ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ
ਆਰ.ਐਮ.ਪੀ.ਆਈ. ਦੀ ਕੇਰਲਾ ਰਾਜ ਕਮੇਟੀ ਵਲੋਂ, ਕੇਰਲਾ ‘ਚ ਆਰ.ਐਮ.ਪੀ. ਦੇ ਸੰਸਥਾਪਕ, ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਬਰਸੀ 4 ਮਈ ਨੂੰ ਇਨਕਲਾਬੀ ਜੋਸ਼ ਅਤੇ ਮਨੁੱਖਤਾ ਦੀ ਲੁੱਟ ਤੋਂ ਮੁਕਤੀ ਦੇ ਮਾਰਗ ‘ਤੇ ਅਡੋਲ ਅੱਗੇ ਵੱਧਦੇ ਜਾਣ ਦੇ ਸੰਕਲਪ ਨਾਲ ਮਨਾਈ ਗਈ। ਸਾਥੀ ਚੰਦਰਸ਼ੇਖਰਨ ਦਾ ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸੰਗੀ ਸਾਥੀ ਤੇ ਪਰਿਵਾਰ ਅੱਜ ਵੀ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਜ਼ੁਲਮੀ ਹੱਲਿਆਂ ਦੀ ਮਾਰ ਹੇਠ ਹਨ। ਇਸ ਦੇ ਬਾਵਜੂਦ ਸਾਥੀ ਦੀ ਬਰਸੀ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਣ ਯੋਗ ਸੀ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਚੇਅਰਮੈਨ ਕੇ.ਗੰਗਾਧਾਰਨ, ਖਜਾਨਚੀ ਰਜਿੰਦਰ ਪਰਾਂਜਪੇ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਬਰਸੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ ਉਚੇਚੇ ਪੁੱਜੇ। ਹਰ ਸਾਲ ਇਹ ਬਰਸੀ ਸਮਾਗਮ ਸਾਥੀ ਚੰਦਰਸ਼ੇਖਰਨ ਦੇ ਸ਼ਹੀਦੀ ਦਿਵਸ 4 ਮਈ ਨੂੰ ਕੇਰਲਾ ਦੇ ਕਸਬੇ ਓਂਚੀਅਮ ਵਿਖੇ ਪਾਰਟੀ ਵਲੋਂ ਵੱਡੀ ਪੱਧਰ ‘ਤੇ ਆਯੋਜਿਤ ਕੀਤੇ ਜਾਂਦੇ ਹਨ। ਓਂਚੀਅਮ ਇਲਾਕਾ ਕਮਿਊਨਿਸਟਾਂ ਦੇ ਗੜ੍ਹ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧੀ ਪ੍ਰਾਪਤ ਹੈ।
ਦੇਸ਼ ਪੱਧਰ ਦੀ ਪਾਰਟੀ ਦੇ ਗਠਨ ਤੋਂ ਬਾਅਦ ਇਹ ਪਹਿਲੀ ਕਾਨਫਰੰਸ ਸੀ। ਕੁਲ ਹਿੰਦ ਪਾਰਟੀ ਬਨਣ ਦਾ ਉਤਸ਼ਾਹ ਵਰਕਰਾਂ ਅਤੇ ਸਮਰਥਕਾਂ ‘ਚ ਠਾਠਾਂ ਮਾਰ ਰਿਹਾ ਸੀ। ਲੋਕ ਇਸ ਗਲੋਂ ਡਾਢੇ ਉਤਸ਼ਾਹਿਤ ਸਨ ਕਿ ਨਵੀਂ ਪਾਰਟੀ ਦਾ ਨਾਂ ਸ਼ਹੀਦ ਚੰਦਰਸ਼ੇਖਰਨ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਰੱਖਿਆ ਗਿਆ ਹੈ। ਇਸ ਵਾਰ ਬਰਸੀ ਸਮਾਗਮਾਂ ਸਮੇਂ ਹੋਏ ਮਾਰਚ ਵਿਚ ਲਾਲ ਵਰਦੀਧਾਰੀ ਵਲੰਟੀਅਰਾਂ ਅਤੇ ਪਾਰਟੀ ਪਰਿਵਾਰਾਂ ਦੇ ਬੱਚਿਆਂ ਸਮੇਤ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਅਤੇ ਇਸ ਤੋਂ ਕਿਤੇ ਵਧੇਰੇ ਲੋਕਾਂ ਨੇ ਸੜਕਾਂ ਦੇ ਦੋਵੇਂ ਪਾਸੇ ਖਲੋਕੇ ਇਸ ਜੋਸ਼ ਤੇ ਰੋਹ ਭਰਪੂਰ ਮਾਰਚ ਨੂੰ ਨੀਝ ਨਾਲ ਤੱਕਿਆ।
ਰਾਤ ਦੇ ਕਰੀਬ ਪੌਣੇ ਦਸ ਵਜੇ, ਜਿਸ ਸਮੇਂ ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ ਸ਼ਹੀਦ ਕੀਤਾ ਗਿਆ ਸੀ, ਸਮੁੱਚੇ ਚੌਗਿਰਦੇ ਦੀਆਂ ਲਾਈਟਾਂ ਬੁਝਾ ਦਿੱਤੀਆਂ ਗਈਆਂ ਬੈਂਡ ਵਲੋਂ ਮਾਤਮੀ ਧੁਨਾਂ ਵਜਾਈਆਂ ਗਈਆਂ। ਇਸ ਤੋਂ ਤੁਰੰਤ ਬਾਅਦ ਹਜ਼ਾਰਾਂ ਹੱਥਾਂ ਨੇ ਜਗਦੀਆਂ ਮਿਸ਼ਾਲਾਂ ਚੁੱਕ ਲਈਆਂ। ਇਹ ਅਲੌਕਿਕ ਨਜ਼ਾਰਾ ਹਨ੍ਹੇਰੇ ਦੀਆਂ ਕੁਲਹਿਣੀ ਤਾਕਤਾਂ ‘ਤੇ ਚਾਨਣ ਦੀ ਜਿੱਤ ਦਾ ਪ੍ਰਤੱਖ ਸੰਕੇਤ ਦਿੰਦਾ ਸੀ।
ਪੰਡਤ ਕਿਸ਼ੋਰੀ ਲਾਲ ਜੀ ਯਾਦਗਾਰੀ ਮੇਲਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯੁੱਧ ਸਾਥੀ ਤੇ ਕੰਢੀ ਖ਼ੇਤਰ ਦੇ ਇਨਕਲਾਬੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿੱਚ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਧਰਮਪੁਰ ਵਿਖੇ ਸਲਾਨਾ ਨਾਟਕ ਮੇਲਾ ਕਰਵਾਇਆ ਗਿਆ। ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ,ਧਰਮਪੁਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਨਾਟਕ ਮੇਲੇ ‘ਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਅਤੇ ਸਾਬਕਾ ਸਕੱਤਰ ਬੀਬੀ ਰੁਘੁਵੀਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਾਥੀ ਪਾਸਲਾ ਨੇ ਆਪਣੇ ਸੰਬੋਧਨ ‘ਚ ਇਨਕਲਾਬੀ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਦੇਸ਼ ‘ਚ ਫੈਲੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਉੱਥਲ-ਪੁੱਥਲ ਵਿਰੁੱਧ ਇੱਕਜੁਟ ਹੋਣ ਦਾ ਸੱਦਾ ਦਿੱਤਾ। ਸ਼੍ਰੀ ਪਾਸਲਾ ਨੇ ਕਿਹਾ ਕਿ ਅਜ਼ਾਦੀ ਦੀ ਲੜਾਈ ‘ਚ ਵੱਖ-ਵੱਖ ਜਾਤਾਂ/ਧਰਮਾਂ ਦੇ ਲੋਕਾਂ ਨੇ ਜਾਤੀਵਾਤ, ਨਸਲਵਾਦ, ਖ਼ੇਤਰਵਾਦ ਅਤੇ ਧਰਮਵਾਦ ਤੋਂ ਉਪਰੱ ਉਠ ਕੇ ਆਪਣਾ ਬਣਦਾ ਯੋਗਦਾਨ ਪਾਇਆ। ਪਰ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ‘ਚ ਰਾਜ ਕਰਦੀ ਆਰ.ਐਸ.ਐਸ.ਦੀ ਰਾਜਨੀਤਕ ਧਿਰ ਭਾਜਪਾ ਦਾ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀਆਂ ਵੱਲੋਂ ਆਏ ਦਿਨ ਅਜਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਵਿਸ਼ੇਸ਼ ਤੌਰ ‘ਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੀ ਪਾਸਲਾ ਨੇ ਕਠੂਆ ਅਤੇ ਉਨਾਵ ਸਮੇਤ ਦੇਸ਼ ਅੰਦਰ ਬਾਲੜੀਆਂ ਨਾਲ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ 8 ਸਾਲਾ ਮੁਸਲਮਾਨ ਬੱਚੀ ਆਸਿਫ਼ਾ ਨਾਲ ਬਲਾਤਕਾਰ ਦੀ ਘਟਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਸ਼੍ਰੀ ਪਾਸਲਾ ਨੇ ਸੂਬੇ ਵਿੱਚ ਨਸ਼ਿਆਂ ਦੇ ਵੱਗ ਰਹੇ 6ਵੇਂ ਦਰਿਆ ‘ਤੇ ਹਾਕਮ ਧਿਰ ਉੱਤੇ ਹਮਲਾ ਕਰਦਿਆਂ ਕਿਹਾ ਕਿ ਜਨਤਕ ਰੈਲੀਆਂ ਵਿੱਚ ਗੁਟਕਾ ਹੱਥਾਂ ‘ਚ ਫੜ੍ਹ ਸਹੁੰਆਂ ਖਾਣ ਵਾਲੇ ਲੋਕ ਸੱਤਾ ਪ੍ਰਾਪਤੀ ਉਪਰੰਤ ਇਸ ਗੰਭੀਰ ਮਸਲੇ ‘ਤੇ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਲੋਕਾਂ ਨੂੰ ਹਲੂਣਾਂ ਦਿੰਦੇ ਹੋਇਆਂ ਆਪਣੇ ਦੁਸ਼ਮਣ ਦੀ ਪਛਾਣ ਕਰਨ , ਜਿਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ‘ਚ ਧਕੇਲਿਆ, ਬਹੁਗਿਣਤੀ ਲੋਕਾਂ ਨੂੰ ਗੁਰਬੱਤ ਦਿੱਤੀ, ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕੀਤਾ, ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਦੁਸ਼ਮਣ ਦੀ ਪਛਾਣ ਅਤੇ ਉਸ ਵਿਰੁੱਧ ਜਥੇਬੰਦਕ ਘੋਲ ਨੂੰ ਦੇਸ਼ ਭਗਤਾਂ ਪ੍ਰਤੀ ਸੱਚੀ ਸ਼ਰਧਾਂਜਲੀ ਦੱਸਿਆ। ਉਨ੍ਹਾਂ ਕਿਹਾ ਕਿ ਹਾਕਮ ਧਿਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਰਾਖਵਾਂਕਰਨ, ਧਰਮ, ਜਾਤ ਅਤੇ ਅਖੌਤੀ ਰਾਸ਼ਟਰਵਾਦ ਦੇ ਨਾਂ ਹੇਠ ਗੁੰਮਰਾਹ ਕਰ ਹਿੰਸਕ ਬਣਾ ਰਹੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਭਗਤ ਸਿੰਘ ਅਤੇ ਪੰਡਿਤ ਕਿਸ਼ੋਰੀ ਲਾਲ ਦੇ ਦਰਸਾਏ ਰਾਹ ‘ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ‘ਤੇ ਬੇਟੀ ਮਾਯੂਰਿਕਾ ਵੱਲੋਂ ‘ ਕੁੱਖਾਂ ‘ਚ ਧੀਆਂ ਨੂੰ ਮਾਰਨ ਵਾਲਿਓ ਲੋਕੋ ‘ ਕਵਿਤਾ ਪੇਸ਼ ਕੀਤੀ ਗਈ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਵਿਚ ‘ਮੈਂ ਕਿਸ ਨੂੰ ਦੇਸ਼ ਕਹਾਂਗਾ ‘ ਤੇ ‘ਦੇਸ਼ ਨੂੰ ਚੱਲੋ ‘ ਕੌਰਿਓਗ੍ਰਾਫੀਆਂ ਅਤੇ ਨਸ਼ਿਆਂ ‘ਤੇ ਅਧਾਰਿਤ ਨਾਟਕ ‘ਇਨ੍ਹਾਂ ਜ਼ਖ਼ਮਾਂ ਦਾ ਕੀ ਕਰੀਏ ‘ ਦਾ ਬਾਖੂਬੀ ਮੰਚਨ ਕੀਤਾ। ਰੈੱਡ ਆਰਟ,ਪੰਜਾਬ ਦੀ ਟੀਮ ਨੇ ਬੇਰੁਜ਼ਗਾਰੀ ‘ਤੇ ਵਿਅੰਗ ਭਰਪੂਰ ਨਾਟਕ ਪੇਸ਼ ਕੀਤਾ। ਮੰਚ ਸੰਚਾਲਨ ਦੀ ਭੂਮੀਕਾ ਜਸਵੀਰ ਤਲਵਾੜਾ ਅਤੇ ਅਮਰਿੰਦਰ ਢਿੱਲੋਂ ਨੇ ਅਦਾ ਕੀਤੀ। ਸਮਾਗਮ ਦੀ ਪ੍ਰਧਾਨਗੀ ਸੁਰੇਸ਼ ਕੁਮਾਰ ਪਰਮਾਰ, ਸ਼ਿਵ ਕੁਮਾਰ, ਸਾਥੀ ਬਲਦੇਵ ਸਿੰਘ ਅਤੇ ਦੀਪਕ ਠਾਕੁਰ ਨੇ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯਸ਼ਪਾਲ ਸਿੰਘ, ਗੁਰਦੇਵ ਸਿੰਘ ਪਰਮਾਰ, ਸੁੱਚਾ ਸਿੰਘ ਤੇ ਮੋਹਨ ਲਾਲ ਖੋਸਲਾ, ਗੁਰਦੇਵ ਦੱਤ ਸ਼ਰਮਾ, ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਜਸਵੀਰ ਧਾਰ, ਪਵਨ ਲਾਖੜ ਪੱਲੀ ਅਤੇ ਅਨੇਕਾਂ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।
ਸ਼ਹੀਦ ਸਾਥੀ ਹਰਬੰਸ ਬੀਕਾ ਦਾ ਸ਼ਰਧਾਂਜਲੀ ਸਮਾਗਮ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਨਵਾਂ ਸ਼ਹਿਰ ਜ਼ਿਲ੍ਹਾ ਕਮੇਟੀ ਵਲੋਂ ਅੱਤਵਾਦ ਦੇ ਦੌਰ ‘ਚ ਕਾਲੀਆਂ ਤਾਕਤਾਂ ਨੂੰ ਵੰਗਾਰਨ ਵਾਲੇ ਸ਼ਹੀਦ ਸਾਥੀ ਹਰਬੰਸ ਸਿੰਘ ਬੀਕਾ ਦੀ ਬਰਸੀ, ਉਨ੍ਹਾਂ ਦੇ ਪਿੰਡ ਬੀਕਾ ਵਿਖੇ ਰਿਵਾਇਤੀ ਇਨਕਲਾਬੀ ਜੋਸ਼ ਨਾਲ ਮਨਾਈ ਗਈ।
ਸਭ ਤੋਂ ਪਹਿਲਾਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸ਼ਹੀਦ ਸਾਥੀ ਬੀਕਾ ਦੀ ਯਾਦਗਾਰ ‘ਤੇ ਜੋਸ਼ੀਲੇ ਨਾਅਰਿਆਂ ਦਰਮਿਆਨ ਸੂਹਾ ਝੰਡਾ ਲਹਿਰਾਇਆ।
ਰੈਡ ਆਰਟ ਪੰਜਾਬ ਦੇ ਕਲਾਕਾਰਾਂ ਵਲੋਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੇ ਨਾਟਕ ਅਤੇ ਗੀਤ-ਸੰਗੀਤ ਪੇਸ਼ ਕੀਤੇ ਗਏ। ਸਾਥੀ ਗੁਰਨਾਮ ਦਾਊਦ, ਗੁਰਦਰਸ਼ਨ ਬੀਕਾ ਅਤੇ ਕਰਨੈਲ ਸਿੰਘ ਸੰਧੂ ਵਲੋਂ ਸ਼ਹੀਦ ਸਾਥੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਸੁਪਨਿਆਂ ਦਾ ਬਰਾਬਰਤਾ ਵਾਲਾ ਸਮਾਜ ਸਿਰਜਣ ਅਤੇ ਲੋਕ ਦੁਸ਼ਮਣ ਫਿਰਕੂ ਤਾਕਤਾਂ ਦੀ ਸਫ ਵਲ੍ਹੇਟਣ ਦਾ ਅਧੂਰਾ ਆਪਾ ਸਭਨਾਂ ਸਿਰੇ ਚਾੜ੍ਹਨਾ ਹੁਣ ਲੋਕਾਂ ਖਾਸਕਰ ਕਿਰਤੀ ਵਰਗ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਡਾਕਟਰ ਬਲਦੇਵ ਬੀਕਾ, ਸਰਪੰਚ ਅਜੀਤ ਸਿੰਘ ਅਤੇ ਬੀਕਾ ਪਰਵਾਰ ਵਲੋਂ ਪਾਰਟੀ ਨੂੰ ਖੁੱਲ੍ਹਦਿਲੀ ਨਾਲ ਮਾਈਕ ਇਮਦਾਦ ਵੀ ਦਿੱਤੀ ਗਈ।

