ਸ਼ਹੀਦ ਗੁਰਨਾਮ ਸਿੰਘ ਉਪਲ ਤੇ ਹੋਰ ਸ਼ਹੀਦਾਂ ਨੂੰ ਸਮਰਪਤ ਸ਼ਰਧਾਂਜਲੀ ਸਮਾਰੋਹ
28 ਅਗਸਤ 2019 ਨੂੰ ਮਹਾਨ ਸ਼ਹੀਦ ਸਾਥੀ ਗੁਰਨਾਮ ਸਿੰਘ ਉਪਲ ਅਤੇ ਉਸੇ ਦੌਰ ਵਿਚ ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਹੋਰ ਸਾਥੀਆਂ ਦਾ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ ਰਈਆ ਵਿਖੇ ਮਨਾਇਆ ਗਿਆ।
ਸਾਥੀ ਗੁਰਨਾਮ ਸਿੰਘ ਉਪਲ ਨੂੰ ਖਾਲਿਸਤਾਨ ਦੇ ਨਾਮ ‘ਤੇ ਨਿਰਦੋਸ਼ ਮਨੁੱਖਾਂ ਦਾ ਕਤਲੇਆਮ ਕਰਨ ਵਾਲੀਆਂ ਕਾਲੀਆਂ ਤਾਕਤਾਂ ਨੇ 8 ਜੁਲਾਈ 1987 ਨੂੰ ਉਸ ਵੇਲੇ ਸ਼ਹੀਦ ਕਰ ਦਿੱਤਾ ਸੀ ਜਦੋਂ ਉਹ ਬੇ-ਮੌਸਮੀ ਬਾਰਸ਼ ਨਾਲ ਖਰਾਬ ਹੋ ਗਈ ਕਿਸਾਨਾਂ ਦੀ ਕਣਕ ਦਾ ਮੁਆਵਜ਼ਾ ਦਿਵਾਉਣ ਲਈ ਪਟਵਾਰੀ ਨੂੰ ਨਾਲ ਲੈ ਕੇ ਪੀੜਤ ਕਿਸਾਨਾਂ ਦੀ ਲਿਸਟ ਬਣਾ ਰਹੇ ਸਨ। ਕਿਉਂਕਿ ਉਸ ਵੇਲੇ ਉਹ ਸਰਵ ਸੰਮਤੀ ਨਾਲ ਚੁਣੇ ਹੋਏ ਪਿੰਡ ਉਪਲਾਂ ਦੇ ਸਰਪੰਚ ਵੀ ਸਨ। ਜਦੋਂ 19 ਮਈ 1987 ਨੂੰ ਹੁਣ ਵਾਲੇ ਤਰਨ ਤਾਰਨ ਜਿਲ੍ਹੇ ਵਿਚ ਸਾਥੀ ਦੀਪਕ ਧਵਨ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਸੰਸਕਾਰ ਵੇਲੇ ਬੋਲਦਿਆਂ ਸਾਥੀ ਉਪਲ ਨੇ ਗਰਜਵੀਂ ਆਵਾਜ਼ ਵਿਚ ਕਿਹਾ ਸੀ ਕਿ ”ਕਾਤਲੋ ਤੁਸੀਂ ਸਾਡਾ ਸ਼ੇਰ ਸਾਡੇ ਤੋਂ ਖੋਹ ਲਿਆ ਹੈ ਤੇ ਸੋਚਦੇ ਹੋਵੋਗੇ ਕਿ ਅਸੀਂ ਸੱਚ ਦੀ ਆਵਾਜ਼ ਬੰਦ ਕਰ ਦਿੱਤੀ ਹੈ ਪਰ ਜਦ ਤੱਕ ਦੀਪਕ ਧਵਨ ਦਾ ਇਕ ਵੀ ਸਾਥੀ ਜਿਉਂਦਾ ਹੈ ਉਹ ਆਵਾਜ਼ ਸਦਾ ਗੂੰਜਦੀ ਰਹੇਗੀ।”
ਕਾਮਰੇਡ ਬਲਦੇਵ ਸਿੰਘ ਸੈਦਪੁਰ, ਕਾਮਰੇਡ ਅਮਰੀਕ ਸਿੰਘ ਦਾਊਦ ਤੇ ਸਾਥੀ ਗੁਰਨਾਮ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਗੁਰਨਾਮ ਸਿੰਘ ਉਪਲ ਜਿੱਥੇ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਸਨ ਉਥੇ ਉਹ ਕਮਿਊਨਿਸਟ ਲਹਿਰ ਨੂੰ ਵੀ ਸਮਰਪਿਤ ਇਕ ਮਹਾਨ ਆਗੂ ਸਨ। ਉਹਨਾਂ ਨੇ ਸਾਥੀ ਉਪਲ ਨੂੰ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਮਹਾਨ ਯੋਧਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਉਪਲ ਦੇਸ਼ ਵਿਚ ਜਿੱਥੇ ਸਭ ਲਈ ਬਰਾਬਰ ਵਿਦਿਆ ਤੇ ਸਭ ਲਈ ਰੋਜ਼ਗਾਰ ਲਈ ਲੜਦੇ ਸਨ ਉਥੇ ਹੀ ਉਹ ਦੇਸ਼ ਦੀ ਕਿਰਤੀ ਜਮਾਤ ਦੀ ਕਿਰਤ ਦੀ ਹੁੰਦੀ ਲੁੱਟ, ਸਾਮਰਾਜੀ ਦਖਲ ਅਤੇ ਹੋਰ ਹਰ ਤਰ੍ਹਾਂ ਦੀ ਬੇਇਨਸਾਫੀ ਦੇ ਖਿਲਾਫ਼ ਲੜਨ ਵਾਲੇ ਮਹਾਨ ਇਨਕਲਾਬੀ ਸਨ। ਅਤੇ ਉਹ ਧਰਮਾਂ ਦੇ ਨਾਂਅ ‘ਤੇ ਲੋਕਾਂ ਵਿਚ ਫੁੱਟ ਪਾਉਣ ਵਾਲੀਆਂ ਕਾਲੀਆਂ ਤਾਕਤਾਂ ਖਿਲਾਫ਼ ਪੂਰੀ ਨਿਡਰਤਾ ਨਾਲ ਸਟੇਜਾਂ ਉਪਰ ਬੋਲਦੇ ਸਨ।
ਸਾਥੀ ਪਾਸਲਾ ਨੇ ਉਸ ਸਮੇਂ ਲੜੀ ਜਾ ਰਹੀ ਦੇਸ਼ ਭਗਤੀ ਦੀ ਜੰਗ ਵਿਚ ਸ਼ਹੀਦ ਹੋਏ ਦਿਲਬਾਗ ਸਿੰਘ ਬੁਟਾਰੀ, ਮਾਤਾ ਤੇਜ ਕੌਰ, ਕਸ਼ਮੀਰ ਸਿੰਘ ਭੱਟੀਕੇ, ਦਲੀਪ ਸਿੰਘ ਭੱਟੀ ਕੇ, ਨਾਜਰ ਸਿੰਘ ਤੇ ਮਲਾਗਰ ਸਿੰਘ ਬਲਾਰਾ, ਕਾਮਰੇਡ ਮੰਗਤ ਸਿੰਘ ਵਡਾਲਾ, ਮਾਤਾ ਹਰਬੰਸ ਕੌਰ ਦਾਊਦ, ਸਾਥੀ ਅਮਰੀਕ ਸਿੰਘ ਦਾਊਦ, ਚੈਂਚਲ ਸਿੰਘ ਖਲਚੀਆਂ, ਇਕਬਾਲ ਸਿੰਘ ਖਲਚੀਆਂ, ਇੰਦਰਜੀਤ ਕੁਮਾਰ ਭੋਰਸ਼ੀ, ਸੁਰਿੰਦਰ ਕੁਮਾਰ ਚੀਮਾ ਬਾਠ, ਸ਼ਰਨਜੀਤ ਸਿੰਘ ਸਰਾਂ ਅਤੇ ਪਹਿਲਾਂ ਸ਼ਹੀਦ ਹੋਏ ਕਾਮਰੇਡ ਗਹਿਲ ਸਿੰਘ ਛੱਜਲਵੱਡੀ ਨੂੰ ਸੱਚ ਤੇ ਹੱਕ ਲਈ ਸ਼ਹੀਦ ਹੋਏ ਸੂਰਮੇ ਕਰਾਰ ਦਿੱਤਾ।
ਇਹ ਸਮਾਗਮ ਜਿਥੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਮਨਾਇਆ ਗਿਆ ਉਥੇ ਉਹਨਾਂ ਦੇ ਅਧੂਰੇ ਰਹਿ ਗਏ ਕਾਜ ਨੂੰ ਪੂਰਾ ਕਰਨ ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀਆਂ ਜਿੰਦਗੀਆਂ ਲਾਉਣ ਦੇ ਅਹਿਦ ਕਰਨ ਲਈ ਵੀ ਮਨਾਇਆ ਗਿਆ।
ਸਮਾਗਮ ਨੂੰ ਆਰ.ਐਮ.ਪੀ.ਆਈ. ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸਾਥੀ ਸਤਨਾਮ ਸਿੰਘ ਅਜਨਾਲਾ, ਕਾਮਰੇਡ ਵਿਜੇ ਮਿਸ਼ਰਾ, ਕਾਮਰੇਡ ਪਰਗਟ ਸਿੰਘ ਜਾਮਾਰਾਏ, ਗੁਰਮੇਜ਼ ਸਿੰਘ ਤਿੰਮੋਵਾਲ, ਜਸਪਾਲ ਸਿੰਘ ਝਬਾਲ ਆਦਿ ਆਗੂਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਟੇਜ ਸਕੱਤਰ ਦੇ ਫਰਜ਼ ਹਰਪ੍ਰੀਤ ਸਿੰਘ ਬੁਟਾਰੀ ਨੇ ਨਿਭਾਏ। ਸਮਾਗਮ ਦੇ ਅੰਤ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਆਏ ਲੋਕਾਂ ਨੂੰ ਲੰਗਰ ਵੀ ਵਰਤਾਇਆ ਗਿਆ। ਰਿਪੋਰਟ : ਗੁਰਨਾਮ ਸਿੰਘ ਦਾਊਦ
ਪੰਡਿਤ ਕਿਸ਼ੋਰੀ ਲਾਲ ਜੀ ਦੀ ਯਾਦ ਵਿਚ ਵਿਸ਼ਾਲ ਸਮਾਗਮ
‘ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ’ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਸਤੰਬਰ, ਸ਼ਨੀਵਾਰ ਦੀ ਸ਼ਾਮ ਨੂੰ ਪੰਡਿਤ ਕਿਸ਼ੋਰੀ ਲਾਲ ਜੀ ਦੀ ਯਾਦ ਵਿਚ ‘ਨਾਟਕਾਂ ਭਰੀ ਸ਼ਾਮ’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਖੋੋਖਾ ਮਾਰਕੀਟ ਤਲਵਾੜਾ ਦੀ ਰਾਮਲੀਲਾ ਗਰਾਊਂਡ ਵਿਚ ਕੀਤਾ ਗਿਆ। ਤਲਵਾੜਾ ਨਿਵਾਸੀ ਅਤੇ ਨਾਲ ਲੱਗਦੇ ਪਿੰਡਾਂ ਦੇ ਨਿਵਾਸੀ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਸਮਾਗਮ ਦੀ ਖਿੱਚ ਦਾ ਪ੍ਰਮੁੱਖ ਕੇਂਦਰ ‘ਲੋਕ ਕਲਾ ਮੰਚ, ਮੁਲਾਂਪੁਰ ਦਾਖਾਂ’ ਦੀ ਟੀਮ ਅਤੇ ‘ਰੈਡ ਆਰਟਸ’ ਦਾ ਗਰੁੱਪ ਸੀ। ਜਿੱਥੇ ‘ਰੈਡ ਆਰਟਸ’ ਦੇ ਕਲਾਕਾਰ ਦੀਪਕ ਅਤੇ ਉਸ ਦੇ ਸਾਥੀਆਂ ਨੇ ਇਨਕਲਾਬੀ ਗੀਤਾਂ ਨਾਲ ਲੋਕਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਤੇ ਸਮਾਜ ਦੀਆਂ ਮੁਸ਼ਕਲਾਂ, ਲੋੜਾਂ ਅਤੇ ਉਸ ਦੇ ਹੱਲ ਨਾਲ ਜੋੜਿਆ, ਉਥੇ ਲੋਕ ਕਲਾ ਮੰਚ ਦੀ ਟੀਮ ਨੇ ਨਸ਼ਿਆਂ ਨਾਲ ਸਬੰਧਤ ਨਾਟਕ ਖੇਡ ਕੇ ਪੰਜਾਬ ਦੇ ਅੱਜ ਦੇ ਮਾੜੇ ਹਾਲਾਤ ਤੇ ਰੁਜ਼ਗਾਰ ਦੀ ਸਮੱਸਿਆ ਦਾ ਬਦਸੂਰਤ ਚਿਹਰਾ ਲੋਕਾਂ ਸਾਹਮਣੇ ਪੇਸ਼ ਕੀਤਾ। ਇਸੇ ਟੀਮ ਵਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜੀਵਨ ‘ਤੇ ਅਧਾਰਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਨਾਲ ਲੋਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਇਲਾਵਾ ਪੇਸ਼ ਕੋਰੀਓਗਰਾਫੀ ਵੀ ਲੋਕਾਂ ਵਿਚ ਖਿੱਚ ਦਾ ਕੇਂਦਰ ਬਣੀ ਰਹੀ।
ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਪੰਡਿਤ ਕਿਸ਼ੋਰੀ ਲਾਲ ਜੀ, ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਸੀ, ਇਸ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਲਾਮਿਸਾਲ ਕੁਰਬਾਨੀਆਂ ਦਾ ਅਤੇ ਮਿਹਨਤਕਸ਼ ਤੇ ਸੰਘਰਸ਼ਸ਼ੀਲ ਲੋਕਾਂ ਲਈ ਪਾਏ ਗਏ ਯੋਗਦਾਨ ਦਾ ਜ਼ਿਕਰ ਕੀਤਾ। ਦੇਸ਼ ਅੱਜ ਕਿੱਧਰ ਜਾ ਰਿਹਾ ਹੈ ਅਤੇ ਦੇਸ਼ ਦੇ ਹਾਲਾਤ ਕਿੰਨੇ ਖਤਰਨਾਕ ਹਨ ਅਤੇ ਇਸ ਸਮੇਂ ਪੰਡਿਤ ਕਿਸ਼ੋਰੀ ਲਾਲ ਜੀ ਦੀ ਸੋਚ ਤੇ ਪਹਿਰਾ ਦੇਣਾ ਕਿੰਨਾ ਜ਼ਰੂਰੀ ਹੈ ਇਸ ਦਾ ਵਿਸਤਾਰ ਨਾਲ ਹਵਾਲਾ ਦੇਣ ਦੇ ਨਾਲ-ਨਾਲ ਦੇਸ਼ ਦੀ ਡੁਬਦੀ ਅਰਥ ਵਿਵਸਥਾ ‘ਤੇ ਵੀ ਚਾਨਣਾ ਪਾਇਆ।
ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਵਿਚ ਸੰਘਰਸ਼ਾਂ ਵਿਚ ਮੋਹਰੀ ਰੋਲ ਅਦਾ ਕਰਨ ਵਲੇ ਨੌਜ਼ਵਾਨਾਂ ਨੂੰ ਸਨਮਾਨਤ ਕੀਤਾ। ਜਿਥੇ ਕਮੇਟੀ ਵਲੋਂ ਮੁੱਖ ਮਹਿਮਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੂੰ ਸਨਮਾਨਿਤ ਕੀਤਾ ਗਿਆ, ਉਥੇ ਹੀ ਵਰਕਰਾਂ ਨੂੰ ਜਥੇਬੰਦ ਕਰਨ ਵਿਚ ਮੋਹਰੀ ਰੋਲ ਅਦਾ ਕਰਨ ਲਈ ਅਤੇ ਦੱਬੀ ਕੁਚਲੀਆਂ ਔਰਤਾਂ ਦੀ ਜਮਾਤ ਵਿਚ ਕੰਮ ਕਰਨ ਲਈ ਮੈਡਮ ਬਲਵਿੰਦਰ ਕੌਰ, ਪਰਮਜੀਤ ਕੌਰ ਅਤੇ ਅਨੀਤਾ ਰਾਣੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਕੀਤੇ ਜਾਣ ਵਾਲਿਆਂ ਵਿਚ ਇਕ ਨੌਜਵਾਨ ਅਕਸ਼ਤ ਵਿਸ਼ੇਸ਼ ਖਿੱਚ ਦਾ ਕੇਂਦਰ ਸੀ, ਜਿਸਨੇ ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ ਦੀ ਖਸਤਾ ਹਾਲਤ ਸੁਧਾਰਨ ਲਈ ਲੜੇ ਗਏ ਸੰਘਰਸ਼ ਵਿਚ ਵੱਡਾ ਯੋਗਦਾਨ ਪਾਇਆ ਸੀ।
ਇਹ ਪ੍ਰੋਗਰਾਮ ਦੇਰ ਰਾਤ ਤੱਕ ਚਲਦਾ ਰਿਹਾ ਅਤੇ ਸਰੋਤੇ ਇਕ ਚਿੱਤ ਹੋ ਕੇ ਇਸ ਦਾ ਅਨੰਦ ਮਾਣਦੇ ਰਹੇ।
ਇਸ ਪ੍ਰੋਗਰਾਮ ਵਿਚ ਪ੍ਰਮੁੱਖ ਯੋਗਦਾਨ ਕਮੇਟੀ ਦੇ ਪ੍ਰਮੁੱਖ ਆਗੂਆਂ ਜਸਵੀਰ ਤਲਵਾੜਾ, ਦੀਪਕ ਠਾਕੁਰ, ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਕੁੰਦਨ ਸਿੰਘ, ਮਨਮੋਹਨ ਸਿੰਘ, ਅਕਸ਼ਤ, ਵਿਨੋਦ ਕੁਮਾਰ, ਸ਼ਸ਼ੀਕਾਂਤ, ਗਿਆਨ ਸਿੰਘ ਗੁਪਤਾ, ਉਤਮ ਸਿੰਘ ਬੰਸੀਆ, ਕੁਲਵੰਤ ਰਜਵਾਲ, ਬਲਵੰਤ ਸਿੰਘ ਰਜਵਾਲ, ਨਰੇਸ਼ ਮਿੱਡਾ, ਜਸਵਿੰਦਰ ਸਿੰਗਲਾ, ਦਾਰਾ, ਬਲਵਿੰਦਰ ਬਿੱਟੂ ਅਤੇ ਸ਼ਿਵ ਕੁਮਾਰ ਵਲੋਂ ਪਾਇਆ ਗਿਆ।
ਇਸ ਮੌਕੇ ਤਲਵਾੜਾ ਨਗਰ ਕੌਂਸਲ ਦੇ ਉਪ ਪ੍ਰਧਾਨ ਸੁਰਿੰਦਰ ਛਿੰਦਾ, ਕਾਮਰੇਡ ਖੁਸ਼ੀ ਰਾਮ, ਪ੍ਰੋ. ਸੁਰਿੰਦਰ ਮੰਡ, ਪ੍ਰੋ. ਮੱਲੀ, ਕਿਸ਼ਨ ਚੰਦ ਪਰਮਾਰ, ਰਾਜੀਵ ਕੁਮਾਰ, ਨਿਰਮਲਾ ਦੇਵੀ ਅਨੇਕ ਮੰਨੇ ਪ੍ਰਮੰਨੇ ਵਿਅਕਤੀ ਤੇ ਆਗੂ ਹਾਜ਼ਰ ਸਨ।
– ਸ਼ਿਵ ਕੁਮਾਰ ਅਮਰੋਹੀ