Now Reading
ਸ਼ੀ ਜਿੰਨਪਿੰਗ ਕੋਈ ਬਾਦਸ਼ਾਹ ਕਿਉਂ ਨਹੀਂ?

ਸ਼ੀ ਜਿੰਨਪਿੰਗ ਕੋਈ ਬਾਦਸ਼ਾਹ ਕਿਉਂ ਨਹੀਂ?

ਸੁਧੀਂਦਰ ਕੁਲਕਰਨੀ
ਸੰਸਾਰ ਦਾਬੇ ਦੇ ਖਾਤਮੇਂ ਤੋਂ ਡਰੇ ਹੋਏ ਪੱਛਮ ਦੀਆਂ ਧੁੰਦਲੀਆਂ ਐਨਕਾਂ ਰਾਹੀਂ ਭਾਰਤ ਚੀਨ ਨੂੰ ਨਾ ਦੇਖੇ।
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਆਪਣੀ ਕਿਤਾਬ ‘ਚੀਨ ਦਾ ਪ੍ਰਸ਼ਾਸਨ’ ਦੇ ਪਹਿਲੇ ਭਾਗ (ਕੁੱਝ ਮਹੀਨੇ ਪਹਿਲਾਂ ਇਸ ਦਾ ਦੂਜਾ ਭਾਗ ਵੀ ਆ ਚੁੱਕਾ ਹੈ) ਵਿੱਚ ਕਿਹਾ ਹੈ ਕਿ, ”ਚੀਨ ਵਰਗੇ ਵੱਡੇ ਮੁਲਕ ਦਾ ਪ੍ਰਸ਼ਾਸਨ ਚਲਾਉਣਾ ਓਨਾ ਹੀ ਨਾਜ਼ੁਕ ਹੈ, ਜਿੰਨਾਂ ਕਿ ਛੋਟੀ ਮੱਛੀ ਨੂੰ ਤਲਣਾ।” ਉਹ ਹੋਰ ਵੀ ਕਹਿੰਦੇ ਹਨ, ਕਿ ਸਾਨੂੰ ਚੀਨ ਦੇ ਲੀਡਰਾਂ ਵਜੋਂ, ਚੀਨ ਦੀਆਂ ਠੋਸ ਹਕੀਕਤਾਂ ਤੇ ਚੀਨੀ ਲੋਕਾਂ ਦੀਆਂ ਆਸਾਂ-ਉਮੰਗਾਂ ਬਾਰੇ ਪੂਰਨ ਤੌਰ ਤੇ ਸੁਚੇਤ ਰਹਿਣਾ ਹੋਵੇਗਾ ਅਤੇ ਆਪਣੀਆਂ ਜਿੰਮੇਵਾਰੀਆਂ ਨੂੰ ਇੰਨੇ ਧਿਆਨ ਨਾਲ ਨਿਭਾਉਣਾ ਹੋਵੇਗਾ, ਜਿਵੇਂ ਕਿ ਅਸੀਂ ਬਰਫ ਦੀ ਬੇਹੱਦ ਪਤਲੀ ਪਰਤ ‘ਤੇ ਤੁਰ ਰਹੇ ਹੋਈਏ ਜਾਂ ਫਿਰ ਕਿਸੇ ਅਤਿ ਡੂੰਘੀ ਖਾਈ ਦੇ ਕਿਨਾਰੇ ਤੇ ਖੜੇ ਹੋਈਏ।”
ਉਨ੍ਹਾਂ ਲੋਕਾਂ ਲਈ, ਜੋ ਇਹ ਜਾਨਣਾ ਚਾਹੁੰਦੇ ਹਨ ਕਿ ਚੀਨ ਦਾ ਪ੍ਰਸ਼ਾਸਨ ਕਿਵੇਂ ਚਲਦਾ ਹੈ, ਜਾਂ ਸ਼ੀ ਦਾ ਪ੍ਰਸ਼ਾਸਨ ਬਾਰੇ ਆਪਣਾ ਕੀ ਸਟਾਈਲ ਤੇ ਨਜ਼ਰੀਆ ਹੈ, ਉਸ ਦੀ ਕਿਤਾਬ ਦੇ ਇਹ ਦੋਵੇਂ ਭਾਗਾਂ, ਜਿਨ੍ਹਾਂ ਵਿੱਚ ਉਸ ਦੇ ਭਾਸ਼ਣ ਤੇ ਲਿਖਤਾਂ ਸ਼ਾਮਲ ਹਨ, ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ। ਤੁਸੀਂ ਚਾਹੇ ਚੀਨ ਦੇ ਪ੍ਰਸ਼ੰਸਕ ਹੋਵੋ ਜਾਂ ਨਿੰਦਕ ਜਾਂ ਦੋਵੇਂ ਹੋਵੋ, ਪ੍ਰੰਤੂ ਜੇ ਤੁਸੀ ਅੰਤਰ-ਰਾਸ਼ਟਰੀ ਮਾਮਲਿਆਂ ਦੇ ਗੰਭੀਰ ਵਿਦਿਆਰਥੀ ਹੋ, ਤਾਂ ਲਾਜ਼ਮੀ ਤੁਸੀਂ ਦੇਖੋਗੇ ਕਿ ਇਹ ਮਹਿਜ ਪ੍ਰਾਪੇਗੰਡਾ ਰਾਗ ਨਹੀਂ ਹੈ। ਸੱਚ ਤਾਂ ਇਹ ਹੈ ਕਿ ਇਸ ਦੇ ਮੁਕਾਬਲੇ ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਵਰਗੇ ਨੇਤਾਵਾਂ ਦੇ ਭਾਸ਼ਣਾਂ ‘ਚ ਕਿਤੇ ਵੱਧ ਪ੍ਰਾਪੇਗੰਡਾ ਤੇ ਆਪਣੀ ਸਿਫਤ-ਸਲਾਹੀ ਵਾਲੀ ਸਮੱਗਰੀ ਹੁੰਦੀ ਹੈ। ਕਿਉਂਕਿ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਵਿਰੋਧੀਆਂ ਨਾਲ ਲਗਾਤਾਰ ਦੋ-ਦੋ ਹੱਥ ਕਰਨੇ ਪੈਂਦੇ ਹਨ ਤੇ ਉਹ ਆਪਣੇ ਆਪ ਨੂੰ ਚੰਗਿਆਈ ਦੇ ਨਮੂਨੇ ਵਾਂਗ ਪੇਸ਼ ਕਰਦੇ ਹਨ। ਇਹ ਉਹ ਕੀਮਤ ਹੈ, ਜੋ ਜਮਹੁੂਰੀਅਤਾਂ ਨੂੰ ਜਮਹੂਰੀਅਤ ਹੋਣ ਵਜੋਂ ਚੁਕਾਉਣੀ ਪੈਂਦੀ ਹੈ।
ਚੀਨ ਕੋਈ ਜਮਹੂਰੀਅਤ (ਸਰਮਾਏਦਾਰੀ ਨਿਜਾਮ ਵਰਗੀ) ਨਹੀਂ ਹੈ। ਇਹ ਇਸ ਦੀ ਸਭ ਤੋਂ ਵੱਡੀ ਪ੍ਰਨਾਲੀਗਤ ਕਮੀ (ਕਹੀ ਜਾ ਸਕਦੀ) ਹੈ। ਫਿਰ ਵੀ ਚੀਨ ਵਲੋਂ ਲੋਕ-ਕੇਂਦਰਤ ਤੇ ਕੌਮੀ-ਕੇਂਦਰਤ ਪ੍ਰਸ਼ਾਸਨ ਪ੍ਰਣਾਲੀ ਵਿਕਸਤ ਕੀਤੀ ਗਈ ਹੈ, ਜਿਸ ਨੇ ਉਸਦੀ ਇੱਕ ਸ਼ਕਤੀਸ਼ਾਲੀ, ਖੁਸ਼ਹਾਲ ਤੇ ਸਵੈ-ਵਿਸ਼ਵਾਸ਼ ਪੂਰਨ ਦੇਸ਼ ਬਣਨ ‘ਚ ਸਹਾਇਤਾ ਕੀਤੀ ਹੈ ਤੇ ਉਸਨੇ ਪ੍ਰਭਾਵਸ਼ਾਲੀ ਪ੍ਰਾਪਤੀਆਂ ਕੀਤੀਆਂ ਹਨ। ਇਸ ਨੇ ਆਪਣੇ ਨਾਗਰਿਕਾਂ ਨੂੰ ਉਹ ਕੁੱਝ ਦਿੱਤਾ ਹੈ, ਜੋ ਇਸ ਦੇ ਮੁਕਾਬਲੇ ਕਿੰਨੇ ਹੀ ਲੋਕਤੰਤਰੀ ਦੇਸ਼ (ਸਮੇਤ ਭਾਰਤ ਦੇ) ਕਈ ਇਤਿਹਾਸਕ ਤਜਰਬਿਆਂ ਦੇ ਬਾਵਜੂਦ ਦੇਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਉਦਾਹਰਣ ਵਜੋਂ ਗਰੀਬੀ, ਭੁੱਖਮਰੀ, ਬਿਮਾਰੀ ਤੇ ਛੇਤੀ ਮੌਤ ਹੋ ਜਾਣਾ, ਗੈਰ-ਮਨੁੱਖੀ ਜੀਵਨ ਹਾਲਤਾਂ ਆਦਿ ਤੋਂ ਮੁਕਤੀ। ਇਸ ਨੇ ਆਪਣੇ ਉੱਚਤਮ ਦਰਜੇ ਦੇ ਭੌਤਿਕ ਤੇ ਸਭਿਆਚਾਰਕ ਢਾਂਚੇ ‘ਚ ਅਮਰੀਕਾ ਤੇ ਯੂਰਪ ਨੂੰ ਵੀ ਪਛਾੜ ਦਿੱਤਾ ਹੈ। ਚੀਨੀ ਲੋਕ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ ਚਾਰ ਦਹਾਕਿਆਂ ਦੇ ਥੋੜ੍ਹੇ  ਸਮੇਂ ਦੌਰਾਨ ਹੀ ਮੁੱਖ ਤੌਰ ‘ਤੇ ਸਵੈ ਨਿਰਭਰ ਕੋਸ਼ਿਸ਼ਾਂ ਰਾਹੀਂ ਦੁਨੀਆਂ ਦੇ ਆਗੂ ਦੇਸ਼ਾਂ ‘ਚੋਂ ਆਪਣੇ ਇਕ ਦੇਸ਼ ਦੀ ਉਸਾਰੀ ਕੀਤੀ ਹੈ। ਸਿਰਫ ਅੰਨ੍ਹੇ-ਵਿਰੋਧੀ ਤੇ ਪੱਖਪਾਤੀ ਲੋਕ ਹੀ ਇਹ ਦਾਅਵਾ ਕਰ ਸਕਦੇ ਹਨ ਕਿ ਚੀਨੀ ਸਿਸਟਮ ਦਾ ਇਨ੍ਹਾਂ ਪ੍ਰਾਪਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਾਂ ਇਸ ਸਿਸਟਮ ਦੀ ਲੋਕਾਂ ਦੀਆਂ ਨਜ਼ਰਾਂ ‘ਚ ਘਾਟ ਹੈ,  ਜੋ ਕਿ ਕਿਸੇ ਵੀ ਜਮਹੂਰੀਅਤ (ਲੋਕਤੰਤਰ) ਦੀ ਜਰੂਰੀ ਵਿਸ਼ੇਸ਼ਤਾ ਹੈ।
ਚੀਨ ਦੇ ਪੱਛਮੀ ਤੇ ਭਾਰਤੀ ਨਿੰਦਕ ਇਸ ਦੀ ਪ੍ਰਸ਼ਾਸਨ ਪ੍ਰਨਾਲੀ ਨੂੰ ਇਸ ਕਰਕੇ ਨਿੰਦਦੇ ਹਨ ਕਿ ਇਹ ਉਨ੍ਹਾਂ ਦੀ ਪ੍ਰਨਾਲੀ ਵਰਗੀ ਨਹੀਂ ਹੈ, ਜਿਵੇਂ ਕਿ ਸਾਡੀ ਪ੍ਰਨਾਲੀ ਸਿਰਫ ਇੱਕੋ ਇੱਕ ਆਦਰਸ਼ਕ ਪ੍ਰਸ਼ਾਸਨ ਪ੍ਰਨਾਲੀ ਹੋਵੇ, ਜਿਸ ਦੀ ਚੀਨ ਸਮੇਤ ਹਰੇਕ ਮੁਲਕ ਨੂੰ ਨਕਲ ਕਰਨੀ ਚਾਹੀਦੀ ਹੈ। ਇਕੋ-ਸਿਸਟਮ ਸਾਰੀਆਂ ਥਾਵਾਂ ਤੇ ਫਿੱਟ ਕਰਨ ਦੀ ਪਹੁੰਚ ਨੇ ਚੀਨ ‘ਤੇ ਨਜ਼ਰ ਰੱਖਣ ਵਾਲਿਆਂ ਨੂੰ, ਚੀਨ ਦੀ ਰਾਜ ਕਰਦੀ ਕਮਿਊਨਿਸਟ ਪਾਰਟੀ ਵਲੋਂ ਆਪਣੇ ਰਾਸ਼ਟਰਪਤੀ ਦੇ ਆਹੁਦੇ ਦੀ ਦੋ-ਟਰਮਾਂ ਦੀ ਮਿਆਦ ਖਤਮ ਕਰਨ ਦੇ ਫੈਸਲੇ ਨੂੰ, ਇਹ ਕਹਿਣ ਦਾ ਮੌਕਾ ਦਿੱਤਾ ਹੈ ਕਿ ਸ਼ੀ ਜਿੰਨਪਿੰਗ ਹੁਣ ਮੁਲਕ ਦਾ ਨਵਾਂ ਬਾਦਸ਼ਾਹ ਜਾਂ ਉਮਰ-ਭਰ ਲਈ ਤਾਨਾਸ਼ਾਹ ਬਣ ਗਿਆ ਹੈ। ਇਹ ਸੱਚ ਨਹੀਂ ਹੈ।
ਬਿਨ੍ਹਾਂ ਸ਼ੱਕ, ਪਿਛਲੇ ਅਕਤੂਬਰ ‘ਚ ਚੀਨੀ ਕਮਿਊਨਿਸਟ ਪਾਰਟੀ ਦੀ 19 ਵੀਂ ਕਾਂਗਰਸ ਦੇ ਮੁਕੰਮਲ ਹੋਣ ਉਪਰੰਤ ਉਹ ਮਾਓ-ਜੇ-ਤੁੰਗ ਤੇ ਡੈਂਗ ਸਿਆਓ-ਪਿੰਗ ਤੋਂ ਬਾਅਦ ਸੱਭ ਤੋਂ ਵੱਧ ਤਾਕਤਵਰ ਨੇਤਾ ਵਜੋਂ ਉਭਰੇ ਹਨ। ‘ਦਿ ਇਕਾਨੋਮਿਸਟ’ ਮੈਗਜ਼ੀਨ ਨੇ ਤਾਂ ਉਸ ਨੂੰ ਦੁਨੀਆਂ ਦਾ ਸੱਭ ਤੋਂ ਵੱਧ ਤਾਕਤਵਰ ਨੇਤਾ ਤੱਕ ਕਿਹਾ ਹੈ। ਪਰੰਤੂ ਕਿਸੇ ਵੀ ਤਰ੍ਹਾਂ ਨਾਲ ਉਸ ਕੋਲ ਕੋਈ ਤਾਨਾਸ਼ਾਹੀ ਤਾਕਤਾਂ ਨਹੀਂ ਹਨ। ਚੀਨੀ ਕਮਿਉੂਨਿਸਟ ਪਾਰਟੀ ਦੀ 7 ਮੈਂਬਰੀ ਸੱਭ ਤੋਂ ਉਪਰਲੀ ਫੈਸਲੇ ਲੈਣ ਵਾਲੀ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਜਾਂ ਫਿਰ ਇਸ ਦੀ 25 ਮੈਂਬਰੀ ਪੋਲਿਟ ਬਿਉੂਰੋ’ ਵਿੱਚ ਰਾਸ਼ਟਰਪਤੀ ਸ਼ੀ ਦੇ ਨਿਰਦੇਸ਼ਾਂ ਅਨੁਸਾਰ ਅੰਨੇਵਾਹ ਹਾਂ-‘ਚ ਹਾਂ ਮਿਲਾਉਣ ਵਾਲੇ ਵਿਅਕਤੀ ਨਹੀਂ ਹਨ। ਪਾਰਟੀ ਅਤੇ ਸਰਕਾਰ ਵਿੱਚ ਇਨ੍ਹਾਂ ਤੇ ਦੂਜੀਆਂ ਕਮੇਟੀਆਂ ‘ਚ ਉਚੇ ਦਰਜੇ ਦਾ ਢਾਂਚਾਗਤ ਅੰਦਰੂਨੀ ਸਲਾਹ-ਮਸ਼ਵਰੇ ਦਾ ਪ੍ਰਬੰਧ ਹੈ ਤੇ ਨਾਲ ਹੀ ਸਮੂਹਿਕ ਫੈਸਲੇ ਲੈਣ ਦਾ ਵੀ ਪ੍ਰਬੰਧ ਹੈ। ਅਮਰੀਕੀ ਚੀਨ-ਅਧਿਐਨ ਕਰਤਾ ਡੈਵਿਡ ਸ਼ੈਮਬਾਘ ਨੇ ਆਪਣੀ ਕਿਤਾਬ ”ਚੀਨੀ ਕਮਿਊਨਿਸਟ ਪਾਰਟੀ-ਘਾਟਾਂ ਤੇ ਅਨੂਕੂਲਤਾਵਾਂ”, ਵਿੱਚ ਲਿਖਿਆ ਹੈ ਕਿ ਚੀਨ ਨੇ ਪ੍ਰਸ਼ਾਸਨ ਲਈ ਸਵੈ-ਸੁਧਾਰਕ ਤੇ ਉਚ ਦਰਜੇ ਦੇ ਯੋਗਤਾ ਪੂਰਨ ਤੰਤਰ ਵਿਕਸਤ ਕੀਤੇ ਹਨ, ਜਿਨ੍ਹਾਂ ਨਾਲ ਚੀਨੀ ਕਮਿਉੂਨਿਸਟ ਪਾਰਟੀ ਨੂੰ ਸਮੇਂ-ਸਮੇਂ ਤੇ ਕੁੱਝ ਨਵਾਂ ਕਰਨ ‘ਚ ਮੱਦਦ ਮਿਲੀ ਹੈ।
ਇਸ ਲਈ ਕਿਸੇ ਬਾਦਸ਼ਾਹ ਜਾਂ ਤਾਨਾਸ਼ਾਹ ਦੇ ਉੱਲਟ ਸ਼ੀ ਆਪਣੀਆਂ ਤਾਕਤਾਂ ਦੀ ਮਨਮਾਨੇ ਢੰਗ ਨਾਲ ਵਰਤੋਂ ਨਹੀਂ ਕਰ ਸਕਦਾ। 1966-76 ਦੌਰਾਨ ਹੋਏ ਮਾਰੂ ‘ਸੱਭਿਆਚਾਰਕ ਇਨਕਲਾਬ’ ਜਦੋਂ ਮਾਓ ਪਾਰਟੀ ਤੋਂ ਵੱਧ ਤਾਕਤਵਰ ਹੋ ਗਿਆ ਸੀ ਅਤੇ ਮੁਲਕ ‘ਚ ਅਰਾਜਕਤਾ ਫੈਲਣ ਵਰਗੇ ਹਾਲਾਤ ਬਣ ਗਏ ਸਨ, ਤੋਂ ਬਾਅਦ ਚੀਨੀ ਕਮਿਉੂਨਿਸਟ ਪਾਰਟੀ ਨੇ ਆਪਣੀ ਹੋਂਦ ਦੀ ਖਾਤਰ ਕਿਸੇ ਹੋਰ ਤਾਨਾਸ਼ਾਹ ਨੂੰ ਪੈਦਾ ਨਾ ਕਰਨ ਬਾਰੇ ਸਿੱਖ ਲਿਆ ਹੈ।
ਤਾਂ ਫਿਰ ਚੀਨੀ ਕਮਿਉੂਨਿਸਟ ਪਾਰਟੀ ਨੇ 2023 ਤੋਂ ਬਾਅਦ ਤੀਜੀ ਟਰਮ ਲਈ ਵੀ ਸ਼ੀ ਦੇ ਰਾਸ਼ਟਰਪਤੀ ਵਜੋਂ ਬਣੇ ਰਹਿਣ ਲਈ ਹੁਣ ਰਾਹ ਕਿਉਂ ਮੋਕਲਾ ਕੀਤਾ ਹੈ? ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਸਾਨੂੰ ਚੀਨੀ ਕਮਿਊਨਿਸਟ ਪਾਰਟੀ ਨੂੰ ਇੱਕ ਸਮੂਹਿਕ ਬਾਦਸ਼ਾਹ ਵਜੋਂ ਦੇਖਣ ਦੀ ਲੋੜ ਹੈ। ਜੋ ਕਿ ਭੂਤਕਾਲ ‘ਚ ਚੀਨ ‘ਤੇ ਰਾਜ ਕਰਦੇ ਰਹੇ ਰਾਜਵੰਸ਼ਾਂ ਦੀ ਉੱਤਰਾਧਿਕਾਰੀ ਹੈ। ਚੀਨੀ ਕਮਿਉੂਨਿਸਟ ਪਾਰਟੀ ਦਾ ਚੀਨ ਦਾ ਇਕੋ ਇੱਕ ਸ਼ਾਸਕ ਬਣਨਾ 20 ਵੀਂ ਸਦੀ ਦੇ ਚੀਨੀ ਇਤਿਹਾਸ ਦਾ ਨਤੀਜਾ ਅਤੇ ਲੋੜ ਦੋਵੇਂ ਹੈ। ਇਹ ਸਿਸਟਮ ਯਕੀਨੀ ਤੌਰ ‘ਤੇ ਬਦਲੇਗਾ, ਜਿਵੇਂ ਜਿਵੇਂ ਚੀਨੀ ਨਾਗਰਿਕਾਂ ‘ਚ ਜਮਹੂਰੀਕਰਨ ਦੀ ਇੱਛਾ ਨਿਯਮਤ ਤਰੀਕੇ ਨਾਲ ਵਧੇਗੀ, ਜੋ ਕਿ ਪਹਿਲਾਂ ਹੀ ਵਧ ਰਹੀ ਹੈ। ਪਰੰਤੂ, ਅੱਜ ਦੀ ਤਾਰੀਖ ‘ਚ ਪਾਰਟੀ ਸੱਤਾ ‘ਚ ਰਹਿਣਾ ਚਾਹੁੰਦੀ ਹੈ ਤੇ ਚੀਨ ਦੇ ਬੁਹ-ਗਿਣਤੀ ਨਾਗਰਿਕ ਵੀ ਉਥੋਂ ਦੀ ਪ੍ਰਸ਼ਾਸਨਿਕ ਪ੍ਰਨਾਲੀ ਨਾਲ ਗਿਲੇ-ਸ਼ਿਕਵਿਆਂ ਦੇ ਬਾਵਜੂਦ ਉਨ੍ਹਾਂ ਦਾ ਰਾਜ ਜਾਰੀ ਰੱਖਣ ਦੇ ਹੱਕ ‘ਚ ਹਨ। ਅਤੇ ”ਸਮੂਹਿਕ ਬਾਦਸ਼ਾਹ” ਨੇ ਹੁਣ ਫੈਸਲਾ ਕੀਤਾ ਹੈ ਕਿ ਕਿ ਸ਼ੀ ਨੇ ਦੇਸ਼ ਦੇ ਰਾਸ਼ਟਰਪਤੀ ਵਜੋਂ ਅਤੇ ਸ਼ਾਇਦ ਚੀਨੀ ਕਮਿਊਨਿਸਟ ਪਾਰਟੀ ਦੇ ਮੁਖੀ ਅਤੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਮੁਖੀ ਵਜੋਂ ਇੱਕ ਹੋਰ ਟਰਮ ਲਈ (ਨਾ ਕਿ ਅਨਿਸ਼ਚਿਤ ਸਮੇਂ ਲਈ) ਜਾਰੀ ਰਹਿਣਾ ਹੈ।
ਚੀਨੀ ਕਮਿਊਨਿਸਟ ਪਾਰਟੀ ਦਾ ਇਹ ਫੈਸਲਾ, ਉਸ ਦੇ ਉਨ੍ਹਾਂ ਅੰਦਰੂਨੀ ਤੇ ਬਾਹਰੀ ਨਿਸ਼ਾਨਿਆਂ ਤੋਂ ਪ੍ਰੇਰਤ ਹੈ, ਜੋ ਕਿ ਉਸ ਦੁਆਰਾ ਘੜੇ ਗਏ ਨਵੇਂ ਵਾਕੰਸ਼ (ਸ਼ਬਦਾਵਲੀ) ‘ਚ ਰੂਪਮਾਨ ਹੁੰਦਾ ਹੈ : ”ਨਵੇਂ ਯੁੱਗ ‘ਚ ਚੀਨੀ ਵਿਸ਼ੇਸ਼ਤਾਵਾਂ ਮੁਤਾਬਕ ਸਮਾਜਵਾਦ ਦੀ ਉਸਾਰੀ ਕਰਨਾ।” ਰੇਖਾਂਕਿਤ ਸ਼ਬਦਾਂ ਨੂੰ ਸ਼ੀ ਨੇ ਡੈਂਗ ਸਿਆਓ ਪਿੰਗ ਯੁੱਗ ਦੇ ਸ਼ਬਦਾਂ ਵਿਚ ਦਲੇਰਾਨਾ ਵਾਧੇ ਵਜੋਂ ਜੋੜਿਆ ਹੈ, ਜੋ ਕਿ ਲਗਾਤਾਰਤਾ ਤੇ ਤਬਦੀਲੀ ਦੋਵਾਂ ਦਾ ਹੀ ਸੰਕੇਤ ਦਿੰਦਾ ਹੈ। ਅੰਦਰੂਨੀ ਤੌਰ ਤੇ ਚੀਨ ਗਿਣਾਤਮਿਕ ਤੇ ਗੁਣਾਤਮਿਕ ਦੋਵੇਂ ਤਰ੍ਹਾਂ ਨਾਲ ਆਪਣੇ ਲੋਕਾਂ ਦੇ ਵਿਕਾਸ ਲਈ ਬਹੁਤ ਉੱਚੇ ਮਿਆਰ ਪ੍ਰਾਪਤ ਕਰਨ ਦੇ ਨਿਸ਼ਾਨੇ ਰੱਖਦਾ ਹੈ, ਜਿਨ੍ਹਾਂ ਵਿੱਚ ਅਮਰੀਕਾ ਤੱਕ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਮੁਲਕ ਬਣਨ ਦਾ ਨਿਸ਼ਾਨਾ ਵੀ ਸ਼ਾਮਲ ਹੈ, ਜੋ ਕਿ ਇਹ ਜਲਦੀ ਹੀ ਪ੍ਰਾਪਤ ਵੀ ਕਰ ਲਵੇਗਾ। ਬਾਹਰੀ ਤੌਰ ‘ਤੇ ਉਹ ਸੰਸਾਰ ਮਸਲਿਆਂ ‘ਚ ਹੋਰ ਵੀ ਵੱਡਾ ਰੋਲ ਅਦਾ ਕਰਨਾ ਚਾਹੁੰਦਾ ਹੈ, ਜਿਸ ਦਾ ਕਿ ਉਸ ਨੂੰ (ਭਾਰਤ ਵਾਂਗ ਹੀ) ਪੂਰਾ ਅਧਿਕਾਰ ਹੈ। ਇਨ੍ਹਾਂ ਦੋਵੇਂ ਨਿਸ਼ਾਨਿਆਂ ਦੀ ਪ੍ਰਾਪਤੀ ਦੇ ਰਾਹ ‘ਚ ਉਸਦੇ ਸਾਹਮਣੇ ਬੜੇ ਸਖਤ ਚੈਲੰਜ ਹਨ। ਇਸ ਲਈ ਕਮਿਊਨਿਸਟ ਪਾਰਟੀ ਨੇ ਸਮੂਹਿਕ ਤੌਰ ਤੇ ਇਹ ਨਤੀਜਾ ਕੱਢਿਆ ਹੈ ਕਿ ਸ਼ੀ ਦੀ ਸ਼ਕਤੀਸ਼ਾਲੀ ਅਗਵਾਈ ਦੀ ਉਸ ਨੂੰ ਅਜੇ ਕੁੱਝ ਹੋਰ ਸਮੇਂ ਲਈ ਲੋੜ ਹੈ ਤਾਂ ਕਿ ਇਸ ਤੋਂ ਬਾਅਦ ਨਵੀਂ ਪੀੜ੍ਹੀ ਦੇ ਨੇਤਾ ਇਹ ਅਗਵਾਈ ਕਰ ਸਕਣ।
ਜੋ ਅਸਹਿਮਤ ਹਨ, ਉਨ੍ਹਾਂ ਨੂੰ ਇਸ ਸਧਾਰਨ ਸਵਾਲ ਦਾ ਜਵਾਬ ਦੇਣਾ ਪਵੇਗਾ ਕਿ ਕੀ ਕੋਈ ਵੀ ਗਤੀਸ਼ੀਲ, ਨਿਸ਼ਾਨਾ-ਸੇਧਤ ਤੇ ਸਵੈ-ਵਿਸ਼ਵਾਸ਼ੀ ਸੰਸਥਾ-ਚਾਹੇ ਉਹ ਕੋਈ ਦੇਸ਼ ਹੋਵੇ, ਕਾਰਪੋਰੇਟ ਜਾਂ ਮੀਡੀਆ ਕੰਪਨੀ ਹੋਵੇ, ਕੀ ਆਪਣੇ ਨਿਯਮਾਂ-ਕਾਨੂੰਨਾਂ ਨੂੰ ਉਸ ਦੇ ਨਿਸ਼ਾਨਿਆਂ ਨੂੰ ਰੋਕਣ ਦਾ ਅਧਿਕਾਰ ਦੇਵੇਗੀ ਜਾਂ ਫਿਰ ਉਨ੍ਹਾਂ ਨੂੰ ਬਦਲੇਗੀ ਜਦੋਂ ਕਿ ਹਾਲਾਤ ਬਦਲ ਜਾਣ, ਤਾਂ ਕਿ ਇਕਾਗਰ ਚਿੱਤ ਹੋ ਕੇ ਆਪਣੇ ਨਿਸ਼ਾਨਿਆਂ ਦੀ ਪੂਰਤੀ ਕੀਤੀ ਜਾ ਸਕੇ।
ਇੱਕ ਆਖਰੀ ਵਿਚਾਰ; ਇਹ ਬੜ੍ਹਾ ਢੁਕਵਾਂ ਸਮਾਂ ਹੈ ਕਿ ਭਾਰਤੀ ਟਿੱਪਣੀਕਾਰ ਆਪਣੇ ਸੰਸਾਰ ਦਬਦਬੇ ਦੇ ਅੰਤ ਤੋਂ ਡਰੇ ਹੋਏ ਪੱਛਮ ਦੀਆਂ ਧੁੰਦਲੀਆਂ ਐਨਕਾਂ ਰਾਹੀ ਚੀਨ ਨੂੰ ਦੇਖਣਾ ਬੰਦ ਕਰਨ। ਆਓ ਆਪਾਂ ਆਪਣੀ ਜਮਾਂਦਰੂ ਭਾਰਤੀ ਸਿਆਣਪ ਦੀ ਵਰਤੋਂ ਕਰਕੇ, ਸਾਡੇ ਆਪਣੇ ਨੁਕਸਦਾਰ ਪ੍ਰਸ਼ਾਸਨਿਕ ਸਿਸਟਮ ਨੂੰ ਸੁਧਾਰੀਏ ਅਤੇ ਚੀਨ ਨੂੰ, ਆਪਣਾ ਜਮਹੂਰੀਕਰਨ ਕਰਨ ਦੇਈਏ। ਇਸ ਦੇ ਨਾਲ ਹੀ ਅਸੀਂ ਚੀਨ ਦੀਆਂ ਸੁਭਾਵਕ ਸਮਰੱਥਾਵਾਂ ਤੋਂ ਵੀ ਸਿੱਖੀਏ। ਸ਼ੀ ਜਿੰਨਪਿੰਗ ਦੇ ਵਿਚਾਰਾਂ ਤੋਂ ਕਾਫੀ ਕੁੱਝ ਸਿੱਖਿਆ ਜਾ ਸਕਦਾ ਹੈ।
(‘ਇੰਡੀਅਨ ਐਕਸਪ੍ਰੈਸ’ ਤੋਂ ਧੰਨਵਾਦ ਸਹਿਤ)
ਅਨੁਵਾਦ ਪ੍ਰੋ. ਜੈਪਾਲ ਸਿੰਘ
ਨੋਟ : ਮੂਲ ਲੇਖਕ ਸ਼੍ਰੀ ਸੁਧੀਂਦਰ ਕੁਲਕਰਨੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਲਾਹਕਾਰ ਰਹੇ ਹਨ।

Scroll To Top