/* SC_TH_END:4.3.24:fc0ffc30 */ ਤਬਰੇਜ ਅੰਸਾਰੀ ਦੇ ਕਾਤਲ ਕੌਣ? – Sangrami Lehar
Now Reading
ਤਬਰੇਜ ਅੰਸਾਰੀ ਦੇ ਕਾਤਲ ਕੌਣ?

ਤਬਰੇਜ ਅੰਸਾਰੀ ਦੇ ਕਾਤਲ ਕੌਣ?

ਮਹੀਪਾਲ
ਝਾਰਖੰਡ ਸੂਬੇ ਦੇ ਸਿਰਾਇਕੇਲਾ ਖਰਸਵਾ ਜਿਲ੍ਹੇ ਦਾ ਰਹਿਣ ਵਾਲਾ ਹੁਨਰਮੰਦ ਕਿਰਤੀ  ਤਬਰੇਜ  ਅੰਸਾਰੀ, ਫਿਰਕੂ ਜਹਿਨੀਅਤ ਨਾਲ ਵਹਿਸ਼ੀ ਹੋਈ ਜੁਨੂੰਨੀ ਭੀੜ ਨੇ ਇਸ ਬੇਦਰਦੀ ਨਾਲ ਕੁੱਟਿਆ ਕਿ ਉਹ ਇਸ ਜਹਾਨ ਤੋਂ ਰੁਖਸਤ ਹੋ ਗਿਆ। ਇਸ ਲੁੱਟ ਦੇ ਨਿਜਾਮ ‘ਚ ਕਿਰਤੀ ਹੋਣਾ ਹੀ ਬੜਾ ਵੱਡਾ ਗੁਨਾਹ ਹੈ। ਪਰ ਇਸ ਤੋਂ ਵੀ ਵੱਡਾ ਗੁਨਾਹ ਮੁਸਲਮਾਨ ਹੋਣਾ ਬਣਾ ਦਿੱਤਾ ਗਿਆ ਹੈ ਸਮੇਂ ਦੇ ਹਾਕਮਾਂ ਵੱਲੋਂ । ਬਸ, ਇਸੇ ‘ਗੁਨਾਹ-ਏ-ਅਜੀਮ’ ਦੀ ਸਜਾ ਦਿੱਤੀ ਗਈ ਹੈ ਬੇਕਸੂਰ ਤਬਰੇਜ ਅੰਸਾਰੀ ਨੂੰ!
ਛੋਟੀ ਉਮਰ ‘ਚ ਯਤੀਮ ਹੋਏ ਤਬਰੇਜ ਅੰਸਾਰੀ ਦੀ ਪਰਵਰਿਸ਼ ਉਸ ਦੇ ਚਾਚੇ ਨੇ ਕੀਤੀ ਸੀ । ਮਾਂ ਬਾਪ ਦੀ ਛਾਇਆ ਤੋਂ ਮਹਿਰੂਮ ਤਬਰੇਜ  ਨੂੰ ਚਾਚੇ ਨੇ ਸਕੂਲੋਂ ਹਟਾ ਕੇ ਆਪਣੇ ਕਿਸੇ ਜਾਣੂੰ ਦੇ ਗੈਰਾਜ ‘ਚ ਵੈਲਡਿੰਗ ਆਦਿ ਦਾ ਕੰਮ ਸਿੱਖਣ ਲਈ ਛੱਡ ਦਿੱਤਾ । ਜ਼ਿੰਦਗੀਆਂ ਦੀਆਂ ਤੁਰਸ਼ ਸੱਚਾਈਆਂ ਦੇ ਰੂਬਰੂ ਹੁੰਦਿਆਂ ਆਪਣੇ ਪੈਰਾਂ ਤੇ ਖੜ੍ਹੇ ਹੋਣ ਜੋਗਾ ਬਨਣ ਲਈ ਤਬਰੇਜ ਨੂੰ 16 ਸਾਲ ਦੀ ਉਮਰ ਵਿੱਚ ਪੂਨੇ ਭੇਜ ਦਿੱਤਾ ਗਿਆ। ਤਬਰੇਜ ਵੈਸੇ ਤਾਂ ਹਰ ਸਾਲ ਈਦ ਮੌਕੇ ਪਰਿਵਾਰ ਨੂੰ ਮਿਲਣ ਆਉਂਦਾ ਸੀ ਪਰ ਇਸ ਵਾਰ ਦਾ ਗੇੜਾ ਉਸ ਲਈ ਬੜਾ ਹੁਲਾਰਾ ਦੇਣ ਵਾਲਾ ਸੀ । ਉਸ ਦੇ ਚਾਚੇ ਨੇ ਉਸ ਲਈ ਲੜਕੀ ਦੇਖ ਰੱਖੀ ਸੀ ਅਤੇ ਨਿਕਾਹ ਦਾ ਦਿਨ ਵੀ ਮੁਕੱਰਰ ਕੀਤਾ ਹੋਇਆ ਸੀ। ਚਾਈਂ-ਚਾਈਂ ਸਾਦੀਆਂ ਰਸਮਾਂ ਸਹਿਤ 18 ਸਾਲਾਂ ਦੀ ਸ਼ਾਇਸਤਾ ਨਾਂਅ ਦੀ ਪਿਆਰੀ ਜਿਹੀ ਕੁੜੀ ਨਾਲ ਨਿਕਾਹ ਵੀ ਹੋ ਗਿਆ ਅਤੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਨਵੇਂ ਵਿਆਹੇ ਜੋੜੇ ਦੇ ਪੂਨਾ ਜਾ ਕੇ ਰਹਿਣ ਦਾ ਪ੍ਰੋਗਰਾਮ ਵੀ ਬਣ ਗਿਆ। ਰੇਲ ਦੀਆਂ ਟਿਕਟਾਂ ਬੁੱਕ ਹੋ ਗਈਆਂ ਅਤੇ ਸਮਾਨ ਵੀ ਪੈਕ ਹੋ ਗਿਆ । ਪੂਨਾ ਲਈ ਗੱਡੀ ਫੜਨ ਤੋਂ ਇੱਕ ਦਿਨ ਪਹਿਲਾਂ 17 ਜੂਨ ਦੀ ਸ਼ਾਮ ਨੂੰ  ਤਬਰੇਜ  ਨਵੀਂ ਜਿੰਦਗੀ ਦੀ ਸ਼ੁਰੂਆਤ ਲਈ  ਦੁਆਵਾਂ ਲੈਣ ਦੇ ਮਕਸਦ ਨਾਲ ਆਪਣੀ ਭੂਆ ਨੂੰ ਮਿਲਣ ਲਈ ਚਲਾ ਗਿਆ । ਇਥੋਂ ਵਾਪਿਸ ਮੁੜਦਾ ਇਹ ਅਣਭੋਲ ਜੱਲਾਦਾਂ ਦੇ ਚੁੰਗਲ ‘ਚ ਫਸ ਗਿਆ ਅਤੇ ਨਵੇਂ ਜੀਵਨ ਦੇ ਸੁਪਨਮਈ ਆਗਾਜ਼ ਦੀਆਂ ਸਾਰੀਆਂ ਉਮੀਦਾਂ ਇਨ੍ਹਾਂ  ਜਾਲਿਮਾਂ ਵਲੋਂ ਢਹਿ  ਢੇਰੀ ਕਰ ਦਿੱਤੀਆਂ ਗਈਆਂ ।
ਆਪਣੇ ਪਿੰਡ ਤੋਂ ਕੋਈ ਛੇ ਕੁ ਮੀਲ ਦੂਰ ਧਤਕੀੜੀ ਪਿੰਡ ਕੋਲ ਫਿਰਕੂ ਜ਼ਹਿਨੀਅਤ ਨਾਲ ਵਹਿਸ਼ੀ ਹੋਈ ਜੁਨੂੰਨੀਆਂ ਦੀ ਇੱਕ ਟੋਲੀ ਨੇ ਉਸ ਨੂੰ ਘੇਰ ਕੇ ਉਸ ਦਾ ਨਾਂਅ ਪੁੱਛਿਆ । ਨਾਂਅ ਦੱਸਣ ਤੋਂ ਬਾਅਦ ਇਸ ਹਜੂਮ ਨੇ ਉਸ ਨੂੰ ਜੰਗਲ ‘ਚੋਂ ਆਬਾਦੀ ‘ਚ ਆ ਵੜੇ ਜੰਗਲੀ ਜਾਨਵਰ ਵਾਂਗੂੰ  ਇੱਕ ਥੰਮਲੇ ਨਾਲ ਨੂੜ ਲਿਆ। ਜਿਸ ਦੇ ਜੋ ਹੱਥ ਆਇਆ ਉਸੇ ਅਣਘੜ ਸੰਦ ਨਾਲ  ਬੇਗੁਨਾਹ-ਬੇਬਸ ਤਬਰੇਜ ਦਾ ਅੰਗ-ਅੰਗ ਰੂੰ ਵਾਂਗੂੰ ਪਿੰਜ ਸੁੱਟਿਆ । ਇਹ ‘ਧਰਮੀ ਯੋਧੇ’ ਵਾਰੋ-ਵਾਰੀ ਤਬਰੇਜ ਨੂੰ ‘ਜੈ ਸ਼੍ਰੀ ਰਾਮ’ ਕਹਿਣ ਲਈ ਮਜਬੂਰ ਕਰਦੇ ਰਹੇ ਅਤੇ ਜਾਨ ਬਖਸ਼ੇ ਜਾਣ ਦੀ ਆਸ ਨਾਲ ਉਹ ਵਿਚਾਰਾ ਜੈ ਸ਼੍ਰੀ ਰਾਮ ਕਹਿੰਦਾ ਵੀ ਰਿਹਾ । ਭੀੜ ਸਗੋਂ ਹੋਰ ਚਾਂਭਲ ਕੇ ਉਸ ਦੀ ਹੋਰ-ਹੋਰ ਗਿੱਦੜ ਕੁੱਟ ਕਰਦੀ ਰਹੀ । ਕਿਸੇ ਨੇ ਉਸ ਦੇ ਮੂੰਹ ‘ਚ ਪਾਣੀ ਦੀ ਘੁੱਟ ਨਾ ਪਾਈ। ਨਿਹੱਥੇ-ਨੂੜੇ ਮਜਲੂਮ ਦੀ ਖੋਪੜੀ ਅਤੇ ਅਨੇਕਾਂ ਹੱਡੀਆਂ ਤੋੜ ਦਿੱਤੀਆਂ ਗਈਆਂ । ਨੇੜੇ-ਤੇੜੇ ਤੋਂ ਕੁੱਝ ਤਰਸਵਾਨ ਵਾਰ-ਵਾਰ ਪੁਲਸ ਨੂੰ ਫੋਨ ਕਰਦੇ ਰਹੇ ਪਰ ਅਮਨ ਕਾਨੂੰਨ ਦੀ ਰਾਖੀ ਪੁਲਸ ਨਾ ਬਹੁੜੀ । ਆਪਣੇ ਹੀ ਲਹੂ ਵਿੱਚ ਭਿੱਜਿਆ, ਭੁੱਖਾ ਤਿਹਾਇਆ , ਦਰਦ ਨਾਲ ਤੜਫਦਾ ਤਬਰੇਜ ਸਾਰੀ ਰਾਤ ਉੱਥੇ ਹੀ ਨੂੜਿਆ ਰਿਹਾ । ਇਸ ਦੌਰਾਨ ਕਿੰਨੇ ਵਾਰੀ ਉਸ ਨੇ ਆਪਣੇ ਖੁਦਾ ਤੋਂ ਮੌਤ ਮੰਗੀ ਹੋਵੇਗੀ, ਕਿੰਨੇ ਵਾਰੀ ਆਪਣੇ ਮਰਹੂਮ ਅੰਮਾ-ਅੱਬਾ ਨੂੰ ਯਾਦ ਕੀਤਾ ਹੋਵੇਗਾ,  ਕਿੰਨੇ ਵਾਰੀ ਉਸ ਨੂੰ ਆਪਣੀ ਨਵੀਂ-ਨਵੇਲੀ ਦੁਲਹਨ ਦੀ ਯਾਦ ਆਈ ਹੋਵੇਗੀ,  ਇਹ ਸਾਰੇ ਅੰਦਾਜੇ ਤਾਂ ਕੋਈ ਸੰਵੇਦਨਸ਼ੀਲ ਮਨੁੱਖ ਹੀ ਲਾ ਸਕਦਾ ਹੈ ।
18 ਜੂਨ ਦੀ ਸਵੇਰ ਨੂੰ ਪੁਲਸ ਪੁੱਜੀ ਅਤੇ ਤਬਰੇਜ ਦੀਆਂ ਗੰਭੀਰ ਸੱਟਾਂ ਅਤੇ ਤਰਸਯੋਗ ਅਵਸਥਾ ਦੇ ਬਾਵਜੂਦ ਉਸ ਨੂੰ ਕਿਸੇ ਵੱਡੇ ਹਸਪਤਾਲ ਲਿਜਾਣ ਦੀ ਬਜਾਇ ਨੇੜੇ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਲੈ ਗਈ । ਪੁਲਸ ਨੇ ਤਬਰੇਜ ਨੂੰ ਕੁੱਟ ਮਾਰ ਕਰਕੇ ਮਰਨ ਕਿਨਾਰੇ ਪਹੁੰਚਾਉਣ ਵਾਲੇ ਜੁਨੂੰਨੀਆਂ ਦੇ ਖਿਲਾਫ਼ ਕੋਈ ਮੁਕੱਦਮਾ ਦਰਜ ਕਰਨ ਦੀ ਲੋੜ ਨਹੀਂ ਸਮਝੀ । ਉਲਟਾ ਸਗੋਂ ਤਬਰੇਜ ਦੇ ਖਿਲਾਫ਼ ਡਕੈਤੀ ਦਾ ਪਰਚਾ ਦਰਜ ਕਰ ਲਿਆ। ਕਿਹੜੀ ਡਕੈਤੀ? ਜਿਹੜੀ ਕਦੇ ਹੋਈ ਹੀ ਨਹੀਂ ! ਪਿਛਲੇ ਦਿਨੀਂ ਇਸ ਕਤਲ ਨਾਲ ਸਬੰਧਤ ਮੁਕੱਦਮੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਬਚਾਉਣ ਲਈ ਪੁਲਸ ਨੇ ਇੱਕ ਹੋਰ ਘਿਨਾਉਣੀ ਚਾਲ ਚੱਲੀ । ਤਬਰੇਜ ਦੇ ਕਤਲ ਦੀ ਵਜ੍ਹਾ ਦਿਲ ਦਾ ਦੌਰਾ ਦੱਸ ਕੇ ਇਸ ਮੁਕੱਦਮੇ ਵਿੱਚੋਂ ਕਤਲ ਦੀ ਧਾਰਾ 302 ਹਟਾ ਕੇ ਗੈਰ ਇਰਾਦਤਨ ਕਤਲ ਵਾਲੀ ਧਾਰਾ 304 ਲਾਉਣ ਦੀ ਕਾਰਵਾਈ ਕੀਤੀ । ਦੇਸ਼ ਬਦੇਸ਼ ਦੇ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਵਲੋਂ ਉਸਾਰੇ ਪ੍ਰਤੀਰੋਧ ਤੋਂ ਬਾਅਦ ਇੱਕ ਵਾਰੀ ਬੇਸ਼ਕ  ਪੁਲਸ ਨੂੰ ਆਪਣੀ ਸਾਜਿਸ਼ ਤੋਂ ਪੈਰ ਪਿਛਾਂਹ ਖਿੱਚਣ ਦਾ ਅੱਕ ਚੱਬਣਾ ਪਿਆ ਹੈ ਪਰ ਸਿਆਸੀ ਪ੍ਰਭੂ ਆਪਣੀਆਂ ਕਰਤੂਤਾਂ ਲਾਜਮੀ ਜਾਰੀ ਰੱਖਣਗੇ ।
ਪੁਲਸ ਵਾਂਗ ਹੀ ਪੱਖਪਾਤੀ ਪਹੁੰਚ ਅਨੁਸਾਰ  ਸਿਹਤ ਕੇਂਦਰ ਦੇ ‘ਦਾਨੇ’ ਕਰਮਚਾਰੀਆਂ ਨੇ ਤਬਰੇਜ  ਦੀ ਸਰਸਰੀ ਮਰਹਮ ਪੱਟੀ ਕਰਕੇ ਉਸ ਨੂੰ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ । ਪੁਲਸ ਨੇ ਉਸੇ ਗੰਭੀਰ ਅਵਸਥਾ ਵਿੱਚ ਤਬਰੇਜ ਨੂੰ ਹਵਾਲਾਤ ਵਿਚ ਲਿਜਾ ਸੁੱਟਿਆ ।
ਅਗਲੇ ਦਿਨ ਤਬਰੇਜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਸਾਹਿਬਾਨ ਨੇ ਤਬਰੇਜ ਦੀ ਗੰਭੀਰ ਸਥਿਤੀ ਦੇ ਬਾਵਜੂਦ ਉਸ ਦੀ ਡੂੰਘੀ ਸਰੀਰਕ ਜਾਂਚ ਪੜਤਾਲ ਉਪਰੰਤ ਢੁਕਵੇਂ ਇਲਾਜ ਦੇ ਹੁਕਮ ਦੇਣ ਦੀ ਥਾਂ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾ ਦਿੱਤਾ।
ਅਗੋਂ ਜੇਲਨੂੰ ਦੇ ‘ਮਾਲਕਾਂ’ ਨੇ ਵੀ ਆਪਣੇ ਫਰਜ ਦੀ ਕੁਤਾਹੀ ਕਰਨ ਦਾ ਸਿਰਾ ਲਾ ਦਿੱਤਾ। ਜੇਲ੍ਹ ਨਿਯਮਾਵਲੀ (ਮੈਨੂਅਲ) ਅਨੁਸਾਰ ਜੇਲਨੂੰ ਵਿੱਚ ਦਾਖਲ ਕਰਨ ਤੋਂ ਪਹਿਲਾਂ ਹਰ ਕੈਦੀ ਦੀ ਡਾਕਟਰੀ ਜਾਂਚ ਕੀਤੀ ਜਾਂਦੀ ਹੈ। ਕਿਸੇ ਵੀ ਕੈਦੀ ਦੀ ਗੰਭੀਰ ਅਵਸਥਾ ਦਾ ਪਤਾ ਲੱਗਣ ਜਾਂ ਸ਼ੱਕ ਹੋਣ ਦੀ ਸੂਰਤ ਵਿੱਚ ਉਸ ਦੀ ਮੁਕੰਮਲ ਡਾਕਟਰੀ ਜਾਂਚ ਕੀਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਉਸ ਕੈਦੀ ਨੂੰ ਹਸਪਤਾਲ ਦਾਖਲ ਕੀਤਾ ਜਾਂਦਾ ਹੈ । ਪਰ ਤਬਰੇਜ ਨਾਲ ਪਤਾ ਨਹੀਂ ਜੇਲਨੂੰ ਅਧਿਕਾਰੀਆਂ ਨੇ ਕਿਸ ਜਨਮ ਦਾ ਵੈਰ ਨਿਭਾਇਆ! ਉਸ ਨੂੰ ਮਰਨ ਲਈ ਬੈਰਕ ਵਿੱਚ ਛੱਡ ਦਿੱਤਾ। ਦੋ ਦਿਨਾਂ ਬਾਅਦ ਤਬਰੇਜ ਅੰਸਾਰੀ ਨਾਂਅ ਦਾ ਉਤਸ਼ਾਹੀ ਕਿਰਤੀ ਇਸ ਜਹਾਨ ਤੋਂ ਰੁਖਸਤ ਹੋ ਗਿਆ । ਉਸ ਦੀ ਵਿਧਵਾ ਪਤਨੀ ਅਤੇ ਸੱਸ ਨੇ ਹਟਕੋਰੇ ਲੈਂਦਿਆਂ ਦੱਸਿਆ ਕਿ ਤਬਰੇਜ ਦਾ ਸਮਾਨ ਉਵੇਂ ਦਾ ਉਵੇਂ ਬੰਨ੍ਹਿਆ ਪਿਆ ਹੈ । ਸਮਾਨ ਨੂੰ ਖੋਲ੍ਹਣਾ ਤਾਂ ਕੀ ਉਸ ਦੇ ਕੋਲੋਂ ਦੀ ਲੰਘਦਿਆਂ ਵੀ ਕਾਲਜੇ ਹੌਲ ਪੈਂਦੇ ਹਨ ।
ਤਬਰੇਜ ਅੰਸਾਰੀ ਨੂੰ ਜੁਨੂੰਨੀ ਹਜ਼ੂਮ ਨੇ ਨਿਰਦਇਤਾ ਨਾਲ ਇੰਨਾ ਕੁੱਟਿਆ ਕਿ ਉਹ ਜਿੰਦਗੀ ਦੀ ਬਾਜੀ ਹਾਰ ਗਿਆ । ਇਹ ਗੱਲ ਸੱਚ ਹੈ ਪਰ ਪੂਰਾ ਸੱਚ ਇੰਨਾ ਕੁ ਨਹੀਂ। ਤਬਰੇਜ ਦੀ ਵਹਿਸ਼ੀਆਨਾ ਮੌਤ ਲਈ ਪੁਲਸ ਵੀ ਕਾਤਲ ਭੀੜ ਦੇ ਬਰਾਬਰ ਦੀ ਜਿੰਮੇਵਾਰ ਹੈ । ਸਿਹਤ ਵਿਭਾਗ ਦੇ ਕਰਮਚਾਰੀ, ਅਦਾਲਤਾਂ ਵਿੱਚ ਬੈਠ ਕੇ  ਇਨਸਾਫ ਦੇ ਬੁਲੰਦ ਬਾਂਗ ਦਾਅਵੇ ਕਰਨ ਵਾਲੇ ਜੱਜਾਂ ਦੀ ਭੂਮਿਕਾ ਵੀ ਮਨੁੱਖੀ ਅਤੇ ਇਨਸਾਫ ਦੇ ਤਕਾਜ਼ਿਆਂ ਅਨੁਸਾਰ ਖਰੀ ਨਹੀਂ ਉਤਰਦੀ। ਜੇਲ੍ਹਾਂ ਬਾਰੇ ਆਮ ਹੀ ਕਹਾਣੀਆਂ ਪ੍ਰਚਲਤ ਹਨ ਕਿ ਬਾਰਸੂਖ ਬੰਦੇ ਪੈਸੇ ਦੇ ਜੋਰ ਮਹੀਨਿਆਂ ਬੱਧੀ ਝੂਠੀ ਬੀਮਾਰੀ ਦੇ ਪੱਜ ਹੇਠ ਹਸਪਤਾਲਾਂ ਵਿੱਚ ਪਏ ਰਹਿੰਦੇ ਹਨ । ਪਰੰਤੂ ਤਬਰੇਜ ਅੰਸਾਰੀ, ਜਿਸ ਦਾ ਪੋਰ-ਪੋਰ ਦੁਖ ਰਿਹਾ ਸੀ, ਕਪੜੇ ਲਹੂ ਲੁਹਾਣ ਸਨ, ਸਿਰ ‘ਤੇ ਪੱਟੀ ਬੰਨ੍ਹੀ ਸੀ, ਉਸ ਗਰੀਬ ਨੂੰ ਜੇਲ੍ਹ ਵਿੱਚ ਇਉਂ ਤੂੜ ਦਿੱਤਾ ਜਿਵੇਂ ਬੇਤਰਸ ਵਿਉਪਾਰੀ ਜਖਮੀ ਬਰੈਲਰ ਨੂੰ ਖੁੱਡੇ ‘ਚ ਬੰਦ ਕਰ ਦਿੰਦੇ ਹਨ ।  ਕੀ ਇਕੱਲੀ ਭੀੜ ‘ਤੇ ਹੀ ਪਰਚਾ ਦਰਜ ਹੋਣਾ ਚਾਹੀਦਾ ਸੀ ਜਾਂ……?
ਸੁਆਲਾਂ ਦਾ ਸੁਆਲ ਇਹ ਹੈ ਕਿ ਕਾਤਲ ਹਜੂਮ ਦੇ ਸੰਚਾਲਕਾਂ ਅਤੇ ਸੂਤਰਧਾਰਾਂ ਨੂੰ ਕਟਹਿਰੇ ਵਿੱਚ ਕਦੋਂ ਖੜ੍ਹਾ ਕੀਤਾ ਜਾਵੇਗਾ । ਇਨ੍ਹਾਂ ਮਾਨਵਤਾ ਦੋਖੀਆਂ ਦੀ ਪਛਾਣ ਕਰਨੀ ਕੋਈ ਔਖੀ ਵੀ ਨਹੀਂ । ਸਾਰਿਆਂ ਨੂੰ ਯਾਦ ਹੋਵੇਗਾ 1984 ਵਿੱਚ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ  ਇੰਦਰਾ ਗਾਂਧੀ ਦਾ ਉਨ੍ਹਾਂ ਦੇ ਹੀ ਸੁਰੱਖਿਆ ਕਰਮਚਾਰੀਆਂ ਨੇ ਕਤਲ ਕਰ ਦਿੱਤਾ ਸੀ । ਬਦਕਿਸਮਤੀ ਨਾਲ ਇਹ ਸੁਰੱਖਿਆ ਕਰਮਚਾਰੀ ਸਿੱਖ ਸਨ ਇਸ ਲਈ ਦਿੱਲੀ ਅਤੇ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਨਿਰਦੋਸ਼ ਸਿੱਖਾਂ ਨੂੰ ਉਕਤ ਕਤਲ ਦੇ ਦੋਸ਼ੀ ਗਰਦਾਨਦਿਆਂ ਕੋਹ-ਕੋਹ ਕੇ ਮਾਰਿਆ ਗਿਆ ਸੀ । ਇਸ ਸਾਜ਼ਿਸ਼ੀ ਨਸਲਕੁਸ਼ੀ ਖਿਲਾਫ਼ ਅੱਜ ਵੀ ਨਾ ਕੇਵਲ ਸਿੱਖਾਂ ਵਿੱਚ ਬਲਕਿ ਸਾਵੀਂ ਸੋਚਣੀ ਵਾਲੇ ਸਾਰੇ ਲੋਕਾਂ ਦੇ ਮਨਾਂ ਵਿੱਚ ਅੰਤਾਂ ਦਾ ਰੋਹ ਹੈ । ਪਰ ਵੇਲੇ ਦੀ ਸਰਕਾਰ ਦੀ ਭੂਮਿਕਾ ਕੀ ਸੀ ? ਕਾਇਮ ਮੁਕਾਮ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ”ਜਬ ਕੋਈ ਬੜਾ ਪੇੜ ਗਿਰਤਾ ਹੈ ….” ਵਾਲਾ ਬਿਆਨ, ਕਤਲੇਆਮ ਆਮ ਲੁੱਟ ਮਾਰ ਕਰ ਰਹੀਆਂ ਭੀੜਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਅਤੇ ਪ੍ਰਸ਼ਾਸਕੀ ਮਸ਼ੀਨਰੀ ਨੂੰ ਇਨ੍ਹਾਂ ਦੀਆਂ ਅਮਾਨਵੀ ਕਾਰਵਾਈਆਂ ਪ੍ਰਤੀ ਅੱਖਾਂ ਮੀਟ ਲੈਣ ਦਾ ਸਪਸ਼ਟ ਇਸ਼ਾਰਾ ਸੀ ।
ਹਜ਼ੂਮੀ ਕਤਲਾਂ (ਮਾੱਬ ਲਿੰਚਿੰਗ) ਦੀਆਂ ਘਟਨਾਵਾਂ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਵੀ ਬੇਰੋਕ ਜਾਰੀ ਰਹੀਆਂ ਸਨ ਪਰ ਮੌਜੂਦਾ ਕਾਰਜਕਾਲ ਦੌਰਾਨ ਇਹ ਕੁਲਹਿਣਾ ਵਰਤਾਰਾ ਹੋਰ ਵੀ ਤੇਜੀ ਨਾਲ ਵਾਪਰ ਰਿਹਾ ਹੈ । ਸਰਕਾਰ ਦੀ ਭੂਮਿਕਾ ਕੀ ਹੈ ? ਹਜ਼ੂਮੀ ਕਤਲਾਂ ਦੇ ਦੋਸ਼ੀਆਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀਆਂ ਹਿਦਾਇਤਾਂ ਦੇਣ ਦੀ ਬਜਾਇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਭੀੜ ਤੰਤਰ ਦਵਾਰਾ ਕਤਲੋਂ ਕੇ ਨਾਮ ਪਰ ਝਾਰਖੰਡ ਕਾ ਨਾਮ ਖਰਾਬ ਮਤ ਕੀਜੀਏ ।’ ਪ੍ਰਧਾਨ ਮੰਤਰੀ ਦਰਅਸਲ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਘਟਨਾਵਾਂ ਐਨੀਆਂ ਮਾੜੀਆਂ ਨਹੀਂ ਜਿੰਨਾ ਇਨ੍ਹਾਂ ਖਿਲਾਫ਼ ਰੌਲਾ ਪਾਇਆ ਜਾ ਰਿਹਾ ਹੈ ।   ਬੇਗੁਨਾਹ ਮਨੁੱਖਾਂ ਦੇ ਕੇਵਲ ਧਰਮ ਵੱਖਰਾ ਹੋਣ ਕਰਕੇ ਚਾਂਭਲੀਆਂ ਭੀੜਾਂ ਵਲੋਂ ਕਤਲ ਕਰ ਦਿੱਤੇ ਜਾਣ  ਤੋਂ ਵਧ ਕੇ ਕਿਸੇ ਸਮਾਜ ਦੀ ਕੀ ਬਦਨਸੀਬੀ ਹੋਰ ਕੀ ਹੋ ਸਕਦੀ ਹੈ? ਪਰ ਸ਼ਾਇਦ ਪ੍ਰਧਾਨ ਮੰਤਰੀ ਦਾ ਵਿਵੇਕ ਅਤੇ ਸੰਵੇਦਨਾਵਾਂ ਇਨ੍ਹਾਂ ਸਵਾਲਾਂ ਦੇ ਹਾਣ ਦੀਆਂ ਹੈ ਹੀ ਨਹੀਂ। ਦੁਨੀਆਂ ਦੇ ਸਾਰੇ  ਫਿਰਕਾਪ੍ਰਸਤਾਂ ਦੀ ਸੋਚਣੀ ਇੱਕੋ ਜਿਹੀ ਹੀ ਹੁੰਦੀ ਹੈ। ਯੂ ਪੀ ਵਿੱਚ ਇੱਕ ਪੁਲਸ ਅਧਿਕਾਰੀ ਨੂੰ ਕੁੱਟ ਕੇ ਮਾਰਨ ਵਾਲੇ ਹਜ਼ੂਮ ਦਾ ਪਿਛਲੇ ਦਿਨੀਂ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਭਾਜਪਾ ਆਗੂਆਂ ਵਲੋਂ ਜਿਸ ਕਿਸਮ ਦਾ ਸ਼ਾਹਾਨਾ ਸੁਆਗਤ ਕੀਤਾ ਗਿਆ ਉਹ ਕਾਤਲਾਂ ਦੀ ਪੁਸ਼ਤ ਪਨਾਹੀ ਦੇ ਨਾਲ ਪ੍ਰਸ਼ਾਸਕੀ ਮਸ਼ੀਨਰੀ ਨੂੰ ਇਨ੍ਹਾਂ ‘ਮੋਹਤਬਰਾਂ’ ਦੇ ਸਮਾਜ ‘ਚ ‘ਵਿਸ਼ੇਸ਼ ਰੁਤਬੇ’ ਵੱਲ ਸਪਸ਼ਟ ਇਸ਼ਾਰਾ ਸੀ । ਕੁੱਝ ਅਜਿਹਾ ਹੀ ਵਿਖਾਵਾ ਕੇਂਦਰੀ ਮੰਤਰੀ ਜੈਯੰਤ ਸਿਨਹਾ ਵਲੋਂ ਵੀ ਕੀਤਾ ਗਿਆ ਸੀ । ਕੇਂਦਰ ਦੀ ਮੋਦੀ ਸਰਕਾਰ,  ਸੰਘੀ ਸੰਗਠਨਾਂ ਦੇ ਕਾਰਕੁੰਨਾਂ ਅਤੇ ਭਾਜਪਾਈ ਪ੍ਰਾਂਤਕ ਸਰਕਾਰਾਂ ਵਲੋਂ ਕੱਟੜ ਹਿੰਦੂਤਵੀ ਕਾਰਕੁੰਨਾਂ, ਹਜ਼ੂਮੀ ਕਾਤਲ ਭੀੜਾਂ ਅਤੇ ਗੈਰ ਇਖਲਾਕੀ ਕਰਤੂਤਾਂ ਵਾਲਿਆਂ ਦੀ ਇਸੇ ਤਰਜ਼ ‘ਤੇ ਪੁਸ਼ਤ ਪਨਾਹੀ ਕੀਤੀ ਜਾਂਦੀ ਹੈ । ਸਾਡੀ ਜਾਚੇ ਬੇਗੁਨਾਹਾਂ ਦੇ ਹੋਏ ਅਤੇ ਹੋ ਰਹੇ ਕਤਲਾਂ ਦੇ ਅਸਲ ਦੋਸ਼ੀ ਇਹ ਫਿਰਕੂ ਸੰਗਠਨ ਹਨ। ਇਹ ਸਾਰਾ ਗੰਦ ਇਹ ਸੰਘੀ ਸੰਗਠਨ ਫਿਰਕੂ ਕਤਾਰਬੰਦੀ ਰਾਹੀਂ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਕਰ ਰਹੇ ਹਨ।
ਇਹ ਡਾਢੀ ਬਦਕਿਸਮਤੀ ਦੀ ਗੱਲ ਹੈ ਕਿ ਭਾਰਤੀ ਲੋਕ ਇਨ੍ਹਾਂ ਦੇਸ਼ ਧਰੋਹੀਆਂ  ਦੀਆਂ ਅਜਿਹੀਆਂ ਕਰਤੂਤਾਂ ਨਾਲ ਭਾਰਤੀ ਸਮਾਜ ਦੇ ਹੋਣ ਵਾਲੇ ਸਦੀਵੀਂ ਨੁਕਸਾਨ ਪ੍ਰਤੀ ਸੁਚੇਤ ਨਹੀਂ ਹਨ। ਸੱਤ ਦਹਾਕਿਆਂ ਦੇ ਪੂੰਜੀਵਾਦੀ ਰਾਜ ਪ੍ਰਬੰਧ ਸਦਕਾ ਹੋਰਨਾਂ ਅਲਾਮਤਾਂ ਦੇ ਨਾਲ-ਨਾਲ ਲੋਕਾਂ ਅੰਦਰ ਬੇਪਰਵਾਹੀ (ਤਟਸਥਤਾ) ਦੀ ਮਾੜੀ ਭਾਵਨਾ ਵੀ ਬੜੀ ਬੁਰੀ ਤਰ੍ਹਾਂ ਨਾਲ ਘਰ ਕਰ ਗਈ ਹੈ । ਲੋਕੀਂ ਇਹ ਨਹੀਂ ਸਮਝ ਪਾ ਰਹੇ ਕਿ ਪ੍ਰਸ਼ਾਸਕੀ ਸ਼ਹਿ ਪ੍ਰਾਪਤ ਗੈਰ ਸਮਾਜੀ ਅਨਸਰਾਂ ਦਾ ਕੋਈ ਦੀਨ-ਈਮਾਨ ਨਹੀਂ ਹੁੰਦਾ । ਇਹ ਵੱਢਖਾਣੇ ਉੱਠ ਹੁੰਦੇ ਹਨ ਜੋ ਕਿਸੇ ਦਾ ਲਿਹਾਜ਼ ਨਹੀਂ ਕਰਦੇ । ਦੇਰ-ਸਵੇਰ ਭਾਰਤੀ ਸਮਾਜ ਨੂੰ ਇਹ ਗੱਲ ਸਮਝਣੀ ਹੀ ਪੈਣੀ ਹੈ । ਸਾਡੀ ਚਿੰਤਾ ਇਹ ਹੈ ਕਿ ਉਦੋਂ ਤੱਕ ਕਿਤੇ ਬਹੁਤਾ ਹੀ ਨੁਕਸਾਨ ਨਾ ਹੋ ਜਾਵੇ। ਜਰਮਨੀ ਵਿੱਚ ਨਾਜ਼ੀ ਵਿਚਾਰਧਾਰਾ ਦੀ ਚੜ੍ਹਤ ਦੇ ਦੌਰ ਦੀ ਇੱਕ ਚਰਚਿਤ ਪਰ ਦਰਦਨਾਕ ਤਸਵੀਰ ਕਈਆਂ ਨੇ ਦੇਖੀ ਹੋਵੇਗੀ। ਇਸ ਤਸਵੀਰ ਵਿੱਚ ਕੁੱਝ ਛੋਟੇ-ਛੋਟੇ ਬੱਚੇ ਬੁਰੀ ਤਰ੍ਹਾਂ ਜਖ਼ਮੀ, ਜਾਰੋ ਜਾਰ ਰੋ ਰਹੀ ਇੱਕ ਯਹੂਦੀ ਔਰਤ ਨੂੰ ਜਿੱਚ ਕਰ ਰਹੇ ਹਨ। ਕਿਸੇ ਦੇ ਹੱਥ ਸੋਟੀ-ਡੰਡਾ ਅਤੇ ਕਿਸੇ ਦੇ ਹੱਥ ਪੱਥਰ ਹੈ। ਇੱਕ ਪਲ ਤਾਂ ਜਾਪਦਾ ਹੈ ਕਿ ਇਹ ਮਨੁੱਖ ਦੇ ਬੱਚੇ ਨਹੀਂ ਬਲਕਿ ਜੰਗਲੀ ਕੁੱਤਿਆਂ ਦਾ ਝੁੰਡ ਹੈ ਜੋ ਇੱਕ ਬੇਬਸ ਹਿਰਣੀ ਦੀਆਂ ਬੋਟੀਆਂ ਨੋਚ ਰਿਹਾ ਹੈ। ਦੇਖਣਾ, ਕਿਤੇ ਇਹ ਭਾਰਤ ਦੇ ਭਵਿੱਖ ਦੀ ਤਸਵੀਰ ਨਾ ਬਣ ਜਾਵੇ। ਇਹ ਬੱਚੇ ਵੱਡੇ ਹੋ ਕੇ ਕੈਸੇ ਸ਼ਹਿਰੀ ਬਣੇ ਹੋਣਗੇ? ਇੱਕ ਗੱਲ ਪੱਕੇ ਭਰੋਸੇ ਨਾਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਬੱਚਿਆਂ ਵਿੱਚੋਂ ਬਹੁਗਿਣਤੀ ਨੇ ਵੱਡੇ ਹੋ ਕੇ ਕਦੀ ਵੀ ਕਿਸੇ ਮਜ਼ਲੂਮ ‘ਤੇ ਤਰਸ ਅਤੇ ਔਰਤਾਂ ਦਾ ਸਨਮਾਨ ਨਹੀਂ ਕੀਤਾ ਹੋਣਾ । ਸੁਆਲ ਇਹ ਵੀ ਬਣਦਾ ਹੈ ਕਿ  ਤਸਵੀਰ ਵਿਚਲੀ ਔਰਤ ਅਤੇ ਸਮੁੱਚੀ ਯਹੂਦੀ ਬਿਰਾਦਰੀ ਦੇ ਮਨ ਵਿੱਚ ਕਿੰਨੀ ਕੁੜੱਤਣ ਪੈਦਾ ਕੀਤੀ ਹੋਵੇਗੀ। ਅਸੀਂ ਤਾਂ ਇਹੀ ਕਹਾਂਗੇ ਕਿ ਅੱਜ ਦੀਆਂ ਫਿਰਕੂ ਕਾਰਵਾਈਆਂ ਦੀ ਕੀਮਤ ਪਤਾ ਨਹੀਂ ਆਉਣ ਵਾਲੀਆਂ ਕਿੰਨੀਆਂ ਨਸਲਾਂ ਨੂੰ ਤਾਰਨੀ ਪਵੇਗੀ। ਬਕੌਲ ਸ਼ਾਇਰ, ‘ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ।’   ਇਨ੍ਹਾਂ ਕਾਰਵਾਈਆਂ ਕਰਕੇ ਜਰਮਨ ਸਮਾਜ  ਨੂੰ ਉਸ ਦੌਰ ਵਿੱਚ ਜੋ ਬੁਰੇ ਦਿਨ ਦੇਖਣੇ ਪਏ ਸਨ ਉਹ ਵੀ ਕਿਸੇ ਤੋਂ ਭੁੱਲਿਆ ਨਹੀਂ। ਅਸੀਂ ਤਾਂ ਕੇਵਲ ਇਹੀ ਕਹਾਂਗੇ ਕਿ ਸਾਨੂੰ ਉਸ ਸਭ ਕਾਸੇ ਤੋਂ ਢੁਕਵੇਂ ਸਬਕ ਗ੍ਰਹਿਣ ਕਰਨੇ ਚਾਹੀਦੇ ਹਨ।
ਆਪਣੀਆਂ ਕਰਤੂਤਾਂ ਦੀ ਵਾਜ਼ਬੀਅਤ ਸਿੱਧ ਕਰਨ ਲਈ ਹਿੰਦੂਤਵੀ ਸੰਗਠਨ ਇਨ੍ਹਾਂ ਕਾਰਿਆਂ ਨੂੰ ਰਾਸ਼ਟਰ ਹਿੱਤ ਵਿੱਚ ਅਤੇ ਦੇਸ਼ ਦੀ ਅਖੰਡਤਾ ਦੀ ਰਾਖੀ ਦਾ ਨਾਂਅ ਦਿੰਦੇ ਹਨ । ਇਸ ਤੋਂ ਵੱਡਾ ਧੋਖਾ ਦੇਸ਼ਵਾਸੀਆਂ ਨਾਲ ਹੋਰ ਕੋਈ ਹੋ ਹੀ ਨਹੀਂ ਸਕਦਾ। 21 ਕਰੋੜ ਮੁਸਲਮਾਨਾਂ, ਹੋਰਨਾ ਘੱਟ ਗਿਣਤੀ ਆਬਾਦੀ ਸਮੂਹਾਂ, ਕਬਾਇਲੀਆਂ  ਅਤੇ ਕਰੋੜਾਂ ਦਲਿਤਾਂ ਦਾ ਦੇਸ਼ ਦੇ ਸੰਵਿਧਾਨ-ਕਾਨੂੰਨ ਅਤੇ ਨਿਆਂ ਪ੍ਰਣਾਲੀ ਤੋਂ ਭਰੋਸਾ ਖਤਮ ਹੋ ਗਿਆ ਤਾਂ ਲੱਖ ਯਤਨਾਂ ਦੇ ਬਾਵਜੂਦ ਵੀ ਦੇਸ਼ ਦੀ ਅਖੰਡਤਾ ਦੀ ਰਾਖੀ ਨਹੀਂ ਕੀਤੀ ਜਾ ਸਕਣੀ । ਅੰਤ ਵਿੱਚ ਅਸੀਂ ਖੱਬੀ ਪ੍ਰਗਤੀਸ਼ੀਲ ਲਹਿਰ ਨੂੰ ਅਪੀਲ ਕਰਾਂਗੇ ਕਿ ਉਹ ਇਨ੍ਹਾਂ ਮਾਨਵਤਾ ਵਿਰੋਧੀ ਸ਼ਕਤੀਆਂ ਖਿਲਾਫ਼ ਸਾਂਝਾ ਪ੍ਰਤੀਰੋਧ ਉਸਾਰਨ ਲਈ ਹੰਭਲਾ ਮਾਰਨ।

Scroll To Top