ਜਲ੍ਹਿਆਂਵਾਲੇ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਨੌਜਵਾਨਾਂ ਵਲੋਂ ਸੰਘਰਸ਼ ਦਾ ਪ੍ਰਣ
ਅੰਮ੍ਰਿਤਸਰ : ਜਲ੍ਹਿਆਂਵਾਲੇ ਬਾਗ ਦੇ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਪੰਜਾਬ ਅਤੇ ਹਰਿਆਣਾ ਤੋਂ ਪੁੱਜੇ ਹਜ਼ਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਵਿਸ਼ਾਲ ਰੈਲੀ ਕਰਨ ਉਪੰਰਤ ਸ਼ਹਿਰ ਵਿਚ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੇ ਝੰਡੇ ਹੇਠਾਂ ਪੁੱਜੇ ਇਨ੍ਹਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜੋਸ਼ ਭਰੇ ਨਾਅਰਿਆਂ ਦੌਰਾਨ ਜ਼ਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਾਮਰਾਜਵਾਦ ਤੇ ਫਿਰਕਾਪ੍ਰਸਤੀ ਖਿਲਾਫ ਅਤੇ ਨਸ਼ਿਆਂ ਵਿਰੁੱਧ ਤਿੱਖਾ ਸੰਘਰਸ਼ ਲੜਨ ਦਾ ਪ੍ਰਣ ਲਿਆ। ਰੈਲੀ ਦੀ ਪ੍ਰਧਾਨਗੀ ਮਨਦੀਪ ਰਤੀਆ, ਕੁਲਵੰਤ ਮੱਲੂ ਨੰਗਲ, ਸੁਲੱਖਣ ਤੁੜ, ਰਵੀ ਕੁਮਾਰ ਕਟਾਰੂਚੱਕ, ਮਨਜਿੰਦਰ ਢੇਸੀ, ਨਵਦੀਪ ਸਿੰਘ ਕੋਟਕਪੂਰਾ ਨੇ ਸਾਂਝੇ ਰੂਪ ਵਿਚ ਕੀਤੀ।
ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਮਰਾਜ ਖਿਲਾਫ ਇੱਕ ਹੋਰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੇ ਅੱਜ ਤੋਂ ਸੌ ਸਾਲ ਪਹਿਲਾਂ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਜੰਗ ਦਾ ਬਿਗੁਲ ਵਜਾਇਆ ਸੀ ਅਤੇ ਜਾਤ ਅਤੇ ਧਰਮ ਦੇ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਦੇਸ਼ ਦੀ ਅਜ਼ਾਦੀ ਲਈ ਕੁਬਾਨੀਆਂ ਕੀਤੀਆਂ ਸਨ । ਪਰ ਦੇਸ਼ ਦੇ ਮੌਜੂਦਾ ਹਾਕਮ ਨੌਜਵਾਨ ਪੀੜ੍ਹੀ ਦਾ ਧਿਆਨ ਇਤਿਹਾਸ ਤੋਂ ਲਾਂਭੇ ਕਰਨ ਵੱਲ ਤੁਰ ਪਏ ਹਨ। ਉਨ੍ਹਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਭਗਤੀ ਪੂਰਨ ਇਤਿਹਾਸ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨ ਇਹ ਯਕੀਨੀ ਬਨਾਉਣ ਕਿ ਦੇਸ਼ ਦੇ ਹਾਕਮਾਂ ਵਲੋਂ ਫਿਰਕਾਪ੍ਰਸਤੀ ਅਧਾਰਿਤ ਘੋਲੇ ਜਾ ਰਹੇ ਜ਼ਹਿਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ ਭਗਤ ਸਿੰਘ ਅਤੇ ਉਸ ਦੇ ਸਾਥੀ ਜ਼ਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਸਾਮਰਾਜ ਖਿਲਾਫ ਆਪਣੀ ਜੰਗ ਨੂੰ ਜਾਰੀ ਰੱਖਿਆ ਅਤੇ ਇਹ ਜੰਗ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਸਾਮਰਾਜ ਨਾਲ ਭਿਆਲੀ ਪਾ ਕੇ ਦੇਸ਼ ਨੂੰ ਗਹਿਣੇ ਕਰਨ ਲਈ ਤੁਲੇ ਹੋਏ ਹਨ। ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲ਼ਾ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਵੱਲੋਂ ਸਰਕਾਰ ਦੀ ਸ਼ਹਿ ‘ਤੇ ਅਜਿਹੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਜਿਹੜੇ ਫਿਰਕਪ੍ਰਸਤੀ ਦੇ ਖਿਲਾਫ ਡੱਟ ਕੇ ਬੋਲਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਫਿਰਕਾਪ੍ਰਸਤੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਵਉਦਾਰਵਾਦੀ ਨੀਤੀਆਂ ਤਹਿਤ ਵਿਦਿਆ ਅਤੇ ਰੁਜ਼ਗਾਰ ਦਾ ਭੋਗ ਪਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨਸ਼ਿਆਂ ਦਾ ਜਿੱਡਾ ਵੱਡਾ ਹਮਲਾ ਨੌਜਵਾਨ ਪੀੜ੍ਹੀ ਉੱਪਰ ਕੀਤਾ ਗਿਆ ਹੈ, ਉਸ ਦਾ ਹੱਲ ਕਰਨ ਲਈ ਦੇਸ਼ ਦੇ ਹਾਕਮ ਹਾਲੇ ਤੱਕ ਵੀ ਇਮਾਨਦਾਰੀ ਨਾਲ ਨਹੀਂ ਤੁਰੇ। ਆਗੂਆਂ ਨੇ ਕਿਹਾ ਕਿ ਮਾਰੂ ਨਸ਼ਿਆਂ ਕਾਰਨ ਨੌਜਵਾਨਾਂ ਦੀ ਇੱਕ ਪੀੜ੍ਹੀ ਬਰਬਾਦੀ ਤੱਕ ਪੁੱਜ ਗਈ ਹੈ ਅਤੇ ਹਾਕਮਾਂ ਵਲੋਂ ਸਾਰਾ ਕੁੱਝ ਠੀਕ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਸਭਾ ਦੇ ਆਗੂਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਮਰਾਜ ਖਿਲਾਫ ਅਤੇ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਤਿੱਖਾ ਕਰਨ ਦਾ ਜਲਿਆਂਵਾਲੇ ਬਾਗ ਦੀ ਮਹਾਨ ਧਰਤੀ ਤੋਂ ਅਹਿਦ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਵਿਦਿਆ ਅਮੀਰ ਲੋਕਾਂ ਲਈ ਰਾਖਵੀਂ ਹੋ ਰਹੀ ਹੈ ਅਤੇ ਪਿੰਡਾਂ ‘ਚੋਂ ਗਿਣਤੀ ਦੇ ਬੱਚੇ ਹੀ ਉਚੇਰੀ ਵਿਦਿਆ ਹਾਸਲ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਅਤੇ ਬਸ ਪਾਸ ਸਹੂਲਤ ਨੂੰ ਸਰਕਾਰ ਸਖਤੀ ਨਾਲ ਲਾਗੂ ਕਰਵਾਏ। ਇਸ ਮੌਕੇ ਮੱਖਣ ਸੰਗਰਾਮੀ, ਜਤਿੰਦਰ ਫਰੀਦਕੋਟ, ਹਰਨੇਕ ਗੁੱਜਰਵਾਲ, ਦਵਿੰਦਰ ਕੁਲਾਰ, ਗੁਰਦੀਪ ਬੇਗਮਪੁਰ, ਸੁਖਦੇਵ ਜਵੰਦਾ, ਤਸਵੀਰ ਸਿੰਘ, ਪਰਮਜੀਤ ਲਾਲੀ, ਸੁਰਜੀਤ ਦੁੱਧਰਾਏ, ਮਨਦੀਪ ਕੌਰ, ਜਸਵਿੰਦਰ ਕਾਲਖ, ਕਰਮਵੀਰ ਪੱਖੋਕੇ, ਸੰਦੀਪ ਮਾਨਸਾ, ਸਿਮਰਜੀਤ ਬਰਾੜ, ਸੁਰੇਸ਼ ਸਮਾਨਾ, ਬੰਸੀ ਸਰਦੂਲਗੜ੍ਹ, ਸਰਬਜੀਤ ਹੈਰੀ, ਪ੍ਰਭਾਤ ਕਵੀ, ਸੰਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਾਸ ਕੀਤੇ ਮਤਿਆ ਰਾਹੀ, ਚੋਣ ਵਾਅਦੇ ਮੁਤਾਬਿਕ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤੇ ਅਤੇ ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ‘ਚ ਸ਼ਾਮਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀ ਨਸ਼ਿਆਂ ‘ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕਰਦਿਆਂ ਪੀੜਤ ਨੌਜਵਾਨਾਂ ‘ਚ ਵਿਗਿਆਨਕ ਢੰਗ ਨਾਲ ਕੀਤੇ ਜਾਣ ਵਾਲੇ ਇਲਾਜ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਇੱਕ ਹੋਰ ਮਤੇ ‘ਚ ਪੋਸਟ ਮੈਟ੍ਰਿਕ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਕਾਲਰਸ਼ਿਪ ਦੇ ਰੁਕੇ ਪੈਸੇ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਗਈ। ਅਗਲੇ ਇੱਕ ਹੋਰ ਮਤੇ ਰਾਹੀਂ ਵੱਖ-ਵੱਖ ਅਦਾਰਿਆਂ ‘ਚ ਖਾਲੀ ਪਈਆਂ ਅਸਮੀਆਂ ਨੂੰ ਪੱਕੇ ਤੌਰ ‘ਤੇ ਪੁਰ ਕਰਨ ਦੀ ਮੰਗ ਵੀ ਕੀਤੀ ਗਈ। ਬੀਏ ਤੱਕ ਦੀ ਮੁਫਤ ਪੜ੍ਹਾਈ ਨੂੰ ਯਕੀਨੀ ਬਣਾਉਣ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ।
ਪਾਰਟੀ ਅਤੇ ਜਨਸੰਗਠਨਾਂ ਵਲੋਂ ਜੋਸ਼ੋ ਖਰੋਸ਼ ਨਾਲ ਮਨਾਈ ਗਈ ਅੰਬੇਡਕਰ ਜੈਅੰਤੀ
ਹੁਸ਼ਿਆਰਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਹੁਸ਼ਿਆਰਪੁਰ ਜਿਲ੍ਹਾ ਕਮੇਟੀ ਵੱਲੋਂ, ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਪਰਭਾਵਸ਼ਾਲੀ ਸੈਮੀਨਾਰ, ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਆਯੋਜਤ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਤਰਲੋਚਨ ਸਿੰਘ ਨੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਨ ਲਈ ਆਰ ਐਮ ਪੀ ਆਈ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਕਰਮਜੀਤ ਸਿੰਘ ਅਤੇ ਉੱਘੇ ਵਿਦਵਾਨ ਡਾਕਟਰ ਸੁਖਦੇਵ ਸਿੰਘ ਢਿੱਲੋਂ ਉਚੇਚੇ ਤੌਰ ‘ਤੇ ਪੁੱਜੇ। ਬੁਲਾਰਿਆਂ ਵਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੀ ਮਾਨਵਵਾਦੀ ਵਿਚਾਰਧਾਰਾ, ਦਲਿਤ ਸਮਾਜ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਉਨ੍ਹਾਂ ਵਲੋਂ ਲੜੇ ਗਏ ਸੰਘਰਸ਼, ਸੰਵਿਧਾਨ ਘੜਣ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਛਾਪ ਆਦਿ ਵਿਸ਼ਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ । ਸਭਨਾਂ ਬੁਲਾਰਿਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪ੍ਰਣ ਕਰੀਏ ਕਿ ਡਾਕਟਰ ਅੰਬੇਡਕਰ ਵਲੋਂ ਸ਼ੁਰੂ ਕੀਤੇ ਗਏ ਕਾਰਜ ‘ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ’ ਦੇ ਵਿਚਾਰ ਨੂੰ ਅਮਲ ਵਿੱਚ ਲਿਆਈਏ ਤਾਂ ਜੁ ਦਲਿਤ ਸਮਾਜ, ਲੁੱਟੇ-ਪੁੱਟੇ ਜਾਂਦੇ ਵਰਗਾਂ ਅਤੇ ਔਰਤਾਂ ਦੀ ਜਿੰਦਗੀ ਦੀਆਂ ਦੁਸ਼ਵਾਰੀਆਂ ਦਾ ਖਾਤਮਾ ਕੀਤਾ ਜਾ ਸਕੇ। ਬੁਲਾਰਿਆਂ ਨੇ ਇਸ ਨੁਕਤੇ ‘ਤੇ ਖਾਸ ਤੌਰ ‘ਤੇ ਜੋਰ ਦਿੱਤਾ ਕਿ ਅਜੋਕੇ ਦੌਰ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਸਮਾਜ ਅੰਦਰ ਸਨਮਾਨਜਨਕ ਸਥਾਨ ਦਿਵਾਉਣ ਲਈ ਅਤੇ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਨੂੰ ਮੋੜਾ ਦੇਣ ਲਈ ਚੱਲ ਰਹੇ ਕੌਮੀ ਸੰਗਰਾਮ ਨਾਲ ਜੋੜ ਕੇ ਹੀ ਉੱਪਰ ਬਿਆਨੇ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ । ਸੈਮੀਨਾਰ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ (ਜਿਲ੍ਹਾ ਸਕੱਤਰ ਆਰਐਮਪੀਆਈ), ਡਾਕਟਰ ਜਸਵੰਤ ਰਾਇ (ਗਦਰੀ ਬਾਬਾ ਮੰਗੂ ਰਾਮ ਜੀ ਮੁੱਗੋਵਾਲ ਸਬੰਧੀ ਖੋਜ ਭਰਪੂਰ ਪੁਸਤਕ ਦੇ ਲੇਖਕ), ਕੁਲਵਰਣ ਸਿੰਘ (ਜਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸਇਏਸ਼ਨ), ਡਾਕਟਰ ਤਰਲੋਚਨ ਸਿੰਘ ਅਤੇ ਪ੍ਰਿੰਸੀਪਲ ਸ਼ਿਵ ਸਿੰਘ ਜੀ ਨੇ ਵੀ ਆਪਣੇ ਵਡਮੁੱਲੇ ਵਿਚਾਰ ਪ੍ਰਗਟ ਕੀਤੇ ।
ਨਕੋਦਰ : ਇਥੇ ਸ਼ਹੀਦ ਗਗਨ-ਸੁਰਜੀਤ, ਪਾਰਕ ਵਿੱਚ ਪਰਭਾਵਸ਼ਾਲੀ ਇਕੱਤਰਤਾ ਕਰਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ ਜਿਸ ਵਿੱਚ ਸਾਥੀ ਦਰਸ਼ਨ ਨਾਹਰ , ਮਨੋਹਰ ਸਿੰਘ ਗਿੱਲ, ਨਿਰਮਲ ਸਿੰਘ ਮਲਸੀਆਂ, ਨਿਰਮਲ ਸਿੰਘ ਸ਼ਾਹਕੋਟ, ਸਤਪਾਲ ਸਹੋਤਾ, ਬਖਸ਼ੀ ਪੰਡੋਰੀ, ਮੇਜਰ ਖੁਰਲਾਪੁਰ, ਸ਼ਰਨਜੀਤ, ਬਲਵੀਰ ਸਿੰਘ ਰਸੂਲਪੁਰ, ਨੱਥਾ ਸਿੰਘ ਮਹਿੰਦਰ ਸਿੰਘ ਸਰਪੰਚ ਦਲਵਿੰਦਰ ਸਿੰਘ ਕੁਲਾਰ ਨੇ ਸੰਬੋਧਨ ਕੀਤਾ । ਪ੍ਰਧਾਨਗੀ ਸਾਥੀ ਰਾਮ ਸਿੰਘ ਕਾਇਮਵਾਲਾ, ਦਲਵਿੰਦਰ ਸਿੰਘ ਕੁਲਾਰ ਅਤੇ ਮੱਖਣ ਨੂਰਪੁਰੀ ਨੇ ਕੀਤੀ।
ਅਮ੍ਰਿਤਸਰ : ਤਹਿਸੀਲ ਬਾਬਾ ਬਕਾਲਾ ਦੇ ਕਸਬਾ ਰੱਈਆ ਵਿਖੇ ਆਰ ਐਮ ਪੀ ਆਈ ਦਫਤਰ ਵਿੱਚ ਆਰ ਐਮ ਪੀ ਆਈ, ਬਹੁਜਨ ਸਮਾਜ ਪਾਰਟੀ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਮਨਾਉਣ ਲਈ ਸਾਂਝੀ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਅਮਰੀਕ ਸਿੰਘ ਦਾਊਦ, ਗੁਰਤੇਜ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਸਵਿੰਦਰ ਸਿੰਘ ਛੱਜਲਵੱਡੀ, ਤਰਸੇਮ ਸਿੰਘ ਮੱਟੂ ਅਤੇ ਮੁਖਤਿਆਰ ਸਿੰਘ ਛਾਪਿਆਂ ਵਾਲੀ ਵਲੋਂ ਕੀਤੀ ਗਈ । ਸਭਾ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦਸਿਆ ਕਿ ਬਾਬਾ ਸਾਹਿਬ ਦਾ ਜਨਮ ਬੜੌਦਾ ਰਿਆਸਤ ਦੇ ਪਿੰਡ ਮਹੂ (ਹੁਣ ਮੱਧ ਪ੍ਰਦੇਸ਼) ਵਿੱਚ 14 ਅਪ੍ਰੈਲ 1891 ਵਿੱਚ ਹੋਇਆ । ਉਸ ਵੇਲੇ ਤੱਕ ਬੇਸ਼ਕ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਨੂੰ ਵਿੱਦਿਆ ਪ੍ਰਾਪਤੀ ਦਾ ਹੱਕ ਮਿਲ ਗਿਆ ਸੀ ਪਰ ਸਕੂਲਾਂ ਵਿੱਚ ਅਛੂਤ ਪਰਿਵਾਰਾਂ ਦੇ ਬੱਚਿਆਂ ਨਾਲ ਹੁੰਦੇ ਘੋਰ ਜਾਤੀ ਅਧਾਰਿਤ ਘਿਨਾਉਣੇ ਵਿਤਕਰੇ ਅਤੇ ਸਿਰੇ ਦੇ ਆਰਥਿਕ ਪਛੜੇਵੇਂ ਕਰਕੇ ਇਨ੍ਹਾਂ ਵਰਗਾਂ ਲਈ ਵਿੱਦਿਆ ਪ੍ਰਾਪਤ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਸੀ । ਬਾਬਾ ਸਾਹਿਬ ਜੀ ਦੇ ਪਿਤਾ ਜੀ ਫੌਜ ਵਿੱਚ ਸਨ ਅਤੇ ਉਨ੍ਹਾਂ ਦੇ ਮਨ ਵਿੱਚ ਆਪਣੀ ਔਲਾਦ ਨੂੰ ਸਿਖਿਅਤ ਬਨਾਉਣ ਦੀ ਜੋਰਦਾਰ ਤਾਂਘ ਸੀ । ਇਸ ਕਰਕੇ ਉਨ੍ਹਾਂ ਆਪਣੇ ਬੱਚੇ ਭੀਮ ਰਾਓ ਅੰਬੇਦਕਰ ਨੂੰ ਸਕੂਲ ਪੜ੍ਹਣੇ ਪਾਇਆ । ਬਾਬਾ ਸਾਹਿਬ ਦੇ ਬਾਲ ਮਨ ਨੂੰ ਸਕੂਲ ਵਿੱਚ ਪੜ੍ਹਦੇ ਅਛੂਤ ਪਰਿਵਾਰਾਂ ਦੇ ਬੱਚਿਆਂ ਨਾਲ ਹੁੰਦੇ ਭੇਦ ਭਾਵ ਤੋਂ ਡਾਢੀ ਠੇਸ ਲੱਗੀ ਅਤੇ ਉਨ੍ਹਾਂ ਮਨ ਹੀ ਮਨ ਇਸ ਭੇਦ ਭਾਵ ਵਿਰੁੱਧ ਲੜਦਿਆਂ ਇਸ ਦੇ ਖਾਤਮੇ ਦਾ ਤਹੱਈਆ ਕੀਤਾ । ਆਪ ਜੀ ਨੇ ਆਪਣੀ ਸਾਰੀ ਜ਼ਿੰਦਗੀ ਇਸ ਭੇਦ ਭਾਵ ਦੇ ਖਾਤਮੇ ਦੇ ਲੇਖੇ ਲਾਈ । ਭਾਰਤ ਦੀ ਸੰਵਿਧਾਨ ਘੜਣੀ ਸਭਾ ਦੇ ਮੁਖੀ ਵਜੋਂ ਵੀ ਆਪਣੀ ਇਨ੍ਹਾਂ ਲਿਤਾੜੇ ਵਰਗਾਂ ਨੂੰ ਸਮਾਨ ਮਨੁੱਖੀ ਤੇ ਨਾਗਰਿਕ ਅਧਿਕਾਰ ਦੇਣ ਦੀਆਂ ਸੰਵਿਧਾਨਕ ਵਿਵਸਥਾਵਾਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ । ਉਨ੍ਹਾਂ ਸਾਂਝੇ ਤਾਲਾਬਾਂ ਚੋਂ ਦਲਿਤਾਂ ਦੇ ਪਾਣੀ ਭਰਨ ਅਤੇ ਮੰਦਿਰਾਂ ਵਿੱਚ ਦਾਖਲ ਹੋਣ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੀ ਸੁਯੋਗ ਅਗਵਾਈ ਕੀਤੀ ।
ਫਿਲੌਰ : ਸਰਵ ਸਾਥੀ ਪਰਮਜੀਤ ਸਿੰਘ ਰੰਧਾਵਾ, ਮੇਜਰ ਫਿਲੌਰ , ਜਰਨੈਲ ਫਿਲੌਰ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕਰਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ ।
ਮੁਕਤਸਰ : ਇਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਸਮਾਗਮਾਂ ਨੂੰ ਸਾਥੀ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰਸਾ, ਕਰਮ ਸਿੰਘ, ਜਸਵਿੰਦਰ ਸਿੰਘ, ਚੁੰਨੀ ਲਾਲ ਭਾਰਤੀ, ਅਮ੍ਰਿਤ ਪਾਲ ਸਿੰਘ, ਗੁਰਚਰਨ ਸਿੰਘ ਲੱਖੇਵਾਲੀ ਨੇ ਸੰਬੋਧਨ ਕੀਤਾ । ਸੀ ਪੀ ਆਈ ਦੇ ਕੌਮੀ ਕੌਂਸਲ ਦੇ ਮੈਂਬਰ ਸਾਥੀ ਜਗਰੂਪ ਸਿੰਘ ਵੀ ਉਚੇਚੇ ਪੁੱਜੇ ।
ਫਰੀਦਕੋਟ : ਇਥੇ ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਵਲੋਂ ਸਾਂਝਾ ਇੱਕਠ ਕੀਤਾ ਗਿਆ ਜਿਸ ਨੂੰ ਸਾਥੀ ਗੁਰਤੇਜ ਸਿੰਘ ਹਰੀ ਨੌਂ, ਜਤਿੰਦਰ ਕੁਮਾਰ, ਮਲਕੀਤ ਸਿੰਘ ਸ਼ੇਰ ਸਿੰਘ ਵਾਲਾ, ਗੁਰਚੇਤ ਸਿੰਘ ਨੇ ਸੰਬੋਧਨ ਕੀਤਾ ।
ਬਠਿੰਡਾ : ਜਿਲ੍ਹੇ ਦੇ ਇਤਿਹਾਸਕ ਪਿੰਡ ਕੋਟ ਸ਼ਮੀਰ ਵਿਖੇ ਅੰਬੇਦਕਰ ਜੈਅੰਤੀ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਸਾਂਝੇ ਤੌਰ ਤੇ ਮਨਾਈ ਗਈ। ਇਸ ਸਬੰਧੀ ਹੋਏ ਪਰਭਾਵਸ਼ਾਲੀ ਸਮਾਗਮ ਨੂੰ ਸਾਥੀ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਅਤੇ ਤਾਰਾ ਸਿੰਘ ਨੰਦਗੜ੍ਹ ਕੋਟੜਾ ਨੇ ਸੰਬੋਧਨ ਕੀਤਾ ।ਸਮਾਗਮ ਦੀ ਪ੍ਰਧਾਨਗੀ ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ, ਮੁਖਤਿਆਰ ਕੌਰ, ਛਿੰਦਰ ਕੌਰ ਅਤੇ ਰਾਣੀ ਕੌਰ ਨੇ ਕੀਤੀ ।
ਤਰਨਤਾਰਨ : ਇਥੇ ਪੱਟੀ ਅਤੇ ਤਰਨਤਾਰਨ ਵਿਖੇ ਕ੍ਰਮਵਾਰ ਧਰਮ ਸਿੰਘ ਅਤੇ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਕੀਤੇ ਗਏ ਜਿਨ੍ਹਾਂ ਨੂੰ ਚਮਨ ਲਾਲ ਦਰਾਜ ਕੇ , ਜਸਪਾਲ ਸਿੰਘ ਝਬਾਲ ਅਤੇ ਬਲਦੇਵ ਸਿੰਘ ਭੈਲ ਨੇ ਸੰਬੋਧਨ ਕੀਤਾ ।
ਗੁਰਾਇਆ : ਪਿੰਡ ਸੰਗ ਢੇਸੀਆਂ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਫਿਲੌਰ ਵੱਲੋਂ ਵਿਸਾਖੀ ਮੌਕੇ ਇੱਕ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਉਚੇਚੇ ਤੌਰ ‘ਤੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਉਨ੍ਹਾਂ ਵਿਸਾਖੀ ਮੌਕੇ ਕੀਤੇ ਖ਼ਾਲਸਾ ਪੰਥ ਦੀ ਸਾਜਨਾ ਅਤੇ ਇਸ ਦੇ ਮਹੱਤਵ ਬਾਰੇ ਬੋਲਦਿਆਂ ਜੱਲ੍ਹਿਆਂ ਵਾਲੇ ਬਾਗ਼ ਦੇ 100 ਸਾਲਾ ਖੂਨੀ ਸਾਕੇ ਬਾਰੇ ਵੀ ਰੌਸ਼ਨੀ ਪਾਈ। ਉਨ੍ਹਾਂ ਡਾ. ਅੰਬੇਡਕਰ ਦੀ ਵਿਚਾਰਧਾਰਾ ਬਾਰੇ ਦੱਸਦਿਆਂ ਮੌਜੂਦਾ ਸਥਿਤੀ ‘ਚ ਪੀਡੀਏ ਵੱਲੋਂ ਐਲਾਨੇ ਉਮੀਦਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਪਾਸਲਾ ਨੇ ਅਜੋਕੀ ਅਵਸਥਾ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਲੋਕ ਵਿਰੋਧੀ ਕਿਰਦਾਰ ਬਾਰੇ ਵਿਸਥਾਰ ਸਹਿਤ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਪੀਡੀਏ ਨੂੰ ਜਿਤਾਉਣ ਨਾਲ ਲਾਜ਼ਮੀ ਤੌਰ ‘ਤੇ ਲੋਕ ਪੱਖੀ ਲਹਿਰ ਦੇ ਉੱਠਣ ਦੀ ਸੰਭਾਵਨਾ ਹੀ ਨਹੀਂ ਬਣੇਗੀ ਸਗੋਂ ਇਸ ਦੇ ਨਤੀਜੇ ਵੀ ਬਿਹਤਰ ਹੋਣਗੇ। ਇਸ ਮੌਕੇ ਚੱਕ ਦੇਸ ਰਾਜ ਦੀ ਨਾਟਕ ਮੰਡਲੀ ਵੱਲੋਂ ਕੋਰੀਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਨੂੰ ਸਮਰਪਤ ਸਮਾਗਮ
ਸਰਦੂਲਗੜ੍ਹ : ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕਾਨਫਰੰਸ ਅਤੇ ਨਾਟਕਾਂ ਦਾ ਮੰਚਨ ।
ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਸਰਦੂਲਗੜ੍ਹ (ਮਾਨਸਾ) ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕਾਨਫਰੰਸ ਅਤੇ ਗੀਤ-ਸੰਗੀਤ ਤੇ ਨਾਟਕਾਂ ਦਾ ਆਯੋਜਨ ਕੀਤਾ ਗਿਆ । ਕਮੇਟੀ ਦੇ ਪਰਧਾਨ ਬਿੱਕਰਜੀਤ ਸਿੰਘ ਸਾਧੂਵਾਲਾ ਦੀ ਨਿਗਰਾਨੀ ਹੇਠ ਹੋਏ ਉਕਤ ਪਰੋਗਰਾਮ ਵਿੱਚ ਹਰਮਨ ਪਿਆਰੇ ਜਨਤਕ ਆਗੂਆਂ ਸਾਥੀ ਲਾਲ ਚੰਦ, ਛੱਜੂ ਰਾਮ ਰਿਸ਼ੀ, ਬੰਸੀ ਲਾਲ, ਮਨਦੀਪ ਸਿੰਘ ਸੰਧੂ, ਰਵਿੰਦਰ ਸਿੰਘ ਲੋਹਗੜ੍ਹ, ਗਗਨਦੀਪ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਵਲੋਂ ਦਰਸਾਏ ਮਾਰਗ ਤੇ ਸਿਦਕਦਿਲੀ ਨਾਲ ਤੁਰਨ ਦਾ ਸੱਦਾ ਦਿੱਤਾ । ਲੋਕ ਕਲਾ ਮੰਚ ਜੋਧਪੁਰ ਦੀ ਟੀਮ ਵੱਲੋਂ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ ।ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਰਣਬੀਰ ਲੈਨ, ਜੋਗਿੰਦਰਪਾਲ, ਸੀਰਾ ਸਿੰਘ, ਸੁਖਦੇਵ ਸਿੰਘ ਖਾਲਸਾ, ਦਰਸ਼ਨ ਮਠਾਰੂ ਵਲੋਂ ਪੂਰਨ ਸਹਿਯੋਗ ਦੇਣ ਲਈ ਕਸਬਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।
ਵਿਰਕ ਕਲਾਂ (ਬਠਿੰਡਾ) : ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਵਿਰਕ ਕਲਾਂ (ਬਠਿੰਡਾ) ਵਲੋਂ, ਪਿੰਡ ਵਿਰਕ ਕਲਾਂ ਵਿਖੇ ਜਲਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਭਿਆਚਾਰਕ ਪਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪਰੋਗਰਾਮ ਦੌਰਾਨ ਹਾਜਰ ਲੋਕਾਂ ਨੂੰ ਸੰਬੋਧਨ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ । ਉਨ੍ਹਾਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਸ਼ਹੀਦਾਂ ਵਲੋਂ ਚਿਤਵੇ ਬਰਾਬਰਤਾ ਆਧਾਰਿਤ ਸਮਾਜ ਦੀ ਉਸਾਰੀ ਦੇ ਸੰਗਰਾਮਾਂ ‘ਚ ਸਰਗਰਮ ਸ਼ਮੂਲੀਅਤ ਦਾ ਸੱਦਾ ਦਿੱਤਾ । ਇਸ ਮੌਕੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵਲੋਂ ਜੋਸ਼ ਭਰਪੂਰ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ । ਲੋਕ ਕਲਾ ਮੰਚ ਜੋਧਪੁਰ ਦੀ ਟੀਮ ਵੱਲੋਂ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ ।
ਦਲਿਤ ਆਬਾਦੀ ‘ਚੋਂ ਸੰਘਰਸ਼ ਕਰ ਕੇ ਠੇਕਾ ਚੁਕਵਾਇਆ
ਬਠਿੰਡਾ ਜਿਲ੍ਹੇ ਦੇ ਇਤਿਹਾਸਕ ਪਿੰਡ ਕੋਟ ਸ਼ਮੀਰ ਵਾਸੀ ਦਲਿਤਾਂ ਨੇ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਸੰਘਰਸ਼ ਕਰਕੇ ਦਲਿਤ ਬਸਤੀ ਚੋਂ ਠੇਕਾ ਚੁਕਾਉਣ ‘ਚ ਸਫਲਤਾ ਹਾਸਿਲ ਕੀਤੀ । ਇਹ ਠੇਕਾ ਪਿੰਡ ਦੇ ਬੇਜਮੀਨੇ, ਬੌਰੀਆ ਭਾਈਚਾਰੇ ਦੇ ਘਰਾਂ ਦੇ ਐਨ ਵਿਚਕਾਰ ਸੀ । ਬਸਤੀ ਦੇ ਲੋਕ , ਖਾਸ ਕਰਕੇ ਔਰਤਾਂ ਇਥੇ ਪੈਂਦੇ ਹਰ ਰੋਜ ਦੇ ਖਰੂਦ ਤੋਂ ਡਾਢੇ ਔਖੇ ਸਨ । ਮਾਰਚ ਦੇ ਆਖਰੀ ਹਫਤੇ ਬਸਤੀ ਵਾਸੀਆਂ ਨੇ ਦਿਹਾਤੀ ਮਜ਼ਦੂਰ ਸਭਾ ਬਠਿੰਡਾ ਦੇ ਪ੍ਰਮੁਖ ਆਗੂਆਂ ਸਾਥੀ ਮਿੱਠੂ ਸਿੰਘ ਘੁੱਦਾ, ਪਰਕਾਸ਼ ਸਿੰਘ ਨੰਦਗੜ੍ਹ ਅਤੇ ਮੱਖਣ ਸਿੰਘ ਤਲਵੰਡੀ ਸਾਬੋ ਤੱਕ ਪਹੁੰਚ ਕੀਤੀ । ਆਗੂਆਂ ਨੇ ਫੌਰੀ ਤੌਰ ਤੇ ਪਿੰਡ ਪੁੱਜ ਕੇ ਸਾਰੇ ਬਸਤੀ ਵਾਸੀਆਂ ਦੀ ਮੀਟਿੰਗ ਕੀਤੀ ਅਤੇ ਸਾਰਿਆਂ ਦੀ ਰਜ਼ਾਮੰਦੀ ਨਾਲ ਠੇਕੇ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਔਰਤਾਂ ਨੇ ਇਸ ਘੋਲ ਵਿੱਚ ਸਰਗਰਮ ਸ਼ਮੂਲੀਅਤ ਪੱਖੋਂ ਪੁਰਸ਼ਾਂ ਨੂੰ ਪਿੱਛੇ ਛੱਡ ਦਿੱਤਾ । ਕਈ ਦਿਨਾਂ ਦੇ ਘੋਲ ਪਿੱਛੋਂ ਸਿਵਲ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ 31 ਮਾਰਚ ਤੋਂ ਬਾਅਦ ਠੇਕਾ ਚੁਕਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਧਰਨਾ ਚੁੱਕਣ ਦੀ ਅਪੀਲ ਕੀਤੀ ।
ਪ੍ਰਸ਼ਾਸ਼ਨ ਵਲੋਂ ਆਪਣਾ ਵਾਅਦਾ ਪੂਰਾ ਨਾ ਕੀਤੇ ਜਾਣ ਤੋਂ ਰੋਹ ਵਿੱਚ ਆਏ ਬਸਤੀ ਵਾਸੀਆਂ ਨੇ 1 ਅਪ੍ਰੈਲ ਤੋਂ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਦਿੱਤਾ । ਜਦ ਪਰਸ਼ਾਸਕੀ ਅਧਿਕਾਰੀਆਂ ਨੇ ਲੋਕਾਂ ਦੀ ਇਸ ਮਾਨਵੀ ਅਤੇ ਹੱਕੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਲੋਕਾਂ ਨੇ 9 ਅਪਰੈਲ ਨੂੰ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਬਠਿੰਡਾ-ਤਲਵੰਡੀ ਸਾਬੋ ਸੜਕ ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ । ਇਸ ਰੋਸ ਐਕਸ਼ਨ ਵਿੱਚ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਆਗੂਆਂ ਸਤ ਪਾਲ ਗੋਇਲ ਅਤੇ ਮਲਕੀਤ ਸਿੰਘ ਤੋਂ ਇਲਾਵਾ ਪੰਜਾਬ ਜਮਹੂਰੀ ਗਠਜੋੜ ਦੇ ਆਗੂਆਂ ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਕੈਲੇ ਵਾਂਦਰ ਨੇ ਵੀ ਸ਼ਮੂਲੀਅਤ ਕੀਤੀ ਇਹ ਰੋਹ ਭਰਪੂਰ ਧਰਨਾ ਅਤੇ ਜਾਮ ਠੇਕੇ ਨੂੰ ਜਿੰਦਰਾ ਮਾਰਨ ਪਿਛੋਂ ਹੀ ਚੁੱਕਿਆ ਗਿਆ । ਇਸ ਪਿੱਛੋਂ ਕੀਤੀ ਗਈ ਜਿੱਤ ਰੈਲੀ ਨੂੰ ਉਪਰੋਕਤ ਜਨਤਕ ਆਗੂਆਂ ਤੋਂ ਇਲਾਵਾ ਸਥਾਨਕ ਆਗੂਆਂ ਗੁਰਦਿਆਲ ਸਿੰਘ, ਗੁਲਜਾਰ ਸਿੰਘ, ਰਾਣੀ ਕੌਰ, ਛਿੰਦਰ ਕੌਰ, ਮੁਖਤਿਆਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਸੰਘਰਸ਼ੀ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ।