ਕਹਾਣੀ
“ਜਿਉਂਦਾ ਰਹਿ ਵੇ ਬੱਚੜਿਆ’’
– ਗੁਰਮੀਤ ਕੜਿਆਲਵੀ
ਸੁੱਖੋ ਨੇ ਵਾਣ ਦੀ ਢਿਲਕਣੀ ਜਿਹੀ ਮੰਜੀ ’ਤੇ ਗੁੱਛੀਮੁੱਛੀ ਹੋਏ ਪਏ ਪੁੱਤ ਹੀਰੇ ਦੇ ਮੱਥੇ ’ਤੇ ਹੱਥ ਰੱਖ ਕੇ ਵੇਖਿਆ। ਮੱਥਾ ਭੱਠ ਵਾਂਗ ਤਪ ਰਿਹਾ ਸੀ। ਉਸ ਨੇ ਪਾਣੀ ਨਾਲ ਭਿਉਂ ਕੇ ਪੱਟੀ ਉਸ ਦੇ ਮੱਥੇ ’ਤੇ ਰੱਖੀ । ਦੋ ਤਿੰਨ ਵਾਰ ਹੀਰੇ ਨੂੰ ਹਲੂਣ-ਹਲੂਣ ਕੇ ਹਿਲਾਇਆ, “ਹੀਰੇ ਪੁੱਤ ! ਮੇਰੇ ਸ਼ੇਰ—ਕਿਮੇ ਐ ਪੁੱਤ ? ਮੇਰੇ ਸੋਹਣਿਆ ਪੁੱਤਾ, ਆਵਦੀ ਬੀਬੀ ਕੰਨੀ ਵੇਖ ਅੱਖਾਂ ਚੱਕ ਕੇ ਤਾਂ ਦੇਖ ।’’ ਹੀਰੇ ਨੇ ਕੋਈ ਜਵਾਬ ਨਾ ਦਿੱਤਾ। ਉਹ ਉਸੇ ਤਰ੍ਹਾਂ ਬੇਸੁੱਧ ਪਿਆ ਰਿਹਾ। ਉਸ ਨੇ ਤਾਂ ਅੱਖ ਪੁੱਟ ਕੇ ਵੀ ਨਾ ਵੇਖਿਆ। ਸੁੱਖੋ ਨੇ ਹੀਰੇ ਦਾ ਸਿਰ ਚੁੱਕ ਕੇ ਪੱਟਾਂ ’ਤੇ ਰੱਖ ਲਿਆ ’ਤੇ ਵਾਲਾਂ ’ਚ ਪੋਲੇ-ਪੋਲੇ ਹੱਥ ਮਾਰਨ ਲੱਗੀ। ਵੱਡਾ ਮੁੰਡਾ ਬੀਰਾ ਇੱਕ ਅਲਾਣੀ ਮੰਜੀ ’ਤੇ ਪਾਂ ਖਾਧੇ ਕੁੱਤੇ ਵਾਂਗ ਪਿਆ ਸੀ ਜਿਸ ਦੇ ਮੂੰਹ ’ਤੇ ਮੱਖੀਆਂ ਭਿਣ-ਭਿਣਾ ਰਹੀਆਂ ਸਨ। ਕੁੜੀ ਪਿੰਦਰੀ ਚੁੱਲ੍ਹੇ ਕੋਲ ਬੈਠੀ ਡੈਂਬਰਿਆਂ ਵਾਂਗ ਕਦੇ ਮਾਂ ਵੱਲ ਤੇ ਕਦੇ ਬੀਰੇ ਵੱਲ ਝਾਕਣ ਲੱਗ ਜਾਂਦੀ। “ਵੇ ਮੇਰੇ ਹੀਰਿਆ—ਹੂੰ-ਹਾਂ ਕਰ ਪੁੱਤ। ਵੇਖ ਤੇਰੀ ਮਾਂ ਕਿਮੇਂ ਪਾਕਲਾਂ ਆਗੂੰ ਹੋਈ ਪਈ ਐ। ਉੱਠ ਮੇਰਾ ਲਾਲ।’’ ਸੁੱਖੋ ਨੇ ਹੀਰੇ ਦਾ ਸਿਰ ਛਾਤੀ ਨਾਲ ਲਾਇਆ। “ਜੇ ਆਹ ਗੰਦੀ ’ਲਾਦ ਕਿਸੇ ਕਰਮ-ਜਰਮ ਦੀ ਹੁੰਦੀ—ਆਪਣੇ ਐਨੇ ਮੰਦੜੇ ਹਾਲ ਨਾ ਹੁੰਦੇ। ਏਹ ਤਾਂ ਪਿਉ ਨਾਲੋਂ ਵੀ ਚਾਰ ਰੱਤੀਆਂ ਉੱਤੋਂ ਦੀ ਗਿਆ।’’ ਸੁੱਖੋ ਨੇ ਦੋਵਾਂ ਹੱਥਾਂ ਨਾਲ ਆਪਣੇ ਮੱਥੇ ਨੂੰ ਘੁੱਟਿਆ। “ਨੀ ਅੰਮੜੀਏ, ਕੀ ਸੋਚ ਕੇ ਮੇਰਾ ਨਾਂ ਸੁੱਖੋ ਰੱਖਿਆ ਸੀਗਾ? ਜੇ ਰੱਖਿਆ ਈ ਸੀਗਾ ਤਾਂ ਇੱਕ ਅੱਧ ਸੁੱਖ ਵੀ ਝੋਲੀ ਪਾ ਦਿੰਦੀ।’’ ਅੱਖਾਂ ਤੇ ਨੱਕ ‘ਚੋਂ ਵਗ ਆਏ ਪਾਣੀ ਨੂੰ ਸਿਰ ਉੱਤਲੀ ਪਾਟੀ-ਪੁਰਾਣੀ ਚੁੰਨੀ ਦੇ ਲੜ ਨਾਲ ਪੂੰਝਦਿਆਂ ਹੀਰੇ ਦੀਆਂ ਲੱਤਾਂ ਬਾਹਾਂ ਘੁੱਟਣ ਲੱਗੀ। ਸੁੱਖੋ ਨੇ ਸੱਚਮੁੱਚ ਹੀ ਇੱਕ ਦਿਨ ਵੀ ਸੁੱਖ ਦਾ ਨਹੀਂ ਸੀ ਦੇਖਿਆ। ਨਾ ਪੇਕੇ-ਨਾ ਸਹੁਰੇ। ਪੇਕਿਆਂ ਘਰ ਗਰੀਬੀ ਨਾਲ ਘੁੱਲਦੀ ਆਈ ਸੁੱਖੋ ਨੂੰ ਸਹੁਰੇ ਵੀ ਸੱਪ ਦੇ ਮੂੰਹ ’ਚ ਫਸੇ ਡੱਡੂ ਵਰਗੇ ਮਿਲੇ ਸਨ, ਗਰੀਬੀ ਦੇ ਮੂੰਹ ’ਚੋਂ ਛੁੱਟ ਜਾਣ ਲਈ ਤਰਲੇ ਮਾਰਦੇ। ਗਰੀਬੀ ਵਾਲੀ ਸਾੜ੍ਹਸਤੀ ਨੇ ਦੋਵਾਂ ਪਰਿਵਾਰਾਂ ਨੂੰ ਇੱਕੋ ਜਿਹਾ ਝੰਭਿਆ ਹੋਇਆ ਸੀ। ਸੁੱਖੋ ਨੂੰ ਸਹੁਰੇ ਆ ਕੇ ਕੁੱਝ ਵੀ ਵੱਖਰਾ ਮਹਿਸੂਸ ਨਹੀਂ ਸੀ ਹੋਇਆ। ਬੱਸ ਏਨਾ ਕੁ ਫਰਕ ਪਿਆ – ਉਹ ਸੁੱਖੀ ਸਾਂਦੀ ਆਪਣੇ ਘਰ ਆ ਗਈ ਸੀ। ਆਪਣੇ ਇਸ ਘਰ ’ਚ ਦਿਨਾਂ ਨੂੰ ਧੱਕੇ ਦਿੰਦਿਆਂ ਹੀ ਉਸਦੀ ਕੁੰਦਨ ਵਰਗੀ ਦੇਹੀ ਨੇ ਅਮਲਾਂ ਖਾਧੇ ਕੁੰਦਨ ਨੂੰ ਤਿੰਨ ਜੁਆਕ ਜੰਮ ਕੇ ਦਿੱਤੇ ਸਨ। “ਵੇ ਬੀਰਿਆ, ਡੁੱਬੜੀ ਦਿਆ—ਵੇਖ ਲੈ ਉੱਠ ਕੇ ਬਾਹਰ। ਸ਼ੈਂਤ ਹੈਸ਼ੇ ਡਗਟਰ ਦੀ ਦੁਕਾਨ ਖੁੱਲ੍ਹੀ ਹੋਵੇ ? ਜੁਆਕ ਦੇ ਟੀਕਾ ਟਪੱਲਾ ਲੁਆ ਲਿਆਮਾ। ਏਹ ਤਾਂ ਜਮਾ ਸੁਰਤ ਨ੍ਹੀ ਕਰਦਾ। ਆਹ ਵੇਖ ਉਰ੍ਹੇ ਆਕੇ। ਪਿੰਡਾ ਤਾਂ ਭੱਠ ਮਾਗੂੰ ਤਪੀ ਜਾਂਦਾ। ਪੂਰੇ ਤਿੰਨ ਦਿਨ ਹੋਗੇ ਜੁਆਕ ਨੂੰ ਮੱਛੀਓਂ ਮਾਸ ਹੋਏ ਨੂੰ।’’ “ਬਾਹਰ ਕਿੱਥੇ ਜਾਵਾਂ ? ਕੋਈ ਦੁਕਾਨ-ਦਕੂਨ ਨ੍ਹੀ ਖੁੱਲਦੀ। ਬਾਹਰ ਪੁਲਸ ਆਲੀ ਗੱਡੀ ਫਿਰਦੀ ਐ ਚਾਂਗਰਾਂ ਮਾਰਦੀ। ਹੂਅਤ -ਹੂਅਤ ਕਰਦੇ ਫਿਰਦੇ ਐ ਪੁਲਸੀਏ। ਉਦੋਂ ਈ ਪਤਾ ਲੱਗਦੈ ਜਦੋਂ ਗਿੱਟੇ ਛਾਂਗ ਦਿੰਦੇ ਐ। ਕਿਸੇ ਦੀ ਨ੍ਹੀ ਸੁਣਦੇ। ਪਰਸੋਂ ਤਾਸ਼ ਖੇਡਦੇ ਤਾਏ ਲੋਧੀ ਅਰਗੇ ਸਿਆਣਿਆਂ-ਬਿਆਣਿਆਂ ਦੀ ਖੜਕੈਂਤੀ ਕਰਤੀ। ਮੈਂ ਨ੍ਹੀ ਜਾਂਦਾ।’’ ਬੀਰਾ ਮਾੜਾ ਜਿਹਾ ਮੰਜੇ ਤੋਂ ਹਿੱਲਿਆ ਤੇ ਜੁਆਬ ਦੇ ਕੇ ਫੇਰ ਮੰਜੇ ’ਤੇ ਢੇਰੀ ਹੋ ਗਿਆ। ਨਸ਼ੇ ਦੇ ਘੋਰੀ ਹੋਏ ਪਏ ਉਸਦੇ ਸਰੀਰ ’ਚ ਉੱਠਣ ਦੀ ਸੱਤਿਆ ਹੀ ਨਹੀਂ ਸੀ। “ਵੇ ਮੈਂ ਕੱਲੀ ਕਾਰੀ ਤੀਮੀ ਮਾਨੀ ਕੀ ਕਰਾਂ ਵੇ ਮੇਰੇ ਹੀਰਿਆ ਪੁੱਤਾ—ਕਿਧਰ ਜਾਵੇ ਤੇਰੀ ਵਿਧਵਾ ਮਾਂ। ਸਿਰੋਂ ਨੰਗੀ। ਰੱਬ ਨੇ ਦੁੱਖਾਂ ਦੇ ਸਾਰੇ ਪਹਾੜ ਸਿੱਟਤੇ ਏਸ ਕਰਮਾਂ ਮਾਰੀ ’ਤੇ। ਐਨੇ ਜੋਗੀ ਕਿੱਥੇ ਸੀਗੀ ਮੈਂ। ਜਿਅੋ ਜਿਆ ਸੀਗਾ ਅਮਲੀ ਭੰਗੀ, ਸਿਰ ’ਤੇ ਬੈਠਾ ਤਾਂ ਸੀਗਾ। ਬੰਦਾ ਤਾਂ ਮਿੱਟੀ ਦਾ ਨ੍ਹੀ ਮਾਣ। ਅੱਜ ਜਿਉਂਦਾ ਹੁੰਦਾ ਸੌ ਓਹੜ-ਪੋਹੜ ਕਰਦਾ।’’ ਸੁੱਖੋ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੀ ਸੀ। ਜਦੋਂ ਕੁੰਦਨ ਦੀ ਮੌਤ ਹੋਈ ਸੀ, ਕੁੜੀ ਪਿੰਦਰੀ ਸੱਤਾਂ ਅਤੇ ਬੀਰਾ ਮਸੀਂ ਪੰਜਾਂ ਸਾਲਾਂ ਦਾ ਸੀ। ਹੀਰਾ ਤਾਂ ਮਸੀਂ ਅਜੇ ਢਾਈ ਤਿੰਨ ਮਹੀਨਿਆਂ ਦਾ ਹੀ ਸੀ। ਉਦੋਂ ਉਹ ਬੱਸੀਆਂ ਵਾਲਿਆਂ ਦੇ ਤਿੰਨ ਮਹੀਨਿਆਂ ਵਾਸਤੇ ਸੀਰੀ ਰਲਿਆ ਹੋਇਆ ਸੀ। ਉਸ ਦਿਨ ਉਹ ਖੇਤ ਹੀ ਸੀ ਜਿਸ ਦਿਨ ਉਸਦੀ ਮੌਤ ਹੋਈ ਸੀ। ਕੀ ਗੱਲ ਹੋਈ ਸੀ, ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਸੀ ਪਤਾ। ਇਹ ਤਾਂ ਜਾਂ ਬੱਸੀਆਂ ਵਾਲੇ ਜਾਣਦੇ ਸਨ ਜਾਂ ਰੱਬ! ਬੱਸੀਆਂ ਵਾਲਿਆਂ ਦੇ ਦੱਸਣ ਅਨੁਸਾਰ ਕੁੰਦਨ ਵੱਟਾਂ ਘੜਦਾ ਘੜੀ-ਬਿੰਦ ਸਾਹ ਲੈਣ ਲਈ ਲੰਮਾਂ ਪੈ ਗਿਆ ਤੇ ਫਿਰ ਉੱਠਿਆ ਹੀ ਨਹੀਂ ਸੀ। ਇਸ ਗੱਲ ਦਾ ਸੁੱਖੋ ਨੂੰ ਅੱਜ ਤੱਕ ਵੀ ਯਕੀਨ ਨਹੀਂ ਆਇਆ। ਕੁੰਦਨ ਨਸ਼ਾ ਪੱਤਾ ਕਰਦਾ ਜਰੂਰ ਸੀ ਪਰ ਇਸ ਤਰ੍ਹਾਂ ਮਰ ਜਾਣ ਵਾਲੀ ਵੀ ਕੀ ਗੱਲ ਸੀ ? ਮਾੜੀ ਮੋਟੀ ਚਵਾ-ਚਵੀ ਜਰੂਰ ਹੋਈ ਸੀ ਪਰ ਬੱਸੀਆਂ ਵਾਲਿਆਂ ਗੱਲ ਖਿਲਰਨ ਨਹੀਂ ਸੀ ਦਿੱਤੀ। ਦਸ ਹਜ਼ਾਰ ’ਚ ਸਾਰੀ ਗੱਲ ਨਿਬੜ ਗਈ ਸੀ। ਬੱਸੀਆਂ ਵਾਲੇ ਪਿੰਡ ’ਚ ਵੱਡੀ ਧਿਰ ਸਨ ਤੇ ਪਿੰਡ ਦੇ ਬੰਦਿਆਂ ਨੇ ਜਨਾਨੀ ਨਾਲ ਨਹੀਂ ਵੱਡੀ ਧਿਰ ਨਾਲ ਹੀ ਖੜ੍ਹਨਾ ਸੀ। “ਚਲੋ-ਚਲੋ—ਟੈਮ ਨਾਲ ਮਿੱਟੀ ਕਿਉਂਟੋ ।’’ ਆਖਦਿਆਂ ਮੋਹਤਬਰ ਬੰਦਿਆਂ ਨੇ ਅੱਗੇ ਲੱਗ ਕੇ ਕੁੰਦਨ ਦੀ ਦੇਹ ਦਾ ਕਾਹਲੀ-ਕਾਹਲੀ ਇਸ਼ਨਾਨ ਕਰਾ ਸਸਕਾਰ ਦਾ ਕੰਮ ਨਿਬੇੜ ਦਿੱਤਾ ਸੀ। ਸਸਕਾਰ ਤੋਂ ਕਈ ਦਿਨ ਬਾਅਦ ਗੱਲਾਂ ਬਾਹਰ ਨਿਕਲਣ ਲੱਗੀਆਂ ਸਨ। ਕੁੰਦਨ ਨੂੰ ਨਹਾਉਣ ਵੇਲੇ ਵਿਹੜੇ ਦੇ ਕਈ ਲੋਕਾਂ ਨੇ ਕੁੰਦਨ ਦੀ ਧੌਣ ’ਤੇ ਪਏ ਨੀਲਾਂ ਦੇ ਵੱਡੇ-ਵੱਡੇ ਨਿਸ਼ਾਨ ਵੇਖੇ ਸਨ। ਸੁੱਖੋ ਕਰ ਵੀ ਕੀ ਸਕਦੀ ਸੀ? ਤੀਵੀਂ ਸੀ- ਇਕੱਲੀ ਕਹਿਰੀ ਤੇ ਗਰੀਬ ਤੀਵੀਂ। ਜਿਸ ਦੀ ਕੋਈ ਧਿਰ ਨਹੀਂ ਸੀ। ਗੱਲਾਂ ਜਿਵੇਂ ਬਾਹਰ ਨਿਕਲੀਆਂ ਸਨ, ਉਵੇਂ ਅੰਦਰ ਵੀ ਚਲੀਆਂ ਗਈਆਂ ਸਨ। “ਅੱਜ ਤੀਆ ਦਿਨ ਹੋ ਗਿਆ ਪਾਣੀ ਦੀ ਤਿੱਪ ਤੋਂ ਬਿਨਾ ਕੁੱਛ ਨ੍ਹੀ ਅੰਦਰ ਗਿਆ ਤੇਰੇ ਜਿਉਣ ਜੋਗਿਆ । ਕੋਈ ਦੁਕਾਨ ਖੁੱਲਦੀ ਤਾਂ ਤੇਰੇ ਜੋਗਾ ਦਲੀਆ ਈ ਲੈ ਆਉਂਦੀ ਉਧਾਰ-ਸੁਧਾਰ ਕਿਸੇ ਦੁਕਾਨਦਾਰ ਦਾ ਮਿੰਨਤ ਤਰਲਾ ਕਰਕੇ।’’ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਸੁੱਖੋ ਨੇ ਬਾਹਰ ਗਲੀ ’ਚ ਨਿਕਲ ਕੇ ਦੂਰ ਤੱਕ ਨਿਗਾਹ ਮਾਰੀ। ਚਾਰੇ ਪਾਸੇ ਸਿਵਿਆਂ ਵਰਗੀ ਸੁੰਨਸਾਨ ਤੇ ਡਰਾਉਣੀ ਚੁੱਪ ਵਰਤੀ ਪਈ ਸੀ। ਜਿਵੇਂ ਗਲੀਆਂ ’ਚ ਕੋਈ ਦਿਓ ਫਿਰ ਗਿਆ ਹੋਵੇ। ਕਿਸੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਸੀ। ਗਲੀ ਦੇ ਧਰਮਸ਼ਾਲਾ ਵਾਲੇ ਮੋੜ ’ਤੇ ਦੋ ਕਾਲੇ ਕੁੱਤੇ ਬੇਫਿਕਰ ਹੋਏ ਖੜੇ ਸਨ। ਪਿੰਡ ਵਿਚਲੇ ਵੱਡੇ ਗੁਰਦੁਆਰੇ ’ਚੋਂ ਭਾਈ ਵਾਰ-ਵਾਰ ਘਰਾਂ ਅੰਦਰ ਤੜੇ ਰਹਿਣ ਦੇ ਹੋਕੇ ਦੇ ਰਿਹਾ ਸੀ। “ਭਾਈ ਇਹ ਜਿਹੜੀ ਕਰੋਨਾ ਵਾਲੀ ਨਵੀਂ ਮਹਾਂਮਾਰੀ ਚੱਲੀ ਐ ਨਾ, ਬੜੀ ਖਤਰਨਾਕ ਐ। ਇਹ ਲਾਗ ਦੀ ਬਿਮਾਰੀ ਹੈ ਭਾਈ। ਏਹਦਾ ਇਲਾਜ ਹੈਨੀ। ਇੱਕ ਦੂਏ ਤੋਂ ਲੱਗ ਜਾਂਦੀ ਐ। ਬਾਹਰਲੇ ਦੇਸ਼ਾਂ ’ਚ ਏਸ ਬਿਮਾਰੀ ਨਾਲ ਲੱਖਾਂ ਲੋਕ ਮਰਗੇ। ਕਿਸੇ ਨੇ ਲਾਸ਼ਾਂ ਨ੍ਹੀ ਸੰਭਾਲੀਆਂ। ਸੜਕਾਂ ’ਤੇ ਰੁਲਦੀਆਂ ਰਹੀਆਂ ਕਈ-ਕਈ ਦਿਨ। ਸੋ ਭਾਈ ਲਾਗ ਵਾਲੀ ਏਸ ਬਿਮਾਰੀ ਤੋਂ ਬਚਣ ਲਈ ਇਕ ਦੂਏ ਤੋਂ ਦੂਰ ਈ ਰਹੋ। ਭਾਈ ਗੌਰਮਿੰਟ ਨੇ ਵੀ ਸਖਤ ਆਡਰ ਕਰਤੇ। ਆਵਦੇ-ਆਵਦੇ ਘਰਾਂ ’ਚ ਰਹੋ। ਬਾਹਰ ਨਾ ਨਿਕਲੋ।’’ “ਵਾਖਰੂ ! ਵਾਖਰੂ! ਹੇ ਸੱਚਿਆ ਪਾਛਾ ਮਿਹਰ ਰੱਖੀਂ। ਗਰੀਬ-ਗੁਰਬੇ ਦਾ ਤਾਂ ਤੂੰ ਈ ਏਂ।’’ ਸੁੱਖੋ ਦੇ ਆਪ ਮੁਹਾਰੇ ਦੋਵੇਂ ਹੱਥ ਜੁੜ ਗਏ। ਬਾਹਰਲੇ ਬੂਹੇ ਦੀ ਸਿਉਂਕ ਖਾਧੀ ਚੁਗਾਠ ਨਾਲ ਢੋਅ ਲਾਈ ਉਹ ਲਾਗ ਵਾਲੀ ਬਿਮਾਰੀ ਬਾਰੇ ਸੋਚਣ ਲੱਗੀ -ਏਹ ਲਾਗ ਆਲੀ ਬਿਮਾਰੀ ਸਾਡੇ ਤਾਂ ਜਰਮ ਲੈਂਦਿਆਂ ਈ ਚਿੰਬੜ ਜਾਂਦੀ ਐ, ਤਕੜਿਆਂ ਨੂੰ ਈ ਹੁਣ ਚਿੰਮਟੀ ਐ । ਸਾਨੂੰ ਤਾਂ ਗੁਰੂ ਘਰ ਚੌਲ ਲੈਣ ਗਿਆ ਨੂੰ ਵੀ ਦੂਰ ਬਹਾ ਦਿੰਦੇ ਸੀਗੇ।’’ ਸੁੱਖੋ ਨੇ ਆ ਕੇ ਆਟੇ ਵਾਲਾ ਪੀਪਾ ਖੋਲਿਆ। ਮਸਾਂ ਚਾਰ ਪੰਜ ਡੰਗਾਂ ਦਾ ਆਟਾ ਬਚਿਆ ਸੀ। ਉਸਨੇ ਆਟੇ ਦੀਆਂ ਦੋ ਤਿੰਨ ਮੁੱਠਾਂ ਭਰ ਕੇ ਸਿਲਵਰ ਦੀ ਚਿੱਬ ਖੜਿੱਬੀ ਪਰਾਂਤ ’ਚ ਪਾਈਆਂ ਤੇ ਆਟਾ ਗੁੰਨਣ ਲੱਗੀ। ਉਸਨੇ ਕਾਹਲੀ ਨਾਲ ਮੋਟੀਆਂ ਮੋਟੀਆਂ ਦੋ ਰੋਟੀਆਂ ਲਾਹੀਆਂ। ਹੱਥ ਨਾਲ ਹਿਲਾ-ਹਿਲਾ ਕੇ ਠੰਡੀਆਂ ਕੀਤੀਆਂ ਤੇ ਬਾਹਰ ਗਲੀ ’ਚ ਨਿਕਲ ਗਈ। ਦੋਵੇਂ ਕਾਲੇ ਕੁੱਤੇ ਅਜੇ ਵੀ ਗਲੀ ਦੇ ਮੋੜ ’ਤੇ ਬੇਬਾਕ ਖੜੇ ਸਨ ਜਿਵੇਂ ਸਾਰੀ ਗਲੀ ਉਹਨਾਂ ਦੀ ਹੀ ਮਲਕੀਅਤ ਹੋਵੇ। ਸੁੱਖੋ ਨੇ ‘ਕੂਰ-ਕੂਰ’ ਕਰਕੇ ਕੁੱਤਿਆਂ ਨੂੰ ਕੋਲ ਬੁਲਾਇਆ ਪਰ ਉਹਨਾਂ ਨੇ ਉਸਦੀ ਆਵਾਜ਼ ਅਣਸੁਣੀ ਕਰ ਦਿੱਤੀ। ਉਹ ਹਿੰਮਤ ਕਰਕੇ ਆਪ ਹੀ ਅੱਗੇ ਗਈ ਤੇ ਰੋਟ ਵਰਗੀਆਂ ਦੋਵੇਂ ਰੋਟੀਆਂ ਦੋਵਾਂ ਕੁੱਤਿਆਂ ਨੂੰ ਪਾਉਂਦਿਆਂ ਮਨ ਹੀ ਮਨ ਅਰਦਾਸ ਕਰਨ ਲੱਗੀ, “ਹੇ ਬਾਬਾ ਭੈਰੋਂ, ਦੁਨੀਆਂ ’ਤੇ ਆਈ ਸਾੜ੍ਹਸਤੀ ਦੂਰ ਕਰ। ਤੇਰੇ ਦਰਵੇਸ਼ਾਂ ਨੂੰ ਰੋਟ ਪਾ ’ਤਾ। ਐਨੀ ਕਰੋਪੀ ਨਾ ਵਿਖਾ। ਠੰਡ ਵਰਤਾ। ਭਲਾ ਕਰ ਸਾਰਿਆਂ ਦਾ। ਮਾਲ-ਮਨੁੱਖੀਂ ਸੁੱਖ ਰੱਖ। ਤੇਰੇ ਬੱਚਿਆਂ ਤੋਂ ਸੌ ਗਲਤੀਆਂ ਭੁੱਲਾਂ ਹੋ ਜਾਂਦੀਆਂ।’’ ਕੁੱਤਿਆਂ ਨੇ ਬੇਯਕੀਨੀ ਜਿਹੀ ‘ਚ ਰੋਟੀਆਂ ਨੂੰ ਸੁੰਘਿਆ, ਮੂੰਹ ਚੁੱਕ ਕੇ ਸੁੱਖੋ ਵੱਲ ਦੇਖਿਆ ਤੇ ਫਿਰ ਦੋਵੇਂ ਰੋਟੀਆਂ ਮੂੰਹਾਂ ’ਚ ਲੈ ਕੇ ਪਰ੍ਹਾਂ ਟੋਭੇ ਵੱਲ ਨੂੰ ਦੌੜ ਗਏ। ਸੁੱਖੋ ਨੇ ਭੈਰੋਂ ਦਾ ਲੱਖ ਲੱਖ ਸ਼ੁਕਰਾਨਾ ਕੀਤਾ। “ਧੀਏ, ਮੇਰੀ ਸੁਰਤ ’ਚ ਐਹੋ ਜਈ ਸਾੜ੍ਹਸਤੀ ਪਹਿਲੀ ਵਾਰ ਆਈ ਐ। ਥੋਡਾ ਪੜਨਾਨਾ ਦੱਸਦਾ ਹੁੰਦਾ ਸੀ ਜਿਮੇ ਹੁਣ ਕਰੋਨੇ ਆਲੀ ਬਿਮਾਰੀ ਫੈਲੀ ਐ, ਏਵੇਂ ਜਿਮੇ ਕੱਤੇ ਦੇ ਮੀਨ੍ਹੇ ’ਚ ਪਲੇਗ ਫੈਲਗੀ ਸੀਗੀ ਸਾਰੇ ਕਿਤੇ। ਲੋਥਾਂ ਦੇ ਢੇਰ ਲੱਗਗੇ। ਜਦੋਂ ਕਿਸੇ ਪਿੰਡ ਦਸ-ਵੀਹ ਮੌਤਾਂ ਹੋ ਜਾਣੀਆਂ, ਬਾਕੀ ਪਿੰਡ ਆਲਿਆਂ ਨੇ ਪਿੰਡ ਛੱਡ ਕੇ ਅਗਾਂਹ ਤੁਰ ਜਾਣਾ। ਪਿੰਡਾਂ ਦੇ ਪਿੰਡ ਖਾਲੀ ਹੋਗੇ ਸੀਗੇ। ਮਰ ਗਿਆਂ ਨੂੰ ਕੋਈ ਨ੍ਹੀ ਸੀ ਰੋਂਦਾ। ਰੋਣ ਆਲਾ ਬਚਿਆ ਈ ਕੋਈ ਨ੍ਹੀ ਸੀ। ਬਾਰ੍ਹੀਂ ਕੋਹੀਂ ਦੀਵਾ ਜਗਦਾ ਸੀਗਾ। ਬਾਬੇ ਆਖਣਾ, ਕੁੱਤੇ ਲੋਥਾਂ ਧੂਹੀ ਫਿਰਦੇ ਸੀਗੇ ਬੀਹੀਆਂ ’ਚ । ਰਿਸ਼ਤੇਦਾਰਾਂ ਨੇ ਲਾਸ਼ਾਂ ਤੱਕ ਨ੍ਹੀ ਸੀ ਸੰਭਾਲੀਆਂ। ਹੁਣ ਆਹ ਕਰੋਨੇ ਆਲੀ ਕਰੋਪੀ—ਬਾਬਾ ਨਾਨਕ ਮੇਹਰ ਰੱਖੇ।’’ ਮਾਂ ਦੀਆਂ ਗੱਲਾਂ ਸੁਣ ਕੇ ਸੁੰਨ-ਮਸੁੰਨ ਹੋਈ ਬੈਠੀ ਪਿੰਦਰੀ ਡਰ ਨਾਲ ਹੋਰ ਵੀ ਸੁੰਗੜ ਗਈ। ਉਸਨੂੰ ਗਲੀ ਵਿੱਚ ਰੁਲਦੀਆਂ ਫਿਰਦੀਆਂ ਲਾਸ਼ਾਂ ਵਿਖਾਈ ਦੇਣ ਲੱਗੀਆਂ। “ਨੀ ਬੀਬੀ, ਆਪਾਂ ਕੀ ਕਰਾਂਗੇ?’’ ਪਿੰਦਰੀ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਮਾਂ ਨਾਲ ਕੀ ਗੱਲ ਕਰੇ! ਉਸ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸਵਾਲ ਕੀ ਕਰ ਰਹੀ ਹੈ! ਸੁੱਖੋ ਧੀ ਦੇ ਸਵਾਲ ਨਾਲ ਧੁਰ ਅੰਦਰ ਤੱਕ ਕੰਬ ਗਈ। ਉਸਨੂੰ ਮਹਿਸੂਸ ਹੋਇਆ ਜਿਵੇਂ ਪਿੰਦਰੀ ਨੇ ਇਹ ਗੱਲ ਮੰਜੇ ’ਤੇ ਬੇਸੁਰਤ ਹੋਏ ਪਏ ਛੋਟੇ ਭਰਾ ਵੱਲ ਵੇਖ ਕੇ ਆਖੀ ਹੋਵੇ। -ਜੇ ਮੇਰੇ ਹੀਰੇ ਨੂੰ ਕੁੱਛ ਹੋ ਗਿਆ…..? ਸੋਚਦਿਆਂ ਸੁੱਖੋ ਦਾ ਤ੍ਰਾਹ ਨਿਕਲ ਗਿਆ। ਉਸਦੀਆਂ ਅੱਖਾਂ ਅੱਗੇ ਹੀਰੇ ਦੀ ਗਲੀਆਂ ’ਚ ਰੁਲਦੀ-ਫਿਰਦੀ ਲਾਸ਼ ਘੁੰਮਣ ਲੱਗੀ। ‘‘-ਨਈਂ -ਨਈਂ—-ਆਏਂ ਨ੍ਹੀ ਮੈਂ ਰੁਲਣ ਦਿੰਦੀ ਪੁੱਤ ਦੀ ਮਿੱਟੀ। ਮੈਂ ਤਾਂ ਕੰਨੇੜ੍ਹੇ ਚੁੱਕ ਕੇ ਲੈ ਜਾਊਂ ਪੁੱਤ ਨੂੰ ਸਿਵਿਆਂ ’ਚ। ਅੱਗੇ ਵੀ ਤਾਂ ਬਾਰ੍ਹਾਂ ਸਾਲਾਂ ਤੋਂ ਚੱਕੀ ਹੀ ਫਿਰਦੀ ਆਂ।’’ ਸੁੱਖੋ ਨੂੰ ਪੂਰੇ ਬਾਰ੍ਹਾਂ ਵਰ੍ਹੇ ਹੋ ਗਏ ਸਨ ਹੀਰੇ ਨੂੰ ਕੰਧੇੜੇ ਚੁੱਕੀ ਫਿਰਦਿਆਂ। ਨਿਰਾ ਹੱਡੀਆਂ ਦਾ ਪਿੰਜਰ। ਨਾ ਲੱਤਾਂ ਕੰਮ ਕਰਦੀਆਂ ਨਾ ਬਾਹਾਂ। ਬੋਲਣ ਦੇ ਨਾਂ ’ਤੇ ਸਿਰਫ ‘ਊਂ—ਊਂ -ਈਂ-ਈਂ’ । ਮੰਜੇ ’ਤੇ ਹੀ ਟੱਟੀ ਪਿਸ਼ਾਬ ਕਰਦਾ। ਕੱਪੜਿਆਂ ਵਾਲੀ ਗੱਠੜੀ ਵਾਗੂੰ ਗੁੱਛੀ-ਮੁੱਛੀ ਹੋਇਆ ਪਿਆ ਰਹਿੰਦਾ। ਖਾਲੀ-ਖਾਲੀ ਅੱਖਾਂ ਨਾਲ ਝਾਕਦਾ। ਜਿਧਰ ਨੂੰ ਮਾਂ ਜਾਂਦੀ ਓਧਰ ਨੂੰ ਹੀ ਨਜ਼ਰਾਂ ਘੁੰਮਾ ਲੈਂਦਾ। ਦਿਨ ਵੇਲੇ ਜਦੋਂ ਸੁੱਖੋ ਲੋਕਾਂ ਦੇ ਘਰਾਂ ’ਚ ਕੰਮ-ਧੰਦਾ ਕਰਨ ਜਾਂਦੀ, ਹੀਰੇ ਦੀ ਸਾਂਭ-ਸੰਭਾਲ ਵੱਡੀ ਭੈਣ ਪਿੰਦਰੀ ਦੇ ਸਿਰ ’ਤੇ ਆ ਜਾਂਦੀ। ਲੋਕਾਂ ਦੇ ਘਰਾਂ ’ਚ ਸਿਰ ’ਤੇ ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਸੁੱਖੋ ਦੀ ਸੁਤਾਅ ਹੀਰੇ ’ਚ ਭਟਕਦੀ ਰਹਿੰਦੀ। ਉਹ ਕਾਹਲੀ-ਕਾਹਲੀ ਕੰਮ ਨਿਬੇੜ ਘਰ ਵੱਲ ਦੌੜਦੀ। ਸੁੱਖੋ ਹੱਡੀਆਂ ਦੀ ਗੱਠੜੀ ਵਰਗੇ ਹੀਰੇ ਨੂੰ ਕੰਧੇੜੇ ਚੁੱਕ ਕੇ ਇਧਰ-ਓਧਰ ਲਈ ਫਿਰਦੀ। “ਪੁੱਤ ਅਹਿ ਦੇਖ ਤੇਰੇ ਚਾਚੇ ਦਾ ਘਰ—ਅਹਿ ਤੇਰੇ ਤਾਏ ਕਿਆਂ ਦਾ। ਆਪਣੇ ਨਾਲ ਵਰਤਦੇ ਨ੍ਹੀ। ਆਪਾਂ ਗਰੀਬ ਜੋ ਹੋਏ। ਅਹਿ ਤੇਰਾ ਬਾਬਾ ਲੱਗਦਾ। ਐਧਰ ਦੇਖ, ਅਹਿ ਆਪਣੇ ਪੀਰ ਦੀ ਜਗ੍ਹਾ ਐ। ਬੜੀ ਸਗਤੀ ਆਲੀ ਜਗ੍ਹਾ ਐ। ਪੁੱਤ ਪੀਰ-ਫਕੀਰ ਹਜੇ ਗੁੱਸੇ ਆ ਆਪਣੇ ਨਾਲ। ਨਜ਼ਰ-ਨਿਆਜ਼ ਨ੍ਹੀ ਨਾ ਦੇ ਹੁੰਦੀ ਮੈਤੋਂ ਗਰੀਬਣੀ ਤੋਂ। ਕੋਈ ਨਾ ਪੁੱਤ ਘਰਬਾ ਨਾ, ਪੀਰਾਂ ਦਾ ਕੀ ਪਤਾ ਕਦੋਂ ਤੇ ਕਿਹੜੀ ਗੱਲ ਤੋਂ ਖੁਸ਼ ਹੋ ਜਾਣ। ਗਰੀਬੀ ਦਾਵੇ ਵੀਰਵਾਰ ਦੀ ਵੀਰਵਾਰ ਚੂਰਮਾ ਚੜ੍ਹਾ ਜਾਨੀ ਆਂ। ਔਧਰ ਦੇਖਲਾ ਪੁੱਤ, ਬਾਬੇ ਬਾਲਮੀਕ ਦਾ ਮੰਦਰ। ਐਥੇ ਦੀਵਾਲੀ ਆਲੇ ਦਿਨ ਦੀਵੇ ਜਗਾਉਨੇ ਹੁੰਨੇ ਆਂ। ਗੁਰਦੁਆਰੇ ਵੀ ਮੱਥਾ ਟਿਕਾ ਲਿਆਉਨੀ ਆਂ ਸੰਗਰਾਂਦ ਆਲੇ ਦਿਨ ।’’ ਹੀਰੇ ਨੂੰ ਮਾਂ ਦੀਆਂ ਗੱਲਾਂ ਕਿੱਥੇ ਸੁਣਦੀਆਂ ਸਨ। ਉਹ ਮਾਂ ਦੇ ਖੁੱਲਦੇ ਤੇ ਬੰਦ ਹੁੰਦੇ ਮੂੰਹ ਵੱਲ ਝਾਕਦਾ , “ਊਂ-ਆਂ-ਊਂ-ਆਂ’’ ਕਰੀ ਜਾਂਦਾ। ਪੁੱਤ ਨੂੰ ਕੰਧੇੜੇ ਚੁੱਕੀ ਫਿਰਦੀ ਸੁੱਖੋ ਵੱਲ ਵੇਖ ਆਂਢ-ਗੁਆਂਢ ਦੀਆਂ ਬੁੜ੍ਹੀਆਂ ਹੈਰਾਨ ਹੁੰਦੀਆਂ। “ਪੁੱਤ ਤਾਂ ਪੁੱਤ ਹੁੰਦੈ ਭਾਵੇਂ ਕਿਹੋ ਜਿਆ ਈ ਹੋਵੇ। ਅੰਨ੍ਹਾ, ਲੂਲਾ-ਲੰਗੜਾ, ਗੂੰਗਾ-ਬੋਲਾ, ਸਿਧਰਾ। ਭਾਈ ਢਿੱਡ ਦੀ ਆਂਦਰ ਐ। ਨੌਂ ਮੀਨ੍ਹੇ ਪਾਲਿਆ ਢਿੱਡ ’ਚ ਰੱਖ ਕੇ।’’ “ਭੈਣੇ ਬਾਂਦਰੀ ਆਵਦੇ ਮਰੇ ਬੱਚੇ ਨੂੰ ਵੀ ਹਿੱਕ ਨਾਲ ਲਾਈ ਰੱਖਦੀ ਐ। ਮਜ਼ਾਲ ਕੀ ਕਿਸੇ ਨੂੰ ਨੇੜੇ ਆਉਣ ਦੇਵੇ! ਏਹੀ ਹਾਲ ਐ ਆਪਣੀ ਸੁੱਖੋ ਦਾ ਵੀ। ਜੁਆਕ ਦੇ ਅੰਗ-ਪੈਰ ਵੀ ਪੂਰੇ ਹੈਨੀ। ਨਾ ਉਹ ਸੁਣਦਾ-ਨਾ ਬੋਲਦਾ। ਡਮਾਕ ਉਹਦਾ ਸਾਲ ਦੋ ਸਾਲਾਂ ਦੇ ਜੁਆਕ ਅਰਗਾ।’’ “ਨੀ ਚਾਚੀ, ਧੰਨ ਆ ਸੁੱਖੋ। ਕੈਅ ਵਰ੍ਹੇ ਹੋਗੇ ਮਾਸ ਦੇ ਲੋਥੜੇ ਨੂੰ ਚੱਕੀ ਫਿਰਦੀ ਨੂੰ। ਹੱਥੀਂ ਟੱਟੀ-ਪਿਸ਼ਾਬ ਚੱਕਦੀ ਐ ਪਰ ਮਜ਼ਾਲ ਐ ਕਦੇ ਮੱਥੇ ਵੱਟ ਪੈਜੇ! ਮੇਰਾ ਹੀਰਾ ਪੁੱਤ–ਮੇਰਾ ਹੀਰਾ ਪੁੱਤ ਕਰਦੀ ਦਾ ਮੂੰਹ ਸੁੱਕਦੈ।’’ ਸੁੱਖੋ ਨੇ ਸਿਰ ਉਤਲੀ ਲੱਠੇ ਦੀ ਘਸਮੈਲੀ ਜਿਹੀ ਚੁੰਨੀ ਨਾਲ ਹੀਰੇ ਦੇ ਮੂੰਹ ’ਚੋਂ ਵਗ ਆਈਆਂ ਰਾਲਾਂ ਨੂੰ ਸਾਫ ਕੀਤਾ। ਵਿਹੜੇ ’ਚ ਲੱਗੀ ਬਰਕੈਨ ਤੋਂ ਚਿੜੀ ਦਾ ਨਵਜੰਮਿਆ ਬੋਟ ਭੁੰਜੇ ਆ ਡਿੱਗਾ ਸੀ। ਚਿੜੀ ਬੋਟ ਕੋਲ ਆਣ ਹਊ-ਵਿਰਲਾਪ ਕਰਨ ਲੱਗੀ। ਸੁੱਖੋ ਦੇ ਦਿਲ ਨੂੰ ਖੋਹ ਪੈਣ ਲੱਗੀ। ਉਸ ਨੇ ਭੱਜ ਕੇ ਚਿੜੀ ਦੇ ਬੋਟ ਨੂੰ ਚੁੱਕਿਆ ਅਤੇ ਮੰਜੇ ’ਤੇ ਚੜ ਕੇ ਆਲ੍ਹਣੇ ’ਚ ਟਿਕਾ ਦਿੱਤਾ। ਸੁੱਖੋ ਨੂੰ ਮਹਿਸੂਸ ਹੋਇਆ ਜਿਵੇਂ ਚਿੜੀ ਨੇ ਉਸ ਵੱਲ ਮੋਹ ਤੇ ਸ਼ੁਕਰਾਨੇ ਭਰੀਆਂ ਅੱਖਾਂ ਨਾਲ ਵੇਖਿਆ ਹੋਵੇ। “ਬੀਬੀ, ਕਿੰਨੇ ਦਿਨ ਚੱਲੂ ਏਹ ਬਿਮਾਰੀ ? ਆਪਣੇ ਤਾਂ ਆਟਾ ਵੀ ਹੈਨੀ।’’ ਸੁੱਖੋ ਨੇ ਪਿੰਦਰੀ ਦੇ ਪਿਚਕ ਗਏ ਮੂੰਹ ਵੱਲ ਵੇਖਿਆ। ਉੱਥੇ ਡਰ ਦੀ ਸ਼ਾਹ ਕਾਲੀ ਲਕੀਰ ਡੇਰਾ ਲਾਈ ਬੈਠੀ ਸੀ। “ਬੀਬੀਏ, ਹਵੇਲੀ ਆਲਿਆਂ ਨੇ ਕੰਮ ਤੋਂ ਕਿਉਂ ਜਵਾਬ ਦੇਤਾ ? ਤੇਰੇ ਹੱਥਾਂ ’ਚ ਤਾਂ ਸਚਿਆਰਪੁਣਾ ਈ ਬਥੇਰਾ। ਤੇਰੇ ਲਾਏ ਪੋਚੇ ਆਲੀ ਫਰਸ਼ ’ਚੋਂ ਤਾਂ ਭਾਮੇ ਮੂੰਹ ਵੋਖਲੋ। ਨਾਲੇ ਹੁਣ ਉਹਨਾਂ ਦੇ ਝਾੜੂ-ਪੋਚਾ ਕੌਣ ਲਾਉਂਦਾ ਹੋਊ? ਸਰਦਾਰਨੀਆਂ ਨੇ ਤਾਂ ਕਦੇ ਆਵਦੇ ਹੱਥ ਨਾਲ ਚੱਕ ਕੇ ਪਾਣੀ ਦਾ ਗਿਲਾਸ ਨ੍ਹੀ ਪੀਤਾ ਹੋਣਾ।’’ “ਪਿੰਦਰੀ ਧੀਏ, ਦੁਨੀਆਂ ਡਰੀ ਖਲੋਤੀ ਐ ਕਰੋਨੇ ਆਲੀ ਬਿਮਾਰੀ ਤੋਂ। ਹਵੇਲੀ ਆਲੇ ਵੀ ਡਰਦੇ ਐ ਕਿਤੇ ਮੈਂ ਲਾਗ ਆਲੀ ਬਿਮਾਰੀ ਨਾ ਲੈ ਜਾਵਾਂ ਉਨ੍ਹਾਂ ਦੇ ਘਰੇ।’’ “ਆਏਂ ਬਿਮਾਰੀ ਕਿਮੇ ਵੜਜੂ ਸਰਦਾਰਾਂ ਘਰੇ? ਐਡੀ ਵੱਡੀ ਹਵੇਲੀ ’ਚ? ਅੰਦਰ ਜਾਣ ਵਾਸਤੇ ਤਿੰਨ-ਤਿੰਨ ਤਾਂ ਬੂਹੇ ਲੰਘਣੇ ਪੈਂਦੇ ਐ। ਨਾਲੇ ਐਨੀਆਂ ਤਾਂ ਰਫਲਾਂ ਅਗਲਿਆਂ ਕੋਲ।’’ “ਹੁਣ ਭਾਈ ਕੁੜੀਏ ਮੈਨੂੰ ਕੀ ਪਤਾ ਅਨਪੜ੍ਹ ਨੂੰ। ਬਿਮਾਰੀ ਕਿਮੇ ਵੜਜੂ, ਕਿੱਥੋਂ ਦੀ ਵੜਜੂ ? ਮੈਨੂੰ ਤਾਂ ਐਨਾ ਪਤਾ, ਡਰੀਓ ਜਾਂਦੇ ਐ ਬਾਹਲੇ ਈ। ਰਫ਼ਲਾਂ ਵੀ ਅਗਲਿਆਂ ਨੇ ਪੇਟੀਆਂ ’ਚ ਸਾਂਭਤੀਆਂ ਹੋਣੀਆਂ। ਵੱਡੀਆਂ-ਵੱਡੀਆਂ ਗੱਡੀਆਂ ਵੀ ਖੜ੍ਹੀਆਂ ਕਬਾੜ ਬਣੀ ਜਾਂਦੀਆਂ। ਜਿਹੜੀਆਂ ਸਰਦਾਰਨੀਆਂ ਸਵੇਰੇ-ਸਾਝਰੇ ਈ ਬਣ-ਠਣ ਕੇ ਬਹਿ ਜਾਂਦੀਆਂ ਸੀਗੀਆਂ, ਮੂੰਹ ਤੋਂ ਮੱਖੀ ਨ੍ਹੀ ਉੱਡਦੀ ਉਹਨਾਂ ਵੱਡੀਆਂ ਰਕਾਨਾਂ ਦੇ।’’ ਆਖਦਿਆਂ ਸੁੱਖੋ ਹਵੇਲੀ ਵਾਲਿਆਂ ਬਾਰੇ ਸੋਚਣ ਲੱਗੀ ਸੀ। ਉਹ ਤਾਂ ਸੋਚ ਕੇ ਹੈਰਾਨ ਸੀ ਕਿ ਉੱਚੀਆਂ-ਉੱਚੀਆਂ ਕੰਧਾਂ ਹੋਣ ਦੇ ਬਾਵਜੂਦ ਵੀ ਹਵੇਲੀ ਵਾਲੇ ਕਿਉਂ ਡਰੀ ਜਾਂਦੇ ਸਨ! ਆਪਣੇ ਆਪ ਖੁੱਲਣ ਤੇ ਬੰਦ ਹੋ ਜਾਣ ਵਾਲੇ ਬੂਹਿਆਂ ਦੇ ਹੁੰਦਿਆਂ ਕਦੇ ਮੱਖੀ-ਮੱਛਰ ਨੇ ਵੀ ਅੰਦਰ ਜਾਣ ਦੀ ਜ਼ੁਰਅਤ ਨਹੀਂ ਸੀ ਕੀਤੀ। “ਬੀਬੀਏ! ਤੂੰ ਆਪ ਈ ਤੇ ਆਹਨੀ ਹੁੰਨੀ ਐਂ, ਹਵੇਲੀ ਆਲੇ ਤਾਂ ਬਾਹਲੇ ਈ ਅਮੀਰ ਆ। ਉਹ ਫਿਰ ਐਮੇ ਡਰੀ ਜਾਂਦੇ ਐ ਬਿਮਾਰੀ ਤੋਂ?’’ “ਕੁੜੀਏ, ਏਹ ਬਿਮਾਰੀ ਅਮੀਰਾਂ ਨੂੰ ਈ ਵੱਧ ਪੈਂਦੀ ਐ। ਜਿੰਨਾ ਕੋਈ ਵੱਧ ਅਮੀਰ ਐ, ਓਨਾ ਵੱਧ ਡਰੀ ਜਾਂਦੈ।’’ ਸੁੱਖੋ ਨੇ ਬਰਕੈਨ ’ਤੇ ਬਣੇ ਆਲ੍ਹਣੇ ਵੱਲ ਵੇਖਿਆ। ਚਿੜੀ ਬੋਟ ਦੇ ਮੂੰਹ ’ਚ ਚੋਗਾ ਪਾ ਰਹੀ ਸੀ। ਹੀਰੇ ਨੂੰ ਖੁਆਉਣ ਲਈ ਤਾਂ ਘਰ ’ਚ ਦਲੀਆ ਵੀ ਨਹੀਂ ਸੀ। ਚੌਲ ਵੀ ਨਹੀਂ ਸਨ ਜਿਸ ਨਾਲ ਖਿਚੜੀ ਬਣਾ ਕੇ ਖਵਾ ਦਿੰਦੀ। ਸੁੱਖੋ ਨੂੰ ਹਵੇਲੀ ਵਾਲੇ ਸਰਦਾਰਾਂ ’ਤੇ ਗੁੱਸਾ ਆਇਆ ਜਿੰਨਾ ਖੜੇ ਪੈਰ ਜਵਾਬ ਦੇ ਦਿੱਤਾ ਸੀ। ਉਸ ਦਿਨ ਵੀ ਉਹ ਹਰ ਰੋਜ ਵਾਂਗ ਸਾਝਰੇ ਕੰਮ ’ਤੇ ਗਈ ਸੀ। ਸਫਾਈ ਕਰਨ ਲਈ ਉਸ ਨੇ ਅਜੇ ਹੱਥ ’ਚ ਝਾੜੂ ਫੜਿਆ ਹੀ ਸੀ ਕਿ ਸਰਦਾਰਨੀ ਨੇ ਪੋਲੇ ਜਿਹੇ ਮੂੰਹ ਨਾਲ ਆਖਿਆ ਸੀ, “ਸੁੱਖੋ, ਤੂੰ ਭਾਈ ਆਹ ਦਸ-ਵੀਹ ਦਿਨ ਨਾ ਆਈਂ। ਆਹ ਬਿਮਾਰੀ-ਠਮਾਰੀ ਜ੍ਹੀ ਦੇ ਦਿਨ ਲੰਘ ਜਾਣਦੇ। ਸਾਡਾ ਫਿਕਰ ਨਾ ਕਰੀਂ। ਅਸੀਂ ਆਪੇ ਔਖਾ-ਸੌਖਾ ਸਾਰ ਲਾਂਗੀਆਂ। ਮੈਂ ਤਾਂ ਆਹਨੀ ਆਂ ਤੂੰ ਹੋਰਾਂ ਘਰਾਂ ’ਚ ਵੀ ਨਾ ਜਾਇਆ ਕਰ। ਘਰੇ ਬੈਠ ਰਮਾਨ ਨਾਲ। ਕਰੋਨੇ ਵਾਲੀ ਬਿਮਾਰੀ ਈ ਬਾਹਲੀ ਚੰਦਰੀ ਆ। ਪਤਾ ਨ੍ਹੀ ਲੱਗਦਾ ਕੀਹਦੇ ਤੋਂ ਲੱਗ ਜਾਣੀ ਐ । ਕੇਰਾਂ ਠੰਡ-ਠੰਡੋਰਾ ਜਿਆ ਹੋਜੇ, ਫੇਰ ਆਉਣ ਲੱਗਜੀਂ।’’ ਸਾਰਾ ਕੁੱਝ ਅਚਾਨਕ ਵਾਪਰਿਆ ਸੀ ਜਿਸ ਲਈ ਸੁੱਖੋ ਮਾਨਸਿਕ ਤੌਰ ’ਤੇ ਤਿਆਰ ਹੀ ਨਹੀਂ ਸੀ। ਇਸੇ ਕਰਕੇ ਸਰਦਾਰਨੀ ਤੋਂ ਘਰ ਦੀ ਲੋੜ ਵਾਸਤੇ ਪੈਸਾ ਧੇਲਾ ਜਾਂ ਸਮਾਨ ਨਹੀਂ ਸੀ ਮੰਗ ਸਕੀ। ਉਹ ਝਾੜੂ ਉੱਥੇ ਹੀ ਰੱਖ ਉੱਲਟੇ ਪੈਰੀਂ ਵਾਪਸ ਆ ਗਈ ਸੀ। “ਥੋਨੂੰ ਕੀ ਪਤਾ ਵੱਡੀਆਂ ਸਿਆਣੀਆਂ ਨੂੰ ? ਆਵਦੀਆਂ ਮਾਰੀ ਜਾਨੀਓਂ। ਇਹ ਬਿਮਾਰੀ ਤਾਂ ਬਾਹਰਲੇ ਮੁਲਕਾਂ ’ਚੋਂ ਆਈ ਐ ਜੁਆਜਾਂ ਰਾਹੀਂ। ਕਦੇ ਖਵਰਾਂ ਸੁਣੀਆਂ ਹੋਣ ਤਾਂ ਪਤਾ ਚੱਲੇ। ਸਾਰੇ ਲੋਕ ਤਾਂ ਰੌਲਾ ਪਾਈ ਜਾਂਦੇ। ਗੁਰਦੁਆਰੇ ’ਚੋਂ ਵੀ ਲੌਂਸਮੈਂਟ ਹੋਈ ਸੀ।’’ ਬੀਰੇ ਦੀ ਆਵਾਜ਼ ਨੇ ਸੁੱਖੋ ਦੀਆਂ ਯਾਦਾਂ ਦੀ ਲੜੀ ਤੋੜੀ ਸੀ। ਮੰਜੀ ’ਤੇ ਮੂਧੇ ਮੂੰਹ ਪਏ ਬੀਰੇ ਨੇ ਸਿਰ ਉੱਤੇ ਚੁੱਕਿਆ ਸੀ। “ਬਿਮਾਰੀਆਂ ਤਾਂ ਲਿਆਉਂਦੇ ਈ ਜੁਆਜਾਂ ਆਲੇ ਐ। ਭੁੱਖ ਵੀ ਜੁਆਜਾਂ ਆਲੇ ਲਿਆਉਂਦੇ। ਸਾਡੇ ਅਰਗਿਆਂ ਨੇ ਕੀ ਲਿਆਉਣੈ ? ਕੋਈ ਪਾਣੀ ਆਲੇ ਜੁਆਜ ’ਤੇ ਆਉਂਦਾ-ਕੋਈ ਹਵਾ ’ਚ ਉੱਡਣ ਆਲੇ ਜੁਆਜ ’ਤੇ । ਗਰੇਜ਼ ਵੀ ਤਾਂ ਪਾਣੀ ਆਲੇ ਜੁਆਜਾਂ ’ਚ ਈ ਚੜ੍ਹਕੇ ਆਏ ਸੀਗੇ। ਥੋਡੇ ਪੜਨਾਨੇ ਨੇ ਆਖਣਾ-ਹੁਣ ਆਲੇ ਰਾਜਿਆਂ ਨਾਲੋਂ ਤਾਂ ’ਗਰੇਜ਼ ਈ ਚੰਗੇ ਸੀਗੇ। ਖਵਰੇ ਚੰਗੇ ਈ ਹੋਣ?’’ ਸੁੱਖੋ ਨੇ ਆਪਣੇ ਨਾਨੇ ਵੱਲੋਂ ਦੱਸੀਆਂ ਗੱਲਾਂ ਯਾਦ ਕਰਦਿਆਂ ਬੀਰੇ ਦੀ ਗੱਲ ਦਾ ਜਵਾਬ ਦਿੱਤਾ ਸੀ। ਉਸਦੇ ਨਾਨੇ ਨੇ ਆਜ਼ਾਦੀ ਤੋਂ ਪਹਿਲਾਂ ਕਚਿਹਰੀਆਂ ’ਚ ਕਾਂਗਰਸ ਦਾ ਝੰਡਾ ਚੁੱਕਣ ਕਰਕੇ ਕੁੱਝ ਦਿਨ ਜੇਲ੍ਹ ਕੱਟੀ ਸੀ। ਪਿੰਦਰੀ ਨੇ ਮਾਂ ਨੂੰ ਬਰਕੈਨ ਵੱਲ ਵੇਖਣ ਦਾ ਇਸ਼ਾਰਾ ਕੀਤਾ। ਰੰਗ ਬਿਰੰਗੀਆਂ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਚਿੜੀਆਂ ਬਰਕੈਨ ਦੀਆਂ ਟਾਹਣੀਆਂ ’ਤੇ ਆ ਬੈਠੀਆਂ ਸਨ। ‘ਚੁਅਰ-ਚੁਅਰ’ ਕਰਦੀਆਂ ਨਿੱਕੇ-ਨਿੱਕੇ ਪੂੰਝਿਆਂ ਵਾਲੀਆਂ ਮਟਮੈਲੀਆਂ ਤੇ ਗੂੜ੍ਹੇ ਨੀਲੇ ਰੰਗ ਦੀਆਂ ਚਿੜੀਆਂ ਚਿੜਚੋਲ੍ਹੜ ਪਾਈ ਜਾਂਦੀਆਂ ਸਨ। ਟਾਹਣੀਆਂ ਦੇ ਹਿਲਣ ਨਾਲ ਬਰਕੈਨ ਦੇ ਪੀਲੇ ਪੈ ਚੁੱਕੇ ਪੱਤੇ ਝੜ ਕੇ ਥੱਲੇ ਡਿੱਗਦੇ ਜਾ ਰਹੇ ਸਨ। ਥੋੜੇ ਚਿਰ ਬਾਅਦ ਦੋ ਤਿੰਨ ਚਿੜੀਆਂ ਉੱਡ ਕੇ ਉਹਨਾਂ ਦੇ ਢਹਿ ਰਹੇ ਕੋਠੇ ਦੇ ਬਨੇਰੇ ’ਤੇ ਜਾ ਬੈਠੀਆਂ। ਦੂਰ ਕਿਸੇ ਰੁੱਖ ’ਤੇ ਬੈਠੀ ਕੋਇਲ ਦੇ ਗਾਉਣ ਦੀ ਆਵਾਜ਼ ਇਉਂ ਲੱਗ ਰਹੀ ਸੀ ਜਿਵੇਂ ਕੋਈ ਮੁਟਿਆਰ ਸੁਹਾਗ ਗਾ ਰਹੀ ਹੋਵੇ। ਕਿੰਨੇ ਹੀ ਜਾਨਵਰਾਂ ਦੀਆਂ ਆਵਾਜ਼ਾਂ ਹਵਾ ’ਚ ਘੁੱਲ ਗਈਆਂ ਸਨ । ਟਟੀਹਰੀ ਦੀ ‘ਟਿਰ ਟਿਰ’ ਅਤੇ ਧਰਮਸ਼ਾਲਾ ਦੇ ਪਿੱਪਲ ’ਤੋਂ ਮੋਰ ਦੀ “ਕਿਆਊਂ-ਕਿਆਊਂ’’ ਆਪਸ ਵਿੱਚ ਰਲਗੱਡ ਹੋਕੇ ਬੜਾ ਪਿਆਰਾ ਸੰਗੀਤ ਸਿਰਜ ਰਹੀਆਂ ਸਨ। ਪਿੰਦਰੀ ਹੋਰਾਂ ਨੇ ਬੜੇ ਚਿਰ ਬਾਅਦ ਅਜਿਹੀਆਂ ਆਵਾਜ਼ਾਂ ਸੁਣੀਆਂ ਸਨ। “ਨੀ ਬੀਬੀਏ, ਜਨੌਰ ਬੋਲਦੇ ਕਿੰਨੇ ਪਿਆਰੇ ਲੱਗਦੇ ਐ! ਜਣੀਂਦਾ ਗੀਤ ਈ ਗਾਈ ਜਾਂਦੇ ਐ । ਮੇਰਾ ਤਾਂ ਜੀਅ ਕਰਦਾ ਆਏਂ ਬੈਠੀ ਸੁਣੀ ਜਾਵਾਂ। ਅੱਗੇ ਤਾਂ ਵੱਡੇ ਘਰਾਂ ਦੀਆਂ ਜੀਪਾਂ-ਕਾਰਾਂ ਦਾ ਰੌਲਾ ਹੀ ਸੁਣਦਾ ਹੁੰਦਾ ਸੀ। ਪੀਂਅ-ਪੀਂਅ, ਪੌਂ-ਪੌਂ। ਜਏ ਖਾਣੇ ਦੇ ਲੋਕ ਏਹਨਾਂ ਗਰੀਬ ਜੀਆਂ ਨੂੰ ਤਾਂ ਬੋਲਣ ਈ ਨ੍ਹੀ ਸੀ ਦਿੰਦੇ।’’ ਸੁੱਖੋ ਹੈਰਾਨੀ ਨਾਲ ਪਿੰਦਰੀ ਦੇ ਮੂੰਹ ਵੱਲੀਂ ਵੇਖਣ ਲੱਗੀ ਜਿਵੇਂ ਧੀ ਤੋਂ ਐਡੀ ਵੱਡੀ ਗੱਲ ਦੀ ਉਮੀਦ ਹੀ ਨਾ ਹੋਵੇ। “ਗਰੀਬ ਜੀਆਂ ਨੂੰ ਕੌਣ ਬੋਲਣ ਦਿੰਦਾ ਧੀਏ? ਜਦੋਂ ਕੁਜਰਤ ਆਵਦੇ ਰੰਗਾਂ ’ਤੇ ਆਜੇ, ਗਰੀਬ ਲੋਕ ਤਾਂ ਉਦੋਂ ਈ ਬੋਲਦੇ ਐ । ਤਕੜੇ ਲੋਕ ਤਾਂ ਉਦੋਂ ਅੰਦਰੀਂ ਲੁੱਕ ਜਾਂਦੇ ਐ ।’’ ਵਿਹੜੇ ’ਚ ਛਾਲਾਂ ਮਾਰਦੀ ਫਿਰਦੀ ਗਾਲੜ੍ਹ ਵੱਲ ਵੇਖਦਿਆਂ ਇੱਕ ਵਾਰ ਤਾਂ ਸੁੱਖੋ ਦੇ ਚਿਹਰੇ ’ਤੇ ਖੁਸ਼ੀ ਦੀ ਹਲਕੀ ਜਿਹੀ ਪਰਤ ਫਿਰ ਗਈ। ਗਾਲੜ੍ਹਾਂ ਨਾਲ ਉਸਦੇ ਹੀਰੇ ਪੁੱਤ ਦਾ ਖਾਸਾ ਈ ਮੋਹ ਸੀ। ਵਿਹੜੇ ’ਚ ਟਪੂਸੀਆਂ ਮਾਰਦੀਆਂ ਫਿਰਦੀਆਂ ਗਾਲੜ੍ਹਾਂ ਨੂੰ ਵੇਖ ਕੇ ਉਹ ਖੁਸ਼ ਹੋ “ਊਂਅ-ਯਾਂਅ-ਊਂ-ਈਂ’’ ਕਰਦਾ ਪਲਸੇਟੇ ਮਾਰਨ ਲੱਗਦਾ ਸੀ। ਸੁੱਖੋ ਰੋਟੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸਦੇ ਮੰਜੇ ਦੇ ਆਲੇ-ਦੁਆਲੇ ਖਿਲਾਰ ਦਿੰਦੀ। ਰੋਟੀ ਦੇ ਨਿੱਕੇ ਟੁਕੜੇ ਨੂੰ ਆਪਣੀਆਂ ਅਗਲੀਆਂ ਦੋਵੇਂ ਲੱਤਾਂ ’ਚ ਫੜਕੇ ਮੂੰਹ ਨਾਲ ‘ਕੁਰਚ-ਕੁਰਚ’ ਕਰਦੀਆਂ ਗਾਲੜ੍ਹਾਂ ਨੂੰ ਵੇਖ ਕੇ ਹੀਰੇ ਨੂੰ ਅਗੰਮੀ ਖੁਸ਼ੀ ਚੜ੍ਹ ਜਾਂਦੀ। ਸੁੱਖੋ ਦਾ ਜੀਅ ਕੀਤਾ ਵਿਹੜੇ ’ਚ ਫਿਰਦੀ ਗਾਲੜ੍ਹ ਨੂੰ ਆਖੇ, “ਨ੍ਹੀ ਭੈਣੇ, ਆਪਣੇ ਹੀਰੇ ਨੂੰ ਉਠਾ, ਕਿੰਨੇ ਦਿਨਾਂ ਦੀ ਅੱਖ ਈ ਨ੍ਹੀ ਪੱਟੀ ਉਹਨੇ।’’ “ਨੀ ਬੀਬੀ, ਨਾਲੇ ਕਹਿੰਦੇ ਸੀਗੇ ਗਰੀਬਾਂ ਨੂੰ ਰਾਸ਼ਨ ਵੰਡਣੈ।’’ ਪਿੰਦਰੀ ਦੇ ਸਵਾਲ ਨੇ ਸੁੱਖੋ ਨੂੰ ਖਿਆਲਾਂ ’ਚੋਂ ਬਾਹਰ ਕੱਢਿਆ। “ਉਹਨਾਂ ਨੂੰ ਵੰਡਿਆ ਹੋਊ ਜਿਹੜੇ ਗਰੀਬ ਹੋਣਗੇ। ਆਪਾਂ ਪੁੱਤ ਗਰੀਬ ਨ੍ਹੀ ਹੋਣੇ ਅਗਲਿਆਂ ਦੀ ਨਿਗਾਹ ’ਚ । ਬਥੇਰਾ ਰਾਸ਼ਨ-ਪਾਣੀ ਵੰਡਿਆ ਆਵਦੇ ਸੂਤ-ਬਾਤ ਆਲਿਆਂ ਨੂੰ। ਧੀਏ ਸਾਰੇ ਭਰਿਆਂ ਨੂੰ ਈ ਭਰਦੇ ਐ ।’’ “ਭਾਲਦੇ ਐ ਰਾਅਛਨ! ਉਦੋਂ ਤਾਂ ਬੋਲਣ ਲੱਗੀ ਅੱਗਾ-ਪਿੱਛਾ ਨ੍ਹੀ ਵੇਂਹਦੀ। ਕੀ ਲੋੜ ਸੀ ਤੈਅਨੂੰ ਸਰਪੈਂਚ ਨਾਲ ਉੱਚਾ-ਨੀਵਾਂ ਬੋਲਣ ਦੀ? ਅਗਲਾ ਹੁਣ ਤਾਈਂ ਖੁੰਦਕ ਰੱਖਦੈ । ਮੈਅਨੂੰ ਕਈ ਵੇਰੀ ਸੁਣਾਈ ਕੀਤੀ ਐ ਅਕੇ ਥੋਡੀ ਮਾਂ ਦਾ ਮੂੰਹ ਕੁਹਾੜੇ ਨਾਲ ਪਾਟਿਆ।’’ ਨਸ਼ੇ ਦੀ ਤੋਟ ਦਾ ਭੰਨ੍ਹਿਆ ਬੀਰਾ ਫੇਰ ਮੰਜੇ ’ਤੇ ਉੱਠ ਬੈਠਾ ਸੀ। “ਹਾਅੋ ਭਾਈ, ਮੇਰਾ ਮੂੰਹ ਤਾਂ ਆਪੇ ਕੁਹਾੜੇ ਨਾਲ ਪਾਟਿਆ ਐ, ਸੱਚੀਆਂ ਜੋ ਸੁਣਾਤੀਆਂ ਸੀਗੀਆਂ ਸਰਪੈਂਚ ਨੂੰ। ਸੱਚੀ ਗੱਲ ’ਤੇ ਕੀਹਨੂੰ ਨ੍ਹੀ ਮਿਰਚਾਂ ਲੱਗਦੀਆਂ? ਮੈਂ ਕੋਈ ਝੂਠ ਆਖਿਆ ਸੀਗਾ? ਏਹਦੇ ’ਚ ਕੀ ਗਲਤ ਆਖਤਾ ਵੀ ਸਰਪੈਂਚਾ ਨਰੇਗਾ ਦਾ ਕੰਮ ਸਾਰਿਆਂ ਨੂੰ ਵੰਡ ਕੇ ਦਿਆ ਕਰ। ਆਵਦੇ ਲਿਹਾਜ਼ੀਆਂ ਨੂੰ ਤਾਂ ਕੰਮ ਦੇਈ ਜਾਊ, ਮੇਰੇ ਅਰਗਿਆਂ ਆਰੀ ਆਖੂ-ਕੰਮ ਹੈਨੀ, ਕੰਮ ਹੈਨੀ। ਪਤਾ ਨ੍ਹੀ ਕਾਗਤਾਂ ’ਚ ਈ ਕੀ ਲੁੱਤ-ਘੜੁੱਤ ਕਰੀ ਜਾਂਦੈ । ਮੈਨੂੰ ਕਿਤੇ ਪਤਾ ਨ੍ਹੀ ਝੂਠੀਆਂ-ਸੱਚੀਆਂ ਦਿਹਾੜੀਆਂ ਪਾ-ਪਾ ਕੇ ਆਵਦੇ ਬੱਬਰ ਭਰਲੇ। ਹੁਣ ਜੇ ਏਹਦੇ ਨਾਲ ਗੁੱਸਾ ਲੱਗਦਾ ਐ ਤਾਂ ਲੱਗੀ ਜਾਵੇ।’’ “ਬੰਦਾ ਰਮਾਨ ਨਾਲ ਵੀ ਤਾਂ ਕਹਿ ਸਕਦੈ। ਜਨੂਰੀ ਤਾਂ ਨ੍ਹੀ ਹੁੰਦਾ ਅਗਲੇ ਨੂੰ ਤੁਰੇ ਜਾਂਦੇ ਨੂੰ ਬੀਹੀ ’ਚ ਖੜਾ ਕੇ ਸੌ ਬੰਦਿਆਂ ’ਚ ਠਿੱਠ ਕਰਨਾ।’’ “ਰਮਾਨ ਨਾਲ ਈ ਆਖਿਆ ਸੀਗਾ। ਰਮਾਨ ਨਾਲ ਕਿਹੜਾ ਆਖਿਆ ਨ੍ਹੀ। ਰਮਾਨ ਨਾਲ ਆਖੀ ਗੱਲ ਕਾਹਨੂੰ ਸੁਣਦੇ ਐ ਏਹ ਮਿੰਬਰ ਸਰਪੈਂਚ। ਸੁਣਦੈ ਕੋਈ ਗਰੀਬਾਂ ਦੀ? ਚੱਲ ਤੂਈਂ ਦੱਸਦੇ, ਕੈਅ ਵਰ੍ਹੇ ਹੋਗੇ ਪਿਲਸ਼ਨ ਆਲੇ ਕਾਗਤ ਭਰਦੀ ਨੂੰ? ਹੋਈ ਕਿਧਰੇ ਸੁਣਵਾਈ? ਮੈਂ ਤਾਂ ਸਿਰ ’ਤੇ ਗੋਹੇ ਦੇ ਬੱਠਲ ਢੋਅ-ਢੋਅ ਕੇ ਕਮਾਇਆ ਤਿੰਨ ਸੌ ਰੁਪਈਆ ਵੀ ਵਿਹੜੇ ਆਲੇ ਮਿੰਬਰ ਦੇ ਢਿੱਡ ’ਚ ਪਾਤਾ। ਅਖੇ ਪਿਲਸ਼ਨਾਂ ਆਲੇ ਦਫ਼ਤਰ ਦੇਣਾ ਐ । ਦੋ ਸਾਲ ਹੋਗੇ ਏਸ ਗੱਲ ਨੂੰ ਵੀ। ਅੱਜ ਲੱਗਦੀ ਪਿਲਸ਼ਨ। ਨਾ ਹੋਰ ਫਿਰ ਖੰਡ ਪਾਵਾਂ ਏਹਨਾਂ ਭੁੱਖੜਾਂ ਨੂੰ?’’ ਸੁੱਖੋ ਨੂੰ ਤਾਅ ਚੜ ਗਿਆ ਸੀ। “ਨੀ ਬੀਬੀਏ! ਕਿਉਂ ਖੂਨ ਸਾੜਦੀ ਐਂ ਆਵਦਾ ? ਜਿਹੜੇ ਬੰਦੇ ਨੂੰ ਆਵਦੇ ਨਸ਼ੇ ਪੱਤੇ ਤੋਂ ਬਿਨਾ ਪਤਾ ਈ ਨ੍ਹੀ ਜੱਗ ਜਹਾਨ ਦਾ, ਕੀ ਲੋੜ ਐ ਉਹਦੀਆਂ ਗੱਲਾਂ ਦਾ ਜਵਾਬ ਦੇਣ ਦੀ?’’ “ਭਰਲੋ ਫਿਰ ਪੀਪੇ ਰਾਸ਼ਨ ਨਾਲ।’’ ਬੀਰੇ ਨੇ ਭੈੜੀਆਂ ਜਿਹੀਆਂ ਅੱਖਾਂ ਨਾਲ ਪਿੰਦਰੀ ਵੱਲ ਵੇਖਿਆ ਤੇ ਮੰਜੇ ’ਤੇ ਟੇਢਾ ਹੋ ਗਿਆ। “ਬਾਰ੍ਹਾਂ ਵਰ੍ਹੇ ਹੋਗੇ ਰੰਡੇਪਾ ਹੰਢਾਉਂਦੀ ਨੂੰ। ਹੱਥ ਨ੍ਹੀ ਅੱਡਿਆ ਕਿਸੇ ਅੱਗੇ। ਗਰੀਬੀ ਤਾਂ ਪੇਕੇ ਘਰ ਵੀ ਬਥੇਰੀ ਸੀਗੀ। ਬਾਈ ਨੇ ਆਖਣਾ, ਬੰਦਾ ਆਵਦੀ ਕਰਕੇ ਖਾਵੇ, ਭਾਮੇ ਅੱਧੀ ਖਾਲੇ.। ਏਹੀ ਗੱਲ ਨਾਨੇ ਨੇ ਆਖਣੀ, ਬੰਦਾ ਘਰੋਂ ਗਰੀਬ ਹੋਵੇ-ਨੀਅਤ ਦਾ ਗਰੀਬ ਨਾ ਹੋਵੇ। ਨੀਤ ਦੀ ਗਰੀਬੀ ਨ੍ਹੀ ਨਿਕਲਦੀ ਹੁੰਦੀ। ਮੇਹਨਤ ਮਜ਼ੂਰੀ ਕਰਕੇ ਰੋਟੀ ਖਾਧੀ ਐ, ਨਾਲੇ ਥੋਡੇ ਮੂੰਹਾਂ ’ਚ ਪਾਈ ਐ। ਕੋਈ ਬਦਨਾਮੀ ਨ੍ਹੀ ਖੱਟੀ। ਕੱਲੀ ਕਹਿਰੀ ਗਰੀਬ ਜਨਾਨੀ ਨੂੰ ਦਿਹਾੜੇ ਕੱਟਣੇ ਬੌਅਤ ਔਖੇ ਹੁੰਦੇ ਐ। ਜਣਾ-ਖਣਾ ‘ਗੁੜ ਦੀ ਰੋੜੀ’ ਸਮਝਦੈ।’’ ਸੁੱਖੋ ਨੇ ਅੰਦਰ ਜੰਮਿਆ ਪਿਆ ਗੁਬਾਰ ਕੱਢ ਦੇਣਾ ਹੀ ਠੀਕ ਸਮਝਿਆ ਸੀ। “ਮਾਂ ਥੋਡੀ ਗਰੀਬ ਜਰੂਰ ਐ, ਕਿਸੇ ਤੋਂ ਝਕਣ ਆਲੀ ਨ੍ਹੀ। ਜੇ ਝਕਣ ਆਲੀ ਹੁੰਦੀ, ਕਦੋਂ ਦੀ ਕੋਠੇ ਦੀ ਗਰਾਂਟ ਲੈ ਲੈਂਦੀ। ਆਵਦੇ ਲਿਹਾਜ਼ ਵਾਲੇ ਬਥੇਰੇ ਘਰਾਂ ਨੂੰ ਕੋਠਿਆਂ ਦੀ ਮੁਰੰਮਤੀ ਵਾਸਤੇ ਸਰਕਾਰੂ ਗਰਾਂਟ ਦਵਾਈ ਐ ਪੰਚੈਤ ਆਲਿਆਂ ਨੇ । ਚੰਗੇ-ਭਲੇ ਪੱਕੇ ਕੋਠਿਆਂ ਆਲਿਆਂ ਨੂੰ ਪੈਸੇ ਦਵਾਤੇ, ਮੈਨੂੰ ਨ੍ਹੀ ਦਵਾਏ।’’ “ਬੀਬੀਏ, ਆਪਣਾ ਕੋਠਾ ਤਾਂ ਜਵਾਂ ਈ ਖੂਹ ਬਣਿਆ ਪਿਆ। ਮੀਂਹ ਆਏ ਤੋਂ ਆਏਂ ਲੱਗਦਾ ਹੁੰਦਾ ਐ ਜਿਵੇਂ ਮੀਂਹ ਬਾਹਰ ਨ੍ਹੀ ਆਪਣੇ ਕੋਠੇ ਦੇ ਅੰਦਰ ਈ ਪੈਂਦਾ ਹੋਵੇ। ਹੱਥ-ਹੱਥ ਭਰ ਮਘੋਰੇ ਬਣੇ ਪਏ ਐ ਛੱਤ ’ਚ। ਜਾਣੀਂਦਾ ਹੁਣ ਵੀ ਡਿੱਗੀ-ਹੁਣ ਵੀ ਡਿੱਗੀ।’’ “ਹਜੇ ਆਹ ਛੋਹਰ ਕਹਿੰਦਾ ਆਪਣੇ ਘਰ ਭਰਨ ਆਲੇ ਮਿੰਬਰਾਂ ਸਰਪੰਚਾਂ ਨੂੰ ਮਾੜਾ ਨਾ ਆਖਾਂ। ਅਸੀਂ ਭਾਮੇ ਛੱਤ ਥੱਲੇ ਈ ਆਜੀਏ। ਪਰ ਭਾਈ ਇਹਨਾਂ ਡਾਕੂਆਂ ਨੂੰ ਕੀ ਐ ਕਿਸੇ ਗਰੀਬ-ਗੁਰਬੇ ਦੀ ਜਾਨ ਨਾਲ? ਗਰੀਬ ਲੋਕ ਤਾਂ ਹੈ ਈ ਕੀੜੇ ਮਕੌੜੇ ਇਹਨਾਂ ਭਾਣੇ। ਭਮੇ ਕੋਠੇ ਥੱਲੇ ਆ ਕੇ ਮਰ ਜਾਣ, ਭੁੱਖ ਨਾਲ ਮਰ ਜਾਣ ਤੇ ਭਮੇ ਕਿਸੇ ਮਾਂਹਮਾਰੀ ਨਾਲ।’’ “ਨਾ ਨੀ ਬੀਬੀ ਐਂ ਨਾ ਆਖ। ਸੁੱਖੀ-ਸਾਂਦੀ ਆਪਾਂ ਨੂੰ ਕਿਉਂ ਹੋਵੇ ਕੁੱਛ? ਮਰਨ ਉਹ ਜਿਹੜੇ ਗਰੀਬ-ਗੁਰਬੇ ਦਾ ਹੱਕ ਮਾਰਦੇ ਫਿਰਦੇ ਐ । ਮਰਨ ਉਹ ਜਿਹੜੇ ’ਨਸਾਫ ਨ੍ਹੀ ਕਰਦੇ। ਮਰਨ ਉਹ ਜਿਹੜੇ ਗੰਦ ਪਾਉਂਦੇ ਐ ਆਪਾਂ ਕਿਉਂ ਮਰੀਏ? ਆਪਾਂ ਤਾਂ ਸਫਾਈਆਂ ਕਰਦੇ ਆਂ।’’ ਧੀ ਦੀ ਗੱਲ ਸੁਣ ਕੇ ਸੁੱਖੋ ਦੀਆਂ ਅੱਖਾਂ ਫੈਲ ਕੇ ਵੱਡੀਆਂ ਹੋ ਗਈਆਂ। ਉਸਨੇ ਇੱਕ ਵਾਰ ਫੇਰ ਹੈਰਾਨੀ ਨਾਲ ਪਿੰਦਰੀ ਵੱਲ ਵੇਖਿਆ। ਉਸਨੂੰ ਧੀ ’ਤੇ ਡਾਹਡਾ ਮਾਣ ਮਹਿਸੂਸ ਹੋਇਆ। ‘‘ਕੀ ਹੋਇਆ ਗਰੀਬ ਮਾਂ ਦੀ ਧੀਅ ਸੀ, ਗੱਲਾਂ ਤਾਂ ਕਿੰਨੀਆਂ ਸਿਆਣੀਆਂ ਕਰਦੀ ਸੀ!’’ – ‘‘ਗਰੀਬੀ ਬੰਦੇ ਨੂੰ ਉਮਰੋਂ ਪਹਿਲਾਂ ਸਿਆਣਾ ਵੀ ਕਰ ਦਿੰਦੀ ਐ।’’ ਆਪਣੇ ਨਾਨੇ ਦੇ ਬੋਲ ਸੁੱਖੋ ਦੇ ਜ਼ਿਹਨ ’ਚ ਗੂੰਜਣ ਲੱਗੇ ਸਨ। “ਬੀਬੀ, ਮੈਂ ਵੀਰੇ ਨੂੰ ਆਪੇ ਸੰਭਾਲ ਲੂੰ। ਤੂੰ ਬੀਬੀ ਬਣਕੇ ਵੇਖ, ਕੋਈ ਨਾ ਕੋਈ ਤਾਂ ਦੁਕਾਨ ਖੁੱਲੀਓ ਹੋਊ। ਖਵਰੇ ਵੀਰੇ ਆਸਤੇ ਭੋਰਾ ਦਲੀਆ ਮਿਲਜੇ ਜਾਂ ਚੌਲ ਈ ਮਿਲ ਜਾਣ ਕੌਲੀ ਦੋ ਕੌਲੀਆਂ। ਜੇ ਕੋਈ ਦੁਕਾਨ ਨਾ ਖੁੱਲੀ ਹੋਈ, ਬੰਸੋ ਮਾਸੀ ਦਿਓਂ ਮੰਗਲੀਂ। ਮਾਸੀ ਨ੍ਹੀ ਜਵਾਬ ਦਿੰਦੀ। ਸਕਿਆਂ ਨਾਲੋਂ ਵੱਧ ਕਰਦੀ ਐ।’’ “ਜਾਨੀ ਆਂ ਪੁੱਤ ਜਾਨੀ ਆਂ। ਠੰਡੇ ਪਾਣੀ ਦੀਆਂ ਪੱਟੀਆਂ ਰੱਖੀ ਜਾਈਂ ਵੀਰੇ ਦੇ ਮੱਥੇ ’ਤੇ। ਵੇਂਹਨੀ ਆਂ ਜੇ ਕੋਈ ਦੁਕਾਨ ਖੁੱਲੀ ਹੋਈ ਤਾਂ।’’ ਸੁੱਖੋ ਨੇ ਦੇਹਲੀ ਤੋਂ ਬਾਹਰ ਹੋ ਕੇ ਲੰਮੀ ਨਿਗਾਹ ਮਾਰੀ। ਪਿੰਡ ਤਾਂ ਸੁਸਰੀ ਵਾਂਗ ਸੁੱਤਾ ਪਿਆ ਸੀ। ਜਿਵੇਂ ਕਿਸੇ ਸਰਾਲ ਨੇ ਸਾਹ ਪੀ ਲਏ ਹੋਣ। -ਜੇ ਭਲਾਂ ਕੁੱਛ ਹੋ ਗਿਆ ਮੇਰੇ ਪੁੱਤ ਨੂੰ? -ਸਿਵਿਆਂ ਤੱਕ ਕੌਣ ਜਾਊ ਸਾਡੇ ਨਾਲ? -ਲਾਸ਼ ਲੈ ਕੇ ਕਿੰਨਾ ਕੁ ਚਿਰ ਘਰੇ ਬੈਠੀ ਰਹੂੰ ? ਮਨ ’ਚ ਮੁੜ-ਮੁੜ ਆਉਂਦੇ ਭੈੜੇ ਖਿਆਲਾਂ ਨੇ ਸੁੱਖੋ ਦੀ ਹਾਲਤ ਪਾਗਲਾਂ ਵਰਗੀ ਕਰ ਦਿੱਤੀ ਸੀ। ਥੋੜਾ ਜਿਹਾ ਦਲੀਆ ਤੇ ਚੌਲ ਲੈ ਕੇ ਘਰ ਦੀ ਦੇਹਲੀ ਅੰਦਰ ਆਈ ਤਾਂ ਉਸਨੇ ਵੇਖਿਆਂ ਦੋ-ਤਿੰਨ ਗਾਲ੍ਹੜਾਂ ਹੀਰੇ ਦੇ ਮੰਜੇ ਦੇ ਨੇੜੇ ਭੱਜੀਆਂ ਫਿਰਦੀਆਂ ਸਨ। ਟੱਪਦੀਆਂ ਫਿਰਦੀਆਂ ਗਾਲ੍ਹੜਾਂ ਨੂੰ ਵੇਖ ਕੇ ਹੀਰਾ ਖੁਸ਼ ਹੋ ਰਿਹਾ ਸੀ। ਪਿੰਦਰੀ ਉਸ ਦੇ ਪਾਣੀ ਨਾਲ ਭਿੱਜੇ ਵਾਲਾਂ ’ਚ ਉਂਗਲਾਂ ਫੇਰਦੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀ ਸੀ। ਬਰਕੈਨ ’ਤੇ ਬੈਠੀਆਂ ਚਿੜੀਆਂ ਨੇ ਚਿੜਚੋਲ੍ਹੜ ਪਾਇਆ ਹੋਇਆ ਸੀ। ਸੁੱਖੋ ਨੂੰ ਲੱਗਿਆ ਜਿਵੇਂ ਚਿਰਾਂ ਦਾ ਸੁੱਕਿਆ ਪਿਆ ਬਾਗ ਹਰਾ ਹੋ ਗਿਆ ਹੋਵੇ। “ਤੈਨੂੰ ਤੱਤੀ ਵਾਅ ਨਾ ਲੱਗੇ ਵੇ ਮੇਰੇ ਬੱਚੜਿਆ।’’ ਭੱਜ ਕੇ ਹੀਰੇ ਨੂੰ ਬੁੱਕਲ ’ਚ ਲੈਂਦਿਆਂ ਸੁੱਖੋ ਕਮਲਿਆਂ ਵਾਂਗ ਉਸਨੂੰ ਚੁੰਮਣ ਲੱਗੀ ਸੀ। ਪਰਲ-ਪਰਲ ਵਗਦੇ ਹੰਝੂ ਮੈਲੀ ਚੁੰਨੀ ਨੂੰ ਭਿਉਂ ਰਹੇ ਸਨ।
ਕਵਿਤਾ
‘ਧਾਰਾਵੀ’
– ਮੰਗਤ ਰਾਮ ਪਾਸਲਾ
ਮੇਰੇ ਸੁਪਨਿਆਂ ਦੀ ਬਸਤੀ
ਜਿੱਥੇ ਰੋਟੀ ਮਹਿੰਗੀ, ਮੌਤ ਸਸਤੀ
ਸੋਨੇ ਦੇ ਸ਼ਹਿਰ ਵਿਚਾਲੇ
ਸ਼ਿਵਾ ਜੀ ਦੀ ਕਰਮ ਭੂਮੀਂ
ਰਾਤ ਘੁੱਗੀਆਂ ਵਾਂਗ ਗੁਟਕਦੀ
ਦਿਨੇ ਸੂਰਜ ਦੀ ਤਰ੍ਹਾਂ ਖੌਲਦੀ
ਚੁੱਪਚਾਪ ਰਹਿੰਦੀ
ਨਾ ਕਦੇ ਕੁਝ ਬੋਲਦੀ
ਧਾਰਾਵੀ
ਤੰਗ ਜਿਸ ਦੀਆਂ ਗੰਦੀਆਂ ਗਲੀਆਂ
ਪਰ ਧਰਵਾਸ ਨੇ ਦਿੰਦੀਆਂ
ਜ਼ਿਊਣ ਦੀ ਕੋਈ ਆਸ ਵੰਡਦੀਆਂ
ਅਸੀਂ ਰੋਜ਼ ਜਾਂਦੇ, ਰੋਜ਼ ਪਰਤਦੇ
ਚਾਵਲ ਦਾਲ ਖਾਂਦੇ
ਤਨ ਦੀਆਂ ਲੀਰਾਂ ਮਾਪਦੇ, ਸੌਂ ਜਾਂਦੇ
ਧਾਰਾਵੀ
ਬਹੁਤ ਸੁਣਿਆ ਸੀ ਅਸਮਾਨ ਛੂੰਹਦੇ ਚਬੂਤਰਿਆਂ
‘ਕੇ ਬੀ ਸੀ’ ਦਾ ਛੁਣਛੁਣਾ
ਇੱਥੇ ਹੀ ਹੈ ਪਰੀਆਂ ਦਾ ਟਿਕਾਣਾ
ਤਾਹੀਓਂ ਤਾਂ ਕਿਹਾ ਸੀ ਮਾਂ ਨੇ
ਇਹ ਸ਼ਹਿਰ ਹੈ ਬੱਚੇ ਖਾਣਾ
ਬਚਕੇ ਪੈਰ ਟਿਕਾਣਾ
ਧਾਰਾਵੀ
ਕਈ ਦਿਨਾਂ ਤੋਂ ਘਰ ਬੈਠੇ ਹਾਂ
ਸਾਹ ਗਿਣਦੇ ਹਾਂ
ਨਾ ਕੋਈ ਆਇਆ ਨਾ ਕੋਈ ਜਾਂਦਾ
ਕਦੀ ਕਦਾਈਂ ਹੂਟਰ ਸੁਣਦਾ
ਭੁੱਖਿਆਂ ਦਾ ਟੋਲਾ
ਇਕ ਦੂਜੇ ਵੱਲ ਬਿਟ ਬਿਟ ਤੱਕਦਾ
ਬਿਨ ਤੁਰਿਆਂ ਹੀ ਜਾਪੇ ਥੱਕਦਾ
ਗ਼ਜ਼ਲ
-ਅਮਿਤਾਸ
ਚੁੱਲ੍ਹੇ ਅੱਗ ਨਾ ਸਾਡੇ ਭਾਂਡੇ ਪਾਣੀ ਹੈ।
ਨਿੱਤ ਸਾਡੇ ਹਾਕਮ ਕੋਲ ਨਵੀਂ ਕਹਾਣੀ ਹੈ।
ਲਾਸ਼ਾਂ ਉੱਤੇ ਵੀ ਉਹ ਜਸ਼ਨ ਮਨਾ ਦਿੰਦਾ,
ਸ਼ਾਇਦ ਐਸੀ ਉਹਦੀ ਸੋਚ ਪੁਰਾਣੀ ਹੈ।
ਰੁਕੋ ਗਰੀਬੋ! ਰਾਸ਼ਨ ਅਜੇ ਉਡੀਕੋ ਨਾ,
ਥੈਲੇ ’ਤੇ ਫੋਟੋ ਹਾਲੇ ਛਪਵਾਣੀ ਹੈ।
ਵੈਂਟੀਲੇਟਰ, ਮਾਸਕ, ਟੀਕੇ ਕੀ ਕਰਨੇ?
ਖਿੜਕੀ ਵਿੱਚ ਖੜ੍ਹ ਥਾਲੀ ਤੁਸੀਂ ਵਜਾਣੀ ਹੈ।
ਮਰਦੇ ਡਾਕਟਰ, ਸੇਵਾ ਕਰਦੇ ਮਰ ਜਾਵਣ,
ਓਹਨਾਂ ਦੀ ਆਵਾਜ਼ ਤਾਂ ਅਸੀਂ ਦਬਾਣੀ ਹੈ।
ਮੁਲਕ ਅਸਾਡੇ ਵਾਇਰਸ ਦੀਆਂ ਵੀ ਜ਼ਾਤਾਂ ਨੇ,
ਐਨੀ ਉਲ਼ਝੀ ਧਰਮ ਦੀ ਤਾਣੀ ਬਾਣੀ ਹੈ।
ਅੱਖਾਂ ਖੋਲ੍ਹੋ ਪਰਦੇ ਪਿੱਛੇ ਵੀ ਦੇਖੋ,
ਪਰਦੇ ਪਿੱਛੇ ਹੀ ਤਾਂ ਅਸਲ ਕਹਾਣੀ ਹੈ।
ਗ਼ਜ਼ਲ
– ਅਰਸ਼ਦ ਮੰਜ਼ੂਰ
ਅੱਜ ਨਹੀਂ ਤੇ ਕੱਲ੍ਹ ਹੋਵੇਗੀ,
ਮਿਹਨਤਕਸ਼ ਦੀ ਗੱਲ ਹੋਵੇਗੀ।
ਜੇ ਨਾ ਰੱਜ ਕੇ ਰੋਟੀ ਲੱਭੀ,
ਧਰਤੀ ਤੇ ਤਥੱਲ ਹੋਵੇਗੀ।
ਝੂਠਾਂ ਦੇ ਗਲ਼ ਫਾਹ ਹੋਵੇਗਾ,
ਖ਼ਲਕਤ ਸੱਚਿਆਂ ਵੱਲ ਹੋਵੇਗੀ।
ਜਾਂ ਤੇ ਲਾਸ਼ ਹੋਵੇਗੀ ਮੇਰੀ,
ਜਾਂ ਫ਼ਿਰ ਤੇਰੀ ਖੱਲ ਹੋਵਗੀ।
ਮੈਂ ਨਈਂ ਮੰਨਦਾ ਤੇਰਾ ਜਿਰਗਾ*,
ਤਬਦੀਲੀ ਦੀ ਗੱਲ ਹੋਵੇਗੀ।
ਮੁੱਕ ਜਾਵਣਗੇ ਘੁੱਪ ਹਨ੍ਹੇਰੇ,
ਬਸ ਚਾਨਣ ਦੀ ਗੱਲ ਹੋਵੇਗੀ।
ਰਾਜ ਕਰੇਗੀ ਰੱਬ ਦੀ ਖ਼ਲਕਤ,
ਅਰਸ਼ਦ ਚੱਲ ਸੋ ਚੱਲ ਹੋਵੇਗੀ।
ਗ਼ਜ਼ਲ
– ਆਤਮਾ ਰਾਮ ਰੰਜਨ
ਜ਼ਖ਼ਮੀ ਤਲੀਆਂ ਚੁੱਕ ਸਲੀਬਾਂ ਚੱਲੇ ਰਾਮ ਦੁਲਾਰੇ,
ਨੰਗੇ ਪੈਰੀਂ ਲੰਮੇ ਪੈਂਡੇ ਸੱਤਾ ਦੇ ਦੁਰਕਾਰੇ।
ਮਜਹਬ ਦੇ ਚੜ੍ਹ ਘੋੜੇ ਪੁੱਜੇ ਸੱਤਾ ਦੇ ਗਲਿਆਰੇ,
ਜ਼ਹਿਰੀ ਨਾਗਾਂ ਵਾਂਗੂੰ ਹੁਣ ਉਹ ਮਾਰਨ ਰੋਜ ਫੁਕਾਰੇ।
ਦਿਲ ਵਿਚ ਸਾਂਭੀ ਬੈਠੇ ਹਨ ਉਹ ਧੁੱਖਦੀ ਅਗਨ ਬਥੇਰੀ,
ਠੋਕਰ ਖਾਂਦੇ, ਚੀਸਾਂ ਸਹਿੰਦੇ, ਭਟਕਣ ਕਰਮਾਂ ਮਾਰੇ।
ਖਿੜ ਖਿੜ ਹੱਸਦੇ ਫੁੱਲਾਂ ’ਤੇ ਵੀ, ਘੋਰ ਉਦਾਸੀ ਛਾਈ,
ਜੰਗਲ ਬੇਲੇ ਸਹਿਮੇ ਸਹਿਮੇ, ਵੇਖ-ਵੇਖ ਵਰਤਾਰੇ।
ਕੰਬਣ ਦਰਖ਼ਤ, ਟੁੱਟਣ ਲਗਰਾਂ, ਪੰਛੀ ਦੇਣ ਦੁਹਾਈ
ਹਾਕਮ ਦੇ ਡੰਡੇ ਤੋਂ ਡਰਦੇ, ਲੁਕਦੇ ਜਦ ਦੁਖਿਆਰੇ।
ਚੰਗਾ ਘਟ ਤੇ ਮੰਦਾ ਬਹੁਤਾ, ਕਰਦੇ ਦੇਸ਼ ਦੇ ਰਹਿਬਰ,
ਕਿਰਤੀ ਖਾਤਰ ਬੰਦ ਖ਼ਜਾਨੇ ਦਿਲ ਦੇ ਨਾ ਸਚਿਆਰੇ।
ਧੰਨ ਕੁਬੇਰਾਂ ਖਾਤਰ ਭੇਜੇ, ਸ਼ਾਹੀ ਉੜਨ ਖਟੋਲੇ,
ਸਾਰ ਲਈ ਨਾ ਕਿਰਤੀ ਦੀ ਤੈਂ, ਫਿੱਟੇ ਮੂੰਹ ਸਰਕਾਰੇ।
ਚੋਪੜ ਕੇ ਮੂੰਹ ਰੋਜ਼ ਮੁਰਾਰੀ, ਟੀਵੀ ਉੱਤੇ ਆਉਂਦਾ,
ਝੂਠ ਪਲੇਥਣ ਲਾ ਕੇ ਵੰਡੇ, ਭਾਂਤ-ਭਾਂਤ ਦੇ ਲਾਰੇ।
ਮੰਜਿਲ ਤੀਕਣ ਪਹੁੰਚਣਗੇ ਕੁਝ, ਗਿਣ ਮੀਲਾਂ ਦੇ ਪੱਥਰ
ਥੱਕੇ ਹਾਰੇ ਕਈਆਂ ਰੰਜਨ, ਹੋਣਾ ਰੱਬ ਨੂੰ ਪਿਆਰੇ।
कविता
मज़दूर महामारी
– गुलजार
कुछ ऐसे कारवां देखे हैं सैंतालिस में भी मैंने
ये गांव भाग रहे हैं अपने वतन में
हम अपने गांव से भागे थे, जब निकले थे वतन को
हमें शरणार्थी कह के वतन ने रख लिया था
शरण दी थी
इन्हें इनकी रियासत की हदों पे रोक देते हैं
शरण देने में ख़तरा है
हमारे आगे-पीछे, तब भी एक क़ातिल अजल थी
वो मजहब पूछती थी
हमारे आगे-पीछे, अब भी एक क़ातिल अजल है
ना मजहब, नाम, जात, कुछ पूछती है
— मार देती है
ख़ुदा जाने, ये बंटवारा बड़ा है
या वो बंटवारा बड़ा था
