Now Reading
ਸ਼ਰਧਾਂਜਲੀਆਂ

ਸ਼ਰਧਾਂਜਲੀਆਂ

ਸ਼ਹੀਦਾਂ ਤੇ ਹੋਰ ਵਿਛੜੇ ਸਾਥੀਆਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ
ਪੰਜਾਬ ਵਿਚ ਅੱਤਵਾਦ ਵਿਰੁੱਧ ਚੱਲੇ ਸੰਘਰਸ਼ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਸ਼ਹੀਦ ਹੋਏ 17 ਸ਼ਹੀਦਾਂ ਅਤੇ ਹੋਰ ਇਨਕਲਾਬੀ ਸਾਥੀਆਂ ਨਮਿਤ ਸ਼ਹੀਦੀ ਸਮਾਗਮ 12 ਸਤੰਬਰ ਨੂੰ ਰਈਆ ਵਿਖੇ ਕੀਤਾ ਗਿਆ ਇਸ ਮੌਕੇ ਦਾਣਾ ਮੰਡੀ ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਸਾਰੀ ਦੌਲਤ ਚੰਦ ਹੱਥਾਂ ਅੰਬਾਨੀ-ਅਡਾਨੀ ਆਦਿਕ ਦੇ ਹੱਥਾਂ ਵਿੱਚ ਭੇਜ ਕੇ ਗ਼ਰੀਬਾਂ ਨੂੰ ਰੋਟੀ ਤੋਂ ਵਾਂਝੇ ਕਰ ਦਿੱਤਾ ਹੈ।”
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਆਰਐੱਸਐੱਸ ਦੀ ਵਿਚਾਰਧਾਰਾ ‘ਤੇ ਚੱਲਦਿਆਂ ਦਲਿਤਾਂ, ਗ਼ਰੀਬਾਂ, ਘੱਟ ਗਿਣਤੀਆਂ ਤੇ ਔਰਤਾਂ ਬੱਚੀਆਂ ‘ਤੇ ਅੱਤਿਆਚਾਰ, ਕੀਤੇ ਜਾ ਰਹੇ ਹਨ। ਸਰਕਾਰੀ ਸਰਪ੍ਰਸਤੀ ਪ੍ਰਾਪਤ ਗੁੰਡਾ ਅਨਸਰਾਂ ਵਲੋਂ ਔਰਤਾਂ ਬੱਚੀਆਂ ਦੇ ਹਰ ਰੋਜ਼ ਬਲਾਤਕਾਰ ਅਤੇ ਘਿਣਾਉਣੇ ਕੁਕਰਮ ਕੀਤੇ ਜਾ ਰਹੇ ਹਨ। ਨੌਜਵਾਨ ਬੇਰੁਜ਼ਗਾਰੀ ਦੇ ਪੱਟੇ ਸਮਾਜਿਕ ਬੁਰਾਈਆਂ ਦੇ ਰਾਹ ਪੈ ਰਹੇ ਹਨ ਅਤੇ ਨਸ਼ਿਆਂ ਵਿੱਚ ਗ਼ਲਤਾਨ ਹਨ। ਗ਼ਰੀਬ ਕਿਸਾਨ ਖੇਤ ਮਜ਼ਦੂਰ, ਕਰਜ਼ਾ ਜਾਲ ਵਿੱਚ ਫਸ ਕੇ ਹਰ ਰੋਜ਼ ਆਤਮ ਹੱਤਿਆਵਾਂ ਕਰ ਰਹੇ ਹਨ।
ਸਾਥੀ ਪਾਸਲਾ ਨੇ ਇਸ ਮੌਕੇ ਪੰਜਾਬ ਦੀ ਕੈਪਟਨ ਸਰਕਾਰ ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਚੁੱਕੇ ਹਨ। ਉਨ੍ਹਾਂ ਨੇ ਕੇਂਦਰ ਤੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਖੱਬੀਆਂ ਪਾਰਟੀਆਂ ਦੇ ਏਕੇ ਨੂੰ ਮਜ਼ਬੂਤ ਤੇ ਆਪਣੀ ਪਾਰਟੀ ਆਰਐੱਮਪੀਆਈ ਨੂੰ ਤਕੜੀ ਕਰਨ ਦਾ ਸੱਦਾ ਦਿੱਤਾ। ਸਮਾਗਮ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਮੰਚ ਸੰਚਾਲਨ ਹਰਜੀਤ ਸਿੰਘ ਬੁਟਾਰੀ ਨੇ ਕੀਤਾ।ਪ੍ਰਧਾਨਗੀ ਬਲਦੇਵ ਸਿੰਘ ਸੈਦਪੁਰ, ਡਾ: ਗੁਰਮੇਜ ਸਿੰਘ ਤਿਮੋਵਾਲ ਤੇ ਅਮਰੀਕ ਦਾਊਦ ਨੇ ਸਾਂਝੇ ਤੌਰ ‘ਤੇ ਕੀਤੀ।
ਸ਼ਹੀਦੀ ਸਮਾਗਮ ਦੇ ਆਰੰਭ ਵਿਚ ਸਾਥੀ ਪਾਸਲਾ ਨੇ ਪਾਰਟੀ ਦਾ ਝੰਡਾ ਝੁਲਾਇਆ ਤੇ ਪਾਸਲਾ ਸਮੇਤ ਪਾਰਟੀ ਦੇ ਹੋਰ ਆਗੂਆਂ ਤੇ ਕਾਰਕੁਨਾਂ ਨੇ ਸ਼ਹੀਦਾਂ ਦੇ ਮਿਨਾਰ ‘ਤੇ ਫੁੱਲ ਮਲਾਵਾਂ ਭੇਟ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਪ੍ਰਣ ਕੀਤਾ।

ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਬਰਸੀ ‘ਤੇ ਸਮਾਗਮ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਬੋਪਾਰਾਏ ਵਿਖੇ ਜ਼ਿੰਦਾ ਸ਼ਹੀਦ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਪਹਿਲੀ ਬਰਸੀ ਮਨਾਈ ਗਈ। ਆਰੰਭ ‘ਚ ਬਜ਼ੁਰਗ ਆਗੂ ਕਾਮਰੇਡ ਦੇਵ ਫਿਲੌਰ ਨੇ ਸਮਾਰਕ ‘ਤੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕਰਵਾਏ ਸਮਾਗਮ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੀ ਸਰਕਾਰ ਲੋਕ ਵਿਰੋਧੀ ਸਰਕਾਰ ਸਾਬਤ ਹੋ ਚੁੱਕੀ ਹੈ ਅਤੇ ਇਸ ਦੇ ਬਦਲ ‘ਚ ਕਿਸੇ ਸਰਮਾਏਦਾਰ ਪਾਰਟੀ ਨਾਲ ਸਾਂਝ ਭਿਆਲੀ ਨਾਲ ਲੋਕਾਂ ਦਾ ਪਾਰ ਉਤਾਰਾ ਨਹੀਂ ਹੋ ਸਕੇਗਾ। ਉਨ੍ਹਾਂ ਇਸ ਮੌਕੇ ਖੱਬੀ ਏਕਤਾ ਨਾਲ ਖੱਬੀ ਧਿਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਕਿਹਾ ਕਿ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਸ਼ਿੰਗਾਰਾ ਸਿੰਘ ਦੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਦੇਸ਼ ਭਰ ‘ਚ ਦਲਿਤਾਂ ਅਤੇ ਔਰਤਾਂ ਖ਼ਿਲਾਫ ਹਮਲੇ ਵੱਧ ਰਹੇ ਹਨ। ਇਸ ਸਮਾਗਮ ਨੂੰ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਲਹਿੰਬਰ ਸਿੰਘ ਤੱਗੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਤੱਗੜ, ਮੱਖਣ ਪੱਲਣ, ਕਾਮਰੇਡ ਦੇਵ ਫਿਲੌਰ, ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਮਾ. ਸ਼ਿੰਗਾਰਾ ਸਿੰਘ ਦੁਸਾਂਝ, ਮੇਜਰ ਫਿਲੌਰ, ਕੁਲਦੀਪ ਫਿਲੌਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ। ਅੰਤ ‘ਚ ਪਰਿਵਾਰਕ ਮੈਂਬਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਨੇ ਧੰਨਵਾਦ ਕੀਤਾ।

ਸ਼ੋਕ ਸਮਾਚਾਰ
ਸਾਥੀ ਦਰਸ਼ਨ ਸਿੰਘ ਬੀਕਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਜ਼ਿੰਦਗੀ ਭਰ ਮਿਹਨਤ ਕਰਨ ਵਾਲੇ ਸਾਥੀ ਦਰਸ਼ਨ ਸਿੰਘ ਬੀਕਾ ਜ਼ਿੰਦਗੀ ਭਰ ਕਮਿਊਨਿਸਟ ਲਹਿਰ ਦੇ ਅੰਗ ਸੰਗ ਰਹੇ। ਆਰ.ਐਮ.ਪੀ.ਆਈ. ਦੇ ਇਸ ਸਿਰੜੀ ਕਾਰਕੁੰਨ ਦੇ ਸ਼ਰਧਾਂਜਲੀ ਸਮਾਗਮ ਸਮੇਂ ‘ਸੰਗਰਾਮੀ ਲਹਿਰ’ ਦੇ ਮੈਨੇਜਰ ਸਾਥੀ ਗੁਰਦਰਸ਼ਨ ਸਿੰਘ ਬੀਕਾ ਨੇ ਪਾਰਟੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Scroll To Top