ਜਲੰਧਰ 6 ਜਨਵਰੀ – ਗੰਨਾ ਉਤਪਾਦਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰਾਂ ਡਾ .ਸਤਨਾਮ ਸਿੰਘ ਅਜਨਾਲਾ ਨੇ ਸਮੂਹ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 8 ਜਨਵਰੀ ਨੂੰ ਹਿੰਦੂਸਤਾਨ ਦੀਆਂ 250 ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਪੇਡੂ ਭਾਰਤ ਬੰਦ ਦੇ ਸੱਦੇ ਮੁਤਾਬਕ ਪੰਜਾਬ ਦੀਆਂ ਖੰਡ ਮਿੱਲਾਂ ਨੂੰ 1 ਦਿਨ ਵਾਸਤੇ ਗੰਨਾ ਸਪਲਾਈ ਨਾ ਕਰਨ ਕਿਉਂਕਿ ਕਿਸਾਨਾਂ ਦੀਆਂ ਕਰਜ਼ਾ ਮੁਆਫੀ ਅਤੇ ਫਸਲਾਂ ਦੇ ਠੀਕ ਭਾਅ ਨਾ ਮਿਲਣ ਦੇ ਨਾਲ ਨਾਲ ਗੰਨਾ ਉਤਪਾਦਕਾਂ ਨੂੰ ਵੀ ਗੰਨੇ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਜੋ ਕਿ ਖੇਤੀ ਮੰਤਰੀ ਦੇ ਅਸੰਬਲੀ ’ਚ ਬਿਆਨ ਮੁਤਾਬਕ 435 ਰੁਪਏ ਪ੍ਰਤੀ ਕੁਵਿੰਟਲ ਬਣਦਾ ਹੈ। ਇਸਦੇ ਨਾਲ ਹੀ ਪੰਜਾਬ ਦੇ ਗੰਨਾਂ ਉਤਪਾਦਕਾਂ ਦਾ ਪਿਛਲੇ 5 ਸਾਲਾਂ ਤੋਂ ਗੰਨੇ ਦਾ ਕੋਈ ਭਾਅ ਨਹੀਂ ਵਧਾਇਆ ਗਿਆ ਅਤੇ ਨਾ ਹੀ ਸਮੇਂ ਸਿਰ ਕਿਸਾਨਾਂ ਦਾ ਬਕਾਇਆ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਪੰਜਾਬ ਦੀਆਂ ਸਹਿਕਾਰੀ ਤੇ ਪ੍ਰਾਈਵੇਟ ਗੰਨਾ ਮਿੱਲਾਂ ਵੱਲ 400 ਕਰੋੜ ਤੋਂ ਵੱਧ ਦਾ ਬਕਾਇਆ ਖੜ੍ਹਾ ਹੈ। ਡਾ ਅਜਨਾਲਾ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਬਕਾਇਆ 15% ਵਿਆਜ਼ ਸਮੇਤ ਅਦਾ ਕੀਤਾ ਜਾਵੇ। ਗੰਨੇ ਦਾ ਰੇਟ 435 ਰੁਪਏ ਪ੍ਰਤੀ ਕੁਵਿੰਟਲ ਕੀਤਾ ਜਾਵੇ। ਗੰਨੇ ਦੀ ਅਦਾਇਗੀ 14 ਦਿਨ ਦੇ ਵਿਚ ਵਿਚ ਕੀਤੀ ਜਾਵੇ ਅਤੇ ਗੰਨੇ ਨਾਲ ਸਬੰਧਤ ਹੋਰ ਮੰਗਾਂ ਲਈ 8 ਤਰੀਕ ਦੇ ਭਾਰਤ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।