ਮਹੀਪਾਲ
ਪੰਜਾਬ ‘ਚ ਇਸ ਵੇਲੇ ਰਾਜਸੀ ਪਾਰਟੀਆਂ ਦੀ ਟੁੱਟ-ਭੱਜ ਅਤੇ ਦਲਬਦਲੀਆਂ ਦਾ ਦੌਰ – ਦੌਰਾ ਚੱਲ ਰਿਹਾ ਹੈ। ਦਲਬਦਲੀ ਦੇ ਨਖਿੱਧ ਅਮਲ ‘ਚ, ਹਾਕਮ ਜਮਾਤਾਂ ਦੀਆਂ ਬਾਹਰੀ ਭੇਸ ਵਜੋਂ ਰੰਗ-ਬਿਰੰਗੀਆਂ ਪਰ ਅੰਦਰੂਨੀ ਤੌਰ ‘ਤੇ ਲੋਟੂਆਂ ਦੇ ਹਿਤਾਂ ਦੀਆਂ ਇੱਕ-ਦੂਜੀ ਨਾਲੋਂ ਵਧ ਕੇ ਵਫਾਦਾਰ, ਸਾਰੀਆਂ ਹੀ ਪਾਰਟੀਆਂ, ਇੱਕੋ ਜਿਹੀਆਂ ਹੀ ਗਲਤਾਨ ਹਨ। ਇਹ ਸ਼ਰਮਨਾਕ ਵਰਤਾਰਾ ਕੌਮੀ ਪੱਧਰ ‘ਤੇ ਵੀ ਜੋਰਾਂ-ਸ਼ੋਰਾਂ ਨਾਲ ਜਾਰੀ ਹੈ । ਪਰੰਤੂ ਸੂਬੇ ‘ਚ ਟੁੱਟ- ਭੱਜ ਦੇ ਵਰਤਾਰੇ ਦੀਆਂ ਆਮ ਆਦਮੀ ਪਾਰਟੀ (ਆਪ) ਅਤੇ ਬਾਦਲਾਂ ਦੀ ਨਿੱਜੀ ਜਾਗੀਰ ਸਮਝਿਆ ਜਾਂਦਾ ਸ਼ਰੋਮਣੀ ਅਕਾਲੀ ਦਲ ਇਸ ਸਮੇਂ ਵਧੇਰੇ ਹੀ ਸ਼ਿਕਾਰ ਹਨ। ਵੱਖੋ-ਵੱਖਰੇ ਸਿਆਸੀ ਵਿਸ਼ਲੇਸ਼ਕ ਇਸ ਘਟਨਾਕ੍ਰਮ ਬਾਬਤ ਭਾਂਤ-ਭਾਂਤ ਦੀਆਂ ਟਿੱਪਣੀਆਂ ਕਰ ਰਹੇ ਹਨ।
ਪਰ ਇਹ ਗੱਲ ਕਾਫੀ ਧਿਆਨ ਗੋਚਰੀ ਹੈ ਕਿ ਪੰਜਾਬ ਦੇ ਆਮ ਲੋਕੀਂ ‘ਬਾਦਲ ਦਲ’ ਦੀ ਬਜਾਇ ‘ਆਪ’ ਦੀ ਮੌਜੂਦਾ ਬਿਖਰਾਓ ਦੀ ਅਵਸਥਾ ਤੋਂ ਕਾਫੀ ਹੱਦ ਤੱਕ ਨਿਰਾਸ਼ ਹਨ । ਇਸ ਨਿਰਾਸ਼ਾ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਾਸੀ ਰਵਾਇਤੀ ਪਾਰਟੀਆਂ; ਇੰਡੀਅਨ ਨੈਸ਼ਨਲ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੀਆਂ ਲੋਕ ਦੋਖੀ ਨੀਤੀਆਂ, ਭਰਿਸ਼ਟਾਚਾਰ, ਕੁਨਬਾਪਰਵਰੀ, ਗੈਰ ਜਮਹੂਰੀ ਪ੍ਰਸ਼ਾਸ਼ਕੀ ਅਮਲਾਂ, ਹਰ ਕਿਸਮ ਦੇ ਗੁੰਡਾ ਗਰੋਹਾਂ ਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਆਦਿ ਤੋਂ ਡਾਢੇ ਦੁਖੀ ਸਨ। ਇਸ ਨਜ਼ਰੀਏ ਤੋਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਪਿਛਲਾ ਦਸਾਂ ਵਰ੍ਹਿਆਂ ਦਾ ਰਾਜ ਭਾਗ ਲੋਕਾਂ ਦੀਆਂ ਅੱਖਾਂ ਵਿੱਚ ਬਹੁਤ ਰੜਕਦਾ ਹੈ। ਪ੍ਰਾਂਤਵਾਸੀ ਉਕਤ ਸਾਰੀਆਂ ਅਲਾਮਤਾਂ ਤੋਂ ਰਹਿਤ ਪ੍ਰਸ਼ਾਸ਼ਕੀ ਸੇਵਾਵਾਂ ਅਤੇ ਹਕੀਕੀ ਲੋਕ ਭਲਾਈ ਦੇ ਪਰੋਗਰਾਮ ਲਾਗੂ ਕੀਤੇ ਜਾਣ ਦੀ ‘ਆਪ’ ਤੋਂ ਭਾਰੀ ਆਸ ਲਾਈ ਬੈਠੇ ਸਨ । ਇਨ੍ਹਾਂ ਆਸਾਂ ਦੀ ਪੂਰਤੀ ਲਈ ਹੀ ਪੰਜਾਬ ਦੇ ਵੋਟਰਾਂ ਨੇ ‘ਆਪ’ ਨੂੰ ਪਲਕਾਂ ‘ਤੇ ਬਿਠਾਇਆ। ਇਨ੍ਹਾਂ ਪਲਕਾਂ ‘ਤੇ ਬਿਠਾਉਣ ਵਾਲਿਆਂ ‘ਚ ਨੌਜਵਾਨ ਅਤੇ ਬਦੇਸ਼ ਵਸਦੇ ਪੰਜਾਬੀ (ਐਨ ਆਰ ਆਈਜ਼ ) ਵਿਸ਼ੇਸ਼ ਹਨ। ਮੌਜੂਦਾ ਲੋਕ ਸਭਾ ਵਿੱਚ ‘ਆਪ’ ਦੇ ਚਾਰ ਸੰਸਦ ਮੈਂਬਰ ਹਨ ਅਤੇ ਚਾਰੇ ਹੀ ਪੰਜਾਬ ਤੋਂ ਜਿੱਤੇ ਸਨ। ਸੂਬੇ ਵਿਚਲੀਆਂ ਕਈ ਹੋਰਨਾਂ ਲੋਕ ਸਭਾ ਸੀਟਾਂ ‘ਤੇ ਵੀ ‘ਆਪ’ ਉਮੀਦਵਾਰਾਂ ਨੇ ਬਹੁਤ, ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਪਰ ਇਹ ਹੈਰਾਨੀਜਨਕ ਵਿਸ਼ਾ ਸੀ ਕਿ ‘ਆਪ’ ਦੇ ਚਾਰੇ ਸੰਸਦ ਮੈਂਬਰ ਜਿੱਤਣ ਤੋਂ ਤੁਰੰਤ ਪਿਛੋਂ ਫੁੱਟ ਦਾ ਸ਼ਿਕਾਰ ਹੋ ਗਏ। ‘ਆਪ’ ਦੇ ਚਾਰਾਂ ਵਿੱਚੋਂ ਦੋ ਸਾਂਸਦ ਇਸ ਵੇਲੇ ਪਾਰਟੀ ਦੇ ਨਾਲ ਹੀ ਨਹੀਂ ਹਨ। ਇਹੀ ਹਾਲ ਪੰਜਾਬ ਵਿਧਾਨ ਸਭਾ ਦੀਆਂ 2017 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕਾਂ ਦਾ ਹੈ। ਤਕਨੀਕੀ ਤੌਰ ‘ਤੇ ਬੇਸ਼ਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲਾ ਗੁੱਟ ਹੁਣ ਵੱਖਰਾ ਹੋਇਆ ਹੈ, ਪਰ ਸਹੀ ਅਰਥਾਂ ਵਿੱਚ ‘ਆਪ’ ਦੇ ਪੰਜਾਬ ਵਿਚਲੇ ਵਿਧਾਇਕ ਮੁੱਢ ਤੋਂ ਹੀ ਵੰਡੇ ਹੋਏ ਸਨ।
ਲੋਕ ਸਭਾ ‘ਚ ਤਾਂ, ਅਣਗਿਣਤ ਵਿਅਕਤੀਗਤ ਕਮਜ਼ੋਰੀਆਂ ਦੇ ਬਾਵਜੂਦ, ਆਪ ਦੇ ਸਾਂਸਦ ਭਗਵੰਤ ਮਾਨ ਨੇ ਕਈ ਮੌਕਿਆਂ ‘ਤੇ ਵੱਖੋ-ਵੱਖ ਮੁਦਿਆਂ ‘ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਲੋਕਾਂ ਦੀ ਚੋਖੀ ਚਰਚਾ ਵੀ ਬਟੋਰੀ। ਪਰ ਆਪ ਦੇ ਵਿਧਾਇਕ ਤਾਂ ਇਸ ਪੱਖ ਤੋਂ ਵੀ ਉੱਕਾ ਹੀ ਖਰੇ ਨਹੀਂ ਉੱਤਰੇ। ਰਹੀ ਸਹੀ ਕਸਰ ਵਾਰ ਵਾਰ ਦੀ ਫੁੱਟ ਅਤੇ ਹਰ ਰੋਜ ਦੇ ਕਾਟੋ-ਕਲੇਸ਼ ਨੇ ਕੱਢ ਦਿੱਤੀ। ਇਹ ਹਨ ਉਹ ਹਾਲਾਤ ਜਿਨ੍ਹਾਂ ਤੋਂ ਪੰਜਾਬ ਦੇ ‘ਆਪ’ ਨੂੰ ਭਾਰੀ ਸਮਰਥਨ ਦੇਣ ਵਾਲੇ ਲੋਕੀਂ ਡਾਢੇ ਨਿਰਾਸ਼ ਹਨ।
ਕਈ ਦਾਨਿਸ਼ਮੰਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹ ਕਾਰਜਵਿਧੀ ਅਤੇ ਸਥਾਨਕ ਆਗੂਆਂ ਦੀਆਂ ਉੱਚੀਆਂ ਆਸਾਂ ਤੇ ਹਊਮੈ ਨੂੰ ਇਸ ਹਾਲਾਤ ਲਈ ਜਿੰਮੇਵਾਰ ਸਮਝਦੇ ਹਨ। ਇਹ ਗੱਲ ਮੰਨਣ ਯੋਗ ਹੈ। ਅਰਵਿੰਦ ਕੇਜਰੀਵਾਲ ਨੇ ਜਿਵੇਂ ਚੁਣ-ਚੁਣ ਕੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਖੂੰਜੇ ਲਾਇਆ ਅਤੇ ਅਪਮਾਨਤ ਕਰਕੇ ਕੱਢਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਪਰ ਸਾਡੀ ਜਾਚੇ ਇਸ ਨਿਰਾਸ਼ਾਜਨਕ ਵਰਤਾਰੇ ਦੇ ਬੁਨਿਆਦੀ ਕਾਰਨ ਹੋਰ ਹਨ ਜਿਨ੍ਹਾਂ ਨੂੰ ਸਮਝੇ ਬਗੈਰ ਨਾ ਮੌਜੂਦਾ ਅਵਸਥਾ ਦਾ ਠੀਕ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਭਵਿੱਖ ਲਈ ਹਾਂ ਪੱਖੀ ਸਿੱਟੇ ਕੱਢੇ ਜਾ ਸਕਦੇ ਹਨ।
ਸਭ ਤੋਂ ਪਹਿਲਾ ‘ਤੇ ਅਤਿਅੰਤ ਮਹੱਤਵਪੂਰਨ ਤੱਥ ਇਹ ਹੈ ਕਿ ‘ਆਪ’ ਵੀ ਉਨ੍ਹਾਂ ਹੀ ਵਿਨਾਸ਼ਕਾਰੀ ਨਵਉਦਾਰਵਾਦੀ ਨੀਤੀਆਂ ਦੀ ਸਮਰਥਕ ਹੈ ਜਿਨ੍ਹਾਂ ‘ਤੇ ਕੇਂਦਰ ਅਤੇ ਪ੍ਰਾਂਤਾਂ ‘ਚ ਰਾਜ ਭਾਗ ਚਲਾਉਣ ਵਾਲੀਆਂ ਸ਼ਾਸਕ ਵਰਗਾਂ ਦੀਆਂ ਬਾਕੀ ਪਾਰਟੀਆਂ ਅਮਲ ਕਰਦੀਆਂ ਹਨ। ਨਵਉਦਾਰਵਾਦੀ ਨੀਤੀਆਂ ‘ਤੇ ਅੰਨ੍ਹੇ ਵਾਹ ਅਮਲ ਕਰਦਿਆਂ ਹੋਇਆਂ ਨਾਲੋ-ਨਾਲ ਲੋਕਾਂ ਦੀਆਂ ਆਸਾਂ-ਉਮੰਗਾਂ ਦੀ ਪੂਰਤੀ ਦੇ ਦਾਅਵੇ ਕਰਨਾ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਫਰੇਬ ਹੈ। ਹੁਣ ਲੋਕੀਂ ਇਸ ਤੱਥ ਪ੍ਰਤੀ ਵੱਡੀ ਹੱਦ ਤੱਕ ਸੁਚੇਤ ਹੋ ਚੁੱਕੇ ਹਨ ਅਤੇ ਦਿਨੋ ਦਿਨ ਹੋਰ ਚੌਕਸ ਹੁੰਦੇ ਜਾ ਰਹੇ ਹਨ। ਮੌਜੂਦਾ ਹਾਕਮ ਜਮਾਤੀ ਰਾਜਸੀ ਪਰਣਾਲੀ ਦੀਆਂ ਸਭ ਬੁਰਾਈਆਂ ਉਕਤ ਨੀਤੀ ਚੌਖਟੇ ਨਾਲ ਪੀਡੀਆਂ ਜੁੜੀਆਂ ਹੋਈਆਂ ਹਨ । ਨਵਉਦਾਰਵਾਦੀ ਨੀਤੀਆਂ ਦੀ ਹਿਮਾਇਤੀ ਕੋਈ ਵੀ ਰਾਜਸੀ ਪਾਰਟੀ, ‘ਆਪ’ ਸਮੇਤ ਇਨ੍ਹਾਂ ਬੀਮਾਰੀਆਂ ਤੋਂ ਮੁਕਤ ਹੋਣ ਬਾਰੇ ਸੋਚ ਵੀ ਨਹੀਂ ਸਕਦੀ । ‘ਆਪ’ ਦਾ ਪੂੰਜੀਵਾਦੀ ਸਿਸਟਮ ਦਾ ਹਾਮੀ ਹੋਣਾ ਅਤੇ ਪੂੰਜੀਵਾਦੀ ਪਰਬੰਧ ਚੋਂ ਪੈਦਾ ਹੋਣ ਵਾਲੇ ਲਾਜ਼ਮੀ ਨੁਕਸਾਂ ਦਾ ਵਿਰੋਧੀ ਹੋਣ ਦਾ ਦਾਅਵਾ ਨਾ ਕੇਵਲ ਹਾਸੋ ਹੀਣਾ ਹੈ ਬਲਕਿ ਸਿਰੇ ਦਾ ਧੋਖੇ ਭਰਿਆ ਵੀ ਹੈ । ਆਮ ਲੋਕਾਂ ਦੀ ਕੰਗਾਲੀ ਅਤੇ ਭਿਆਨਕ ਨਾਬਰਾਬਰੀ ਦਾ ਕਾਰਨ ਮੌਜੂਦਾ ਪੂੰਜੀਵਾਦ ਢਾਂਚਾ ਹੈ ਅਤੇ ਬਾਕੀ ਮੁਸੀਬਤਾਂ ਇਸ ਨਾਬਰਾਬਰੀ ਚੋਂ ਹੀ ਉਪਜਦੀਆਂ ਹਨ। ਇਸ ਲਈ ‘ਆਪ’ ਬਾਕੀ ਦੀਆਂ ਪੂੰਜੀਪਤੀ ਹਿਮਾਇਤੀ ਪਾਰਟੀਆਂ ਵਰਗੀ ਹੀ ਪਾਰਟੀ ਹੈ ਅਤੇ ਪੂੰਜੀਵਾਦ ਸਮਰਥਕ ਦਲਾਂ ਵਿਚਲੇ ਵਿਗਾੜਾਂ ਤੋਂ ਇਹ ਨਾ ਅੱਜ ਮੁਕਤ ਹੈ ਅਤੇ ਨਾ ਹੀ ਭਵਿੱਖ ਵਿੱਚ ਕਦੀ ਅਜਿਹਾ ਵਾਪਰਨਾ ਸੰਭਵ ਹੈ ।
ਇਹ ਤੱਥ ਵਿਸ਼ੇਸ਼ ਤੌਰ ‘ਤੇ ਵਿਚਾਰਨ ਯੋਗ ਹੈ ਕਿ ‘ਆਪ’ ਦੀ ਮੌਜੂਦਾ ਬਣਤਰ ਕੀ ਹੈ? ਮੁੱਢਲੇ ਦੌਰ ‘ਚ ਘਰ ਘਰ ਜਾ ਕੇ ‘ਆਪ’ ਨੂੰ ਮਕਬੂਲ ਕਰਨ ਵਾਲੇ ਇਕ ਹੱਦ ਤੱਕ ਆਦਰਸ਼ਵਾਦੀ ਵਲੰਟੀਅਰ ਹੁਣ ਉੱਕਾ ਹੀ ਗਾਇਬ ਹੋ ਚੁੱਕੇ ਹਨ। ‘ਆਪ’ ਦੇ ਮੌਜੂਦਾ ਤਾਣੇ ਬਾਣੇ ਨੂੰ ਨੀਝ ਨਾਲ ਦੇਖਿਆਂ ਇਹ ਸਿੱਟਾ ਬੜੀ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਸਥਾਪਿਤ ਪੂੰਜੀਵਾਦੀ ਦਲਾਂ ‘ਚ ਸੱਤਾ ਦੀ ਮਲਾਈ ਛਕਣ ਤੋਂ ਵਾਂਝੇ ਰਹਿ ਗਏ ‘ਲੋਕ ਸੇਵਕ’ ਹੁਣ ‘ਆਪ’ ਦੇ ਕਰਤੇ ਧਰਤੇ ਬਣ ਚੁੱਕੇ ਹਨ। ਸਮਾਜ ‘ਚ ਉਹ ਲੋਕ ਜਿਨ੍ਹਾਂ ਨੇ ਆਪਣੇ ਨਿੱਜੀ ਕਾਰੋਬਾਰ ਜਾਂ ਉੱਚ ਪੱਧਰੀ ਨੌਕਰੀਆਂ ਆਦਿ ਕਰਦਿਆਂ ਗੈਰ ਵਾਜਬ ਢੰਗਾਂ ਰਾਹੀਂ ‘ਮਾਇਆ’ ਇਕੱਤਰ ਕੀਤੀ ਹੈ ਉਹ ਵੀ ‘ਆਪ’ ਦੇ ਸਰਵੇਸਰਵਾ ਬਣ ਗਏ ਸਨ। ਅਜਿਹੇ ‘ਭਦਰਪੁਰਸ਼ਾਂ ਤੋਂ ਕਿਸੇ ਭਲੇ ਦੀ ਆਸ ਕਰਨਾ ਹੀ ਵਾਜ਼ਬ ਨਹੀਂ।
ਪੰਜਾਬ ਅਤੇ ਦੇਸ਼ਵਾਸੀਆਂ ਲਈ ਸਭ ਤੋਂ ਢੁਕਵਾਂ ਬਦਲ ਉਹੀ ਹੋ ਸਕਦਾ ਹੈ ਜੋ ਮੁੱਠੀ ਭਰ ਲੋਟੂਆਂ ਦੇ ਹਿਤਾਂ ਦੀ ਬਜਾਇ ਸਮੂਹ ਲੋਕਾਈ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਹਕੀਕੀ ਲੋਕ ਪੱਖੀ ਨੀਤੀਆਂ ‘ਤੇ ਆਧਾਰਿਤ ਰਾਜਸੀ ਬਦਲ ਦੀ ਉਸਾਰੀ ਦਾ ਹੋਕਾ ਦੇਵੇ। ਇਹ ਬਦਲ ਲੋਕਾਈ ਦੇ ਬੱਝਵੇਂ ਘੋਲਾਂ ਤੋਂ ਬਗੈਰ ਨਹੀਂ ਉਸਰ ਸਕਦਾ। ਮੌਜੂਦਾ ਦੌਰ ‘ਚ ਇਸ ਆਵਾਮੀ ਘੋਲ ਦਾ ਮੁੱਖ ਫੋਕਸ ਫਿਰਕੂ-ਫਾਸ਼ੀ ਵਿਚਾਰਧਾਰਾ ਅਤੇ ਸਾਮਰਾਜੀ ਬਘਿਆੜਾਂ ਤੇ ਉਨ੍ਹਾਂ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੇ ਲੁੱਟ ਦੇ ਮਨਸੂਬੇ ਸਿਰੇ ਚੜ੍ਹਾਉਣ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਵਾਲੀਆਂ ਸਾਰੀਆਂ ਧਿਰਾਂ ਦਾ ਸਾਂਝਾ ਮੁਹਾਜ਼ ਹੀ ਉਕਤ ਸੰਗਰਾਮ ਨੂੰ ਜੇਤੂ ਬਨਾਉਣ ਦੇ ਯੋਗ ਹੋ ਸਕਦਾ ਹੈ।