕਿ ਹਿੰਦੁਤਵਵਾਦੀ ਸੰਗਠਨਾਂ ਦੇ ਕਾਰਕੁੰਨਾਂ ਦੀਆਂ ਸਾਰੀਆਂ ਕਾਰਵਾਈਆਂ ‘ਜ਼ਿਹਾਦ’ ਅਤੇ ‘ਜ਼ਿਹਾਦੀਆਂ’ ਨੂੰ ਆਕਸੀਜਨ ਦੇਣ ਦਾ ਹੀ ਕੰਮ ਕਰਨਗੀਆਂ।
ਬਕੌਲ ਸਾਹਿਰ ਲੁਧਿਆਣਵੀ, ‘ਜੰਗ ਤੋ ਖੁਦ ਏਕ ਮਸਲਾ ਹੈ, ਜੰਗ ਕਿਆ ਕੋਈ ਮਸਲਾ ਹਲ ਕਰੇਗੀ! ਭਾਰਤ-ਪਾਕਿ ਦਰਮਿਆਨ ਜੰਗ ਕਰੋੜਾਂ ਬੇਦੋਸ਼ਿਆਂ ਦੇ ਕਤਲੇਆਮ ਦਾ ਸਬੱਬ ਹੀ ਨਹੀਂ ਬਣੇਗੀ ਬਲਕਿ ਆਉਣ ਵਾਲੀਆਂ ਅਨੇਕਾਂ ਨਸਲਾਂ ਦੀ ਭੁੱਖਮਰੀ ਦਾ ਵੀ ‘ਇੰਤਜ਼ਾਮ’ ਕਰੇਗੀ । ਕਿਸੇ ਵਿਰੋਧੀ ਦਾ ਤੁਖ਼ਮ ਮਿਟਾ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਮੂਰਖਾਂ ਨੂੰ ਇਹ ਅੰਦਾਜ਼ਾ ਨਹੀਂ ਕਿ ਦੋਹੀਂ ਪਾਸੀਂ ਅਤੀ ਆਧੁਨਿਕ ਤਬਾਹਕੁੰਨ ਹਥਿਆਰ ਹਨ ਅਤੇ ਜੇ ਇਹ ਹਥਿਆਰ ਵਰਤੋਂ ‘ਚ ਲਿਆਂਦੇ ਗਏ ਤਾਂ ਜੰਗ ਦੀਆਂ ਬਾਤਾਂ ਪਾਉਣ ਜੋਗਾ ਵੀ ਕੋਈ ਧਰਤ ‘ਤੇ ਨਹੀਂ ਲੱਭਣਾ। ਅਜੇਹੀਆਂ ਹਕੀਕਤਾਂ ਨੂੰ ਸਨਮੁੱਖ ਰੱਖਦਿਆਂ, ਆਰ ਐੱਸ ਐੱਸ, ਭਾਜਪਾ ਅਤੇ ਦੂਜੇ ਸੰਘੀ ਸੰਗਠਨਾਂ ਦੀਆਂ ਭੜਕਾਊ ਕਾਰਵਾਈਆਂ ਨਾ ਕੇਵਲ ਨਿੰਦਣਯੋਗ ਹਨ ਬਲਕਿ ਦੇਸ਼ ਦੀ ਏਕਤਾ-ਅਖੰਡਤਾ ਨੂੰ ਵੀ ਗੰਭੀਰ ਖਤਰੇ ਪਹੁੰਚਾਉਣ ਵਾਲੀਆਂ ਹਨ। ਇਸ ਵਾਸਤੇ ਸਾਰੀਆਂ ਨਰੋਈਆਂ ਤੇ ਦੇਸ਼ ਭਗਤ ਸ਼ਕਤੀਆਂ ਨੂੰ ਮਿਲਕੇ, ਸਮੁੱਚੇ ਦੇਸ਼ਵਾਸੀਆਂ ਨੂੰ ਇਸ ਭਵਿੱਖੀ ਚਿੰਤਾ ਬਾਰੇ ਜਾਗਰੂਕ ਕਰਨ ਦਾ ਹਰ ਉਪਰਾਲਾ ਕਰਨਾ ਚਾਹੀਦਾ ਹੈ।
ਦੂਜਾ ਵੱਡਾ ਮਸਲਾ ਕਸ਼ਮੀਰੀ ਲੋਕਾਂ ਦੇ ਮਨਾਂ ‘ਚ ਪੈਦਾ ਹੋਈ ਬੇਭਰੋਸਗੀ ਅਤੇ ਅਲਹਿਦਗੀ ਦੀ ਭਾਵਨਾ ਨੂੰ ਦੂਰ ਕਰਦਿਆਂ ਉਨ੍ਹਾਂ ਦਾ ਗੁਆਚਿਆ ਭਰੋਸਾ ਮੁੜ ਬਹਾਲ ਕਰਨ ਦਾ ਹੈ । ਇਹ ਗੱਲ ਪੱਕੀ ਤਰ੍ਹਾਂ ਸਮਝ ਲੈਣ ਯੋਗ ਹੈ ਕਿ ਇਹ ਕਾਰਜ ਨਿਰੋਲ ਪ੍ਰਸ਼ਾਸਕੀ ਕਦਮਾਂ ਤੇ ਦਮਨਕਾਰੀ ਪਹੁੰਚ ਲਾਗੂ ਕਰਕੇ ਪੂਰਾ ਕਰਨਾ ਨਾਮੁਮਕਿਨ ਹੈ । ਇਸ ਉਦੇਸ਼ ਦੀ ਪੂਰਤੀ ਲਈ ਆਮ ਸਹਿਮਤੀ ‘ਤੇ ਅਧਾਰਿਤ ਸਿਆਸੀ ਪਹਿਲਕਦਮੀ ਅਤੇ ਹੱਲ ਲੋੜੀਂਦਾ ਹੈ । ਇਹ ਡਾਢੇ ਅਫਸੋਸ ਦਾ ਕਾਰਨ ਹੈ ਕਿ ਸਮੇਂ-ਸਮੇਂ ਬਣਦੀਆਂ ਰਹੀਆਂ ਸਰਕਾਰਾਂ ਨੇ ਕਸ਼ਮੀਰ ਮਸਲੇ ਦੇ ਸਥਾਈ ਸਮਾਧਾਨ ਵਾਲੀ ਇਸ ਪਹੁੰਚ ਤੋਂ ਕਿਨਾਰਾਕਸ਼ੀ ਕਰੀ ਰੱਖੀ। ਸਿੱਟੇ ਵਜੋਂ ਹਾਲਾਤ ਵਿਗੜਦੇ-ਵਿਗੜਦੇ ਇੱਥੋਂ ਤੱਕ ਆ ਪੁੱਜੇ ਹਨ। ਮੌਜੂਦਾ ਅਵਸਥਾ ਲਈ ਪਾਕਿਸਤਾਨ ਦੇ ਦਖਲ ਨੂੰ ਮੁੱਖ ਕਾਰਨ ਦੱਸਣ ਵਾਲਿਆਂ ਨੂੰ ਨਿਮਰਤਾ ਨਾਲ ਇਹ ਪੁੱਛਣਾ ਬਣਦਾ ਹੈ ਕਿ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਕਸ਼ਮੀਰੀ ਯੁਵਕ ਪਾਕਿਸਤਾਨ ਜਾਂ ਦਹਿਸ਼ਤਗਰਦ ਜਥੇਬੰਦੀਆਂ ਦੇ ਬਹਿਕਾਵੇ ‘ਚ ਆ ਰਹੇ ਹਨ। ਕਸ਼ਮੀਰ ਯੁਵਕਾਂ ਦਾ ਅੱਤਵਾਦੀ ਸਫਾਂ ‘ਚ ਸ਼ਾਮਿਲ ਹੋਣਾ ਅਤੇ ਏਥੋਂ ਤੱਕ ਕਿ ਫਿਦਾਇਨ ਬਣ ਕੇ ਖੁਦ ਮਿਟ ਜਾਣਾ ਤੇ ਦੂਜਿਆਂ ਨੂੰ ਵੀ ਮਿਟਾ ਦੇਣਾ ਕੇਵਲ ਬਦੇਸ਼ੀਆਂ ਦੇ ਬਹਿਕਾਵੇ ਕਰਕੇ ਹੀ ਸੰਭਵ ਨਹੀਂ ਹੋਇਆ, ਬਲਕਿ ਇਸ ਪਿਛੇ ਸਾਡੀ ਆਪਣੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਕਸ਼ਮੀਰ ਸੰਬੰਧੀ ਨੀਤੀ ਵੀ ਜਿੰਮੇਵਾਰ ਹੈ। ਸਾਨੂੰ ਆਪਣੀ ਮੌਜੂਦਾ ਕਸ਼ਮੀਰ ਨੀਤੀ ਦੀ ਸਾਫਗੋਈ ਨਾਲ ਸਮੀਖਿਆ ਕਰਕੇ ਕਸ਼ਮੀਰ ਦੇ ਜਖ਼ਮਾਂ ‘ਤੇ ਮਰਹਮ ਰਖਦਿਆਂ ਉਥੋਂ ਦੇ ਸਮੁੱਚੇ ਵਾਸੀਆਂ ਨੂੰ ਭਾਰਤ ਨਾਲ ਜੋੜਨ ਵਾਲੀ ਨੀਤੀ ਅਪਣਾਉਨ ਦੀ ਲੋੜ ਹੈ ।
ਮੌਜੂਦਾ ਦੌਰ ‘ਚ, ਦਿੱਲੀ ਦੀ ਗੱਦੀ ‘ਤੇ ਕਾਬਜ਼ ਹੁਣ ਤਕ ਦੀ ਸਭ ਤੋਂ ਜਿਆਦਾ ਕਸ਼ਮੀਰ ਵਿਰੋਧੀ ਸਰਕਾਰ ਦੇ ਹੁੰਦਿਆਂ, ਕਸ਼ਮੀਰ ‘ਚ ਅਮਨ ਕਾਇਮੀ ਲਈ ਬਹੁਤ ਹੀ ਵੱਡੇ ਸੰਗਰਾਮੀ ਹੰਭਲੇ ਦੀ ਲੋੜ ਹੈ।
– ਮਹੀਪਾਲ