ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਭਾਰਤ ਛੱਡੋ ਅੰਦੋਲਨ’ ਦੀ 76ਵੀਂ ਵਰ੍ਹੇਗੰਢ ਮੌਕੇ 9 ਅਗਸਤ ਨੂੰ ਦੇਸ਼ ਭਗਤ ਯਾਦਗਾਰ, ਜਲੰਧਰ ਦੇ ਵਿਸ਼ਣੂੰ ਗਣੇਸ਼ ਪਿੰਗਲੇ ਹਾਲ ਵਿਖੇ ਇਕ ਪ੍ਰਭਾਵਸ਼ਾਲੀ ਸੂਬਾਈ ਸੈਮੀਨਾਰ ਆਯੋਜਿਤ ਕੀਤਾ ਗਿਆ। ”ਔਰਤਾਂ ‘ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼” ਵਿਸ਼ੇ ‘ਤੇ ਕੀਤੇ ਗਏ ਇਸ ਸੈਮੀਨਾਰ ਵਿਚ ਸੂਬੇ ਭਰ ਤੋਂ ਪਾਰਟੀ ਦੀਆਂ ਸਰਗਰਮ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਸੈਮੀਨਾਰ ਸਬੰਧੀ ਵਿਲੱਖਣ ਤੱਥ ਇਹ ਹੈ ਕਿ ਇਹ ਕੇਵਲ ਪੜ੍ਹੀਆਂ ਲਿਖੀਆਂ ਉਚ ਮੱਧ ਵਰਗ ਨਾਲ ਸਬੰਧਤ ਬੀਬੀਆਂ ਦੀ ਸ਼ਮੂਲੀਅਤ ਤੱਕ ਸੀਮਿਤ ਨਹੀਂ ਸੀ। ਬਲਕਿ ਹਰ ਵਰਗ, ਖਾਸ ਕਰ ਕਿਰਤੀ ਵਰਗ ‘ਚੋਂ ਵਡੇਰੀ ਗਿਣਤੀ ਬੀਬੀਆਂ ਨੇ ਹਿੱਸਾ ਲਿਆ। ਵਿਦਿਆਰਥੀ ਅਤੇ ਨੌਜਵਾਨ ਬੀਬੀਆਂ ਦੀ ਚੌਖੀ ਹਾਜ਼ਰੀ ਇਸ ਸੈਮੀਨਾਰ ਦਾ ਦੂਜਾ ਰੌਸ਼ਨ ਪੱਖ ਸੀ।
ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਕੀਤੀ। ਦਿੱਲੀ ਦੇ ਡਾਕਟਰ ਜ਼ਾਕਿਰ ਹੁਸੈਨ ਕਾਲਜ ਤੋਂ ਫਿਲਾਸਫ਼ੀ ਵਿਭਾਗ ਦੀ ਸੇਵਾ ਮੁਕਤ ਪ੍ਰੋਫੈਸਰ, ਡਾ. ਮਧੂ ਪ੍ਰਸਾਦ ਨੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਕੀਤਾ। ਮੰਚ ‘ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਅਤੇ ਸਕੱਤਰ ਸਾਥੀ ਹਰਕੰਵਲ ਸਿੰਘ ਵੀ ਸੁਸ਼ੋਭਿਤ ਸਨ।
ਆਪਣੇ ਵਿਦਵਤਾ ਭਰਪੂਰ ਭਾਸ਼ਣ ‘ਚ ਪ੍ਰੋਫੈਸਰ ਮਧੂ ਪ੍ਰਸਾਦ ਨੇ ਔਰਤਾਂ ‘ਤੇ ਵੱਧ ਰਹੇ ਅੱਤਿਆਚਾਰਾਂ, ਵਿਸ਼ੇਸ਼ ਤੌਰ ‘ਤੇ ਬਾਲੜੀਆਂ ‘ਤੇ ਹੋ ਰਹੇ ਜਿਨਸੀ ਹਮਲਿਆਂ ਦੀ ਬਹੁਤ ਹੀ ਦਰਦਨਾਕ ਤਸਵੀਰ ਪੇਸ਼ ਕੀਤੀ। ਉਹਨਾ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵਲੋਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਂਅ ‘ਤੇ ਉਹਨਾਂ ਦੀਆਂ ਮਾਨਵੀ ਤੇ ਸ਼ਹਿਰੀ ਆਜ਼ਾਦੀਆਂ ਉਪਰ ਹੋਰ ਬੰਦਸ਼ਾਂ ਵਧਾਈਆਂ ਜਾ ਰਹੀਆਂ ਹਨ, ਜਦੋਂਕਿ ਅੱਤਿਆਚਾਰ ਤੇ ਕੁਕਰਮ ਕਰਨ ਦੇ ਦੋਸ਼ੀਆਂ ਨੂੰ ਹੋਰ ਹੱਲਾਸ਼ੇਰੀ ਮਿਲ ਰਹੀ ਹੈ। ਡਾ. ਮਧੂ ਪ੍ਰਸਾਦ ਅਨੁਸਾਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦਿਸ਼ਾ ਵਿਚ ਭਾਰਤ ਅੰਦਰ ਕਾਨੂੰਨੀ ਵਿਵਸਥਾਵਾਂ, ਨਿਆਂ ਪ੍ਰਣਾਲੀ, ਪ੍ਰਸ਼ਾਸਨਿਕ-ਤੰਤਰ ਅਤੇ ਰੁਜ਼ਗਾਰ ਪ੍ਰਣਾਲੀ ਆਦਿ ਸਾਰੀਆਂ ਹੀ ਜ਼ਰੂਰੀ ਤੇ ਬੁਨਿਆਦੀ ਸਮਾਜਿਕ ਸੰਸਥਾਵਾਂ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਪਿੱਛੇ ਸਰਕਾਰਾਂ ਦੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਵੀ ਜ਼ੁੰਮੇਵਾਰ ਹਨ ਅਤੇ ਮੋਦੀ ਸਰਕਾਰ ਦੇ ਪ੍ਰੇਰਣਾ ਸਰੋਤ ਆਰ.ਐਸ.ਐਸ. ਦੀ ਹਿਟਲਰਵਾਦੀ ਸੋਚ ਵੀ ਵੱਡੀ ਹੱਦ ਤੱਕ ਜ਼ੁੰਮੇਵਾਰ ਹੈ, ਜਿਹੜੀ ਕਿ ਸਰਮਾਏਦਾਰ ਲੁਟੇਰਿਆਂ ਦੇ ਹਿੱਤਾਂ ਖਾਤਰ ਸਮਾਜ ਦੇ ਹਰ ਕਮਜ਼ੋਰ ਵਰਗ ਨੂੰ ਦਬਾਉਣਾ ਚਾਹੁੰਦੀ ਹੈ। ਇਹੋ ਕਾਰਨ ਹੈ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਨਾਲ ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਉਪਰ ਅੱਤਿਆਚਾਰਾਂ ਤੇ ਆਰਥਕ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਆਮ ਲੋਕਾਂ ਦਾ ਮਹਿੰਗਾਈ ਨੇ ਸਾਹ ਸੂਤ ਲਿਆ ਹੈ ਅਤੇ ਉਹਨਾਂ ਲਈ ਲੋੜੀਂਦੀਆਂ ਮੁਫ਼ਤ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਸਰਕਾਰ ਵਲੋਂ ਗਿਣ-ਮਿਥਕੇ ਭੋਗ ਪਾਇਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦਾ ਭਵਿੱਖ ਬੇਹੱਦ ਚਿੰਤਾਜਨਕ ਬਣ ਗਿਆ ਹੈ। ਡਾ. ਪ੍ਰਸਾਦ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾ ਵੱਧ ਰਹੇ ਸਰਕਾਰੀ ਤੇ ਸਮਾਜਿਕ ਜ਼ੁਲਮਾਂ ਦੇ ਅਸਲ ਕਾਰਨਾਂ ਪ੍ਰਤੀ ਜਾਗਰੂਕ ਹੋਣ ਅਤੇ ਘਰਾਂ ਤੋਂ ਬਾਹਰ ਨਿਕਲ ਕੇ ਇਸ ਲੁਟੇਰੇ ਤੇ ਫਿਰਕੂ ਫਾਸ਼ੀਵਾਦੀ ਤੰਤਰ ਵਿਰੁੱਧ ਜੂਝ ਰਹੇ ਹੋਰ ਲੋਕਾਂ ਦਾ ਡਟਵਾਂ ਸਾਥ ਦੇਣ ਤਾਂ ਜੋ ਦੇਸ਼ ਅੰਦਰ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਸਮੁੱਚੀਆਂ ਜਮਹੂਰੀ ਸੰਸਥਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਸੈਮੀਨਾਰ ‘ਚ ਸ਼ਾਮਲ ਬੀਬੀਆਂ ਵਲੋਂ ਡਾ. ਪ੍ਰਸਾਦ ਤੋਂ ਬਹੁਤ ਹੀ ਬੇਬਾਕੀ ਨਾਲ ਅਨੇਕਾਂ ਵਿਸ਼ਿਆਂ ਬਾਰੇ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਨੇ ਬਹੁਤ ਹੀ ਠਰ੍ਹਮੇਂ ਨਾਲ ਬਾਦਲੀਲ ਜਵਾਬ ਦਿੱਤੇ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਤਰਸੱਤਾ ਦੇ ਸਿਰੇ ਦੇ ਪਿਛਾਂਹ ਖਿੱਚੂ ਸੰਕਲਪ ਨੂੰ ਮੁੱਢੋਂ-ਸੁੱਢੋਂ ਰੱਦ ਕੀਤੇ ਬਿਨਾਂ ਔਰਤਾਂ ਨੂੰ ਹਰ ਖੇਤਰ ‘ਚ ਸਮਾਨ ਅਧਿਕਾਰ ਮਿਲਣੇ ਕਤਈ ਸੰਭਵ ਨਹੀਂ। ਉਹਨਾ ਕਿਹਾ ਕਿ ਕੱਟੜ ਹਿੰਦੂਤਵਵਾਦੀ ਪਿਛਾਂਹਖਿੱਚੂ ਤੱਤਾਂ ਦਾ ਉਭਾਰ, ਸੱਤਾ ‘ਤੇ ਇੰਨ੍ਹਾਂ ਤੱਤਾਂ ਦੇ ਚਹੇਤਿਆਂ ਦਾ ਕਾਬਜ਼ ਹੋਣਾ ਅਤੇ ਔਰਤਾਂ ਦੀ ਦੁਰਦਸ਼ਾ ਵਿਚ ਹੋਰ ਵਾਧਾ ਹੋਣਾ ਇਕ ਦੂਜੇ ਨਾਲ ਪੀਡੇ ਜੁੜੇ ਹੋਏ ਹਨ। ਉਨ੍ਹਾ ਔਰਤਾਂ ‘ਚ ਵੱਧ ਰਹੀ ਜਾਗਰੂਕਤਾ ਅਤੇ ਪ੍ਰਤੀਰੋਧ ਸਮਰਥਾ ਨੂੰ ਸਵਾਗਤਯੋਗ ਦੱਸਦਿਆਂ ਇਹ ਵੀ ਕਿਹਾ ਕਿ ਹਾਲੇ ਇਹ ਨਾਕਾਫ਼ੀ ਹੈ ਅਤੇ ਧੁਰ ਹੇਠਾਂ ਤੱਕ ਸੰਤਾਪ ਹੰਢਾ ਰਹੀਆਂ ਔਰਤਾਂ ਤੱਕ ਇਸ ਹਾਂ-ਪੱਖੀ ਵਰਤਾਰੇ ਨੂੰ ਲੈ ਕੇ ਜਾਣ ਲਈ ਬੜਾ ਕੁੱਝ ਕਰਨਾ ਲੋੜੀਂਦਾ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਉਕਤ ਕਾਰਜ ਕੇਵਲ ਔਰਤ ਅੰਦੋਲਨ ਦੀ ਜ਼ਿੰਮੇਵਾਰੀ ਨਾ ਹੋ ਕੇ ਸਮੁੱਚੇ ਜਮਹੂਰੀ ਅੰਦੋਲਨ, ਖਾਸਕਰ ਖੱਬੀਆਂ ਧਿਰਾਂ ਦਾ ਪਲੇਠਾ ਫਰਜ਼ ਹੈ। ਸਾਥੀ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਕਮਿਊਨਿਸਟਾਂ ਨੂੰ ਔਰਤਾਂ ਦੇ ਬਰਾਬਰ ਅਧਿਕਾਰਾਂ ਦਾ ਸੰਗਰਾਮ ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਆਰ.ਐਮ.ਪੀ.ਆਈ. ਵਲੋਂ ਇਸ ਦਿਸ਼ਾ ਵਿਚ ਹਰ ਜ਼ਰੂਰੀ ਯਤਨ ਕਰਨ ਦਾ ਭਰੋਸਾ ਵੀ ਦਿੱਤਾ।
ਸੈਮੀਨਾਰ ਦੀ ਪ੍ਰਧਾਨ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਰਾਹੀਂ ਹਾਜ਼ਰ ਔਰਤਾਂ ਨੂੰ ਹਰ ਤਰ੍ਹਾਂ ਦੇ ਵਿਤਕਰਿਆਂ ਤੇ ਜ਼ਿਆਦਤੀਆਂ ਵਿਰੁੱਧ ਮਿਲਕੇ ਹੰਭਲਾ ਮਾਰਨ ਦੀ ਬਹੁਤ ਹੀ ਜੋਸ਼ੀਲੀ ਤੇ ਭਾਵਪੂਰਤ ਪ੍ਰੇਰਨਾ ਦਿੱਤੀ। ਉਹਨਾਂ ਭਾਵਪੂਰਤ ਗਜ਼ਲਾਂ ਅਤੇ ਨਜ਼ਮਾਂ ਨਾਲ ਵੀ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਨ੍ਹਾਂ ਬੜੇ ਮਾਨ ਨਾਲ ਦੱਸਿਆ ਕਿ ਘਰੇਲੂ ਤੇ ਸਮਾਜਕ ਬੰਦਸ਼ਾਂ ਕਰਕੇ ਉਹ ਨੌਵੀਂ ਜਮਾਤ ‘ਚੋਂ ਪੜ੍ਹਣੋਂ ਹੱਟ ਗਏ ਸਨ, ਪਰ ਬਾਰਾਂ ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਉਨ੍ਹਾਂ ਮੁੜ ਪੜ੍ਹਾਈ ਸ਼ੁਰੂ ਕੀਤੀ ਅਤੇ ਮੁੜ ਕੇ ਪਿਛਾਂਹ ਨਹੀਂ ਦੇਖਿਆ। ਉਨ੍ਹਾਂ ਸੈਮੀਨਾਰ ਅਤੇ ਸੰਗਰਾਮਾਂ ਦੀ ਪਹਿਲਕਦਮੀ ਕਰਨ ਲਈ ਪਾਰਟੀ ਨੂੰ ਮੁਬਾਰਕਾਂ ਅਤੇ ਸ਼ੁਭ ਇੱਛਾਵਾਂ ਭੇਂਟ ਕੀਤੀਆਂ।
ਸਟੇਜ ਸੰਚਾਲਨ ਦੇ ਫਰਜ਼ ਪਾਰਟੀ ਦੀ ਸੂਬਾ ਕਮੇਟੀ ਮੈਂਬਰ ਸਾਥੀ ਨੀਲਮ ਘੁਮਾਣ ਵਲੋਂ ਨਿਭਾਏ ਗਏ। ਸੈਮੀਨਾਰ ਦੇ ਆਰੰਭ ਵਿਚ ਕਰੂਕਸ਼ੇਤਰਾ ਯੂਨੀਵਰਸਿਟੀ ਤੋਂ ਪੰਜਾਬ ਵਿਭਾਗ ਦੀ ਸੇਵਾਮੁਕਤ ਪ੍ਰੋਫੈਸਰ, ਡਾਕਟਰ ਕਰਮਜੀਤ ਸਿੰਘ ਨੇ ਮੁੱਖ ਵਕਤਾ ਦੀ ਜਾਣ ਪਛਾਣ ਕਰਾਈ।