ਜਲੰਧਰ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ ਤੇ ਅੱਜ ਸਭਾ ਦੀ ਅਗਵਾਈ ‘ਚ ਸੈਂਕੜੇ ਵਰਕਰਾਂ/ਮਜ਼ਦੂਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ ਜਲੂਸ ਦੀ ਸ਼ਕਲ ਵਿਚ ਮਾਰਚ ਕਰਦੇ ਹੋਏ ਪਹਿਲਾਂ ਫੂਡ ਸਪਲਾਈ ਦਫਤਰ ਜਾ ਕੇ ਜਨਤਕ ਵੰਡ ਪ੍ਰਣਾਲੀ ਨਾਲ ਸਬੰਧਤ ਮੁਸ਼ਕਲਾਂ ਸਬੰਧੀ ਜ਼ਿਲ੍ਹੇ ਦੇ ਸੀਨੀਅਰ ਫੂਡ ਸਪਲਾਈ ਅਫਸਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਅਤੇ ਮਜ਼ਦੂਰ ਮੰਗਾਂ ਪ੍ਰਤੀ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਦਲਿਤਾਂ/ਮਜ਼ਦੂਰਾਂ ਦੇ ਕੱਟੇ ਨੀਲੇ ਕਾਰਡ ਤੁਰੰਤ ਬਹਾਲ ਕੀਤੇ ਜਾਣ ਅਤੇ ਕਣਕ ਵੰਡਣ ਤੋਂ ਰਹਿ ਗਏ ਪਿੰਡਾਂ ‘ਚ ਤੁਰੰਤ ਹੀ ਨੀਲੇ ਕਾਰਡਾਂ ਵਾਲੀ ਕਣਕ ਵੰਡੀ ਜਾਵੇ, ਪਿੰਡਾਂ ‘ਚ ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਭਾਅ ਦੇ ਰਾਸ਼ਨ ਡੀਪੂ ਖੋਲੇ ਜਾਣ ਜਿਥੇ ਰੋਜ਼ ਵਰਤੋਂ ਦੀਆਂ ਜ਼ਰੂਰੀ ਵਸਤਾਂ ਘੱਟੋ ਘੱਟ ਕੀਮਤ ਤੇ ਗਰੀਬ ਲੋਕਾਂ ਨੂੰ ਸਪਲਾਈ ਕੀਤੀਆਂ ਜਾਣ ਅਤੇ ਡੀਪੂ ਹਰ ਰੋਜ ਸਰਕਾਰੀ ਦਫਤਰਾਂ ਦੀ ਤਰ੍ਹਾਂ ਖੁੱਲ੍ਹੇ ਰਹਿਣ ਤਾਂ ਜੋ ਮਜ਼ਦੂਰ/ਗਰੀਬ ਕਿਸੇ ਵੇਲੇ ਵੀ ਉਸ ਡੀਪੂ ਤੋਂ ਆਪਣਾ ਰਾਸ਼ਨ ਲੈ ਸਕਣ ਅਤੇ ਆਗੂਆਂ ਨੇ ਮੰਗ ਕੀਤੀ ਕਿ ਕਣਕ ਵੰਡਣ ਸਮੇਂ ਵੱਡੇ ਪੱਧਰ ‘ਤੇ ਹੋ ਰਹੀ ਘਪਲੇਬਾਜ਼ੀ ਤੁਰੰਤ ਬੰਦ ਕੀਤੀ ਜਾਵੇ। ਇਸ ਤੋਂ ਬਾਅਦ ਮਜ਼ਦੂਰਾਂ ਦਾ ਕਾਫਲਾ ਡੀ.ਸੀ. ਦਫਤਰ ਵੱਲ ਨੂੰ ਵਧਿਆ ਅਤੇ ਧਰਨੇ ਵਾਲੀ ਥਾਂ ‘ਤੇ ਜਾ ਕੇ ਰੋਸ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਹੋਰਾਂ ਨੇ ਕਿਹਾ ਕਿ ਜੇ ਸਰਕਾਰ ਨੇ ਗਰੀਬਾਂ/ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੇ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਵਸਾਥੀ ਪਰਮਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਮਲਸੀਆਂ, ਨਿਰਮਲ ਸਿੰਘ ਆਧੀ, ਜਰਨੈਲ ਸਿੰਘ ਫਿਲੌਰ, ਮੱਖਣ ਨੂਰਪੁਰੀ, ਬਖਸ਼ੀ ਪੰਡੋਰੀ, ਬਲਵੀਰ ਸਿੱਧੂ, ਬਲਕਾਰ ਸਿੰਘ ਨਾਹਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।