Now Reading
ਵਿਦਿਆਰਥੀ ਚੋਣਾਂ ‘ਚ ਖੱਬੇ ਪੱਖੀਆਂ ਦੀ ਜਿੱਤ ਤੇ ਉਸਦੀ ਮਹੱਤਤਾ

ਵਿਦਿਆਰਥੀ ਚੋਣਾਂ ‘ਚ ਖੱਬੇ ਪੱਖੀਆਂ ਦੀ ਜਿੱਤ ਤੇ ਉਸਦੀ ਮਹੱਤਤਾ

ਸਰਬਜੀਤ ਗਿੱਲ

ਵਿਦਿਆਰਥੀ ਚੋਣਾਂ ਦੇ ਹੁਣੇ ਆਏ ਨਤੀਜਿਆਂ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਹੈ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਖੱਬੇ ਪੱਖ ਦੀਆਂ ਜਥੇਬੰਦੀਆਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ‘ਚ ਹੋਈਆਂ ਚੋਣਾਂ ਦੌਰਾਨ ‘ਸਟੂਡੈਂਟਸ ਫਾਰ ਸੁਸਾਇਟੀ’ ਨਾਂਅ ਦੀ ਖੱਬੇ ਪੱਖੀ ਜਥੇਬੰਦੀ ਨੇ ਸਿਰਫ ਜਿੱਤ ਹੀ ਦਰਜ ਨਹੀਂ ਕੀਤੀ ਸਗੋਂ ਪਹਿਲੀ ਵਾਰ ਇੱਕ ਲੜਕੀ ਪ੍ਰਧਾਨ ਬਣੀ ਹੈ। ਪੰਜਾਬ ਦੇ ਦੂਜੇ ਕਾਲਜਾਂ ‘ਚ ਹਾਲੇ ਤੱਕ ਚੋਣਾਂ ਨਹੀਂ ਹੋ ਰਹੀਆਂ, ਜਿਸ ਲਈ ਅੱਧ ਅਧੂਰੇ ਮਨ ਨਾਲ ਸਰਕਾਰ ਵਲੋਂ ਥੋੜੇ ਬਹੁਤ ਯਤਨ ਚੱਲ ਰਹੇ ਦੱਸੇ ਜਾ ਰਹੇ ਹਨ। ਪੰਜਾਬ ‘ਚ ਪਹਿਲੀ ਵਾਰ 1977 ਦੌਰਾਨ ਵਿਦਿਆਰਥੀ ਚੋਣਾਂ ਹੋਈਆਂ ਸਨ ਅਤੇ 1984 ‘ਚ ਅਪ੍ਰੇਸ਼ਨ ਬਲਿਊ ਸਟਾਰ ਉਪਰੰਤ ਚੋਣਾਂ ‘ਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ‘ਚ ਕਿਤੇ ਵੀ ਚੋਣਾਂ ਨਹੀਂ ਹੋਈਆਂ।
15 ਸਾਲ ਪਹਿਲਾ ਸਰਬਉੱਚ ਅਦਾਲਤ ਦੇ ਨਿਰਦੇਸ਼ ਤਹਿਤ ਸਾਬਕਾ ਚੋਣ ਕਮਿਸ਼ਨਰ ਜੇਮਜ਼ ਮਾਈਕਲ ਲਿੰਗਦੋਹ ਦੀ ਅਗਵਾਈ ਹੇਠ ਗਠਿਤ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਅਦਾਲਤ ਨੂੰ ਸੌਂਪਦੇ ਹੋਏ ਪੰਜਾਬ ‘ਚ ਵਿਦਿਆਰਥੀ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ ਪਰ ਇਸ ਨੂੰ ਬੂਰ ਨਹੀਂ ਪੈ ਸਕਿਆ।
ਵਿਦਿਆਰਥੀ ਚੋਣਾਂ ਜਿੱਥੇ ਨੌਜਵਾਨਾਂ ਵਿੱਚ ਆਪਣੇ ਮਸਲੇ ਉਠਾਉਣ, ਹੱਲ ਜਾਂ ਫੈਸਲੇ ਕਰਨ ਦੀ ਸਮਰੱਥਾ ਨੂੰ ਜਨਮ ਦਿੰਦੀਆਂ ਹਨ ਉਥੇੇ ਹੀ ਵਿਦਿਆਰਥੀ ਵਰਗ ਵਿਚ ਜਮਹੂਰੀ ਚੇਤਨਤਾ ਵੀ ਵਿਕਸਤ ਕਰਦੀਆਂ ਹਨ। ਇਸ ਅਧਾਰ ‘ਤੇ ਬਹੁਤ ਸਾਰੇ ਅਗਾਂਹ ਵਧੂ ਲੋਕ ਲਗਾਤਾਰ ਵਿਦਿਆਰਥੀ ਚੋਣਾਂ ਦੀ ਮੰਗ ਕਰਦੇ ਰਹੇ ਹਨ। ਇਹ ਵੀ ਸੱਚ ਹੈ ਕਿ ਪਰਿਵਾਰਵਾਦ ਦੀ ਰਾਜਨੀਤੀ ਤੋਂ ਛੁਟਕਾਰਾ ਦਿਵਾਉਣ ਲਈ ਵਿਦਿਆਰਥੀ ਚੋਣਾਂ ਦੌਰਾਨ ਅੱਗੇ ਆਏ ਆਗੂ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਵੀ ਬਣ ਸਕਦੇ ਹਨ। ਇਸ ਨਾਲ ਰਵਾਇਤੀ ਆਗੂਆਂ ਦੀ ਥਾਂ ਪੜ੍ਹਿਆ ਲਿਖਿਆ ਵਰਗ ਅੱਗੇ ਆਉਣ ਦੀ ਸੰਭਾਵਨਾ ਹੀ ਨਹੀਂ ਵੱਧਦੀ ਸਗੋਂ ਇਸ ਵਰਗ ‘ਚ ਆਏ ਆਗੂ ਦੇਸ਼ ਨੂੰ ਇੱਕ ਅਗਾਂਹਵਧੂ ਦਿਸ਼ਾ ਦੇਣ ਦੇ ਵੀ ਸਮਰਥ ਹੋ ਸਕਦੇ ਹਨ।
ਵਿਦਿਆਰਥੀਆਂ ਦੇ ਮਸਲੇ ਵਿਦਿਆਰਥੀ ਹੀ ਸਮਝ ਸਕਦੇ ਹਨ। ਵਿਦਿਅਕ ਸੰਸਥਾਵਾਂ ਦੇ ਅੰਦਰ ਦਰਪੇਸ਼ ਮੁਸ਼ਕਲਾਂ ਨੂੰ ਚੁਣੇ ਹੋਏ ਆਗੂ ਪ੍ਰਬੰਧਕਾਂ ਪਾਸੋਂ ਹੱਲ ਵੀ ਕਰਵਾਉਂਦੇ ਹਨ। ਅਜਿਹਾ ਕਰਦੇ ਹੋਏ, ਉਨ੍ਹਾਂ ਨੂੰ ਇੱਕ ਜਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ। ਪੰਜਾਬ ਯੂਨੀਵਰਸਿਟੀ ‘ਚ ਇਸ ਵਾਰ ਕੰਨੂਪ੍ਰਿਆ ਨੇ 719 ਵੋਟਾਂ ਦੇ ਫਰਕ ਨਾਲ ਪ੍ਰਧਾਨਗੀ ਦੀ ਅਹੁਦਾ ਹਾਸਲ ਕੀਤਾ ਹੈ। ਲੜਕੀ ਹੋਣ ਕਾਰਨ ਉਹ ਲਾਜ਼ਮੀ ਤੌਰ ‘ਤੇ ਲੜਕੀਆਂ ਦੀਆਂ ਸਮੱਸਿਆਵਾਂ ਨੂੰ ਹੋਰ ਵੀ ਬਿਹਤਰ ਢੰਗ ਨਾਲ ਹੱਲ ਕਰਵਾਉਣ ਲਈ ਆਪਣਾ ਯੋਗਦਾਨ ਪਾਏਗੀ। ਉਸ ਦੀ ਜਿੱਤ ਨਾਲ ਔਰਤਾਂ ਦਾ ਸਵੈਮਾਣ ਵੀ ਵਧਿਆ ਹੈ। ਆਮ ਤੌਰ ‘ਤੇ ਲੜਕੀਆਂ ਦੀਆਂ ਸਮੱਸਿਆਵਾਂ ਦਬ ਕੇ ਹੀ ਰਹਿ ਜਾਂਦੀਆਂ ਹਨ ਜਾਂ ਪਹਿਲ ਦੇ ਆਧਾਰ ‘ਤੇ ਹੱਲ ਨਹੀਂ ਹੁੰਦੀਆਂ, ਜਿਸ ਦੀ ਹੁਣ ਸੰਭਾਵਨਾ ਘਟੇਗੀ।
ਇਸ ਤਰ੍ਹਾਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਚੋਣਾਂ ਦੌਰਾਨ ਵਿਦਿਅਰਥੀਆਂ ਦੀ ਖੱਬੀ ਧਿਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲੰਘੇ ਸਾਲਾਂ ਦੌਰਾਨ ਬਹੁਤੀ ਵਾਰ ਖੱਬੇ ਪੱਖ ਦਾ ਹੀ ਕੋਈ ਨਾ ਕੋਈ ਉਮੀਦਵਾਰ ਜਿੱਤਦਾ ਰਿਹਾ ਹੈ। ਅਤੇ, ਕਈ ਵਾਰ ਖੱਬੇ ਪੱਖ ਦਾ ਆਪਸ ‘ਚ ਵੀ ਮੁਕਾਬਲਾ ਹੁੰਦਾ ਰਿਹਾ ਹੈ। ਇਸ ਵਾਰ ਖੱਬੇ ਪੱਖ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਆਪਸ ‘ਚ ਏਕਤਾ ਕੀਤੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਵਾਰ ਆਏ ਨਤੀਜਿਆਂ ‘ਚ ਐਨ. ਸਾਈ ਬਾਲਾਜੀ ਪ੍ਰਧਾਨ, ਸਾਰਿਕਾ ਚੌਧਰੀ ਮੀਤ ਪ੍ਰਧਾਨ, ਆਜੀਜ਼ ਅਹਿਮਦ ਰਾਠੇਰ ਜਨਰਲ ਸਕੱਤਰ ਅਤੇ ਅਮੂਥਾ ਜੈਦੀਪ ਜੁਆਇੰਟ ਸਕੱਤਰ ਚੁਣੇ ਗਏ।
ਇਹ ਉਹ ਯੂਨੀਵਰਸਿਟੀ ਹੈ, ਜਿਥੋਂ ਦੇਸ਼ ਦੀ ਸਿਆਸਤ ‘ਚ ਪੈਰ ਰੱਖਣ ਵਾਲੇ ਕਈ ਆਗੂ ਅਗਵਾਈ ਦੇ ਰਹੇ ਹਨ। ਇਸ ਯੂਨੀਵਰਸਿਟੀ ‘ਚ ਪੜ੍ਹਨ ਵਾਲਿਆਂ ਦੀ ਵੱਡੀ ਗਿਣਤੀ ਹੋਣ ਕਾਰਨ ਦੇਸ਼ ‘ਚ ਚੱਲ ਰਹੇ ਅਨੇਕਾਂ ਮਸਲਿਆਂ ‘ਤੇ ਬਹਿਸਾਂ ਹੋਣਾ ਆਮ ਜਿਹੀ ਗੱਲ ਹੈ, ਜਿਥੋਂ ਆਮ ਜਨ ਸਧਾਰਨ ਲੋਕਾਂ ਤੱਕ ਸੁਨੇਹਾ ਪੁੱਜਦਾ ਕਰਨਾ ਵੀ ਸੌਖਾ ਹੋਇਆ ਹੈ।
ਜਦੋਂ ਦੇਸ਼ ਭਰ ‘ਚ ਭੀੜਤੰਤਰ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਰਾਸ਼ਟਰਵਾਦ ਦੀਆਂ ਨਵੀਆਂ ਧਾਰਨਾਵਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਤਾਂ ਉਸ ਵੇਲੇ ਇਸ ਯੂਨੀਵਰਸਿਟੀ ਨੇ ਆਪਣਾ ਬਣਦਾ ਰੋਲ ਨਿਭਾਇਆ ਹੈ। ਜਦੋਂ ਇਸ ਯੂਨੀਵਰਸਿਟੀ ਦੇ ਅੰਦਰ ਆਜ਼ਾਦੀ ਦੇ ਨਾਹਰੇ ਲੱਗ ਰਹੇ ਸਨ ਤਾਂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਨੂੰ ਝੂਠੇ ਦੋਸ਼ ਲਗਾ ਕੇ ਦੇਸ਼ ਵਿਰੋਧੀ ਐਲਾਨਣ ਤੋਂ ਵੀ ਪਿੱਛੇ ਨਹੀਂ ਹੱਟਿਆ ਗਿਆ। ਇਥੋਂ ਤੱਕ ਅਦਾਲਤ ‘ਚ ਪੇਸ਼ੀ ਮੌਕੇ ਵੀ ਉਨ੍ਹਾਂ ‘ਤੇ ਹਮਲਾ ਕਰਨਾ ਹਾਕਮਾਂ ਦੀ ਨੀਅਤ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਵਿਦਿਆਰਥੀ ਆਗੂਆਂ ਨੇ ਹਾਕਮਾਂ ਦੇ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਅਨਪੜ੍ਹਤਾ ਆਦਿ ਤੋਂ ਆਜ਼ਾਦੀ ਦੀ ਮੰਗ ਕੀਤੀ ਸੀ। ਜਿਸ ਨੂੰ ਕਸ਼ਮੀਰ ਦੀ ਆਜ਼ਾਦੀ ਨਾਲ ਜੋੜ ਕੇ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਜਿਸ ਨੂੰ ਮਗਰੋਂ ਸਾਬਤ ਕਰਨਾ ਹੀ ਔਖਾ ਹੋ ਗਿਆ।
ਅਜੋਕੇ ਦੌਰ ‘ਚ ਖਾਸ ਕਰ ਮੋਦੀ ਦੀ ਸਰਕਾਰ ਵੱਲੋਂ ਜਿਸ ਢੰਗ ਦੀ ਰਾਜਨੀਤੀ ਚਲਾਈ ਜਾ ਰਹੀ ਹੈ। ਇਸ ਪਿੱਛੇ ਖੜ੍ਹੀ ਆਰਐਸਐਸ ਵੱਲੋਂ ਜਿਸ ਢੰਗ ਦੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਉਸ ‘ਚ ਕੁਫਰ ਵਧੇਰੇ ਤੋਲਿਆ ਜਾ ਰਿਹਾ ਹੈ। ਕਦੇ ਨੋਟਬੰਦੀ ਕਰਕੇ ਕਾਲਾ ਧੰਨ ਲਿਆਉਣ ਦੇ ਵਾਅਦੇ ਕੀਤੇ ਜਾਂਦੇ ਹਨ ਕਦੇ ਜੀਐਸਟੀ ਨਾਲ ‘ਇੱਕ ਰਾਸ਼ਟਰ ਅਤੇ ਇੱਕ ਟੈਕਸ’ ਦੇ ਦਾਅਵੇ ਕੀਤੇ ਜਾਂਦੇ ਹਨ। ਜਦੋਂ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਤੋਂ ਬਾਹਰ ਰੱਖ ਕੇ ਲੁੱਟ ਮਚਾਈ ਜਾ ਰਹੀ ਹੈ। ਕਦੇ ਸਰਜੀਕਲ ਸਟਰਾਈਕ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਕਾਰਵਾਈਆਂ ਅਮਲ ‘ਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਿਨਾਂ ਬੁਲਾਏ ਉਥੋਂ ਦੇ ਪ੍ਰਧਾਨ ਮੰਤਰੀ ਦੇ ਘਰ ਦਸਤਕ ਦੇ ਰਿਹਾ ਹੁੰਦਾ ਹੈ। ਦੇਸ਼ ਦੇ ਲੋਕਾਂ ਨੂੰ ਲੋਕਾਂ ਦੇ ਹੀ ਆਮ ਜਨ ਸਧਾਰਨ ਮੁੱਦਿਆਂ ਤੋਂ ਧਿਆਨ ਹਟਾ ਕੇ ਹੋਰ ਪਾਸੇ ਲਗਾਇਆ ਜਾ ਰਿਹਾ ਹੈ। ਇਸ ਦੀ ਇਉਂ ਪੇਸ਼ਕਾਰੀ ਕੀਤੀ ਜਾ ਰਹੀ ਹੈ, ਜਿਵੇਂ ਦੇਸ਼ ‘ਚ ਹੋਰ ਕੋਈ ਮੁੱਦਾ ਹੋਵੇ ਹੀ ਨਾ। ਅਜਿਹੀ ਸਥਿਤੀ ‘ਚ ਨਵੀਂ ਪੀੜ੍ਹੀ ‘ਚੋਂ ਨਵੇਂ ਆਗੂ ਆਉਣੇ ਹੀ ਚਾਹੀਦੇ ਹਨ। ਇਹ ਆਗੂ ਵਿਦਿਆਰਥੀ ਚੋਣਾਂ ਨਾਲ ਹੀ ਅੱਗੇ ਆ ਸਕਣਗੇ। ਇਹ ਆਗੂ ਹੀ ਫਾਸ਼ਿਸਟਾਂ ਦਾ ਮੁਕਾਬਲਾ ਕਰ ਸਕਣਗੇ ਕਿਉਂਕਿ ਇਹ ਹੇਠਲੇ ਪੱਧਰ ਤੋਂ ਸੰਘਰਸ਼ਾਂ ‘ਚੋਂ ਨਿਕਲਕੇ ਅੱਗੇ ਆਉਣਗੇ। ਵਿਦਿਆਰਥੀ ਆਪਣੀਆਂ ਯੂਨੀਵਰਸਿਟੀਆਂ ‘ਚ ਖੋਜ ਕਾਰਜ਼ਾਂ ਦੇ ਨਾਲ ਨਾਲ ਆਮ ਲੋਕਾਂ ਦੇ ਮੁੱਦਿਆਂ ‘ਤੇ ਬਹਿਸਾਂ ਵੀ ਕਰਨਗੇ ਅਤੇ ਇਹ ਵਿਦਿਆਰਥੀ ਅਜਿਹਾ ਕਰ ਵੀ ਰਹੇ ਹਨ। ਖਾਸ ਕਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਅਜਿਹਾ ਕਰ ਰਹੇ ਹਨ। ਖੱਬੇ ਪੱਖੀਆਂ ਦੀ ਏਕਤਾ ‘ਚੋਂ ਨਿੱਕਲੀ ਹੋਈ ਜਿੱਤ ਮਾਣ ਕਰਨ ਯੋਗ ਵੀ ਹੈ ਅਤੇ ਦੇਸ਼ ਪੱਧਰ ‘ਤੇ ਦੇਸ਼ ਦੀ ਰਾਜਨੀਤੀ ‘ਚ ਵੀ ਅਜਿਹੀ ਦਸਤਕ ਚੰਗੇ ਨਤੀਜੇ ਸਾਹਮਣੇ ਲਿਆ ਸਕਦੀ ਹੈ। ਜਿਸ ਨਾਲ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਬੰਦ ਖਲਾਸੀ ਦਾ ਰਾਹ ਖੁੱਲਣ ਦੀ ਸੰਭਾਵਨਾ ਵੀ ਬਣੇਗੀ।

Scroll To Top