ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਜੂਝਦਿਆਂ ਸ਼ਹੀਦੀ ਪਾਉਣ ਵਾਲੇ ਸਾਥੀ ਸੋਹਣ ਸਿੰਘ ਢੇਸੀ ਦੀ ਬਰਸੀ ਉਨ੍ਹਾਂ ਦੇ ਪਿੰਡ ਕਾਹਨਾਂ ਢੇਸੀਆਂ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਗਈ । ਬਰਸੀ ਸਮਾਗਮ ‘ਚ ਸ਼ਿਰਕਤ ਕਰਨ ਲਈ ਉਨ੍ਹਾਂ ਦੇ ਯੁੱਧ ਸਾਥੀ ਅਤੇ ਉਨ੍ਹਾਂ ਦੀ ਮਿਸਾਲੀ ਅਗਵਾਈ ‘ਚ ਕੰਮ ਕਰਨ ਵਾਲੇ ਕਾਰਕੁੰਨ ਹੁੰਮ-ਹੁੰਮਾ ਕੇ ਪੁੱਜੇ ।
ਇਸ ਮੌਕੇ ਕੀਤੀ ਗਈ ਪ੍ਰਭਾਵਸ਼ਾਲੀ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਸਾਥੀ ਢੇਸੀ ਨਾਲ ਲੰਮਾਂ ਸਮਾਂ ਯੂਥ ਮੋਰਚੇ ‘ਤੇ ਕੰਮ ਕਰਨ ਵਾਲੇ ਸਾਥੀ ਕੁਲਵੰਤ ਸਿੰਘ ਸੰਧੂ, ਜਲੰਧਰ ਜਿਲ੍ਹਾ ਕਮੇਟੀ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸ਼ਹੀਦ ਸਾਥੀ ਦੇ ਛੋਟੇ ਭਰਾਤਾ ਤੇ ਪਾਰਟੀ ਦੇ ਜਿਲ੍ਹਾ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਦੇ ਮੈਂਬਰਾਨ ਸਾਥੀ ਮਨੋਹਰ ਸਿੰਘ ਗਿੱਲ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਕਨਵੀਨਰ ਸਾਥੀ ਮਨਜਿੰਦਰ ਸਿੰਘ ਢੇਸੀ, ਸੀ.ਟੀ.ਯੂ. ਪੰਜਾਬ ਦੇ ਸੂਬਾਈ ਆਗੂ ਸਾਥੀ ਬਲਦੇਵ ਸਿੰਘ ਪੰਡੋਰੀ ਅਤੇ ਸ਼ਹੀਦ ਢੇਸੀ ਦੀ ਜੀਵਨ ਸਾਥਣ ਭੈਣ ਅਜਮੇਰ ਕੌਰ ਉਚੇਚੇ ਪੁੱਜੇ। ਬਦੇਸ਼ਾਂ ਵਿੱਚ ਖੱਬੀ ਲਹਿਰ ਦੇ ਉੱਘੇ ਆਗੂ ਸਾਥੀ ਸੁਰਿੰਦਰ ਸਿੰਘ ਢੇਸੀ, ਜੰਡਿਆਲਾ ਦੇ ਸਰਪੰਚ ਅਤੇ ਪਾਰਟੀ ਦੀ ਜਲੰਧਰ ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਮੱਖਣ ਪਲ੍ਹਣ ਅਤੇ ਕਾਹਨਾਂ ਢੇਸੀਆਂ ਦੇ ਸਰਪੰਚ ਸ਼੍ਰੀ ਮਨੋਜ ਕੁਮਾਰ, ਸਰਪੰਚ ਰਜਿੰਦਰ ਬਿੱਟੂ, ਸਾਬਕਾ ਬਲਾਕ ਸੰਮਤੀ ਮੈਂਬਰ ਸਾਥੀ ਸ਼ਿੰਗਾਰਾ ਸਿੰਘ ਦੁਸਾਂਝ ਨੇ ਵੀ ਸ਼ਹੀਦ ਸਾਥੀ ਦੀਆਂ ਪ੍ਰੇਰਣਾਮਈ ਯਾਦਾਂ ਸਾਂਝੀਆਂ ਕੀਤੀਆਂ । ਹਾਜਰ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਨੇ ਜੋਸ਼ ਭਰਪੂਰ ਨਾਹਰਿਆਂ ਦਰਮਿਆਨ ਸ਼ਹੀਦ ਸਾਥੀ ਦੀ ਯਾਦਗਾਰ ‘ਤੇ ਸੂਹਾ ਪਰਚਮ ਲਹਿਰਾਉਣ ਉਪਰੰਤ ਪੁਸ਼ਪਾਂਜਲੀਆਂ ਅਰਪਿਤ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਜੀਵਨ ਲਾਉਣ ਦਾ ਪ੍ਰਣ ਦ੍ਰਿੜਾਇਆ ।
ਆਪਣੇ ਸੰਬੋਧਨ ਵਿੱਚ ਸਾਥੀ ਪਾਸਲਾ ਨੇ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਵਲੋਂ ਇੱਕ ਕੁਲਵਕਤੀ ਵਜੋਂ ਕਿਰਤੀਆਂ ਦੀ ਬੰਦਖਲਾਸੀ ਦੇ ਸੰਗਰਾਮ ਵਿੱਚ ਨਿਭਾਈ ਗਈ ਮਿਸਾਲੀ ਭੂਮਿਕਾ ਅਤੇ ਵਿਚਾਰਧਾਰਕ ਸੰਗਰਾਮ ਵਿੱਚ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਮਾਣ ਨਾਲ ਯਾਦ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਅਡੋਲ ਤੁਰਦੀ ਰਹੇਗੀ । ਉਨ੍ਹਾਂ ਕਿਹਾ ਕਿ ਸਾਥੀ ਢੇਸੀ ਪੰਜਾਬ ‘ਚ ਘੱਟ ਗਿਣਤੀਆਂ ਦੀ ਰਾਖੀ ਦੇ ਸੰਗਰਾਮ ਵਿੱਚ ਸ਼ਹੀਦ ਹੋਏ । ਅੱਜ ਆਰ ਐੱਸ ਐੱਸ ਦੀਆਂ ਤਬਾਹਕੁੰਨ ਹਦਾਇਤਾਂ ਅਨੁਸਾਰ ਸ਼ਾਸਨ ਚਲਾ ਰਹੀ ਮੋਦੀ ਸਰਕਾਰ ਦੀ ਸ਼ਹਿ ‘ਤੇ ਚਾਂਭਲੀਆਂ ਫਿਰਕੂ ਭੀੜਾਂ ਦੇਸ਼ ਭਰ ਵਿੱਚ ਮੁਸਲਮਾਨਾਂ ਅਤੇ ਦੂਸਰੀਆਂ ਘੱਟ ਗਿਣਤੀਆਂ, ਸਦੀਆਂ ਤੋਂ ਲਿਤਾੜੇ ਦਲਿਤਾਂ ਅਤੇ ਔਰਤਾਂ ‘ਤੇ ਅਮਾਨਵੀ ਜ਼ੁਲਮਾਂ ਦੀਆਂ ਸਾਰੀਆਂ ਹੱਦਾਂ ਉਲੰਘ ਗਈਆਂ ਹਨ । ਉਨ੍ਹਾਂ ਕਿਹਾ ਕਿ ਇਹ ਫੁੱਟ ਪਾਊ ਹਿੰਦੂਤਵੀ ਅਨਸਰ ਸਾਮਰਾਜੀ ਅਤੇ ਕਾਰਪੋਰੇਟ ਲੁੱਟ ਸਦੀਵੀਂ ਕਾਇਮ ਰੱਖਣ ਹਿਤ ਅਤੇ ਇਸ ਲੁੱਟ ਖਿਲਾਫ਼ ਉੱਠਣ ਵਾਲੇ ਲੋਕ ਘੋਲਾਂ ਨੂੰ ਅਸਲੀ ਦਿਸ਼ਾ ਤੋਂ ਭਟਕਾਉਣ ਲਈ ਅਜਿਹੀਆਂ ਬਰਬਰ ਕਾਰਵਾਈਆਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਵਰਤਮਾਨ ਦੌਰ ਵਿੱਚ ਲੋਕਾਈ ਨੂੰ ਲਾਮਬੰਦ ਕਰਦਿਆਂ ਸਾਮਰਾਜ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀ ਹੱਲਿਆਂ ਵਿਰੁੱਧ ਘੋਲਾਂ ‘ਚ ਸਰਗਰਮ ਕਰਨਾ ਹੀ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਸਾਥੀ ਮੰਗਤ ਰਾਮ ਪਾਸਲਾ ਨੇ, ਫਿਰਕੂ ਕਤਾਰਬੰਦੀ ਤਿੱਖੀ ਕਰਨ ਦੀ ਕੋਝੀ ਸਾਜਿਸ਼ ਅਧੀਨ, ਕਸ਼ਮੀਰ-ਕਸ਼ਮੀਰੀਆਂ ਨਾਲ ਮੋਦੀ-ਸ਼ਾਹ ਹੁਕੂਮਤ ਵਲੋਂ ਕੀਤੀਆਂ ਗਈਆਂ ਹਾਲੀਆ ਵਧੀਕੀਆਂ ਖਿਲਾਫ਼, ਆਉਂਦੇ ਦਿਨਾਂ ਵਿੱਚ ਖੱਬੀਆਂ ਅਤੇ ਜਮਹੂਰੀ ਜਨਤਕ ਧਿਰਾਂ ਵਲੋਂ ਵੱਖੋ-ਵੱਖ ਥਾਵਾਂ ਤੇ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ।
ਸ਼ਹੀਦ ਦੀ ਬਰਸੀ ਮਨਾਉਣ ਲਈ ਰਾਤ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ‘ਲੋਕ ਕਲਾ ਮੰਚ ਮੁੱਲਾਂਪੁਰ’ ਦੀ ਟੀਮ ਵੱਲੋਂ ਲੋਕ ਪੱਖੀ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਸਭਾ ਦੇ ਸੂਬਾਈ ਆਗੂਆਂ ਨੇ ਵਿਚਾਰ ਰੱਖੇ।