Now Reading
ਸਾਹਿਤ ਤੇ ਸੱਭਿਆਚਾਰ ਸੰਗਰਾਮੀ ਲਹਿਰ (ਫਰਵਰੀ 2019)

ਸਾਹਿਤ ਤੇ ਸੱਭਿਆਚਾਰ ਸੰਗਰਾਮੀ ਲਹਿਰ (ਫਰਵਰੀ 2019)

ਇਹ ਕਹਾਣੀ ਨਹੀਂ…
ਇਸ ਦਰਦ ਦੀ ਕੀ ਦਵਾ ਹੋਵੇ!!
-ਇੰਦਰਜੀਤ ਚੁਗਾਵਾਂ

ਕਿਸੇ ਵੀ ਪਰਵਾਰ ਵਲੋਂ ਹੱਡੀਂ ਹੰਢਾਇਆ ਦਰਦ ਪੀੜ੍ਹੀ ਦਰ ਪੀੜ੍ਹੀ ਉਸ ਦੇ ਨਾਲ ਸਫਰ ਕਰਦਾ ਹੈ। ਇਸ ਦੀ ਚੀਸ ਕਦੋਂ, ਕਿੱਥੇ ਤੇ ਕਿਸ ਰੂਪ ‘ਚ ਸਿਰ ਚੁੱਕ ਲਵੇ, ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਜਦ ਇਹ ਦਰਦ ਸਮੁੱਚੇ ਭਾਈਚਾਰੇ, ਸਮੁੱਚੀ ਮਾਨਵਤਾ ਦਾ ਹੋਵੇ ਤਾਂ ਇਹ ਕਿਤੇ ਵਧੇਰੇ ਕਸ਼ਟਦਾਈ ਤੇ ਪ੍ਰੇਸ਼ਾਨੀ ਭਰਿਆ ਹੁੰਦਾ ਹੈ ਤੇ ਇਹ ਦਰਦ ਕਈ ਸੁਆਲ ਵੀ ਨਾਲ ਲੈ ਕੇ ਤੁਰਦਾ ਹੈ।
ਮੈਂ ਬਚਪਨ ‘ਚ ਆਪਣੇ ਭਾਪਾ ਜੀ ਦੇ ਜਿਆਦਾ ਨੇੜੇ ਸੀ ਤੇ ਉਨ੍ਹਾ ਨਾਲ ਈ ਸੌਂਦਾ ਹੁੰਦਾ ਸੀ । ਨਹਿਰੋਂ ਪਾਰ ਆਪਣੇ ਖੇਤਾਂ ਵਿਚਲੇ ਡੇਰੇ ‘ਤੇ, ਜਿਸ ਨੂੰ ਸਾਡੀ ਸਥਾਨਕ ਬੋਲਚਾਲ ‘ਚ ਆਮ ਕਰਕੇ ਖੂਹ ਕਿਹਾ ਜਾਂਦਾ ਹੈ, ਰਾਤ ਨੂੰ ਮੈਂ ਭਾਪਾ ਜੀ ਦੇ ਨਾਲ ਹੀ ਸੌਂਦਾ ਹੁੰਦਾ ਸੀ ਤੇ ਸਕੂਲ ਦਾ ਕੰਮ ਵੀ ਓਥੇ ਈ ਰਾਤ ਨੂੰ ਕਰਦਾ ਸੀ । ਸਾਡੀ ਦੋਹਾਂ ਪਿਓ-ਪੁੱਤ ਦੀ ਪੱਕੀ ਯਾਰੀ ਸੀ । ਭਾਪਾ ਜੀ ਦੇ ਨਾਲ ਬਿਤਾਏ ਇਨ੍ਹਾਂ ਵਰ੍ਹਿਆਂ ‘ਚੋਂ ਇੱਕ ਖਾਸ ਪਹਿਲੂ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਦੇ ਸੰਦਰਭ ‘ਚ ਮੈਨੂੰ ਅੱਜ ਯਾਦ ਆ ਰਿਹਾ ਹੈ। ਇਨ੍ਹਾਂ ‘ਚੋਂ ਇੱਕ ਹੈ ਦਿੱਲੀ ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਦੇ ਸੰਬੰਧ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਤੇ ਦੂਸਰੀ ਅਦਾਕਾਰ ਨਸੀਰੁੱਦੀਨ ਸ਼ਾਹ ਵਲੋਂ ਯੂ ਪੀ ਦੇ ਬੁਲੰਦ ਸ਼ਹਿਰ ‘ਚ ਫਿਰਕੂ ਹਜ਼ੂਮੀਆਂ ਵੱਲੋਂ ਇੱਕ ਪੁਲਸ ਇੰਸਪੈਕਟਰ ਦੀ ਕੀਤੀ ਗਈ ਹੱਤਿਆ ਦੇ ਸੰਬੰਧ ‘ਚ ਇੱਕ ਇੰਟਰਵਿਊ ਦੌਰਾਨ ਕੀਤੀ ਗਈ ਟਿੱਪਣੀ।
ਮੈਨੂੰ ਨਹੀਂ ਯਾਦ ਕਿ ਕੋਈ ਰਾਤ ਅਜਿਹੀ ਹੋਵੇ ਜਿਸ ਦਿਨ ਸਾਡੇ ਪਿਓ-ਪੁੱਤ ਦੀਆਂ ਗੱਲਾਂ ‘ਚ ਪਾਕਿਸਤਾਨ ਨਾ ਆਇਆ ਹੋਵੇ ।
ਭਾਪਾ ਜੀ ਦਾ ਜਨਮ ਲਾਇਲਪੁਰ ਜ਼ਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਪਿੰਡ ਪਾਓਲਾਣੀ ਜੰਡਿਆਲਾ, ਚੱਕ ਨੰਬਰ 101 ‘ਚ ਹੋਇਆ ਸੀ। ਉਨ੍ਹਾ ਦੀਆਂ ਗੱਲਾਂ ‘ਚ ਪਾਓਲਾਣੀ ਜੰਡਿਆਲਾ ਪੂਰੀ ਤਰ੍ਹਾਂ ਛਾਇਆ ਰਹਿੰਦਾ ਸੀ। ਉਹ ਵਾਰ ਵਾਰ ਆਪਣੇ ਮੁਸਲਿਮ ਦੋਸਤਾਂ ਦੀਆਂ ਗੱਲਾਂ ਕਰਦੇ ਤੇ ਵਾਰ ਵਾਰ ਉਨ੍ਹਾ ਦੀਆਂ ਅੱਖਾਂ ਸਿਲ੍ਹੀਆਂ ਹੁੰਦੀਆਂ ਰਹਿੰਦੀਆਂ। ਮੈਂ, ਇੱਕ ਬਾਲ ਉਸ ਸਿਲ੍ਹ ਨੂੰ ਤਾਂ ਨਾ ਸਮਝ ਪਾਉਂਦਾ ਪਰ ਉਹ ਸਿਲ੍ਹ ਮੇਰੇ ਅੰਦਰ ਜਰੂਰ ਧਸ ਜਾਂਦੀ ਸੀ।
ਕੋਈ ਵੀ ਪੁੱਤ ਜਾਂ ਧੀ ਆਪਣੇ ਮਾਂ ਬਾਪ ਦੀਆਂ ਅੱਖਾਂ ਵਿੱਚ ਅੱਥਰੂ ਬਰਦਾਸ਼ਤ ਨਹੀਂਂ ਕਰ ਸਕਦਾ। ਮੈਨੂੰ ਵੀ ਇਹ ਅੱਥਰੂ ਬਹੁਤ ਤੰਗ ਕਰਦੇ। ਭਾਪਾ ਜੀ ਨੂੰ ਚੁੱਪ ਤਾਂ ਨਾ ਕਰਵਾ ਸਕਣਾ ਪਰ ਇਹ ਅਕਸਰ ਪੁੱਛ ਲੈਣਾ ਕਿ ਭਾਪਾ ਜੀ, ਤੁਸੀਂ ਰੋ ਕਿਓਂ ਰਹੇ ਓ?
ਉਨ੍ਹਾ ਦਾ ਜੁਆਬ ਹੁੰਦਾ ਸੀ,”ਪੁੱਤਰਾ ਤੂੰ ਅਜੇ ਛੋਟੈਂ!”
ਮੈਨੂੰ ਸਮਝ ਨਾ ਆਉਂਦੀ ਕਿ ਛੋਟੇ ਹੋਣ ਦਾ ਕੀ ਮਤਲਬ ਹੋਇਆ!
ਵੰਡ ਵੇਲੇ ਦੇ ਦਿਨਾਂ ਦੀਆਂ ਗੱਲਾਂ ਸੁਣਾਉਣ ਤੋਂ ਉਹ ਅਕਸਰ ਕੰਨੀ ਕਤਰਾਉਂਦੇ ਸਨ ਪਰ ਨਾ ਚਾਹੁੰਦਿਆਂ ਵੀ ਪਾਕਿਸਤਾਨ-ਹਿੰਦੁਸਤਾਨ ਸਾਡੀਆਂ ਗੱਲਾਂ ‘ਚ ਆਣ ਵੜਦੇ।
ਮੈਂ ਇਹ ਸੁਆਲ ਪੁੱਛੇ ਬਿਨਾ ਨਾ ਰਹਿ ਸਕਦਾ ਕਿ ਵੰਡ ਦਾ ਮਤਲਬ ਕੀ ਹੁੰਦੈ ?
ਹਰ ਵੰਡ ਵੇਲੇ ਘਰ ਛੱਡਣਾ ਈ ਪੈਂਦੈ ਭਲਾ?
ਤੁਹਾਨੂੰ ਘਰ ਕਿਓਂ ਛੱਡਣਾ ਪਿਆ? ਵੰਡ ਕਿਓਂ ਹੋਈ?
ਪਾਕਿਸਤਾਨ ਤੇ ਹਿੰਦੁਸਤਾਨ ਦਾ ਮਤਲਬ ਭਲਾ ਬੰਬ ਸੁੱਟਣੇ ਹੁੰਦੈ? ਭਾਪਾ ਜੀ ਸਿਰਫ ਏਨਾ ਕੁ ਆਖ ਛੱਡਦੇ ਕਿ ਮੁਸਲਮਾਨਾਂ ਦੇ ਹਿੱਸੇ ਪਾਕਿਸਤਾਨ ਆਇਆ ਸੀ ਤੇ ਹਿੰਦੂ-ਸਿੱਖਾਂ ਦੇ ਹਿੱਸੇ ਹਿੰਦੁਸਤਾਨ। ਮੈਂ ਸੁਆਲ ਕਰਨਾ ਕਿ ਫੇਰ ਪਾਕਿਸਤਾਨ ਵਾਲੇ ਆਪਣੇ ਦੁਸ਼ਮਣ ਹੋਏ? ਉਨ੍ਹਾ ਦਾ ਜੁਆਬ ਹੁੰਦਾ ਸੀ,”ਨਹੀਂ, ਦੁਸ਼ਮਣ ਕਿਵੇਂ ਹੋਏ? ਓਥੇ ਆਪਣਾ ਘਰ ਐ, ਨਨਕਾਣਾ ਸਾਹਿਬ ਓਥੇ ਐ ਤੇ ਮੇਰਾ ਸਕੂਲ ਵੀ।”
ਮੈਂ ਆਖਣਾ ਕਿ ਜੇ ਤੁਸੀਂ ਇੱਧਰ ਆ ਈ ਗਏ ਤਾਂ ਓਧਰਲੇ ਪਾਕਿਸਤਾਨ ਵਿਚਲੇ ਘਰ ਨੂੰ ਆਪਣਾ ਘਰ ਕਿਓਂ ਕਹਿੰਦੇ ਓ? ਆਪਣਾ ਘਰ ਤਾਂ ਇਹ ਆ ਚੁਗਾਵਾਂ ਵਾਲਾ? ਬੱਚਾ ਸੀ ਨਾ । ਇਹ ਗੱਲ ਉਨ੍ਹਾ ਨੂੰ ਚੰਗੀ ਨਾ ਲੱਗਣੀ। ਉਨਾ ਚੁੱਪ ਕਰ ਜਾਣਾ ਤੇ ਮੈਨੂੰ ਸੌਣ ਲਈ ਆਖ ਦੇਣਾ।
ਇਹ ਸੁਆਲ ਉਨ੍ਹਾ ਨੂੰ ਜਰੂਰ ਪ੍ਰੇਸ਼ਾਨ ਕਰਦੇ ਹੋਣਗੇ, ਇਹ ਗੱਲ ਮੈਂ ਬਾਅਦ ‘ਚ ਮਹਿਸੂਸ ਕੀਤੀ। ਇਹੀ ਕਾਰਨ ਸੀ ਕਿ ਉਹ ਆਖ ਛੱਡਦੇ ਕਿ ਵੱਡਾ ਹੋਏਂਗਾ ਤਾਂ ਆਪਣੇ ਆਪ ਸਮਝ ਜਾਏਂਗਾ। ਇਹ ਸਭ ਮੇਰੇ ਲਈ ਪ੍ਰੇਸ਼ਾਨੀ ਤੇ ਉਤਸੁਕਤਾ ਪੈਦਾ ਕਰਨ ਵਾਲਾ ਹੁੰਦਾ ਸੀ ਕਿ ਮੈਂ ਹੁਣੇ ਕਿਓਂ ਨਹੀਂ ਸਮਝ ਸਕਦਾ, ਉਹ ਕਿਹੜਾ ਭੇਤ ਹੈ ਜੋ ਮੈਥੋਂ ਲੁਕਾਇਆ ਜਾ ਰਿਹਾ ਹੈ ਤੇ ਮੇਰਾ ਜੀਅ ਕਰਨਾ ਕਿ ਮੈਂ ਰਾਤੋ ਰਾਤ ਵੱਡਾ ਹੋ ਜਾਵਾਂ। ਉਹ ਦੁੱਖ, ਉਹ ਚੀਸ ਵਗਾਹ ਕੇ ਪਰ੍ਹੇ ਮਾਰਾਂ ਜੋ ਮੇਰੇ ਭਾਪਾ ਜੀ ਨੂੰ ਕਸ਼ਟ ਦੇ ਰਹੀ ਹੈ ਪਰ ਇਹ ਮੇਰੇ ਵਸ ‘ਚ ਨਹੀਂ ਸੀ।
ਵੰਡ ਦੇ ਹਿਜ਼ਰਤ ਵੇਲੇ ਦੇ ਦਿਨਾਂ ਦੀ ਗੱਲ ਕਰਦਿਆਂ, ਵੱਢ-ਟੁੱਕ ਦੀਆਂ ਗੱਲਾਂ ਦੱਸਦਿਆਂ ਉਹ ਇੱਕ ਹਿਰਦੇਵੇਦਕ ਘਟਨਾ ਦਾ ਜ਼ਿਕਰ ਅਕਸਰ  ਕਰਿਆ ਕਰਦੇ ਸਨ ਕਿ ਰਸਤੇ ‘ਚ ਕਿਸ ਤਰ੍ਹਾਂ ਇੱਕ ਬੱਚਾ ਆਪਣੀ ਮਰੀ ਪਈ ਮਾਂ ਦੀਆਂ ਛਾਤੀਆਂ ਚੁੰਘਣ ਦੀ ਕੋਸ਼ਿਸ਼ ਕਰਦਾ ਰੋ ਰਿਹਾ ਸੀ। ਮੈਂ ਇਹ ਸਭ ਭਾਪਾ ਜੀ ਦੀ ਛਾਤੀ ‘ਤੇ ਸਿਰ ਰੱਖ ਕੇ ਬੜੀ ਨੀਝ ਲਾ ਕੇ ਸੁਣਦਾ। ਭਾਪਾ ਜੀ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ। ਇਹ ਤੇਜ਼ ਧੜਕਣ ਮੇਰੇ ਅੰਦਰ ਵੀ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਕਰ ਦਿੰਦੀ। ਮੇਰੀਆਂ ਅੱਖਾਂ ਵੀ ਭਰ ਆਉਂਦੀਆਂ। ਭਾਪਾ ਜੀ ਅਜਿਹੇ ਪਲਾਂ ਦੌਰਾਨ  ਕਈ ਵਾਰ ਉੱਚੀ ਉੱਚੀ ਰੋਣ ਲੱਗ ਪੈਂਦੇ ਤੇ ਆਖਦੇ, “ਉਹ! ਮੇਰਿਆ ਰੱਬਾ, ਉਹ ਦਿਨ ਮੁੜ ਕੇ ਨਾ ਦਿਖਾਈਂ।” ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਵਕਤ ਉਨ੍ਹਾ ਦੀ ਮੇਰੇ ਦੁਆਲੇ ਪਕੜ ਹੋਰ ਮਜ਼ਬੂਤ ਹੁੰਦੀ ਜਾਂਦੀ। ਉਹ ਮੈਨੂੰ ਆਪਣੀ ਛਾਤੀ ਨਾਲ ਹੋਰ ਵਧੇਰੇ ਘੁੱਟ ਕੇ ਲਾ ਲੈਂਦੇ।
ਇਸ ਮਜ਼ਬੂਤ ਹੁੰਦੀ ਪਕੜ ਦੀ ਉਸ ਵੇਲੇ ਮੈਨੂੰ ਸਮਝ ਨਹੀਂ ਸੀ। ਮੇਰਾ ਬਾਲ ਮਨ ਭਾਪਾ ਜੀ ਦੇ ਅਹਿਸਾਸ ਦੀ ਥਾਹ ਪਾਉਣ ਦੇ ਸਮਰੱਥ ਨਹੀਂ ਸੀ ਉਸ ਵਕਤ, ਪਰ ਏਨਾ ਜਰੂਰ ਪਤਾ ਲੱਗ ਜਾਂਦਾ ਸੀ ਕਿ ਭਾਪਾ ਜੀ ਬਹੁਤ ਦੁਖੀ ਹਨ।
ਬਾਅਦ ‘ਚ ਜਵਾਨ ਹੋ ਕੇ ਜਦ ਸਾਹਿਤ ਵੱਲ ਝੁਕਾਅ ਹੋਇਆ ਤਾਂ ਭਾਪਾ ਜੀ ਦੀ ਉਸ ਪਕੜ ਦੀ ਸਮਝ ਪਈ ਕਿ ਉਹ ਤਾਂ ਇੱਕ ਬਾਪ ਦੀ ਪਕੜ ਸੀ ਜੋ ਜੰਗ ਦੇ ਮੈਦਾਨ ‘ਚੋਂ ਆਪਣੇ ਪੁੱਤ ਨੂੰ ਹਰ ਹਾਲ ਬਚਾਅ ਕੇ ਲੈ ਜਾਣਾ ਚਾਹੁੰਦਾ ਹੈ। ਇਹ ਸਭ ਕੁੱਝ ਸਮਝ ਕੇ, ਮਹਿਸੂਸ ਕਰਕੇ ਭਾਪਾ ਜੀ ਲਈ ਮੇਰਾ ਪਿਆਰ-ਸਤਿਕਾਰ ਹੋਰ ਗੂੜ੍ਹਾ ਹੋ ਗਿਆ ਸੀ। ਮੈਨੂੰ ਉਸ ਪਕੜ ਦੀ ਸਮਝ ਤਾਂ ਬੇਸ਼ੱਕ ਪੈ ਗਈ ਸੀ ਪਰ ਜਿਸ ਸ਼ਿੱਦਤ ਨਾਲ ਹੁਣ ਪਈ ਹੈ, ਉਸ ਵੇਲੇ ਨਹੀਂ ਪਈ ਸੀ ।
ਦਿੱਲੀ ਹਾਈਕੋਰਟ ਨੇ ਜਦ 1984 ਦੇ ਦਿੱਲੀ ਕਤਲੇਆਮ ਦੇ ਇੱਕ ਮਾਮਲੇ ‘ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਲਗਾਤਾਰ 34 ਸਾਲ ਮੁਕੱਦਮਾ ਲੜਨ ਵਾਲੀ ਜਗਦੀਸ਼ ਕੌਰ ਦੀ ਇੰਟਰਵਿਊ ਵੀ ਦੇਖਣ ਨੂੰ ਮਿਲੀ। ਇਸ ਇੰਟਰਵਿਊ ਨੂੰ ਕੋਈ ਵੀ ਮਨੁੱਖ, ਜਿਸ ਦੇ ਸੀਨੇ ‘ਚ ਦਿਲ ਧੜਕਦਾ ਹੋਵੇ, ਉਹ ਸੁੱਕੀ ਅੱਖ ਨਾਲ ਨਹੀਂ ਸੁਣ ਸਕਦਾ। ਜਗਦੀਸ਼ ਕੌਰ ਜਦ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪਤੀ ਤੇ ਜਵਾਨ ਪੁੱਤ ਦੀਆਂ ਲਾਸ਼ਾਂ ਦਾ ਸਸਕਾਰ ਘਰ ਦੇ ਅੰਦਰ ਹੀ ਬਚੇ ਖੁਚੇ ਫਰਨੀਚਰ ਨਾਲ ਕੀਤਾ ਸੀ। ਤੇ, ਜਦ ਉਹ ਸੁਆਲ ਕਰਦੀ ਹੈ ਕਿ ਕਿਸ ਨੂੰ ਆਪਣਾ ਵਤਨ ਕਹੀਏ? ਤਾਂ ਮੈਨੂੰ ਭਾਪਾ ਜੀ ਦੀ ਆਪਣੇ ਦੁਆਲੇ ਪਲ ਪਲ ਮਜ਼ਬੂਤ ਹੁੰਦੀ ਪਕੜ ਦਾ ਜਿਸ ਸ਼ਿੱਦਤ ਨਾਲ ਅਹਿਸਾਸ ਹੋਇਆ, ਉਹ ਪਹਿਲੇ ਅਹਿਸਾਸ ਨਾਲੋਂ ਕਿਤੇ ਵਧੇਰੇ ਵੱਖਰਾ ਸੀ।
ਭਾਪਾ ਜੀ ਅਕਸਰ ਕਿਹਾ ਕਰਦੇ ਸਨ ਕਿ ਪਤਾ ਨਹੀਂ ਕੀ ਹਵਾ ਵਗ ਗਈ ਸੀ ਕਿ ਚੰਗੇ ਭਲੇ ਇਨਸਾਨ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਸਨ । ਉਹ ਦੱਸਦੇ ਹੁੰਦੇ ਸਨ ਕਿ ਕਿਵੇਂ ਇਧਰ ਆਉਂਦੇ ਸਮੇਂ ਉਨ੍ਹਾ ਦੇ ਚਾਚੇ, (ਸਾਡੇ ਦਾਦੇ ਦੇ ਭਰਾ)  ਨੇ ਆਪਣੀ ਦੇਸੀ ਬੰਦੂਕ ਨਾਲ ਫਸਲ ਨੂੰ ਪਾਣੀ ਦੇ ਰਿਹਾ ਇੱਕ ਮੁਸਲਿਮ ਕਿਸਾਨ ਮਾਰ ਮੁਕਾਇਆ ਸੀ ਜਿਸ ਦਾ ਕੋਈ ਕਸੂਰ ਵੀ ਨਹੀਂ ਸੀ ।
ਇਸ ‘ਤੇ ਮੇਰੇ ਮਨ ‘ਚ ਸੰਸਾ ਉੱਠਦਾ ਕਿ ਕਿਤੇ ਭਾਪਾ ਜੀ ਨੇ ਨਾ ਕੋਈ ਮੁਸਲਮਾਨ ਮਾਰਿਆ ਹੋਵੇ! ਇੱਕ ਵਾਰ ਮੈਂ ਪੁੱਛ ਈ ਲਿਆ, “ਭਾਪਾ ਜੀ, ਤੁਸੀਂ ਕਿੰਨੇ ਮੁਸਲਮਾਨ ਮਾਰੇ?”
ਉਨ੍ਹਾ ਮੇਰੇ ਵੱਲ ਥੋੜ੍ਹਾ ਕੌੜ ਨਾਲ ਦੇਖਿਆ ਪਰ ਫੌਰੀ ਤੌਰ ‘ਤੇ ਕੁੱਝ ਨਹੀਂ ਕਿਹਾ। ਫੇਰ ਮੋਢੇ ਤੋਂ ਫੜ ਕੇ, ਮੇਰੀਆਂ ਅੱਖਾਂ ‘ਚ ਝਾਕਦਿਆਂ ਕਿਹਾ, ”ਇਹ ਕਿਵੇਂ ਹੋ ਸਕਦਾ ਭਲਾ! ਤੇਰੇ ਬਾਬੇ ਕੋਲੋਂ ਪਤਾ ਨਹੀਂਂ ਕਿਵੇਂ ਗਲਤੀ ਹੋ ਗਈ! ਤੇਰੇ ਬਾਬੇ (ਭਾਪਾ ਜੀ ਦੇ ਚਾਚੇ) ਵਲੋਂ ਕੀਤੀ ਬੱਜਰ ਗਲਤੀ ਦਾ ਸਾਰੇ ਪਰਵਾਰ ਨੇ ਬੁਰਾ ਮਨਾਇਆ ਸੀ। ਆਪਣੇ ਪਰਵਾਰ ਦੀ ਮੁਸਲਮਾਨਾਂ ਨਾਲ ਬਹੁਤ ਈ ਬਣਦੀ ਸੀ, ਉਹ ਤਾਂ ਸਾਡੇ ਕਾਫਲੇ ਦੇ ਨਾਲ ਦੂਰ ਤੱਕ ਆਏ ਸਨ ਕਿ ਕੋਈ ਵਾਹਰ ਕਾਫਲੇ ਨੂੰ ਨਾ ਘੇਰ ਲਵੇ। ਉਹ ਜਿਹੜੇ ਵੱਢ-ਟੁੱਕ ਤੇ ਲੁੱਟਮਾਰ ਕਰਨ ਵਾਲੇ ਸਨ, ਉਹ ਮੁਸਲਮਾਨ ਨਹੀਂ ਸਨ, ਉਹ ਤਾਂ ਕੋਈ ਹੋਰ ਈ ਸਨ।” ਮੈਂ ਸੋਚਿਆ ਕਿ ਜੇ ਉਨ੍ਹਾ ਨੂੰ ਏਨਾ ਭਰੋਸਾ ਹੈ ਤਾਂ ਫੇਰ ਵੱਢ-ਟੁੱਕ ਕਰਨ ਵਾਲੇ ਕੌਣ ਸਨ? ਭਾਪਾ ਜੀ ਮੇਰੇ ਸੰਸਿਆਂ ਨੂੰ ਦੂਰ ਕਰਦਿਆਂ ਬੋਲਦੇ, ”ਇਕੱਲਾ ਪੁੱਤ ਸੀ ਮਾਪਿਆਂ ਦਾ। ਉਸ ਵੇਲੇ ਪੂਰਾ ਜਵਾਨ ਨਹੀਂ ਸੀ। ਸ਼ਾਇਦ ਇਸੇ ਕਰਕੇ ਵੱਢ-ਟੁੱਕ ਤੋਂ ਬਹੁਤ ਦੂਰ ਰਿਹਾ। ਮੈਂ ਹੀ ਨਹੀਂ, ਤੇਰੇ ਚਾਚੇ (ਭਾਪਾ ਜੀ ਦੇ ਚਚੇਰੇ ਭਰਾ) ਵੀ ਦੂਰ ਰਹੇ ਇਸ ਖੂਨ ਖਰਾਬੇ ਤੋਂ । ਉਹ ਤਾਂ ਸੀ ਵੀ ਮੇਰੇ ਤੋਂ ਕਾਫੀ ਛੋਟੇ।” ਇਹ ਆਖ ਕੇ ਉਨ੍ਹਾ ਮੈਨੂੰ ਆਪਣੀ ਵੱਖੀ ਨਾਲ ਲਾ ਲਿਆ ਸੀ।
ਭਾਵੇਂ ਮੈਂ ਨਿਆਣਾ ਹੀ ਸੀ ਪਰ ਉਨ੍ਹਾ ਦਾ ਜੁਆਬ ਸੁਣ ਕੇ ਮੇਰੇ ਮਨ ਨੂੰ ਕਾਫੀ ਤਸੱਲੀ ਹੋਈ ਸੀ ਕਿ ਮੇਰਾ ਬਾਪ ਕਾਤਲ ਨਹੀਂ ਹੈ ਪਰ ਉਸ ਮਾਰੇ ਗਏ ਮੁਸਲਮ ਕਿਸਾਨ ਦੀ ਤਸਵੀਰ ਜਰੂਰ ਮਨ ਹੀ ਮਨ ‘ਚ ਬਣਾਉਂਦਾ ਰਹਿੰਦਾ ਕਿ ਗੋਲੀ ਕਿੱਥੇ ਵੱਜੀ ਹੋਵੇਗੀ! ਉਹ ਕਿਵੇਂ ਡਿਗਿਆ ਹੋਵੇਗਾ!! ਤੇ ਅੰਤ ਕਿਵੇਂ ਆਇਆ ਹੋਵੇਗਾ !!!
ਮੈਨੂੰ ਇਸ ਮੌਕੇ ਲੱਲੀਆਂ ਵਾਲਾ ਚਾਚਾ ਬਖਸ਼ੀ ਵੀ ਚੇਤੇ ਆਇਆ ਜਿਸ ਨੇ ਇੱਧਰ ‘ਆਪਣਿਆਂ’ ਵੱਲੋਂ ਮਚਾਈ ਹਨੇਰੀ ਦੇ ਇੱਕ ਵਾਰ ਪਾਜ਼ ਖੋਲ੍ਹੇ ਸਨ। ਚਾਚਾ ਬਖਸ਼ੀ ਸ਼ਮਸ਼ਾਦ ਬੇਗਮ ਦਾ ਸ਼ੈਦਾਈ ਸੀ। ਜਵਾਨੀ ਵੇਲੇ ਸ਼ਮਸ਼ਾਦ ਦੀ ਖਿੱਚ ਉਸ ਨੂੰ ਬੰਬਈ ਲੈ ਗਈ ਸੀ। ਵੰਡ ਵੇਲੇ ਜਦ ਇੱਧਰ ਵਸਦੇ ਲੋਕ, ਅਚਾਨਕ ਮੁਸਲਮਾਨ ਹੋ ਕੇ ਲਹਿੰਦੇ ਵੱਲ ਨੂੰ ਉੱਠ ਤੁਰੇ ਸਨ ਤਾਂ ਇੱਧਰ ਮਚੀ ਹਾਲ-ਦੁਹਾਈ ਦਾ ਜ਼ਿਕਰ ਕਰਦਿਆਂ ਚਾਚਾ ਬਖਸ਼ੀ ਪੂਰੇ ਗੁੱਸੇ ‘ਚ ਬੋਲਿਆ ਸੀ, ”ਕੀ ਦੱਸਾਂ ਇੰਦਰਜੀਤ, ਢਕੀ ਰਿੱਝਣ ਦੇ !” ਉਸ ਨੇ ਨਾਂਅ ਲੈ ਲੈ ਕੇ ਕਿਹਾ, ”ਆਹ ਕੰਜਰ ਜਿਹੜੇ ਬੀਬੀਆਂ ਦਾੜ੍ਹੀਆਂ ਲਟਕਾਈ ਫਿਰਦੇ ਆ ਨਾ, ਇਹ ਕੋਈ ਸਿੱਖ ਆ ਭਲਾ? ਸਿੱਖ ਤਾਂ ਮਜਲੂਮ ਦੀ ਰਾਖੀ ਲਈ ਸਿਰਜਿਆ ਸੀ ਦਸਮੇ ਪਾਤਸ਼ਾਹ ਨੇ ! ਇਨ੍ਹਾਂ ਦੇ ਪਾਪ ਗਿਣਾਏ ਨਹੀਂ ਜਾ ਸਕਦੇ। ਕਿੰਨੀਆਂ ਧੀਆਂ ਦੀ ਪੱਤ ਲੁੱਟੀ, ਕਿੰਨੇ ਪਾਰ ਬੁਲਾਏ, ਕੋਈ ਹਿਸਾਬ ਆ? ਕਿਸੇ ਵੀ ਜਹਾਨ ‘ਚ ਢੋਈ ਨਹੀਂ ਮਿਲਣੀ ਇਨ੍ਹਾਂ ਨੂੰ। ਅੱਜ ਇਨ੍ਹਾਂ ‘ਚੋਂ ਕਿਸੇ ਦੇ ਪੁੱਤ-ਪੋਤੇ ਜਥੇਦਾਰ ਬਣੀ ਫਿਰਦੇ ਆ, ਕੋਈ ਆਖਦਾ ਫਿਰਦੈ ਕਿ ਮੈਂ ਸੀਨੀਅਰ ਕਾਂਗਰਸੀ ਆਗੂ ਆਂ! ਕੋਈ ਆਖ ਰਿਹੈ ਕਿ ਅਸੀਂ ਅਕਾਲੀ ਹੁੰਨੇ ਆਂ! ਮੇਰਾ ਬਸ ਚੱਲੇ ਤਾਂ ਸਭ ਲੀਰੋ ਲੀਰ ਕਰ ਦੇਵਾਂ…… ਇਹ ਸਭ ਕੂੜ ਆ ਕੂੜ, ਜਿਹਦੇ ਬਾਰੇ ਬਾਬੇ ਨਾਨਕ ਨੇ ਲਿਖਿਆ ਸੀ ਕੂੜ ਫਿਰੇ ਪ੍ਰਧਾਨ ਵੇ ਲਾਲੋ!!”
ਚਾਚੇ ਬਖਸ਼ੀ ਦੀਆਂ ਗੱਲਾਂ ਸੁਣ ਕੇ ਕੰਨਾਂ ਚੋਂ ਸੇਕ ਨਿਕਲਣ ਲੱਗ ਪਿਆ ਸੀ ਮੇਰੇ। ਉਹਦਾ ਤਪਦਾ ਚਿਹਰਾ ਵੇਖ ਕੇ ਜਾਪਿਆ ਸੀ ਕਿ ਉਹ ਇਸ “ਕੂੜ” ਨੂੰ ਹੁਣੇ ਮਲੀਆਮੇਟ ਕਰ ਦੇਵੇਗਾ।
ਬਚਪਨ ‘ਚ ਭਾਪਾ ਜੀ ਕੋਲੋਂ ਗੱਲਾਂ ਸੁਣ ਕੇ ਮੈਂ ਸੋਚਦਾ ਹੁੰੰਦਾ ਸੀ ਕਿ ਮੇਰੇ ਭਾਪਾ ਜੀ, ਮੇਰੇ ਬਜ਼ੁਰਗ ਤਾਂ ਯੋਧੇ ਹਨ ਜਿਨ੍ਹਾ ਏਨੇ ਦੁੱਖ ਝੱਲ ਕੇ, ਆਪਣਾ ਬਣਿਆ ਬਣਾਇਆ ਘਰ ਬਾਰ ਛੱਡ ਕੇ ਨਵੇਂ ਸਿਰੇ ਤੋਂ ਇੱਧਰ ਆ ਕੇ ਆਪਣੇ ਪੈਰ ਜਮਾਏ, ਨਵੇਂ ਸਿਰਿਓਂ ਆਪਣਾ ਘਰ ਬਣਾਇਆ। ਬਾਅਦ ‘ਚ ਮਨੁੱਖੀ ਸੰਵੇਦਨਾਵਾਂ ਨੂੰ ਸਮਝਣ ਤੇ ਮਹਿਸੂਸ ਕਰਨ ਦੀ ਜਦ ਸੋਝੀ ਆਈ ਤਾਂ ਮੈਨੂੰ ਆਪਣੇ ਭਾਪਾ ਜੀ ‘ਤੇ ਰਸ਼ਕ ਆਉਣ ਲੱਗਾ ਕਿ ਇਹ ਮਨੁੱਖ ਧਾਰਮਿਕ ਵਲਗਣਾ ਤੋਂ ਪਾਰ, ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਹੈ। ਮੇਰੇ ਭਾਪਾ ਜੀ ਇੱਕ ਸਧਾਰਨ ਇਨਸਾਨ, ਇੱਕ ਆਮ ਕਿਸਾਨ ਸਨ । ਉਨਾ ਦੀਆਂ ਬਾਤਾਂ ਸੁਣਕੇ ਮੇਰੇ ਮਨ ‘ਚ ਇਹ ਧਾਰਨਾ ਪੱਕੀ ਹੋ ਗਈ ਕਿ ਮੇਰੇ ਭਾਪਾ ਜੀ ਵਰਗਾ, ਚਾਚੇ ਬਖਸ਼ੀ ਵਰਗਾ ਸਧਾਰਨ ਮਨੁੱਖ ਕਦੇ ਵੀ ਵਹਿਸ਼ੀ ਨਹੀਂ ਹੁੰਦਾ। ਵਹਿਸ਼ੀ ਤਾਂ ਹਜ਼ੂਮ ਹੁੰਦਾ ਹੈ ਤੇ ਹਜ਼ੂਮ ਖੁਦ ਨਹੀਂ ਬਣਦਾ, ਹਜ਼ੂਮ ਤਾਂ ਬਣਾਇਆ ਜਾਂਦਾ ਹੈ। ਹੁਣ ਜਗਦੀਸ਼ ਕੌਰ ਤੇ ਨਿਰਪਰੀਤ ਕੌਰ ਦੇ ਦਰਦ ਨੂੰ, ਜਿਸਨੂੰ ਪਹਿਲਾਂ ਪੜ੍ਹਿਆ ਤਾਂ ਵਾਰ ਵਾਰ ਸੀ, ਉਨਾਂ ਦੇ ਮੂੰਹੋਂ ਸੁਣ ਕੇ, ਮਹਿਸੂਸ ਕਰਕੇ, ਸੋਚ ਰਿਹਾ ਹਾਂ ਕਿ ਇੱਕ ਸਧਾਰਨ ਮਨੁੱਖ ਏਨਾ ਤਾਕਤਵਰ ਕਿਵੇਂ ਹੋ ਸਕਦਾ ਹੈ ਕਿ ਉਹ ਦੁੱਖਾਂ ਦੀ ਸੁਨਾਮੀ ਦਾ ਵੀ ਮੂੰਹ ਮੋੜ ਦੇਵੇ। ਵੰਡ ਵੇਲੇ ਤਾਂ ਹਮਲਾਵਰ ਵੱਖੋ ਵੱਖ ਧਰਮਾਂ ਦੇ ਚੋਲੇ ਪਾ ਕੇ ਵਹੀਰਾਂ ਦਾ ਰੂਪ ਧਾਰੀ ਫਿਰਦੇ ਸਨ ਪਰ ਜਗਦੀਸ਼ ਕੌਰਾਂ ਨੂੰ ਤਾਂ ਉਨ੍ਹਾਂ ਦੇ ‘ਆਪਣਿਆਂ’ ਨੇ ਹੀ ਕੋਹ ਕੋਹ ਕੇ ਮਾਰਿਆ ਸੀ। ਵੰਡ ਵੇਲੇ ਤਾਂ ਆਪਣਾ ਬਚਾਅ ਕਰਨ ਦਾ ਅਧਿਕਾਰ ਸੀ ਪਰ ’84 ਵੇਲੇ ਤਾਂ ਇਹ ਅਧਿਕਾਰ ਹਜ਼ੂਮ ਨੇ ਪੈਰਾਂ ਹੇਠ ਦਰੜ ਦਿੱਤਾ ਸੀ । ”ਸਰਮ ਧਰਮ ਦੂਏ ਛੁਪ ਖਲੋਏ” ਸਨ। ਕਾਨੂੰਨ ਘਾੜੇ  ਖੁਦ ਹਜ਼ੂਮੀਆਂ ਦੀ ਅਗਵਾਈ ਕਰ ਰਹੇ ਸਨ, ਹਜ਼ੂਮ ਨੂੰ “ਦਿੱਤਾ ਹੋਇਆ ਕੰਮ ਸੰਪੂਰਨ” ਕਰਨ ਦੇ ਨਿਰਦੇਸ਼ ਦੇ ਰਹੇ ਸਨ ਤੇ ‘ਅਮਨ-ਕਾਨੂੰਨ ਦੇ ਰਾਖੇ’ ਖੁਦ ਹਜ਼ੂਮੀਆਂ ਨੂੰ ‘ਸ਼ਰਮ ਸੇ ਡੂਬ ਮਰੋ, ਤੁਮਸੇ ਏਕ ਸਰਦਾਰ ਵੀ ਨਹੀਂ ਜਲਤਾ’ ਦਾ ਉਕਸਾਵਾ ਦੇ ਕੇ ਉਸ ਦੇ ਹੱਥ ਤੀਲੀ ਦੇ ਰਹੇ ਸਨ।
ਇਸ ਤੂਫਾਨ ‘ਚ ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਵੀ ਕੋਈ ਆਪੇ ਵਿਚ ਕਿਵੇਂ ਰਹਿ ਸਕਦਾ ਹੈ? ਇਹ ਸੁਆਲ ਵੀ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।
….ਤੇ ਇਹ ਸੁਆਲ ਕਿਸ ਨੂੰ ਕੀਤਾ ਜਾਵੇ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕ ਰਾਜ ਵਿੱਚ ਉਸ ਦੇ ਲੋਕ ਇਨਸਾਫ ਦੀ ਉਡੀਕ ਕਰਦੇ ਕਰਦੇ ਬੁੱਢੇ ਕਿਓਂ ਹੋ ਜਾਂਦੇ ਹਨ? ਸੁਰਜੀਤ ਪਾਤਰ ਹੁਰਾਂ ਦਾ ਲਿਖਿਆ ਬੱਚੇ ਬੱਚੇ ਦੀ ਜ਼ੁਬਾਨ ‘ਤੇ ਹੈ;
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ!!
ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹਨ ਵਾਲਾ ਇਹ ਗੀਤ ‘ਲੋਕ ਪ੍ਰਤੀਨਿਧਾਂ’ ਨੇ ਕਿਓਂ ਨਹੀਂ ਸੁਣਿਆਂ?
ਕੀ ਗੀਤ, ਕਵਿਤਾਵਾਂ ਸਿਰਫ ਪੜ੍ਹਨ ਸੁਣਨ ਲਈ ਹੀ ਹੁੰਦੇ ਹਨ, ਵਿਚਾਰਨ ਲਈ ਨਹੀਂ?
ਜੇ ਉਹ ‘ਲੋਕਾਂ ਦੀ ਸੁਣਨ’ ਵਾਲਾ ਖਾਨਾ ਖੁੱਲ੍ਹਾ ਰੱਖਦੇ ਤਾਂ ਕੀ ਜਗਦੀਸ਼ ਕੌਰ ਵਰਗੀਆਂ ਨੂੰ 34 ਸਾਲ ਉਡੀਕ ਕਰਨੀ ਪੈਂਦੀ? ਨਹੀਂ!
ਕੀ ਲੋਕ ਰਾਜ ਇਨਸਾਫ਼ ਨਹੀਂ ਕਰਦਾ?
ਇਸ ਵਿੱਚ ਇਨਸਾਫ਼ ਲਈ ਮੰਗਤੇ, ਬੇਚਾਰੇ ਜਿਹੇ ਕਿਓਂ ਬਣਨਾ ਪੈਂਦਾ ਹੈ?
ਇੱਕ ਅਖਾਓਤ ਹੈ ਕਿ ਬਾਰ੍ਹੀਂ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਤੇ ਜਿਨ੍ਹਾਂ ਨੂੰ 34 ਸਾਲ ਬਾਅਦ ਅੱਧ-ਅਧੂਰਾ ਇਨਸਾਫ਼ ਮਿਲਿਆ ਹੈ, ਉਨ੍ਹਾਂ ਨੂੰ ਕੀ ਕਹੀਏ? ਰੂੜੀ ਤੋਂ ਵੀ ਗਏ ਗੁਜ਼ਰੇ?
ਸਭ ਨੂੰ ਪਤਾ ਸੀ ਕਿ ਸੱਜਣ ਕੁਮਾਰ ਕਤਲੇਆਮ ਦਾ ਦੋਸ਼ੀ ਹੈ, ਇਸ ਦੇ ਬਾਵਜੂਦ ਉਸ ਨੂੰ ਵਾਰ ਵਾਰ ਪਾਰਲੀਮੈਂਟ ਭੇਜਣ ਵਾਲੀ ਪਾਰਟੀ ਦੋਸ਼ੀ ਨਹੀਂ ਹੈ?
ਕੀ ਇਸ ਨਾਲ ਉਸ ਪਾਰਟੀ ਦੀ ਕਤਲੇਆਮ ‘ਚ ਸ਼ਮੂਲੀਅਤ ਸਾਬਤ ਨਹੀਂ ਹੁੰਦੀ?
ਫਿਰਕੂ ਜ਼ਹਿਰ ਦਾ ਜਲਜਲਾ ਖੜਾ ਕਰਨ ਵਾਲੀ ਪਾਰਟੀ ‘ਧਰਮ ਨਿਰਪੱਖ’ ਕਿਵੇਂ ਹੋ ਗਈ?
ਦੋ-ਚਾਰ ਸੀਟਾਂ ਖਾਤਰ ਉਸ ਦੀਆਂ ਲਾਰਾਂ ਚੱਟਣ ਵਾਲਿਆਂ ਦੀ ਅਣਖ, ਉਨ੍ਹਾਂ ਦਾ ਸੁਰਖ਼ ਫਰੇਰਾ, ਉਨ੍ਹਾਂ ਦੇ ਅਸੂਲ ਕਿੱਥੇ ਗਏ?
ਜੇ ਇੰਦਰਾ ਗਾਂਧੀ ਦੇ ਕਤਲ ਨੂੰ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਤਾਂ ਉਸ ਦੇ ਕਤਲ ਲਈ ਪੂਰੇ ਭਾਈਚਾਰੇ ਦੇ ਸਫਾਏ ਦੇ ਹੁਕਮ ਦੇਣ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ?
ਯਾਦ ਕਰੋ ਇਸ ਕਤਲੇਆਮ ਬਾਰੇ ਜਦ ਰਾਜੀਵ ਗਾਂਧੀ ਨੇ ਕੀ ਕਿਹਾ ਸੀ। ਉਸ ਦਾ ਕਹਿਣਾ ਸੀ ਕਿ ”ਜਦ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ।” ਉਸ ਦੇ ਇਸੇ ਬਿਆਨ ਦੀ ਸੇਧ ਵਿਚ ਹੀ ਸਭ ਕੁੱਝ ਵਾਪਰਿਆ। ਸੱਜਣ ਕੁਮਾਰ ਤੇ ਉਸ ਵਰਗੇ ਕਈ ਹੋਰ, ‘ਸੂਬਾ ਸਰਹੰਦ’ ਬਣ ਗਏ ਸਨ ਅਤੇ ਸਿੱਖਾਂ ਨੂੰ ”ਸੱਪ ਦੇ ਬੱਚੇ” ਆਖ ਕੇ ਭੀੜ ਨੂੰ ਉਨ੍ਹਾਂ ਦਾ ਸਫਾਇਆ ਕਰਨ ਲਈ ਉਕਸਾ ਰਹੇ ਸਨ। ਇਸ ਉਕਸਾਹਟ ਨੇ ਹੀ ਦੱਖਣੀ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜਨਗਰ, ਜਿੱਥੇ 5 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਗੁਰਦੁਆਰਾ ਅਗਨ ਭੇਂਟ ਕਰ ਦਿੱਤਾ ਗਿਆ ਸੀ, ਸਮੇਤ ਦਿੱਲੀ ਤੇ ਹੋਰਨਾ ਥਾਵਾਂ ‘ਤੇ ਸਿੱਖ ਭਾਈਚਾਰੇ ਨੂੰ ਵਹਿਸ਼ਤ ਦਾ ਨਿਸ਼ਾਨਾ ਬਣਾਇਆ।
ਪੁਲਸ ਦਾ ਕੰਮ ਤਾਂ ਅਮਨ-ਕਾਨੂੰਨ ਵਿਵਸਥਾ ਦੀ ਰਾਖੀ ਕਰਨਾ ਦੱਸਿਆ ਜਾਂਦਾ ਹੈ, ਉਹ ਪੁਲਸ ਜੇ ਖੁਦ ‘ਸਿੱਖ ਨੂੰ ਜਲਾਨੇ’ ਲਈ ਤੀਲੀ ਫੜਾਉਂਦੀ ਹੈ, ਜੇ ਉਹ ਸੱਜਣ ਕੁਮਾਰ ਤੇ ਉਸ ਵਰਗੇ ਹੋਰਨਾ ਕਾਤਲਾਂ ਦੀ ਇਲਾਕੇ ਵਿੱਚ ਮੌਜੂਦਗੀ ਦਰਜ ਕਰਨ ਤੋਂ ਮੁਨਕਰ ਹੋ ਜਾਂਦੀ ਹੈ ਤਾਂ ਉਸ ਨੂੰ ਕਟਹਿਰੇ ਵਿੱਚ ਖੜਾ ਕੌਣ ਕਰੇਗਾ?
ਤੇ ਫੌਜ …….! ਸੁਣਿਐਂ ਕਿ ਫੌਜ ਦੇਸ਼ ਦੀ ਰਾਖੀ ਲਈ ਹੁੰਦੀ ਐ ਤੇ ਇਹ ਵੀ ਕਿ ਫੌਜ ਆਪਣੇ ਬੰਦੇ ਦੀ ਰਾਖੀ ਲਈ ਤਾਂ ਜਾਨ ਲੜਾ ਦਿੰਦੀ ਹੈ । ਫਿਰ ਉਹ ਕੌਣ ਸੀ ਜਿਸ ਕੋਲ ਜਗਦੀਸ਼ ਕੌਰ ਗਈ ਸੀ ਇਹ ਅਰਜੋਈ ਲੈ ਕੇ ਕਿ ਉਸ ਦੇ ਪਤੀ ਤੇ ਪੁੱਤ ਦਾ ਅੰਤਿਮ ਸੰਸਕਾਰ ਹੀ ਕਰ ਦਿਓ, ਜਿਨ੍ਹਾਂ ਦੀਆਂ ਲਾਸ਼ਾਂ ਦੋ ਦਿਨ ਤੋਂ ਉਸ ਦੇ ਘਰ ਪਈਆਂ ਹਨ। ਉਹ ਦੱਸਦੀ ਹੈ ਕਿ ਉਹ ਫੌਜ ਦੇ ਹੈੱਡਕੁਆਰਟਰ ਗਈ ਸੀ ਤੇ ਫੌਜ ਦਾ ਜਰਨੈਲ ਉਸ ਦੀ ਗੱਲ ਸੁਣਕੇ, ਕੋਈ ਮਦਦ ਦਾ ਭਰੋਸਾ ਦਿੱਤੇ ਬਿਨਾ ਪਿਛਲੇ ਦਰਵਾਜ਼ਿਓਂ ਨਿਕਲ ਗਿਆ ਸੀ। ਕੀ ਉਹ ਸਿਰਫ ਇੱਕ ਜਰਨੈਲ ਸੀ ਜੋ ਪਿਛਲੇ ਦਰਵਾਜ਼ਿਓਂ ਨਿਕਲਿਆ? ਨਹੀਂ, ਉਹ ਤਾਂ ਪੂਰੀ ਫੌਜ ਸੀ!
ਜਰਨੈਲ ਕੋਈ ਇੱਕ ਵਿਅਕਤੀ ਨਹੀਂ ਹੁੰਦਾ, ਉਹ ਤਾਂ ਪੂਰੀ ਸੰਸਥਾ ਹੁੰਦੀ ਹੈ!
ਉਹ ਫੌਜ ਦੀ ਅਗਵਾਈ ਕਰਦਾ ਹੈ, ਉਸ ਦੀ ਨੁਮਾਇੰਦਗੀ ਕਰਦਾ ਹੈ। ਇਸ ਲਈ ਜਗਦੀਸ਼ ਕੌਰ ਨੂੰ ਪਿੱਠ ਇੱਕ ਵਿਅਕਤੀ ਨੇ ਨਹੀਂ, ਪੂਰੀ ਫੌਜ ਨੇ ਦਿਖਾਈ ਸੀ!
… ਫਿਰ ਕਿਓਂ ਨਾ ਫਰਜ਼ਾਂ ਨੂੰ ਪਿੱਠ ਦਿਖਾਉਣ ਵਾਲੀ ਫੌਜ ਵੀ ਮੁਜਰਮਾਂ ਦੀ ਕਤਾਰ ‘ਚ ਖੜੀ ਕੀਤੀ ਜਾਵੇ?
ਕੀ ਜਗਦੀਸ਼ ਕੌਰ ਇਸ ਦੇਸ਼ ਦਾ ਹਿੱਸਾ ਨਹੀਂ ਸੀ?
ਉਸ ਦਾ ਬਾਪ ਇੱਕ ਆਜ਼ਾਦੀ ਘੁਲਾਟੀਆ ਸੀ। ਕੀ ਉਸ ਨੇ ਇਹੋ ਜਿਹੀ ਆਜ਼ਾਦੀ ਦੇ ਸੁਪਨੇ ਲਏ ਸਨ?
ਗਲ਼ ‘ਚ ਬਲਦੇ ਟਾਇਰ ਪਾ ਕੇ ਪੂਰੇ ਭਾਈਚਾਰੇ ਨੂੰ ਖਤਮ ਕਰਨ ਦੀ ਆਜ਼ਾਦੀ?
ਆਜ਼ਾਦੀ ਦਾ ਮਤਲਬ ਤਾਂ ਹੁੰਦੈ ਸਵੈਮਾਣ ਨਾਲ ਜਿਊਣ ਦਾ ਅਧਿਕਾਰ !
ਆਜ਼ਾਦੀ ਦਾ ਮਤਲਬ ਹੁੰਦੈ ਨਿਰਭਓ-ਨਿਰਵੈਰ ਸਮਾਜ ‘ਚ ਆਪਣੀ ਗੱਲ ਕਹਿਣ ਦਾ ਅਧਿਕਾਰ!
ਆਜ਼ਾਦੀ ਦਾ ਮਤਲਬ ਹੁੰਦੈ ਆਪਣੀ ਇੱਛਾ ਮੁਤਾਬਕ ਖਾਣ-ਪੀਣ ਤੇ ਪਹਿਨਣ ਦਾ ਅਧਿਕਾਰ!
ਇਸ ਦੇਸ਼ ਦੇ ਹੁਕਮਰਾਨਾਂ ਨੇ ਕਿਹੜਾ ਅਧਿਕਾਰ ਦਿੱਤੈ ਉਸ ਨੂੰ?
ਉਹ ਠੀਕ ਹੀ ਤਾਂ ਪੁੱਛਦੀ ਹੈ ਕਿ ਕਿਸ ਨੂੰ ਆਪਣਾ ਵਤਨ ਕਹੀਏ? ਕਿਸ ਨੂੰ ਆਪਣਾ ਦੇਸ਼ ਕਹੀਏ?
ਦੇਸ਼ ਭਲਾ ਕੀ ਹੁੰਦੈ?
ਕੀ ਦੇਸ਼ ਦਾ ਮਤਲਬ ਨਦੀਆਂ-ਨਾਲੇ, ਪਹਾੜ, ਖੇਤ, ਮੈਦਾਨ ਤੇ ਦਰਖਤ ਹੀ ਹੁੰਦੈ?
ਦੇਸ਼ ਤਾਂ ਲੋਕਾਂ ਨਾਲ ਬਣਦੈ ਯਾਰੋ! ਜੇ ਲੋਕ ਹੀ ਨਹੀਂ ਹੋਣਗੇ ਤਾਂ ਦੇਸ਼ ਕਿਸ ਕੰਮ? ਜੇ ਲੋਕ ਸੁਰੱਖਿਅਤ ਨਹੀਂ ਹੋਣਗੇ ਤਾਂ ਦੇਸ਼ ਕਿਵੇਂ ਸੁਰੱਖਿਅਤ ਰਹੇਗਾ?
ਜਗਦੀਸ਼ ਕੌਰ ਵਰਗੀਆਂ ਦੇ ਹੰਝੂਆਂ ਨੂੰ ਪੂੰਝਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਸਧਾਰਨ ਲੋਕ ਹਮੇਸ਼ਾ ਹੰਝੂ ਪੂੰਝਦੇ ਹਨ, ਉਹ ਕਿਸੇ ਦੂਸਰੇ ਦੀ ਅੱਖ ‘ਚ ਹੰਝੂ ਦੇਖ ਈ ਨਹੀਂ ਸਕਦੇ। ਪਰ ਇੱਕ ਜਮਾਤ ਅਜਿਹੀ ਵੀ ਹੈ ਜੋ ਹੰਝੂਆਂ ਦਾ ਵਣਜ ਕਰਨਾ ਖੂਬ ਜਾਣਦੀ ਹੈ। ਇਸ ਜਮਾਤ ਨੇ ਅਨੇਕਾਂ  ਜਗਦੀਸ਼ ਕੌਰਾਂ ਦੇ ਹੰਝੂਆਂ ਦੀ ਖੂਬ ਤਜ਼ਾਰਤ ਕੀਤੀ, ਇਸ ਤਜ਼ਾਰਤ ਦੇ ਆਸਰੇ ਰਾਜ ਭਾਗ ਵੀ ਹਾਸਲ ਕੀਤਾ ਤੇ ਸੱਤਾ ‘ਤੇ ਬੈਠਦਿਆਂ ਹੀ ਇਨ੍ਹਾਂ ਹੰਝੂਆਂ ਨੂੰ ਵਿਸਾਰ ਦਿੱਤਾ ਤੇ ਸਾਰਾ ਜ਼ੋਰ ਆਪਣੀਆਂ ਤਿਜ਼ੌਰੀਆਂ ਭਰਨ ‘ਤੇ ਹੀ ਲਾਇਆ। ਸੱਤਾ ਖੁਸ ਜਾਣ ‘ਤੇ ਮੁੜ ਉਹੀ ਤਜ਼ਾਰਤ ਪੂਰੀ ਬੇਸ਼ਰਮੀ ਨਾਲ ਕੀਤੀ। ਇਸ ਜਮਾਤ, ਜਿਸ ਦੀ ਪੱਗ ਦਾ ਰੰਗ ਨੀਲਾ ਹੋਵੇ, ਭਗਵਾਂ ਹੋਵੇ ਜਾਂ ਚਿੱਟਾ, ਨੂੰ ਦੋਸ਼ੀ ਕਿਓਂ ਨਾ ਐਲਾਨਿਆ ਜਾਵੇ?
ਨੀਲਾ ਤਾਰਾ, ਬਲੈਕ ਥੰਡਰ ਲਈ ਹਾਲਾਤ ਪੈਦਾ ਕਰਨ ਵਾਲੀ ਜਮਾਤ ਇਹੋ ਨਹੀਂ ਸੀ?
ਨਾ ਇਹ ਹਾਲਾਤ ਪੈਦਾ ਕੀਤੇ ਜਾਂਦੇ, ਨਾ ਹੀ ਨੀਲੇ ਤਾਰੇ ਪੈਦਾ ਹੁੰਦੇ ਤੇ ਨਾ ਹੀ ਹਜ਼ਾਰਾਂ ਜਗਦੀਸ਼ ਕੌਰਾਂ ਬੇਵਤਨ ਹੁੰਦੀਆਂ !
ਤੇ ਸਭ ਤੋਂ ਬੇਚੈਨ ਕਰਨ ਵਾਲਾ ਸੁਆਲ ਇਹ ਕਿ ਦੇਸ਼ ਦੀ ਸਰਵਉੱਚ ਸੰਵਿਧਾਨਕ ਸੰਸਥਾ, ਪਾਰਲੀਮੈਂਟ ਵਿੱਚ ਦੇਸ਼ ਦੇ ਬਾਕੀ ‘ਲੋਕ ਪ੍ਰਤੀਨਿਧ’ ਇਨ੍ਹਾਂ ਕਾਤਲਾਂ ਦੇ ਸੰਗ ਕਿਵੇਂ ਬੈਠਦੇ ਰਹੇ?
ਸੱਜਣ ਕੁਮਾਰ ਕੇਵਲ ਸੰਸਦ ਮੈਂਬਰ ਹੀ ਨਹੀਂ ਬਣਦਾ ਰਿਹਾ, ਸੰਸਦ ਦੀਆਂ ਵੱਖ ਵੱਖ ਕਮੇਟੀਆਂ ਦਾ ਮੈਂਬਰ ਬਣਾ ਕੇ ਉਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ। ਨੰਗੇ ਚਿੱਟੇ ਰੂਪ ‘ਚ ਇੱਕ ਵਹਿਸ਼ੀ ਕਾਤਲ ਨੂੰ ਮਾਣ ਸਤਿਕਾਰ ਦੇਣ ਵਾਲੇ ਕਟਹਿਰੇ ‘ਚ ਕਿਓਂ ਨਾ ਖੜੇ ਕੀਤੇ ਜਾਣ?
ਇਹ ਸਭ ਦੇਖ ਕੇ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕਿਤੇ ਪਾਰਲੀਮੈਂਟ ਵੀ ਹਜ਼ੂਮ ‘ਚ ਤਾਂ ਨਹੀਂ ਬਦਲ ਗਈ?
ਕੀ ਮਾਨਵਤਾ ਦਾ ਕੋਈ ਵੀ ਕਾਤਲ ਦੇਸ਼ ਦੀ ਇਸ ਸਰਵਉੱਚ ਕਾਨੂੰਨਸਾਜ਼ ਸੰਸਥਾ ਦਾ ਮੈਂਬਰ ਤਾਂ ਕੀ, ਇਸ ਦਾ ਮੁਖੀਆ ਤੱਕ ਬਣ ਸਕਦਾ ਹੈ?
ਯਾਦ ਹੈ 2002 ‘ਚ ਗੁਜਰਾਤ ‘ਚ ਮੁਸਲਿਮ ਭਾਈਚਾਰੇ ਦਾ ਕਤਲੇਆਮ? ਇਸ ਕਤਲੇਆਮ ਦੇ ਮੁਲਜ਼ਮ ਅੱਜ ਕਿੱਥੇ ਬੈਠੇ ਹਨ? ਗੁਜਰਾਤ ਦਾ ਨਾਂਅ ਆਉਂਦਿਆਂ ਹੀ ਜ਼ਕੀਆ ਜਾਫ਼ਰੀ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਜ਼ਕੀਆ ਜਾਫ਼ਰੀ ਵੀ ਮੁਸਲਿਮ ਭਾਈਚਾਰੇ ਦੀ ”ਜਗਦੀਸ਼ ਕੌਰ” ਹੀ ਤਾਂ ਹੈ। ਪੂਰੇ ਸਿਸਟਮ ਨਾਲ ਟੱਕਰ ਲੈ ਕੇ ਦੋਸ਼ੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਦਾ ਕਰਨ ਲਈ ਦ੍ਰਿੜ੍ਹ ਚਿੱਤ।
ਤੁਹਾਨੂੰ ਇਹ ਤਾਂ ਯਾਦ ਹੋਵੇਗਾ ਕਿ ਗੁਜਰਾਤ ‘ਚ ਇਨ੍ਹਾਂ ਦੰਗਿਆਂ ਵੇਲੇ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਜੋ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਨੇ ਕੀ ਕਿਹਾ ਸੀ; ”ਹਰ ਕਿਰਿਆ ਦੀ ਪ੍ਰਤੀਕਿਰਿਆ ਤਾਂ ਹੁੰਦੀ ਹੀ ਹੈ।”
ਜੇ ’84 ਦੇ ਕਤਲੇਆਮ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਵੱਡੇ ਦਰੱਖਤ ਦੇ ਡਿੱਗਣ ‘ਤੇ ਧਰਤੀ ਕੰਬਣ ਦੀ ਗੱਲ ਕਰਕੇ ਵਹਿਸ਼ਤ ਦੇ ਹੋਏ ਨੰਗੇ ਨਾਚ ਨੂੰ ਜਾਇਜ਼ ਠਹਿਰਾ ਰਿਹਾ ਸੀ ਤਾਂ 2002 ‘ਚ ਗੁਜਰਾਤ-ਕਤਲੇਆਮ ਨੂੰ ਜਾਇਜ਼ ਠਹਿਰਾਉਣ ਵਾਲਾ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਹੈ।
ਸਾਡੀ ਜ਼ੁਬਾਨ ਠਾਕੀ ਗਈ ਹੈ ਜਾਂ ਅਸੀਂ ਅੰਨ੍ਹੇ ਹੋ ਗਏ ਹਾਂ? ਆਪਾਂ ਦਹਾੜਦੇ ਕਿਓਂ ਨਹੀਂ?
ਏਨਾ ਡਰ? ਏਨਾ ਸਹਿਮ??
ਹਨੇਰ ਵਰਤਿਆ ਪਿਆ ਹੈ, ਪਰ ਅਸੀਂ ਹਾਂ ਕਿ ਇਨਸਾਫ ਦੀ ਆਸ ਲਾਈ ਬੈਠੇ ਹਾਂ!
ਉਹ ਜੱਜ ਯਾਦ ਨਹੀਂ ਆਪਾਂ ਨੂੰ; ਉਹ ਜਿਹੜਾ ਅਸਲ ਮੁਨਸਿਫ ਸੀ, ਜੱਜ ਲੋਇਆ ! ਉਸ ਨੂੰ ਮਾਰ ਦਿੱਤਾ ਗਿਆ ਤੇ ਦੇਸ਼ ਦੀ ਸਰਵਉੱਚ ਅਦਾਲਤ ਉਸ ਦੀ ਮੌਤ ਨੂੰ ਸ਼ੱਕੀ ਹੀ ਨਹੀਂ ਮੰਨਦੀ!
ਕਿੱਧਰ ਨੂੰ ਤੁਰ ਪਏ ਹਾਂ ਅਸੀਂ?
ਸਾਡੀ ਜ਼ਮੀਰ ਕਿੱਥੇ ਮਰ-ਖਪ ਗਈ ਹੈ?
ਸਾਡਾ ਮਸਤਕ ਜਾਗਦਾ ਕਿਓਂ ਨਹੀਂ?
ਇਹ ਹਜ਼ੂਮ ਤਾਂ ਸਾਡੀਆਂ ਰਸੋਈਆਂ ਤੱਕ ਆ ਗਿਆ ਹੈ! ਸਾਡੇ ਚਾਰ ਚੁਫੇਰੇ ਮੁਜੱਫਰਨਗਰ ਪਸਰਿਆ ਪਿਆ ਹੈ, ਸਾਡੇ ਪਹਿਲੂ ਖਾਨ-ਅਖਲਾਕ ਨੂੰ ਇਹ ਹਜ਼ੂਮ ਸਾਡੀਆਂ ਅੱਖਾਂ ਸਾਹਮਣੇ ਕਤਲ ਕਰ ਰਿਹਾ ਹੈ !
ਸਾਡੇ ਬੱਚੇ, ਸਾਡੇ ਬਜ਼ੁਰਗ ਬੇਇਲਾਜੇ ਮਰ ਰਹੇ ਹਨ, ਸਾਨੂੰ ਮੰਗਤੇ ਬਣਾ ਦਿੱਤਾ ਗਿਆ ਹੈ।
ਸਾਨੂੰ ਇਨਸਾਨ ਦੀ ਬਜਾਇ ਪਸ਼ੂ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਰ ਅਸੀਂ ਚੁੱਪ ਹਾਂ!
ਮਾਂ ਦੀ ਬਜਾਇ ਗਾਂ ਦੀ ਪੂਜਾ ਕਰਨ ਲਈ ਮਜਬੂਰ ਕਰਨਾ ਪਸ਼ੂ ਬਣਾਉਣਾ ਹੀ ਤਾਂ ਹੈ!
ਸਾਡੇ ਸਬਰ ਦਾ ਬੰਨ੍ਹ ਫਿਰ ਵੀ ਨਹੀਂ ਟੁੱਟਦਾ!
ਜੇ ਕੋਈ ਜ਼ੁਬਾਨ ਖੋਲ੍ਹਦਾ ਵੀ ਹੈ ਤਾਂ ਉਸ ਪਿੱਛੇ ਦੋ ਪੈਰੇ ਹਲਕੇ ਕੁੱਤਿਆਂ ਦੀ ਹੇੜ੍ਹ ਛੱਡ ਦਿੱਤੀ ਜਾਂਦੀ ਹੈ। ਨਸੀਰੂਦੀਨ ਸ਼ਾਹ, ਜੋ ਇੱਕ ਸ਼ਾਨਦਾਰ ਅਦਾਕਾਰ ਹੀ ਨਹੀਂ, ਇੱਕ ਸੰਵੇਦਨਸ਼ੀਲ ਮਨੁੱਖ ਵੀ ਹੈ, ਉਸ ਨਾਲ ਕੀ ਵਾਪਰ ਰਿਹਾ ਹੈ?
ਉਸ ਦਾ ਕਸੂਰ ਕੀ ਹੈ ਭਲਾ?
ਯੂ ਪੀ ਦੇ ਬੁਲੰਦਸ਼ਹਿਰ ਵਿੱਚ ਉਨ੍ਹਾਂ ਗਊ ਰਾਖਿਆਂ, ਜਿਨ੍ਹਾਂ ਕਿਸੇ ਇੱਕ ਵੀ ਗਾਂ ਦੀ ਸੇਵਾ ਲਈ ਕਦੇ ਡੱਕਾ ਦੂਹਰਾ ਤੱਕ ਨਹੀਂ ਕੀਤਾ, ਵੱਲੋਂ ਇੱਕ ਪੁਲਸ  ਇੰਸਪੈਕਟਰ ਦੇ ਕੀਤੇ ਗਏ ਕਤਲ ਵਿਰੁੱਧ ਆਵਾਜ਼ ਹੀ ਤਾਂ ਉਠਾਈ ਹੈ ਉਸ ਨੇ।
ਜ਼ਰਾ ਦੇਖੋ ਕੀ ਕਿਹਾ ਨਸੀਰ ਨੇ;
”ਫਿਕਰ ਹੁੰਦੀ ਹੈ ਆਪਣੇ ਬੱਚਿਆਂ ਦੀ ਕਿ ਜੇ ਉਨ੍ਹਾਂ ਨੂੰ ਕਿਸੇ ਭੀੜ ਨੇ ਘੇਰ ਲਿਆ, ਹਿੰਦੂ ਹੋਵੇ ਜਾਂ ਮੁਸਲਮਾਨ, ਉਨ੍ਹਾਂ ਕੋਲ ਤਾਂ ਕੋਈ ਜੁਆਬ ਹੀ ਨਹੀਂ ਹੋਵੇਗਾ। ਇਹ ਜ਼ਹਿਰ ਫੈਲ ਚੁੱਕਾ ਹੈ, ਇਸ ਜਿੰਨ ਨੂੰ ਦੁਬਾਰਾ ਬੋਤਲ ‘ਚ ਬੰਦ ਕਰਨਾ ਮੁਸ਼ਕਿਲ ਹੋਵੇਗਾ। ਖੁੱਲ੍ਹੀ ਛੋਟ ਮਿਲ ਗਈ ਹੈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ। ਦੇਖ ਰਹੇ ਹਾਂ ਕਿ ਇੱਕ ਗਾਂ ਦੀ ਮੌਤ ਨੂੰ ਜਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਇੱਕ ਪੁਲਸ ਅਫਸਰ ਦੀ ਮੌਤ ਨਾਲੋਂ। ਫਿਕਰ ਹੁੰਦੀ ਹੈ ਆਪਣੀ ਔਲਾਦ ਦੀ! ਕਿਉਂਕਿ ਉਨ੍ਹਾਂ ਦਾ ਤਾਂ ਕੋਈ ਮਜ਼ਹਬ ਹੀ ਨਹੀਂ ਹੈ। ਅਸੀਂ ਆਪਣੇ ਬੱਚਿਆਂ ਨੂੰ ਮਜ਼ਹਬੀ ਤਾਲੀਮ ਦਿੱਤੀ ਹੀ ਨਹੀਂ, ਕਿਉਂਕਿ ਮੇਰੀ ਰਾਇ ਹੈ ਕਿ ਅੱਛਾਈ ਤੇ ਬੁਰਾਈ ਦਾ ਮਜ਼ਹਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅੱਛਾਈ ਬੁਰਾਈ ਬਾਰੇ ਉਨ੍ਹਾਂ ਨੂੰ ਜਰੂਰ ਸਿਖਾਇਆ ਹੈ। ਹਾਲਾਤ ਜਲਦੀ ਸੁਧਰਦੇ ਮੈਨੂੰ ਨਜ਼ਰ ਨਹੀਂ ਆ ਰਹੇ । ਇਨ੍ਹਾਂ ਗੱਲਾਂ ਤੋਂ ਮੈਨੂੰ ਡਰ ਨਹੀਂ, ਗੁੱਸਾ ਆਉਂਦਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਹਰ ਸਹੀ ਸੋਚ ਵਾਲੇ ਇਨਸਾਨ ਨੂੰ ਗੁੱਸਾ ਆਉਣਾ ਚਾਹੀਦਾ ਹੈ, ਡਰ ਨਹੀਂ ਲੱਗਣਾ ਚਾਹੀਦਾ।…..ਸਾਡਾ ਘਰ ਹੈ, ਸਾਨੂੰ ਕੌਣ ਕੱਢ ਸਕਦਾ ਹੈ।”
ਕੀ ਗਲਤ ਕਿਹਾ ਹੈ ਜੀ ਨਸੀਰ ਨੇ? “ਹਰ ਸਹੀ ਸੋਚ ਵਾਲੇ ਇਨਸਾਨ ਨੂੰ ਗੁੱਸਾ ਆਉਣਾ ਚਾਹੀਦਾ ਹੈ, ਡਰ ਨਹੀਂ ਲੱਗਣਾ ਚਾਹੀਦਾ,” ਤੇ ਉਸ ਨਾਲ ਵਾਪਰ ਕੀ ਰਿਹਾ ਹੈ? ਪਾਕਿਸਤਾਨ ਚਲੇ ਜਾਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ, ਇੱਕ ਗਊ ਰਾਖੇ ਨੇ ਤਾਂ ਟਿਕਟ ਵੀ ਭੇਜ ਦਿੱਤੀ ਹੈ ਪਾਕਿਸਤਾਨ ਦੀ।
ਨਸੀਰੂਦੀਨ ਦੀ ਫਿਕਰਮੰਦੀ ‘ਚੋਂ ਮੈਨੂੰ ਇੱਕ ਵਾਰ ਫੇਰ ਭਾਪਾ ਜੀ ਨਜ਼ਰ ਆਏ; ਬੁਰੀ ਤਰ੍ਹਾਂ ਫਿਕਰਮੰਦ ਇੱਕ ਬਾਪ!! ਦਹਿਸ਼ਤਜ਼ਦਾ ਨਹੀਂ, ਪੂਰੀ ਹਿੰੰਮਤ, ਹੌਂਸਲੇ ਵਾਲਾ ਬਾਪ !! ਉਸ ਨੂੰ ਦਾਦ ਦੇਣੀ ਬਣਦੀ ਹੈ, ਪਰ ਅਫਸੋਸ ਕਿ ਦਾਦ ਤਾਂ ਕੀ ਦੇਣੀ ਹੈ, ਏਨਾ ਕੁਝ ਵਾਪਰਨ ਦੇ ਬਾਵਜੂਦ ਅਸੀਂ ਹਾਂ ਕਿ ਚੁੱਪ ਬੈਠੇ ਹਾਂ! ਸਾਡਾ ਮੌਨ ਵਰਤ ਟੁੱਟਦਾ ਹੀ ਨਹੀਂ!! ਸ਼ਾਇਦ ਇਹ ਸੋਚ ਰਹੇ ਹਾਂ ਕਿ ਚਲੋ ਸਾਨੂੰ ਕੀ, ਅਸੀਂ ਤਾਂ ਸੁਰੱਖਿਅਤ ਹਾਂ। ਇਸ ਹਾਲਾਤ ‘ਤੇ ਨਵਾਜ਼ ਦੇਵਬੰਦੀ ਸਾਹਿਬ ਦਾ ਸ਼ਿਅਰ ਯਾਦ ਆ ਰਿਹਾ ਹੈ;
ਉਸ ਕੇ ਕਤਲ ਪੇ ਮੈਂ ਭੀ ਚੁਪ ਥਾ
ਮੇਰਾ ਨੰਬਰ ਅਬ ਆਯਾ ਹੈ
ਮੇਰੇ ਕਤਲ ਪੇ ਆਪ ਭੀ ਚੁਪ ਹੈਂ
ਅਗਲਾ ਨੰਬਰ ਆਪ ਕਾ ਹੈ ।
ਉਠੋ ਯਾਰੋ ….!
….. ਜ਼ਰਾ ਆਪਣਾ ਤੀਸਰਾ ਨੇਤਰ ਖੋਲ੍ਹੋ!
ਬਰੂਹਾਂ ਤੇ ਖੜੇ ਦਾਨਵਾਂ ਨੂੰ ਪਛਾਣੋ!
“ਅਸੀਂ ਤਾਂ ਸੁਰੱਖਿਅਤ ਹਾਂ” ਵਾਲਾ ਸਾਡਾ ਭਰਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਨੇਰਾ ਬੀਜ ਰਿਹਾ ਹੈ।
ਇਸ ਭਰਮ ‘ਚੋਂ ਬਾਹਰ ਆਉਣਾ ਪੈਣਾ ਹੈ!!
ਜਿੰਨੀ ਜਲਦੀ ਬਾਹਰ ਆਓਗੇ, ਓਨਾ ਹੀ ਚੰਗਾ!
ਸਾਡੀ ਇਸ ਖਤਰਨਾਕ ਚੁੱਪ ਲਈ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ!
”ਮਾਨਵ ਕੀ ਜਾਤ ਸਬੈ ਏਕ ਪਹਿਚਾਨਬੋ” ਵਾਲੀ ਆਪਣੀ ਵਿਰਾਸਤ ਨੂੰ ਖਤਮ ਨਾ ਹੋਣ ਦਿਓ !
ਇਸ ਦੇਸ਼ ਲਈ ਹਰ ਜਾਤ, ਹਰ ਧਰਮ, ਹਰ ਨਸਲ ਨੇ ਖੂਨ ਵਹਾਇਆ ਹੈ । ਇਹ ਦੇਸ਼ ਸਾਡਾ ਹੈ, ਸਭ ਦਾ ਹੈ।
ਧਰਮ, ਜਾਤ, ਰੰਗ, ਨਸਲ ਦੇ ਆਧਾਰ ‘ਤੇ ਸਮਾਜ ‘ਚ ਵੰਡੀਆਂ ਪਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ!
ਇੱਥੇ ਹਰ ਇੱਕ ਨੂੰ ਵੇਲੇ ਸਿਰ ਇਨਸਾਫ਼ ਮਿਲਣਾ ਚਾਹੀਦਾ ਹੈ।
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸਿਲਸਿਲਾ ਰੁਕਣਾ ਚਾਹੀਦਾ ਹੈ।
ਇੱਥੇ ਹਰ ਇੱਕ ਨੂੰ ਆਪਣੀ ਮਰਜ਼ੀ ਦਾ ਖਾਣ, ਆਪਣੀ ਪਸੰਦ ਦਾ ਪਹਿਨਣ, ਆਪਣੀ ਮਰਜ਼ੀ ਦੀ ਅਕੀਦਤ ਦਾ ਅਧਿਕਾਰ ਹੈ !
ਕੋਈ ਕਿਸੇ ਨੂੰ ਉਸ ਦੇ ਘਰ ‘ਚੋਂ ਬੇਦਖ਼ਲ ਨਹੀਂ ਕਰ ਸਕਦਾ !
ਰਾਹਤ ਇੰਦੌਰੀ ਦੇ ਇਸ ਸ਼ਿਅਰ ਨਾਲ ਆਪਣੀ ਗੱਲ ਖਤਮ ਕਰਾਂਗਾ;
ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ!

ਰਾਹਗੀਰ
ਜਾਬਰ ਦੀ ਚਾਬੀ
ਮਨੁੱਖ ਦਾ ਦਿਮਾਗ ਵੀ ਇਕ ਅਜੀਬ ਸ਼ੈਅ ਹੈ। ਕਿਸੇ ਵੀ ਸਮੇਂ ਆਰਾਮ ਨਹੀਂ ਕਰਦਾ। ਕੁੱਝ ਨਾ ਕੁੱਝ ਸੋਚਦਾ ਹੀ ਰਹਿੰਦਾ ਹੈ। ਚੇਤ-ਅਚੇਤ ਅਵਸਥਾ ‘ਚ ਕੰਮ ਕਰਦੇ ਰਹਿਣਾ ਇਸਦੀ ਖੂਬੀ ਹੈ। ਇਹੀ ਕਾਰਨ ਹੁੰਦਾ ਹੈ ਕਿ ਕਈ ਵਾਰ ਕੋਲ ਬੈਠਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦੈ ਤੇ ਤੁਹਾਨੂੰ ਸੁਣਦਾ ਈ ਨਹੀਂ। ਕਈ ਵਾਰ ਸਾਹਮਣੇ ਕੁੱਝ ਵਾਪਰ ਰਿਹਾ ਹੁੰਦੈ, ਤੁਹਾਨੂੰ ਨਜ਼ਰ ਈ ਨਹੀਂ ਆਉਂਦਾ। ਕਾਰਨ, ਤੁਸੀਂ ਆਪਣੇ ਖਿਆਲਾਂ ‘ਚ ਕਿਤੇ ਹੋਰ ਘੁੰਮ ਰਹੇ ਹੁੰਦੇ ਓ। …ਤੇ ਕਈ ਵਾਰ ਕਿਸੇ ਵਲੋਂ ਸੁਣਾਈ ਕੋਈ ਘਟਨਾ ਤੁਹਾਨੂੰ ਇੰਝ ਜਾਪਣ ਲੱਗਦੀ ਹੈ ਜਿਵੇਂ ਉਹ ਤੁਹਾਡੀਆਂ ਅੱਖਾਂ ਸਾਹਮਣੇ ਈ ਵਾਪਰੀ ਹੋਵੇ। ਕਾਰਨ ਫਿਰ ਉਹੀ ਕਿ ਦਿਮਾਗ ਵਾਲਾ ਕੰਪਿਊਟਰ ਦੱਸੀ ਗਈ ਘਟਨਾ ਨੂੰ ਲੜੀ ‘ਚ ਪਰੋ ਕੇ ਉਸਦਾ ਇਕ ਚਲ-ਚਿੱਤਰ ਬਣਾ ਦਿੰਦਾ ਹੈ ਜੋ ਵਾਰ ਵਾਰ ਤੁਹਾਡੇ ਜ਼ਿਹਨ ‘ਚ ਚਲਦਾ ਰਹਿੰਦਾ ਹੈ । ਪਿਛਲੇ ਦਿਨੀਂ ਆਪਣੇ ਇਕ ਬੇਹੱਦ ਸੰਜੀਦਾ ਮਿੱਤਰ ਵਲੋਂ ਸੁਣਾਈ ਇਕ ਅੱਖੀਂ ਡਿੱਠੀ ਘਟਨਾ ਨੇ ਵੀ ਮੇਰੇ ਲਈ ਅਜਿਹੀ ਹੀ ਮਾਨਸਿਕ ਅਵਸਥਾ ਸਿਰਜੀ ਹੋਈ ਹੈ।
ਮੇਰੇ ਦੋਸਤ ਅਨੁਸਾਰ, ”ਮੈਂ ਦਫਤਰੋਂ ਸ਼ਾਮ ਨੂੰ ਘਰ ਵਾਪਸ ਜਾ ਰਿਹਾ ਸੀ। ਜਦ ਮੈਂ ਆਪਣੇ ਮੁਹੱਲੇ ਨੇੜੇ ਪੁੱਜਾ ਤਾਂ ਅਚਾਨਕ ਮੇਰੇ ਸਾਹਮਣੇ ਅਜਿਹੀ ਇਕ ਵਾਰਦਾਤ ਵਾਪਰੀ ਜੋ ਪਹਿਲੀ ਨਜ਼ਰੇ ਤਾਂ ਇਕ ਸਧਾਰਨ ਘਟਨਾ ਸੀ ਪਰ ਕੁੱਝ ਹੀ ਪਲਾਂ ‘ਚ ਉਹ ਖਾਸ ਬਣ ਗਈ। ਸੜਕ ਕਿਨਾਰੇ ਇਕ ਸਧਾਰਨ ਲਿਬਾਸ ਵਾਲੀ ਲੜਕੀ ਤੁਰੀ ਜਾ ਰਹੀ ਸੀ ਕਿ ਇਕ ਮੋਟਰਸਾਇਕਲ ਵਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ। ਅਚਾਨਕ ਵੱਜੀ ਟੱਕਰ ਨਾਲ ਕੁੜੀ ਨੇ ਤਾਂ ਡਿੱਗਣਾ ਹੀ ਸੀ, ਮੋਟਰਸਾਇਕਲ ਸਵਾਰ ਵੀ ਡਿੱਗ ਗਿਆ। ਮੋਟਰਸਾਇਕਲ ਸਵਾਰ ਨੇ ਉਠ ਕੇ ਉਸ ਲੜਕੀ ਦੇ ਦੋ-ਤਿੰਨ ਥੱਪੜ ਜੜ ਦਿੱਤੇ ਤੇ ਉਸ ਨੂੰ ਗਾਲਾਂ ਕੱਢਣ ਲੱਗ ਪਿਆ; ‘ਹਰਾਮਜ਼ਾਦੀ ਨਾ ਹੋਵੇ ਤਾਂ, ਇਕ ਪਾਸੇ ਹੋ ਕੇ ਨਹੀਂ ਤੁਰ ਹੁੰਦਾ।’
ਸੱਚ ਤਾਂ ਇਹ ਸੀ ਕਿ ਲੜਕੀ ਆਪਣੇ ਹੱਥ ਈ, ਸੜਕ ਤੋਂ ਹੇਠਾਂ ਕੱਚੀ ਥਾਂ ਤੁਰ ਰਹੀ ਸੀ ਤੇ ਉਸ ਨੂੰ ਟੱਕਰ ਪਿਛਲੇ ਪਾਸਿਓਂ ਮੋਟਰਸਾਇਕਲ ਸਵਾਰ ਨੇ ਹੀ ਮਾਰੀ ਸੀ।
ਖ਼ੈਰ, ਇੱਥੋਂ ਤਕ ਇਹ ਘਟਨਾ ਇਕ ਆਮ ਘਟਨਾ ਹੀ ਸੀ। ਲੜਕੀਆਂ ਨਾਲ ਵਧੀਕੀਆਂ ਤਾਂ ਪੈਰ-ਪੈਰ ‘ਤੇ ਹੁੰਦੀਆਂ ਹਨ। ਇਹ ਟੱਕਰ ਕਿਹੜਾ ਕੋਈ ਜੱਗੋਂ ਤੇਰ੍ਹਵੀਂ ਗੱਲ ਸੀ। ਪਰ ਪਾਸਾ ਇਕਦਮ ਹੀ ਪਲਟ ਗਿਆ ਜਦੋਂ ਲੜਕੀ ਨੇ ਮੋਟਸਾਇਕਲ ਸਵਾਰ ਦੇ ਇੰਨੀ ਜ਼ੋਰ ਨਾਲ ਥੱਪੜ ਜੜੇ ਕਿ ਉਸ ਦੀ ਸੁਰਤ ਭੁਲ ਗਈ। ਲੜਕੀ ਨੇ ਚਾਬੀ ਕੱਢ ਕੇ ਮੋਟਰਸਾਇਕਲ ਇਕ ਪਾਸੇ ਖੜਾ ਕਰ ਦਿੱਤਾ ਅਤੇ ਹਮਲਾਵਰ ਨੂੰ ਗਲਵੇਂ ਤੋਂ ਫੜ  ਲਿਆ। ਮੈਂ ਉਸ ਦੀ ਇਸ ਜ਼ੁਰਅਤ ਤੋਂ ਬਹੁਤ ਖੁਸ਼ ਹੋਇਆ। ਇੰਨੇ ਨੂੰ ਪੀਸੀਆਰ ਦਾ ਇਕ ਮੋਟਰਸਾਇਕਲ ਵੀ ਆ ਗਿਆ। ਉਸ ਲੜਕੀ ਨੇ ਪੀਸੀਆਰ ਵਾਲਿਆਂ ਨੂੰ ਕਿਹਾ ਕਿ ਇਸ ਬੰਦੇ ਨੂੰ ਫੜ ਲਓ, ਭੱਜੇ ਨਾ। ਪੁਲਸ ਵਾਲਿਆਂ ਦਾ ਜਵਾਬ ਉਹੀ ਸੀ ਜੋ ਆਮ ਤੌਰ ‘ਤੇ ਹੁੰਦਾ ਹੈ ਕਿ ਅਸੀਂ ਕਿਉਂ ਫੜੀਏ। ਲੜਕੀ ਨੇ ਆਪਣੇ ਨਾਲ ਹੋਈ ਘਟਨਾ ਦੱਸੀ। ਜਦ ਪੁਲਸ ਵਾਲੇ ਟਸ ਤੋਂ ਮਸ ਨਾ ਹੋਏ ਤਾਂ ਉਸ ਲੜਕੀ ਨੇ ਉਨ੍ਹਾਂ ‘ਚੋਂ ਇਕ ਦੇ ਕੰਨ ‘ਚ ਕੁੱਝ ਕਿਹਾ। ਜਿਸ ਤੋਂ ਬਾਅਦ ਉਹ ਫੋਰਨ ਸਲੂਟ ਵਾਲੀ ਅਵਸਥਾ ‘ਚ ਆ ਗਏ। ਉਸ ਲੜਕੀ, ਜੋ ਕੁੱਝ ਹੀ ਪਲਾਂ ‘ਚ ਮੇਰੇ ਲਈ ਇਕ ਆਮ ਤੋਂ ਖਾਸ ਲੜਕੀ ਬਣ ਗਈ ਸੀ, ਨੇ ਆਪਣੇ ਮੋਬਾਇਲ ਫੋਨ ਤੋਂ ਕਿਸੇ ਨੂੰ ਕਾਲ ਵੀ ਕੀਤੀ। ਜਿਸ ਤੋਂ ਬਾਅਦ ਪਲਾਂ ਵਿਚ ਹੀ ਚੋਟੀ ਦੇ ਪੁਲਸ ਦੇ ਅਫਸਰ ਵੀ ਆਣ ਬਹੁੜੇ। ਪੀਸੀਆਰ ਵਾਲੇ ਟੱਕਰ ਮਾਰਨ ਵਾਲੇ ਸ਼ਖ਼ਸ਼ ਨੂੰ ਆਪਣੇ ਮੋਟਰਸਾਇਕਲ ‘ਤੇ ਬੈਠਾ ਕੇ ਲੈ ਗਏ। ਉਸ ਲੜਕੀ ਬਾਰੇ ਉਤਸੁਕਤਾ ਪੈਦਾ ਹੋਣਾ ਕੁਦਰਤੀ ਸੀ। ਬਾਅਦ ‘ਚ ਪਤਾ ਲੱਗਾ ਕਿ ਉਹ ਲੜਕੀ ਕੋਈ ਆਈਪੀਐਸ ਅਫਸਰ ਹੈ ਤੇ ਉਸ ਦਾ ਸੰਬੰਧ ਕਿਸੇ ਦੱਖਣੀ ਸੂਬੇ ਦੇ ਕਾਡਰ ਨਾਲ ਹੈ।”
ਮੇਰੇ ਜ਼ਿਹਨ ‘ਚ ਇਹ ਘਟਨਾ ਵਾਰ ਵਾਰ ਘੁੰਮ ਰਹੀ ਹੈ। ਮੈਨੂੰ ਜਾਪਦਾ ਹੈ ਕਿ ਇਹ ਸਭ ਕੁੱਝ ਮੇਰੇ ਦੋਸਤ ਦੀਆਂ ਅੱਖਾਂ ਸਾਹਮਣੇ ਨਹੀਂ, ਮੇਰੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ। ਇਸ ਨੂੰ ਲੈ ਕੇ ਦੋ ਤਰ੍ਹਾਂ ਦੇ ਚਲਚਿੱਤਰ ਮੇਰੇ ਮਨ ਮਸਤਕ ਵਿਚ ਘੁੰਮ ਰਹੇ ਹਨ। ਇਕ ਚਲਚਿੱਤਰ ਉਚ ਮੁਰਾਤਬੇ ਵਾਲੀ ਔਰਤ ਨਾਲ ਹੋ ਰਹੀ ਵਧੀਕੀ ਨਾਲ ਸੰਬੰਧਤ ਹੈ ਜਿਸ ਵਿਚ ਸਮੁੱਚਾ ਸਿਸਟਮ ਪਲ ਭਰ ‘ਚ ਹੀ ਹਰਕਤ ਵਿਚ ਆ ਜਾਂਦਾ ਹੈ ਤੇ ਦੋਸ਼ੀ ਮੌਕੇ ‘ਤੇ ਹੀ ਫੜਿਆ ਜਾਂਦਾ ਹੈ।
ਦੂਸਰਾ ਇਕ ਸਧਾਰਨ ਔਰਤ ਨਾਲ ਹੁੰਦੀ ਵਧੀਕੀ ਨਾਲ ਸੰਬੰਧਤ ਹੈ ਜਿਸ ਵਿਚ ਪੀੜਤ ਔਰਤ ਮੂੰਹ ਹੀ ਨਹੀਂ ਖੋਲਦੀ, ਸਭ ਕੁੱਝ ਜ਼ਰ ਲੈਂਦੀ ਹੈ ਤੇ ਜੇ ਉਹ ਮੂੰਹ ਖੋਲ੍ਹਣ ਦੀ ਜ਼ੁਰਅਤ ਕਰਦੀ ਵੀ ਹੈ ਤਾਂ ਥਾਣੇ ‘ਚ ਆਪਣੀ ਪਤ ਗੁਆ ਬਹਿੰਦੀ ਹੈ।
ਪੀਸੀਆਰ ਵਾਲਿਆਂ ਦਾ ਵਤੀਰਾ ਵੀ ਪੁਲਸ ਦੇ ਦੋਗਲੇ ਕਿਰਦਾਰ ਨੂੰ ਬੇਪਰਦ ਕਰਦਾ ਹੈ। ਸਧਾਰਨ ਔਰਤ ਨੂੰ ਉਸਦਾ ਜਵਾਬ ਹੁੰਦਾ ਹੈ ‘ਅਸੀਂ ਕਿਉਂ ਫੜੀਏ?’ ਤੇ ਉਚ ਮੁਰਾਤਬੇ ਵਾਲੀ ਔਰਤ ਵਾਸਤੇ ਉਹ ਸਲੂਟ ਮਾਰਕੇ ਅਧੀਨਗੀ ਦੀ ਅਵਸਥਾ ‘ਚ ਆ ਜਾਂਦੀ ਹੈ।
ਇਨ੍ਹਾਂ ਚਲਚਿੱਤਰਾਂ ਦੇ ਚਲਦਿਆਂ ਮੇਰੇ ਮਨ ਵਿਚ ਇਹ ਪ੍ਰਬਲ ਇੱਛਾ ਪੈਦਾ ਹੋ ਰਹੀ ਹੈ ਕਿ ਇਕ ਸਧਾਰਨ ਔਰਤ ਵੀ ਆਪਣੇ ਨਾਲ ਹੁੰਦੀ ਵਧੀਕੀ ਵਿਰੁੱਧ ਆਵਾਜ਼ ਉਠਾਉਣ ਦੀ, ਵਧੀਕੀ ਕਰਨ ਵਾਲੇ ਨੂੰ ਗਲਵੇਂ ਤੋਂ ਫੜਨ ਦੀ ਜ਼ੁਰਅਤ ਕਰੇ।
ਮੇਰੇ ਜ਼ਿਹਨ ‘ਚ ਇਹ ਸਵਾਲ ਵੀ ਵਾਰ ਵਾਰ ਸਿਰ ਚੁੱਕ ਰਿਹਾ ਹੈ ਕਿ ਉਹ ਦਿਨ ਕਦ ਆਵੇਗਾ ਜਦ ਇਕ ਸਧਾਰਨ ਔਰਤ, ਜਾਬਰ ਦੀ ਚਾਬੀ ਕੱਢ ਕੇ, ਉਸਦੇ ਵਹਿਸ਼ੀ ਵਾਹਨ ਨੂੰ ਸੜਕ ਤੋਂ ਉਤਾਰ ਕੇ ਖਤਾਨਾ ‘ਚ ਵਗਾਹ ਮਾਰੇਗੀ। ਉਸ ਦੀ ਇਹ ਜ਼ੁਰਅਤ ਇਕ ਵੱਡੀ ਸਮਾਜਿਕ ਤਬਦੀਲੀ ਦਾ ਸਬੱਬ ਬਣੇਗੀ। ਇਹ ਮੇਰੀ ਇੱਛਾ ਵੀ ਹੈ ਤੇ ਸਮੇਂ ਦੀ ਲੋੜ ਵੀ !
-ਇੰਦਰਜੀਤ ਚੁਗਾਵਾਂ

 

 

ਕਵਿਤਾ
– ਗੁਰਮੀਤ ਕੌਰ ਸੰਧਾ
ਮਾਂਗਵੇਂ ਹਥਿਆਰ ਨੇ ਕੋਈ ਸ਼ੱਕ ਨਹੀਂ।
ਹਾਕਮਾਂ ਦੇ ਯਾਰ ਨੇ, ਕੋਈ ਸ਼ੱਕ ਨਹੀਂ।
ਕੁਝ ਕੁ ਲੋਕਾਂ ਨੂੰ ਮਿਲੇ ਇਸ ਦੇਸ਼ ਵਿੱਚ,
ਰਾਖਵੇਂ ਅਧਿਕਾਰ ਨੇ, ਕੋਈ ਸ਼ੱਕ ਨਹੀਂ।
ਬਾਂਹ ਖੜੀ ਕਰਕੇ ਜੋ ਕੀਤੇ ਜਾ ਰਹੇ ,
ਬੇਤੁਕੇ ਇਕਰਾਰ ਨੇ, ਕੋਈ ਸ਼ੱਕ ਨਹੀਂ।
ਨਹੀਂ ਨਿਆਂ ਮਜ਼ਲੂਮ ਨੂੰ ਦਿੱਤਾ ਕਦੇ,
ਸਾਜਸ਼ੀ ਦਰਬਾਰ ਨੇ, ਕੋਈ ਸ਼ੱਕ ਨਹੀਂ।
ਤੋੜਿਆ ਲੱਕ ਲੋਕਤੰਤਰ ਦਾ ਸਦਾ,
ਧਰਮ ਸੱਭਿਆਚਾਰ ਨੇ, ਕੋਈ ਸ਼ੱਕ ਨਹੀਂ।
ਸਾਜਿਸ਼ਾਂ ਰਚਦੇ ਨੇ ਜੋ ਕੌਮਾਂ ਖ਼ਿਲਾਫ਼,
ਜ਼ਿਹਨ ਤੋਂ ਬੀਮਾਰ ਨੇ, ਕੋਈ ਸ਼ੱਕ ਨਹੀਂ।
ਬੇ ਨਿਆਂਈਂ ਕਰਨ, ਹਾਕਮ ਕਾਸਦੇ?
ਕੁਰਸੀਆਂ ‘ਤੇ ਭਾਰ ਨੇ, ਕੋਈ ਸ਼ੱਕ ਨਹੀਂ।
ਮਹਿਲ ਮੋਮੋ ਠਗਣੀਆਂ ਦੇ ਆਉਣਗੇ
ਜਾਪਦੇ ਆਸਾਰ ਨੇ, ਕੋਈ ਸ਼ੱਕ ਨਹੀਂ।
ਹੱਕ ਜੀਹਨਾਂ ਨੂੰ ਨਾ ਮਿਲਦੇ ਮੰਗਿਆਂ,
ਖੋਹਣ ਦੇ ਹੱਕਦਾਰ ਨੇ, ਕੋਈ ਸ਼ੱਕ ਨਹੀਂ।
ਝੂਠ ਸੱਚ ਦਾ ਫੈਸਲਾ ਕੀਤੈ  ਸਦਾ,
ਅੰਤ ਨੂੰ ਤਲਵਾਰ ਨੇ, ਕੋਈ ਸ਼ੱਕ ਨਹੀਂ।

ਗਜ਼ਲ
ਮਨਜੀਤ
ਸਿਆਸਤ ਖੇਡ ਹੈ ਚੰਗੀ, ਤੁਸੀਂ ਜਨਾਬ ਨਾ ਆਖੋ।
ਰਹੇ ਦੋ ਆਬ ਨੇ ਬਾਕੀ ਪਏ ਪੰਜਾਬ ਨਾ  ਆਖੋ।

ਨਹੀ ਕੀ ਜਾਣਦਾ ਸਤਲੁਜ ਕੀ ਹੁੰਦੀ ਪੀੜ ਕੰਡਿਆਂ ਦੀ?
ਪਿਆ ਬਿਆਸ ਹੈ ਪੱਛਿਆ ਤੁਸੀਂ  ਗੁਲਾਬ ਨਾ ਆਖੋ।

ਲਕੀਰਾਂ ਧਰਤ ‘ਤੇ ਪਾਉਂਦੇ ਸਿਆਸਤਦਾਨ ਹੈ ਦੇਖੇ,
ਲੁਕਾਈ ਦੀ ਤੁਸੀਂ ਨੀਅਤ  ਕਦੇ ਖਰਾਬ  ਨਾ  ਆਖੋ।

ਲਿਆ ਹੈ ਖਾ ਪਰਿੰਦਾ ਰਲ ਕੇ ਗਿੱਧਾਂ ਕਾਲਿਆਂ ਚਿੱਟਿਆਂ,
ਹਕੀਕਤ ਹੈ ਇਹੋ ਜਾਣੋ  ਕੋਈ ਸੁਰਖ਼ਾਬ ਨਾ  ਆਖੋ।

ਲੁਟੇਰੇ ਲੈ ਗਏ ਲੁੱਟ ਕੇ ਗਰਾਂ ਦੀ ਚਾਨਣੀ  ਸਾਰੀ,
ਘਰਾਂ ਦੇ ਜਰਜਰੇ ਚਿਹਰੇ  ਬੁਝੇ  ਸ਼ਬਾਬ ਨਾ ਆਖੋ।

See Also

ਸ਼ਿਲਾਲੇਖਾਂ ਜਿਹੇ ਅੱਖਰ ਸਦੀਆਂ  ਤੀਕ  ਇਹ ਰਹਿਣੇ,
ਪੁਲੰਦਾ ਕਾਗ਼ਜ਼ੀ ਇਸ ਨੂੰ  ਮਹਿਜ  ਕਿਤਾਬ ਨਾ  ਆਖੋ।

ਰਿਹਾ ‘ਮਨਜੀਤ’ ਹੈ ਪੀਂਦਾ ਉਮਰ ਸਾਰੀ  ਕਿਸੇ ਦੱਸਿਆ,
ਭਰੇ ਉਸ ਜਾਮ ਪੀੜਾਂ  ਦੇ  ਪਏ  ਸ਼ਰਾਬ  ਨਾ  ਆਖੋ।

ਗ਼ਜ਼ਲ
– ਡਾ. ਜਗਤਾਰ
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।

ਗ਼ਜ਼ਲ
– ਕੁਲਵਿੰਦਰ ‘ਕੰਵਲ’
ਕਦੇ ਭਾਗੋ, ਕਦੇ ਝਾਂਸੀ ਜਿਹਾ ਕਿਰਦਾਰ ਹੈ ਔਰਤ।
ਕਦੇ ਰਾਧਾ ਅਤੇ ਮੀਰਾ ਦਾ ਸੁੱਚਾ ਪਿਆਰ ਹੈ ਔਰਤ।
ਧੁਰਾ ਹੈ ਰਿਸ਼ਤਿਆਂ ਦਾ ਇਹ, ਅਨੇਕਾਂ ਰੂਪ ਹਨ ਇਸਦੇ,
ਕਦੇ ਮਾਂ, ਭੈਣ, ਬੇਟੀ ਤੇ ਕਦੇ ਗ਼ਮਖਾਰ ਹੈ ਔਰਤ।
ਬੜਾ ਹੀ ਮਾਣ ਹੁੰਦਾ ਹੈ, ਜਦੋਂ ਛੂੰਹਦੀ ਬੁਲੰਦੀ ਨੂੰ,
ਅਤੇ ਹਰ ਥਾਂ ਨਿਭਾਉਂਦੀ ਹੁਣ ਅਹਿਮ ਕਿਰਦਾਰ ਹੈ ਔਰਤ।
ਅਜਬ ਕਿਰਦਾਰ ਹੈ ਇਸ ਦਾ, ਅਜਬ ਇਸ ਦਾ ਤਸੱਵਰ ਹੈ,
ਕਦੇ ਫੁੱਲਾਂ ਜਿਹੀ ਕੌਮਲ, ਕਦੇ ਇਕ ਖਾਰ ਹੈ ਔਰਤ।
ਕਦੇ ਮਮਤਾ ਦੀ ਮੂਰਤ ਬਣ, ਖਿਡਾਵੇ ਗੋਦ ਬਾਲਾਂ ਨੂੰ,
ਕਦੇ ਸ਼ਮਸ਼ੀਰ ਬਣ, ਵੈਰੀ ਲਈ ਲਲਕਾਰ ਹੈ ਔਰਤ।
ਗੁਰੂਆਂ, ਸੂਰਬੀਰਾਂ ਤੇ ਫਕੀਰਾਂ ਦੀ ਇਹ ਜਨਣੀ ਹੈ,
ਪਤਾ ਨਹੀਂ ਫਿਰ ਵੀ ਕਿਉਂ ਹੁੰਦੀ ਸਦਾ ਦੁਤਕਾਰ ਹੈ ਔਰਤ।
ਬੜਾ ਹੀ ਦਰਦ ਹੁੰਦਾ ਹੈ, ਬੜਾ ਹੀ ਤੜਪਦਾ ਹੈ ਦਿਲ,
ਕਿਸੇ ਬਾਰੇ ਜਦੋਂ ਕੋਈ ਆਖਦੈ ‘ਬਦਕਾਰ’ ਹੈ ਔਰਤ।
‘ਕੰਵਲ’ ਉਹ ਲੋਕ ਹੀ ਨਾਸਮਝ ਨੇ ਜੋ ਸੋਚਦੇ ਏਦਾਂ,
‘ਵਿਚਾਰੀ, ਬੇਸਹਾਰਾ, ਤੇ ਬੜੀ ਲਾਚਾਰ ਹੈ’ ਔਰਤ।

Scroll To Top