ਗੁਰਨਾਮ ਦਾਊਦ
ਸਾਡਾ ਭਾਰਤੀ ਸਮਾਜ ਜਿਥੇ ਜਮਾਤਾਂ ਵਿੱਚ ਵੰਡਿਆ ਹੋਇਆ ਹੈ ਉਥੇ ਨਾਲ ਹੀ ਇਸ ਵਿੱਚ ਜਾਤਪਾਤ ਦਾ ਕੋਹੜ ਵੀ ਪੂਰਾ ਜ਼ੋਰਾਂ ’ਤੇ ਹੈ। ਦੇਸ਼ ਦੀ ਕਿਰਤੀ ਜਮਾਤ ਦੇ ਸਭ ਤੋਂ ਹੇਠਲੇ ਡੰਡੇ ’ਤੇ ਜ਼ਿੰਦਗੀ ਜਿਊਣ ਵਾਲਾ ਦਲਿਤ ਵਰਗ ਦੋਹਰੀ ਮਾਰ ਹੇਠ ਹੈ। ਇੱਕ ਪਾਸੇ ਆਰਥਿਕ ਤੰਗੀਆਂ ਜ਼ਿੰਦਗੀ ਦੀ ਸਾਵੀਂ ਤੋਰ ਦਾ ਰਾਹ ਰੋਕਦੀਆਂ ਹਨ ਅਤੇ ਦੂਸਰੇ ਪਾਸੇ ਜਾਤੀ-ਪਾਤੀ, ਛੂਆ-ਛਾਤ ਆਦਿ ਕੁਪ੍ਰਥਾ ਸਦੀਆਂ ਤੋਂ ਅਖੌਤੀ ਸ਼ੂਦਰ ਵਰਗ ਲਈ ਧਰਤੀ ’ਤੇ ਨਰਕ ਸਾਬਿਤ ਹੋ ਰਹੀ ਹੈ। ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੀ ਹੋਣ ਕਰਕੇ ਇਹ ਵਰਗ ਜ਼ਿੰਦਗੀ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ। ਇਹਨਾਂ ਦੀਆਂ ਰੋਟੀ ਕੱਪੜਾ ਅਤੇ ਮਕਾਨ ਦੀਆਂ ਬੁਨਿਆਦੀ ਲੋੜਾਂ ਵੀ ਕਦੀ ਪੂਰੀਆਂ ਨਹੀਂ ਹੋਈਆਂ। ਨਾਲ਼ ਹੀ ਨਵ-ਉਦਾਰਵਾਦੀ ਨੀਤੀਆਂ ਦੇ ਆਉਣ ਨਾਲ ਨਿੱਜੀਕਰਨ ਨੇ ਸਰਕਾਰੀ ਸਕੂਲ ਤੇ ਹਸਪਤਾਲ ਦਮ ਤੋੜਣ ਦੇ ਕੰਢੇ ਲਿਆ ਖੜ੍ਹੇ ਕੀਤੇ ਹਨ। ਇਸ ਕਰਕੇ ਵਿੱਦਿਆ ਤੇ ਇਲਾਜ ਇਹਨਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਪੈਦਾਵਾਰ ਦੇ ਸਾਧਨਾਂ ਦੀ ਅਣਹੋਂਦ ਕਰਕੇ ਇਹ ਲੋਕ ਦੂਸਰਿਆਂ ਦੇ ਸਾਧਨਾਂ ’ਤੇ ਕੰਮ ਕਰਦੇ ਹਨ ਅਤੇ ਆਪਣੀ ਸਰੀਰਕ ਮਿਹਨਤ ਵੇਚ ਕੇ ਜੂਨ ਗੁਜਾਰਾ ਕਰਦੇ ਹਨ। ਪਰ ਵਿਗਿਆਨਕ ਤਰੱਕੀ ਨੇ ਵੀ ਇਹਨਾਂ ਲੋਕਾਂ ਨੂੰ ਝੰਬ ਦਿੱਤਾ ਹੈ। ਮਸ਼ੀਨਰੀ, ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਆਉਣ ਕਰਕੇ ਇਹਨਾਂ ਦਾ ਕੰਮ ਮੁੱਕ ਗਿਆ ਹੈ ਅਤੇ ਇਹ ਲੋਕ ਵਿਹਲੇ ਹੋ ਗਏ ਹਨ। ਬੇ-ਰੁਜਗਾਰਾਂ ਦੀ ਬਹੁਤਾਤ ਹੋਣ ਕਰਕੇ ਇਹ ਕੰਮ ਦਾ ਪੂਰਾ ਮੁੱਲ ਕਦੀ ਵੀ ਪ੍ਰਾਪਤ ਨਹੀਂ ਕਰ ਸਕੇ ਅਤੇ ਸਰਕਾਰਾਂ ਦੀ ਬਦਨੀਅਤੀ ਕਰਕੇ ਮਗਨਰੇਗਾ ਵਰਗਾ ਕਾਨੂੰਨ ਵੀ ਬਹੁਤੇ ਸਾਰਥਕ ਸਿੱਟੇ ਨਹੀਂ ਕੱਢ ਸਕਿਆ।
ਮੌਜੂਦਾ ਸਮੇਂ ਵਿੱਚ ਕਰੋਨਾ ਵਾਇਰਸ ਕਾਰਨ ਲਾਏ ਗਏ ਲਾਕਡਾਊਨ ਨੇ ਵੀ ਬਲ਼ਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕਾਂ ਨੇ ਇਸ ਦੌਰਾਨ ਬਹੁਤ ਹੀ ਦੁੱਖ ਤੇ ਭੁੱਖ ਕੱਟੀ ਹੈ। ਅੰਤਰਰਾਜੀ ਮਜ਼ਦੂਰਾਂ ਦਾ ਤਾਂ ਲਾਕਡਾਊਨ ਤੇ ਕਰਫਿਊ ਨੇ ਸਾਹ ਸੂਤ ਕੇ ਰੱਖ ਦਿੱਤਾ ਹੈ। ਸਰਕਾਰਾਂ ਦੀ ਬੇ-ਰੁਖੀ ਕਰਕੇ ਅੰਤਰਰਾਜ਼ੀ ਮਜ਼ਦੂਰਾਂ ਨੇ ਅਸਹਿ ਦੁੱਖ ਝੇਲੇ ਹਨ ਜਿਨ੍ਹਾਂ ਦਾ ਜ਼ਿਕਰ ਕਿਸੇ ਹੋਰ ਲਿਖਤ ਵਿੱਚ ਕਰਾਂਗੇ।
ਲਾਕਡਾਊਨ ਟੁੱਟ ਜਾਣ ਕਰਕੇ ਪਿੰਡਾਂ ਦੇ ਮਜ਼ਦੂਰ ਰੋਟੀ-ਰੋਜ਼ੀ ਦੀ ਖਾਤਰ ਘਰਾਂ ਤੋਂ ਨਿਕਲ ਕੇ ਕੰਮ ਦੀ ਭਾਲ ਵਿੱਚ ਬਾਹਰ ਆ ਕੇ ਚੌਂਕਾਂ ਵਿੱਚ ਲੱਗੀਆਂ ਮਜ਼ਦੂਰ ਮੰਡੀਆਂ ਵਿੱਚ ਅਪਣੀ ਕਿਰਤ ਵੇਚਣ ਲਈ ਆਏ। ਇਸੇ ਦੌਰਾਨ ਝੋਨਾ ਲਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਅੰਤਾਂ ਦੀ ਵਧੀ ਹੋਈ ਮਹਿੰਗਾਈ ਅਤੇ ਕਦੇ ਕਦਾਈਂ ਕੰਮ ਮਿਲਣ ਦੇ ਹਾਲਾਤਾਂ ਨੇ ਮਜ਼ਦੂਰਾਂ ਨੂੰ ਆਪਣੀ ਮਿਹਨਤ-ਮਜ਼ਦੂਰੀ ਦੇ ਵੱਧ ਪੈਸੇ ਮੰਗਣ ਲਈ ਮਜ਼ਬੂਰ ਕਰ ਦਿੱਤਾ। ਵੱਧ ਮਜ਼ਦੂਰੀ ਦੀ ਮੰਗ ਕਰਨ ’ਤੇ ਜਿਵੇਂ ਪਹਾੜ ਡਿੱਗ ਪਿਆ ਹੋਵੇ। ਪਿੰਡਾਂ ਵਿੱਚ ਰਹਿੰਦੇ ਕਿਰਤੀ ਵਰਗ ਨਾਲ ਹੀ ਸਬੰਧਤ ਪਰ ਅਖੌਤੀ ਉੱਚ ਜਾਤੀ ਨਾਲ ਸਬੰਧਤ ਕਿਸਾਨਾਂ, ਜਿਨ੍ਹਾਂ ਵਿੱਚ ਬਹੁ ਗਿਣਤੀ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੀ ਹੈ, ਉਹਨਾਂ ਨੇ ਇਨ੍ਹਾਂ ਗਰੀਬਾਂ, ਨਿਮਾਣਿਆਂ, ਨਿਆਸਰਿਆਂ ਤੇ ਨਿਧਿਰਿਆ ਦੇ ਖਿਲਾਫ ਹੀ ਯੁੱਧ ਛੇੜ ਦਿੱਤਾ। ਪੰਜਾਬ ਭਰ ਦੇ ਕਈ ਪਿੰਡਾਂ ਵਿੱਚੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਅਖੌਤੀ ਮੋਹਤਬਰਾਂ ਨੇ ਮਜ਼ਦੂਰਾਂ ਖਿਲਾਫ ਮਤੇ ਪਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਮਤਿਆਂ ਵਿੱਚ ਐਲਾਨ ਕੀਤੇ ਗਏ ਕਿ ਝੋਨੇ ਦੀ ਲਵਾਈ 2500 ਰੁਪਏ ਪ੍ਰਤੀ ਏਕੜ ਦਿੱਤੀ ਜਾਵੇਗੀ। ਪੂਰੀ ਦਿਹਾੜੀ ਦੀ ਮਜ਼ਦੂਰੀ 300 ਰੁਪਏ ਦਿੱਤੇ ਜਾਣਗੇ। ਮਜ਼ਦੂਰ ਦੂਸਰੇ ਪਿੰਡਾਂ ਵਿੱਚ ਕੰਮ ਕਰਨ ਨਹੀਂ ਜਾਣਗੇ। ਕਿਸਾਨਾਂ ਵੱਲੋਂ ਵੇਚੀ ਜਾਣ ਵਾਲੀ ਤੂੜੀ ਦੀ ਟਰਾਲੀ ਮਜ਼ਦੂਰਾਂ ਨੂੰ 2700 ਰੁਪਏ ਦੀ ਦਿੱਤੀ ਜਾਵੇਗੀ, ਜਿਸਦਾ ਆਮ ਕਰਕੇ ਰੇਟ 2200 ਰੁਪਏ ਤੋਂ ਵੱਧ ਨਹੀਂ ਹੈ। ਗਾਂ ਦੇ ਦੁੱਧ ਦਾ ਰੇਟ 20 ਤੋਂ 22 ਰੁਪਏ, ਮੱਝ ਦਾ 40 ਤੋਂ 45 ਰੁਪਏ ਆਮ ਚਲਦਾ ਹੈ ਪਰ ਕਿਹਾ ਗਿਆ ਕਿ ਕਿਰਤੀਆਂ ਨੂੰ ਇਹ ਦੁੱਧ 70 ਰੁਪਏ ਕਿਲੋ ਦਿੱਤਾ ਜਾਵੇਗਾ। ਦਿਹਾੜੀ ਤੇ ਆਏ ਮਜ਼ਦੂਰ ਰੋਟੀ ਆਪਣੇ ਘਰਾਂ ਤੋਂ ਲਿਆਉਣਗੇ ਅਤੇ ਜ਼ੇਕਰ ਰੋਟੀ ਕਿਸਾਨ ਦੇ ਘਰੋਂ ਖਾਵੇਗਾ ਤਾਂ ਉਸ ਦੀ ਦਿਹਾੜੀ 50 ਰੁਪਏ ਰੋਟੀ ਦੇ ਕੱਟ ਕੇ 250 ਰੁਪਏ ਰਹਿ ਜਾਵੇਗੀ।
ਇਹਨਾਂ ਫੈਸਲਿਆਂ ’ਤੇ ਸਖ਼ਤੀ ਨਾਲ ਅਮਲ ਕਰਾਉਣ ਲਈ ਪਾਸ ਕੀਤਾ ਗਿਆ ਕਿ ਫੈਸਲੇ ਦੀ ਉਲੰਘਨਾਂ ਕਰਨ ਵਾਲੇ ਕਿਸਾਨ ਵੱਖ-ਵੱਖ ਪਿੰਡਾਂ ਵਿੱਚ ਭਾਰੀ ਰਕਮਾਂ ਜੁਰਮਾਨੇ ਵਜੋਂ ਅਦਾ ਕਰਨਗੇ ਅਤੇ ਮਜ਼ਦੂਰਾਂ ਵਲੋਂ ਉਲੰਘਣਾ ਕਰਨ ’ਤੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਦੁੱਖ ਦੀ ਗੱਲ ਇਹ ਹੈ ਮਤੇ ਬਹੁਤਿਆਂ ਥਾਵਾਂ ਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਅਰਦਾਸਾਂ ਕਰਕੇ ਐਲਾਨ ਕੀਤੇ ਗਏ । ਜਦਕਿ ਦੇਸ਼ ਦੇ ਸੰਵਿਧਾਨ ਮੁਤਾਬਿਕ ਅਜਿਹੇ ਮਤੇ ਪਾਸ ਕਰਨ ਦਾ ਪੰਚਾਇਤਾਂ ਜਾਂ ਮੋਹਤਬਰਾਂ ਨੂੰ ਕੋਈ ਅਧਿਕਾਰ ਨਹੀਂ ਹੈ। ਦੂਸਰੀ ਬਹੁਤ ਹੀ ਦੁੱਖਦਾਈ ਗੱਲ ਹੈ ਕਿ ਇਹ ਮਤੇ ਜਿੱਥੋਂ ਰੋਜ਼ ਗੁਰਬਾਣੀ ਰਾਹੀਂ ਉੱਚ ਪਾਏ ਦੀ ਮਨੁੱਖਤਾਵਾਦੀ ਸੋਚ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਥੋਂ ਐਲਾਨ ਕੀਤੇ ਗਏ ਤੇ ਸਹੁੰਆਂ ਖਵਾਈਆਂ ਗਈਆਂ। ਆਪਣੀ ਪਵਿੱਤਰ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ‘‘ਨੀਚਾ ਅੰਦਿਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ’’, ਬਾਬਾ ਕਬੀਰ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ ‘‘ਅਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ । ਏਕ ਨੂਰ ਤੇ ਸਭ ਜਗਿ ਉਪਜਿਆ ਕਉਨ ਭਲੇ ਕੋ ਮੰਦੇ’’, ਇਹ ਵੀ ਕਿਹਾ ‘‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡਿ ਖੇਤ’’, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਦੀਨਾਂ ਦੁਖੀਆਂ ਉਪਰ ਹੁੰਦੇ ਜ਼ੁਲਮ ਨਾਲ਼ ਟੱਕਰ ਲੈਂਦਿਆਂ ਸਾਰਾ ਸਰਬੰਸ ਸ਼ਹੀਦ ਕਰਵਾਇਆ ਉਨ੍ਹਾਂ ਕਿਹਾ ਕਿ ‘‘ਮਾਣਸ ਕੀ ਜਾਤਿ ਸਭ ਏਕੇ ਪਹਿਚਾਨਬੋ’’ । ਅਜਿਹੀ ਪਵਿੱਤਰ ਬਾਣੀ ਦਾ ਪ੍ਰਵਾਹ ਸੁਣਨ ਅਤੇ ਗੁਰੂਆਂ ਦੇ ਪੈਰ ਚਿੰਨ੍ਹਾਂ ’ਤੇ ਚੱਲਣ ਦਾ ਢੋਂਗ ਰਚਣ ਵਾਲੇ ਜਦ ਉਪਰੋਕਤ ਐਲਾਨ ਅਤੇ ਅਰਦਾਸਾਂ ਕਰਦੇ ਹਨ ਤਾਂ ਸਾਡੇ ਸਾਹਮਣੇ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਅਜਿਹੀ ਸਿੱਖਿਆ ਗੁਰੂਆਂ ਨੇ ਦਿੱਤੀ ਸੀ? ਇਹ ਅਤਿ ਦੁਖਦਾਈ ਹੈ ਕਿ ਥਾਂ-ਥਾਂ ਲੰਗਰ ਲਾ ਕੇ ਭੁੱਖਿਆਂ ਨੂੰ ਭੋਜਨ ਖਵਾਉਣ ਦੀ ਮਨੁੱਖਤਾ ਵਾਦੀ ਪਹੁੰਚ ਅਪਨਾਉਣ ਵਾਲਿਆਂ ਗੁਰਦੁਆਰਿਆਂ ਵਿੱਚੋਂ ਐਲਾਨ ਕੀਤੇ ਜਾਣ ਕਿ ਜੇਕਰ ਮਜ਼ਦੂਰ ਰੋਟੀ ਕਿਸਾਨ ਦਾ ਕੰਮ ਕਰਦਿਆਂ ਹੀ ਕਿਸਾਨ ਕੋਲੋਂ ਖਾਵੇਗਾ ਤਾਂ ਉਸ ਦੇ ਪੈਸੇ ਢਾਬਿਆਂ ਤੋਂ ਰੋਟੀ ਖਾਣ ਵਾਂਗੂੰ ਵਸੂਲ ਕਰਕੇ ਦਿਹਾੜੀ ਵਿੱਚੋਂ ਕੱਟੇ ਜਾਣਗੇ। ਕਈਆਂ ਨੇ ਤਾਂ ਇਹ ਮੱਧਯੁਗੀ ਫਰਮਾਨ ਵੀ ਕੱਢ ਮਾਰਿਆ ਕਿ ਮਜ਼ਦੂਰ ਆਪਣੇ ਖਾਣ ਵਾਲੇ ਬਰਤਨ ਵੀ ਆਪਣੇ ਘਰੋਂ ਲਿਆਇਆ ਕਰਨਗੇ। ਰਸਤਿਆਂ ਵਿਚ ਰੱਸੇ ਬੰਨ੍ਹ-ਬੰਨ੍ਹ ਕੇ ਰੋਕ ਕੇ ਰੋਟੀ ਖਵਾਉਣਾ ਸੱਚਮੁੱਚ ਲੰਗਰ ਹੈ ਜਾਂ ਫਿਰ ਰੱਬ ਨੂੰ ਧੋਖਾ ਦੇਣ ਲਈ ਵਿਖਾਵਾ ਹੈ? ਸਵਾਲ ਖੜਾ ਹੁੰਦਾ ਹੈ ਕਿ ਕੀ ਰੋਟੀ ਦੇ ਪੈਸੇ ਦਿਹਾੜੀ ਵਿੱਚੋਂ ਕੱਟਣ ਵਾਲਿਆਂ ਨੂੰ ਲੰਗਰ ਲਾਉਣ ਦਾ ਅਧਿਕਾਰ ਰਹਿ ਜਾਂਦਾ ਹੈ?
ਗੁਰੂਆਂ, ਭਗਤਾਂ ਦੇ ਮਾਰਗ ’ਤੇ ਚੱਲਣ ਦਾ ਢੋਂਗ ਕਰਨ ਵਾਲੇ ਅਮਲਾਂ ਤੋਂ ਕੋਰੇ ਲੋਕਾਂ ਬਾਰੇ ਬਾਬਾ ਕਬੀਰ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ ‘‘ਅੰਤਿਰ ਮੈਲ਼ ਦੇ ਤੀਰਥ ਨਾਵੈ ਤਿਸ ਬੈਕੁੰਠ ਨ ਜਾਣਾ। ਲੋਕ ਪਤੀਣੇ ਕਛੂ ਨ ਹੋਵੈ ਰਾਮ ਅਲਾਣਾ’’ । ਇੱਥੇ ਇਹ ਸਵਾਲ ਵੀ ਉਠਦਾ ਹੈ ਕਿ ਕੀ ਪਿੰਡਾਂ ਦੇ ਗੁਰੂਘਰ ਸਰਬ ਸਾਂਝੇ ਹਨ ਜਾਂ ਕਿਸੇ ਵਰਗ ਜਾਂ ਜਾਤੀ ਵਿਸ਼ੇਸ਼ ਦੇ?
ਅਸੀਂ ਦਿਹਾਤੀ ਮਜ਼ਦੂਰ ਸਭਾ ਵਾਲੇ ਇਹ ਗੱਲ ਸਮਝਦੇ ਹਾਂ ਕਿ ਕਿਰਤੀ ਜਮਾਤ ਦੇ ਸਾਂਝੇ ਦੁਸ਼ਮਣ (ਲੁਟੇਰੀ ਜਮਾਤ) ਦੇ ਖਿਲਾਫ ਲੜਾਈ ਤਾਂ ਹੀ ਜਿੱਤੀ ਜਾ ਸਕਦੀ ਹੈ ਜ਼ੇਕਰ ਮਜ਼ਦੂਰ ਤੇ ਕਿਸਾਨ ਦਾ ਏਕਾ ਹੋਵੇ । ਕੁਝ ਲੋਕ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਕਿਸਾਨਾਂ ਮਜ਼ਦੂਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਅਸੀਂ ਨਾਲ਼ ਹੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੇਕਰ ਕਿਸਾਨ ਨੂੰ ਆਪਣੀ ਵੇਚੀ ਜਾਣ ਵਾਲੀ ਜਿਣਸ ਦਾ ਵੱਧ ਮੁੱਲ ਮੰਗਣ ਦਾ ਅਧਿਕਾਰ ਹੈ ਤਾਂ ਫਿਰ ਮਜ਼ਦੂਰ ਨੂੰ ਆਪਣੀ ਮਿਹਨਤ ਦਾ ਵੱਧ ਮੁੱਲ ਮੰਗਣ ਦਾ ਅਧਿਕਾਰ ਕਿਉਂ ਨਹੀਂ ਹੈ। ਹੁਣੇ-ਹੁਣੇ ਝੋਨੇ ਦਾ ਭਾਅ 35 ਰੁਪਏ ਪ੍ਰਤੀ ਕੁਇੰਟਲ ਵਧਿਆ ਹੈ ਜ਼ੋ ਕਰੀਬ 2000 ਹਜਾਰ ਰੁਪਏ ਪ੍ਰਤੀ ਏਕੜ ਵੱਧ ਗਿਆ ਹੈ, ਜਿਸ ਨਾਲ ਮਜ਼ਦੂਰਾਂ ਨੂੰ ਚਾਵਲ ਮਹਿੰਗੇ ਭਾਅ ਖਰੀਦਣੇ ਪੈਣਗੇ । ਫਿਰ ਮਜ਼ਦੂਰਾਂ ਨੂੰ ਆਪਣੀ ਮਿਹਨਤ ਦੇ ਵੱਧ ਪੈਸੇ ਮੰਗਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ? ਅਸੀਂ ਮਜ਼ਦੂਰ ਕਿਸਾਨ ਦੇ ਏਕੇ ਦੇ ਹੱਕ ਵਿੱਚ ਹਾਂ ਪਰ ਇਹ ਏਕਾ ਮਜ਼ਦੂਰਾਂ ਦੀ ਕੀਮਤ ਉਤੇ ਹੋਵੇ ਇਹ ਸਾਨੂੰ ਬਿਲਕੁਲ ਪ੍ਰਵਾਨ ਨਹੀਂ ਹੈ।
ਮਤੇ ਪਾਉਣ ਵਾਲਿਆਂ ਤੋਂ ਪੁੱਛਣਾ ਬਣਦਾ ਹੈ ਕਿ ਜਿਸ ਦਿਨ ਖਾਦ ਦਾ ਬੋਰਾ 400 ਰੁਪਏ ਤੋਂ ਵੱਧ ਕੇ 1200 ਰੁਪਏ ਹੋ ਗਿਆ ਸੀ ਉਸ ਦਿਨ ਰਾਤੋ-ਰਾਤ ਵਧੀ ਕੀਮਤ ਖਿਲਾਫ ਕਿਉਂ ਨਹੀਂ ਉਠ ਕੇ ਵਿਰੋਧ ਕੀਤਾ? ਝੋਨੇ ਦੇ ਬੀਜ਼ ਦੀ ਪੰਜ ਕਿਲੋ ਦੀ ਗੁੱਥੀ 1600 ਰੁਪਏ ਵਿੱਚ ਚੁੱਪ ਕਰਕੇ ਹੀ ਕਿਉਂ ਖ਼ਰੀਦ ਲਿਆਉਂਦੇ ਹੋ ? ਡੀਜ਼ਲ ਤੇ ਪੈਟਰੋਲ, ਜ਼ੋ ਰੋਜ਼ ਖ਼ਰੀਦਦੇ ਹੋ ਉਸ ਦਾ ਭਾਅ ਹੁਣ ਹਰ ਰੋਜ਼ ਵਧਣ ਲੱਗ ਪਿਐ। ਇਸ ਅੰਨੀ ਲੁੱਟ ਖ਼ਿਲਾਫ਼ ਤੁਸੀਂ ਆਪਣਾਂ ਮੂੰਹ ਕਿਉਂ ਨਹੀਂ ਖੋਲ੍ਹਦੇ? ਦਵਾਈਆਂ ਖ਼ਰੀਦਣ ਵੇਲੇ, ਮੰਡੀ ਦੀ ਲੁੱਟ ਵੇਲੇ, ਪੁਲਿਸ ਦੀ ਕੁੱਟ ਵੇਲੇ ਤੁਹਾਡੇ ਮੂੰਹ ਵਿੱਚ ਘੁੰਗਣੀਆ ਪੈ ਜਾਂਦੀਆਂ ਹਨ। ਮਜ਼ਦੂਰਾਂ ਖਿਲਾਫ਼ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੇ ਨਸ਼ਾ ਵੇਚਣ ਵਾਲਿਆਂ, ਪੁਲਸ ਟਾਊਟਾਂ, ਬਦਇਖ਼ਲਾਕ ਬੰਦਿਆਂ ਆਦਿ ਖਿਲਾਫ਼ ਤਾਂ ਕਦੇ ਮਤੇ ਨੀ ਪਾਏ! ਇਸ ਤੋਂ ਸਾਬਿਤ ਹੁੰਦਾ ਹੈ ਕਿ ਅਸਲੀ ਦੁਸ਼ਮਣ (ਸਰਮਾਏਦਾਰ, ਜਗੀਰਦਾਰ ਪ੍ਰਬੰਧ ਦੇ ਚਾਲਕ) ਕਿਉਂ ਕਿ ਮਜ਼ਬੂਤ ਤੇ ਤਕੜਾ ਹੈ ਇਸ ਲਈ ਉਹਨਾਂ ਖਿਲਾਫ ਚੁੱਪ ਰਹਿਣਾ ਮੁਨਾਸਬ ਸਮਝ ਕੇ ਆਪ ਤੋਂ ਮਾੜਿਆਂ ਖਿਲਾਫ ਜ਼ਾਲਮ ਰਵੱਈਆ ਵਰਤ ਕੇ ਉਹਨਾਂ ’ਤੇ ਜ਼ੋਰ ਅਜ਼ਮਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜ਼ੋ ਦੇਸ਼ ਦੇ ਸੰਵਿਧਾਨ ਮੁਤਾਬਿਕ ਵੀ ਗ਼ਲਤ ਹੈ ਅਤੇ ਗੁਰੂਆਂ, ਭਗਤਾਂ, ਪੀਰਾਂ, ਫ਼ਕੀਰਾਂ ਦੀ ਮਨੁੱਖਤਾਵਾਦੀ ਸੋਚ ਦੇ ਵੀ ਉਲ਼ਟ ਹੈ। ਇਸ ਮਾਮਲੇ ਵਿਚ ਕਿਰਤ ਵਿਭਾਗ ਅਤੇ ਪੰਜਾਬ ਦੇ ਪੁਲਸ ਪ੍ਰਸ਼ਾਸਨ ਦੀ ਚੁੱਪ ਵੀ ਬਹੁਤ ਪਾਜ ਉਘੇੜ ਰਹੀ ਹੈ।
ਇਸ ਲਈ ਆਉ ਜੇ ਗ਼ਰੀਬੀ ਤੋਂ ਬਚਣਾ ਹੈ ਤਾਂ ਰਲ ਕੇ ਹੰਭਲਾ ਮਾਰੀਏ। ਖ਼ੁਦਕੁਸ਼ੀਆਂ ਦੇ ਰਾਹ ਛੱਡ ਕੇ ਅਸਲੀ ਤੇ ਸ਼ਾਂਝੇ ਦੁਸ਼ਮਣ ਖਿਲਾਫ ਸੰਘਰਸ਼ ਕਰੀਏ। ਮਨ ਵਿੱਚ ਜਾਤੀ-ਪਾਤੀ ਨਫ਼ਰਤ ਪਾਲਦੇ ਹੋਇਆਂ ਹਕੀਕੀ ਏਕਾ ਕਦਾਚਿੱਤ ਵੀ ਸੰਭਵ ਨਹੀਂ ਹੈ। ਅਸੀਂ ਮਜ਼ਦੂਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣਾਂ ਏਕਾ ਮਜ਼ਬੂਤ ਕਰੋ। ਦਿਹਾਤੀ ਮਜ਼ਦੂਰ ਸਭਾ ਦਾ ਘੇਰਾ ਵਿਸ਼ਾਲ ਕਰੋ। ਸੰਘਰਸ਼ਾਂ ਦੇ ਪਿੱੜ ਮੱਲੋ ਤੇ ਆਪਣੇ ਹੱਕਾਂ ਉਪਰ ਹੁੰਦੇ ਵਾਰਾਂ ਨੂੰ ਰੋਕਣ ਲਈ ਡਟਵਾਂ ਵਿਰੋਧ ਕਰੀਏ। ਸਰਕਾਰਾਂ ਦੇ ਲੋਕ ਵਿਰੋਧੀ ਕਦਮਾਂ ਦਾ ਮੁਕਾਬਲਾ ਕਰਦੇ ਹੋਏ ਅੱਗੇ ਵਧੀਏ।