ਜ਼ਿੰਦਗੀ ਦੇ ਇਕ ਸੌ ਇਕ, ਸ਼ਾਨਾਮਤੇ ਤੇ ਸਿਰੜੀ ਸਾਲ ਲੰਘਾ ਚੁੱਕੇ ਕਾਮਰੇਡ ਮਿਹਰ ਸਿੰਘ ਹਰੀ ਨੌ ਨਾਲ ਉਨ੍ਹਾਂ ਦੇ ਪ੍ਰੇਰਣਾਮਈ ਜੀਵਨ ਬਾਰੇ ਗੱਲਾਂ ਕਰਨੀਆਂ, ਜੀਵਨ ਦੇ ਸਭ ਤੋਂ ਸੁਖ਼ਦ ਅਨੁਭਵਾਂ ‘ਚੋਂ ਇਕ ਹੋ ਨਿਬੜਿਆ। ਫਰੀਦਕੋਟ ਜ਼ਿਲ੍ਹੇ ਦਾ ਪ੍ਰਸਿੱਧ ਪਿੰਡ ਹਰੀ ਨੌ ਉਨ੍ਹਾਂ ਦੀ ਕਰਮਭੂਮੀ ਹੈ, ਜਦਕਿ ਜਨਮ ਸਥਾਨ ਤਲਵੰਡੀ ਭਾਈ ਨੇੜਲਾ ਪਿੰਡ ਕੋਟ ਕੁਰੜ ਹੈ। ਸਾਥੀ ਮਿਹਰ ਸਿੰਘ ਦਾ ਜਨਮ ਇਕ ਬੇਜ਼ਮੀਨੇ ਕਿਰਤੀ ਪਰਿਵਾਰ ‘ਚ ਮਨੁੱਖਤਾ ਦੇ ਇਤਿਹਾਸ ‘ਚ ਹਾਂ ਪੱਖੀ ਉਥਲ ਪੁੱਥਲ ਲਿਆਉਣ ਵਾਲੇ ਅਕਤੂਬਰ ਇਨਕਲਾਬ ਦੇ ਵਰ੍ਹੇ 1917 ‘ਚ ਹੋਇਆ। ਸਾਡੇ ਸਭਨਾਂ ਲਈ ਇਹ ਬੜਾ ਖੁਸ਼ਗਵਾਰ ਸੰਯੋਗ ਹੈ ਕਿ ਲਾਲ ਝੰਡੇ ਦਾ ਇਹ ਅਣਥੱਕ ਯੋਧਾ ਅਕਤੂਬਰ ਇਨਕਲਾਬ ਦੇ ਸ਼ਤਾਬਦੀ ਵਰ੍ਹੇ ਦੌਰਾਨ ਆਪਣੇ ਖੁਦ ਦੇ 101ਵੇਂ ਸਾਲ ‘ਚ, ਸਾਡੇ ਅੰਗ ਸੰਗ ਮੌਜੂਦ ਰਹਿੰਦਿਆਂ ਸਾਨੂੰ ਹੱਲਾਸ਼ੇਰੀ ਦੇ ਰਿਹਾ ਹੈ। ਕਾਮਰੇਡ ਮੇਹਰ ਸਿੰਘ ਹੂਰਾਂ ਮੈਨੂੰ ਬੜੇ ਮਾਣ ਨਾਲ ਦੱਸਿਆ ਕਿ ਮੈਨੂੰੂ ਕਮਿਊਨਿਸਟ ਬਨਾਉਣ ਵਾਲਾ, ਪ੍ਰਸਿੱਧ ਸੁਤੰਤਰਤਾ ਸੰਗਰਾਮੀ ਕਾਮਰੇਡ ਰਾਮ ਸਿੰਘ ਹਰੀ ਨੌ ਸੀ ਅਤੇ ਮੁੱਢਲੀ ਪਾਰਟੀ ਵਿੱਦਿਆ ਤੇ ਮਾਕਰਸੀ ਫਲਸਫੇ ਬਾਰੇ ਜਾਣਕਾਰੀ ਉਨ੍ਹਾਂ ਪੱਤੋ ਹੀਰਾ ਸਿੰਘ ਦੇ ਸਾਥੀ ਭੂਰਬਜਿੰਦਰ ਸਿੰਘ ਤੋਂ ਹਾਸਲ ਕੀਤੀ। ਕਮਿਊਨਿਸਟਾਂ ਦੀ ਦ੍ਰਿੜ੍ਹਤਾ, ਸਾਦਗੀ ਅਤੇ ਸਪੱਸ਼ਟ ਬਿਆਨੀ ਦੀ ਅਤਿ ਢੁਕਵੀਂ ਮਿਸਾਲ ਹਨ, ਕਾਮਰੇਡ ਮਿਹਰ ਸਿੰਘ ਹਰੀ ਨੌ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੈਂਦੀ ਸੱਟੇ ਕਹਿਣ ਲੱਗੇ, ”ਲੈ ਸੁਣ ਲਾ ਸਾਥੀਆ, ਫੇਰ ਕੱਲ੍ਹ ਨੂੰ ਗੱਲ ਦੇਣੀ ਆਊ। ਮੇਰਾ ਜੱਦੀ ਪਿੰਡ ਕੋਟ ਕੁਰੜ ਐ, ਹਰੀ ਨੌ ਤਾਂ ਮੇਰੇ ਨਾਨਕੇ ਐ। ਮੇਰਾ ਛੋਟੇ ਜਿਹੇ ਦਾ ਬਾਪ ਤਾਂ ਮਰ ਗਿਆ ਸੀ, ਮੈਨੂੰ ਮੇਰੀ ਮਾਂ ਨੇ ਪੇਕੀਂ ਰਹਿ ਕੇ ਪਾਲਿਐ।” ਪਾਰਟੀ ਅਤੇ ਲੋਕਾਂ ਤੋਂ, ਆਪਣੇ ਬਾਰੇ ਕੁੱਝ ਵੀ ਨਾ ਲੁਕਾਅ ਕੇ ਰੱਖਣ ਵਾਲੀ ਪਾਰਦਰਸ਼ਤਾ ਦਾ ਬੇਜੋੜ ਨਮੂਨਾ ਦੇਖ ਕੇ ਡਾਢੀ ਖੁਸ਼ੀ ਅਤੇ ਹੁਲ੍ਹਾਰਾ ਹਾਸਲ ਹੋਏ। ਉਨ੍ਹਾਂ ਦੱਸਿਆ ਕਿ ਲਾਲ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ, 1950 ਵਿਚ ਪਿੰਡ ਹਰੀ ਨੌ ‘ਚ ਬਣਾਈ ਗਈ ਕਿਸਾਨ ਸਭਾ ਦੀ ਕਮੇਟੀ ਦਾ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਸੀ। ਬੜੀ ਬਾਕਮਾਲ ਮਿਸਾਲ ਹੈ! ਇਕ ਬੇਜ਼ਮੀਨੇ ਨੂੰ ਕਿਸਾਨ ਸਭਾ ਦਾ ਪ੍ਰਧਾਨ ਚੁਣਿਆ ਗਿਆ। ਫਿਰ ਉਸ ਦੀ ਅਗਵਾਈ ‘ਚ ਨੇੜੇ-ਤੇੜੇ ਦੇ ਪਿੰਡਾਂ ਦੇ ਮੁਜ਼ਾਰੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿਵਾਉਣ ਵਾਲਾ ਜੇਤੂ ਘੋਲ ਲੜਿਆ ਗਿਆ। ਇਕ ਤਿਆਗੀ ਕਮਿਉਨਿਸਟ ਕਾਰਕੁੰਨ ਵਜੋਂ ਇਸ ਸ਼ਾਨਾਮੱਤੀ ਪ੍ਰਾਪਤੀ ਵਾਲੇ ਸੰਗਰਾਮ ਦਾ ਹਿੱਸਾ ਹੋਣ ‘ਤੇ ਹੱਕ ਬਜਾਨਬ ਮਾਣ ਕਰਦਾ ਹੈ, ਕਾਮਰੇਡ ਮਿਹਰ ਸਿੰਘ। ਪਰ ਇਹ ਕਮਿਊਨਿਸਟਾਂ ਦੀ ਅਜੋਕੀ ਪੀੜ੍ਹੀ ਦੇ ਸੋਚਣ ਦਾ ਮਸਲਾ ਹੈ ਕਿ ਮੁਜ਼ਾਰੇ ਕਿਸਾਨਾਂ ਨੂੰ ਭੌਂ-ਮਾਲਕ ਬਨਾਉਣ ਵਾਲੇ ਸੰਗਰਾਮ ਦੀਆਂ ਪ੍ਰਾਪਤੀਆਂ ਤੋਂ ਮਿਹਰ ਸਿੰਘ ਹਰੀ ਨੌ ਵਰਗੇ ਬੇਜ਼ਮੀਨੇ ਕਿਵੇਂ ਅਤੇ ਕਿਉਂ ਵਾਂਝੇ ਰਹਿ ਗਏ? ਕਾਮਰੇਡ ਮਿਹਰ ਸਿੰਘ ਹੁਰਾਂ ਇਹ ਵੀ ਦੱਸਿਆ ਕਿ ਜਦ ਸੂਬੇ ‘ਚ ਦਿਹਾਤੀ ਮਜ਼ਦੂਰ ਸਭਾ ਦੇ ਗਠਨ ਦਾ ਫੈਸਲਾ ਹੋਇਆ ਤਾਂ ਕਿਸਾਨ ਫਰੰਟ ਦੇ ਸਥਾਨਕ ਆਗੂ ਉਨ੍ਹਾਂ ਨਾਲ ਖ਼ਫ਼ਾ ਵੀ ਹੋਏ। ਕਾਮਰੇਡ ਮਿਹਰ ਸਿੰਘ ਨੇ ਲਗਭਗ 70 ਸਾਲ ਦੱਬੇ ਕੁਚਲਿਆਂ ਦੀ ਹਕੀਕੀ ਬੰਦ ਖਲਾਸੀ ਦੀ ਲਹਿਰ ਦੇ ਲੇਖੇ ਲਾਏ। ਉਨ੍ਹਾਂ ਦੇ ਦੇਖਦਿਆਂ ਦੇਖਦਿਆਂ ਕਈ ਆਪੂੰ ਬਣੇ ”ਸਿਧਾਂਤਕਾਰ”, ਫਲਸਫੇ ‘ਤੇ ”ਪੀਡੀ” ਪਕੜ ਦੇ ਦਾਅਵੇ ਕਰਨ ਵਾਲੇ ਅਧਿਆਪਕ ਕੁਰਾਹੇ ਪੈ ਗਏ। ਇਥੋਂ ਤੱਕ ਕਿ ਅਦੁੱਤੀ ਕੁਰਬਾਨੀਆਂ ਕਰਕੇ ਜਿਨ੍ਹਾਂ ਮੁਜ਼ਾਰੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਉਨ੍ਹਾਂ ‘ਚੋਂ ਕਈ ਖ਼ੁਦ, ਤੇ ਕਈਆਂ ਦੀਆਂ ਅਗਲੇਰੀਆਂ ਪੀੜ੍ਹੀਆਂ ਨੂੰ ਕਮਿਊਨਿਸਟਾਂ ‘ਚੋਂ ਮੁਸ਼ਕ ਆਉਣ ਲੱਗ ਪਿਆ। ਪਰ ਕਾਮਰੇਡ ਮਿਹਰ ਸਿੰਘ ਨੇ ਕਦੀ ਨਾ ਇਸ ਬਾਰੇ ਸੋਚਿਆ ਅਤੇ ਨਾ ਹੀ ਇਸ ਕੰਡਿਆਂ ਭਰੇ ਰਾਹ ‘ਤੇ ਚਲਦਿਆਂ ਹੰਢਾਈਆਂ ਦੁਸ਼ਵਾਰੀਆਂ ਬਾਰੇ ਗਿਲਾ ਕੀਤਾ। ਸਾਡੀ ਪੀੜ੍ਹੀ ਦੇ ਕਮਿਊਨਿਸਟਾਂ ਲਈ ਇਹ ਹੈ, ਪਹਿਲਾ ਸਬਕ ਜੋ ਇਨ੍ਹਾਂ ਅਡੋਲ ”ਮਸ਼ਾਲਚੀਆਂ” ਤੋਂ ਸਿੱਖਣ ਦੀ ਲੋੜ ਹੈ। ਸਾਡੀ ਜਾਚੇ ਇਹ ਗੁਣ ਫ਼ਲਸਫ਼ੇ ਦੀ ਡੂੰਘੀ ਜਾਣਕਾਰੀ ਹਾਸਲ ਕਰਨ ਦੀ ਤਾਂਘ ਤੋਂ ਵੀ ਉਪਰ ਆਉਂਦਾ ਹੈ। ਸਾਥੀ ਮਿਹਰ ਸਿੰਘ ਨੇ ਦੱਸਿਆ ਕਿ 1947 ‘ਚ ਫਰੀਦਕੋਟ ਰਿਆਸਤ ‘ਚ ਮੁਸਲਮਾਨਾਂ ਨੂੰ ਕਤਲ ਕਰਨ ਜਾਂ ਲੁੱਟ ਲੈਣ ਤੋਂ ਸਖਤ ਸ਼ਬਦਾਂ ‘ਚ ਵਰਜਿਆ ਗਿਆ ਸੀ। ਇਸ ਲਈ ਰਿਆਸਤ ਫਰੀਦਕੋਟ ਦੇ ਪਿੰਡਾਂ ‘ਚ ਵੱਢਾ-ਟੁੱਕੀ ਨਹੀਂ ਹੋਈ। ਪਰ ਜਦੋਂ ਇਹ ਬੇਦੋਸ਼ੇ ਲੋਕ ਪਾਕਿਸਤਾਨ ਵੱਲ ਨੂੰ ਹਿਜ਼ਰਤ ਕਰਨ ਲਈ ਕਾਫ਼ਲਿਆਂ ਦੇ ਰੂਪ ‘ਚ ਤੁਰਦੇ ਰਿਆਸਤ ਦੇ ਪਿੰਡਾਂ ‘ਚੋਂ ਬਾਹਰ ਨਿਕਲੇ ਤਾਂ ਵੱਢ-ਟੁੱਕ ਦਿੱਤੇ ਗਏ। ਆਪਣੇ ਬੇਲੀਆਂ ਨੂੰ ਯਾਦ ਕਰਕੇ ਉਹ ਖ਼ੁਦ ਵੀ ਫਿਸ ਪਏ ਅਤੇ ਬਾਕੀਆਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ। ਇਕ ਕਰੜੀ ਜਿਹੀ ਗਾਲ੍ਹ ਕੱਢਕੇ ਉਨ੍ਹਾਂ ਨੇ ਆਪਣੇ ਪਿੰਡ ਦੇ ਮੁਰਦਾਖੋਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਉਂਝ ਤਾਂ ਦਿਖਾਵੇ ਵਜੋਂ ਸਿੱਖ ਹੋਣ ਦਾ ਸਾਂਗ ਰਚਾਇਆ ਹੋਇਆ ਸੀ ਪਰ ਰਾਤ ਨੂੰ ਮੂੰਹ ਸਿਰ ਵਲ੍ਹੇਟ ਕੇ ਨਿਤਾਣੇ ਮੁਸਲਮਾਨਾਂ ਨੂੰ ਲੁੱਟਣ ਜੈਤੋ ਮੰਡੀ ਜਾਂਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਰਸੂਖਵਾਨ ਮੁਸਲਿਮ ਪਰਿਵਾਰਾਂ ਨੂੰ ਰਾਜਾ ਫਰੀਦਕੋਟ ਖੁਦ ਫ਼ੌਜੀ ਕੈਂਪਾਂ ਜਾਂ ਪਾਕਿਸਤਾਨ ਵਿਚ ਰਲਾਏ ਜਾਣ ਵਾਲੇ ਇਲਾਕੇ ਵਿਚ ਛੱਡ ਕੇ ਆਇਆ ਸੀ। ਜਦ ਕਿ ਗਰੀਬ ਮੁਸਲਮਾਨ ਗਾਜਰ ਮੂਲੀਆਂ ਵਾਂਗ ਵੱਢ ਸੁੱਟੇ ਗਏ। ਉਕਤ ਘਟਨਾਵਾਂ ਕਰਕੇ ਜਿੱਥੇ ਕਾਮਰੇਡ ਮਿਹਰ ਸਿੰਘ ਨੂੰ ਜਮਾਤਾਂ ਦੀ ਸੂਝ ਆਈ ਉਥੇ ਨਾਲ ਹੀ ਕੱਟੜਪੁਣੇ ਅਤੇ ਲੁੱਟਾਂ ਖੋਹਾਂ ਦੇ ਆਪਸੀ ਗੂੜ੍ਹੇ ਸੰਬੰਧਾਂ ਦਾ ਵੀ ਗਿਆਨ ਮਿਲਿਆ। ਇਕ ਘਟਨਾ ਦਾ ਉਨ੍ਹਾਂ ਉਚੇਚ ਨਾਲ ਜ਼ਿਕਰ ਕੀਤਾ। ਪਿੰਡ ਹਰੀ ਨੌ ਇਲਾਕੇ ਦੀ ਮੁਜ਼ਾਰਾ ਕਿਸਾਨ ਲਹਿਰ ਦਾ ਕੇਂਦਰ ਸੀ। ਰਿਆਸਤੀ ਹੁਕਮਰਾਨ, ਆਪਣੇ ਖਾਸੇ ਅਨੁਸਾਰ ਇਥੇ ਵਿਕਸਿਤ ਹੋ ਰਹੀ ਅਤੇ ਚੁਫੇਰੇ ਫੈਲ ਰਹੀ ਸੰਗਰਾਮੀ ਚੇਤਨਾ ਤੋਂ ਔਖੇ ਸਨ। ਉਨ੍ਹਾਂ ਨੇ ਇਸ ਚੇਤਨਾ ਦੀ ਸੰਘੀ ਘੁੱਟਣ ਅਤੇ ਲੋਕਾਂ ਨੂੰ ਲਹਿਰ ਦਾ ਸਾਥ ਦੇਣ ਤੋਂ ਮੋੜਨ ਲਈ ਪਿੰਡ ਦੇ ਸਕੂਲ ਦਾ ਦਰਜਾ ਘਟਾ ਕੇ ਮਾਸਟਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ। ਪਿੰਡ ਵਾਸੀਆਂ ਨੇ ਪਾਰਟੀ ਆਗੂਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਦਾ ਘਰ੍ਹਾਟ (ਆਟਾ ਪੀਹਣ ਵਾਲੀ ਰਿਵਾਇਤੀ ਪਣਚੱਕੀ) ਠੇਕੇ ‘ਤੇ ਲੈ ਕੇ ਸਕੂਲ ਚਲਾਉਣ ਜੋਗਾ ਖਰਚਾ ਕੱਢਣਾ ਸ਼ੁਰੂ ਕਰ ਲਿਆ। ਅਧਿਆਪਕ ਨੇ ਬਿਨ ਤਨਖਾਹੋਂ ਸੇਵਾ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਦੇ ਇਕ ਪੇਸ਼ੇਵਰ ਅਪਰਾਧੀ ਦੀ ਅਗਵਾਈ ‘ਚ ਇਲਾਕੇ ਭਰ ਦੇ ਰਿਆਸਤੀ ਟਾਊਟਾਂ ਨੇ ਇਸ ਹੰਭਲੇ ਤੋਂ ਔਖੇ ਹੋ ਕੇ ਅੜਿੱਕੇ ਡਾਹੁਣੇ ਅਤੇ ਇਤਰਾਜਯੋਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਾਰਟੀ ਕਮੇਟੀ ਵਲੋਂ ਇਸ ਟੋਲੇ ਦੇ ਮੁਖੀ ਦਾ ਫ਼ਸਤਾ ਵੱਢਣ ਦਾ ਨਿਰਣਾ ਲਿਆ ਗਿਆ। ਅਜਿਹੇ ਡਾਕੂਆਂ ਨੂੰ ਸਬਕ ਸਿਖਾਉਣ ਲਈ ਪਿੰਡ ਦੀ ਸੱਥ ‘ਚ ਘੜੀਸ-ਘੜੀਸ ਕੇ ਇਸ ਵਿਅਕਤੀ ਨੂੰ ਇਸ ਦੇ ਅੰਜਾਮ ਤੱਕ ਪੁਚਾਇਆ ਗਿਆ। ਇਸ ਕੇਸ ਵਿਚ ਪੰਜ ਸਾਥੀਆਂ ਨਿਰੰਜਣ ਸਿੰਘ, ਨਗਿੰਦਰ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ ਉਰਫ ਡੀਸੀ ਤੇ ਪ੍ਰੀਤਮ ਸਿੰਘ ਆਈ.ਐਨ.ਏ. ਨੂੰ ਕੈਦ ਦੀ ਸਜ਼ਾ ਹੋਈ, ਇਨ੍ਹਾਂ ‘ਚ ਦੋ ਨਗਿੰਦਰ ਸਿੰਘ ਅਤੇ ਸੁਰਜੀਤ ਸਿੰਘ ਪਿਓ-ਪੁੱਤ ਸਨ। ਇਨ੍ਹਾਂ ਕੈਦਾਂ ਭੁਗਤਣ ਵਾਲਿਆਂ ਨੇ ਸਾਰੀ ਉਮਰ ਲਾਲ ਝੰਡੇ ਦਾ ਲੜ ਮਜ਼ਬੂਤੀ ਨਾਲ ਫੜੀ ਰੱਖਿਆ ਅਤੇ ਕਦੀ ਆਪਣੀ ਕੈਦ ਦਾ ਗਿਲਾ ਵੀ ਨਾ ਕੀਤਾ। ਇਸ ਘਟਨਾ ਬਾਰੇ ਵੱਖੋ-ਵੱਖਰੇ ਪ੍ਰਤੀਕਰਮ ਹੋ ਸਕਦੇ ਹਨ। ਪਰ ਕਾਮਰੇਡ ਮਿਹਰ ਸਿੰਘ ਅਨੁਸਾਰ ਇਸ ਪਿਛੋਂ ਮੁਜ਼ਾਰਾ ਲਹਿਰ ਦੇ ਵਿਰੋਧੀ ਇਲਾਕੇ ‘ਚ ਭਾਲੇ ਵੀ ਨ੍ਹੀ ਥਿਆਏ! ਕਾਮਰੇਡ ਮਿਹਰ ਸਿੰਘ ਦਿਹਾਤੀ ਮਜ਼ਦੂਰ ਸਭਾ ਦੇ ਸੰਸਥਾਪਕਾਂ ‘ਚੋਂ ਹਨ ਅਤੇ ਸ਼ਹਿਣਾ (ਨੇੜੇ ਭਦੌੜ) ਵਿਖੇ ਹੋਏ ਸਭਾ ਦੇ ਸੂਬਾਈ ਅਜਲਾਸ ਵਿਚ ਉਹ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਸਾਲਾਂਬੱਧੀ ਮਜ਼ਦੂਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮਿਸਾਲੀ ਸੇਵਾਵਾਂ ਦਿੱਤੀਆਂ। 1964 ਵਿਚ ਸੀ.ਪੀ.ਆਈ.(ਐਮ) ਦੇ ਗਠਨ ਸਮੇਂ ਉਹ ਇਸ ਵਿਚ ਸ਼ਾਮਲ ਹੋਏ ਅਤੇ ਜ਼ਿਲ੍ਹੇ ਅੰਦਰ ਪਾਰਟੀ ਦਾ ਨਿਰਮਾਣ ਕੀਤਾ। ਸੀ.ਪੀ.ਆਈ.(ਐਮ) ਵਲੋਂ 1964 ‘ਚ ਅਪਣਾਏ ਗਏ ਪ੍ਰੋਗਰਾਮ ਦੀਆਂ ਬੁਨਿਆਦੀ ਸਥਾਪਨਾਵਾਂ ਤੋਂ ਕਿਨਾਰਾ ਕਰ ਲੈਣ ਵਿਰੁੱਧ ਚੱਲੇ ਅੰਤਰ ਪਾਰਟੀ ਘੋਲ ਸਮੇਂ ਅਤੇ ਪਿਛੋਂ ਜਾ ਕੇ ਸੀ.ਪੀ.ਐਮ.ਪੰਜਾਬ ਤੇ ਆਰ.ਐਮ.ਪੀ.ਆਈ. ਦੇ ਗਠਨ ‘ਚ ਵੀ ਉਹਨਾਂ ਨੇ ਆਗੂ ਭੂਮਿਕਾ ਨਿਭਾਈ। ਪਿਛਲੇ ਦਿਨੀਂ ਮਰਹੂਮ ਸਾਥੀ ਸੁਰਜੀਤ ਗਿੱਲ ਦੀ ਬਰਸੀ ਸਮੇਂ ਹੋਏ ਸੈਮੀਨਾਰ ਦੀ ਪ੍ਰਧਾਨਗੀ ਸਾਥੀ ਮਿਹਰ ਸਿੰਘ ਨੇ ਕੀਤੀ। ਮੰਚ ‘ਤੇ ਸ਼ਾਂਤ ਚਿੱਤ ਬੈਠੇ ਸਾਥੀ ਮਿਹਰ ਸਿੰਘ ਹਰੀ ਨੌ ਇਉਂ ਜਾਪ ਰਹੇ ਸਨ ਜਿਵੇਂ ਆਪਣੇ ਕਬੀਲੇ ਨੂੰ ਧੱਕੇ ਧੋੜਿਆਂ ਅਤੇ ਦੁਸ਼ਵਾਰੀਆਂ ‘ਚੋਂ ਸੁਰਖਿਅਤ ਕੱਢ ਕੇ ਲਿਆਉਣ ਵਾਲਾ ਸਰਦਾਰ ਬੈਠਾ ਹੋਵੇ। ਸ਼ਾਲਾ! ਉਹ ਹੋਰ ਲੰਬਾ ਸਮਾਂ ਜਿਉਣ ਅਤੇ ਕਮਿਊਨਿਸਟਾਂ ਦੀਆਂ ਅਗਲੇਰੀਆਂ ਪੀੜ੍ਹੀਆਂ ਨੂੰ ਅਗਵਾਈ ‘ਤੇ ਪ੍ਰੇਰਣਾ ਬਖ਼ਸ਼ਣ।