ਜਲੰਧਰ : ਬਿਸ਼ਪ ਫ੍ਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਆਰ.ਐਮ.ਪੀ.ਆਈ. ਦੇ ਮਹਿਲਾ ਫਰੰਟ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ ਨੇ ਰੋਸ ਭਰਪੂਰ ਮਾਰਚ ਕੀਤਾ। ਬਿਸ਼ਪ ਫ੍ਰੈਂਕੋ ਮੁਲੱਕਲ ਕਥਿਤ ਤੌਰ ‘ਤੇ ਸਾਲਾਂਬੱਧੀ ਇਕ ਨੰਨ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ ਔਰਤਾਂ ਨੇ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ‘ਚ ਰੈਲੀ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਦੀ ਦਸ਼ਾ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਹੈ ਪਰ ਜੋ ਕੁੱਝ ਧਰਮ ਦੇ ਪਰਦੇ ਪਿੱਛੇ ਕੇਰਲ ਦੀ ਨੰਨ ਨਾਲ ਉਥੋਂ ਦੇ ਇਕ ਧਰਮ ਗੁਰੂ, ਬਿਸ਼ਪ ਨੇ ਕੀਤਾ ਹੈ, ਉਸ ਤੋਂ ਘਿਨਾਉਣੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਇਕ ਔਰਤ ਜਿਸ ਨੇ ਆਪਣਾ ਸਾਰਾ ਜੀਵਨ ਮਾਨਵ ਜਾਤੀ ਦੀ ਸੇਵਾ ਲਈ ਸਮਰਪਿਤ ਕਰ ਰੱਖਿਆ ਹੈ, ਉਸ ਨਾਲ ਉਸ ਦਾ ਹੀ ਧਰਮ ਗੁਰੂ ਸਾਲਾਂਬੱਧੀ ਇਹ ਕੁਕਰਮ ਕਰਦਾ ਰਹੇ, ਇਸ ਤੋਂ ਵੱਡੀ ਗਿਰਾਵਟ ਹੋਰ ਕੀ ਹੋ ਸਕਦੀ ਹੈ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ ।
ਰੈਲੀ ਨੂੰ ਸੰਬੋਧਨ ਕਰਦਿਆਂ ਸਭਾ ਦੀਆਂ ਆਗੂਆਂ ਨੇ ਕੇਰਲ ਪੁਲਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜੋ ਬਹੁਤ ਹੀ ਸ਼ਰਮਨਾਕ ਢੰਗ ਨਾਲ ਬਿਸ਼ਪ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਅਤੇ ਤਿੰਨ ਮਹੀਨੇ ਪਹਿਲਾਂ ਦਰਜ ਹੋਈ ਐਫਆਈਆਰ ਦੇ ਬਾਵਜੂਦ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਤਾਂ ਮੰਗ ਕਰਦਾ ਹੈ ਕਿ ਬਲਾਤਕਾਰੀਆਂ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਇਕ ਖੱਬੇ ਪੱਖੀ ਸਰਕਾਰ ਦੀ ਪੁਲਸ ਇਕ ਬਲਾਤਕਾਰੀ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਰੈਲੀ ਤੋਂ ਬਾਅਦ ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ, ਉਪ ਪ੍ਰਧਾਨ ਡਾ. ਰਘਬੀਰ ਕੌਰ, ਖਜ਼ਾਨਚੀ ਕਾਮਰੇਡ ਬਿਮਲਾ ਦੇਵੀ ਤੋਂ ਇਲਾਵਾ ਪਾਰਵਤੀ ਦੇਵੀ, ਕੰਚਨ, ਊਸ਼ਾ ਪਾਸਲਾ, ਜਸਵਿੰਦਰ ਕੌਰ ਮਾਹੂੰਵਾਲ, ਅਜੀਤ ਕੌਰ ਕੋਟ ਰਜ਼ਾਦਾ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਬਿਸ਼ਪ ਫ੍ਰੈਂਕੋ ਮੁਲੱਕਲ ਦੀ ਰਿਹਾਇਸ਼ ਤੱਕ ਇਕ ਰੋਹ ਭਰਪੂਰ ਮਾਰਚ ਕੀਤਾ ਗਿਆ। ਮੁਜ਼ਾਹਰਾਕਾਰੀ ਔਰਤਾਂ ਬਲਾਤਕਾਰੀ ਬਿਸ਼ਪ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕਰਦੇ ਨਾਅਰੇ ਲਾ ਰਹੀਆਂ ਸਨ।ਮੁਜ਼ਾਹਰਾਕਾਰੀ ਔਰਤਾਂ ਜਦ ਬੀ ਐਮ ਸੀ ਫਲਾਈ ਓਵਰ ਹੇਠੋਂ ਹੋ ਕੇ ਬਿਸ਼ਪ ਨਿਵਾਸ ਵੱਲ ਵਧਣ ਲਈ ਸੰਜੇ ਗਾਂਧੀ ਮਾਰਕਿਟ ਪਹੁੰਚੀਆਂ ਤਾਂ ਪੁਲਸ ਨੇ ਉਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਸਭਾ ਦੀਆਂ ਵਵਰਕਰਾਂ ਦੇ ਰੋਹ ਅੱਗੇ ਇਹ ਘੇਰਾ ਟਿਕ ਨਾ ਸਕਿਆ ਤੇ ਉਹ ਅੱਗੇ ਵਧਣ ‘ਚ ਕਾਮਯਾਬ ਰਹੀਆਂ । ਬਾਅਦ ਵਿਚ ਉਨ੍ਹਾਂ ਨੂੰ ਨਾਲ ਲਗਦੇ ਹੋਟਲ ਕਮਲ ਪੈਲੇਸ ਅੱਗੇ ਰੋਕਣ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ । ਫਿਰ ਹੋਰ ਪੁਲਸ ਫੋਰਸ ਮੰਗਵਾ ਕੇ ਬਿਸ਼ਪ ਨਿਵਾਸ ਨੂੰ ਜਾਂਦੀ ਗਲੀ ਰੋਕ ਦਿੱਤੀ ਗਈ ।ਨੀਲਮ ਘੁਮਾਣ, ਡਾ. ਰਘਬੀਰ ਕੌਰ ਅਤੇ ਮੌਕੇ ‘ਤੇ ਮੌਜੂਦ ਆਰ ਐਮ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਭਰੋਸਾ ਵੀ ਦੁਆਇਆ ਕਿ ਇਹ ਇਕ ਸ਼ਾਂਤਮਈ ਮੁਜ਼ਾਹਰਾ ਹੈ ਪਰ ਅਧਿਕਾਰੀ ਟਸ ਤੋਂ ਮਸ ਨਾ ਹੋਏ। ਮਜ਼ਬੂਰ ਹੋ ਕੇ ਮੁਜ਼ਾਹਰਾਕਾਰੀਆਂ ਨੇ ਸੜਕ ਵਿਚਕਾਰ ਹੀ ਧਰਨਾ ਲਾ ਦਿੱਤਾ ਤੇ ਇਸ ਗੱਲ ਦਾ ਵੀ ਖਿਆਲ ਰੱਖਿਆ ਕਿ ਟਰੈਫਿਕ ‘ਚ ਕੋਈ ਵਿਘਨ ਨਾ ਪਵੇ ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਤੇ ਡਾਕਟਰ ਰਘਬੀਰ ਕੌਰ ਨੇ ਪੰਜਾਬ ਪੁਲਸ ਦੀ ਨਿਖੇਧੀ ਕੀਤੀ ਕਿ ਉਹ ਅਮਨ ਕਾਨੂੰਨ ਦੇ ਬਹਾਨੇ ਇੱਕ ਬਲਾਤਕਾਰੀ ਨੂੰ ਬਚਾਉਣ ਵਿਚ ਮਦਦ ਕਰ ਰਹੀ ਹੈ। ਦੋ ਘੰਟੇ ਦੇ ਸ਼ਾਂਤਮਈ ਧਰਨੇ ਤੋਂ ਬਾਅਦ ਇਹ ਰੋਸ ਮਾਰਚ ਇਸ ਚੇਤਾਵਨੀ ਨਾਲ ਖਤਮ ਕਰ ਦਿੱਤਾ ਗਿਆ ਕਿ ਜਦ ਤੱਕ ਬਲਾਤਕਾਰੀ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਜਨਵਾਦੀ ਇਸਤਰੀ ਸਭਾ ਪੰਜਾਬ ਪੀੜਤ ਨੰਨ ਦੇ ਸਮਰਥਨ ‘ਚ ਆਪਣਾ ਸ਼ਾਂਤਮਈ ਅੰਦੋਲਨ ਜਾਰੀ ਰੱਖੇਗੀ ਕਿਓਂਕਿ ਇਹ ਸਿਰਫ ਇਕ ਨੰਨ ਦਾ ਸਵਾਲ ਨਹੀਂ ਸਗੋਂ ਦੇਸ਼ ਦੀਆਂ ਸਮੁੱਚੀਆਂ ਔਰਤਾਂ ਦੇ ਮਾਣ ਸਨਮਾਨ ਦਾ ਸਵਾਲ ਹੈ।