
ਹੁਸ਼ਿਆਰਪੁਰ – ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੱਦੇ ਤੇ ਅੱਜ ਨਿਰਮਾਣ ਮਜਦੂਰ ਯੂਨੀਅਨ ਹੁਸ਼ਿਆਰਪੁਰ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਦੇ ਸਾਹਮਣੇ ਸੁਖਦੇਵ ਰਾਜ ਮਿਆਣੀ, ਮਿਥਲੇਸ਼ ਕੁਮਾਰ ਗੜ੍ਹਸ਼ੰਕਰ ਅਤੇ ਸੁਰਜੀਤ ਕੁਮਾਰ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਧਰਨਾ ਦਿੱਤਾ। ਇਸ ਧਰਨੇ ਵਿੱਚ ਸੂਬਾ ਪ੍ਰਧਾਨ ਗੰਗਾ ਪ੍ਰਸਾਦਿ ਅਤੇ ਮਸਟਰ ਸੁਭਾਸ਼ ਸ਼ਰਮਾਂ ਸੂਬਾਈ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਭਰਾਤਰੀ ਜੱਥੇਬੰਦੀ ਦੇ ਤੌਰ ਤੇ ਜਮਹੂਰੀ ਕਿਸਾਨ ਸਭਾ ਵਲੋਂ ਤਰਸੇਮ ਲਾਲ ਤੇ ਮਲਕੀਤ ਸਿੰਘ ਸਲੇਮਪੁਰ, ਪੈਨਸ਼ਨਰ ਯੂਨੀਅਨ ਵਲੋਂ ਸੱਤਪਾਲ ਲੱਠ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਜਿਲ੍ਹਾ ਸਕੱਤਰ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਸਟਰ ਸੁਭਾਸ਼ ਸ਼ਰਮਾਂ ਨੇ ਕਿਹਾ ਕਿ ਸਰਕਾਰ ਵਲੋਂ ਨਿਰਮਾਣ ਮਜਦੂਰਾਂ ਨੂੰ ਰਜਿਸਟਰਡ ਕਰਕੇ ਨਵੀਨੀਕਰਨ ਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਸਿਸਟਮ ਨਵਾਂ ਅਤੇ ਦਫਤਰੀ ਅਮਲੇ ਦੇ ਅਧਿਕਾਰੀ ਅਤੇ ਕਰਮਚਾਰੀ ਅਣਜਾਣ ਹੋਣ ਕਰਕੇ ਮਜਦੂਰਾਂ ਨੂੰ ਰਜਿਸਟਰਡ ਕਰਨ ਦੇ ਕੰਮ ਵਿੱਚ ਵਿਘਨ ਪੈਣ ਕਰਕੇ ਨਵੀਨੀਕਰਨ ਅਤੇ ਲਾਭ ਪਾਤਰੀ ਸਾਰੀਆਂ ਸਕੀਮਾਂ ਠੱਪ ਹੋ ਕੇ ਰਹਿ ਗਈਆਂ ਹਨ। ਇਸ ਕਰਕੇ ਪੰਜਾਬ ਅੰਦਰ ਕੰਮ ਕਰਦੇ ਨਿਰਮਾਣ ਮਜਦੂਰਾਂ ਦੀ ਮੁੱਖ ਮੰਗ ਹੈ ਇਹ ਹੈ ਕਿ ਆਨ ਲਾਈਨ ਸਿਸਟਮ ਦੇ ਨਾਲ ਨਾਲ ਆਫ ਲਾਈਨ (ਹੱਥੀ ਕੰਮ ਕਰਨ ਵਾਲਾ) ਸਿਸਟਮ ਵੀ ਜਾਰੀ ਰੱਖਿਆਂ ਜਾਵੇ। ਅੱਜ ਰੋਸ ਮੁਜਾਹਰਾ ਕਰਨ ਉਪਰੰਤ ਏ.ਡੀ.ਸੀ. ਹੁਸ਼ਿਆਰਪੁਰ ਸ੍ਰੀ ਮਤੀ ਅਨੁਪਮ ਕਲੇਰ ਅਤੇ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਅਤੇ ਲੇਬਰ ਕਮਿਸ਼ਨਰ ਪੰਜਾਬ ਨੂੰ ਆਪਣੀਆਂ ਸਿਫਾਰਸ਼ਾਂ ਸਹਿਤ ਭੇਜਣ ਦੀ ਅਪੀਲ ਕੀਤੀ। ਜਿਸ ਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਲੇਬਰ ਕਮਿਸ਼ਨਰ ਪੰਜਾਬ ਨੂੰ ਮੰਗ ਪੱਤਰ ਭੇਜਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਧਰਨੇ ਨੂੰ ਪ੍ਰਿੰਸੀਪਲ ਪਿਆਰਾ ਸਿੰਘ, ਗੰਗਾ ਪ੍ਰਸਾਦਿ, ਸੁਰਜੀਤ ਕੁਮਾਰ ਸ਼ਾਹਪੁਰ, ਮਾਨ ਸਿੰਘ, ਰਾਮ ਸਿੰਘ, ਸੁਰਜੀਤ ਸਿੰਘ ਝਾਵਾਂ, ਸੁਖਦੇਵ ਰਾਜ ਮਿਆਨੀ, ਮਿਥਲੇਸ਼ ਕੁਮਾਰ, ਰਾਕੇਸ਼ ਸਿੱਧੂ, ਜਸਵਿੰਦਰ ਕੌਰ, ਸੁਰਜੀਤ ਕੌਰ, ਗੁਰਨਾਮ ਕੌਰ, ਗੁਰਦੇਵ ਕੌਰ, ਮਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ।