Now Reading
ਨਸ਼ਾ ਸਮਗਲਰਾਂ, ਉੱਚ ਪੁਲਸ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਪਾਕ ਗੱਠਜੋੜ ਨੂੰ ਬੇਪਰਦਾ ਕੀਤਾ ਜਾਵੇ

ਨਸ਼ਾ ਸਮਗਲਰਾਂ, ਉੱਚ ਪੁਲਸ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਪਾਕ ਗੱਠਜੋੜ ਨੂੰ ਬੇਪਰਦਾ ਕੀਤਾ ਜਾਵੇ

ਲੁਧਿਆਣਾ : ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਸੂਬੇ ਅੰਦਰ ਲਗਾਤਾਰ ਸਿਆਸੀ ਸਰਪ੍ਰਸਤੀ ਹੇਠ ਨਸ਼ਿਆਂ ਦੇ ਵਧ ਰਹੇ ਕਾਲੇ ਕਾਰੋਬਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਸਮਗਲਰਾਂ, ਪੁਲਸ ਉੱਚ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਪਾਕ ਗੱਠਜੋੜ ਨੂੰ ਬੇਪਰਦਾ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੂਬਾਈ ਆਗੂ ਹਰਭਗਵਾਨ ਭੀਖੀ, ਜ਼ਿਲ੍ਹਾ ਆਗੂ ਕਾਮਰੇਡ ਬੱਬਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਚਾਰ ਹਫ਼ਤਿਆਂ ਦੇ ਅੰਦਰ ਨਸ਼ਿਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਪਰ ਸਤ੍ਹਾ ‘ਤੇ ਬਿਰਾਜਮਾਨ ਹੁੰਦਿਆਂ ਹੀ ਕੈਪਟਨ ਸਰਕਾਰ ਆਪਣੇ ਵਾਅਦਿਆਂ ਦੇ ਉਲਟ ਨਸ਼ਾ ਸਮਗਲਰਾਂ ਅਤੇ ਨਸ਼ੇ ਦੇ ਕਾਲੇ ਕਾਰੋਬਾਰੀਆਂ ਨੂੰ ਸ਼ਰੇਆਮ ਨਸ਼ਾ ਵੇਚਣ ਦੀ ਸਰਪ੍ਰਸਤੀ ਦੇ ਰਹੀ ਹੈ ਜਿਸ ਕਾਰਨ ਰੋਜ਼ਾਨਾ ਘਰਾਂ ਵਿਚ ਨਸ਼ੇ ਕਾਰਨ ਨੌਜਵਾਨਾਂ ਦੇ ਸੱਥਰ ਵਿਛ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ, ਉੱਚ ਪੁਲਸ ਅਧਿਕਾਰੀਆਂ ਅਤੇ ਕੈਪਟਨ ਸਰਕਾਰ ਦਾ ਨਸ਼ੇ ਦੇ ਸੌਦਾਗਰਾਂ ਨਾਲ ਨਾਪਾਕ ਗੱਠਜੋੜ ਬਣਿਆ ਹੋਇਆ ਹੈ ਜਿਸ ਕਾਰਨ ਜਿੱਥੇ ਇਹ ਗੱਠਜੋੜ ਮਾਲਾਮਾਲ ਹੋ ਰਿਹਾ ਹੈ, ਉੱਥੇ ਸੋਚੀ-ਸਮਝੀ ਸਕੀਮ ਦੇ ਤਹਿਤ ਨੌਜਵਾਨ ਪੀੜ੍ਹੀ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੇ ਮੁਲਾਜ਼ਮਾਂ ਦਾ ਡੋਪ ਟੈੱਸਟ ਕਰਵਾਉਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਡੋਪ ਟੈੱਸਟ ਦੀ ਨਹੀਂ, ਸਗੋਂ ਹਰ ਹੱਥ ਨੂੰ ਰੁਜ਼ਗਾਰ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਖ਼ਿਲਾਫ਼ ਹੋਰ ਵੀ ਤਿੱਖੀ ਲੜਾਈ ਲੜੀ ਜਾਵੇਗੀ।
ਉਕਤ ਤੋਂ ਇਲਾਵਾ ਕਾਮਰੇਡ ਮਹਿੰਦਰ ਸਿੰਘ ਅੱਚਰਵਾਲ, ਹਰਨੇਕ ਸਿੰਘ ਗੁੱਜਰਵਾਲ, ਗੁਰਮੇਲ ਰੂਮੀ, ਮੱਘਰ ਸਿੰਘ ਲੰਮੇ, ਨਰਾਇਣ ਸਿੰਘ, ਡਾਕਟਰ ਪ੍ਰਦੀਪ ਜੋਧਾਂ, ਚਰਨਜੀਤ ਹਿੰਮਾਯੂੰਪੁਰਾ, ਅਮਰਜੀਤ ਸਹਿਜਾਦ, ਕੁਲਵੰਤ ਸਿੰਘ ਮੋਹੀ, ਗੁਰਮੇਲ ਮੋਹੀ, ਰਾਣਾ ਲਤਾਲਾ ਆਦਿ ਨੇ ਵੀ ਸੰਬੋਧਨ ਕੀਤਾ।

Scroll To Top