Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2019)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2019)

ਕਹਾਣੀ
ਪਰਵਾਜ਼
– ਦੀਪ ਦਵਿੰਦਰ ਸਿੰਘ
‘ਨੀ ਕੁੜੇ ਗੁਰਮੀਤ, ਕਿੱਥੇ ਆਂ, ਦਿਸਦੀ ਨੀ ਕਿਧਰੇ।’ ਅੰਦਰ ਲੰਘਦਿਆਂ ਲੰਬੜਾਂ ਦੀ ਵੀਰੋ ਨੇ ਕਿਹਾ। ਪਰ ਕੋਈ ਜੁਆਬ ਮਿਲਣ ਤੋਂ ਪਹਿਲਾਂ ਹੀ ਆਸੇ-ਪਾਸੇ ਹੈਰਾਨੀ ਨਾਲ ਤੱਕਦੀ ਹੋਈ ਬੋਲੀ, ‘ਵਾਹ, ਕਿੰਨਾ ਸੁਆਰਿਆ ਵਿਹੜਾ। ਮੈਨੂੰ ਤਾਂ ਲੱਗਦਾ ਜੰਞ ਚੱਕੀ ਆਲਿਆਂ ਦੇ ਘਰ ਨੀ ਇਧਰ ਢੁੱਕਣੀ ਆਂ…।’ ਕਮਰੇ ‘ਚੋਂ ਨਿਕਲ ਗੁਰਮੀਤ ਉਹਨੂੰ ਅੱਗਲਵਾਂਢੀ ਮਿਲੀ, ‘ਭਾਬੀ ਬੜੇ ਦਿਨਾਂ ਦਾ ਵਿਹੜਾ ਕਰੂਪ ਜਿਹਾ ਹੋਇਆ ਪਿਆ ਸੀ, ਅੱਜ ਮਨ ਕਰ ਪਿਆ ਤਾਂ ਮੈਂ ਕਿਹਾ ਜ਼ਰਾ ਇਹਦਾ ਹੁਲੀਆ ਈ ਬਦਲ ਦਿਆਂ।’ ਵਿਹੜੇ ਵੱਲ ਬੜੀ ਰੀਝ ਨਾਲ ਵੀਰੋ ਨੇ ਵੇਖਿਆ, ਕੰਧਾਂ ਦੇ ਨਾਲ-ਨਾਲ ਕਿਨਾਰੀ ਕੱਢ ਕੇ ਗੋਲੂ ਪੋਚਾ ਲਾ ਕੇ ਵਿਚ ਗੋਹਾ-ਮਿੱਟੀ ਬੜੇ ਕਰੀਨੇ ਨਾਲ ਫੇਰਿਆ ਹੋਇਆ ਸੀ। ਚੌਂਕੇ ਦੇ ਓਟੇ ਤੇ ਨਵੇਂ ਸਿਰਿਓਂ ਮੋਰਨੀਆਂ ਤੇ ਤੋਤੇ ਬਣਾਏ ਹੋਏ ਸਨ। ਆਸੇ-ਪਾਸੇ ਪਈ ਹਰ ਸ਼ੈਅ ਸਚਿਆਰੇ ਹੱਥਾਂ ਨੇ ਟਿਕਾਈ ਹੋਈ ਸੀ। ਉਹਨੇ ਗੁਰਮੀਤ ਨੂੰ ਗਲ਼ ਨਾਲ ਲਾ ਕੇ ਪਿਆਰ ਕੀਤਾ, ‘ਤੈਨੂੰ ਬੜੀ ਵਾਰ ਕਿਹਾ ਸੀ, ਉਦਾਸੀਆਂ ਮਨ ਤੋਂ ਲਾਹ। ਅੱਜ ਮੈਂ ਖੁਸ਼ ਆਂ। ਭਾਵੇਂ ਮੇਰੇ ਆਖਣ ਤੇ ਕੀਤਾ ਤੂੰ ਜਾਂ ਤੇਰੀ ਆਪਣੀ ਸੋਚ ਨੇ ਤੈਨੂੰ ਪ੍ਰੇਰਿਆ, ਪਰ ਚੰਗਾ ਏ।’ ਫਿਰ ਬਿੰਦ ਕੁ ਰੁਕ ਕੇ ਬੋਲੀ, ‘ਆਪਣੇ ਚਿਹਰੇ ਤੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੁੰਦੀ। ਤੂੰ ਵੇਖ ਆਪਣੀ ਉਮਰ ਤੇ ਇਹ ਸਿਆਹੀਆਂ। ਮੇਰੇ ਕੋਲ ਇਕ ਕਰੀਮ ਪਈ ਆ ਜਿਹਦੇ ਨਾਲ ਇਹ ਠੀਕ ਹੋ ਜਾਂਦੀਆਂ, ਤੂੰ ਲੈ ਆਵੀਂ।’
‘ਸਿੰਮੀ ਹੱਥ ਭੇਜ ਦੇਈਂ।’ ਗੁਰਮੀਤ ਨੇ ਤੁਰੰਤ ਕਿਹਾ। ਵੀਰੋ ਇਕ ਵਾਰ ਫਿਰ ਹੈਰਾਨਗੀ ਨਾਲ ਉਹਦੇ ਵੱਲ ਤੱਕਣ ਲੱਗੀ। ਕਈ ਵਾਰ ਤਾਂ ਉਹ ਪਹਿਲਾਂ ਵੀ ਕਹਿ ਚੁੱਕੀ ਸੀ, ਪਰ ਗੁਰਮੀਤ ਗੱਲ ਆਲੇ-ਟਾਲੇ ਪਾ ਛੱਡਦੀ ਸੀ, ‘ਕਾਹਦੇ ਲਈ ਭਾਬੀ, ਕਿਸ ਖਾਤਰ? ਮੇਰੇ ਤਾਂ ਜਿਵੇਂ ਚਾਅ ਈ ਮਰ ਮੁੱਕ ਗਏ ਨੇ।’
‘ਵਕਤ ਹਮੇਸ਼ਾਂ ਇਕੋ ਜਿਹਾ ਨਹੀਂ ਰਹਿੰਦਾ, ਇਹ ਜ਼ਿੰਦਗੀ ਦਾ ਅਸੂਲ ਐ, ਤੇਰਾ ਇਹ ਸਮਾਂ ਵੀ ਨਹੀਂ ਰਹਿਣਾ। ਜਿੰਨੀ ਤੂੰ ਸੁਚੱਜੀ ਸਿਆਣੀ ਐਂ ਤੈਨੂੰ ਤਾਂ ਚਾਹੀਦਾ ਅਗਾਂਹ ਦੀ ਸੋਚੇਂ…। ਲੈ, ਤੇਰੇ ਨਾਲ ਗੱਲੀਂ ਪੈ ਕੇ ਭੁੱਲ ਈ ਗਿਆ, ਤੈਨੂੰ ਤਾਂ ਪਤਾ, ਸ਼ੱਬੋ ਦੀ ਜੰਞ ਐ ਸਵੇਰੇ, ਅੱਜ ਉਹਦੀਆਂ ਨਾਨਕੀਆਂ ਜਾਗੋ ਕੱਢਣ ਦਾ ਆਹਰ ਪਈਆਂ ਕਰਦੀਆਂ, ਮੈਨੂੰ ਕਹਿੰਦੀਆਂ, ਗੁਰਮੀਤ ਨੂੰ ਜ਼ਰੂੁਰ ਆਖਿਓ…ਤੂੰ ਤਿਆਰ ਰਹੀਂ।’
‘ਪਰ ਭਾਬੀ, ਕਿਵੇਂ ਆਵਾਂਗੀ ਮੈਂ? ਸ਼ਿੰਦਰ ਦੇ ਪੇਕੀਂ ਵੀ ਵਿਆਹ ਸੀ ਅੱਜ। ਬੇਬੇ ਬਾਪੂ ਹੋਰੀਂ ਨਾਲ ਰਿੰਕੀ ਨੂੰ ਵੀ ਲੈ ਗਏ ਨੇ। ਮੰਗਾ ਹਨੇਰੇ ਪਏ ਮੁੜੂ, ਘਰ ਕੌਣ ਰਹੂ। ਨਾਲੇ ਤੈਨੂੰ ਪਤਾ…।’
ਮੈਨੂੰ ਕੁਝ ਨਹੀਂ ਪਤਾ, ਤੈਨੂੰ ਮੇਰੇ ਨਾਲ ਜਾਣਾ ਈ ਪੈਣਾ। ਉਥੇ ਤੇਰੇ ਜਿੰਨੀਆਂ ਬੋਲੀਆਂ ਕਿਸੇ ਹੋਰ ਨੂੰ ਆਉਦੀਆਂ? ਕਦੇ ਕਦਾਈਂ ਤਾਂ ਐਹੋ ਜਿਹਾ ਮੌਕਾ ਸਾਰਥ ਜੁੜਦਾ। ਮੈਂ ਸਰਪੰਚਾਂ ਦੀ ਸ਼ਰਨ ਨੂੰ ਵੀ ਕਹਿ ਆਵਾਂ। ਤੂੰ ਜ਼ਰਾ ਤਿਆਰ ਹੋ।’ ਕਹਿ ਕੇ ਵੀਰੋ ਤੁਰ ਪਈ, ‘ਮੈਂ ਮੁੜਦੇ ਪੈਰੀਂ ਆਈ ਖੜ੍ਹੀ।’
‘ਤਿਆਰ ਹੋਵਾਂ?’ ਗੁਰਮੀਤ ਮੂੰਹ ‘ਚ ਬੁੜਬੁੜਾਈ ਤੇ ਅੰਦਰ ਜਾ ਕੇ ਸ਼ੀਸ਼ੇ ‘ਚ ਆਪਣੇ ਆਪ ਨੂੰ ਨਿਹਾਰਨ ਲੱਗੀ। ਚਿਹਰੇ ਤੇ ਉੱਘੜ ਆਏ ਬੁਢਾਪੇ ਦੇ ਨਿਸ਼ਾਨ ਉਹਨੂੰ ਭੈੜੇ ਲੱਗੇ। ਉਂਗਲ ਨਾਲ ਉਹਨੇ ਅੱਖਾਂ ਦੇ ਕਿਨਾਰਿਆਂ ਵੱਲ ਉੱਭਰ ਆਈਆਂ ਝੁਰੜੀਆਂ ਨੂੰ ਨੱਪ ਕੇ ਵੇਖਿਆ ਤੇ ਸੋਚਿਆ, ਸ਼ਾਇਦ ਕਰੀਮ ਨਾਲ ਕੁਝ ਠੀਕ ਹੋ ਜਾਣ।
ਧਿਆਨ ਫਿਰ ਅੰਗੀਠੀ ਤੇ ਪਈ ਬਲਵੰਤ ਦੀ ਚਿੱਠੀ ਨੇ ਖਿੱਚ ਲਿਆ। ਕੱਲ੍ਹ ਦੁਪਹਿਰੇ ਧਰੇਕ ਦੀ ਛਾਵੇਂ ਬੈਠੀ ਰਿੰਕੀ ਦੇ ਕੱਪੜਿਆਂ ਨੂੰ ਗੰਢ-ਤਰੋਪਾ ਪਈ ਕਰਦੀ ਸੀ ਜਦੋਂ ਡਾਕੀਆ ਚਿੱਟੀ ਸੁੱਟ ਗਿਆ ਸੀ। ਪੜ੍ਹਦਿਆਂ ਗੁਰਮੀਤ ਨੂੰ ਲੱਗਾ ਸੀ ਜਿਵੇਂ ਉਹਦੇ ਮਨ ਦੇ ਸ਼ਾਂਤ ਟਿਕੇ ਪਾਣੀਆਂ ਵਿਚ ਹਲਚਲ ਮੱਚ ਗਈ ਹੋਵੇ। ਉਹਦੀ ਸੋਚ ਚਿੱਠੀ ਦੀਆਂ ਪੰਕਤੀਆਂ ਵਿਚ ਵਹਿਣ ਲੱਗੀ।
ਬਲਵੰਤ ਕਦੇ ਕਦਾਈਂ ਚਿੱਠੀ ਲਿਖਦਾ ਸੀ ਉਹਨੂੰ। ਕਈ ਵਾਰ ਉਹਦਾ ਗੂੜ੍ਹ ਗਿਆਨ ਉਹਦੇ ਉਪਰੋਂ ਦੀ ਵਹਿ ਜਾਂਦਾ ਸੀ। ਪਤਾ ਨਹੀਂ ਕਿੱਥੋਂ ਗੱਲਾਂ ਕੱਢਦਾ ਸੀ ਉਹ। ਉਹ ਜਦੋਂ ਵੀ ਉਹਦੀਆਂ ਗੱਲਾਂ ਸੁਣਦੀ, ਉਹ ਚਾਹੁੰਦੀ ਉਹ ਬੋਲੀ ਜਾਏ। ਨਿੱਕੇ ਹੁੰਦਿਆਂ ਤੋਂ ਉਹਦੇ ਖਿਆਲ ਵੱਖਰੇ ਸਨ। ਉਹ ਜਦੋਂ ਵੀ ਆਉਂਦਾ ਸੀ ਕਿਤਾਬਾਂ ਦੀਆਂ, ਸਕੂਲ ਕਾਲਜ ਦੀਆਂ, ਸ਼ਹਿਰੀ ਜੀਵਨ ਦੀਆਂ ਵੰਨ ਸੁਵੰਨੀਆਂ ਗੱਲਾਂ ਸੁਣਾਉਦਾ। ਨਿੱਕਾ ਹੁੰਦਾ ਮਾਸੀ ਨਾਲ ਆਉਂਦਾ ਹੁੰਦਾ ਸੀ, ਫਿਰ ਵੱਡਾ ਹੋਇਆ ਤਾਂ ਸਾਈਕਲ ‘ਤੇ ਆਉਣ ਲੱਗਾ। ਉਨ੍ਹਾਂ ਦਿਨਾਂ ਵਿਚ ਉਸਨੇ ਬਚਪਨ ਬਿਤਾ ਕੇ ਜਵਾਨੀ ਵਿਚ ਪੈਰ ਧਰਿਆ ਸੀ। ਉਦੋਂ ਬਾਪੂ ਪਿੰਡ ਦਾ ਲੁਹਾਰਾ ਤਰਖਾਣਾ ਕਰਦਾ ਸੀ। ਉਹ ਸਵੇਰੇ ਹੀ ਡਿਓੜ੍ਹੀਓਂ ਬਾਹਰ ਬਣੇ ਢਾਰੇ ਵਿਚ ਕੰਮ ਧੰਦੇ ਨੂੰ ਜੁਟ ਜਾਂਦਾ। ਢਾਰਾ ਕੰਮ ਕਰਾਉਣ ਆਏ ਬੰਦਿਆਂ ਨਾਲ ਭਰਿਆ ਰਹਿੰਦਾ। ਭੱਠੀ ‘ਚ ਪਏ ਕੋਲੇ ਮਘ ਰਹੇ ਹੁੰਦੇ। ਬਾਪੂ ਨੇ ਦੋਹਾਂ ਹੱਥਾਂ ਨਾਲ ਘੁੱਟ ਕੇ ਸੰਨ੍ਹੀ ਫੜੀ ਹੁੰਦੀ। ਸੰਨ੍ਹੀ ਦੀ ਪਕੜ ਵਿਚ ਲਾਲ ਸੁਰਖ ਲੋਹਾ ਹੁੰਦਾ ਜਿਸ ਨੂੰ ਦੋ ਜੁਆਨ ਵਦਾਣ ਦੀਆਂ ਸੱਟਾਂ ਮਾਰ ਰਹੇ ਹੁੰਦੇ ਤੇ ਲੋਹਾ ਕਿਸੇ ਸੰਦ ਦਾ ਰੂਪ ਅਖਤਿਆਰ ਕਰ ਰਿਹਾ ਹੁੰਦਾ। ਗੁਰਮੀਤ ਬਾਪੂ ਲਈ ਚਾਹ ਲੱਸੀ ਲੈ ਕੇ ਆਉਂਦੀ ਤਾਂ ਕੋਈ ਪੁੱਛ ਲੈਂਦਾ, ‘ਭਾਈ ਜੀ ਕਿੰਨੇ ਕੁ ਵਰ੍ਹਿਆਂ ਦੀ ਹੋ ਗਈ ਗੁੱਡੀ?’ ਤਾਂ ਬਾਪੂ ਕੁੰਡੀ ਨਾਲ ਭੱਠੀ ‘ਚ ਪਏ ਕੋਲਿਆਂ ਨੂੰ ਛੇੜਦਿਆਂ ਤੇ ਮੱਥੇ ਦਾ ਪਸੀਨਾ ਪੂੰਝਦਿਆਂ ਦੱਸਦਾ, ‘ਏਸ ਵਿਸਾਖੀ ਨੂੰ ਸੋਲ੍ਹਾਂ ਦੀ ਹੋ ਜਾਊ।’
ਹੋਲੀਆਂ ਦੇ ਦਿਨੀਂ ਆਏ ਬਲਵੰਤ ਨੇ ਉਸਨੂੰ ਇਕ ਦਿਨ ਕਿਹਾ ਸੀ, ‘ਮੀਤੋ, ਕਿੰਨੀ ਸੁਹਣੀ ਹੋ ਗਈ ਐਂ ਤੂੰ, ਸੱਚੀਂ ਯਕੀਨ ਨੀਂ ਹੁੰਦਾ ਤੂੰ ਉਹੋ ਈ ਐਂ ਜਿਹੜੀ ਵਾਲ ਖਿਲਾਰ ਛੱਡਦੀ ਸੀ।’
‘ਭੈਣਾਂ ਨੂੰ ਏਦਾਂ ਵੀ ਕਹੀਦਾ?’ ਗੁਰਮੀਤ ਨੇ ਤਾੜਿਆ ਸੀ।
‘ਜਿਹੜੀ ਚੀਜ਼ ਚੰਗੀ ਲੱਗੇ ਉਹਦੀ ਸਿਫ਼ਤ ਨਾ ਕਰਨੀ ਘਟੀਆਪਣ ਹੁੰਦਾ। ਤੂੰ ਮੇਰੀ ਭਾਵਨਾ ਨਹੀਂ ਸਮਝੀ।’ ਉਹ ਗੰਭੀਰ ਹੋ ਗਿਆ ਸੀ।
‘ਹੁਣ ਤੂੰ ਲੈਕਚਰ ਸ਼ੁਰੂ ਕਰ ਦਏਂਗਾ। ਪੂਰੀ ਕੋਈ ਕਿਤਾਬ ਸੁਣਾ ਦਏਂਗਾ, ਹੈਂ ਨਾ?’ ਉਹਨੇ ਕਿਹਾ ਸੀ। ਪਰ ਦਿਲੋਂ ਆਪਣੀ ਸਿਫ਼ਤ ਉਹਨੂੰ ਚੰਗੀ ਲੱਗੀ ਸੀ। ‘ਕਿਤਾਬ ਤਾਂ ਮੈਂ ਤੈਨੂੰ ਸੁਣਾਵਾਂ ਜਾਂ ਨਾ ਸੁਣਾਵਾਂ, ਪਰ ਇਹ ਦੱਸ ਤੂੰ ਪੜ੍ਹਾਈ ਕਿਉਂ ਛੱਡ ਰਹੀ ਏਂ?’ ਉਸਨੇ ਕਿਹਾ ਸੀ।
‘ਬੇਬੇ ਨੂੰ ਪੁੱਛ ਲਾ, ਮੈਂ ਕੀ ਜੁਆਬ ਦਿਆਂ?’ ਉਹ ਬੋਲੀ ਸੀ।
ਬੇਬੇ ਤੰਦੂਰ ਤੇ ਰੋਟੀਆਂ ਲਾ ਰਹੀ ਸੀ ਤੇ ਬਲਵੰਤ ਵਿਹੜੇ ਵਿਚ ਮੰਜੇ ਤੇ ਬੈਠਾ ਖਾ ਰਿਹਾ ਸੀ। ਉਹ ਲਾਗੇ ਬੈਠੀ ਪੱਖੀ ਨਾਲ ਮੱਠੀ-ਮੱਠੀ ਝੱਲ ਮਾਰ ਰਹੀ ਸੀ। ਬੇਬੇ ਰੋਟੀ ਰੱਖਣ ਆਈ ਤਾਂ ਬਲਵੰਤ ਨੇ ਕਿਹਾ ਸੀ, ‘ਮਾਸੀ ਜੀ, ਤੁਸੀਂ ਗੁਰਮੀਤ ਨਾਲ ਧੱਕਾ ਕਰ ਰਹੇ ਹੋ। ਇਹਦੇ ਪੜ੍ਹਨ ਲਿਖਣ ਦੇ ਦਿਨ ਨੇ। ਤੁਸੀਂ ਇਹਦਾ ਭਵਿੱਖ ਮਾਰ ਰਹੇ ਓ।’
‘ਤੂੰ ਵੇਖਦਾ ਨੀਂ ਪੁੱਤ, ਮਾਸੜ ਤੇਰੇ ਦਾ ਕੁੱਬ ਨਿਕਲ ਗਿਆ ਭੱਠੀ ਅੱਗੇ ਬਹਿ ਬਹਿ। ਤੈਨੂੰ ਕਿਹੜੀ ਭੁੱਲ ਐ? ਸ਼ਹਿਰ ਦੀਆਂ ਪੜ੍ਹਾਈਆਂ ਦਾ ਖਰਚਾ ਕਿੱਥੋਂ ਕੱਢਾਂਗੇ ਪੁੱਤ। ਨਾਲੇ ਬਹੁਤਾ ਪੜ੍ਹ ਕੇ ਇਹਨੇ ਕਿਹੜਾ ਜੱਜ ਲੱਗਣਾ? ਬਾਪੂ ਇਹਦਾ ਆਂਹਦਾ, ਕੋਈ ਚੰਗਾ ਘਰ ਵਰ ਲੱਭੇ, ਹੱਥ ਪੀਲੇ ਕਰੀਏ।’
‘ਵਿਆਹ ਹੋਣੋ ਰਹਿ ਤਾਂ ਨੀ ਚੱਲਿਆ ਮਾਸੀ। ਮੈਨੂੰ ਵੀ ਤਾਂ ਭਾਪਾ ਜੀ ਪੜ੍ਹਾ ਈ ਰਹੇ ਨੇ। ਸਾਡੀ ਕਿਹੜੀ ਮਿੱਲ ਚੱਲਦੀ ਆ?’ ਬਲਵੰਤ ਨੇ ਤਰਕ ਦਿੱਤਾ ਸੀ।
‘ਤੂੰ ਹੁਸ਼ਿਆਰ ਆਂ, ਵਜ਼ੀਫਾ ਵੀ ਲੈਨਾਂ, ਨਾਲੇ ਪੁੱਤ ਮੁੰਡਾ ਐਂ, ਨਾਲੇ ਕਾਲਜ ਤੇਰਾ ਤੇਰੇ ਸ਼ਹਿਰ ਈ ਆ। ਇਹ ਕਿੱਥੇ ਧੱਕੇ ਖਾਊ ਬੱਸਾਂ ‘ਚ?’ ਬੇਬੇ ਦਾ ਜੁਆਬ ਸੀ।
‘ਕੁੜੀਆਂ ਆਉਦੀਆਂ ਨੀਂ ਪਿੰਡਾਂ ‘ਚੋਂ? ਸਾਡੇ ਕੋਲ ਵੀ ਤਾਂ ਰਹਿ ਸਕਦੀ ਆ।’ ਉਹ ਵੀ ਆਪਦੀ ਅੜੀ ਤੇ ਕਾਇਮ ਸੀ। ਪਰ ਬੇਬੇ ਦਾ ਇਕ ਹੀ ਨੰਨਾ ਸੀ, ‘ਨਹੀਂ ਪੁੱਤ ਵਾਰਾ ਨੀਂ ਖਾਣਾ ਸਾਥੋਂ, ਅਸੀਂ ਤਾਂ ਆਹਨੇ ਆਂ, ਇੱਜ਼ਤ ਨਾਲ ਆਪਣੇ ਘਰ ਜਾਏ। ਬੱਸ…।’
ਬਲਵੰਤ ਦੀ ਇਕ ਵੀ ਨਹੀਂ ਸੀ ਚੱਲੀ। ਤਾਂ ਹੀ ਇਕ ਦਿਨ ਚਾਚੀ ਪਿਆਰੀ ਤੇ ਬੇਬੇ ਸਲਾਹੀਂ ਪਈਆਂ ਗੁਰਮੀਤ ਨੇ ਸੁਣੀਆਂ ਸਨ। ਚਾਚੀ ਪੁੱਛ ਰਹੀ ਸੀ, ‘ਵੱਡੀਏ, ਗੁਰਮੀਤ ਨੂੰ ਮੰਗਣ ਵਿਆਹੁਣ ਦਾ ਸੋਚ, ਕੁੜੀ ਜੁਆਨ ਜਹਾਨ ਘਰ ਬੈਠੀ ਆ।’
‘ਸੋਚਦੇ ਤਾਂ ਹੈ ਆਂ। ਇਹਦੀ ਮਾਮੀ ਵੀ ਇਕ ਦਿਨ ਆਈ ਸੀ, ਉਹ ਵੀ ਕਹਿ ਰਹੀ ਸੀ। ਪਰ ਹੁਣ ਕੋਈ ਬਣਦਾ ਫੱਬਦਾ ਸਾਥ ਮਿਲੇ…।’
‘ਮੇਰੀ ਕੋਟਲੀ ਵਾਲੀ ਭੈਣ ਦਾ ਜਠੀਆ ਈ। ਮੁੰਡਾ ਸੋਹਣਾ ਸੁਨੱਖਾ ਈ, ਜੋੜੀ ਚੰਗੀ ਬਣੂੰ। ਕੰਮ ਰਾਜਗਿਰੀ ਕਰਦਾ ਈ ਪਿਓ ਨਾਲ, ਘਰ-ਬਾਰ ਚੰਗਾ। ਤੂੰ ਕਹੇਂ ਤਾਂ ਗੱਲ ਤੋਰਾਂ।’
‘ਵੇਖ ਲਾ ਤੋਰ ਕੇ।’ ਬੇਬੇ ਨੇ ਕਿਹਾ ਸੀ। ਚਾਦਰ ਤੇ ਦਸੂਤੀ ਦਾ ਤੋਪਾ ਭਰਦਿਆਂ ਗੁਰਮੀਤ ਨੇ ਆਪਣੇ ਆਪ ਵਿਚ ਮਸਤ ਰਹਿ ਕੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਸਨ। ਕੁਝ ਚੰਗਾ ਵੀ ਲੱਗਾ ਸੀ। ਕਿਹੋ ਜਿਹਾ ਹੋਊ?’ ਉਹਦਾ ਜੀਅ ਕੀਤਾ ਚਾਚੀ ਨੂੰ ਉਹਦੇ ਬਾਰੇ ਪੁੱਛੇ ਪਰ ਸੰਗ ਦੀ ਮਾਰੀ ਹੁੰਗਾਰਾ ਵੀ ਨਾ ਭਰ ਸਕੀ।
‘ਲੈ ਫਿਰ ਕੱਲ੍ਹ ਈ ਰੁੱਕਾ ਭੇਜਨੀ ਆਂ ਜਗੀਰੋ ਨੂੰ। ਦਿਓਰ ਤੇਰਾ ਕੋਟਲੀ ਵੱਲ ਈ ਜਾਂਦਾ ਕਿਤੇ ਕੰਮ ਤੇ। ਮੈਂ ਲਿਖ ਦੇਣਾ, ਐਤਵਾਰ ਸ਼ਹੀਦੀਂ ਆ ਜੋ, ਕੁੜੀ ਨੂੰ ਝਾਤੀ ਮਾਰ ਲਓ, ਅਸੀਂ ਮੁੰਡਾ ਵੇਖ ਲਾਂਗੇ। ਠੀਕ ਆ?’
‘ਠੀਕ ਆ।’ ਬੇਬੇ ਨੇ ਕਿਹਾ। ਐਤਵਾਰ ਉਹ ਚਾਚੀ ਤੇ ਬੇਬੇ ਨਾਲ ਬੱਸ ਤੇ ਬਹਿ ਕੇ ਅੰਮ੍ਰਿਤਸਰ ਗਈਆਂ ਸਨ। ਗੁਰਦੁਆਰੇ ਨਿਸ਼ਾਨ ਸਾਹਿਬ ਲਾਗੇ ਹਰਪ੍ਰੀਤ ਨੂੰ ਵੇਖਿਆ ਸੀ। ਉਨ੍ਹਾਬੀ ਪੱਗ ਵਿਚ ਉਹਦਾ ਗੋਰਾ ਰੰਗ ਹੋਰ ਵੀ ਜੱਚ ਰਿਹਾ ਸੀ। ਇਹ ਸਬੱਬ ਹੀ ਸੀ ਕਿ ਉਹਨੇ ਵੀ ਉਸ ਦਿਨ ਉਨ੍ਹਾਬੀ ਸੂਟ ਈ ਪਾਇਆ ਹੋਇਆ ਸੀ ਤੇ ਹਰਪ੍ਰੀਤ ਘੜੀ-ਘੜੀ ਪਿੱਛੋਂ ਉਸ ਵੱਲ ਤੱਕਦਾ ਸੀ। ਚਾਚੀ ਤੇ ਬੇਬੇ ਹਰਪ੍ਰੀਤ ਦੀ ਮਾਂ ਤੇ ਦਿਓਰਾਣੀ ਨਾਲ ਗੱਲੀਂ ਜੁੱਟ ਗਈਆਂ। ਫਿਰ ਥੋੜ੍ਹੇ ਚਿਰ ਬਾਅਦ ਚਾਚੀ ਨੇ ਕਿਹਾ, ‘ਹਰਪ੍ਰੀਤ, ਕੋਈ ਗੱਲ ਬਾਤ ਕਰ ਲੈ, ਸਾਡੇ ਵਾਰੇ-ਪਾਰੇ ਤਾਂ ਹੋਰ ਗੱਲਾਂ ਸੀ।’
‘ਆਂਟੀ ਜੀ, ਕੀ ਗੱਲ ਕਰਾਂ ਮੈਂ?’ ਉਹ ਸ਼ਰਮਾ ਗਿਆ ਸੀ।
‘ਇਹ ਵੀ ਹੁਣ ਤੈਨੂੰ ਮੈਂ ਈ ਦੱਸਾਂ?’ ਉਹਨੇ ਮਿੱਠੀ ਜਿਹੀ ਘੁਰਕੀ ਦਿੱਤੀ ਸੀ, ‘ਜਾਓ, ਥੋੜ੍ਹਾ ਕੁ ਪਰ੍ਹੇ ਹੋ ਜੋ, ਜਾਹ ਨੀ ਗੁਰਮੀਤ ਤੂੰ ਵੀ।’ ਹਰਪ੍ਰੀਤ ਉੱਠ ਕੇ ਥੋੜ੍ਹਾ ਪਰ੍ਹੇ ਜਾ ਖਲੋਤਾ। ਉਹ ਵੀ ਨੀਵੀਂ ਪਾਈ ਲਾਗੇ ਜਾ ਖਲੋਤੀ। ਹਰਪ੍ਰੀਤ ਨੇ ਗੱਲ ਛੇੜੀ ਸੀ, ਤੁਸੀਂ ਘਰ ਦੇ ਕੰਮ ਕਾਰ ਤੋਂ ਇਲਾਵਾ ਕੀ ਕਰਦੇ ਓ?’
‘ਸਿਲਾਈ ਕਢਾਈ ਤੇ ਕਦੀ-ਕਦੀ ਪੜ੍ਹਦੀ ਆਂ।’ ਉਹਨੇ ਕਿਹਾ।
‘ਕੀ ਪੜ੍ਹਦੇ ਓ?’ ਉਹਨੇ ਦਿਲਚਸਪੀ ਨਾਲ ਪੁੱਛਿਆ।
‘ਮੇਰਾ ਵੀਰ ਕਾਲਜ ਵਿਚ ਪੜ੍ਹਦੈ, ਉਹ ਕਿਤਾਬਾਂ ਦੇ ਜਾਂਦਾ।’
‘ਪਰ ਚਾਚੀ ਜੀ ਤਾਂ ਦੱਸਦੇ ਸੀ ਤੁਹਾਡਾ ਵੀਰ ਨਿੱਕਾ ਏ ਤੇ ਹਾਲੇ ਸਕੂਲ ਪੜ੍ਹਦਾ।’
‘ਉਹ ਮੇਰੀ ਮਾਸੀ ਦਾ ਮੁੰਡਾ ਵਾ। ਬੜਾ ਸਿਆਣਾ ਉਹ ਅਖਬਾਰਾਂ ਵਿਚ ਵੀ ਲਿਖਦਾ। ਸ਼ੈਤ ਤੁਸੀਂ ਕਦੀ ਪੜ੍ਹਿਆ ਈ ਹੋਵੇ।’
‘ਕੀ ਨਾਂ ਉਨ੍ਹਾਂ ਦਾ?’
‘ਬਲਵੰਤ। ਬਲਵੰਤ ਸਿੰਘ ਕੰਵਲ ਦੇ ਥੱਲੇ ਲਿਖਦਾ ਉਹ।’
‘ਕੰਵਲ ਜਾਤ ਆ ਉਨ੍ਹਾਂ ਦੀ।’
‘ਨਹੀਂ, ਪਤਾ ਨੀ ਕੀ ਕਹਿੰਦਾ ਹੁੰਦਾ, ਅਖੇ ਉਹ ਰੱਖਿਆ।’ ਗੁਰਮੀਤ ਨੇ ਹਰਪ੍ਰੀਤ ਦੀਆਂ ਅੱਖਾਂ ‘ਚ ਝਾਕਿਆ।
‘ਤਖੱਲਸ ਕਹਿੰਦੇ ਨੇ।’ ਹਰਪ੍ਰੀਤ ਮੁਸਕਰਾਇਆ।
‘ਹਾਂ ਹਾਂ, ਏਹੀ…।’ ਗੁਰਮੀਤ ਵੀ ਨਿੰਮਾ ਜਿਹਾ ਹੱਸੀ। ਤਾਂ ਹੀ ਚਾਚੀ ਨੇ ਆ ਲੜੀ ਤੋੜੀ, ‘ਕਿਤੇ ਪਹਿਲਾਂ ਦੀ ਤਾਂ ਨੀ ਵਾਕਬੀ, ਬੜੀਆਂ ਗੂੜ੍ਹੀਆਂ ਗੱਲਾਂ ‘ਚ ਪੈ ਗੇ। ਪਸੰਦ ਜੇ ਇਕ ਦੂਜੇ ਨੂੰ ਤਾਂ ਹਾਂ ਕਰੀਏ?’ ਉਹ ਦੋਹਾਂ ਵੱਲ ਵਾਰੋ ਵਾਰੀ ਵੇਖ ਕੇ ਬੋਲੀ, ‘ਦੱਸੋ ਫਿਰ? ਨਿੱਕੇ-ਮੋਟੇ ਬਾਜ਼ਾਰ ਦੇ ਕੰਮ ਵੀ ਕਰਨੇ ਆਂ ਅਸਾਂ, ਦੁਪਹਿਰ ਹੋ ਰਹੀ ਆ, ਚੱਲੀਏ ਫਿਰ।’ ਗੁਰਮੀਤ ਨੂੰ ਲੱਗਾ ਉਹਦਾ ਜੀਅ ਥੋੜ੍ਹਾ ਚਿਰ ਹੋਰ ਰੁਕਣ ਨੂੰ ਕਰ ਰਿਹਾ, ਸ਼ਾਇਦ ਹਰਪ੍ਰੀਤ ਵੀ ਹਾਲੇ ਜਾਣਾ ਨਹੀਂ ਸੀ ਚਾਹੁੰਦਾ, ਪਰ ਇਸ ਵੇਲੇ ਦੋਹੀਂ ਪਾਸੀਂ ਮਜ਼ਬੂਰੀ ਸੀ।
ਤੁਰਨ ਵੇਲੇ ਚਾਚੀ ਨੇ ਸਾਰਿਆਂ ਨੂੰ ਕਿਹਾ, ‘ਵਧਾਈ ਹੋਵੇ ਬਹੁਤੀ-ਬਹੁਤੀ, ਸੁੱਖ ਦੇ ਨਿਭਣ ਇਹ ਰਿਸ਼ਤੇ।’
ਵਕਤ ਤਾਂ ਜਿਵੇਂ ਖੰਭ ਲਾ ਕੇ ਉੱਡ ਪਿਆ। ਦਿਨਾਂ ਵਿਚ ਘਰਾਂ ਦੀ ਲਿੰਬਾ-ਪੋਚੀ, ਰੰਗ ਰੋਗਨ ਤੇ ਹੋਰ ਤਿਆਰੀਆਂ ਸ਼ੁਰੂ ਹੋ ਗਈਆਂ। ਵਿਹੰਦਿਆਂ-ਵਿਹੰਦਿਆਂ ਵਿਆਹ ਦਾ ਦਿਨ ਸਿਰ ਤੇ ਆ ਗਿਆ। ਇਕ ਦਿਨ ਪਹਿਲਾਂ ਘਰ ਰਿਸ਼ਤੇਦਾਰਾਂ ਨਾਲ ਭਰ ਗਿਆ। ਥੋੜ੍ਹਾ ਕੁ ਹਨ੍ਹੇਰਾ ਹੋਇਆ ਤਾਂ ਨਾਨਕੀਆਂ ਜਾਗੋ ਲੈ ਕੇ ਤੁਰ ਪਈਆਂ। ਗੁਰਮੀਤ ਦੀ ਮਾਮੀ ਸਾਰਿਆਂ ਚੋਂ ਵੱਖਰੀ ਨਜ਼ਰ ਆ ਰਹੀ ਸੀ। ਉਹਦਾ ਕਸਰਤਿਆ ਤੇ ਤਰਾਸ਼ਿਆ ਸਰੀਰ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਘੁੰਗਰੂ ਬੱਧੀ ਡਾਂਗ ਹੱਥ ‘ਚ ਫੜੀ ਉਹ ਸਭ ਤੋਂ ਅੱਗੇ ਸੀ ਤੇ ਜਗਦੇ ਦੀਵਿਆਂ ਵਾਲੀ ਗਾਗਰ ਵਾਲੀ ਕੁੜੀ ਉਸਤੋਂ ਪਿੱਛੇ। ਵਿਚੋਂ ਕਿਸੇ ਨੇ ਬੋਲੀ ਚੁੱਕੀ, ‘ਵੱਡੀ ਮਾਮੀ ਜ਼ੈਲਦਾਰਨੀ, ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ, ਕਿ ਵੱਡੀ ਮਾਮੀ…।’ ਗਿੱਧੇ ਤੇ ਬੋਲੀਆਂ ਦੇ ਸ਼ੋਰ ਵਿਚ ਗਲੀ ‘ਚੋਂ ਲੰਘਦਾ ਇਹ ਕਾਫ਼ਲਾ ਲੋਕਾਂ ਦੇ ਪ੍ਰਨਾਲੇ ਭੰਨਦਾ, ਵੇਲ੍ਹੀਆਂ ‘ਚ ਬੱਝੇ ਡੰਗਰ ਖੋਲ੍ਹਦਾ, ਸ਼ਰਾਬੀਆਂ ਤੇ ਅਮਲੀਆਂ ਨੂੰ ਹੁੱਝਾਂ ਮਾਰਦਾ ਵਾਪਸ ਆ ਗਿਆ। ਫਿਰ ਵਿਹੜੇ ਵਿਚ ਗਿੱਧੇ ਦਾ ਪਿੜ ਬੱਝਾ। ਵੱਡੀ ਮਾਮੀ ਦੀਆਂ ਲੁੱਚੀਆਂ ਬੋਲੀਆਂ ਨੇ ਬੰਦਿਆਂ ਦੇ ਕੰਨੀਂ ਉਂਗਲਾਂ ਪੁਆ ਦਿੱਤੀਆਂ। ਵਿਚੋ ਵਿਚ ਕਈ ਕਹਿਣ, ‘ਨੀਂ ਹੁਣ ਬੱਸ ਕਰੋ, ਬਹੁਤ ਹੋ ਗਿਆ ਹੁਣ।’
ਅਗਲੇ ਦਿਨ ਹਰਪ੍ਰੀਤ ਵਿਆਹੁਣ ਆਇਆ। ਸ਼ਗਨ ਵਿਹਾਰ ਹੋਏ। ਲਾਵਾਂ ਹੋਈਆਂ ਤੇ ਗੁਰਮੀਤ ਹਰਪ੍ਰੀਤ ਨਾਲ ਪੱਕੇ ਬੰਧਨ ‘ਚ ਬੱਝ ਗਈ। ਸਹੁਰੇ ਤੁਰਦਿਆਂ ਚਾਵਾਂ ਦੇ ਨਾਲ-ਨਾਲ ਪੇਕੇ ਘਰ ਦੇ ਵਿਛੋੜੇ ਦੇ ਦਰਦ ਨੇ ਉਹਦੀਆਂ ਅੱਖਾਂ ‘ਚ ਹੰਝੂਆਂ ਦੀ ਝੜੀ ਲਾ ਦਿੱਤੀ। ਸਹੁਰੇ ਘਰ ਉਹਦਾ ਮਨ ਛੇਤੀ ਪਰਚ ਗਿਆ ਸੀ। ਸੱਸ ਉਹਦੇ ਨਾਲ ਧੀਆਂ ਵਾਂਗ ਵਰਤਦੀ। ਹਰਪ੍ਰੀਤ ਬੇਹੱਦ ਮੋਹ ਜਤਾਉਂਦਾ। ਸਾਲ ਪਿੱਛੋਂ ਨੰਨ੍ਹੀ ਰਮਨਦੀਪ ਦੀ ਆਮਦ ਨੇ ਖੁਸ਼ੀਆਂ ‘ਚ ਹੋਰ ਵਾਧਾ ਕਰ ਦਿੱਤਾ। ਉਹ ਚਾਈਂ-ਚਾਈਂ ਉਸਨੂੰ ਨਹਾਉਂਦੀ ਧੁਆਉਂਦੀ ਤੇ ਸੁਆਰਦੀ, ਉਹਦੇ ਨਾਲ ਗੱਲਾਂ ਕਰਦੀ ਤੇ ਮਿੱਠੇ-ਮਿੱਠੇ ਗੀਤ ਗਾਉਂਦੀ। ਹਰਪ੍ਰੀਤ ਕਹਿੰਦਾ, ‘ਮੇਰੀ ਚੰਗੀ ਕਿਸਮਤ, ਤੇਰੇ ਨਾਲ ਸਾਥ ਜੁੜਿਆ। ਉਹ ਸਵੇਰੇ ਸਾਈਕਲ ਲੈ ਕੰਮ ਤੇ ਜਾਂਦਾ, ਦਿਹਾੜੀ ਨਾ ਤੋੜਦਾ, ਪਰ ਮੱਸਿਆ ਵਾਲਾ ਦਿਨ ਜ਼ਰੂਰ ਗੁਰਮੀਤ ਵਾਸਤੇ ਰਾਖਵਾਂ ਰੱਖਦਾ। ਉਹਨੂੰ ਕਦੀ ਅੰਬਰਸਰ ਫਿਲਮ ਵਿਖਾਉਣ ਲੈ ਜਾਂਦਾ ਕਦੀ ਉਹਨੂੰ ਪੇਕੇ ਲੈ ਜਾਂਦਾ। ਗੁਰਮੀਤ ਦਾ ਬਾਪੂ ਉਹਨੂੰ ਕਈ ਵਾਰ ਪੁੱਛਦਾ, ‘ਜੇ ਪੀਣੀ ਤਾਂ ਮੰਗਵਾ ਦਿਆਂ?’ ਤਾਂ ਉਹਦਾ ਇਕੋ ਜਵਾਬ ਹੁੰਦਾ, ‘ਪਹਿਲਾਂ ਕਦੀ- ਕਦੀ ਪੀ ਲੈਂਦਾ ਸੀ, ਹੁਣ ਗੁਰਮੀਤ ਬੁਰਾ ਮਨਾਉਂਦੀ ਆ ਤੇ ਮੈਂ ਨਹੀਂ ਪੀਂਦਾ।’
ਅੱਠ ਸਾਲ ਦਾ ਸਮਾਂ ਲੰਘਦਿਆਂ ਪਤਾ ਹੀ ਨਾ ਲੱਗਾ। ਇਕ ਦਿਨ ਗੁਰਮੀਤ ਦੇ ਬਾਪੂ ਨੇ ਹਰਪ੍ਰੀਤ ਨੂੰ ਕਿਹਾ ਸੀ, ‘ਤੂੰ ਸਾਡਾ ਵੱਡਾ ਪੁੱਤ ਐਂ, ਆਹ ਵੇਖ ਮੰਗਾ ਹੁਣ ਗੱਭਰੂ ਹੋ ਗਿਆ। ਅੱਜਕੱਲ੍ਹ ਜਿਹੋ ਜਿਹਾ ਮਾਹੌਲ ਐ ਉਹਦੇ ਤੋਂ ਡਰ ਲੱਗਦੈ, ਤੂੰ ਇਹਨੂੰ ਕਿਤੇ ਆਹਰੇ ਲਾਉਣ ‘ਚ ਸਾਡੀ ਮਦਦ ਕਰ।’
ਹਰਪ੍ਰੀਤ ਨੇ ਕਿਹਾ, ‘ਵੇਲੇ ਸਿਰ ਈ ਗੱਲ ਕੀਤੀ ਜੇ। ਮੇਰੇ ਇਕ ਵਾਕਫ਼ਕਾਰ ਨੇ ਅੱਡੇ ਤੇ ਦੁਕਾਨਾਂ ਪਾਈਆਂ। ਇਕ ਦੁਕਾਨ ਲੈ ਦੇਈਏ ਤੇ ਸ਼ਟਰਿੰਗ ਦਾ ਥੋੜ੍ਹਾ ਸਮਾਨ ਪਾ ਦੇਈਏ, ਕੰਮ ਮੈਂ ਇਹਦਾ ਚਲਵਾ ਦਊਂ।’
‘ਮੇਰੇ ਸਿਰੋਂ ਭਾਰ ਲਹਿ ਜੇ ਪੁੱਤ।’ ਬਾਪੂ ਜੀ ਬੋਲੇ।
‘ਇਕ ਹੋਰ ਭਾਰ ਵੀ ਲਾਹ ਦਈਏ?’ ਹਰਪ੍ਰ੍ਰੀਤ ਨੇ ਕਿਹਾ।
‘ਉਹ ਕੀ?’ ਬਾਪੂ ਜੀ ਨੇ ਪੁੱਛਿਆ।
‘ਇਹਨੂੰ ਸੰਗਲ ਵੀ ਪਾ ਦਈਏ। ਨਾਲੇ ਬੇਬੇ ਜੀ ਨੂੰ ਆਸਰਾ ਹੋ ਜੂ। ਮੇਰੀ ਨਜ਼ਰ ‘ਚ ਹੈ ਇਕ ਕੁੜੀ। ਫਿਰ ਉਹਨੇ ਮੰਗੇ ਨੂੰ ਕੋਲ ਸੱਦਿਆ, ‘ਕੀ ਸਲਾਹ ਬਈ, ਟੱਬਰ ਸਾਂਭ ਲਏਂਗਾ ?’
‘ਸਾਰੇ ਈ ਸਾਂਭ ਲੈਂਦੇ ਆ ਭਾ ਜੀ, ਮੈਂ ਵੀ ਸਾਂਭ ਲੂੰ।’ ਮੰਗੇ ਨੇ ਕਿਹਾ।
ਫਿਰ ਇਕ ਵਾਰ ਦੇਖਣ ਦਿਖਾਉਣ ਦਾ ਸਿਲਸਿਲਾ ਚੱਲਿਆ। ਗੁਰਮੀਤ ਨੇ ਵਿਚੋਲਣ ਬਣ ਕੇ ਦੋਹੀਂ ਘਰੀਂ ਗੇੜੇ ਕੱਢੇ। ਵੀਰ ਦੇ ਵਿਆਹ ਦਾ ਉਹਨੂੰ ਬੜਾ ਚਾਅ ਸੀ।
ਉਸ ਦਿਨ ਉਹ ਹਰਪ੍ਰੀਤ ਨੂੰ ਕਹਿ ਰਹੀ ਸੀ, ਅੱਧਾ ਦਿਨ ਲਾ ਕੇ ਛੁੱਟੀ ਕਰ ਲਇਓ, ਬੇਬੇ ਜੀ ਨੇ ਸੱਦਿਆ, ਆਂਹਦੇ ਵਰੀ ਦੇ ਸੂਟ ਲੈਣੇ ਆਂ। ਸੁਨੇਹਾ ਭੇਜਿਆ ਕਿ ਸਿੱਧੇ ਬਟਾਲੇ ਈ ਆਜੋ। ਹਰਪ੍ਰੀਤ ਨੇ ਕਿਹਾ, ‘ਅੱਜ ਏਥੇ ਪਿੰਡ ਈ ਆਂ, ਇੰਦਰਜੀਤ ਹੋਰਾਂ ਦੇ ਟਿਊਬਵੈੱਲ ਦੀ ਮੋਟਰ ਦੀ ਖੂਹੀ ਪੱਕੀ ਕਰਨੀ ਆਂ। ਦੁਪਹਿਰੇ ਘਰੇ ਆ ਕੇ ਰੋਟੀ ਖਾਵਾਂਗਾ ਤੇ ਫਿਰ ਜਾ ਨਿਕਲਾਂਗੇ।’ ਪਰ ਕੀ ਪਤਾ ਸੀ ਉਹ ਖੂਹੀ ਪੱਕੀ ਕਰਨ ਦਾ ਕੰਮ ਉਹਨੂੰ ਕਿੱਧਰ ਧੱਕ ਲਿਜਾ ਰਿਹਾ ਸੀ। ਹਾਲੇ ਉਹਨੇ ਚੌਕੇ ਚੁਲ੍ਹੇ ਦਾ ਕੰਮ ਵੀ ਪੂਰਾ ਨਹੀਂ ਸੀ ਨਿਬੇੜਿਆ ਕਿ ਗੁਰਦੁਆਰੇ ਦੇ ਸਪੀਕਰ ਤੋਂ ਅਨਾਉਸਮੈਂਟ ਹੋਈ, ‘ਵਾਹਗੁਰੂ ਜੀ ਕੀ ਫਤਹਿ ਸਾਧ ਸੰਗਤ ਜੀ, ਬੇਨਤੀ ਹੈ ਕਿ ਥੇਹ ਵਾਲੇ ਇੰਦਰਜੀਤ ਦੇ ਬੋਰ ਵਾਲੀ ਖੂਹੀ ਵਿਚ ਮਿਸਤਰੀ ਧਰਮ ਸਿਹੁੰ ਦਾ ਮੁੰਡਾ ਤੇ ਦੋ ਮਜ਼ਦੂਰ ਢਿੱਗ ਡਿੱਗਣ ਕਾਰਨ ਦੱਬੇ ਗਏ ਨੇ, ਜਿਹੜਾ ਵੀਰ ਭਾਈ ਸੁਣਦਾ ਹੋਵੇ ਜਲਦੀ ਉੱਥੇ ਪਹੁੰਚੇ।’ ਸੁਣਦੇ ਸਾਰ ਗੁਰਮੀਤ ਦੇ ਹੋਸ਼ ਹਵਾਸ ਉੱਡ ਗਏ, ਉਹਦੇ ਮੂੰਹੋਂ ਨਿਕਲਿਆ, ‘ਨੀ ਰਿੰਕੀ ਤੇਰਾ ਡੈਡੀ…।’ ਤੇ ਉਹ ਬਿਨਾਂ ਸਿਰ ਤੇ ਲੀੜਾ ਲਏ ਗਲੀ ਵਿਚ ਭੱਜ ਪਈ। ਉਹਦੀ ਸੱਸ ਥਾਏਂ ਵਿਹੜੇ ਵਿਚ ਡੌਰ ਭੌਰ ਹੋਈ ਬਹਿ ਗਈ। ਕਮਰੇ ‘ਚੋਂ ਲੰਗਾਉਦਾ ਮਿਸਤਰੀ ਧਰਮ ਸਿਹੁੰ ਵਿਰਲਾਪ ਕਰਨ ਲੱਗਾ, ‘ਇਉ ਨਾ ਕਰੀਂ ਪੁੱਤਾ, ਘਰ ਮੁੜ ਆ ਉਏ…।’
ਗੁਰਮੀਤ ਤੇ ਰਿੰਕੀ ਲੋਕਾਂ ਦੇ ਨਾਲ ਉਪਲਾਂ ਦੇ ਮੈਰੇ ਵਿਚ ਪਹੁੰਚੀਆਂ। ਹਰਪ੍ਰੀਤ ਅਧਿਉਂ ਬਹੁਤਾ ਮਿੱਟੀ ਵਿਚ ਦੱਬਿਆ ਹੋਇਆ ਸੀ। ਕੁਝ ਬੰਦੇ ਬੜੀ ਮੁਸ਼ਕਲ ਨਾਲ ਮਿੱਟੀ ਹਟਾਉਣ ਦਾ ਕੰਮ ਕਰ ਰਹੇ ਸਨ, ਕਾਫੀ ਮਿਹਨਤ ਤੋਂ ਬਾਅਦ ਜਦੋਂ ਥੋੜ੍ਹੀ ਮਿੱਟੀ ਰਹਿ ਗਈ ਤਾਂ ਹੀ ਭੀੜ ਨੇ ਰੌਲਾ ਪਾਇਆ, ਪਿੱਛੇ ਹਟ ਜੋ ਉਏ, ਇਕ ਹੋਰ ਢਿੱਗ ਡਿੱਗਣ ਲੱਗੀ ਜੇ।’ ਤੇ ਵੇਖਦਿਆਂ ਹੀ ਵੇਖਦਿਆਂ ਇਕ ਵੱਡੀ ਢਿੱਗ ਹਰਪ੍ਰੀਤ ਦੇ ਸਿਰ ਵੱਲ ਆ ਡਿੱਗੀ ਤੇ ਨਾਲ ਹੀ ਉਸਦਾ ਸਿਰ ਪਿੱਛੇ ਨੂੰ ਲੁੜਕ ਗਿਆ। ਗੁਰਮੀਤ ਨੂੰ ਭੀੜ ਦਾ ਸ਼ੋਰ ਸ਼ਰਾਬਾ ਸੁਣ ਰਿਹਾ ਸੀ। ਕਿਸੇ ਨੇ ਉੱਚੀ ਦੇਣੀ ਕਿਹਾ, ‘ਹੁਣ ਇਨ੍ਹਾਂ ਦਾ ਬਚਣਾ ਮੁਸ਼ਕਿਲ ਆ, ਮਾੜੀ ਕਿਸਮਤ ਵਿਚਾਰਿਆਂ ਦੀ।’ ਇਸਤੋਂ ਬਾਅਦ ਗੁਰਮੀਤ ਨੂੰ ਕੋਈ ਹੋਸ਼ ਨਹੀਂ ਸੀ ਰਹੀ। ਜਦੋਂ ਹੋਸ਼ ਆਈ ਸੀ ਤਾਂ ਉਹਨੇ ਹਰਪ੍ਰੀਤ ਦੀ ਲਾਸ਼ ਵਿਹੜੇ ‘ਚ ਪਈ ਵੇਖੀ ਤਾਂ ਉਹਦੀਆਂ ਡਾਡਾਂ ਨਿਕਲ ਗਈਆਂ ਸਨ। ਸਿਰ ਪਿੱਟਦਿਆਂ ਉਹਦੇ ਹੱਥੀਂ ਪਾਈਆਂ ਸੂਹੀਆਂ ਚੂੜੀਆਂ ਟੁੱਟ-ਟੁੱਟ ਜ਼ਮੀਨ ਤੇ ਨਿਕਲ ਗਈਆਂ। ਛੇਤੀ ਹੀ ਉਹਦੀ ਹੋਸ਼ ਫਿਰ ਜੁਆਬ ਦੇ ਗਈ।
ਸੱਥਰ ਤੇ ਬੈਠੇ ਬੰਦਿਆਂ ‘ਚੋਂ ਮਾਸਟਰ ਸਾਧੂ ਸਿੰਘ ਨੇ ਕਿਹਾ, ‘ਸਾਨੂੰ ਕਣਕ ਝੋਨੇ ਦੇ ਫਸਲੀ ਚੱਕਰ ਨੇ ਮਾਰ ਲਿਆ, ਜਿਸ ਹਿਸਾਬ ਨਾਲ ਪਾਣੀ ਹੇਠਾਂ ਜਾ ਰਿਹੈ, ਲੱਗਦੈ ਇਕ ਦਿਨ ਬੰਜਰ ਹੋਜੂ ਪੰਜਾਬ।’ ਬਲਬੀਰ ਸਿੰਘ ਬੈਂਕ ਵਾਲੇ ਨੇ ਆਪਣੇ ਗੋਡੇ ਸਿੱਧੇ ਕਰਦਿਆਂ ਸਹਿਮਤੀ ਦੀ ਸੁਰ ‘ਚ ਕਿਹਾ, ‘ਠੀਕ ਆਂਹਦੇ ਓ ਮਾਸਟਰ ਜੀ, ਪੀਣ ਵਾਲੇ ਪਾਣੀ ਨੂੰ ਤਰਸਿਆ ਕਰਨਗੇ ਲੋਕ।’ ਕਾਮਰੇਡ ਦਲੀਪ ਬੋਲਿਆ, ‘ਸਰਕਾਰਾਂ ਚਾਹੁਣ, ਦੂਜੀਆਂ ਫਸਲਾਂ ਦਾ ਸਹੀ ਮੰਡੀਕਰਣ ਹੋਵੇ, ਬੀਜ ਦਵਾਈਆਂ ਆਰਾਮ ਨਾਲ ਮਿਲ ਸਕਣ ਤਾਂ ਇਸ ਚੱਕਰ ‘ਚੋਂ ਨਿਕਲਣਾ ਕੋਈ ਔਖਾ ਨਹੀਂ।’ ਬਜ਼ੁਰਗ ਕਿਸ਼ਨ ਸਿਹੁੰ ਨੇ ਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਠੀਕ ਕਰਦਿਆਂ ਕਿਹਾ, ‘ਹਾਲੇ ਦੱਸ ਕੁ ਵਰ੍ਹਿਆਂ ਦੀ ਤਾਂ ਗੱਲ ਐ ਜਦੋਂ ਵੀਹਾਂ ਕੁ ਫੁੱਟਾਂ ਤੇ ਪਾਣੀ ਮਿਲਦਾ ਸੀ ਤੇ ਹੁਣ ਵੀਹ-ਵੀਹ ਫੁੱਟ ਡੂੰਘੀਆਂ ਮੋਟਰਾਂ ਬਿਠਾ ਕੇ ਵੀ ਪਾਣੀ ਨਹੀਂ ਆਉਂਦਾ।’ ਨੰਬਰਦਾਰ ਤਾਰਾ ਸਿਹੁੰ ਨੇ ਉਦਾਸ ਸੁਰ ਵਿਚ ਦੱਸਿਆ, ‘ਹਾਲੇ ਪਿਛਲੇ ਵਰ੍ਹੇ ਈ ਆਪਣੇ ਅਮਰੀਕ ਦਾ ਸਾਲਾ ਏਸੇ ਖੂਹੀ ‘ਚ ਮੋਟਰ ਦੀ ਤਾਰ ਠੀਕ ਕਰਨ ਗਿਆ ਮਰ ਗਿਆ। ਇਕੋ ਇਕ ਮਾਪਿਆਂ ਦਾ ਸਰੂ ਵਰਗਾ ਪੁੱਤ ਸੀ, ਸਿਆਣਾ ਰੱਜ ਕੇ, ਪਰ ਪਤਾ ਨਹੀਂ ਕਿਵੇਂ ਬਿਜਲੀ ਦੀ ਲਪੇਟ ‘ਚ ਆ ਗਿਆ।’ ਬਾਬਾ ਹਜ਼ਾਰਾ ਸਿਹੁੰ ਨੇ ਕਿਹਾ, ‘ਭਾਈ, ਇਹ ਤਾਂ ਰੱਬ ਦਾ ਭਾਣਾ, ਮੰਨਣਾ ਪੈਣਾ, ਜੋ ਉਹਦੀ ਰਜ਼ਾ ਵਾਹ ਵਾਹ। ਮਹਾਰਾਜ ਹੁਣ ਬਾਕੀ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’
ਭੋਗ ਤੱਕ ਲੋਕਾਂ ਦੀ ਆਵਾਜਾਈ ਬਣੀ ਰਹੀ ਪਰ ਬਾਅਦ ‘ਚ ਕਦੇ ਨਾ ਮੁੱਕਣ ਵਾਲੀ ਇਕੱਲਤਾ ਨੇ ਗੁਰਮੀਤ ਨੂੰ ਘੇਰ ਲਿਆ। ਮਿਸਤਰੀ ਧਰਮ ਸਿਹੁੰ ਦਿਨਾਂ ਵਿਚ ਹੀ ਨਿੱਘਰਦਾ ਪੁੱਤ ਦੇ ਤੁਰ ਜਾਣ ਦੇ ਛੇ ਮਹੀਨਿਆਂ ਦੇ ਵਿਚ-ਵਿਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਤੇ ਉਹਦੇ ਮਗਰੇ ਈ ਹਰਨਾਮ ਕੁਰ ਚਲਦੀ ਬਣੀ। ਹਰਪ੍ਰੀਤ ਦੇ ਸਦਮੇ ਨੇ ਘਰ ਨੂੰ ਇਕਵੱਢਿਓਂ ਖਾਲੀ ਕਰ ਦਿੱਤਾ। ਵਰ੍ਹੀਣੇ ਤੱਕ ਗੁਰਮੀਤ ਦੇ ਮਾਪਿਆਂ ਨੇ ਧੀ ਦੇ ਦੁੱਖ ਨੂੰ ਜਰਿਆ ਪਰ ਬਾਅਦ ‘ਚ ਉਨ੍ਹਾਂ  ਵੱਡਾ ਦਿਲ ਕਰਕੇ ਉਹਨੂੰ ਆਪਣੇ ਨਾਲ ਲੈ ਜਾਣ ਦਾ ਮਨ ਬਣਾ ਲਿਆ। ਜਿਸ ਦਿਨ ਉਹਨੂੰ ਲੈ ਜਾਣ ਬੇਬੇ ਬਾਪੂ ਤੇ ਉਹਦੀ ਚਾਚੀ ਆਏ ਗੁਰਮੀਤ ਦੀਆਂ ਧਾਹਾਂ ਨਿਕਲ ਗਈਆਂ। ਚਾਚੀ ਨੇ ਉਹਨੂੰ ਦਿਲਾਸਾ ਦਿੱਤਾ, ‘ਅਸਾਂ ਤਾਂ ਧੀਏ ਤੇਰੇ ਸੁੱਖਾਂ ਨੂੰ ਕੀਤਾ ਸਭ ਕੁਝ, ਪਰ ਤੇਰੀ ਕਿਸਮਤ ਤੇ ਰੱਬ ਦੇ ਕਹਿਰ ਨੇ ਕੋਈ ਪੇਸ਼ ਨੀ ਜਾਣ ਦਿੱਤੀ। ਠੀਕ ਈ ਆਂਹਦੇ ਐ ਸਿਆਣੇ, ਧੀ ਉੱਥੇ ਵਿਆਹੀਏ ਜਿੱਥੇ ਦੋ-ਚਾਰ ਦਿਓਰ ਜੇਠ ਹੋਣ।’
‘ਤੁਰਨ ਵੇਲੇ ਚਾਚੀ ਦੀ ਭੈਣ ਜਗੀਰੋ ਨੇ ਉਹਨੂੰ ਬੁੱਕਲ ‘ਚ ਲਿਆ। ‘ਹੱਥੀਂ ਚਾਵਾਂ ਨਾਲ ਲਿਆਈ ਸਾਂ ਮੈਂ ਤੈਨੂੰ, ਪਰ ਰੱਬ ਚੰਦਰੇ ਅੱਗੇ ਕਾਹਦਾ ਜ਼ੋਰ ?’
ਰੋਂਦਿਆਂ ਕੁਰਲਾਉਦਿਆਂ ਗੁਰਮੀਤ ਨੇ ਸਹੁਰੇ ਘਰ ਦੀ ਦੇਹਲੀ ‘ਚੋਂ ਪੈਰ ਕੱਢਿਆ।
ਆਸੇ ਪਾਸੇ ਖੜ੍ਹੇ ਲੋਕਾਂ ‘ਚੋਂ ਕਿਸੇ ਨੇ ਕਿਹਾ, ‘ਜਿਸ ਤਨ ਲਾਗੇ ਸੋਈ ਜਾਣੇ।’
‘ਕਰਮਾਂ ਤੋਂ ਬਗ਼ੈਰ ਸੁਖ ਵੀ ਨਹੀਂ ਮਿਲਦਾ।’ ਕਿਸੇ ਦੂਜੇ ਨੇ ਕਿਹਾ।
ਬੇਬੇ ਬਾਪੂ ਤੇ ਮੰਗਾ ਉਹਦੀ ਹਰ ਖੁਸ਼ੀ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ। ਉਹ ਰਿੰਕੀ ਨੂੰ ਹਿੱਕ ਨਾਲ ਲਾ ਕੇ ਕਿੰਨਾ-ਕਿੰਨਾ ਚਿਰ ਗੁੰਮਸੁੰਮ ਹੋਈ ਆਸੇ ਪਾਸੇ ਨੂੰ ਘੂਰਦੀ ਰਹਿੰਦੀ। ਕਿਸੇ ਨਾਲ ਬੋਲਣ ਚਾਲਣ ਦਾ ਉਹਦਾ ਰੂਹ ਨਾ ਕਰਦਾ। ਬੱਸ ਕਦੇ ਕਦਾਈਂ ਲੰਬੜਾਂ ਦੀ ਨੂੰਹ ਵੀਰੋ ਉਹਦੇ ਕੋਲ ਆ ਬਹਿੰਦੀ ਜਿਹਦੇ ਨਾਲ ਉਹ ਕੋਈ ਗੱਲ ਕਰਦੀ।
ਦੂਜੇ ਪਾਸੇ ਮੰਗੇ ਦੇ ਸਹੁਰੇ ਜ਼ੋਰ ਪਾਉਣ ਲੱਗੇ ਸਨ। ਇਕ ਦਿਨ ਕੁੜੀ ਦੀ ਮਾਂ ਆਪ ਚੱਲ ਕੇ ਆ ਗਈ। ਗੁਰਮੀਤ ਦੀ ਬੇਬੇ ਨੂੰ ਕਹਿਣ ਲੱਗੀ, ‘ਭਾਵੇਂ ਚੁੰਨੀ ਚੜ੍ਹਾ ਕੇ ਕਰ ਲਓ ਭੈਣ ਜੀ, ਸਾਡੇ ਸਿਰੋਂ ਵੀ ਭਾਰ ਲੱਥੇ। ਨਿੱਕੀ ਉਹਤੋਂ ਵੀ ਗਿੱਠ ਉੱਚੀ ਹੋਈ ਪਈ ਆ, ਫਿਰ ਉਹਦਾ ਵੀ ਕੋਈ ਆਹਰ ਕਰੀਏ।’
ਵਿਚੋਲਣ ਤਾਂ ਗੁਰਮੀਤ ਸੀ। ਬੇਬੇ ਨੇ ਉਹਨੂੰ ਹਲੂਣਿਆ, ‘ਧੀਏ ਦੱਸ ਬੀਬੀ ਨੂੰ, ਇਹ ਵੀ ਤਾਂ ਤੂੰ ਈ ਕਰਨਾ।’
‘ਚੁੰਨੀ ਕਾਹਨੂੰ ਚੜ੍ਹਾਵਾਂਗੇ ਮਾਸੀ ਜੀ, ਇਕੋ ਤਾਂ ਵੀਰ ਐ ਮੇਰਾ। ਅਸੀਂ ਸਾਰੇ ਚਾਅ ਕਰਾਂਗੇ। ਤੁਸੀਂ ਕਰ ਲਓ ਤਰੀਕ ਪੱਕੀ ਜਿਹੜੀ ਸਹੀ ਲੱਗਦੀ ਆ।’ ਗੁਰਮੀਤ ਦੀ ਗੱਲ ਸੁਣ ਕੇ ਪ੍ਰਾਹੁਣੀ ਬਾਗੋ ਬਾਗ਼ ਹੋ ਗਈ। ਬੋਲੀ, ‘ਧੀਏ ਰੱਖ ਰੱਖੀ ਤੂੰ ਮੇਰੀ ਆਈ ਦੀ। ਹੁਣ ਦਿਨ ਤਰੀਕ ਦਾ ਫੈਸਲਾ ਵੀ ਤੂੰ ਈ ਕਰ ਦੇ।’
ਅੱਸੂ ਦੇ ਪੰਜਵੇਂ ਵਿਆਹ ਧਰ ਦਿੱਤਾ। ਸਭ ਕੁਝ ਭੁੱਲ-ਭੁਲਾ ਕੇ ਗੁਰਮੀਤ ਰੁਝੇਵਿਆਂ ਵਿਚ ਜੁੱਟ ਗਈ। ਚਾਵਾਂ ਸੱਧਰਾਂ ਨਾਲ ਸ਼ਿੰਦਰ ਨੂੰ ਵਿਆਹ ਲਿਆਈ। ਮੰਗਾ ਖੁਸ਼ ਸੀ। ਉਹਦਾ ਕੰਮ ਵੀ ਚੰਗਾ ਰਿੜ੍ਹ ਪਿਆ ਸੀ।
ਇਸ ਸਮੇਂ ਦੌਰਾਨ ਦੋ ਕੁ ਵਾਰ ਬਲਵੰਤ ਆਇਆ ਸੀ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਨੀਮ ਪਹਾੜੀ ਜਿਹੇ ਇਲਾਕੇ ਵਿਚ ਕਿਸੇ ਸਕੂਲ ‘ਚ ਪੜ੍ਹਾਉਦਾ ਸੀ। ਮੰਗੇ ਦੇ ਵਿਆਹ ਤੋਂ ਬਾਅਦ ਇਕ ਦਿਨ ਸ਼ਾਮੀਂ ਆਇਆ ਸੀ ਤੇ ਰਾਤ ਤੱਕ ਉਹਦੇ ਨਾਲ ਗੱਲੀਂ ਲੱਗਾ ਰਿਹਾ ਸੀ। ਉਹਨੂੰ ਬਾਰ-ਬਾਰ ਕਹਿ ਰਿਹਾ ਸੀ, ‘ਤੂੰ ਇਸ ਉਦਾਸੀ ‘ਚੋਂ ਬਾਹਰ ਨਿਕਲ, ਰਿੰਕੀ ਨੂੰ ਤੇਰੀ ਲੋੜ ਐ, ਉਸਦੀ ਖੁਸ਼ੀ ਖਾਤਰ ਆਪਣੇ ਬੀਤੇ ਨੂੰ ਭੁੱਲਣ ਦੀ ਕੋਸ਼ਿਸ ਕਰ।’
‘ਕਿਵੇਂ ਕਰਾਂ ਵੀਰ। ਮੇਰੇ ਕੋਲ ਤਾਂ ਸੋਚਣ ਲਈ ਹੁਣ ਬਚਿਆ ਈ ਕੁਝ ਨਹੀਂ। ਹੁਣ ਤਾਂ ਜ਼ਿੰਦਗੀ ਭਾਰੀ ਲੱਗਦੀ ਆ।’ ਉਹਨੇ ਬੋਝਲ ਮਨ ਨਾਲ ਕਿਹਾ ਸੀ। ‘ਜੀਵਨ ਇਕ ਜੰਗ ਐ ਗੁਰਮੀਤ, ਇਸਨੂੰ ਆਖਰੀ ਸਾਹ ਤੱਕ ਲੜਿਆ ਜਾਣਾ ਚਾਹੀਦਾ। ਇਵੇਂ ਹਾਰ ਮੰਨ ਲੈਣਾ ਦਰੁੱਸਤ ਪਹੁੰਚ ਨਹੀਂ। ਮੈਂ ਤੇਰੇ ਲਈ ਇਕ ਕਿਤਾਬ ਲਿਆਂਦੀ ਆ, ਬੋਰਿਸ ਪਲੋਵੋਈ ਦੀ, ‘ਅਸਲੀ ਇਨਸਾਨ ਦੀ ਕਹਾਣੀ’, ਉਸ ਵਿਚ ਇਕ ਫੌਜੀ ਦੇ ਦੋਨੋਂ ਪੈਰ ਕੱਟਣੇ ਪੈਂਦੇ, ਪਰ ਉਹ ਆਪਣੀ ਹਿੰਮਤ ਦੇ ਬਲਬੂਤੇ ਪਾਇਲਟ ਬਣ ਜਾਂਦਾ, ਤੂੰ ਪੜ੍ਹ ਕੇ ਵੇਖੀਂ, ਤੇਰੇ ਵਿਚ ਹਿੰਮਤ ਜਾਗੇਗੀ।’ ਬਲਵੰਤ ਨੇ ਕਿਹਾ ਸੀ।
ਕੱਲ੍ਹ ਉਹਦੀ ਚਿੱਠੀ ਆਈ ਸੀ। ਉਤਸ਼ਾਹ ਨਾਲ ਭਰੀਆਂ ਅਨੇਕਾਂ ਗੱਲਾਂ ਦੇ ਨਾਲ-ਨਾਲ ਉਹਨੇ ਲਿਖਿਆ ਸੀ, ‘ਜ਼ਿੰਦਗੀ ਨੂੰ ਮੁੱਢੋਂ ਸੁੱਢੋਂ ਸ਼ੁਰੂ ਕਰ। ਜਿਹੜੀ ਤੰਦ ਵਰ੍ਹਿਆਂ ਪਹਿਲਾਂ ਨਾ ਚਾਹੁੰਦਿਆਂ ਹੋਇਆਂ ਵੀ ਛੁੱਟ ਗਈ ਸੀ ਤੈਥੋਂ, ਫਿਰ ਉਥੋਂ ਈ ਫੜ। ਪੱਕੇ ਹੱਥੀਂ। ਲਾਗਲੇ ਸ਼ਹਿਰ ਮੇਰਾ ਮਿੱਤਰ ਐ। ਕਾਲਜ ਪ੍ਰਿੰਸੀਪਲ। ਨੇਕ ਬੰਦਾ। ਅਗਾਂਹ ਵਧੂ ਸੋਚ ਵਾਲਾ। ਮੈਂ ਗੱਲ ਕੀਤੀ ਐ ਉਹਦੇ ਨਾਲ। ਤੇਰੀ ਛੱਡੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਲਈ। ਤੈਨੂੰ ਜ਼ਿੰਦਗੀ ‘ਚ ਨਵੇਂ ਸਿਰਿਓਂ ਇਕ ਹੋਰ ਮੌਕਾ ਮਿਲ ਰਿਹਾ, ਜੁਆਬ ਸੋਚ ਸਮਝ ਕੇ ਦੇਵੀਂ। ਮੈਂ ਇਹ ਫੋਨ ਨੰਬਰ ਲਿਖ ਕੇ ਭੇਜ ਰਿਹਾਂ। ਆਪਣਾ ਫੈਸਲਾ ਕਰ ਕੇ ਮੈਨੂੰ ਫੋਨ ਕਰੀਂ।
ਉਹ ਚਿੱਠੀ ਕਿੰਨੀ ਵਾਰ ਹੀ ਪੜ੍ਹੀ ਸੀ ਉਹਨੇ ਪਰ ਹਾਲੇ ਬੇਬੇ ਜਾਂ ਬਾਪੂ ਨਾਲ ਕੋਈ ਰਾਇ ਨਹੀਂ ਸੀ ਕੀਤੀ। ਪਰ ਅੰਦਰੇ ਹੀ ਅੰਦਰ ਕਰਾਂ ਨਾ ਕਰਾਂ ਦੀ ਉਲਝਣ ਵਿਚ ਗ੍ਰਸੀ ਗਈ ਸੀ।
ਉਹ ਬਿਨਾਂ ਕੋਈ ਠੋਸ ਵਿਚਾਰ ਬਣਾਏ ਘਰ ਦੀ ਸਫ਼ਾਈ ਵਿਚ ਜੁੱਟ ਗਈ ਸੀ, ਉਸ ਚੌਕੇ ਦੇ ਓਟੇ ਤੇ ਮੀਹਾਂ ਨਾਲ ਕਰੂਪ ਹੋਏ ਮੋਰਾਂ ਤੋਤਿਆਂ ਵਿਚ ਦੁਬਾਰਾ ਜਾਨ ਪਾਈ। ਥਾਂ-ਥਾਂ ਤੋਂ ਓਬੜ ਖਾਬੜ ਵਿਹੜੇ ਨੂੰ ਰੀਝਾਂ ਨਾਲ ਲਿਸ਼ਕਾਇਆ। ਇਧਰ-ਉਧਰ ਬੇਤਰਤੀਬ ਚੀਜਾਂ ਨੂੰ ਨਵੇਂ ਸਿਰਿਓਂ ਟਿਕਾਇਆ।
ਸ਼ੀਸ਼ੇ ਸਾਹਮਣੇ ਖਲੋਤਿਆਂ ਚਿਹਰੇ ਤੇ ਉੱਭਰ ਆਈਆਂ ਬੇਮੌਸਮੀ ਝੁਰੜੀਆਂ ਤੇ ਉਦਾਸਿਆ ਚਿਹਰਾ ਉਹਨੂੰ ਬੁਰਾ ਲੱਗਿਆ ਸੀ। ਉਹਨੇ ਉਂਗਲਾਂ ਤੇ ਹਿਸਾਬ ਲਾਇਆ,ਹਾਲੇ ਉਮਰ ਦੇ ਅਠਾਈ ਵਰ੍ਹੇ ਵੀ ਉਹਦੇ ਪੂਰੇ ਨਹੀਂ ਸੀ ਹੋਏ।
ਬਲਵੰਤ ਦੱਸਦਾ ਸੀ ਸ਼ਹਿਰਾਂ ‘ਚ ਕੁੜੀਆਂ ਏਨੀ ਕੁ ਉਮਰ ‘ਚ ਪੜ੍ਹਦੀਆਂ ਲਿਖਦੀਆਂ ਨੇ, ਉਹ ਤਾਂ ਉਹ ਉਜ ਈ ਵਿਆਹ ਕਰਾਉਂਦੀਆਂ ਨੇ।
‘ਨੀ ਕੁੜੇ ਤਿਆਰ ਹੋਈ ਕਿ ਨਹੀਂ ?’ ਵੀਰੋ ਦੀ ਅਵਾਜ਼ ਨੇ ਉਹਦੀ ਸੋਚ ਦੀ ਲੜੀ ਤੋੜੀ।
‘ਆ ਜਾ ਭਾਬੀ, ਬੱਸ ਤਿਆਰ ਈ ਤਿਆਰ ਆਂ।’ ਉਹਨੇ ਅੰਦਰੋਂ ਹੀ ਜੁਆਬ ਦਿੱਤਾ। ਵੀਰੋ ਅੰਦਰ ਲੰਘ ਆਈ। ਗੁਰਮੀਤ ਨੇ ਉਹਨੂੰ ਕਿਹਾ, ‘ਭਾਬੀ ਇਕ ਭੇਤ ਦੀ ਗੱਲ ਪੁੱਛਾਂ, ਸਹੀ ਰਾਹੇ ਪਾਈਂ, ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕਰ ਲਵਾਂ?’
ਵੀਰੋ ਹੈਰਾਨੀ ਤੇ ਖੁਸ਼ੀ ਦੇ ਰਲੇ ਮਿਲੇ ਪ੍ਰਭਾਵ ਲਈ ਉਹਦੇ ਚਿਹਰੇ ਵੱਲ ਤੱਕਣ ਲੱਗੀ।
ਗੁਰਮੀਤ ਨੇ ਉਹਨੂੰ ਚਿੱਠੀ ਦਾ ਹਰਫ਼-ਹਰਫ਼ ਪੜ੍ਹਾ ਦਿੱਤਾ,  ਵੀਰੋ ਨੇ ਦੋ ਟੁੱਕ ਗੱਲ ਕੀਤੀ, ‘ਤੇਰਾ ਵੀਰ ਤੈਨੂੰ ਗ਼ਲਤ ਰਾਏ ਨਹੀਂ ਦੇ ਰਿਹਾ, ਤੂੰ ਕਰਦੇ ਉਹਨੂੰ ਫੋਨ, ਮੈਂ ਚੱਲਾਂਗੀ ਤੇਰੇ ਨਾਲ…।’
ਗੁਰਮੀਤ ਨੇ ਬੂਹੇ ਬੰਦ ਕੀਤੇ ਤੇ ਵੀਰੋ ਨਾਲ ਤੁਰਦਿਆਂ ਆਪਣੇ ਪੈਰਾਂ ਵਿਚ ਵੱਖਰੀ ਕਿਸਮ ਦਾ ਹੁਲਾਰਾ ਜਿਹਾ ਮਹਿਸੂਸ ਕੀਤਾ। ਚੱਕੀ ਵਾਲਿਆਂ ਘਰ ਜਾਗੋ ਕੱਢਣ ਦੀ ਤਿਆਰੀ ਹੋ ਰਹੀ ਸੀ। ਜਾਗੋ ਤੁਰੀ ਤਾਂ ਗੁਰਮੀਤ ਨੂੰ ਲੱਗਾ ਜਿਵੇਂ ਉਹਦੀ ਵੱਡੀ ਮਾਮੀ ਘੁੰਗਰੂਆਂ ਵਾਲੀ ਡਾਂਗ ਫੜੀ ਅੱਗੇ ਅੱਗੇ ਤੁਰ ਰਹੀ ਹੋਵੇ ਤੇ ਪਿੱਛੋਂ ਤੀਵੀਆਂ ਨੇ ਬੋਲੀ ਚੁੱਕ ਦਿੱਤੀ ਹੋਵੇ, ‘ਵੱਡੀ ਮਾਮੀ ਜ਼ੈਲਦਾਰਨੀ…।’
***

ਗ਼ਜ਼ਲ
ਮੂਲਵਾਦ
– ਸੁਭਾਸ਼ ‘ਦੀਵਾਨਾ’
ਮੂਲਵਾਦ ਵੀ ਇਕ ਤਰ੍ਹਾਂ ਹਲਕਾਅ ਹੁੰਦਾ ਹੈ।
ਸੰਪਰਦਾਇਕਤਾ ਵੀ ਇਕ ਸ਼ੁਦਾਅ ਹੁੰਦਾ ਹੈ।
ਮਜ਼੍ਹਬੀ ਕੀੜੇ ਦੌੜਦੇ ਹਨ ਜਦ ਖੋਪੜੀਆਂ ਵਿਚ,
ਜੰਗਲੀ ਜ਼ਹਿਨੀਅਤ ਦਾ ਫਿਰ ਪ੍ਰਗਟਾਅ ਹੁੰਦਾ ਹੈ।
ਧਰਮ-ਸਿਆਸਤ ਜਦ ਵੀ ਰਲਗਡ ਹੋ ਜਾਂਦੇ ਹਨ,
ਬੁਧ ਵਿਵੇਕ ਤਹੱਮੁਲ ਕੁੱਲ ਹਵਾ ਹੁੰਦਾ ਹੈ।
ਕਿੰਨੇ ਸਾਰੇ ਰੱਬ ਬਣਾ ਲੈਂਦੇ ਨੇ ਲੋਟੂ,
ਆਪਸ ਵਿਚ ਰੱਬਾਂ ਦੇ ਫਿਰ ਟਕਰਾਅ ਹੁੰਦਾ ਹੈ।
ਲੱਖਾਂ ਭੇੜੀਏ ਗੁਰਰਾਉਂਦੇ ਨੇ ਆਦਮ ਅੰਦਰੋਂ,
ਖੂਨ ਦੀ ਹੋਲੀ ਦਾ ਆਲਮ ਬਰਪਾ ਹੁੰਦਾ ਹੈ।
ਦਹਿਸ਼ਤ ਵਹਿਸ਼ਤ ਦਾਨਵਵਾਦ ਅਤੇ ਖੂੰਰੇਜ਼ੀ,
ਧਰਮ ਦੇ ਨਾਂਅ ਤੇ ਹੋਰ ਬੜਾ ਜਲਵਾ ਹੁੰਦਾ ਹੈ।
‘ਧਰਮਾਂ’ ਵਾਲੇ ਪਰਤ ਆਉਣ ਜੇ ਮਾਨਵਤਾ ਵੱਲ,
ਆਦਮ-ਜ਼ਾਤ ਦਾ ਪੂਰਨ ਤਦ ਬਚਾਅ ਹੁੰਦਾ ਹੈ।

 

 

See Also

 

ਬੜਾ ਜਨੂੰੂਨੀ ਖੂਨੀ ਹੁੰਦਾ, ਨਸ਼ਾ ਇਹ ਮਜ਼੍ਹਬੀ ਰੰਗ ਦਾ।
ਦੁਨੀਆਂ ਵਿਚ ਅਮੂਮਨ ਬਣਿਆ, ਏਹੋ ਕਾਰਨ ਜੰਗ ਦਾ।
ਦਾਨਸ਼ਵਰ, ਸਕਾਲਰ, ਦਾਨੇ, ਇਹ ਆਇਆ ਸੂਲੀ ਟੰਗਦਾ।
ਏਸ ਨਾਗ ਦਾ ਡੰਗਿਆ ‘ਫ਼ੱਕਰਾ’, ਪਾਣੀ ਵੀ ਨਾ ਮੰਗਦਾ।
ਮਾਸਟਰ ਫ਼ਰਤੂਲ ਚੰਦ ‘ਫੱਕਰ’

Scroll To Top