”ਕੰਮ ਦਾ ਨਾ ਕਾਜ ਦਾ, ਦੁਸ਼ਮਣ ਅਨਾਜ ਦਾ” ਇਹ ਕਹਾਵਤ ਭਾਵੇਂ ਨਿਕੰਮੇ ਆਦਮੀ ਲਈ ਹੈ ਪਰ ਅਵਾਰਾ ਪਸ਼ੂਆਂ ‘ਤੇ ਵੀ ਇੰਨ ਬਿੰਨ ਢੁਕਦੀ ਹੈ। ਕਿਉਂਕਿ ਅੱਜਕੱਲ੍ਹ ਪੰਜਾਬ ਵਿਚ ਅਵਾਰਾ ਪਸ਼ੂਆਂ (ਸੂਰ, ਬਾਂਦਰ, ਨੀਲ ਗਊ (ਰੋਝ) ਅਤੇ ਅਮਰੀਕਣ ਢੱਠੇ ਅਤੇ ਗਊਆਂ) ਦੀ ਸਮੱਸਿਆ ਬੜਾ ਹੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਜਿਸ ਤੋਂ ਬੱਚਾ-ਬੱਚਾ ਪ੍ਰੇਸ਼ਾਨ ਹੈ। ਅਵਾਰਾ ਗਊਆਂ, ਢੱਠਿਆਂ ਦੇ ਝੁੰਡਾਂ ਦੇ ਝੁੰਡ ਹਰ ਗਲੀ-ਮੁਹੱਲੇ ਵਿਚ, ਖੁੱਲ੍ਹੀਆਂ ਥਾਵਾਂ ਅਤੇ ਰਸਤਿਆਂ, ਮੁੱਖ ਸੜਕਾਂ ‘ਤੇ ਬੈਠੇ ਜਾਂ ਘੁੰਮਦੇ ਦੇਖੇ ਜਾ ਸਕਦੇ ਹਨ। ਇਹ ਨਾ ਸਿਰਫ ਇਨ੍ਹਾਂ ਥਾਵਾਂ ‘ਤੇ ਮਲ ਮੂਤਰ ਕਰਕੇ ਗੰਦ ਪਾਉਂਦੇ ਹਨ ਬਲਕਿ ਆਵਾਜਾਈ ਵਿਚ ਵੀ ਵਿਘਨ ਪਾਉਂਦੇ ਹਨ। ਕਈ ਥਾਵਾਂ ‘ਤੇ ਇਨ੍ਹਾਂ ਮਾਰਖੰਡ ਢੱਠਿਆਂ ਵਲੋਂ, ਰਾਹਗੀਰਾਂ ਨੂੰ ਟੱਕਰ ਮਾਰਕੇ ਮਾਰ ਦੇਣ ਜਾਂ ਅਪਾਹਜ ਬਣਾਉਣ ਜਾਂ ਛੋਟੇ ਵਾਹਨਾਂ ਨੂੰ ਉਲਟਾ ਦੇਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਤੇ ਇਨ੍ਹਾਂ ਦੀ ਬਦੌਲਤ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਦਿਨੀਂ ਮਾਨਸਾ ਵਿਖੇ ਦੋ ਕੀਮਤੀ ਜਾਨਾਂ ਚਲੀਆਂ ਗਈਆਂ। ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਮਾਨਸਾ ਜ਼ਿਲ੍ਹੇ ‘ਚ ਬੰਦ ਹੋਇਆ ਅਤੇ ਲਗਾਤਾਰ ਭੁੱਖ ਹੜਤਾਲ ਚੱਲ ਰਹੀ ਹੈ। ਹੋਰ ਵੀ ਅਨੇਕਾਂ ਥਾਵਾਂ ‘ਤੇ ਧਰਨੇ, ਮੁਜ਼ਾਹਰੇ ਹੋ ਚੁੱਕੇ ਹਨ। ਪਰ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਹ ਅਵਾਰਾ ਪਸ਼ੂ ਆਉਂਦੇ ਕਿਥੋਂ ਹਨ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਢੱਠੇ ਕਿਸੇ ਕੰਮ ਨੀ ਆਉਂਦੇ ਇਸ ਲਈ ਲੋਕ ਗਊ ਦੇ ਦੁੱਧ ਹਟਦੇ ਹੀ ਬੱਛੜੂ ਨੂੰ ਖੁੱਲ੍ਹਾ ਛੰਡ ਦਿੰਦੇ ਹਨ ਅਤੇ ਦੁੱਧੋਂ ਹਟਦੀਆਂ ਗਾਵਾਂ ਨੂੰ ਵੀ। ਦੂਸਰਾ ਝੁੰਡ ਵਿਚ ਫਿਰਦੇ ਗਾਵਾਂ ਢੱਠੇ ਵੀ ਲਗਾਤਾਰ ਇਨ੍ਹਾਂ ਦੀ ਸੰਖਿਆ ਵਧਾ ਰਹੇ ਹਨ। ਤੀਸਰਾ, ਗਊਸ਼ਾਲਾਵਾਂ ਵਾਲੇ ਵੀ ਬਹੁਤੀ ਵਾਰ ਵਾਧੂ ਪਸ਼ੂ, ਚੋਰੀ ਛੁੱਪੇ ਇਨ੍ਹਾਂ ਵਿਚ ਰਲਾ ਦਿੰਦੇ ਹਨ। ਅਤੇ ਚੌਥਾ ਅਖੌਤੀ ‘ਗਊ ਰੱਖਿਅਕਾਂ’ ਦੀ ਕਿਰਪਾ ਕਰਕੇ ਇਹ ਵਿਕ ਨਹੀਂ ਰਹੇ ਅਤੇ ਨਾ ਦੂਜੇ ਸੂਬਿਆਂ ਦਾ ਵਪਾਰੀ ਆ ਰਿਹਾ ਹੈ।
ਕਿਸਾਨੀ ਦਾ ਆਰਥਿਕ ਸੰਕਟ ਭਿਆਨਕ ਰੂਪ ਧਾਰ ਚੁੱਕਾ ਹੈ। ਕਰਜ਼ੇ ਦੇ ਭਾਰ ਥੱਲੇ ਦੱਬਿਆ ਕਿਸਾਨ, ਜ਼ਮੀਨਾਂ ਵੇਚਣ ਜਾਂ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ, ਉਪਰੋਂ ਪਿੰਡਾਂ ਵਿਚ ਘੁੰਮਦੇ ਅਵਾਰਾ ਗਊਆਂ-ਢੱਠਿਆਂ ਦੇ ਵੱਗ ਫਸਲਾਂ ਬਰਬਾਦ ਕਰਕੇ, ਸਮੱਸਿਆ ਨੂੰ ਹੋਰ ਵਧਾ ਰਹੇ ਹਨ। ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਬਰਬਾਦ ਕਰ ਰਹੇ ਹਨ। ਸਰਕਾਰ ਹੈ ਕਿ ਬਿਜਲੀ ਬਿੱਲਾਂ ਰਾਹੀਂ ਗਊ ਸੈਸ ਤਾਂ ਉਗਰਾਹ ਰਹੀ ਹੈ ਪਰ ਇਨ੍ਹਾਂ ਦੇ ਪ੍ਰਬੰਧ ਤੇ ਇਕ ਪਾਈ ਵੀ ਨਹੀਂ ਖਰਚ ਰਹੀ। ਲਗਭਗ ਸਮੁੱਚੇ ਮਾਲਵੇ ਵਿਚ ਸਮੁੱਚੇ ਪਿੰਡਾਂ ਨੇ ਮਿਲਕੇ ਅਵਾਰਾ ਪਸ਼ੂਆਂ ਤੋਂ ਰਾਖੀ ਲਈ ਘੋੜਿਆਂ ਵਾਲੇ, ਪ੍ਰਵਾਸੀ ਰੱਖੇ ਹੋਏ ਹਨ ਜਿਹੜੇ ਫਸਲਾਂ ਦੀ ਰਾਖੀ ਬਦਲੇ ਪ੍ਰਤੀ ਪਿੰਡ ਇਕ-ਡੇਢ ਤੋਂ ਦੋ-ਢਾਈ ਲੱਖ ਰੁਪਏ ਮਿਹਨਤਾਨਾ ਲੈਂਦੇ ਹਨ (ਗਊ ਮਾਤਾ ਤੋਂ ਰਾਖੀ ਟੈਕਸ) ਜੋ ਕਿਸਾਨੀ ਤਕਲੀਫਾਂ ਵਿਚ ਹੋਰ ਵਾਧਾ ਕਰਦਾ ਹੈ।
ਕਈ ਵਾਰ ਇਕ ਪਿੰਡ ਦੇ ਕਿਸਾਨ, ਅਵਾਰਾ ਪਸ਼ੂ ਇਕੱਠੇ ਕਰਕੇ ਦੂਜੇ ਪਿੰਡ ਛੱਡਣ ਦੀ ਕੋਸ਼ਿਸ਼ ਕਰਦੇ ਹਨ। ਇਹ ਕੰਮ ਆਪਸੀ ਲੜਾੲਂੀ ਝਗੜੇ ਦਾ ਕਾਰਨ ਬਣਦਾ ਹੈ।
ਕੀਤਾ ਕੀ ਜਾਵੇ?
1. ਗਊਆਂ-ਢਠਿਆਂ ਦੀ ਬਾਹਰਲੇ ਸੂਬਿਆਂ ਵਿਚ ਵੇਚਣ ਦੀ ਅਤੇ ਬਾਹਰਲੇ ਵਪਾਰੀਆਂ ਨੂੰ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ।
2. ਢੱਠਿਆਂ ਨੂੰ ਬਿਨਾਂ ਦੇਰ ਖੱਸੀ ਕੀਤਾ ਜਾਵੇ।
3. ਜ਼ਮੀਨਾਂ ਦੀਆਂ ਮਾਲਕ ਸਾਰੀਆਂ ਧਾਰਮਿਕ ਸੰਸਥਾਵਾਂ ਲਈ ਗਊਸ਼ਾਲਾ ਖੋਲਣੀ ਲਾਜ਼ਮੀ ਕੀਤੀ ਜਾਵੇ।
4. ਨਵੀਆਂ ਗਊਸ਼ਾਲਾਵਾਂ ਖੋਲੀਆਂ ਜਾਣ ਅਤੇ ਪੁਰਾਣੀਆਂ ਦੀ ਸਮਰੱਥਾ ਵਧਾਈ ਜਾਵੇ।
5. ਅਮਰੀਕਣ ਢੱਠਿਆਂ ਅਤੇ ਹੋਰ ਅਵਾਰਾ ਪਸ਼ੂਆਂ ਦੀ ਮੁਕਤੀ ਲਈ ਕੋਈ ਢੁਕਵਾਂ ਪ੍ਰਬੰਧ ਕੀਤਾ ਜਾਵੇ।
ਸਰਕਾਰ ਨੂੰ ਇਹ ਕਦਮ ਫੌਰੀ ਉਠਾਉਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ।