Now Reading
ਪੰਜਾਬੀ ਬੋਲੀ ਦਾ ਬਚਾਓ ਜਾਂ ਵਿਕਾਸ?

ਪੰਜਾਬੀ ਬੋਲੀ ਦਾ ਬਚਾਓ ਜਾਂ ਵਿਕਾਸ?

ਸਤਨਾਮ ਚਾਨਾ

ਪਿਛਲੇ ਦਿਨੀਂ ਅਸੀਂ ਕੌਮਾਂਤਰੀ ਮਾਂ ਬੋਲੀ ਦਿਵਸ ਮਨਾ ਕੇ ਹਟੇ ਹਾਂ । ਇਸ ਨੇ ਪੰਜਾਬੀ ਮਾਂ ਬੋਲੀ ਦੇ ਭਵਿੱਖ ਵੱਲ, ਇਕ ਵਾਰ ਫੇਰ ਧਿਆਨ ਦੁਆਇਆ ਹੈ । ਪੰਜਾਬੀ ਦੇ ਭਵਿੱਖ ਪ੍ਰਤੀ ਚਿੰਤਾ ਦਾ ਪ੍ਰਗਟਾਵਾ, ਹਰ ਸਾਲ ਅਸੀਂ ਸਾਂਝੇ ਤੌਰ ’ਤੇ ਵੀ ਕਰਦੇ ਹਾਂ । ਸਮਾਗਮ ਕਰਦੇ ਹਾਂ ਜੋ ਕਈ ਵਾਰੀ ਤਾਂ ਜਸ਼ਨਾਂ ਵਰਗੇ ਹੁੰਦੇ ਹਨ । ਬੜੀ ਤਸੱਲੀ ਹੁੰਦੀ ਹੈ, ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਵਿੱਖ ਵਿਚ ਪੰਜਾਬੀ ਬੋਲੀ ਨੂੰ ਕੋਈ ਖਤਰਾ ਨਹੀਂ । ਯੂਨੈਸਕੋ ਦੀ ਘਾੜਤ ਸਾਜ਼ਿਸੀ ਲੱਗਦੀ ਹੈ । ਪਰ ਜਦੋਂ ਤਣਾਅ ਮੁਕਤ ਹੋ ਕੇ ਖੁਲ੍ਹਦੇ ਹਾਂ ਤਾਂ ਅੰਦਰਲਾ ਭੈਅ ਉਜਾਗਰ ਹੋਣ ਲੱਗਦਾ ਹੈ ਕਿ ਪੰਜਾਬੀ ਨੂੰ ਯੋਜਨਾਬੱਧ ਵਿਧੀ ਨਾਲ ਖੋਰਾ ਲਾਇਆ ਜਾ ਰਿਹਾ ਹੈ । ਪੰਜਾਬ ਵਿਚ ਪੰਜਾਬੀ ਪੜ੍ਹਨ ਅਤੇ ਬੋਲਣ ਉਪਰ ਪਾਬੰਦੀਆਂ ਦੇ ਟਾਪੂ ਦਿਖਾਈ ਦੇਣ ਲੱਗਦੇ ਹਨ, ਜਿੱਥੇ ਇਸਦੇ ਅਸੱਭਿਅਕ ਜਾਂ ਗਾਲੀ ਗਲੋਚ ਦੀ ਬੋਲੀ ਹੋਣ ਦਾ ਪ੍ਰਭਾਵ ਸਿਰਜਿਆ ਜਾਂਦਾ ਹੈ । ਆਪਣੇ ਸਾਰੇ ਯਤਨਾਂ ਦੇ ਬਾਵਜੂਦ, ਸਾਲ ਬਾਅਦ ਜਦੋਂ ਪੜਚੋਲ ਕਰਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਪਹਿਲਾਂ ਵਾਲੀ ਥਾਂ ਤੋਂ ਜ਼ਰਾ ਹੋਰ ਪਿੱਛੇ ਹੀ ਖਿਸਕ ਗਏ ਹਾਂ । ਉਮੀਦਾਂ ਸਰਕਾਰ ਉੱਪਰ ਹਨ। ਇਕ ਤੋਂ ਬਾਅਦ ਇਕ ਬਦਲਦੀ ਸਰਕਾਰ ਨੂੰ ਮੰਗ ਪੱਤਰ ਦੇਣੇ ਪੈਂਦੇ ਹਨ । ਪਿਛਲੇ ਕਈ ਦਹਾਕਿਆਂ ਤੋਂ ਮੰਗਾਂ ਦੇ ਚਾਰਟਰ ਵਿਚ ਵੀ ਕੋਈ ਪਰਿਵਰਤਨ ਕਰਨ ਦੀ ਲੋੜ ਨਹੀਂ ਪਈ। ਆਮ ਲੋਕ ਵੀ ਸਮਝਦੇ ਹਨ ਕਿ ਇਹ ਕੰਮ ਮੰਗਾਂ ਦਾ ਚਾਰਟਰ ਤਿਆਰ ਕਰਨ ਵਾਲਿਆਂ ਦਾ ਹੈ । ਇਸ ਕਰਕੇ ਮਾਂ ਬੋਲੀ ਲਈ ਜੱਦੋਜਹਿਦ, ਮੂਲ੍ਹ ਰੂਪ ਵਿਚ ਸਾਹਿਤਕਾਰਾਂ ਤੱਕ ਸੁੰਗੜੀ ਰਹੀ । ਸਰਕਾਰਾਂ ਨੂੰ ਤਿਲਕ ਲਾਉਣ ਤੋਂ ਪਹਿਲਾਂ, ਲੋਕ ਆਪਣੀ ਬੋਲੀ ਵਿਚ ਬਹੁਤ ਸਾਰੇ ਸਵਾਲ ਪੁੱਛਦੇ ਹਨ, ਪਰ ਆਪਣੀ ਬੋਲੀ ਵਿਚ, ਆਪਣੀ ਬੋਲੀ ਬਾਰੇ ਕੋਈ ਸਵਾਲ ਨਹੀਂ ਪੁੱਛਦੇ। ਸਾਡੀਆਂ ਉਮੀਦਾਂ ਜਾਂ ਤਾਂ ਨਕਲੀ ਹਨ ਜਾਂ ਫਿਰ ਅਸਲੀਅਤ ਤੋਂ ਟੁੱਟੀਆਂ ਹੋਈਆਂ ਹਨ । ਇਸ ਗੱਲ ਨੂੰ ਅਜੇ ਇੱਥੇ ਹੀ ਛੱਡ ਦਿੰਦੇ ਹਾਂ।
ਅਸੀਂ ਕੇਵਲ ਦੇਖਦੇ ਹੀ ਨਹੀਂ ਸਗੋਂ ਖੁਦ ਕਰ ਰਹੇ ਹਾਂ। ਬੱਚਿਆਂ ਨੂੰ ਵਧੀਆ ਤੋਂ ਵਧੀਆ ਅੰਗਰੇਜ਼ੀ ਸਕੂਲ ਵਿਚ ਦਾਖਲਾ ਮਿਲੇ ਜਿੱਥੇ ਪੰਜਾਬੀ ਵਿਚ ਗੱਲ ਕਰਨੀ ਵਿਵਰਜਤ ਹੋਵੇ। ਇਹ ਸਕੂਲ ਬਹੁਤ ਮਹਿੰਗੇ ਵੀ ਹਨ । ਅੰਗਰੇਜ਼ੀ ਦੀ ‘ਆਇਲੇਟਸ’ ਮੰਡੀ ਅਤਿਅੰਤ ਪ੍ਰਫੁਲਤ ਹੈ । ਮਹਿੰਗੀ ਵੀ ਹੈ । ਅਸੀਂ ਆਪਣੇ ਬੱਚਿਆਂ ਨੂੰ ਐਨੀ ਮਹਿੰਗੀ ਅੰਗਰੇਜ਼ੀ ਕਿਉਂ ਸਿੱਖਾਉਂਦੇ ਹਾਂ? ਇਸ ਲਈ ਕਿ ਅਸੀਂ ਉਨ੍ਹਾਂ ਨੂੰ ਵਿਦੇਸ਼ ਭੇਜਣਾ ਹੈ? ਪਰ ਅਸੀਂ ਉਨ੍ਹਾਂ ਨੂੰ ਵਿਦੇਸ਼ ਕਿਉਂ ਭੇਜਣਾ ਚਾਹੁੰਦੇ ਹਾਂ, ‘ਜਿਗਰ ਦੇ ਟੁਕੜਿਆਂ’ ਨੂੰ ?
ਥੋੜ੍ਹਾ ਪਿੱਛੇ ਝਾਤ ਪਾਈਏ । ਪੰਜਾਬ ਉੱਪਰ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਨ੍ਹਾਂ ਨੇ ਅਤਿਅੰਤ ਚੁਸਤੀ ਭਰਿਆ ਇਕ ਫੈਸਲਾ ਲਿਆ ਜਿਹੜਾ ਸਰਸਰੀ ਨਜ਼ਰੇ ਸਧਾਰਨ ਜਿਹਾ ਲੱਗਦਾ ਹੈ। ਪੰਜਾਬੀਆਂ ਤੋਂ ਹਥਿਆਰ ਅਤੇ ਗੁਰਮੁਖੀ ਦੇ ਕਾਇਦੇ ਵਾਪਿਸ ਲੈਣ ਲਈ ਪ੍ਰਤੀ ਹਥਿਆਰ ਅਤੇ ਪ੍ਰਤੀ ਕਾਇਦਾ ਪੈਸੇ ਦੇਣੇ ਨਿਸਚਤ ਕਰ ਦਿੱਤੇ। ਅਸਚਰਜ ਗੱਲ ਇਹ ਸੀ ਕਿ ਕਾਇਦਾ ਜਮਾਂ ਕਰਾਉਣ ਦੇ ਪੈਸੇ ਹਥਿਆਰ ਜਮਾਂ ਕਰਾਉਣ ਨਾਲੋਂ ਕਿਤੇ ਵਧੇਰੇ ਸਨ। ਇਹ ਕਾਇਦੇ ਮਹਾਰਾਜਾ ਰਣਜੀਤ ਸਿੰਘ ਨੇ ਸਧਾਰਨ ਲੋਕਾਂ ਵਿਚ ਵੰਡੇ ਸਨ, ਖਾਸ ਕਰਕੇ ਪੇਂਡੂ ਵਸੋਂ ਵਿਚ । ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੱਧਰ ਉੱਤੇ ਇਹ ਬੜਾ ਛੋਟਾ ਜਿਹਾ ਕਦਮ ਸੀ ਪ੍ਰੰਤੂ ਅੰਗਰੇਜ਼ਾਂ ਨੂੰ ਗੁਰਮੁਖੀ ਦਾ ਕਾਇਦਾ ਵੀ ਹਥਿਆਰ ਨਾਲੋਂ ਵੱਧ ਖਤਰਨਾਕ ਲੱਗਾ ਸੀ । ਅੰਗਰੇਜ਼ਾਂ ਨੇ ਇਸਤੋਂ ਕਿਤੇ ਪਹਿਲਾਂ, ਭਾਰਤ ਦੇ ਦੂਜੇ ਹਿੱਸਿਆਂ ਵਿਚ ਆਪਣੇ ਭਾਰਤੀ ਫੌਜੀਆਂ ਦੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਸੀ, ਬਲਕਿ ਲਾਜ਼ਮੀ ਕਰ ਦਿੱਤੀ ਸੀ । ਛਾਉਣੀਆਂ ਵਿਚ ਅੰਗਰੇਜ਼ੀ ਸਕੂਲ ਖੋਲ੍ਹ ਦਿੱਤੇ ਸਨ ।      
ਇਸ ਤੋਂ, ਬੋਲੀਆਂ ਦੇ ਵਿਕਾਸ ਵਿਚ ਸਰਕਾਰਾਂ ਦੀ ਭੂਮਿਕਾ ਬਾਰੇ ਅੰਦਾਜ਼ਾ ਲਾਉਣ ਦਾ ਮੌਕਾ ਮਿਲਦਾ ਹੈ । ਇਹ ਵੱਖਰਾ ਹੀ ਸਵਾਲ ਹੈ ਕਿ ਉਹ ਭੂਮਿਕਾ ਕਿੰਨੀ ਹੁੰਦੀ ਹੈ ? ਫਿਰ ਭੀ ਸਰਕਾਰ ਦੀਆਂ ਨੀਤੀਆਂ ਨੂੰ ਉਸਦਾ ਰਵੱਈਆ ਨਿਸ਼ਚਿਤ ਕਰਦਾ ਹੈ ਅਤੇ ਉਸਦੇ ਰਵੱਈਏ ਨੂੰ ਉਸ ਸ਼ਰੇਣੀ ਦੀਆਂ ਲੋੜਾਂ ਤੈਅ ਕਰਦੀਆਂ ਹਨ ਜਿਨ੍ਹਾਂ ਦੀ ਪ੍ਰਤੀਨਿਧਤਾ ਸਰਕਾਰ ਕਰਦੀ ਹੈ । ਇਹ ਇਕਦਮ ਜਾਂ ਰਾਤੋ-ਰਾਤ ਨਹੀਂ ਹੋ ਜਾਂਦਾ । ਪੁਰਾਣੇ ਕਾਇਦੇ ਵਾਪਿਸ ਲਏ ਜਾਂਦੇ ਹਨ ਅਤੇ ਮਨਮਰਜ਼ੀ ਦੀਆਂ ਸਜਿਲਦ ਪੁਸਤਕਾਂ ਫੜਾਈਆਂ ਜਾਂਦੀਆਂ ਹਨ । ਪੰਜਾਬੀ ਨੂੰ ਵੀ ਅਸੀਂ ਇਸੇ ਪ੍ਰਸੰਗ ਵਿਚ ਦੇਖ ਸਕਦੇ ਹਾਂ । ਪੰਜਾਬ ਵਿਚ ਪੰਜਾਬੀ ਦੀ ਵਿਗੜ ਚੁੱਕੀ ਦਸ਼ਾ ਬਾਰੇ ਜਾਣਕੇ ਜੇਕਰ ਕੋਈ ਮੰਤਰੀ ਭਾਵੁਕ ਹੋ ਜਾਂਦਾ ਹੈ ਤਾਂ ਚੰਗਾ ਲੱਗਦਾ ਹੈ, ਉਮੀਦ ਵੀ ਜਾਗਦੀ ਹੈ । ਪਰ ਇਹ ਵਿਗਾੜ ਸ਼ੁਰੂ ਹੋਇਆਂ ਦਹਾਕੇ ਗੁਜ਼ਰ ਗਏ ਹਨ ਜਿਸ ਨੂੰ ਮਹਿਸੂਸ ਕਰਨ ਵਿਚ ਕਾਫੀ ਦੇਰ ਹੋ ਗਈ ਹੈ । ਇਸ ਭਾਵੁਕਤਾ ਨੇ ਵਿਚਾਰਾਂ ਦਾ ਰੂਪ ਕਦੋਂ ਲੈਣਾ ਹੈ ਅਤੇ ਵਿਚਾਰ ਅਮਲ ਵਿਚ ਕਿਵੇਂ ਅਤੇ ਕਦੋਂ ਆਉਣਗੇ, ਇਸਦਾ ਕੋਈ ਅੰਦਾਜ਼ਾ ਨਹੀਂ ।
ਹਜ਼ਾਰਾਂ ਬੋਲੀਆਂ ਧਰਤੀ ਤੋਂ ਅਲੋਪ ਹੋ ਚੁਕੀਆਂ ਹਨ ਅਤੇ ਸੈਂਕੜੇ ਹੀ ਉਸ ਸੇਧ ਵੱਲ ਵਧ ਰਹੀਆਂ ਹਨ । ਚੰਦ ਬੋਲੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਵਿਸ਼ਵੀ ਪਸਾਰ ਵੀ ਹੋਇਆ ਹੈ । ਆਖਰਕਾਰ ਇਹ ਤਾਂ ਜਾਨਣਾ ਹੀ ਚਾਹੀਦਾ ਹੈ ਕਿ ਬੋਲੀਆਂ ਅਲੋਪ ਕਿਉਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਪਸਾਰ ਕਿਉਂ ਹੁੰਦਾ ਹੈ ?
ਇਸ ਖਿੱਤੇ ਵਿਚ ਪੰਜਾਬੀ ਦੀ ਜਦੋਂ ਚੜ੍ਹਤ ਸੀ, ਸਰਦਾਰੀ ਸੀ, ਓਦੋਂ ਜਾਂ ਉਸਤੋਂ ਪਹਿਲਾਂ ਜਾਂ ਉਸਤੋਂ ਬਾਅਦ, ਪੰਜਾਬੀ ਕਿਸੇ ਵੀ ਸਰਕਾਰ ਦੀ ਸਰਕਾਰੀ ਕੰਮ-ਕਾਜ ਦੀ ਭਾਸ਼ਾ ਨਹੀਂ ਰਹੀ ਸੀ । ਜਿਸ ਕਾਰਨ ਉਸਦੀ ਸਰਦਾਰੀ ਬਣੀ ਹੋਵੇ । ਸਗੋਂ ਇਸ ਉੱਪਰ ਨੌਂ ਤੋਂ ਵੱਧ ਓਪਰੀਆਂ ਜ਼ੁਬਾਨਾ ਦੇ ਹਮਲੇ ਹੋਏ ਸਨ । ਉਨ੍ਹਾਂ ਬੋਲੀਆਂ ਦੇ ਹਾਕਮਾਂ ਨੇ ਤਾਂ ਰਾਜ ਕੀਤਾ, ਪਰ ਉਨ੍ਹਾਂ ਦੀ ਵਿਚਾਰਧਾਰਾ ਦੇ ਚਿੰਤਕਾਂ ਨੇ ਆਪਣੇ ਚਿੰਤਨ ਦਾ ਪਸਾਰ ਕਰਨ ਲਈ ਪੰਜਾਬੀ ਨੂੰ ਅਪਣਾ ਹੀ ਲਿਆ । ਇਹ ਸ਼ਾਇਦ ਪੰਜਾਬੀ ਦੀ ਆਪਣੀ ਸ਼ਕਤੀ ਅਤੇ ਸਾਰਥਿਕਤਾ ਦਾ ਸਿੱਟਾ ਸੀ । ਇੱਥੋਂ ਸਾਨੂੰ ਬੋਲੀ ਦੇ ਵਿਕਾਸ ਵਿਚ ਸੱਤਾ ਦੀ ਭੂਮਿਕਾ ਬਾਰੇ ਵੱਖਰਾ ਅੰਦਾਜ਼ਾ ਲੱਗਦਾ ਹੈ। ਜਦੋਂ ਅਸੀਂ ਇਹ ਜਾਣ ਜਾਵਾਂਗੇ ਕਿ ਉਸ ਸਮੇਂ ਹਮਲਾਵਰ ਇਸ ਖਿੱਤੇ ਵਿਚ ਆਏ ਹੀ ਕਿਉਂ ਸਨ ਤਾਂ ਇਹ ਵੀ ਜਾਣ ਜਾਵਾਂਗੇ ਕਿ ਉਨ੍ਹਾਂ ਦੇ ਚਿੰਤਕਾਂ ਨੇ ਪੰਜਾਬੀ ਅੱਗੇ ਆਤਮ ਸਮਰਪਣ ਕਿਉਂ ਕੀਤਾ ਸੀ।
ਉਹ ਕਿਹੜੇ ਇਤਿਹਾਸਕ ਪਰਿਵਰਤਨ ਸਨ ਜਿਨ੍ਹਾਂ ਕਾਰਨ ਭਾਸ਼ਾ/ਬੋਲੀ ਵਿਚ ਸਰਕਾਰ ਦੀ ਸਿੱਧੀ ਭੂਮਿਕਾ ਦਾ ਆਰੰਭ ਹੁੰਦਾ ਹੈ। ਇਸ ਨਾਲ ਅਸੀਂ ਅਜੋਕੀ ਸੱਤਾ ਦਾ ਉਦੇਸ਼ ਅਤੇ           ਜ਼ਿਮੇਵਾਰੀ ਨਿਰਧਾਰਤ ਕਰ ਸਕਦੇ ਹਾਂ । ਜਿਸ ਤੋਂ ਵਧੇਰੇ ਉਮੀਦ ਕਰਨਾ ‘ਉੱਘ ਦੀਆਂ ਪਤਾਲ’ ਮਾਰਨ ਤੋਂ ਵੱਧ ਕੁਝ ਵੀ ਨਹੀਂ ਹੈ ।
ਹੁਣ ਅਸੀਂ, ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਣ ਦੀ ਆਪਣੀ ਤਾਂਘ ਅਤੇ ‘ਆਇਲੇਟਸ’ ਕਰਨ ਦੀ ਦੌੜ੍ਹ ਵੱਲ ਪਰਤਦੇ ਹਾਂ । ਕੀ ਇਹ ਮਸਲਾ ਸਾਡੇ ਬੱਚਿਆਂ ਦੀ ਉਪਜੀਵਕਾ, ਸੁੱਖ ਸਹੂਲਤਾਂ, ਪ੍ਰੱਫੁਲਤਾ, ਅਤੇ ਵਿਕਾਸ ਨਾਲ ਜੁੜਿਆ ਹੋਇਆ ਮਸਲਾ ਤਾਂ ਨਹੀਂ ? ਹੁਣ ਸੋਚੋ ਕਿ ਜੇਕਰ ਕੋਈ ਇਹ ਸਵਾਲ ਪੁੱਛ ਬੈਠੇ ਕਿ ਕੀ ਕਦੇ ਯੋਰਪ ਦੇ ਦੇਸ਼ਾਂ ਵਿਚ ਆਇਲੇਟਸ ਵਰਗੇ, ਪੰਜਾਬੀ ਸਿੱਖਣ ਦੇ ਸੈਂਟਰ ਵੀ ਖੁਲ੍ਹ ਸਕਦੇ ਹਨ ਜਿੱਥੇ ਭਾਰੀ ਫੀਸਾਂ ਦੇਣ ਲਈ ਲੋਕ ਲਾਈਨਾਂ ਵਿਚ ਲੱਗ ਜਾਣ ? ਬਿਨਾ ਸ਼ੱਕ ਅਜਿਹਾ ਪ੍ਰਸ਼ਨ ਪੁੱਛਣ ਵਾਲੇ ਵਿਅਕਤੀ ਦੀ ਖਿੱਲੀ ਉੜਾ ਦਿੱਤੀ ਜਾਏਗੀ । ਕਿਉਂਕਿ ਕੋਈ ਸੋਚਿਆ ਹੀ ਨਹੀਂ ਜਾ ਸਕਦਾ ਕਿ ਪੰਜਾਬ ਵੀ ਏਨੀ ਖਿੱਚ ਦਾ ਕਾਰਨ ਬਣ ਸਕਦਾ ਹੈ । ਜੇਕਰ ਨਹੀਂ ਹੋ ਸਕਦਾ ਤਾਂ ਫਿਰ ਓਦੋਂ ਕੀ ਕਾਰਨ ਸਨ ਜਦੋਂ ਲੋਕ ‘ਆਇਲੇਟਸ’ ਦੀ ਥਾਂ ਘੋੜਿਆਂ ਉੱਪਰ ਚੜ੍ਹਕੇ ਇਸ ਖਿੱਤੇ ਵਿਚ ਆਉਂਦੇ ਸਨ ? ਪੰਜਾਬੀ ਸਿੱਖਦੇ ਸਨ, ਵਾਪਿਸ ਨਹੀਂ ਪਰਤਦੇ ਸਨ, ਪੰਜਾਬੀ ਵਿਚ ਹੀ ਸਾਹਿਤ ਰਚਨਾ ਕਰਦੇ ਸਨ । ਜਿਵੇਂ ਕਿ ਹੁਣ ਵਿਦੇਸ਼ਾਂ ਵਿਚ ਵਸੇ ਹੋਏ ਪੰਜਾਬੀ ਕਰਦੇ ਹਨ ।
ਤਾਂ ਫਿਰ ਕੀ, ਕਿਸੇ ਵੀ ਬੋਲੀ ਦੀ ਹੋਂਦ, ਉਸ ਸਮਾਜ ਦੀ ਆਰਥਕ ਦਸ਼ਾ ਨਾਲ ਬੱਝੀ ਹੋਈ ਹੁੰਦੀ ਹੈ ? ਹਾਂ, ਕਿਸੇ ਵੀ ਬੋਲੀ ਦੇ ਅਲੋਪ ਹੋਣ ਤੋਂ ਬਹੁਤ ਦੇਰ ਪਹਿਲਾਂ ਉਨ੍ਹਾਂ ਲੋਕਾਂ ਦੀ ਆਰਥਕਤਾ ਬਰਬਾਦ ਹੋਣੀ ਸ਼ੁਰੂ ਹੁੰਦੀ ਹੈ । ਉਹ ਲੋਕ ਆਪਣੀ ਸ਼ਰੀਰਕ ਹੋਂਦ ਬਚਾਉਣ ਲਈ ਕਿਸੇ ਨਿੱਗਰ ਆਰਥਿਕਤਾ ਦਾ ਸਹਾਰਾ ਲੈਂਦੇ ਹਨ । ਉਸ ਭਾਈਚਾਰੇ ਦੀ ਬੋਲੀ ਸਿੱਖਦੇ ਹਨ । ਤਾਂ ਫਿਰ ਕੀ, ਕਿਸੇ ਬੋਲੀ ਦਾ ਵਿਕਾਸ ਅਤੇ ਪਸਾਰ ਉਸ ਦੀ ਆਰਥਕ ਪ੍ਰਫੁਲਤਾ ਉੱਤੇ ਨਿਰਭਰ ਕਰਦਾ ਹੈ ? ਇਹ ਪੂਰਾ ਸੱਚ ਨਹੀਂ । ਆਰਥਿਕ ਉਤਰਾਅ-ਚੜ੍ਹਾਅ ਹੀ ਬੋਲੀਆਂ ਨੂੰ ਪ੍ਰਭਾਵਤ ਕਰਨ ਦਾ ਇੱਕੋ ਇਕ ਕਾਰਨ ਨਹੀਂ। ਆਰਥਿਕ ਬਰਬਾਦੀ ਵਿੱਚੋਂ ਉਭਰਨ ਦੀ ਸਮੱਰਥਾ ਵੀ ਆਪਣੀ ਭੂਮਿਕਾ ਨਿਭਾਉਂਦੀ ਹੈ । ਜਿਹੜੇ ਭਾਈਚਾਰੇ ਸੰਘਰਸ਼ ਨਹੀਂ ਤਿਆਗਦੇ ਉਨ੍ਹਾ ਦੀ ਬੋਲੀ ਅਲੋਪ ਨਹੀਂ ਹੁੰਦੀ। ਤਬਦੀਲੀਆਂ ਦਾ ਪ੍ਰਭਾਵ ਕਬੂਲਦੀ ਹੈ ਅਤੇ ਵਿਕਾਸ ਕਰਦੀ ਹੈ। ਉਹ ਭਾਈਚਾਰੇ ਆਪਣੀ ਅਣਗਹਿਲੀ ਤੋਂ ਪਿੱਛਾ ਛੁਡਾ ਕੇ ਆਰਥਕਤਾ ਨੂੰ ਮੁੜ ਪੈਰਾਂ ’ਤੇ ਕਰ ਲੈਂਦੇ ਹਨ ਅਤੇ ਵਿਕਾਸ ਦੇ ਰਾਹ ਪੈ ਜਾਂਦੇ ਹਨ ।
ਨਿਰਸੰਦੇਹ, ਪੰਜਾਬੀ ਨੂੰ ਧੱਕਾ ਲੱਗਾ ਹੈ, ਪ੍ਰੰਤੂ ਜੇਕਰ ਸਾਡਾ ਲਕਸ਼ ਅਤੇ ਸੰਘਰਸ਼ ਕਾਇਮ ਹੈ ਤਾਂ ਪੰਜਾਬੀ ਦੀ ਹੋਂਦ ਨੂੰ ਕੋਈ ਖਤਰਾ ਨਹੀਂ । ਪਰ ਪੰਜਾਬੀ ਦੀ ਪ੍ਰਫੁਲਤਾ ਲਈ, ਪੰਜਾਬ ਦੀ ਆਰਥਿਕ ਪ੍ਰਫੁਲਤਾ ਲਾਜ਼ਮੀਂ ਸ਼ਰਤ ਹੈ। ਵਰਤਮਾਨ ਪ੍ਰਸਥਿਤੀਆਂ ਵਿਚ ਸਰਕਾਰ ਅਹਿਮ ਭੂਮਿਕਾ ਨਿਭਾਅ ਸਕਦੀ ਹੈ । ਪੰਜਾਬ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਸਿੱਖਿਆ ਲਾਜ਼ਮੀ ਕਰਨਾ ਇਸ ਸੇਧ ਵਿਚ ਇਤਿਹਾਸਕ ਕਦਮ ਹੋਵੇਗਾ। ਇਸ ਨਾਲ ਅਧਿਆਪਨ ਦਾ ਰੋਜ਼ਗਾਰ ਵੀ ਪੈਦਾ ਹੋਵੇਗਾ ਅਤੇ ਪੰਜਾਬੀ ਦਾ ਮਹੱਤਵ ਵੀ ਵਧੇਗਾ । ਪਰ ਸਭ ਤੋਂ ਮਹੱਤਵਪੂਰਨ ਹੈ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਪ੍ਰਫੁਲਤ ਕਰਨਾ ਅਤੇ ਗੁਆਚੇ ਹੋਏ ਉਸ ਗੀਤ ਨੂੰ ਵਾਪਿਸ ਲਿਆਉਣਾ, ‘ਡੂੰਘਾ ਵਾਹ ਲੈ ਹਲ੍ਹ ਵੇ ਤੇਰੀ ਘਰੇ ਨੌਕਰੀ’। 

Scroll To Top