Now Reading
ਦੂਜੇ ਪ੍ਰਾਂਤਾਂ ਤੋਂ…. (ਸੰਗਰਾਮੀ ਲਹਿਰ-ਸਤੰਬਰ 2018)

ਦੂਜੇ ਪ੍ਰਾਂਤਾਂ ਤੋਂ…. (ਸੰਗਰਾਮੀ ਲਹਿਰ-ਸਤੰਬਰ 2018)

ਛੇੜਖਾਨੀ ਦਾ ਵਿਰੋਧ ਕਰਨ ‘ਤੇ ਕਤਲ
ਭਾਰਤੀ ਜਨਤਾ ਪਾਰਟੀ ਦੇ ਵਿਵਾਦਪੂਰਨ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਦੇਸ਼ ਦੇ ਸਾਰੇ ਸੂਬਿਆਂ ‘ਚੋਂ ਬਿਹਤਰੀਨ ਕਰਾਰ ਦਿੱਤੇ ਗਏ ਮੱਧ ਪ੍ਰਦੇਸ਼ ‘ਚ ਰੋਜ਼ਾਨਾ ਹੌਲਨਾਕ ਘਟਨਾਵਾਂ ਵਾਪਰਦੀਆਂ ਹਨ। ਅਜਿਹੀ ਹੀ ਇਕ ਦਿਲ ਕੰਬਾਊ ਘਟਨਾ ਬੀਤੇ ਦਿਨੀਂ ਸੂਬੇ ਦੇ ਸ਼ਹਿਰ ‘ਸਿਵਨੀ’ ‘ਚ ਵਾਪਰੀ।
ਸੁਭਾਸ਼ ਚੰਦਰ ਕਾਲਜ ਦੀ ਬੀ.ਏ. ਦੀ 23 ਸਾਲਾਂ ਦੀ ਵਿਦਿਆਰਥਣ ਰਾਣੂੰ ਨਗੋਤਰਾ ਦਾ ਇਕ ਦਰਿੰਦੇ ਨੇ ਸਿਰ ਪੱਥਰ ਨਾਲ ਕੁਚਲ ਦਿੱਤਾ। ਕੁੜੀ ਦੀ ਥਾਂਏਂ ਮੌਤ ਹੋ ਗਈ।
ਇਹ ਕਤਲ ਕਰਨ ਵਾਲਾ 38 ਸਾਲਾ ਵਹਿਸ਼ੀ ਅਨਿਲ ਮਿਸ਼ਰਾ ਮ੍ਰਿਤਕ ਕੁੜੀ ਰਾਣੂੰ ਦੇ ਹੀ ਪਿੰਡ ‘ਫੁਲਾਰਾ’ ਦਾ ਰਹਿਣ ਵਾਲਾ ਹੈ।
ਪੁਲਸਿਆਂ ਭਾਸ਼ਾ ‘ਚ ”ਵਜਹਿ ਰਜਿੰਸ਼” ਇਹ ਦੱਸੀ ਗਈ ਹੈ ਕਿ ਅਨਿਲ ਵਲੋਂ ਰੋਜ਼-ਰੋਜ਼ ਦੀ ਛੇੜਖਾਨੀ ਤੋਂ ਤੰਗ ਆ ਕੇ ਰਾਣੂੰ ਨੇ ਹੱਤਿਆਰੇ ਵਿਰੁੱਧ 15 ਫਰਵਰੀ 2018 ਨੂੰ ਥਾਣੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਦੇ ਆਧਾਰ ‘ਤੇ ਅਨਿਲ ਵਿਰੁੱਧ ਕਾਨੂੰਨ ਦੀਆਂ ਧਾਰਾਵਾਂ 354 ਅਤੇ 506 ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਹੁਣ ਕਈ ਦਿਨਾਂ ਤੋਂ ਇਹ ਵਹਿਸ਼ੀ ਕਾਤਲ ਕੁੜੀ ਅਤੇ ਉਸਦੇ ਟੱਬਰ ‘ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ। ਕੁੜੀ ਦੇ ਨਾ ਮੰਨਣ ‘ਤੇ ਇਸ ਵਹਿਸ਼ੀ ਨੇ ਹੋਣਹਾਰ ਧੀ ਮਿੰਟਾਂ ‘ਚ ਮਾਰ ਮੁਕਾਈ। ਇਹ ਹੈ ਅਮਿਤ ਸ਼ਾਹ ਦਾ ਨਮੂਨੇ ਦਾ ਰਾਜ।

ਸ਼ਰਮਨਾਕ; ਔਰਤ ਦੀ ਨਿਰਵਸਤਰ ਪਰੇਡ
ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਖਜਾਨੇ ‘ਚ ਜਮ੍ਹਾਂ ਰਕਮ ‘ਚੋਂ ਹਜ਼ਾਰਾਂ ਕਰੋੜਾਂ ਰੁਪਏ ਵੱਡੇ-ਵੱਡੇ ਇਸ਼ਤਿਹਾਰਾਂ ‘ਤੇ ਖਰਚ ਕੇ ਕੇਂਦਰੀ ਅਤੇ ਸੂਬਾਈ ਜ਼ੁਮਲਬਾਜ਼ਾਂ ਦੀ ਭੱਲ ਬਨਾਉਣ ਲਈ ਸਾਡੇ ਦੇਸ਼ ਨੂੰ ‘ਅਤੁਲਨੀਯ ਭਾਰਤ’, ‘ਵਿਕਾਸ ਪੱਥ ਪਰ ਅਗ੍ਰਸਰ ਭਾਰਤ’, ‘ਇਨਕਰੇਡੇਬਲ ਇੰਡੀਆ’ ਆਦਿ ਪਤਾ ਨਹੀਂ ਕੀ ਕੀ ਵਿਸ਼ੇਸ਼ਣਾਂ ਨਾਲ ਨਿਵਾਜ਼ਿਆ ਜਾ ਰਿਹਾ ਹੈ।
ਪਰ ਜ਼ਮੀਨੀ ਪੱਧਰ ‘ਤੇ ਵਾਪਰਦੀਆਂ ਹੌਲਨਾਕ ਘਟਨਾਵਾਂ ਦੇਸ਼ ਦੀ ਬੜੀ ਘਿਣੌਨੀ ਤਸਵੀਰ ਪੇਸ਼ ਕਰਦੀਆਂ ਹਨ।
ਬੀਤੇ ਦਿਨ ਬਿਹਾਰ ‘ਚ ਭੋਜਪੁਰ ਜ਼ਿਲ੍ਹੇ ‘ਚ ਚਾਂਭਲੀ ਭੀੜ ਵਲੋਂ ਪਹਿਲਾਂ ਇਕ ਔਰਤ ਦੇ ਸਰੇ ਬਾਜ਼ਾਰ ਕੱਪੜੇ ਫਾੜੇ ਗਏ ਅਤੇ ਫਿਰ ਘੰਟਿਆਂ ਬੱਧੀ ਮੀਲਾਂ ਤੱਕ ਉਸ ਕਮਜ਼ੋਰ ਔਰਤ ਨੂੰ ਨਿਰਵਸਤਰ ਘੁਮਾਇਆ ਗਿਆ। ਔਰਤ ਦੇ ਅੰਗਾਂ ‘ਚੋਂ ਥਾਂ-ਥਾਂ ਰਿਸਦਾ ਖੂਨ ਭੀੜ ਦੀ ਦਰਿੰਦਗੀ ਦੀ ਚਰਮਸੀਮਾ ਦਾ ਪ੍ਰਗਟਾਵਾ ਕਰ ਰਿਹਾ ਸੀ। ਦੇਸ਼ ‘ਚ ਅਜਿਹੀ ਭੀੜ ਦੇ ਆਕਾ ਆਮ ਤੌਰ ‘ਤੇ ਸੰਘ-ਭਾਜਪਾ ਐਂਡ ਕੰਪਨੀ ਹੁੰਦੇ ਹਨ। ਪਰ ਮੌਜੂਦਾ ਘਟਨਾ ‘ਚ ਭੀੜ ਦੀ ਅਗਵਾਈ ਲਾਲੂ ਦੀ ਪਾਰਟੀ ਦੇ ਗੁੰਡਾਨੁਮਾ ਨੇਤਾ ਕਰ ਰਹੇ ਸਨ। ਕਿੰਨਾ ਦੰਭ ਵਸਿਆ ਹੈ ਸਾਡੇ ਸਾਰਿਆਂ ਦੇ ਦਿਲੋਂ ਦਿਮਾਗਾਂ ‘ਚ! ਤਿੱਥ-ਤਿਉਹਾਰਾਂ ‘ਤੇ ਔਰਤਾਂ/ਕੰਜਕਾਂ ਨੂੰ ਦੇਵੀ ਬਣਾ ਕੇ ਪੂਜਦੇ ਹਾਂ। ਨਾਲ ਹੀ ਨਿਰਵਸਤਰ ਕਰ, ਛੱਲੀਆਂ ਵਾਂਗੂੰ ਕੁੱਟ ਕੇ ਪਰੇਡ ਕਰਵਾਉਂਦੇ ਹਾਂ। ਕਿਆ ਭਾਰਤ ਮਿਲੇਗਾ ਭਵਿੱਖ ਦੀਆਂ ਕੰਜਕਾਂ ਨੂੰ?

ਬਾਲ ਘਰ ਜਾਂ ਮਨੁੱਖੀ ਤਸਕਰੀ ਦੇ ਕੇਂਦਰ?
ਜਸਟਿਸ ਮਦਨ ਬੀ. ਲੋਕੂਰ ਦੀ ਪ੍ਰਧਾਨਗੀ ਹੇਠਲੀ ਸਰਵਉਚ ਅਦਾਲਤ ਦੇ ਜੱਜਾਂ ਦੇ ਮੂੰਹ ਉਸ ਵੇਲੇ ਅੱਡੇ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਲ ਸਾਂਭ ਸੰਭਾਲ ਘਰਾਂ ‘ਚ ਰਹਿ ਰਹੇ ਬੇਆਸਰਾ ਬੱਚੇ ਪਿਛਲੇ ਸਾਲ ਨਾਲੋਂ ਇਸ ਸਾਲ ਦੋ ਲੱਖ ਘੱਟ ਲੱਭੇ। 2016-17 ਦੇ ਚਾਰ ਲੱਖ ਤਿਹੱਤਰ ਹਜ਼ਾਰ ਮੁਕਾਬਲੇ ਇਸ ਮਾਰਚ (2018) ‘ਚ ਬੱਚਿਆਂ ਦੀ ਗਿਣਤੀ ਦੋ ਲੱਖ ਇਕਾਹਠ ਹਜ਼ਾਰ ਦੱਸੀ ਗਈ ਹੈ। ਭਾਵ 2 ਲੱਖ 12 ਹਜ਼ਾਰ ਘੱਟ। ਕੇਂਦਰ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਹ ਤੱਥ ਉਜਾਗਰ ਕੀਤੇ ਗਏ। ਮਾਨਯੋਗ ਜੱਜਾਂ ਨੇ ਇਸ ‘ਤੇ ਸ਼ੱਕ ਜ਼ਾਹਿਰ ਕਰਦਿਆਂ ਪੁੱਛਿਆ ਕਿ ਕੀ ਇਨ੍ਹਾਂ ਬੱਚਿਆਂ ਦੀ ਗੁੰਮਸ਼ੁਦਗੀ ਪਿੱਛੇ ਮਨੁੱਖੀ ਤਸਕਰੀ ਦਾ ਮਾਮਲਾ ਤਾਂ ਨਹੀਂ ਜੁੜਿਆ ਹੋਇਆ। ਉਨ੍ਹਾਂ ਕਿਹਾ ਕਿ ਲੋੜੀਂਦੀ ਨਿਗਰਾਨੀ ਅਤੇ ਪੜਤਾਲ ਨਾ ਹੋਣ ਕਰਕੇ ਮੁਜ਼ਫਰਪੁਰ ਅਤੇ ਦੇਵਰੀਆ ਵਰਗੇ ਕਾਂਡ ਵਾਪਰਦੇ ਹਨ।

ਬਿਹਾਰ ਦੇ ਅਨਾਥ ਆਸ਼ਰਮਾਂ ਦੀ ਚਿੰਤਾਜਨਕ ਹਾਲਤ
ਬਿਹਾਰ ਵਿਚ ਚਲ ਰਹੇ ਅਨਾਥ ਆਸ਼ਰਮਾਂ ਦੀ ਹਾਲਤ ਚਿੰਤਾਜਨਕ ਹੈ। ਇਹ ਗੱਲ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ (ਟਿਸ) ਦੀ ਸੋਸ਼ਲ ਆਡਿਟ ਰਿਪੋਰਟ ਤੋਂ ਸਾਹਮਣੇ ਆਈ ਹੈ। ਜੋ ਬਿਹਾਰ ਦੇ ਸਮਾਜ ਭਲਾਈ ਵਿਭਾਗ ਨੇ ਜਗ ਜਾਹਰ ਕੀਤੀ ਹੈ, ਬੀਤੇ 27 ਅਪ੍ਰੈਲ ਨੂੰ ਚਾਰ ਹਿੱਸਿਆਂ ਵਿਚ ਸਮਾਜ ਭਲਾਈ ਵਿਭਾਗ ਨੂੰ ਸੌਂਪੀ ਗਈ ਰਿਪੋਰਟ ‘ਚ ਮੁਜੱਫਰਪੁਰ ਜ਼ਿਲ੍ਹੇ ‘ਚ ਮੁੱਖ ਦੋਸ਼ੀ ਬ੍ਰਜੇਸ਼ ਠਾਕਰ ਦੇ ਸਵੈ-ਸੇਵੀ ਸੰਗਠਨ ”ਸੇਵਾ ਸੰਕਲਪ ਤੇ ਵਿਕਾਸ ਸੰਮਤੀ” ਵਲੋਂ ਸੰਚਾਲਿਤ ਬਾਲਿਕਾ ਗ੍ਰਹਿ ਦੇ ਨਾਲ-ਨਾਲ ਸੂਬੇ ਦੇ ਸੰਚਾਲਿਤ ਕੁੱਲ 17 ਅਨਾਥ ਆਸ਼ਰਮਾਂ ਦੀ ਸਥਿਤੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ਸਰਕਾਰ ਨੇ ਇਹ ਰਿਪੋਰਟ ਸੁਪਰੀਮ ਕੋਰਟ ਦੇ ਹੁਕਮ ‘ਤੇ ਹੀ ਜਗ ਜਾਹਿਰ ਕੀਤੀ ਹੈ।

Scroll To Top