Now Reading
”ਪੜ੍ਹੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ” : ਡਾ. ਅੰਬੇਡਕਰ

”ਪੜ੍ਹੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ” : ਡਾ. ਅੰਬੇਡਕਰ

ਡਾ. ਕਰਮਜੀਤ ਸਿੰਘ
ਭਾਰਤੀ ਇਤਿਹਾਸ ਵਿਚ ਜਯੋਤੀਬਾ ਫੂਲੇ (1827-1890ਈ.) ਆਇਨਕਲੀ (1863-1941ਈ.), ਪੇਰੀਆਰ (1879-1973ਈ.), ਬਾਬੂ ਮੰਗੂ ਰਾਮ ਮੂਗੋਵਾਲੀਆ (1886-1980ਈ.) ਅਤੇ ਡਾ. ਅੰਬੇਡਕਰ (1891-1956ਈ.) ਅਜਿਹੀਆਂ ਵਿਚਾਰਵਾਨ ਅਤੇ ਸੰਘਰਸ਼ਸ਼ੀਲ ਸ਼ਖਸ਼ੀਅਤਾਂ ਹਨ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮਾਂ ਨਾਲੋਂ ਵੀ ਬਦਤਰ ਜ਼ਿੰਦਗੀ ਜਿਊਣ ਵਾਲੇ ਭਾਰਤੀ ਸ਼ੂਦਰਾਂ ਲਈ ਸਾਰੀ ਉਮਰ ਲੜਾਈ ਲੜੀ ਤੇ ਉਨ੍ਹਾਂ ਨੂੰ ਸਮਾਜ ਵਿਚ ਇੱਜ਼ਤ ਮਾਣ ਦੁਆਉਣ ਲਈ ਯਤਨ ਕੀਤੇ। ਇਨ੍ਹਾਂ ਵਿਚੋਂ ਡਾ. ਅੰਬੇਡਕਰ ਤਾਂ ਅੱਜ ਦਲਿਤਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਵਿਚਾਰਕ ਦੇ ਤੌਰ ‘ਤੇ ਅਤੇ ਇਕ ਰਾਜਨੀਤਕ ਨੇਤਾ ਦੇ ਤੌਰ ‘ਤੇ ਡਾ. ਅੰਬੇਡਕਰ ਨੂੰ ਵਿਚਾਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀਆਂ ਬਹੁਤੀਆਂ ਲਿਖਤਾਂ ਸਮੁੱਚੀ ਮਾਨਵਤਾ ਲਈ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦਲਿਤਾਂ ਦੇ ਨੇਤਾ ਦੇ ਤੌਰ ‘ਤੇ ਹੀ ਮਾਨਤਾ ਦਿੱਤੀ ਜਾਂਦੀ ਹੈ। ਇਹ ਕੋਈ ਅਣਹੋਣੀ ਵੀ ਨਹੀਂ। ਭਾਰਤੀ ਇਤਿਹਾਸ ਵਿਚ ਚਾਰਵਾਕ, ਮਹਾਤਮਾ ਬੁੱਧ ਅਤੇ ਮਹਾਂਵੀਰ ਜੈਨ ਵਰਗੇ ਆਗੂਆਂ ਨਾਲ ਵੀ ਅਜਿਹਾ ਹੀ ਕੀਤਾ ਜਾਂਦਾ ਰਿਹਾ ਹੈ। ਅਜੋਕੇ ਪ੍ਰਜਾਤੰਤਰੀ ਰਾਜ ਵਿਚ ਅਜਿਹਾ ਕੁੱਝ ਹੋਣਾ ਸੰਭਵ ਨਹੀਂ, ਪਰ ਮਨੂੰਵਾਦੀ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਪਿਛੋਕੜ ਵਿਚ ਲਿਜਾ ਕੇ ਤੇ ਉਨ੍ਹਾਂ ਦੇ ਬੁੱਤਾਂ ਨੂੰ ਆਦਰਸ਼ਿਆ ਕੇ ਪੇਸ਼ ਕਰਨ ਦਾ ਯਤਨ ਕਰਦੇ ਹਨ। ਅਨੀਤਾ ਭਾਰਤੀ ਦਾ ਇਹ ਕਥਨ ਇਸੇ ਸੰਦਰਭ ਵਿਚ ਮਹੱਤਵਪੂਰਨ ਹੈ ਕਿ, ”ਭੀਮ ਰਾਓ ਅੰਬੇਡਕਰ ਵੱਡੇ ਵਿਦਵਾਨ ਸਨ ਜਿਨ੍ਹਾਂ ਨੇ ਦਲਿਤ ਸ਼ੋਸ਼ਣ, ਨਾਰੀ ਸ਼ੋਸ਼ਣ, ਸਮਾਜਿਕ ਅਸਮਾਨਤਾ, ਬੈਂਕ ਦਾ ਰਾਸ਼ਟਰੀਕਰਣ ਅਤੇ ਮਾਨਵ ਅਧਿਕਾਰ ਜਿਹੇ ਤਮਾਮ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ‘ਤੇ ਲੜਾਈ ਲੜੀ। ਪ੍ਰੰਤੂ ਅੰਬੇਡਕਰ ਜਿਹੇ ਵਿਦਵਾਨ ਨੂੰ ਵੀ ਬ੍ਰਾਹਮਣਵਾਦੀ ਲੋਕਾਂ ਨੇ ਦਲਿਤ ਵਿਚਾਰਕ ਦੇ ਤੌਰ ‘ਤੇ ਹੀ ਵਿਚਾਰਿਆ। ਅਜਿਹੇ ਅਨੇਕ ਅਨੁਭਵ ਹਨ ਜਦੋਂ ਕਿਸੇ ਮੰਚ ਤੋਂ ਅੰਬੇਡਕਰ ਦਾ ਨਾਂਅ ਲਿਆ ਜਾਂਦਾ ਹੈ ਤਾਂ ਨਾਂਅ ਲੈਣ ਵਾਲੇ ਨੂੰ ਜਾਤੀਵਾਦੀ ਐਲਾਨ ਦਿੱਤਾ ਜਾਂਦਾ ਹੈ। ਇਹ ਬੜੀ ਅਜੀਬ ਸਥਿਤੀ ਹੈ ਜਿੱਥੇ ਕਿਸੇ ਅੰਬੇਡਕਰ ਵਰਗੇ ਵੱਡੇ ਵਿਚਾਰਕ ਨੂੰ ਵੀ ਉਸਦੀ ਜਾਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਤੀਜਾ ਇਹ ਹੋਇਆ ਹੈ ਕਿ ਦਲਿਤ ਸਮਾਜ ਨੇ ਵੀ ਅੰਬੇਡਕਰ ਨੂੰ ਹੀ ਆਪਣਾ ਵਿਚਾਰਕ ਮੰਨ ਲਿਆ ਹੈ।” (ਨਯਾ ਪਥ, ਅਕਤੂਬਰ 2015-ਜੂਨ 2016, ਪੰਨਾ 188) ਸਾਨੂੰ ਅਜਿਹੀ ਸੋਚ ਤੋਂ ਉਪਰ ਉਠਕੇ ਡਾ. ਅੰਬੇਡਕਰ ਦੀ ਦੇਣ ਨੂੰ ਵਿਚਾਰਨਾ ਚਾਹੀਦਾ ਹੈ। ਖਾਸ ਤੌਰ ‘ਤੇ ਪ੍ਰਗਤੀਵਾਦੀ-ਮਾਰਕਸਵਾਦੀ ਚਿੰਤਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ।
ਦਲਿਤ ਪਰਿਵਾਰਾਂ ਵਿਚ ਪੈਦਾ ਹੋਏ ਚਿੰਤਕਾਂ ਨੂੰ ਉਹ ਸਾਰੇ ਅਪਮਾਨ ਸਹਿਣੇ ਪਏ ਜਿਹੜੇ ਸਦੀਆਂ ਤੋਂ ਸਮੁੱਚੀ ਸ਼ੂਦਰ ਬਰਾਦਰੀ ਭੋਗਦੀ ਆ ਰਹੀ ਸੀ। ਡਾ. ਅੰਬੇਡਕਰ ਨੂੰ ਵੀ ਛੋਟੀ ਉਮਰ ਤੋਂ ਹੀ ਅਜਿਹੇ ਅਪਮਾਨਾਂ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀ ਅੰਬੇਡਕਰ ਨੂੰ ਜਮਾਤ ਤੋਂ ਬਾਹਰ ਤੱਪੜ ਉਪਰ ਬੈਠ ਕੇ ਪੜ੍ਹਨਾ ਪਿਆ, ਸ਼ਹਿਰੀ ਸਕੂਲ ਵਿਚ ਉਸਨੂੰ ਬਲੈਕਬੋਰਡ ਦੇ ਲਾਗੇ ਜਾ ਕੇ ਲਿਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿ ਇਸਦੇ ਪਿੱਛੇ ਰੱਖੇ ਗਏ ਵਿਦਿਆਰਥੀਆਂ ਦੇ ਰੋਟੀ ਦੇ ਡੱਬੇ ਭਿੱਟੇ ਨਾ ਜਾਣ; ਬੈਲ ਗੱਡੀ ਵਾਲਾ ਪੈਸੇ ਲੈ ਕੇ ਵੀ ਗੱਡੀ ਨਹੀਂ ਚੜਾਉਂਦਾ ਸਗੋਂ ਭਿੱਟ ਦੇ ਡਰੋਂ ਪੈਦਲ ਤੁਰ ਕੇ ਜਾਂਦਾ ਹੈ ਤੇ ਸੂਬੇਦਾਰ ਦੇ ਪੁੱਤਰ ਡਾ. ਅੰਬੇਡਕਰ ਅਤੇ ਉਸਦਾ ਭਰਾ ਆਪ ਬੈਲ ਗੱਡੀ ਹੱਕ ਕੇ ਲਿਜਾਂਦੇ ਹਨ; ਗਾਇਕਵਾੜ ਦੇ ਦਫਤਰ ਵਿਚ ਪੀਅਨ ਡਾ. ਅੰਬੇਡਕਰ ਨੂੰ ਪਾਣੀ ਪਿਲਾਉਣ ਤੋਂ ਇਨਕਾਰੀ ਸੀ ਤੇ ਫਾਇਲਾਂ ਪੱਟਕ ਕੇ ਜਾਂਦਾ ਹੈ। ਅਜਿਹੇ ਅਣਮਨੁੱਖੀ ਵਤੀਰੇ ਕਾਰਨ ਡਾ. ਅੰਬੇਡਕਰ ਕੁੱਝ ਹਫਤਿਆਂ ਬਾਅਦ ਹੀ ਨੌਕਰੀ ਛੱਡ ਦਿੰਦੇ ਹਨ। ਸਮਾਜ ਸੁਧਾਰਕ ਉਨ੍ਹਾਂ ਦੇ ਬ੍ਰਾਹਮਣਵਾਦ ਵਿਰੋਧੀ ਵਿਚਾਰਾਂ ਨੂੰ ਸੁਣਨ ਲਈ ਤਿਆਰ ਨਹੀਂ ਹੁੰਦੇ। ਇਨ੍ਹਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਜੇ ਡਾ. ਅੰਬੇਡਕਰ ਮਾਨਸਿਕ ਮਜ਼ਬੂਤੀ ਨਾਲ ਵਿਦੇਸ਼ ਜਾ ਕੇ ਪੀਐਚਡੀ ਦੀ ਪੜ੍ਹਾਈ ਪੂਰੀ ਕਰਦੇ ਹਨ, ਵਾਇਸਰਾਇ ਦੀ ਕਾਰਜਕਾਰਣੀ ਦੇ ਲੇਬਰ ਮੈਂਬਰ ਬਣਦੇ ਹਨ, ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਦੇ ਮੰਤਰੀ ਬਣਦੇ ਹਨ, ਸੰਵਿਧਾਨ ਘੜਨੀ ਕਮੇਟੀ ਦੇ ਚੇਅਰਮੈਨ ਬਣਦੇ ਹਨ ਅਤੇ ਸਮਤਾ ਸੈਨਿਕ ਦਲ, ਇੰਡੀਪੈਂਡੈਂਟ ਲੇਬਰ ਪਾਰਟੀ ਤੇ ਸ਼ਡਿਊਲ ਕਾਸਟ ਫੈਡਰੇਸ਼ਨ ਦਾ ਗਠਨ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਸ਼ਖਸ਼ੀਅਤ ਦੇ ਉਚੇ ਗੁਣਾਂ ਕਾਰਨ ਹੀ ਸੰਭਵ ਹੋ ਸਕਿਆ। 1927 ਈ. ਤੱਕ ਡਾ. ਅੰਬੇਡਕਰ ਨੇ ਦਲਿਤ ਅਧਿਕਾਰਾਂ ਨੂੰ ਲੈ ਕੇ ਵੱਡਾ ਅੰਦੋਲਨ ਸ਼ੁਰੂ ਕੀਤਾ। ਪਾਣੀ ਪੀਣ ਲਈ ਖੂਹਾਂ ਅਤੇ ਤਲਾਬਾਂ ਨੂੰ ਦਲਿਤਾਂ ਸਮੇਤ ਸਾਰੀਆਂ ਜਾਤਾਂ ਲਈ ਖੋਲਣਾ, ਮੰਦਰਾਂ-ਧਾਰਮਿਕ ਸਥਾਨਾਂ ‘ਚ ਦਲਿਤਾਂ ਨੂੰ ਜਾਣ ਲਈ ਜਦੋਜਹਿਦ ਕਰਨਾ। ਡਾ. ਅੰਬੇਡਕਰ ਨੇ ਉਨ੍ਹਾਂ ਧਾਰਮਿਕ ਗ੍ਰੰਥਾਂ ਉਪਰ ਸਖਤ ਟਿੱਪਣੀਆਂ ਕੀਤੀਆਂ ਜਿਹੜੇ ਜਾਤੀ ਵਿਵਸਥਾ ਨੂੰ ਉਚਿਤ ਠਹਿਰਾਉਂਦੇ ਸਨ। ਨਾਸਿਕ ਦੇ ਕਾਲਾਰਾਮ ਮੰਦਰ ਵਿਚ ਪ੍ਰਵੇਸ਼ ਦਾ ਅੰਦੋਲਨ ਵਿੱਢਿਆ। ਹਜ਼ਾਰਾਂ ਦੇ ਹਜੂਮ ਨੂੰ ਦੇਖਕੇ ਪੁਜਾਰੀਆਂ ਨੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਗੀਤਾ ਨੂੰ ਜਲਾਉਣ ਦਾ ਪ੍ਰਤੀਕੀ ਕੰਮ ਵੀ ਕੀਤਾ।
ਪੇਸ਼ਵਾਵਾਂ ਦੇ ਰਾਜ ਵਿਚ ਅਤੇ ਦੂਸਰੇ ਪ੍ਰਦੇਸ਼ਾਂ ਵਿਚ ਦਲਿਤਾਂ ਨਾਲ ਹੁੰਦੇ ਅਣਮਨੁੱਖੀ ਵਿਹਾਰ ਦਾ ਪਰਦਾਫਾਸ਼ ਕਰਨ ਵਿਚ ਡਾ. ਅੰਬੇਡਕਰ ਮਨੂੰਵਾਦੀ ਪ੍ਰਵਿਰਤੀਆਂ ਉਪਰ ਸਿੱਧਾ ਹਮਲਾ ਕਰਦੇ ਹਨ। ਉਹ ”ਐਨੀਹੀਲੇਸ਼ਨ ਆਫ ਕਾਸਟ” ਪੁਸਤਕ ਵਿਚ ਦੱਸਦੇ ਹਨ ਕਿ ਪੇਸ਼ਵਾਵਾਂ ਦੇ ਰਾਜ ਵਿਚ ਸ਼ੂਦਰਾਂ ਨੂੰ ਗਲੀਆਂ ਵਿਚ ਤੁਰਨ ਦੀ ਮਨਾਹੀ ਸੀ ਤਾਂ ਕਿ ਹਿੰਦੂਆਂ ਉਪਰ ਉਨ੍ਹਾਂ ਦਾ ਸਾਇਆ ਨਾ ਪੈ ਜਾਵੇ ਤੇ ਉਹ ਭਿੱਟੇ ਨਾ ਜਾਣ। ਅਛੂਤ ਨੂੰ ਆਪਣੇ ਗਲ ਵਿਚ ਜਾਂ ਗੁੱਟ ‘ਤੇ ਕਾਲਾ ਧਾਗਾ ਬੰਨਣਾ ਪੈਂਦਾ ਸੀ ਤਾਂ ਕਿ ਭੁੱਲ ਕੇ ਵੀ ਕੋਈ ਹਿੰਦੂ ਉਨ੍ਹਾਂ ਨਾਲ ਛੂਹ ਨਾ ਜਾਵੇ। ਪੇਸ਼ਵਾ ਦੀ ਰਾਜਧਾਨੀ ਪੂਨਾ ਵਿਚ ਅਛੂਤ ਨੂੰ ਆਪਣੇ ਪਿੱਛੇ ਝਾੜੂ ਬੰਨ੍ਹ ਕੇ ਤੁਰਨਾ ਪੈਂਦਾ ਸੀ ਤਾਂ ਕਿ ਉਸਦੀ ਪੈੜ ਨਾਲ ਦੀ ਨਾਲ ਮਿਟਦੀ ਜਾਵੇ ਤੇ ਕਿਸੇ ਹਿੰਦੂ ਦਾ ਪੈਰ ਉਸ ਉਪਰ ਨਾ ਰੱਖਿਆ ਜਾਵੇ। ਪੂਨੇ ਵਿਚ ਹੀ ਅਛੂਤ ਨੂੰ ਆਪਣੇ ਗਲ਼ ਵਿਚ ਕੁੱਜਾ ਲਟਕਾ ਕੇ ਤੁਰਨਾ ਪੈਂਦਾ ਸੀ ਤਾਂ ਕਿ ਉਹ ਧਰਤੀ ਦੀ ਬਜਾਇ ਕੁੱਜੇ ਵਿਚ ਥੁੱਕਣ ਤੇ ਉਚੀ ਜਾਤ ਵਾਲੇ ਦਾ ਪੈਰ ਉਸਦੇ ਥੁੱਕ ਉਪਰ ਨਾ ਆ ਜਾਵੇ। ਅਜਿਹੀਆਂ ਸਥਿਤੀਆਂ ਵਿਚ ਹੀ ਆਇਨਕਲੀ ਨੇ ਕੇਰਲ ਵਿਚ ਗੱਡੇ ‘ਤੇ ਚੜ੍ਹ ਦੇ ਸੜਕਾਂ ਉਪਰ ਗਸ਼ਤ ਕੀਤੀ ਅਤੇ ਉਪਰਲੀਆਂ ਜਾਤਾਂ ਨਾਲ ਹੱਥਿਆਰਬੰਦ ਲੜਾਈ ਲੜੀ। ਡਾ. ਅੰਬੇਡਕਰ ਆਪਣੀਆਂ ਲਿਖਤਾਂ ਵਿਚ ਇਸ ਸਾਰੇ ਗੈਰਮਨੁੱਖੀ ਤਸ਼ੱਦਦ ਦਾ ਤਿੱਖਾ ਵਿਰੋਧ ਕਰਦੇ ਹਨ। ਜਦੋਂ ਮਹਾਤਮਾ ਗਾਂਧੀ ਆਪਣੀ ਮਾਤ ਭੂਮੀ ਨੂੰ ਪਿਆਰ ਕਰਨ ਦਾ ਉਪਦੇਸ਼ ਦਿੰਦੇ ਹਨ ਤਾਂ ਡਾ. ਅੰਬੇਡਕਰ ਦਾ ਜਵਾਬ ਸੀ, ”ਗਾਂਧੀ ਜੀ ਮੇਰਾ ਕੋਈ ਹੋਮਲੈਂਡ ਨਹੀਂ। ਕੋਈ ਵੀ ਗੈਰਤ ਵਾਲਾ ਅਛੂਤ ਇਸ ਧਰਤੀ ਉਪਰ ਮਾਣ ਨਹੀਂ ਕਰ ਸਕਦਾ।”
ਹਿੰਦੁਸਤਾਨ ਵਿਚ ਜਾਤੀ ਪ੍ਰਥਾ ਨੂੰ ਸਮਝਣ ਲਈ ਡਾ. ਅੰਬੇਡਕਰ ਨੇ ”ਅਨਟਚੇਬਲ” ਨਾਂਅ ਦੀ ਪੂਰੀ ਕਿਤਾਬ ਲਿਖੀ। ਆਪਣੀਆਂ ਦੂਸਰੀਆਂ ਲਿਖਤਾਂ ਵਿਚ ਵੀ ਉਹ ਸਪੱਸ਼ਟ ਕਰਦੇ ਹਨ ਕਿ, ”ਜਾਤ, ਕੰਟਰੋਲ ਕਰਨ ਦਾ ਦੂਜਾ ਨਾਂਅ ਹੈ। ਜਾਤ ਤੁਹਾਡੀ ਜ਼ਿੰਦਗੀ ਮਾਨਣ ਉਪਰ ਬੰਦਸ਼ਾਂ ਲਾਉਂਦੀ ਹੈ। ਅੰਤਰਜਾਤੀ ਖਾਣਪੀਣ ਤੇ ਅੰਤਰਜਾਤੀ ਵਿਆਹ ਦਾ ਤ੍ਰਿਸਕਾਰ ਕਰਦੀ ਹੈ।” ਜਿਸ ਹਿੰਦੂ ਧਰਮ ਵਿਚ ਜਾਤਪਾਤ ਦਾ ਕੋਹੜ ਹੈ ਉਸ ਦਾ ਸਮੁੱਚਾ ਵਿਸ਼ਲੇਸ਼ਨ ਵੀ ਡਾ. ਅੰਬੇਡਕਰ ਨੇ ਕਈ ਥਾਂਈ ਕੀਤਾ ਹੈ। ਹਿੰਦੂ ਧਰਮ ਆਪਣੇ ਗ੍ਰੰਥਾਂ ਨੂੰ ਅਨਾਦੀ ਤੇ ਅਨੰਤ ਮੰਨਦਾ ਹੈ ਇਸ ਲਈ ਡਾ. ਅੰਬੇਡਕਰ ਅਨੁਸਾਰ ਇਸ ਧਰਮ ਵਿਚ ਬੋਲਣ ਦੀ ਆਜ਼ਾਦੀ ਨਹੀਂ ਹੋ ਸਕਦੀ। ਧਾਰਮਿਕ ਗ੍ਰੰਥਾਂ ਨੂੰ ਸਭ ਕੁੱਝ ਮੰਨਣ ਵਾਲੇ ਸਾਰੇ ਧਰਮਾਂ ਉਪਰ ਡਾ. ਅੰਬੇਡਕਰ ਦੇ ਇਹ ਵਿਚਾਰ ਲਾਗੂ ਹੁੰਦੇ ਹਨ। ਉਨ੍ਹਾਂ ਅਨੁਸਾਰ ਇਕ ਹਿੰਦੂ ਨੂੰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਨੂੰ ਤਿਆਗਣਾ ਪੈਂਦਾ ਹੈ। ਉਸਨੂੰ ਵੇਦਾਂ ਅਨੁਸਾਰ ਵਿਹਾਰ ਕਰਨਾ ਪੈਂਦਾ ਹੈ। ਜੇ ਵਿਹਾਰ ਨੂੰ ਵੇਦ ਮਾਨਤਾ ਨਹੀਂ ਦਿੰਦੇ ਤਾਂ ਸਮ੍ਰਿਤੀਆਂ ਅਨੁਸਾਰ ਇਸਦੀ ਪਰਖ ਕੀਤੀ ਜਾਂਦੀ ਹੈ। ਜੇ ਸਿਮ੍ਰਤੀਆਂ ਵੀ ਕੋਈ ਰਾਹ ਨਹੀਂ ਦੱਸਦੀਆਂ ਤਾਂ ਮਨੁੱਖੀ ਵਿਹਾਰ ਨੂੰ ਵੱਡੇ ਬੰਦਿਆਂ ਦੇ ਕਥਨਾਂ ਅਨੁਸਾਰ ਪਰਖਣਾ ਪੈਂਦਾ ਹੈ। ਮਨੁੱਖ ਤੋਂ ਤਰਕ ਦੀ ਆਸ ਨਹੀਂ ਕੀਤੀ ਜਾਂਦੀ ਇਸ ਲਈ ਜਿੰਨਾ ਚਿਰ ਤੁਸੀਂ ਹਿੰਦੂ ਧਰਮ ਵਿਚ ਹੋ ਤੁਸੀਂ ਸੋਚਣ ਦੀ ਆਜ਼ਾਦੀ ਦਾ ਸੁਪਨਾ ਵੀ ਨਹੀਂ ਲੈ ਸਕਦੇ। ਦੇਖਿਆ ਜਾਵੇ ਤਾਂ ਜਾਤੀਪ੍ਰਥਾ ਦੀ ਜਿਲ੍ਹਣ ਤੇ ਸੋਚਣ ਦੀ ਗੁਲਾਮੀ ਅਜਿਹੇ ਦੋ ਵੱਡੇ ਕਾਰਨ ਸਨ ਜਿਨ੍ਹਾਂ ਕਰਕੇ ਡਾ. ਅੰਬੇਡਕਰ ਆਪਣੇ ਪੰਜ ਲੱਖ ਪੈਰੋਕਾਰਾਂ ਨਾਲ ਬੁੱਧ ਧਰਮ ਗ੍ਰਹਿਣ ਕਰ ਲੈਂਦੇ ਹਨ। ਕੀ ਕੋਈ ਧਰਮ ਪਰਿਵਰਤਨ ਮਨੁੱਖੀ ਸਮਾਜ ਵਿਚ ਗੁਣਾਤਮਕ ਤਬਦੀਲੀ ਲਿਆ ਸਕਦਾ ਹੈ? ਇਹ ਬਹਿਸ ਦਾ ਵਿਸ਼ਾ ਹੈ।
ਡਾ ਅੰਬੇਡਕਰ ਦੀਆਂ ਲਿਖਤਾਂ ਵਿਚ ਅਨੇਕਾਂ ਅਜਿਹੇ ਵਿਚਾਰ ਹਨ ਜਿਨ੍ਹਾਂ ਨੂੰ ਨਾਅਰਿਆਂ ਵਾਂਗ ਵਰਤਿਆ ਜਾਂਦਾ ਹੈ। ਇਹ ਵਿਚਾਰ ਹਨ ਵੀ ਬੜੇ ਮਹੱਤਵਪੂਰਨ ਜਿਵੇਂ : ਜੋ ਇਤਿਹਾਸ ਨੂੰ ਭੁੱਲ ਜਾਂਦੇ ਹਨ ਉਹ ਇਤਿਹਾਸ ਸਿਰਜ ਨਹੀਂ ਸਕਦੇ, ਮੈਂ ਉਸ ਧਰਮ ਨੂੰੂ ਪਸੰਦ ਕਰਦਾ ਹਾਂ ਜਿਹੜਾ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਹ ਨਾਅਰਾ ਨਵਜਾਗਰਣ ਦਾ ਸੀ ਜਿਸਨੂੰ ਡਾ. ਅੰਬੇਡਕਰ ਧਰਮ ਉਪਰ ਲਾਗੂ ਕਰਦੇ ਹਨ। ਏਸੇ ਤਰ੍ਹਾਂ : ਜ਼ਿੰਦਗੀ ਲੰਮੀ ਹੋਣੀ ਜ਼ਰੂਰੀ ਨਹੀਂ ਮਹਾਨ ਹੋਣੀ ਜ਼ਰੂਰੀ ਹੈ। ਮਨੁੱਖੀ ਹੋਂਦ ਦਾ ਅੰਤਮ ਨਿਸ਼ਾਨਾ ਬੌਧਿਕਤਾ ਮਨ ਦਾ ਵਿਕਾਸ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਚਾਹੀਦਾ ਹੈ ਤਾਂਕਿ ਅਸੀਂ ਆਪਣੇ ਅਧਿਕਾਰਾਂ ਲਈ ਪੂਰੀ ਸਮਰੱਥਾ ਅਨੁਸਾਰ ਸੰਘਰਸ਼ ਕਰ ਸਕੀਏ। ਆਪਣਾ ਸੰਘਰਸ਼ ਜਾਰੀ ਰੱਖੋ ਅਤੇ ਆਪਣੀਆਂ ਤਾਕਤਾਂ ਨੂੰ ਸੰਗਠਤ ਕਰੋ। ਸੱਤਾ ਤੇ ਇੱਜ਼ਤ ਤੁਹਾਡੇ ਸੰਘਰਸ਼ਾਂ ਨਾਲ ਹੀ ਤੁਹਾਨੂੰ ਮਿਲੇਗੀ। ਮਨੁੱਖ ਜੇ ਸਦੀਵੀ ਨਹੀਂ ਤਾਂ ਵਿਚਾਰ ਵੀ ਸਦੀਵੀਂ ਨਹੀਂ। ਵਿਚਾਰਾਂ ਨੂੰ ਫੈਲਾਉਣ ਦੀ ਲੋੜ ਪੈਂਦੀ ਹੈ ਉਵੇਂ ਹੀ ਜਿਵੇਂ ਬੂਟਿਆਂ ਨੂੰ ਪਾਣੀ ਦੀ ਲੋੜ ਪੈਂਦੀ ਹੈ। ਇਨ੍ਹਾਂ ਤੋਂ ਬਗੈਰ ਦੋਨਾਂ ਦੀ ਮੌਤ ਨੂੰ ਕੋਈ ਨਹੀਂ ਰੋਕ ਸਕਦਾ। ਇਹ ਵਿਚਾਰ ਧਾਰਮਿਕ ਸਿਧਾਂਤਾਂ ਲਈ ਵੀ ਸਹੀ ਹਨ ਤੇ ਮਾਰਕਸਵਾਦੀ ਵਿਚਾਰਾਂ ਲਈ ਵੀ। ਸੰਘਰਸ਼ ਦੇ ਨਾਲ ਮਾਰਕਸਵਾਦੀ ਸਿਧਾਂਤਾਂ ‘ਤੇ ਅਮਲ ਅਤੇ ਇਨ੍ਹਾਂ ਦਾ ਪ੍ਰਚਾਰ ਪ੍ਰਸਾਰ ਵੀ ਬੇਹੱਦ ਜ਼ਰੂਰੀ ਹੈ। ਰਾਜਨੀਤਕ ਜ਼ੁਲਮ ਸਹਿਣ ਨਾਲੋਂ ਵੀ ਮੁਸ਼ਕਲ ਹੈ ਸਮਾਜਿਕ ਜ਼ੁਲਮ ਸਹਿਣਾ। ਸਮਾਜਿਕ ਜ਼ੁਲਮ ਸਹਿਣ ਵਾਲੇ ਵਧੇਰੇ ਬਹਾਦਰ ਤੇ ਹੌਂਸਲੇ ਵਾਲੇ ਹੁੰਦੇ ਹਨ। ਹਰ ਧਰਮ ਦੇ ਧਰਮ ਗ੍ਰੰਥਾਂ ਦੀ ਉਚਤਾ ਨੂੰ ਸਮਾਪਤ ਕਰਨਾ ਜ਼ਰੂਰੀ ਹੈ। ਔਰਤ ਮਰਦ ਦਾ ਰਿਸ਼ਤਾ ਦੋਸਤਾਂ ਵਰਗਾ ਹੋਣਾ ਚਾਹੀਦਾ ਹੈ।
ਡਾ. ਅੰਬੇਡਕਰ ਭਗਤੀ ਤੇ ਵਿਅਕਤੀ/ਨਾਇਕ ਪੂਜਾ ਨੂੰ ਇਕ ਸਮਾਨ ਸਮਝਦੇ ਹੋਏ ਰਾਜਨੀਤੀ ਵਿਚ ਇਸਦਾ ਵਿਰੋਧ ਕਰਦੇ ਹਨ। ਉਨ੍ਹਾਂ ਅਨੁਸਾਰ ਧਰਮ ਵਿਚ ਭਗਤੀ ਸ਼ਾਇਦ ਆਤਮਾ ਨੂੰ ਮੁਕਤੀ ਦਿੰਦੀ ਹੋਵੇ ਪ੍ਰੰਤੂ ਰਾਜਨੀਤੀ ਵਿਚ ਨਾਇਕ ਪੂਜਾ ਡਿਕਟੇਟਰਸ਼ਿਪ ਵੱਲ ਜਾਂਦਾ ਰਾਹ ਹੈ। ਇਸੇ ਲਈ ਉਹ ਤਰਕਵਾਦੀ ਹੋਣ ਕਾਰਨ ਆਪਣੇ ਆਪ ਨੂੰ ਮੂਰਤੀਭੰਜਕ ਕਹਿੰਦੇ ਹਨ। ਮਹਾਤਮਾ ਗਾਂਧੀ ਨਾਲ ਡਾ. ਅੰਬੇਡਕਰ ਦੇ ਸੰਵਾਦ ਨੂੰ ਵੀ ਇਸੇ ਦ੍ਰਿਸ਼ਟੀ ਤੋਂ ਵਿਚਾਰ ਕਰਨਾ ਬਣਦਾ ਹੈ। ਉਹ ਮਹਾਤਮਾ ਗਾਂਧੀ ਦੇ ਵਿਚਾਰਾਂ ਪਿੱਛੇ ਉਨ੍ਹਾਂ ਦੀ ਮਨਸ਼ਾ ਦਾ, ਵਿਸ਼ੇਸ਼ ਤੌਰ ‘ਤੇ ਦਲਿਤਾਂ ਨੂੰ ਅਧੀਨ ਰੱਖਣ ਦੀ ਮਾਨਸਿਕਤਾ ਨੂੰ ਬੇਕਿਰਕ ਹੋ ਕੇ ਉਜਾਗਰ ਕਰਦੇ ਹਨ। ਮਹਾਤਮਾ ਗਾਂਧੀ ਦੇ ਮਰਨ ਵਰਤ ਅੱਗੇ ਝੁਕ ਕੇ ਡਾ. ਅੰਬੇਡਕਰ ਨੂੰ ਸਮਝੌਤਾ ਵੀ ਕਰਨਾ ਪੈਂਦਾ ਹੈ। ਪਰ ਉਹ ਬੌਧਿਕ ਸੁਤੰਤਰਤਾ ਤੇ ਤਰਕ ਦਾ ਪੱਲਾ ਨਹੀਂ ਛੱਡਦੇ।
ਡਾ. ਅੰਬੇਡਕਰ ਅਨੁਸਾਰ ਬੌਧਿਕ ਆਜ਼ਾਦੀ ਹੀ ਅਸਲ ਆਜ਼ਾਦੀ ਹੈ। ਵਿਅਕਤੀ ਜੋ ਜ਼ੰਜ਼ੀਰਾਂ ਵਿਚ ਜਕੜਿਆ ਨਾ ਵੀ ਹੋਵੇ ਜੇ ਉਸਦਾ ਮਨ ਆਜ਼ਾਦ ਨਹੀਂ ਹੈ ਤਾਂ ਉਹ ਗੁਲਾਮ ਹੈ ਆਜ਼ਾਦ ਨਹੀਂ। ਵਿਅਕਤੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਾ ਵੀ ਹੋਵੇ ਪਰ ਜੇ ਉਸਦਾ ਮਨ ਆਜ਼ਾਦ ਨਹੀਂ ਤਾਂ ਉਸਨੂੰ ਆਜ਼ਾਦ ਨਹੀਂ ਕਿਹਾ ਜਾ ਸਕਦਾ। ਜਿਸ ਆਦਮੀ ਦਾ ਮਨ ਆਜ਼ਾਦ ਨਹੀਂ ਭਾਵੇਂ ਉਹ ਜਿਉਂ ਰਿਹਾ ਹੋਵੇ ਪਰ ਉਹ ਮਰਿਆਂ ਸਮਾਨ ਹੈ। ਮਨ ਦੀ ਸੁਤੰਤਰਤਾ ਮਨੁੱਖੀਂ ਹੋਂਦ ਦਾ ਪ੍ਰਮਾਣ ਹੈ। ਡਾ. ਅੰਬੇਡਕਰ ਨੇ ਇਕ ਹੋਰ ਸਵਾਲ ਉਠਾਇਆ ਹੈ ਕਿ ਆਜ਼ਾਦੀ ਦੀ ਲੋੜ ਕਿਉਂ ਹੈ? ਜਵਾਬ ਵਿਚ ਉਹ ਦੱਸਦੇ ਹਨ ਕਿ ਸਮਾਜਿਕ ਸਿਸਟਮ ਨੂੰ ਸੁਧਾਰਨ ਲਈ ਸਾਨੂੰ ਇਸਦੀ ਬੇਹੱਦ ਲੋੜ ਹੈ ਕਿਉਂਕਿ ਇਸ ਵਿਚ ਅਸਮਾਨਤਾਵਾਂ ਦੇ ਅੰਬਾਰ ਹਨ, ਵਿਤਕਰੇ ਥਾਂ ਥਾਂ ਹੁੰਦੇ ਹਨ ਤੇ ਇਹ ਅਸਮਾਨਤਾਵਾਂ ਤੇ ਵਿਤਕਰੇ ਸਾਡੇ ਮੂਲ ਅਧਿਕਾਰਾਂ ਨਾਲ ਟਕਰਾਉਂਦੇ ਹਨ।
ਧਰਮ ਤੇ ਰੱਬ ਬਾਰੇ ਡਾ. ਅੰਬੇਡਕਰ ਦੇ ਵਿਚਾਰ ਬੁੱਧ ਧਰਮ ਤੋਂ ਪ੍ਰਭਾਵਿਤ ਹਨ ਤੇ ਮਾਰਕਸਵਾਦ ਦੇ ਪਦਾਰਥਵਾਦੀ ਨਜ਼ਰੀਏ ਦੇ ਨੇੜੇ ਹਨ। ਉਨ੍ਹਾਂ ਅਨੁਸਾਰ ਹਰ ਧਰਮ ਕੀਮਤੀ ਜਾਂ ਪੂਜਣਯੋਗ ਨਹੀਂ ਹੁੰਦਾ। ਧਰਮ ਨੂੰ ਜ਼ਿੰਦਗੀ ਦੇ ਤੱਥਾਂ ਨਾਲ ਇਕਸੁਰ ਹੋਣਾ ਚਾਹੀਦਾ ਹੈ ਨਾ ਕਿ ਰੱਬ ਤੇ ਆਤਮਾ, ਸਵਰਗਾਂ ਦੇ ਸਿਧਾਂਤਾਂ ਜਾਂ ਕਲਪਨਾਵਾਂ ਅਨੁਸਾਰ ਹੋਣਾ ਜ਼ਰੂਰੀ ਹੈ। ਧਰਮ ਨੂੰ ਰੱਬ ਕੇਂਦ੍ਰਿਤ ਬਣਾਉਣਾ ਮਾੜਾ ਰੁਝਾਨ ਹੈ। ਇਸੇ ਤਰ੍ਹਾਂ ਮੁਕਤੀ ਤੇ ਆਤਮਾਂ ਨੂੰ ਕੇਂਦਰ ਵਿਚ ਲਿਆਉਣਾ ਵੀ ਗਲਤ ਹੈ। ਪਸ਼ੂ ਬਲੀ ਨੂੰ ਧਰਮ ਦੇ ਕੇਂਦਰ ਵਿਚ ਨਹੀਂ ਆਉਣਾ ਚਾਹੀਦਾ। ਅਸਲੀ ਧਰਮ ਮਨੁੱਖ ਦੇ ਦਿਲ ਵਿਚ ਹੁੰਦਾ ਹੈ ਸ਼ਾਸ਼ਤਰਾਂ ਵਿਚ ਨਹੀਂ। ਧਰਮ ਦੇ ਕੇਂਦਰ ਵਿਚ ਮਨੁੱਖ ਤੇ ਸਦਾਚਾਰ ਰਹਿਣੇ ਚਾਹੀਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਧਰਮ ਜ਼ੁਲਮੀ ਅੰਧਵਿਸ਼ਵਾਸ਼ ਹੈ। ਧਰਮ ਦਾ ਕਾਰਜ ਦੁਨੀਆਂ ਦੀ ਸਿਰਜਣਾ ਕਰਨਾ ਹੈ ਅਤੇ ਇਸਨੂੰ ਖੁਸ਼ਹਾਲ ਬਣਾਉਣਾ ਹੈ ਨਾਕਿ ਇਸ ਦੇ ਆਦਿ ਅੰਤ ਦੀ ਵਿਆਖਿਆ ਕਰਨਾ ਹੈ। ਹਿੱਤਾਂ ਦੇ ਟਕਰਾਅ ਕਾਰਨ ਦੁਨੀਆਂ ਵਿਚ ਦੁੱਖ/ਨਾਖੁਸ਼ੀਆਂ ਹਨ ਇਨ੍ਹਾਂ ਟਕਰਾਵਾਂ ਨੂੰ ਬੁੱਧ ਧਰਮ ਦੇ ਅਸ਼ਟਾਂਗ ਮਾਰਗ ‘ਤੇ ਚਲ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਨਿੱਜੀ ਜਾਇਦਾਦ ਕਿਸੇ ਇਕ ਜਮਾਤ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਤੇ ਦੂਸਰੀ ਜਮਾਤ ਲਈ ਦੁੱਖ ਲੈ ਕੇ ਆਉਂਦੀ ਹੈ। ਧਰਮ ਬਾਰੇ ਇਹ ਵਿਚਾਰ ”ਬੁੱਧ ਜਾਂ ਕਾਰਲ ਮਾਰਕਸ” ਪੁਸਤਕ ਵਿਚ ਪ੍ਰਗਟਾਏ ਗਏ ਹਨ ਜਿਨ੍ਹਾਂ ਵਿਚ ਕਈ ਮਾਰਕਸਵਾਦੀ ਵਿਚਾਰਾਂ ਦੇ ਬੜੇ ਨੇੜੇ ਹਨ। ਇਨ੍ਹਾਂ ਦਾ ਡੂੰਘਾਈ ਵਿਚ ਜਾ ਕੇ ਅਧਿਐਨ ਕਰਨ ਦੀ ਲੋੜ ਹੈ। ਡਾ. ਅੰਬੇਡਕਰ ਦਲਿਤਾਂ ਲਈ ਰੱਬ ਨੂੰੂ ਮੰਨਣ ਦੇ ਬੜੇ ਭੈੜੇ ਸਿੱਟੇ ਨਿਕਲਦੇ ਦੇਖਦੇ ਹਨ। ਪੀੜ੍ਹੀਆਂ ਦੀਆਂ ਪੀੜ੍ਹੀਆਂ ਨੇ ਰੱਬ ਦੇ ਦਰ ‘ਤੇ ਮੱਥੇ ਰਗੜ ਰਗੜ ਕੇ ਆਪਣੇ ਆਪ ਨੂੰ ਤਬਾਹ ਕੀਤਾ ਹੈ ਪਰ ਰੱਬ ਨੇ ਉਨ੍ਹਾਂ ਉਪਰ ਤਰਸ ਨਹੀਂ ਕੀਤਾ। ਪੀੜ੍ਹੀਆਂ ਦੀਆਂ ਪੀੜ੍ਹੀਆਂ ਨੇ ਪਿੰਡਾਂ ਦਾ ਗੰਦ ਸਾਫ ਕੀਤਾ ਪਰ ਰੱਬ ਨੇ ਕੀ ਕੀਤਾ? ਮਰੇ ਡੰਗਰ ਖਾਣ ਲਈ ਦਿੱਤੇ। ਰੱਬ ਨੇ ਕੋਈ ਤਰਸ ਨਹੀਂ ਕੀਤਾ। ਕੀ ਤੁਸੀਂ ਇਸ ਰੱਬ ਦੀ ਪੂਜਾ ਨਹੀਂ ਕਰਦੇ? ਇਹ ਦਲਿਤਾਂ ਦੀ ਸਰਾਸਰ ਅਗਿਆਨਤਾ ਹੈ। ਅਸਲ ਵਿਚ ਸਮਾਜ ਨੇ ਤੇ ਮਨੂੰਵਾਦ ਨੇ ਸ਼ੂਦਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਕਰਨ ਲਈ ਪੂਰਾ ਜਾਲ ਵਿਛਾਇਆ ਹੋਇਆ ਹੈ। ਇਹ ਅਧਿਕਾਰ ਕਦੇ ਵੀ ਰੱਬ ਮੁਹਰੇ ਤਰਲਿਆਂ ਜਾਂ ਜਾਲਮਾਂ ਨੂੰ ਉਨ੍ਹਾਂ ਦੀਆਂ ਜ਼ਮੀਰਾਂ ਦਾ ਵਾਸਤਾ ਪਾਉਣ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਇਸ ਲਈ ਸੰਘਰਸ਼ ਤੇ ਸਿਰਫ ਸੰਘਰਸ਼ ਹੀ ਇਕ ਰਸਤਾ ਹੈ। ਲੋੜ ਸ਼ੇਰ ਬਣਨ ਦੀ ਹੈ। ਬਲੀ ਬੱਕਰੇ ਦੀ ਦਿੱਤੀ ਜਾਂਦੀ ਹੈ ਸ਼ੇਰ ਦੀ ਨਹੀਂ।
ਡਾ. ਅੰਬੇਡਕਰ ਜਦੋਂ ਮਨ ਤੇ ਸਰੀਰ ਦੇ ਰਿਸ਼ਤਿਆਂ ਦੀ ਵਿਆਖਿਆ ਕਰਦੇ ਹਨ ਤਾਂ ਉਹ ਵਿਰੋਧ ਵਿਕਾਸੀ ਪਦਾਰਥਵਾਦੀ ਵਿਖਾਈ ਦਿੰਦੇ ਹਨ। ਉਨ੍ਹਾਂ ਦਾ ਸਵਾਲ ਹੈ ਮਨੁੱਖੀ ਸਰੀਰ ਬਿਮਾਰ ਕਿਉਂ ਹੁੰਦਾ ਹੈ? ਕਾਰਨ? ਜਦੋਂ ਤੱਕ ਮਨੁੱਖੀ ਸਰੀਰ ਦੁੱਖਾਂ/ਬਿਮਾਰੀਆਂ ਤੋਂ ਨਿਜਾਤ ਨਹੀਂ ਪਾਉਂਦਾ ਤਾਂ ਮਨ ਖੁਸ਼ ਹੋ ਹੀ ਨਹੀਂ ਸਕਦਾ। ਜੇ ਮਨੁੱਖ ਵਿਚ ਉਤਸ਼ਾਹ ਹੀ ਨਹੀਂ ਤਾਂ ਸਮਝੋ ਉਸਦਾ ਸਰੀਰ ਜਾਂ ਮਨ ਬਿਮਾਰ ਹੈ। ਮਨੁੱਖ ਵਿਚ ਉਤਸ਼ਾਹ ਕਿੱਥੋਂ ਆਉਂਦਾ ਹੈ? ਉਤਸ਼ਾਹ ਨਹੀਂ ਹੋਵੇਗਾ ਤਾਂ ਜ਼ਿੰਦਗੀ ਨਰਕ ਬਣ ਜਾਵੇਗੀ ਕੇਵਲ ਭਾਰ ਜਿਸਨੂੰ ਢੋਣਾ ਪੈ ਰਿਹਾ ਹੈ। ਉਤਸ਼ਾਹ ਬਗੈਰ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਮਨੁੱਖ ਵਿਚ ਉਤਸ਼ਾਹ ਦੀ ਘਾਟ ਹੋਣ ਦਾ ਕਾਰਨ ਹੈ ਕਿ ਉਸਨੂੰ ਕੋਈ ਮੌਕਾ ਪ੍ਰਾਪਤ ਹੋਣ ਤੇ ਉਪਰ ਉਠਣ ਦੀ ਕੋਈ ਆਸ ਨਹੀਂ ਰਹਿੰਦੀ। ਬੇਆਸ ਹੋਣਾ ਉਤਸ਼ਾਹ ਨੂੰ ਮਾਰ ਦਿੰਦਾ ਹੈ। ਮਨ ਅਜਿਹੀ ਸਥਿਤੀ ਵਿਚ ਬਿਮਾਰ ਹੋ ਜਾਂਦਾ ਹੈ। ਉਤਸ਼ਾਹ ਕਦੋਂ ਆਉਂਦਾ ਹੈ? ਜਦੋਂ ਮਨੁੱਖ ਅਜਿਹੇ  ਧੁਲੇ ਵਾਤਾਵਰਣ ਵਿਚ ਸਾਹ ਲੈਂਦਾ ਹੈ ਕਿ ਉਸਨੂੰ ਆਪਣੇ ਕੀਤੇ ਕੰਮ ਦਾ ਸਹੀ ਮੁਆਵਜ਼ਾ/ਇਨਾਮ ਮਿਲਣਾ ਤੈਅ ਹੋਵੇ। ਸਿਰਫ ਇਸੇ ਸੂਰਤ ਵਿਚ ਹੀ ਮਨੁੱਖ ਵਿਚ ਉਤਸ਼ਾਹ ਤੇ ਪ੍ਰੇਰਣਾ ਦੀ ਅਮੀਰੀ ਆਉਂਦੀ ਹੈ। ਅਜੋਕੇ ਬੇਆਸ ਵਾਤਾਵਰਨ ਨੂੰ ਸਮਝਣ ਲਈ ਡਾ. ਅੰਬੇਡਕਰ ਦੇ ਇਹ ਵਿਚਾਰ ਬੜੇ ਮਹੱਤਵਪੂਰਨ ਹਨ।
ਅੱਜ ਜਦ ਕਿ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ 26 ਜਨਵਰੀ 1950 ਨੂੰ ਦਿੱਤੇ ਡਾ. ਅੰਬੇਡਕਰ ਦੇ ਭਾਸ਼ਨ ਦੇ ਕੁੱਝ ਅੰਸ਼ਾਂ ਉਪਰ ਨਜ਼ਰ ਮਾਰ ਲੈਣੀ ਜਰੂਰੀ ਹੋ ਜਾਂਦੀ ਹੈ। ਉਨ੍ਹਾਂ ਨੇ ਰਾਜਨੀਤਕ, ਸਮਾਜਿਕ ਤੇ ਆਰਥਿਕ ਜੀਵਨ ਦੀਆਂ ਵਿਰੋਧਤਾਈਆਂ ਨੂੰ ਕੇਂਦਰ ਵਿਚ ਰੱਖਦਿਆਂ ਕਿਹਾ ਸੀ ਕਿ ਰਾਜਨੀਤਕ ਪੱਧਰ ‘ਤੇ ਸੰਵਿਧਾਨ ਅਨੁਸਾਰ ਅਸੀਂ ਬਰਾਬਰ ਹਾਂ ਜਦਕਿ ਸਮਾਜਿਕ ਅਤੇ ਆਰਥਿਕ ਪੱਧਰ ‘ਤੇ ਨਾਬਰਾਬਰੀ ਜਿਓਂ ਦੀ ਤਿਓਂ ਹੈ। ਰਾਜਨੀਤੀ ਵਿਚ ਅਸੀਂ ਇਕ ਵਿਅਕਤੀ ਇਕ ਵੋਟ ਦੇ ਸਿਧਾਂਤ ਨੂੰ ਸਵੀਕਾਰ ਕੀਤਾ ਹੈ। ਭਾਵ ਇਕ ਵੋਟ ਦੀ ਇਕ ਕੀਮਤ ਪਰ ਸਮਾਜਿਕ ਤੇ ਆਰਥਿਕ ਜੀਵਨ ਵਿਚ ਸਮਾਜਿਕ ਸਟਰਕਚਰ ਅਨੁਸਾਰ ਇਕ ਆਦਮੀ ਦੀ ਇਕੋ ਜਿੰਨੀ ਕੀਮਤ ਤੋਂ ਅਸੀਂ ਇਨਕਾਰੀ ਹਾਂ। ਇਹ ਅੰਤਰ-ਵਿਰੋਧ ਕਦੋਂ ਤੱਕ ਰਹਿਣਗੇ? ਸਮਾਜਿਕ ਅਤੇ ਆਰਥਿਕ ਜੀਵਨ ਵਿਚ ਬਰਾਬਰੀ ਤੋਂ ਕਦੋਂ ਤੱਕ ਇਨਕਾਰ ਕਰਾਂਗੇ? ਜੇ ਅਸੀਂ ਇਸ ਵਿਰੋਧ ਨੂੰ ਜਾਰੀ ਰੱਖਦੇ ਹਾਂ ਤਾਂ ਅਸੀਂ ਆਪਣੀ ਡੈਮੋਕਰੇਸੀ ਨੂੰ ਤਬਾਹ ਕਰਾਂਗੇ। ਇਸ ਅੰਤਰ ਵਿਰੋਧ ਨੂੰ ਜਿੰਨੀ ਜਲਦੀ ਹੱਲ ਕਰਾਂਗੇ ਓਨਾ ਹੀ ਚੰਗਾ ਹੋਵੇਗਾ ਨਹੀਂ ਤਾਂ ਜੋ ਨਾਬਰਾਬਰੀ ਭੋਗਦੇ ਹਨ ਉਹ ਰਾਜਨੀਤਕ ਸੰਰਚਨਾ ਨੂੰ ਉਡਾ ਦੇਣਗੇ, ਜਿਸਨੂੰ ਪਾਰਲੀਮੈਂਟ ਨੇ ਏਨੀ ਮਿਹਨਤ ਨਾਲ ਬਣਾਇਆ ਹੈ। ਅੰਬੇਡਕਰ ਦੇ ਇਨ੍ਹਾਂ ਵਿਚਾਰਾਂ ਨੂੰ ਅੱਗੇ ਤੋਰੀਏ ਤਾਂ ਇਹ ਵਿਰੋਧਤਾਈਆਂ ਹੱਲ ਨਹੀਂ ਹੋਈਆਂ ਸਗੋਂ ਵੱਧ ਰਹੇ ਆਰਥਿਕ ਪਾੜੇ ਵਿਚ ਬਿਲਕੁਲ ਅਮੀਰ ਪੱਖੀ ਹੋ ਕੇ ਸੰਵਿਧਾਨ ਨੂੰ ਨਵੇਂ ਖਤਰੇ ਪੈਦਾ ਹੋ ਗਏ ਹਨ, ਜਿਸ ਵਿਚ ਅੰਧਰਾਸ਼ਟਰਵਾਦ ਆਪਣਾ ਰੰਗ ਵਿਖਾ ਰਿਹਾ ਹੈ।
ਡਾ. ਅੰਬੇਡਕਰ ਦੀਆਂ ਲਿਖਤਾਂ ਦੀਆਂ ਚਾਲੀ ਤੋਂ ਉਪਰ ਜਿਲਦਾਂ ਮਿਲਦੀਆਂ ਹਨ। ਉਨ੍ਹਾਂ ਸਭ ਦਾ ਮੁਲਾਂਕਣ ਕਰਨਾ ਬੜਾ ਵੱਡਾ ਕਾਰਜ ਹੈ। ਅਸੀਂ ਇੱਥੇ ਉਨ੍ਹਾਂ ਦੇ ਕੁੱਝ ਵਿਚਾਰਾਂ ਨੂੰ ਕੇਂਦਰ ਵਿਚ ਰੱਖ ਕੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਦੀ ਇਹ ਉਕਤੀ ਆਮ ਵਰਤੀ ਜਾਂਦੀ ਹੈ ਕਿ ”ਪੜ੍ਹੋ, ਸੰਗਠਿਤ ਹੋਵੇੇ ਅਤੇ ਸੰਘਰਸ਼ ਕਰੋ।” ਪਹਿਲਾਂ ਇਸਦੇ ਅਰਥ ਦਲਿਤਾਂ ਨੂੰ ਹੀ ਸੰਬੋਧਿਤ ਸਨ, ਪਰ ਹੁਣ ਸੰਕਟ ਏਨਾ ਗੰਭੀਰ ਹੈ ਕਿ ਇਸ ਕਥਨ ਨੂੰ ਵਿਸਤਾਰ ਕੇ ਖੱਬੀਆਂ ਧਿਰਾਂ ਅਤੇ ਦਲਿਤ ਧਿਰਾਂ ਦੀ ਏਕਤਾ ਤੋਂ ਵੀ ਅਗਾਂਹ ਘੱਟ ਗਿਣਤੀਆਂ ਅਤੇ ਐਸ.ਟੀ.; ਬੀ.ਸੀ ਏਕਤਾ ਤੱਕ ਵਿਸਤਾਰ ਦੇਣ ਦੀ ਲੋੜ ਹੈ। ਖੱਬੀਆਂ ਧਿਰਾਂ ਤੇ ਦਲਿਤ ਚਿੰਤਕ ਵੀ ਇਸ ਉਪਰ ਬਲ ਦੇ ਰਹੇ ਹਨ। ਜਿੱਥੇ ਆਰ.ਐਮ.ਪੀ.ਆਈ. ਨੇ ਆਪਣੇ ਸੰਵਿਧਾਨ ਵਿਚ ਅਜਿਹੀ ਸਮਾਜਿਕ ਵਿਵਸਥਾ ਸਥਾਪਿਤ ਕਰਨ ਦਾ ਅਹਿਦ ਕੀਤਾ ਹੈ ਜਿਸ ਵਿਚ ਦਲਿਤ ਤੇ ਨਾਰੀ ਦੀ ਸਮਾਨਤਾ ਸੁਨਿਸ਼ਚਿਤ ਹੋਵੇ ਉਥੇ ਦਲਿਤ ਲਹਿਰ ਦੇ ਸੰਸਥਾਪਕਾਂ ਨੇ ਵੀ ਦਲਿਤਾਂ ਤੇ ਖੱਬੀ ਏਕਤਾ ਉਪਰ ਬਲ ਦਿੱਤਾ ਹੈ। ਸ਼ਰਨ ਕੁਮਾਰ ਲਿੰਬਾਲੇ ਗੁਪਾਲ ਪ੍ਰਧਾਨ ਨੂੰ ਦਿੱਤੀ ਇੰਟਰਵਿਊ ਵਿਚ ਸਪੱਸ਼ਟ ਕਰਦਾ ਹੈ ਕਿ ”ਦੱਬੇ ਕੁੱਚਲੇ ਲੋਕਾਂ ਦੇ ਆਰਥਿਕ ਸਵਾਲਾਂ ਨੂੰ ਲੈ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਆਰਥਿਕ ਲੁੱਟ ਨੂੰ ਛੱਡ ਕੇ ਕੇਵਲ ਸਮਾਜਿਕ ਪ੍ਰਸ਼ਨਾਂ ਨੂੰ ਤਰਜੀਹ ਦੇਣ ਕਾਰਨ ਅੰਦੋਲਨ ਵਿਚ ਖੜੋਤ ਆ ਗਈ ਹੈ। ਅਜਿਹੀ ਸਥਿਤੀ ਵਿਚ ਕਮਿਊਨਿਸਟਾਂ ਨਾਲ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਮੇਰਾ ਤਾਂ ਮੰਨਣਾ ਹੈ ਕਿ ਹਰ ਸ਼ੋਸ਼ਿਤ ਹੋਏ ਵਿਅਕਤੀ ਨੂੰ ਅੰਬੇਡਕਰ ਪੜ੍ਹਨਾ ਚਾਹੀਦਾ ਹੈ ਅਤੇ ਹਰ ਦਲਿਤ ਨੂੰ ਮਾਰਕਸ ਪੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਮਿਲ ਕੇ ਇਹ ਲੜਾਈ ਅੱਗੇ ਵੱਧ ਸਕਦੀ ਹੈ।” ਹੁਣ ਲੋੜ ਹੈ ਇਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ।

Scroll To Top