ਸਤਨਾਮ ਚਾਨਾ
ਜਿਉਂ ਜਿਉਂ ਸਮਾਂ ਬੀਤ ਰਿਹਾ ਹੈ ਤਿਉਂ ਤਿਉਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨਤਾ ਦਾ ਅਹਿਸਾਸ ਵੱਧ ਰਿਹਾ ਹੈ। ਪਿਛਲੀ ਅੱਧੀ ਕੁ ਸਦੀ ਦੀਆਂ ਖੋਜਾਂ ਨੇ ਉਨ੍ਹਾਂ ਨੂੰ ਦੁਨੀਆਂ ਦੇ ਮਹਾਨ ਜੇਤੂ ਨਾਇਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਪ੍ਰੰਤੂ ਤਿੰਨ ਸਦੀਆਂ ਦੇ ਆਸ ਪਾਸ, ਉਨ੍ਹਾਂ ਦਾ ਵਿਗਾੜਿਆ ਹੋਇਆ ਬਿੰਬ ਹੀ ਉਭਾਰਿਆਂ ਜਾਂਦਾ ਰਿਹਾ ਅਤੇ ‘ਖੂਨ ਦਾ ਪਿਆਸਾ ਰਾਕਸ਼ਸ਼’ (ਬਲੱਡ ਸੱਕਰ ਮੌਂਸਟਰ) ਤੱਕ ਕਿਹਾ ਗਿਆ। ਜਿੰਨਾ ਮਹਾਨ ਤੇ ਲਾਮਿਸਾਲ ਕਾਰਜ ਉਨ੍ਹਾਂ ਨੇ ਕੀਤਾ ਸੀ, ਓਨਾਂ ਹੀ ਉਨ੍ਹਾਂ ਨੂੰ ਛੁਟਿਆ ਕੇ ਵੀ ਪੇਸ਼ ਕੀਤਾ ਜਾਂਦਾ ਰਿਹਾ ਅਤੇ ਤੋਹਮਤ ਬਾਜ਼ੀ ਵੀ ਕੀਤੀ ਗਈ ਜੋ ਏਥੇ ਵਿਚਾਰ ਦਾ ਵਿਸ਼ਾ ਨਹੀਂ ਹੈ । ਇਸ ਤਰ੍ਹਾਂ ਦੀ ਬੇਇਨਸਾਫੀ, ਬਲਕਿ ਧੱਕਾ ਦੁਨੀਆਂ ਦੇ ਕਿਸੇ ਵੀ ਹੋਰ ਨਾਇਕ ਨਾਲ ਹੋਇਆ ਨਜ਼ਰ ਨਹੀਂ ਆਉਂਦਾ । ਇਹ ਮਿਥਕੇ ਕੀਤੀ ਗਈ ਬੇਇਨਸਾਫੀ ਸੀ ਜਾਂ ਅਣਜਾਣੇ ਵਿਚ ਹੋਇਆ ਧੱਕਾ ਸੀ, ਵੀ ਸਪੱਸ਼ਟ ਹੋ ਜਾਏਗਾ ਲੇਕਿਨ ਇਹ ਸਪੱਸ਼ਟ ਹੋ ਹੀ ਗਿਆ ਹੈ ਕਿ ਇਸ ਨੇ ਕਈ ਪੀੜ੍ਹੀਆਂ ਨੂੰ ਗੁਮਰਾਹ ਕੀਤਾ । ਉਪਲਭਧ ਇਤਿਹਾਸ ਵਿਚ, ਪਿਛਲੀ ਅੱਧੀ ਕੁ ਸਦੀ ਤੋਂ ਵੱਡੀਆਂ ਸੁਧਾਈਆਂ ਹੋਣੀਆਂ ਸ਼ੁਰੂ ਹੋਈਆਂ ਹਨ । ਤੱਥ ਅਤੇ ਸਬੂਤ ਸਾਹਮਣੇ ਆ ਰਹੇ ਹਨ ਸਿੱਟੇ ਵਜੋਂ ਜਾਣਕਾਰੀ ਵਿਚ ਨਿਖਾਰ ਆ ਰਿਹਾ ਹੈ ।
ਮੋਟੇ ਤੌਰ ’ਤੇ, ਬਾਬਾ ਬੰਦਾ ਸਿੰਘ ਸਿੰਘ ਬਹਾਦਰ ਦੀ ਜ਼ਿੰਦਗੀ ਦੇ ਤਿੰਨ ਪੜਾਅ ਹਨ : ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਦਾ ਜੀਵਨ, ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਚੱਲਣ ਉਪਰੰਤ ਸਰਹੰਦ ਦੀ ਫਤਹਿ ਤੱਕ ਦਾ ਜੀਵਨ ਅਤੇ ਸਰਹੰਦ ਫਤਹਿ ਤੋਂ ਸ਼ਹੀਦੀ ਤੱਕ ਦਾ ਜੀਵਨ । ਇਨ੍ਹਾਂ ਤਿੰਨਾਂ ਹੀ ਪੜਾਵਾਂ ਦਾ ਇਤਿਹਾਸ ਸਬਕਾਂ ਭਰਪੂਰ ਹੈ । ਇਨ੍ਹਾਂ ਬਾਰੇ ਜਿੰਨੀ ਜਾਣਕਾਰੀ ਪਹਿਲਾਂ ਉਪਲਭਧ ਸੀ ਉਸ ਵਿੱਚੋਂ ਕਾਫੀ ਸਾਰੀ ਦੋਸ਼ ਪੂਰਨ ਸਾਬਤ ਹੋਈ ਹੈ । ਕਈ ਅਜੋਕੇ ਇਤਿਹਾਸਕਾਰ ਬੇਬਾਕੀ ਨਾਲ ਕਹਿ ਰਹੇ ਹਨ ਕਿ ਅਠਾਰਵੀਂ ਅਤੇ ਉੱਨੀਵੀਂ ਸਦੀ ਦੇ ਇਤਿਹਾਸਕਾਰਾਂ ਨੇ ਵੱਖ-ਵੱਖ ਕਾਰਨਾਂ ਅਤੇ ਹਿੱਤਾਂ ਕਾਰਨ ਜਾਣਬੁੱਝ ਕੇ ਤੱਥਾਂ ਨੂੰ ਵਿਗਾੜਿਆ ਹੈ । ਉਹ ਭਾਵੇਂ ਮੁਸਲਮਾਨ ਇਤਿਹਾਸਕਾਰ ਸਨ ਭਾਵੇਂ ਗੈਰ ਮੁਸਲਮਾਨ ਸਨ । ਜਿਨ੍ਹਾਂ ਅਜੋਕੇ ਇਤਿਹਾਸਕਾਰਾਂ ਨੇ ਵਿਗਿਆਨਕ ਦਿ੍ਰਸ਼ਟੀ ਤੋਂ ਖੋਜ ਕਰਕੇ ਤੱਥ ਅਤੇ ਸਬੂਤ ਲੱਭੇ ਹਨ ਅਤੇ ਲੱਭ ਰਹੇ ਹਨ ਉਨ੍ਹਾਂ ਦੀ ਮਿਹਨਤ, ਦਲੇਰੀ ਅਤੇ ਬੁੱਧੀਮਾਨਤਾ ਪ੍ਰਸ਼ੰਸਾ ਯੋਗ ਹੈ ।
ਅੱਗੇ ਚੱਲਣ ਤੋਂ ਪਹਿਲਾਂ ਇੱਥੇ ਇੱਕ ਮਹੱਤਵਪੂਰਨ ਘਟਨਾ ਨੋਟ ਕਰ ਲੈਂਦੇ ਹਾਂ । ਇਹ ਘਟਨਾ ਮਾਰਚ 1716 ਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ, ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਫੜ ਕੇ ਦਿੱਲੀ ਲਿਆਂਦੇ ਗਏ ਸਿੰਘਾਂ ਨੂੰ, ਸੌ ਸੌ ਕਰਕੇ ਰੋਜ਼ਾਨਾ ਸ਼ਹੀਦ ਕੀਤਾ ਜਾਂਦਾ ਸੀ ਅਤੇ ਇਹ ਦਿ੍ਰਸ਼ ਦੇਖਣ ਲਈ ਹਜ਼ਾਰਾਂ ਲੋਕ ਇਕੱਤਰ ਹੁੰਦੇ ਸਨ । ਉਨ੍ਹਾਂ ਦਿਨਾਂ ਵਿਚ ਜੌਹਨ ਸਰਮਨ ਅਤੇ ਐਡਵਰਡ ਸਟੀਫਨ ਨਾਮ ਦੇ ਦੋ, ਈਸਟ ਇੰਡੀਆ ਕੰਪਨੀ ਦੇ ਪ੍ਰਤੀਨਿੱਧ ਦਿੱਲੀ ਵਿਚ ਸਨ ਅਤੇ ਉਹ ਵੀ ਰੋਜ਼ਾਨਾ ਹੀ ਇਸ ਕਾਰਵਾਈ ਨੂੰ ਦੇਖਣ ਲਈ ਕਤਲਗਾਹ ਜਾਂਦੇ ਸਨ । ਉਨ੍ਹਾਂ ਨੇ ਬੰਗਾਲ ਵਿਚ ਵਿਲੀਅਮ ਫੋਰਟ ਦੇ ਪ੍ਰਧਾਨ ਰੌਬਰਟ ਹੇੱਜ ਨੂੰ ਪੱਤਰ ਲਿਖਕੇ ਇਸ ਬਾਰੇ ਦੱਸਿਆ ਕਿ ….. ਮਹਾਨ ਗੁਰੂ (ਬੰਦਾ ਸਿੰਘ), ਜਿਸਨੇ ਲਹੌਰ ਦੇ ਸੂਬੇ ਨੂੰ ਪਿੱਛਲੇ ਵੀਹ ਸਾਲਾਂ ਤੋਂ ਵਖਤ ਪਾਇਆ ਹੋਇਆ ਸੀ, ਨੂੰ ਸੂਬੇਦਾਰ ਅਬਦੁਲ ਸਮੱਦ ਖਾਨ, ਉਸਦੇ ਪਰਿਵਾਰ ਤੇ ਸ਼ਰਧਾਲੂਆਂ ਸਮੇਤ ਗਿ੍ਰਫਤਾਰ ਕਰਕੇ ਦਿੱਲੀ ਲਿਆਇਆ ਹੈ । ਉਸਨੂੰ ਅਤੇ ਬਚ ਗਏ ਹੋਏ ਉਸਦੇ ਸੱਤ ਸੌ ਅੱਸੀ ਸ਼ਰਧਾਲੂਆਂ ਨੂੰ, ਬੇੜੀਆਂ ਵਿਚ ਜਕੜਿਆ ਹੋਇਆ ਸੀ, ਜੋ ਕੁਝ ਦਿਨ ਪਹਿਲਾਂ ਦਿੱਲੀ ਵਿਚ ਪ੍ਰਵੇਸ਼ ਕੀਤੇ ਸਨ । ਉਨ੍ਹਾਂ ਨੂੰ ਊਠਾਂ ਤੇ ਬਿਠਾਇਆ ਹੋਇਆ ਸੀ ਅਤੇ ਜਿਹੜੇ ਤਲਵਾਰ ਦੀ ਭੇਂਟ ਚੜ੍ਹ ਗਏ ਸਨ, ਉਨ੍ਹਾਂ ਦੇ ਦੋ ਹਜ਼ਾਰ ਦੇ ਕਰੀਬ ਸਿਰ ਬਾਂਸਾਂ ਤੇ ਟੰਗੇ ਹੋਏ ਸਨ। ਉਸਨੂੰ (ਬੰਦਾ ਸਿੰਘ ਨੂੰ) ਬਾਦਸ਼ਾਹ ਅੱਗੇ ਪੇਸ਼ ਕਰਨ ਉਪਰੰਤ ਕੈਦਖਾਨੇ ਵਿਚ ਭੇਜ ਦਿੱਤਾ ਗਿਆ ਹੈ । ਉਸਨੂੰ ਅਤੇ ਉਸਦੇ ਕਰੀਬੀਆਂ ਦੀ ਮੌਤ ਨੂੰ ਅਜੇ ਅੱਗੇ ਪਾ ਦਿੱਤਾ ਗਿਆ ਹੈ ਕਿਉਂਕਿ ਉਹ ਉਸਦੇ ਰਾਜ ਵਿਚ ਕਈ ਥਾਵਾਂ ਤੇ ਦੱਬੇ ਖਜ਼ਾਨੇ ਬਾਰੇ ਜਾਨਣਾ ਚਾਹੁੰਦੇ ਹਨ । ਉਸ ਤੋਂ ਬਾਅਦ ਉਸਦਾ ਵੀ ਕਤਲ ਕਰ ਦਿੱਤਾ ਜਾਏਗਾ । ਬਾਕੀਆਂ ਦਾ ਸੌ-ਸੌ ਕਰਕੇ ਰੋਜ਼ਾਨਾ ਹੀ ਸਿਰ ਕਲਮ ਕੀਤਾ ਜਾਂਦਾ ਹੈ । ਇਹ ਕੋਈ ਘੱਟ ਮਹੱਤਵਪੂਰਨ ਨਹੀਂ ਕਿ ਉਨ੍ਹਾਂ ਵਿੱਚੋਂ ਹਰ ਕੋਈ ਸ਼ਾਂਤ ਚਿੱਤ ਹੋ ਕੇ ਆਪਣੀ ਹੋਣੀ ਦਾ ਸਾਹਮਣਾ ਕਰਦਾ ਹੈ । ਪਰ ਕਿਸੇ ਨੇ ਵੀ ਆਪਣਾ ਧਰਮ ਨਹੀਂ ਤਿਆਗਿਆ ਜੋ ਕਿ ਕੋਈ ਨਵਾਂ ਧਰਮ ਹੈ ….. । ਇਹ ਛੋਟਾ ਜਿਹਾ ਪੱਤਰ ਉਸ ਮੌਕੇ ਹੋਏ ਜ਼ੁਲਮ ਅਤੇ ਬੰਦਾ ਸਿੰਘ ਸਮੇਤ ਸਾਰੇ ਸਿੰਘਾਂ ਦੇ ਸਿਰੜ ਅਤੇ ਸਬਰ ਦੀ ਤਸਵੀਰ ਪੇਸ਼ ਕਰਦਾ ਹੈ (ਭਾਵੇਂ ਕਿ ਵੀਹ ਸਾਲਾਂ ਵਾਲੀ ਉਨ੍ਹਾਂ ਦੀ ਗੱਲ ਠੀਕ ਨਹੀਂ) । ਇਸ ਪੱਤਰ ਤੋਂ ਤਕਰੀਬਨ ਢਾਈ ਮਹੀਨੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਮਸੂਮ ਪੁੱਤਰ ਸਮੇਤ ਸਤਾਰਾਂ ਸਾਥੀ ਸਿੰਘਾਂ ਨੂੰ ਮਹਿਰੋਲੀ ਦੀ ਕਤਲਗਾਹ ਵਿਚ ਲਿਆ ਕੇ ਅਤਿਅੰਤ ਜ਼ਾਲਮਾਨਾ ਵਿਧੀ ਨਾਲ ਸ਼ਹੀਦ ਕੀਤਾ ਗਿਆ ਸੀ । ਜੋ ਸਭਨਾਂ ਦੇ ਚੇਤੇ ਵਿਚ ਹੈ ।
ਇਸ ਘਟਨਾ ਉਪਰੰਤ ਪੱਛਮੀਂ ਇਤਿਹਾਸਕਾਰਾਂ ਨੇ ਵੀ ਸਿੱਖ ਇਤਿਹਾਸ ਦੀ ਸੰਜੀਦਾ ਖੋਜ ਸ਼ੁਰੂ ਕੀਤੀ ਅਤੇ ਸਾਡੇ ਸਮਕਾਲੀ ਖੋਜਕਾਰਾਂ ਦੀਆਂ ਨਵੀਆਂ ਲੱਭਤਾਂ ਵੀ ਰਜਿਸਟਰ ਹੋ ਰਹੀਆਂ ਹਨ । ਕਿਸੇ ਕੌਮ ਨੂੰ ਆਪਣੇ ਇਤਿਹਾਸ ਦੀ ਤਸਵੀਰ ਜਿੰਨੀ ਸਪੱਸ਼ਟ ਹੁੰਦੀ ਹੈ ਓਨ੍ਹਾਂ ਹੀ ਉਹ ਆਪਣਾ ਭਵਿੱਖ ਨਕਸ਼ਾ ਸਾਰਥਕ ਬਣਾ ਸਕਦੇ ਹੁੰਦੇ ਹਨ । ਨਹੀਂ ਤਾਂ ਉਸ ਕੌਮ ਦਾ ਭਟਕਦੇ ਰਹਿਣਾ ਅਟੱਲ ਹੁੰਦਾ ਹੈ । ਜਿਹੜੀਆਂ ਕੌਮਾਂ ਨੂੰ ਪ੍ਰਾਪਤੀਆਂ ਤੇ ਸਫਲਤਾਵਾਂ ਹਾਸਲ ਕਰਨ ਵਿਚ ਦਿੱਕਤਾਂ ਆਉਂਦੀਆਂ ਹਨ ਉਹ ਆਪਣੇ ਇਤਿਹਾਸ ਬਾਰੇ ਅਸਪੱਸ਼ਟ ਹੁੰਦੀਆਂ ਹਨ ਜਾਂ ਉਨ੍ਹਾਂ ਨੇ ਆਪਣਾ ਇਤਿਹਾਸ ਤਰੋੜ-ਮਰੋੜ ਲਿਆ ਹੁੰਦਾ ਹੈ । ਇਤਿਹਾਸ ਵਿਗਾੜਨਾ ਭਵਿੱਖ ਦੇ ਪੈਰਾਂ ਤੇ ਕੁਹਾੜਾ ਮਾਰਨ ਸਮਾਨ ਹੈ । ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕ ਮਾਨਸਿਕਤਾ ਵੀ ਇਤਿਹਾਸ ਨੂੰ ਸੰਭਾਲ ਕੇ ਰੱਖਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਸੌਂਪਦੀ ਜਾਂਦੀ ਹੈ ਅਤੇ ਲਿਖਤ ਇਤਿਹਾਸ ਨੂੰ ਸੁਧਰਨ ਲਈ ਮਜਬੂਰ ਕਰ ਦਿੰਦੀ ਹੈ ।
ਬਾਬਾ ਬੰਦਾ ਸਿੰਘ ਬਹਾਦਰ ਦਾ ਨੰਦੇੜ ਤੋਂ ਸੇਹਰੀ ਖੰਡਾ ਤੱਕ, ਸੇਹਰੀ ਖੰਡਾ ਤੋਂ ਸਰਹੰਦ ਤੱਕ ਅਤੇ ਸਰਹੰਦ ਤੋਂ ਗੁਰਦਾਸ ਨੰਗਲ ਤੱਕ ਦੇ ਮਾਰਚ ਅਤੇ ਇਸ ਦਰਮਿਆਨ ਵਾਪਰੀਆਂ ਰਾਜਨੀਤਕ ਅਤੇ ਜਥੇਬੰਦਕ ਘਟਨਾਵਾਂ ਦੀ ਛਾਣਬੀਣ ਚੱਲ ਰਹੀ ਹੈ । ਅਸੀਂ ਇਸ ਦੇ ਦੋ ਪਹਿਲੂਆਂ ’ਤੇ ਸੀਮਤ ਰਹਾਂਗੇ । ਪਹਿਲਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਅਰਥ ਅਤੇ ਦੂਜਾ ਹੈ ਉਨ੍ਹਾਂ ਦੀਆਂ ਜਿੱਤਾਂ ਦਾ ਮਹੱਤਵ ।
ਸਰਹੰਦ ਫਤਹਿ ਬਾਰੇ ਹੁਣ ਤੱਕ ਅਸੀਂ ਸੁਣਦੇ ਆਏ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਦ ਖਾਨ ਦੀ ਹੱਤਿਆ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਸਰਹੰਦ ਦੀ ‘ਇੱਟ ਨਾਲ ਇੱਟ ਖੜਕਾ’ ਦਿੱਤੀ । ਇਹ ਵਿਚਾਰ ਜਨ ਸਾਧਾਰਨ ਦੀ ਮਾਨਸਿਕਤਾ ’ਤੇ ਭਾਰੂ ਚੱਲ ਰਿਹਾ ਹੈ । ਨਿਰਸੰਦੇਹ, ਬਾਬਾ ਬੰਦਾ ਸਿੰਘ ਨੇ ਇਕ ਬੇਕਿਰਕ ਜ਼ਾਲਮ ਅਤੇ ਹਤਿਆਰੇ ਨੂੰ ਮੈਦਾਨੇ ਜੰਗ ਵਿਚ ਮੌਤ ਦੀ ਸਜ਼ਾ ਦੇ ਕੇ ਇਨਸਾਫ ਦਾ ਇਕ ਬਹੁਤ ਵੱਡਾ ਕਾਰਨਾਮਾ ਕੀਤਾ ਸੀ । ਪ੍ਰੰਤੂ ਸਰਹੰਦ ਫਤਹਿ ਦੇ ਦੂਜੇ ਮਹਾਨ ਮਨੋਰਥ ਨੂੰ ਵੀ ਪੂਰਾ ਮਹੱਤਵ ਦੇਣ ਦੀ ਜ਼ਰੂਰਤ ਹੈ ਜੋ ਕਿ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਅਮਲ ਵਿਚ ਲਿਆਉਣ ਦਾ ਕਾਰਜ ਸੀ। ਅਥਵਾ ਸਾਂਝੀਵਾਲਤਾ ਅਤੇ ਮਾਨਵਤਾ ਵੱਲ ਵੱਡੀ ਪੁਲਾਂਘ ਸੀ। ਸਰਹੰਦ ਫਤਹਿ ਦੁਨੀਆਂ ਦੀ ਪਹਿਲੀ ਸਫਲ ਕਰਾਂਤੀ ਸੀ ਜਿਸ ਵਿਚ ਰਾਜ ਭਾਗ ਕਾਬੂ ਕਰਨ ਉਪਰੰਤ ਇਕ ਝਟਕੇ ਨਾਲ ਜਗੀਰਦਾਰੀ ਦਾ ਖਾਤਮਾ ਕਰ ਦਿੱਤਾ ਗਿਆ ਸੀ । ਇਹ ਦੁਨੀਆਂ ਵਿਚ ਪਹਿਲੀ ਵਾਰ ਹੋਇਆ ਸੀ ਜਦੋਂ ਹਲ ਵਾਹਕ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ । ਜਦੋਂ ਕਿ ਉਸ ਸਮੇਂ ਵੀ ਅਤੇ ਉਸ ਤੋਂ ਅਨੇਕ ਸਦੀਆਂ ਪਹਿਲਾਂ ਵੀ ਵਿਸ਼ਵ ਦੇ ਅਨੇਕ ਭਾਗਾਂ ਵਿਚ ਜਾਗੀਰਦਾਰੀ ਵਿਰੁੱਧ ਜੰਗ ਚੱਲਦੀ ਰਹੀ ਸੀ, ਪਰ ਸਫਲ ਕਿਤੇ ਨਹੀਂ ਸੀ ਹੋਈ । ਜਗੀਰਦਾਰੀ ਵਿਰੁੱਧ ਲੜਾਈ ਕਿੰਨੀ ਕੁ ਪੁਰਾਣੀ ਸੀ ਇਸ ਦਾ ਅੰਦਾਜ਼ਾ ਇਕ ਉਦਾਹਰਣ ਤੋਂ ਲੱਗ ਸਕਦਾ ਹੈ । ਸਮਾਜਵਾਦੀ ਫਲਸਫੇ ਦੇ ਜਨਮ ਦਾਤਾ ਕਾਰਲ ਮਾਰਕਸ ਦਾ ਜਵਾਈ ਪੌਲ ਲਫਾਰਗ ਲਿਖਦਾ ਹੈ ਕਿ ਮਾਰਕਸ ਨੇ ਆਪਣੀਆਂ ਧੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਰੋਮ ਦੇ ਦੋ ਜੱਜ ਭਰਾਵਾਂ, ਗਰਾਚੁਸ ਟਿਬਰੀਆ ਤੇ ਗਰਾਚੁਸ ਸਿਊਸ ’ਤੇ ਡਰਾਮਾ ਲਿਖੇਗਾ ਪਰ ਜ਼ਿੰਦਗੀ ਨੇ ਉਸਨੂੰ ਮੌਕਾ ਨਹੀਂ ਦਿੱਤਾ । ਕੌਣ੍ਹ ਸਨ ਇਹ ਦੋ ਜੱਜ ਭਰਾ ? ਗਰਾਚੁਸ ਭਰਾਵਾਂ ਨੇ ਆਪਣੀ ਉਮਰ ਇਸ ਲੜਾਈ ਦੇ ਲੇਖੇ ਲਾਈ ਸੀ ਕਿ ਜਗੀਰਦਾਰੀ ਪੈਦਾ ਹੀ ਨਾ ਹੋਵੇ । ਇਹ ਗੱਲ ਈਸਾ ਤੋਂ ਵੀ ਸਵਾ ਸਦੀ ਪਹਿਲਾਂ ਦੀ ਹੈ । ਇਸ ਤੋਂ ਇਸ ਜੰਗ ਦੇ ਪੁਰਾਣੇ ਹੋਣ ਦਾ ਪਤਾ ਲੱਗਦਾ ਹੈ । ਬਾਅਦ ਦੀਆਂ ਸਦੀਆਂ ਵਿਚ ਵਿਸ਼ਵ ਅੰਦਰ ਅਨੇਕ ਕਿਸਾਨ ਲਹਿਰਾਂ ਉੱਠੀਆਂ, ਕੁਝ ਅੱਗੇ ਵੀ ਵਧੀਆਂ ਪਰ ਜਗੀਰਦਾਰੀ ਖਤਮ ਨਹੀਂ ਕਰ ਸਕੀਆਂ । ਮੁਕੱਮਲ ਫਤਹਿ ਚੱਪੜਚਿੜੀ ਦੇ ਮੈਦਾਨ ਵਿਚ ਹੀ ਹੋਈ ਸੀ ਜਿਸ ਦੇ ਸਿੱਟੇ ਵਜੋਂ ਇਕ ਝਟਕੇ ਨਾਲ ਜਗੀਰਦਾਰੀ ਦਾ ਖਾਤਮਾ ਕਰ ਦਿੱਤਾ ਗਿਆ ਸੀ । ਇਹ ਦੁਨੀਆ ਦੀ ਪਹਿਲੀ ਸਫਲ ਕਰਾਂਤੀ ਸੀ ਜਦੋਂ ਮਿਹਨਤਕਸ਼ ਵਰਗ ਨੇ ਸ਼ੋਸ਼ਕ ਵਰਗ ਤੋਂ ਸੱਤਾ ਖੋਹ ਲਈ ਅਤੇ ਜ਼ਮੀਨਾਂ ਆਪਸ ਵਿਚ ਵੰਡ ਲਈਆਂ ਜਿਸਨੂੰ ਪੰਜਾਬ ਕਮਿਊਨ ਕਿਹਾ ਜਾ ਸਕਦਾ ਹੈ । ਪ੍ਰੰਤੂ ਇਸ ਕਮਿਊਨ ਦਾ ਅੰਤ ਕਰਨ ਵਿਚ ਉਨ੍ਹਾਂ ਨੇ ਵੀ ਸੁਚੇਤ ਹਿੱਸਾ ਪਾਇਆ ਜਿਹੜੇ ਉਂਝ ਤਾਂ ਸਾਂਝੀਵਾਲਤਾ ਨੂੰ ਪ੍ਰਣਾਏ ਹੋਣ ਦਾ ਦਮ ਭਰਦੇ ਸਨ ਪਰ ਉਨ੍ਹਾਂ ਦਾ ਚਰਿੱਤਰ ਸਾਮੰਤਸ਼ਾਹੀ ਵਾਲਾ ਸੀ । ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਆਰਥਕ ਧਰੁਵੀਕਰਨ ਦੇ ਅਧਾਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਪਣੇ ਹੀ ਜਰਨੈਲਾਂ ਨੂੰ ਵਫਾਦਾਰੀਆਂ ਬਦਲਦੇ ਹੋਏ ਦੇਖਿਆ ਜਾ ਸਕਦਾ ਹੈ । ਇਸ ਦੀਆਂ ਜੜ੍ਹਾਂ ਵਿਲੀਅਮ ਇਰਵਿਨ ਵਲੋਂ ਅੰਕਤ ਕੀਤੀ ਇਕ ਉਦਾਹਰਣ ਵਿੱਚੋਂ ਖੋਜੀਆਂ ਜਾ ਸਕਦੀਆਂ ਹਨ ।
ਵਿਲੀਅਮ ਇਰਵਿਨ ਲਿਖਦਾ ਹੈ ਕਿ ਭਾਰਤੀ ਸਮਾਜਿਕ ਮਿਆਰਾਂ ਅਨੁਸਾਰ ਜਿਹੜਾ ਵਿਅਕਤੀ ਸਭ ਤੋਂ ਨਿਚਲਾ ਮੰਨਿਆ ਗਿਆ ਹੈ, ਜਿਹੜਾ ਮਲ੍ਹ-ਮੂਤਰ ਚੁੱਕਣ ਦਾ ਕੰਮ ਕਰਦਾ ਹੈ, ਉਸਨੂੰ ਕੇਵਲ ਆਪਣੇ ਪਿੰਡ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਕੋਲ ਜਾਣਾ ਹੀ ਪੈਂਦਾ ਸੀ । ਫਿਰ ਜਦੋਂ ਉਹ ਕੁਝ ਸਮੇਂ ਬਾਅਦ ਆਪਣੇ ਪਿੰਡ ਜਾਂਦਾ ਸੀ ਤਾਂ ਉਸਦੇ ਹੱਥ ਵਿਚ ਆਪਣੇ ਦੇਸ਼ ਦੇ ਮਾਲਕ ਹੋਣ ਦਾ ਪ੍ਰਵਾਨਾ ਹੁੰਦਾ ਸੀ ਅਤੇ ਪਿੰਡ ਦੇ ਚੌਧਰੀ ਵੀ ਉਸਨੂੰ ਪਿੰਡ ਦੀ ਫਿਰਨੀ ਤੋਂ ਲੈਣ ਜਾਂਦੇ ਸਨ ਅਤੇ ਘਰ ਲਿਆਕੇ ਓਦੋਂ ਤੱਕ ਖੜ੍ਹੇ ਰਹਿੰਦੇ ਸਨ ਜਦੋਂ ਤੱਕ ਉਹ ਆਪ ਨਾ ਕਹੇ ਕਿ ਸ਼ੁਕਰੀਆ ਹੁਣ ਤੁਸੀਂ ਚਲੇ ਜਾਓ । ਇੱਥੇ ਉਸ ਚੌਧਰੀ ਦੀ ਮਨੋਦਸ਼ਾ ਦਾ ਵੀ ਅੰਦਾਜ਼ਾ ਲਾਉਣ ਵਿਚ ਦਿੱਕਤ ਨਹੀਂ ਹੋਣੀ ਚਾਹੀਦੀ, ਜਿਸਦਾ ਕਿ ਉਹ, ਬਾਬਾ ਬੰਦਾ ਸਿੰਘ ਬਹਾਦਰ ਕੋਲ ਜਾਣ ਤੋਂ ਪਹਿਲਾਂ, ਗੋਹਾ ਕੂੜਾ ਚੁੱਕਦਾ ਰਿਹਾ ਸੀ । ਸਦੀਆਂ ਤੋਂ ਚਲੀ ਆਉਂਦੀ ਸਮਾਜਿਕ ਵਿਵਸਥਾ ਆਪਣਾ ਰੰਗ ਦਿਖਾਉਂਦੀ ਹੀ ਹੈ । ਕੁਝ ਇਤਿਹਾਸਕਾਰ ਦੱਸਦੇ ਹਨ ਕਿ ਇਸ ਖਿੱਤੇ ਦੇ, ਸਾਰੇ ਧਰਮਾਂ ਨਾਲ ਸਬੰਧਤ, ਜਗੀਰਦਾਰਾਂ ਨੇ ਕਲਾਨੌਰ ਵਿਚ ਇਕੱਠ ਕਰਕੇ ਕਸਮਾਂ ਖਾਧੀਆਂ ਸਨ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਕੇ ਹੀ ਦਮ ਲੈਣਗੇ । ਇਸ ਵਿੱਚੋਂ ਬੰਦਾ ਸਿੰਘ ਬਹਾਦਰ ਦੀ ਕਰਾਂਤੀ ਨੂੰ ਪਿੱਠ ਦੇਣ ਦੇ ਕਾਰਨ ਵੀ ਸਮਝ ਪੈ ਜਾਂਦੇ ਹਨ । ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਉਸੇ ਹੀ ਕਲਾਨੌਰ ਵਿਚ ਇਕ ਬਹੁਤ ਵੱਡੇ ਇਕੱਠ ਸਮੇਂ ਪੰਜ ਹਜ਼ਾਰ ਮੁਸਲਮਾਨ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਭਰਤੀ ਹੋਏ ਸਨ । ਉਹ ਕਿਰਤੀ ਵਰਗ ਦੇ ਸਨ । ਇਸ ਕਰਾਂਤੀ ਦੀ ਸਫਲਤਾ ਅਤੇ ਅਸਫਲਤਾ ਨੂੰ ਵਰਗ ਵੰਡ ਅਤੇ ਸਮਾਜਿਕ ਊਚ-ਨੀਚ ਦੇ ਪ੍ਰਸੰਗ ਵਿਚ ਵੀ ਸਮਝਿਆ ਜਾ ਸਕਦਾ ਹੈ ।
ਇਸੇ ਤਰ੍ਹਾਂ ਜਦੋਂ ਅਸੀਂ ਇਸ ਮਹਾਨ ਕਰਾਂਤੀ ਦੀ ਸਫਲਤਾ ਬਾਰੇ ਗੱਲ ਕਰਦੇ ਹਾਂ ਤਾਂ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ, ਉਨ੍ਹਾਂ ਦੀਆਂ ਜਿੱਤਾਂ ਅਤੇ ਗੁਰੀਲਾ ਜੰਗ ਦੀ ਕਲਾ ਤੱਕ ਸੀਮਤ ਕਰ ਲੈਂਦੇ ਹਾਂ । ਅਸੀਂ ਮੰਨਕੇ ਚੱਲਦੇ ਹਾਂ ਕਿ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਚੱਲੇ ਅਤੇ ਸਿਹਰੀ ਖੰਡਾ ਤੋਂ ਜੇਤੂ ਮਾਰਚ ਕਰਦੇ ਹੋਏ ਸੋਨੀਪਤ, ਕੈਥਲ, ਸਮਾਣਾ, ਸਢੌਰਾ ਆਦਿ ਨੂੰ ਮਸਲ ਕੇ ਚੱਪੜ ਚਿੜੀ ਦੇ ਮੈਦਾਨ ਵਿਚ ਪਹੁੰਚੇ ਅਤੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ । ਨਿਰਸੰਦੇਹ ਇਹ ਵੀ ਲਾਮਿਸਾਲ ਕਾਰਨਾਮਾ ਸੀ ਅਤੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ, ਬੰਦਾ ਸਿੰਘ ਦੇ ਇਸ ਜੇਤੂ ਮਾਰਚ ਨੂੰ ਰੋਕ ਨਹੀਂ ਸਕਿਆ ਸੀ । ਹਾਲਾਂ ਕਿ ਸਿੱਖ ਰਾਜ ਦੀ ਨੀਂਹ ਸਮਾਣੇ ਦੀ ਜਿੱਤ ਸਮੇਂ ਹੀ ਰੱਖ ਦਿੱਤੀ ਗਈ ਸੀ । ਲੇਕਿਨ ਬਾਬਾ ਬੰਦਾ ਸਿੰਘ ਖੁਦ, ਇਸ ਜੰਗ ਦੇ ਮਹੱਤਵ ਨੂੰ ਉਸ ਪ੍ਰਕਾਰ ਨਹੀਂ ਲੈਂਦੇ ਜਿਸ ਪ੍ਰਕਾਰ ਪੇਸ਼ ਕਰ ਦਿੱਤਾ ਜਾਂਦਾ ਹੈ । ਬਾਬਾ ਬੰਦਾ ਸਿੰਘ ਨੇ ਇਸ ਜਿੱਤ ਦੇ ਮਹੱਤਵ ਦਾ ਐਲਾਨ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ ਤੋਂ ਕੀਤਾ ਸੀ ਜਦੋਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕਰ ਕੇ ਉਨ੍ਹਾਂ ਦੇ ਨਾਮ ਦੀ ਮੋਹਰ ਦਾ ਠੱਪਾ ਲਾਇਆ । ਅਥਵਾ ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਰਾਜ ਗੁਰੂ ਨਾਨਕ ਦੇ ਫਲਸਫੇ ਦਾ, ਗੁਰੂ ਗੋਬਿੰਦ ਸਿੰਘ ਜੀ ਦੀ ਯੋਜਨਾ ਅਨੁਸਾਰ ਸਥਾਪਤ ਹੋਇਆ ਰਾਜ ਹੈ । ਜਿਸਦਾ ਅਰਥ ਹੈ ਕਿ ਜਿਹੜੀ ਜੰਗ ਚੱਪੜ ਚਿੜੀ ਦੇ ਮੈਦਾਨ ਵਿਚ ਜਿੱਤੀ ਗਈ ਸੀ, ਉਸਦਾ ਬਿਗੁਲ ਸਵਾ ਦੋ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵਜਾਇਆ ਸੀ ਅਤੇ ਉਸ ਦੇ ਫਲਸਫੇ ਨੂੰ ਲਾਗੂ ਕਰਨ ਦਾ ਮੈਨੀਫੈਸਟੋ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਸੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਜਨ ਚੇਤਨਾ ਨੂੰ ਜਾਗਰਤ ਕਰਨ ਲਈ ਘਾਲਣਾ ਘਾਲੀ ਸੀ। ਦੁਨੀਆਂ ਭਰ ਦੇ ਵਿਦਵਾਨ ਇਸਨੂੰ ਏਸੇ ਤਰ੍ਹਾਂ ਸਮਝਦੇ ਹਨ। ਇੱਥੇ ਇਹ ਨੋਟ ਕਰਨਾ ਵੀ ਅਤੀ ਅਵੱਸ਼ਕ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵਿਸ਼ਵ ਦਾ ਇੱਕੋ-ਇਕ ਹਾਕਮ ਸੀ ਜਿਸਨੇ ਆਪਣੇ ਨਾਮ ਦਾ ਕੋਈ ਸਿੱਕਾ ਨਹੀਂ ਚਲਾਇਆ ਅਤੇ ਨਾ ਹੀ ਮੋਹਰ ਬਣਾਈ ।
ਡਾ. ਹਰੀ ਰਾਮ ਗੁਪਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦਾ ਬਾਨੀ ਦੱਸਦਿਆਂ ਹੋਇਆਂ ਇਹ ਕਹਿੰਦੇ ਹਨ ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਕ ਸਾਲ ਦੇ ਅੰਦਰ ਅੰਦਰ ਪੂਰਾ ਕਰ ਦਿੱਤਾ । ਇਸੇ ਤਰ੍ਹਾਂ ਇਕ ਹੋਰ ਚੋਟੀ ਦਾ ਅੰਗਰੇਜ਼ ਇਤਿਹਾਸਕਾਰ, ਜੇ. ਡੀ. ਕਨਿੰਘਮ ਹਮਦਰਦੀ ਭਰੇ ਪਛਤਾਵੇ ਨਾਲ ਕਹਿੰਦਾ ਹੈ ਕਿ ਸਿੱਖਾਂ ਦਾ ਆਖਰੀ ਗੁਰੂ ਆਪਣੇ ਉਦੇਸ਼ਾਂ ਨੂੰ ਪੂਰਾ ਹੁੰਦਾ ਦੇਖਣ ਲਈ ਜਿਊਂਦਾ ਨਾ ਰਹਿ ਸਕਿਆ । ਪਰ ਉਸਨੇ ਦੱਬੇ ਕੁਚਲੇ ਲੋਕਾਂ ਦੀ ਸੁੱਤੀ ਹੋਈ ਸ਼ਕਤੀ ਨੂੰ ਜ਼ਬਰਦਸਤ ਤਰੀਕੇ ਨਾਲ ਜਾਗਿ੍ਰਤ ਕਰ ਦਿੱਤਾ ਸੀ । ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਜਾਬਰ ਜਗੀਰੂ ਵਿਵਸਥਾ ਤੇ ਉਸ ਦੀ ਸੱਤਾ ਦਾ ਖਾਤਮਾ ਕਰਕੇ ਸਾਂਝੀਵਾਲਤਾ ਤੇ ਮਾਨਵਤਾ ਵਾਲੀ ਬਦਲਵੀਂ ਵਿਵਸਥਾ ਸਥਾਪਤ ਕਰਨਾ ਸੀ ਜਿੱਥੇ ਕਾਣੀ ਵੰਡ ਨਾ ਰਹੇ । ਜਿਸਨੂੰ ਕਈ ਵਿਦਵਾਨਾਂ ਨੇ ਧਰਮ ਦੀ ਰੱਖਿਆ ਲਈ ਸੰਘਰਸ਼ ਅਤੇ ਸ਼ਹਾਦਤ ਦਾ ਨਾਮ ਦਿੱਤਾ ਹੈ । ਇਨ੍ਹਾਂ ਉਦੇਸ਼ਾਂ ਦੇ ਨਿਖਰ ਜਾਣ ਨਾਲ ਅਸੀਂ ਧਰਮ ਦੀ ਪਰਿਭਾਸ਼ਾ ਬਾਰੇ ਬਹੁਤ ਸਾਰੇ ਭਰਮਾਂ ਤੋਂ ਮੁਕਤ ਹੋ ਜਾਵਾਂਗੇ । ਧਰਮ ਦੀ ਪਰਿਭਾਸ਼ਾ ਦਾ ਅਨਰਥ ਹੋਣ ਨਾਲ ਸੰਘਰਸ਼ ਅਤੇ ਸ਼ਹਾਦਤ ਦਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮਨੋਰਥ ਉੱਕਾ ਹੀ ਗਾਇਬ ਹੋ ਕੇ ਰਹਿ ਜਾਂਦਾ ਹੈ । ਸਿੱਖ ਧਰਮ ਨੇ ਸਾਂਝੀਵਾਲਤਾ ਨੂੰ ਆਪਣੇ ਏਜੰਡੇ ਤੇ ਰੱਖਿਆ ਜਿਹੜਾ ਕਿ ਪਹਿਲਾਂ ਕਿਸੇ ਧਰਮ ਦੇ ਏਜੰਡੇ ਤੇ ਨਹੀਂ ਸੀ । ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਦਿਸ਼ਾ ਵੱਲ ਲੰਬੀ ਛਲਾਂਗ ਲਾਈ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲੇ ਨਿਰਦੇਸ਼ ਨੂੰ ਅਮਲ ਵਿਚ ਲਿਆਂਦਾ । ਉਨ੍ਹਾਂ ਦਾ ਰਾਜ ਕੇਵਲ ਸਰਹੰਦ ਦੇ ਸੂਬੇ ਤੱਕ ਹੀ ਸੀਮਤ ਨਹੀਂ ਸੀ ਸਗੋਂ, ਜਿਵੇਂ ਕਿ ਪ੍ਰਸਿੱਧ ਇਤਿਹਾਸਕਾਰ ਡਾ. ਸ਼ਵਿੰਦਰ ਸਿੰਘ ਲਿਖਦੇ ਹਨ, ਜਮਨਾ ਤੋਂ ਰਾਵੀ ਤੱਕ ਫੈਲਿਆ ਹੋਇਆ ਸੀ । ਉਹ ਅੰਕਤ ਕਰਦੇ ਹਨ ਕਿ ਪੰਜਾਬ ਆਜ਼ਾਦ ਕਿਸਾਨੀ ਦਾ ਠਾਠਾਂ ਮਾਰਦਾ ਹੋਇਆ ਸਮੁੰਦਰ ਬਣ ਗਿਆ ਸੀ । ਮੁਗਲ ਰਾਜ ਕੋਲ ਸਿਰਫ ਦੋ ਛੋਟ-ਛੋਟੇ ਟਾਪੂ ਰਹਿ ਗਏ ਸਨ, ਇਕ ਲਾਹੌਰ ਤੇ ਦੂਜਾ ਅਫਗਾਨ ਕਸਬਾ ਕਸੂਰ । ਜਮਨਾ ਤੋਂ ਲੈ ਕੇ ਰਾਵੀ ਤੱਕ ਜੇ ਕਿਸੇ ਵਿਅਕਤੀ ਦਾ ਬੋਲਬਾਲਾ ਸੀ ਤਾਂ ਉਹ ਸਿਰਫ ਬੰਦਾ ਸੀ ਅਤੇ ਜਿਸ ਸ਼ਕਤੀ ਦਾ ਸਤਿਕਾਰ ਸੀ ਉਹ ਕੇਵਲ ਕਿਸਾਨਾਂ ਦੀ ਫੌਜ ਸੀ । ਇਸੇ ਪ੍ਰਕਾਰ ਦਾ ਦਾਅਵਾ ਮੈਕਲਿਊਡ ਕਰਦਾ ਹੈ ਕਿ ਗੁਰੂ ਜੀ ਦੀ ਮੌਤ ਤੋਂ ਤੁਰੰਤ ਬਾਅਦ ਪੰਜਾਬ ’ਚ ਇਕ ਕਿਸਾਨੀ ਵਿਦਰੋਹ ਉੱਠਿਆ ਜਿਸ ਦੀ ਅਗਵਾਈ ਗੁਰੂ ਜੀ ਦੇ ਪੈਰੋਕਾਰ ‘ਬੰਦਾ’ ਨੇ ਕੀਤੀ । ਇਸ ਵਿਦਰੋਹ ਦੌਰਾਨ ਇਕ ਸਮੇਂ ’ਤੇ ਸਾਰੇ ਪੰਜਾਬ ਵਿਚ ਮੁਗਲ ਹਕੂਮਤ ਦੀ ਚੌਧਰ ਖਤਮ ਹੋ ਗਈ ਸੀ । ਕਨਿੰਘਮ ਇਸ ਦੀ ਤਸਦੀਕ ਕਰਦਾ ਹੋਇਆ ਕਹਿੰਦਾ ਹੈ ਕਿ ਬੰਦੇ ਨੇ ਉੱਤਰ ਦੀਆਂ ਪਹਾੜੀਆਂ ਵਿਚ ਜੰਮੂ ਲਾਗੇ ਆਪਣੇ ਆਪ ਨੂੰ ਸਥਾਪਤ ਕਰ ਲਿਆ ਸੀ । ਉਸ ਸਮੇਂ ਪੰਜਾਬ ਦਾ ਵੱਡਾ ਹਿੱਸਾ ਉਸਨੂੰ ਲਗਾਨ ਭਰਦਾ ਸੀ । ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਿੱਖ ਸਲਤਨਤ ਉਸ ਸਮੇਂ ਦੀ ਅਟੱਲ ਹੋਣੀ ਸੀ ਜੋ ਸਿਰਲੱਥ ਸੰਘਰਸ਼ ਨਾਲ ਹੋਂਦ ਵਿਚ ਆਈ ਸੀ ।
ਅਰਨਲਡ ਟੋਇੰਬੀ, ਜਿਸਨੇ ਵਿਸ਼ਵ ਦੀਆਂ ਦੋ ਦਰਜਨ ਤੋਂ ਵਧੇਰੇ ਸਭਿਅਤਾਵਾਂ ਦਾ ਅਧਿਅਨ ਕਰਨ ਉਪਰੰਤ ਕਈ ਧਾਰਨਾਵਾਂ ਸਥਾਪਤ ਕੀਤੀਆਂ ਸਨ, ਪੁੱਛਦਾ ਹੈ ਕਿ ਸਾਰੇ ਹਿੰਦੋਸਤਾਨ ਨੂੰ ਪ੍ਰਭਾਵ ਹੇਠ ਲੈਣ ਦੀਆਂ ਸੰਭਾਨਾਵਾਂ ਸਿੱਖਇਜ਼ਮ ਦੇ ਹੱਥੋਂ ਕਿਉਂ ਖੁੰਝ ਗਈਆਂ? ਉਸਦਾ ਮੰਨਣਾ ਹੈ ਕਿ ਜਿਵੇਂ ਚੀਨ ਵਿਚਲੇ ਮੁਸਲਮਾਨਾਂ ਉੱਪਰ ਕੀਤੇ, ਮੰਗੋਲਾਂ ਦੇ ਜ਼ੁਲਮਾਂ ਨੇ ਚੀਨ ਵਿਚ ਇਸਲਾਮ ਦੇ ਪੈਰ ਤਾਂ ਪੱਕੀ ਤਰ੍ਹਾਂ ਲੁਆ ਦਿੱਤੇ ਪਰ ਇਸਲਾਮ ਉਸ ਖਿੱਤੇ ਦੀ ਪ੍ਰਮੁੱਖ ਵਸੋਂ ਦਾ ਧਰਮ ਬਣ ਸਕਣ ਦਾ ਮੌਕਾ ਨਾ ਸੰਭਾਲ ਸਕਿਆ । ਉਸੇ ਤਰ੍ਹਾਂ ਭਾਰਤ ਵਿਚ ਸਿੱਖਇਜ਼ਮ ਨਾਲ ਵਾਪਰਿਆ ਜਿਹੜਾ ਕਿ ਹਿੰਦੂ ਯੂਨੀਵਰਸਲ ਧਰਮ ਵਿੱਚੋਂ ਉੱਠਕੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕਰਦਾ ਹੋਇਆ ਇਕ ਜੁਝਾਰੂ ਰਾਜਨੀਤਕ ਸ਼ਕਤੀ ਵਜੋਂ ਉਭਰਿਆ ਸੀ। ਅਰਨਲਡ ਟੋਇੰਬੀ ਨੇ ਇਸ ਪ੍ਰਸ਼ਨ ਦਾ ਉੱਤਰ ਖੁਦ ਨਹੀਂ ਦਿੱਤਾ, ਸਾਡੇ ਲਈ ਛੱਡਿਆ ਹੈ। ਸਿੱਖਇਜ਼ਮ ਦੇ “ਜਾਮ ਹੋਣ” ਦੇ ਕਾਰਨ ਸ਼ਾਇਦ ਉਸੇ ਹੀ ਸਰਦਖਾਨੇ ਵਿਚ ਪਏ ਹਨ ਜਿੱਥੇ ਬਾਬਾ ਬੰਦਾ ਸਿੰਘ ਵੱਲੋਂ ਸਾਂਝੀਵਾਲਤਾ ਲਈ ਅਰੰਭੇ ਕੰਮ ਬੰਦ ਕਰ ਦਿੱਤੇ ਗਏ ਸਨ। ਐਮ ਐਸ ਚਾਂਦਲਾ ਅਨੁਸਾਰ ਡਬਲਯੂ. ਐਚ. ਮੈਕਲਿਊਡ ਮਹਿਸੂਸ ਕਰਦਾ ਹੈ ਕਿ ਪੰਥ ਦੀ ਮੁੱਖ ਦਿਲਚਸਪੀ ਸੰਗਤ ਦੀ ਬਜਾਏ ਪਹਿਲਾਂ ਜੱਥਿਆਂ ਵਿਚ ਅਤੇ ਫੇਰ ਮਿਸਲਾਂ ਵਿਚ ਰਹੀ ਆਦਿ। ਜਦੋਂ ਕਿ ਗੁਰੂ ਸਾਹਿਬ ਨੇ ਸੰਗਤ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਹੈ । ਮਾਨਵ ਕਲਿਆਣ ਲਈ, ਕਿਰਤ ਕਮਾਈ ਕਰਨ ਵਾਲੇ ਸੰਘਰਸ਼ਸ਼ੀਲ ਲੋਕ ਹੀ ਸੰਗਤ ਹਨ ਜਿਨ੍ਹਾਂ ਵਿੱਚੋਂ ਮਲਕ ਭਾਗੋਆਂ ਅਤੇ ਬਲੀ ਕੰਧਾਰੀਆਂ ਨੂੰ ਬਾਹਰ ਰੱਖਿਆ ਹੋਇਆ ਹੈ।
ਹੁਣ ਜਦੋਂ ਮਾਨਵਤਾ ਸ਼ੋਸ਼ਣ ਅਤੇ ਜਬਰ ਨਾਲ ਨਪੀੜੀ ਪਈ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਤਿੰਨ ਸੌ ਪੰਜਾਹਵਾਂ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਸੰਗਤ ਨੂੰ ਗੁਰੂ ਸਾਹਿਬ ਦੇ ਫਲਸਫੇ ਅਤੇ ਬਾਬਾ ਬੰਦਾ ਸਿੰਘ ਦੇ ਕਾਰਨਾਮਿਆਂ ਤੋਂ ਸੇਧ ਲੈ ਕੇ ਕਿਰਿਆਸ਼ੀਲ ਹੋਣ ਦੀ ਲੋੜ ਹੈ।