Now Reading
‘ਬਰਗਾੜੀ ਮੋਰਚਾ’ ਅਤੇ ਖੱਬੀਆਂ ਸ਼ਕਤੀਆਂ ਦਾ ਫਰਜ਼

‘ਬਰਗਾੜੀ ਮੋਰਚਾ’ ਅਤੇ ਖੱਬੀਆਂ ਸ਼ਕਤੀਆਂ ਦਾ ਫਰਜ਼

ਮੰਗਤ ਰਾਮ ਪਾਸਲਾ

‘ਬਰਗਾੜੀ ਮੋਰਚਾ’ ਪੰਜਾਬ ਦੇ ਰਾਜਨੀਤਕ ਤੇ ਸਮਾਜਿਕ ਖੇਤਰਾਂ ਵਿਚ ਅੱਜਕਲ ਦੰਦ ਕਥਾ ਦਾ ਮੁੱਦਾ ਬਣਿਆ ਹੋਇਆ ਹੈ। ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਕੁਝ ਸ਼ਰਾਰਤੀ ਲੋਕਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕੀਤੀਆਂ ਗਈਆਂ ਘਿਨਾਉਣੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਕੋਟਕਪੂਰੇ ਤੇ ਬਹਿਬਲ ਕਲਾਂ ਵਿਖੇ ਰੋਸ ਵਜੋਂ ਧਰਨੇ ਉਪਰ ਬੈਠੇ ਲੋਕਾਂ ’ਤੇ ਪੁਲਸ ਦੀ ਗੋਲੀਬਾਰੀ ਨਾਲ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਰਾਜਨੀਤਕ ਆਗੂਆਂ ਤੇ ਪੁਲਸ ਅਫਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਕੁਝ ਸਿੱਖ ਸੰਗਠਨਾਂ, ਧਾਰਮਿਕ ਆਗੂਆਂ ਤੇ ਰਾਜਸੀ ਦਲਾਂ ਵਲੋਂ ਇਹ ਮੋਰਚਾ ਸ਼ੁਰੂ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖਾਂ ਦੇ ਮਨਾਂ ਅੰਦਰ ਅਥਾਹ ਸ਼ਰਧਾ ਹੈ ਤੇ ਉਹ ਕਿਸੇ ਵਲੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੀਤੀ ਜਾਣ ਵਾਲੀ ਬੇਅਦਬੀ ਦੀ ਘਟਨਾ ਨੂੰ ਬਰਦਾਸ਼ਤ ਨਹੀਂ ਕਰਦੇ। ਅਜਿਹੀਆਂ ਅਫਸੋਸਨਾਕ ਘਟਨਾਵਾਂ ਕਾਂਗਰਸ ਸਰਕਾਰ ਸਮੇਂ ਅੱਜ ਵੀ ਹੋ ਰਹੀਆਂ ਹਨ। ਜਦੋਂ ਪੰਜਾਬ ਦੀ ਕਾਂਗਰਸੀ ਸਰਕਾਰ ਵਲੋਂ ਉਪਰੋਕਤ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਵਾਸਤੇ ਗਠਿਤ ਕੀਤੇ ਗਏ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਈ, ਜਿਸ ਵਿਚ ਅਕਾਲੀ ਦਲ-ਭਾਜਪਾ ਸਰਕਾਰ ਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਕਈ ਆਗੂਆਂ ਤੇ ਪੁਲਸ ਅਧਿਕਾਰੀਆਂ ਦੀ ਭੂਮਿਕਾ ਉਪਰ ਉਂਗਲ ਧਰੀ ਗਈ ਹੈ, ਤਦ ਬਰਗਾੜੀ ਮੋਰਚੇ ਨੂੰ ਹੋਰ ਸਿੱਖਾਂ ਤੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਵੀ ਹਮਾਇਤ ਮਿਲ ਗਈ। ‘ਆਪ’ ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ‘ਆਪ’ ਦੇ ਬਾਗੀ ਧੜੇ ਨੂੰ ਅਤੇ ਕਈ ਹੋਰ ਰਾਜਨੀਤਕ ਆਗੂਆਂ ਨੂੰ , ਜੋ ਇਸਤੋਂ ਪਹਿਲਾਂ ਪੰਜਾਬ ਦੇ ਰਾਜਨੀਤਕ ਨਕਸ਼ੇ ਤੋਂ ਗੈਰ ਪ੍ਰਸੰਗਕ ਹੁੰਦੇ ਜਾ ਰਹੇ ਸਨ, ਬਰਗਾੜੀ ਮੋਰਚੇ ਦੇ ਰੂਪ ਵਿਚ ਅਕਾਲੀ ਦਲ (ਬਾਦਲ) ਵਿਰੁੱਧ ਇਕ ਰਾਜਸੀ ਹਥਿਆਰ ਪ੍ਰਾਪਤ ਹੋ ਗਿਆ। ਬਹੁਤ ਸਾਰੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਤੇ ਵਿਅਕਤੀਆਂ ਲਈ ਵੀ ਆਪਣੇ ਧਾਰਮਿਕ ਤੇ ਰਾਜਸੀ ਮਕਸਦਾਂ ਨੂੰ ਅੱਗੇ ਤੋਰਨ ਲਈ ‘‘ਬਰਗਾੜੀ ਮੋਰਚਾ’’ ਇਕ ਵਰਦਾਨ ਬਣਕੇ ਸਾਹਮਣੇ ਆਇਆ। ਜਿਹੜੇ ਲੋਕ ਪੰਜਾਬ ਵਿਚਲੇ ਅੱਤਵਾਦੀ ਦੌਰ ਦੇ ਡਰਾਉਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਜੇ ਵੀ ਕਿਸੇ ਮੌਕੇ ਦੀ ਤਲਾਸ਼ ਵਿਚ ਸਨ, ਉਨ੍ਹਾਂ ਨੂੰ ਵੀ ਇਕ ਵਾਰ ਫੇਰ ਸਿੱਖਾਂ ਅੰਦਰ ਗਰਮ ਨਾਅਰੇ ਮਾਰ ਕੇ ਵੱਖਰੇ ਸਿੱਖ ਰਾਜ ਦੀ ਮੰਗ ਨੂੰ ਮੁੜ ਸੁਰਜੀਤ ਕਰਨ ਤੇ ਆਪਣੇ ਆਪ ਨੂੰ ਸਿੱਖਾਂ ਦੇ ਜੁਝਾਰੂ ਵਿਰਸੇ ਦੇ ਵਾਰਸ ਹੋਣ ਦੀ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਨਸੀਬ ਹੋ ਗਿਆ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੂਰੇ ਦਸ ਸਾਲ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਣ ਤੇ ਕੁੱਟਣ ਦਾ ਨਵਾਂ ਰਿਕਾਰਡ ਕਾਇਮ ਕੀਤਾ। ਸੱਤਾ ਦੀ ਕੁਰਸੀ ਉਪਰ ਬੈਠ ਕੇ ਇਸ ਸਰਕਾਰ ਨੇ ਲੋਕਾਂ ਨੂੰ ਯੋਗ ਵਿਦਿਅਕ ਤੇ ਸਿਹਤ ਸਹੂਲਤਾਂ, ਰੁਜ਼ਗਾਰ, ਕਰਜ਼ਾ ਮੁਆਫੀ ਤੇ ਭਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਸਾਰੇ ਵਾਅਦੇ ਹੀ ਨਹੀਂ ਵਿਸਾਰੇ, ਬਲਕਿ ਲੋਕਾਂ ਦੀ ਕਿਰਤ ਕਮਾਈ ਤੇ ਸਰਕਾਰੀ ਖਜ਼ਾਨੇ ਨੂੰ ਦੋਨਾਂ ਹੱਥਾਂ ਨਾਲ ਲੁੱਟ ਕੇ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਐਸ਼ੋ ਇਸ਼ਰਤ ਲਈ ਪੈਸੇ ਦਾ ਜੁਗਾੜ ਹੋਰ ਮਜ਼ਬੂਤ ਕਰ ਲਿਆ। ਇਸ ਤੋਂ ਬਿਨਾਂ ਬਾਦਲ ਸਰਕਾਰ ਨੇ ਸਿੱਖ ਧਰਮ ਨਾਲ ਸਬੰਧਤ ਲਗਭਗ ਸਾਰੀਆਂ ਸੰਸਥਾਵਾਂ ਤੇ ਧਾਰਮਿਕ ਪ੍ਰੰਪਰਾਵਾਂ ਦਾ ਵੀ ਆਪਣੇ ਨਿੱਜੀ, ਰਾਜਸੀ ਤੇ ਆਰਥਿਕ ਹਿਤਾਂ ਦੀ ਪੂਰਤੀ ਲਈ ਨਾਜਾਇਜ਼ ਇਸਤੇਮਾਲ ਕਰਕੇ ਬੁਰੀ ਤਰ੍ਹਾਂ ਘਾਣ ਕੀਤਾ। ਇਨ੍ਹਾਂ ਕਾਰਨਾਂ ਕਰਕੇ ਪਿਛਲੀਆਂ ਪੰਜਾਬ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਹ ਗਠਜੋੜ ਪੰਜਾਬ ਅਸੈਂਬਲੀ ਵਿਚ ਕਾਂਗਰਸ ਤੇ ‘ਆਪ’ ਤੋਂ ਬਾਅਦ ਤੀਸਰੇ ਨੰਬਰ ਉਪਰ ਖਿਸਕ ਗਿਆ। ਬਰਗਾੜੀ ਮੋਰਚੇ ’ਚ ਆਮ ਲੋਕਾਂ ਖਾਸਕਰ ਸਿੱਖ ਜਨਸਮੂਹਾਂ ਦੀ ਭਾਰੀ ਸ਼ਮੂਲੀਅਤ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ਦੇ ਨਾਲ ਨਾਲ ਅਕਾਲੀ ਦਲ (ਬਾਦਲ) ਤੇ ਬਾਦਲ-ਪਰਿਵਾਰ ਪ੍ਰਤੀ ਪੈਦਾ ਹੋਈ ਨਫਰਤ ਦਾ ਵੀ ਪ੍ਰਤੀਕ ਹੈ। ਪੰਜਾਬ ਵਾਸੀਆਂ ਅਤੇ ਸਿੱਖਾਂ ਦੇ ਹਿੱਤ ਮੰਗ ਕਰਦੇ ਹਨ ਕਿ ਰਾਜਨੀਤਕ ਖੇਤਰ ਅੰਦਰ ਅਕਾਲੀ ਦਲ (ਬਾਦਲ) ਤੇ ਭਾਜਪਾ ਨੂੰ ਆਮ ਲੋਕਾਂ ਵਿਚੋਂ ਪੂਰੀ ਤਰ੍ਹਾਂ ਨਿਖੇੜਿਆ ਜਾਵੇ। ਇਨ੍ਹਾਂ ਪਾਰਟੀਆਂ ਕੋਲੋਂ ਨਾ ਪਹਿਲਾਂ ਤੇ ਨਾ ਹੀ ਭਵਿੱਖ ਵਿਚ ਪੰਜਾਬ ਦੇ ਲੋਕਾਂ ਅਤੇ ਸਮੂਹ ਕਿਰਤੀ-ਕਿਸਾਨਾਂ ਦੇ ਭਲੇ ਦੀ ਕੋਈ ਆਸ ਕੀਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਬਾਦਲ ਨੇ ਤਾਂ ਸਿੱਖ ਤੇ ਹੋਰ ਧਾਰਮਿਕ ਘੱਟ ਗਿਣਤੀਆਂ, ਪੰਜਾਬ ਨਾਲ ਹੋਏ ਧੱਕਿਆਂ ਵਿਰੁੱਧ ਆਵਾਜ਼ ਉਠਾਉਣ ਤੇ ਦੇਸ਼ ਦੇ ਫੈਡਰਲ ਢਾਂਚੇ ਦੇ ਹਮਾਇਤੀ ਹੋਣ ਵਾਲੇ ਰਾਜਸੀ ਦਲ ਵਜੋਂ ਆਪਣੀ ਦਾਅਵੇਦਾਰੀ ਦਾ ਹੱਕ ਹੀ ਗੁਆ ਲਿਆ ਹੈ।
ਇਸਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਕਾਂਗਰਸ¿; ਪਾਰਟੀ, ਜਿਸਨੇ ਅਸੈਂਬਲੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਹਨ ਤੇ ਹਰ ਰੋਜ਼ ਲੋਕਾਂ ਸਿਰ ਨਵਾਂ ਆਰਥਿਕ ਬੋਝ ਲੱਦ ਰਹੀ ਹੈ, ਵਿਰੁੱਧ ਵੀ ਇਕ ਲੋਕ ਪੱਖੀ ਰਾਜਨੀਤਕ ਲਹਿਰ ਖੜ੍ਹੀ ਕੀਤੀ ਜਾਵੇ। ਕਾਂਗਰਸ ਸਰਕਾਰ ਨੇ ਨਸ਼ਾਖੋਰੀ ਨੂੰ ਕਾਬੂ ਕਰਨ, ਖੇਤੀ ਸੰਕਟ ਦਾ ਹੱਲ ਲੱਭਣ, ਬੇਘਰਿਆਂ ਨੂੰ ਪਲਾਟ ਦੇਣ ਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦਿਆਂ ਨੂੰ ਤਿਲਾਂਜਲੀ ਦੇ ਕੇ ਇਕ ਬਹੁਤ ਹੀ ਗਲਤ, ਮੁਜ਼ਰਮਾਨਾ ਤੇ ਦਬਾਊ ਪਹੁੰਚ ਵਾਲਾ ਨਾ ਮੁਆਫ਼ ਕਰਨ ਯੋਗ ਅਪਰਾਧ ਕੀਤਾ ਹੈ। ਇਸ ਸਰਕਾਰ ਨੇ ਆਪਣੇ ਲੋਕ ਵਿਰੋਧੀ ਚਿਹਰੇ ਨੂੰ ਕੱਜਣ ਤੇ ਲੋਕਾਂ ਦੇ ਸੰਭਾਵਿਤ ਗੁੱਸੇ ਨੂੰ ਠੱਲ੍ਹਣ ਵਾਸਤੇ ਅਕਾਲੀ ਦਲ (ਬਾਦਲ) ਨੂੰ ਧਾਰਮਿਕ ਮੁੱਦਿਆਂ ਉਪਰ ਘੇਰਨ ਤੇ ਪਛਾੜਨ ਦੀ ਖਤਰਨਾਕ ਖੇਡ ਖੇਡਣੀ ਸ਼ਰੂ ਕੀਤੀ ਹੋਈ ਹੈ। ਬਰਗਾੜੀ ਮੋਰਚੇ ਨੂੰ ਦਿੱਤੀ ਸਿੱਧੀ ਤੇ ਅਸਿੱਧੀ ਹਮਇਤ ਕਾਂਗਰਸ ਦੀ ਇਸੇ ਖੇਡ ਦਾ ਹਿੱਸਾ ਹੈ। ਸੂਬੇ ਅੰਦਰ ਅਜਿਹੀ ਖੇਡ ਮਰਹੂਮ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਸੱਤਰਵਿਆਂ ਅੰਦਰ ਵੀ ਖੇਡ ਚੁੱਕੀ ਹੈ, ਜਿਸ ਵਿਚ ਲੋਕਾਂ ਦੀਆਂ ਨਿਗਾਹਾਂ ਅੰਦਰ ਕਾਂਗਰਸ ਪਾਰਟੀ ਵਲੋਂ ਆਪਣੇ ਆਪ ਨੂੰ ਅਕਾਲੀ ਦਲ ਦੇ ਮੁਕਾਬਲੇ ਧਾਰਮਿਕ ਪੱਖੋਂ ਵੱਡੀ ਸਿੱਖ ਹਿਤੈਸ਼ੀ ਸਿੱਧ ਕਰਨ ਦੀ ਲਾਲਸਾ ਝਲਕਦੀ ਸੀ। ਇਨ੍ਹਾਂ ਖਤਰਨਾਕ ਚਾਲਾਂ ਦਾ ਭੁਗਤਾਨ ਹੀ ਖਾਲਿਸਤਾਨੀ ਦਹਿਸ਼ਤਗਰਦੀ ਦੇ ਰੂਪ ਵਿਚ ਸਮੁੱਚੇ ਦੇਸ਼ ਤੇ ਪੰਜਾਬ ਨੂੰ ਦੋ ਦਹਾਕਿਆਂ ਤੱਕ ਕਰਨਾ ਪਿਆ। ਇਸ ਦੁਖਾਂਤ ਨੂੰ ਅਜੇ ਤੱਕ ਵੀ ਪੰਜਾਬ ਦੇ ਲੋਕ ਤੇ ਖਾਸਕਰ ਸਿੱਖ ਜਨਸਮੂਹ, ਨਹੀਂ ਭੁੱਲ ਸਕੇ। ਹੁਣ ਵੀ ਕਾਂਗਰਸ ਪਾਰਟੀ ਦੀ ਬਰਗਾੜੀ ਮੋਰਚੇ ਦੇ ਰੂਪ ਵਿਚ ਖੇਡੀ ਜਾ ਰਹੀ ਖੇਡ ਅੱਗ ਨਾਲ ਖੇਡਣ ਦੇ ਸਮਾਨ ਹੈ।
ਬਿਨਾਂ ਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੀ ਨਿੰਦਣਯੋਗ ਹਨ ਤੇ ਬਿਨਾ ਦੇਰੀ ਦੇ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ। ਪੰ੍ਰਤੂ ਇਸ ਮੁੱਦੇ ਨੂੰ ਰਾਜਨੀਤਕ ਪਿੜ ਦੀ ਸਰਦਾਰੀ ਹਾਸਲ ਕਰਨ ਤੱਕ ਉਭਾਰ ਕੇ ਉਨ੍ਹਾਂ ਸਿੱਖ ਆਗੂਆਂ ਤੇ ਸੰਗਠਨਾਂ, ਜਿਹਨਾਂ ਦਾ ਪਿਛੋਕੜ ਵੱਖਵਾਦੀ ਤੇ ਸ਼ੱਕੀ ਹੈ, ਨੂੰ ਲੋਕਾਂ ਅੰਦਰ ਇਕ ਸਤਿਕਾਰਤ ਜਗ੍ਹਾ ਉਪਲੱਬਧ ਕਰਾਉਣਾ ਬਹੁਤ ਹੀ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਇਹ ਬਹੁਤ ਸਾਰੇ ਨਵੇਂ ਖਤਰਿਆਂ ਨੂੰ ਸਹੇੜਨ ਦਾ ਸਬੱਬ ਵੀ ਬਣ ਸਕਦਾ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਧੀਨ ਕੀਤੇ ਜਾਂਦੇ ਜਨਤਕ ਇਕੱਠਾਂ ਨੂੰ ਭੜਕਾਊ ਤੇ ਵੱਖਵਾਦੀ ਨਾਅਰਿਆਂ ਰਾਹੀਂ ਇਕ ਰਾਜਸੀ ਮੰਚ ਵਜੋਂ ਉਭਾਰਨਾ ਪੰਜਾਬ ਦੇ ਤੇ ਸਿੱਖਾਂ ਦੇ ਹਿਤਾਂ ਵਿਚ ਕਦਾਚਿੱਤ ਨਹੀਂ ਹੋ ਸਕਦਾ। ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨਾ ਪਹਿਲਾਂ ਵਾਂਗ ਹੀ ਭਿਆਨਕ ਨਤੀਜੇ ਕੱਢੇਗਾ।
ਜਦੋਂ ਦੇਸ਼ ਤੇ ਪੰਜਾਬ ਦੇ ਲੋਕ ਭਾਜਪਾ ਤੇ ਸੰਘ ਦੀ ਅਗਵਾਈ ਵਿਚ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨੂੰ ਠੱਲਣ ਲਈ ਕਮਰਕੱਸੇ ਕਰ ਰਹੇ ਹਨ ਤੇ ਆਪਣੇ ਜੀਵਨ ਨਾਲ ਸੰਬੰਧਤ ਗਰੀਬੀ, ਮਹਿੰਗਾਈ, ਬੇਕਾਰੀ, ਕੁਪੋਸ਼ਣ, ਅਨਪੜ੍ਹਤਾ, ਸਮਾਜਿਕ ਜਬਰ, ਕਰਜ਼ਿਆਂ ਦਾ ਭਾਰ, ਪੁਲਸ ਜਬਰ ਤੇ ਭਰਿਸ਼ਟਾਚਾਰ ਵਰਗੇ ਸਾਰਥਕ ਮੁੱਦਿਆਂ ਦੁਆਲੇ ਇਕਜੁਟ ਹੋ ਰਹੇ ਹਨ ਤੇ ਸੰਘਰਸ਼ਾਂ ਦਾ ਪਿੜ ਮੱਲ ਰਹੇ ਹਨ, ਉਸ ਸਮੇਂ ਧਾਰਮਿਕ ਆਸਥਾ ਦੇ ਨਾਂਅ ’ਤੇ ਲੋਕਾਂ ਨੂੰ ਇਕ ਵੰਡਵਾਦੀ ਤੇ ਫਿਰਕੂ ਉਤੇਜਨਾ ਪੈਦਾ ਕਰਨ ਵਾਲੀ ਰਾਜਨੀਤੀ ਵੱਲ ਖਿੱਚਣਾ ਬਹੁਤ ਹੀ ਮੰਦਭਾਗਾ ਤੇ ਚਿੰਤਾਜਨਕ ਹੈ। ਅਜਿਹੀਆਂ ਲਹਿਰਾਂ ਦਾ ਅਸਲ ਮਨੋਰਥ ਲੁੱਟੇ ਪੁੱਟੇ ਜਾ ਰਹੇ ਕਿਰਤੀ-ਕਿਸਾਨਾਂ ਦੇ ਇਕਜੁਟ ਹੋ ਕੇ ਬਰਾਬਰੀ ਤੇ ਲੁੱਟ ਰਹਿਤ ਸਮਾਜ ਦੀ ਸਥਾਪਨਾ ਵੱਲ ਸੇਧਤ ਹੋ ਕੇ ਲੜੇ ਜਾ ਰਹੇ¿; ਸੰਘਰਸ਼ ਨੂੰ ਕਮਜ਼ੋਰ ਕਰਨਾ ਹੁੰਦਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਚਿਤ ਬਾਣੀ, ਜਿਸ ਵਿਚ ਜਾਤਪਾਤ ਦੇ ਖਾਤਮੇਂ, ਅਮੀਰ ਗਰੀਬ ਦੀ ਜੰਗ ਵਿਚ ਗਰੀਬਾਂ ਨਾਲ ਖੜਨ ਅਤੇ ਰਾਜ ਕਰਦੇ ‘ਸ਼ੀਹਾਂ’ ਤੇ ‘ਮੁਕੱਦਮਾਂ’ ਵਿਰੁੱਧ ਬੇਕਿਰਕ ਯੁੱਧ ਛੇੜਨ ਦਾ ਸੁਨੇਹਾ ਦਿੱਤਾ ਗਿਆ ਹੈ, ਉਸ ਉਪਰ ਅਮਲ ਕਰਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਕੀਕੀ ਸਤਿਕਾਰ ਹੈ। ਕਿਸੇ ਵੀ ਧਰਮ ਗ੍ਰੰਥ ਜਾਂ ਧਾਰਿਮਕ ਜਗ੍ਹਾ ਦੀ ਬੇਅਦਬੀ ਦਾ ਕਾਰਨ ਕੋਈ ਇਕ ਸਿਰਫਿਰਿਆ ਵਿਅਕਤੀ ਜਾਂ ਕਿਸੇ ਸੂਹੀਆ ਏਜੰਸੀ ਦਾ ਏਜੰਟ ਹੀ ਕਰ ਸਕਦਾ ਹੈ। ਅਜੇਹੇ ਕੁਕਰਮ ਤੋਂ ਭੜਕਾਹਟ ਵਿਚ ਆ ਕੇ ਕਿਰਤੀ ਕਿਸਾਨਾਂ ਦੀ ਚੰਗੇਰੀ ਜ਼ਿੰਦਗੀ ਲਈ ਲੜੀ ਜਾ ਰਹੀ ਹੱਕ ਸੱਚ ਦੀ ਲੜਾਈ ਨੂੰ ਧਾਰਮਿਕ ਤੇ ਵੰਡਵਾਦੀ ਲੀਹਾਂ ਉਪਰ ਤੋਰਨਾ ਲੋਕ ਹਿਤਾਂ ਨਾਲ ਖਿਲਵਾੜ ਕਰਨ ਦੇ ਤੁਲ ਹੁੰਦਾ ਹੈ। ਦੇਸ਼ ਦੇ ਲੁਟੇਰੇ ਕਾਰਪੋਰੇਟ ਘਰਾਣੇ, ਉਨ੍ਹਾਂ ਦੀ ਪਿ੍ਰਤਪਾਲਕ ਫਿਰਕੂ-ਫਾਸ਼ੀਵਾਦੀ ਸਰਕਾਰ ਤੇ ਦੂਸਰੇ ਪਿਛਾਖੜੀ ਤੱਤ ਅਸਲ ਵਿਚ ਪੀੜਤ ਲੋਕਾਂ ਨੂੰ ਇਸੇ ਕੁਰਾਹੇ ਪਾਉਣਾ ਚਾਹੁੰਦੇ ਹਨ।
ਇਹਨਾਂ ਹਾਲਤਾਂ ਵਿਚ, ਸਮੁੱਚੀਆਂ ਅਗਾਂਹਵਧੂ ਤੇ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਹੋ ਕੇ ਜਿੱਥੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਨ ਤੇ ਲੁਟੇਰੀਆਂ ਸਰਕਾਰਾਂ ਵਿਰੁੱਧ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਉਸਾਰਨ ਵਾਸਤੇ ਸੰਘਰਸ਼ ਵਿੱਢਣ ਦੀ ਜ਼ਰੂਰਤ ਹੈ, ਉਸਦੇ ਨਾਲ ਹੀ ਜਨ-ਸਮੂਹਾਂ ਨੂੰ,¿; ਉਨ੍ਹਾਂ ਦੇ ਧਾਰਮਿਕ ਜਜ਼ਬਾਤਾਂ ਦੀ ਦੁਰਵਰਤੋਂ ਕਰਕੇ, ਸੰਕੀਰਨਤਾਵਾਦੀ ਤੇ ਫੁੱਟ ਪਾਊ ਲਹਿਰਾਂ ਖੜ੍ਹੀਆਂ ਕਰਨ ਦੇ ਇਰਾਦਿਆਂ ਨੂੰ ਵੀ ਬੇਪਰਦ ਕਰਨਾ ਹੋਵੇਗਾ। ਲੁਟੇਰੀਆਂ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਤੇ ਆਗੂਆਂ ਦੇ ਲੋਕ ਵਿਰੋਧੀ ਕਾਰਨਾਮਿਆਂ ਵਿਰੁੱਧ ਰਾਜਨੀਤਕ ਤੌਰ ’ਤੇ ਹੀ ਸੰਘਰਸ਼ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਧਾਰਮਿਕ ਮੁੱਦਿਆਂ ’ਤੇ।

Scroll To Top