ਆਰ.ਐਮ.ਪੀ.ਆਈ. ਤੇ ਲਿਬਰੇਸ਼ਨ ਵਲੋਂ ਨਸ਼ਿਆਂ ਵਿਰੁੱਧ ਸੂਬਾ ਭਰ ‘ਚ ਮੁਜ਼ਾਹਰੇ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾਈ ਸੱਦੇ ‘ਤੇ ਨਸ਼ਿਆਂ ਦੇ ਵਗ ਰਹੇ ਦਰਿਆ ਵਲੋਂ ਮਚਾਈ ਜਾ ਰਹੀ ਤਬਾਹੀ ਵਿਰੁੱਧ ਦੋਹਾਂ ਪਾਰਟੀਆਂ ਦੇ ਵਰਕਰਾਂ ਵਲੋਂ 11 ਜੁਲਾਈ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜੇ ਗਏ। ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਸ ਦੇ ਗਠਜੋੜ ਕਾਰਨ ਸੂਬੇ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਬਚਿਆ ਜਿਹੜਾ ਨਸ਼ਿਆਂ ਦੀ ਪਹੁੰਚ ਤੋਂ ਵਿਰਵਾ ਹੋਵੇ। ਪਰਵਾਰਾਂ ਦੇ ਪਰਵਾਰ ਇਸ ਸੰਤਾਪ ਨੇ ਤਬਾਹ ਕਰਕੇ ਰੱਖ ਦਿੱਤੇ ਹਨ। ਕੋਈ ਵੀ ਅਜਿਹਾ ਦਿਨ ਨਹੀਂ ਜਾਂਦਾ ਜਦ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਿਸੇ ਘਰ ਦਾ ਚਿਰਾਗ ਗੁੱਲ ਨਾ ਹੋਇਆ ਹੋਵੇ। ਆਗੂਆਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਪੰਜਾਬ ਦੇ ਬੁਰਜ਼ੁਆ ਸਿਆਸਤਦਾਨ ਹਲਕੀ ਕਿਸਮ ਦੀ ਬਿਆਨਬਾਜ਼ੀ ਕਰਕੇ ਇਸ ਸੰਤਾਪ ਦਾ ਸੇਕ ਝੱਲ ਰਹੇ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ। ਇਨ੍ਹਾਂ ਇਕੱਠਾਂ ਨੂੰ ਆਰ.ਐਮ.ਪੀ.ਆਈ. ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਂਬਰਾਨ ਡਾ. ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਭੀਮ ਸਿੰਘ ਆਲਮਪੁਰ, ਸੂਬਾ ਕਮੇਟੀ ਮੈਂਬਰ ਗੱਜਣ ਸਿੰਘ ਦੁੱਗਾਂ, ਮਲਕੀਤ ਸਿੰਘ ਵਜੀਦਕੇ, ਲਾਲ ਚੰਦ ਸਰਦੂਲਗੜ੍ਹ ਤੇ ਦਰਸ਼ਨ ਨਾਹਰ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਭਗਵੰਤ ਸਮਾਓਂ, ਰਾਜਵਿੰਦਰ ਸਿੰਘ ਰਾਣਾ, ਸੁਖਦੇਵ ਸਿੰਘ ਭਾਗੋਕਾਵਾਂ ਤੋਂ ਇਲਾਵਾ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੋਪ ਟੈਸਟ ਦਾ ਸ਼ਿਗੂਫਾ ਛੱਡ ਕੇ ਸਮੁੱਚੇ ਮਾਮਲੇ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਹੈ। ਸਾਰੀਆਂ ਅਖਬਾਰਾਂ ਨਸ਼ਿਆਂ ਦੀ ਥਾਂ ਇਸ ਡੋਪ ਟੈਸਟ ਬਾਰੇ ਬਿਆਨਬਾਜ਼ੀ ਨਾਲ ਭਰੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਬਰਾਬਰ ਵਿੱਦਿਆ ਤੇ ਸਭਨਾ ਲਈ ਰੁਜ਼ਗਾਰ ਦੀ ਗਰੰਟੀ ਨਹੀਂ ਹੁੰਦੀ ਤਦ ਤੱਕ ਇਸ ਲਾਹਨਤ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਗਏ ਮੰਗ ਪੱਤਰਾਂ ਵਿਚ ਇਹ ਮੰਗ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਵਿਰੁੱਧ ਬਾਦਲ ਸਰਕਾਰ ਦੇ ਦਸਾਂ ਸਾਲਾਂ ਦੇ ਮਾਫੀਆ ਸ਼ਾਸਨ ਅਤੇ ਮੌਜੂਦਾ ਹਕੂਮਤ ਦੇ 14 ਮਹੀਨਿਆਂ ਦੇ ਰਾਜ ਭਾਗ ਦੌਰਾਨ ਲੱਗਦੇ ਰਹੇ ਦੋਸ਼ਾਂ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਦੇਖ ਰੇਖ ਹੇਠ ਸੀ.ਬੀ.ਆਈ. ਤੋਂ ਸਮਾਂਬੱਧ ਪੜਤਾਲ ਕਰਵਾਈ ਜਾਵੇ। ਨਸ਼ਾ ਸੌਦਾਗਰਾਂ ਨਾਲ ਮਿਲੀਭੁਗਤ ਬਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਲਗਾਤਾਰ ਉਜਾਗਰ ਹੁੰਦੇ ਆ ਰਹੇ ਮਾਮਲਿਆਂ ਦੇ ਮੱਦੇ ਨਜ਼ਰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਖਾਸ ਕਰਕੇ ਪੁਲਸ ਅਤੇ ਸਿਹਤ ਵਿਭਾਗ ਦੇ ਸਬੰਧਤ ਮੁਲਾਜ਼ਮਾਂ ਦੀ ਵੱਡੀ ਪੱਧਰ ‘ਤੇ ਸਕਰੀਨਿੰਗ ਕੀਤੀ ਜਾਵੇ ਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸਿਧਾਰਥ ਚੱਟੋਪਾਧਿਆਇ ਅਤੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ‘ਚ ਕਾਇਮ ਹੋਏ ਵਿਸ਼ੇਸ਼ ਕਾਰਵਾਈ ਦਲ (S.T.F.) ਦੀਆਂ ਰਿਪੋਰਟਾਂ ਦੇ ਸਮੁੱਚੇ ਵੇਰਵੇ ਜਨਤਕ ਕੀਤੇ ਜਾਣ। ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸੰਬੰਧੀ ਸੰਬੰਧਤ ਥਾਣੇ ਦੇ ਐਸ.ਐਚ.ਓ. ਦੀ ਜ਼ਿੰਮੇਵਾਰੀ ਤੈਅ ਕਰਦਿਆਂ ਉਸ ਨੂੰ ਦੋਸ਼ੀ ਠਹਿਰਾਇਆ ਜਾਵੇ। ਨਸ਼ਾਖੋਰੀ ਦੇ ਸ਼ਿਕਾਰ ਨੌਜਵਾਨਾਂ ਦੇ ਮੁਕੰਮਲ ਇਲਾਜ ਲਈ ਸਬਡਿਵੀਜ਼ਨ ਪੱਧਰ ‘ਤੇ ਹਰ ਕਿਸਮ ਦੇ ਸਾਧਨ ਅਤੇ ਮਾਹਿਰ ਮੁਹੱਈਆ ਕੀਤੇ ਜਾਣ। ਨਸ਼ਾ ਸਪਲਾਈ ਅਤੇ ਤਸਕਰੀ ਦੇ ਸਮੁੱਚੇ ਤਾਣੇ-ਬਾਣੇ ਨੂੰ ਸਖਤੀ ਨਾਲ ਕੁਚਲਿਆ ਜਾਵੇ। ਨੌਜਵਾਨੀ ਦੀ ਨਸ਼ਾ ਖੋਰੀ ਤੋਂ ਸਦੀਵੀਂ ਰਾਖੀ ਅਤੇ ਨਸ਼ਾਖੋਰੀ ਦੇ ਆਦੀ ਬਣ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਿੱਖਿਆ ਅਤੇ ਸਥਾਈ ਤੇ ਗੁਜ਼ਾਰੇਯੋਗ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇ। ਪਹਿਲ ਦੇ ਅਧਾਰ ‘ਤੇ ਸਾਰੇ ਸਰਕਾਰੀ-ਅਰਧ ਸਰਕਾਰੀ ਅਦਾਰਿਆਂ ਤੇ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਬਿਨਾਂ ਦੇਰੀ ਪੁਰ ਕੀਤੀਆਂ ਜਾਣ। ਇਸ ਐਕਸ਼ਨ ਬਾਰੇ ‘ਸੰਗਰਾਮੀ ਲਹਿਰ’ ਨੂੰ ਪੁੱਜੀਆਂ ਰਿਪੋਰਟਾਂ ਹੇਠ ਅਨੁਸਾਰ ਹਨ : ਜਲੰਧਰ : ਇੱਥੋ ਹੋਏ ਇਕੱਠ ਨੂੰ ਪਰਮਜੀਤ ਸਿੰਘ ਰੰਧਾਵਾ, ਮਨੋਹਰ ਸਿੰਘ ਗਿੱਲ, ਰਾਮ ਕਿਸ਼ਨ, ਬੀਬੀ ਕੰਚਨ, ਹਰੀਮੁਨੀ ਸਿੰਘ, ਨਿਰਮਲ ਆਧੀ, ਬੀਬੀ ਮੀਨਾ, ਜਗਜੀਤ ਸਿੰਘ ਖਾਂਬਰਾ ਨੇ ਸੰਬੋਧਨ ਕੀਤਾ। ਲੁਧਿਆਣਾ : ਹੋਈ ਇਕੱਤਰਤਾ ਨੂੰ ਰਘਬੀਰ ਸਿੰਘ ਬੈਨੀਪਾਲ, ਪ੍ਰੋ. ਜੈਪਾਲ, ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਹਿਮਾਯੂਪੁਰਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਬਠਿੰਡਾ : ਸਰਵਸਾਥੀ ਮਿੱਠੂ ਸਿੰਘ ਘੁੱਦਾ, ਹਰਵਿੰਦਰ ਸਿੰਘ ਸੇਮਾ, ਪ੍ਰਕਾਸ਼ ਸਿੰਘ, ਸੰਪੂਰਨ ਸਿੰਘ, ਹਰਬੰਸ ਸਿੰਘ, ਮਲਕੀਤ ਸਿੰਘ, ਪ੍ਰਿਤਪਾਲ ਸਿੰਘ ਰਾਮਪੁਰਾ, ਮੱਖਣ ਤਲਵੰਡੀ ਦੀ ਅਗਵਾਈ ਵਿਚ ਸ਼ਹਿਰ ‘ਚ ਜ਼ੋਰਦਾਰ ਮੁਜ਼ਾਹਰਾ ਕਰਕੇ ਅਧਿਕਾਰੀਆਂ ਰਾਹੀਂ ਸੂਬਾ ਹਕੂਮਤ ਨੂੰ ਮੰਗ ਪੱਤਰ ਭੇਜਿਆ ਗਿਆ। ਮਾਨਸਾ : ਮੁਜ਼ਾਹਰੇ ਉਪਰੰਤ ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ, ਗੁਰਦੇਵ ਸਿੰਘ ਲੋਹਗੜ੍ਹ, ਇੰਦਰਜੀਤ ਸਿੰਘ ਅੱਕਾਂਵਾਲੀ, ਨਾਤਾ ਸਿੰਘ ਫਫੜੇ ਅਤੇ ਗੁਰਮੀਤ ਸਿੰਘ ਰਾਹੀਂ ਅਧਿਕਾਰੀਆਂ ਨੂੰ ਮਿਲਕੇ ਸਰਕਾਰ ਨੂੰ ਯਾਦ ਪੱਤਰ ਭੇਜਿਆ ਗਿਆ। ਸੰਗਰੂਰ : ਸਾਥੀ ਭੀਮ ਸਿੰਘ ਆਲਮਪੁਰ, ਗੋਵਿੰਦ ਛਾਂਜਲੀ, ਗੱਜਣ ਸਿੰਘ ਦੁੱਗਾਂ, ਊਧਮ ਸਿੰਘ ਸੰਤੋਖਪੁਰਾ, ਮੁਖਤਿਆਰ ਸਿੰਘ ਮੀਮਸਾ, ਫੱਲੜ ਸਿੰਘ ਲੱਡਾ, ਬੀਰਬਲ, ਜੀਤ ਸਿੰਘ ਹਰਚੰਦਪੁਰ, ਮੱਘਰ ਸਿੰਘ ਘਰਾਚੋਂ, ਮਿੱਤ ਸਿੰਘ ਰਾਜਗੜ੍ਹ ਦੀ ਅਗਵਾਈ ‘ਚ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ। ਬਰਨਾਲਾ : ਮਲਕੀਤ ਸਿੰਘ ਵਜੀਦਕੇ, ਯਸ਼ਪਾਲ ਸ਼ਰੀਹਾਂ, ਬਲਦੇਵ ਸਿੰਘ ਮਹਿਲਕਲਾਂ, ਹਰਬੰਸ ਸਿੰਘ ਮਹਿਲਕਲਾਂ, ਗੁਰਦੇਵ ਸਿੰਘ ਸਹਿਜੜਾ, ਭਾਨ ਸਿੰਘ ਸੰਘੇੜਾ, ਭੋਲਾ ਸਿੰਘ ਕਲਾਲਮਾਜਰਾ, ਮਨੋਹਰ ਲਾਲ, ਹਰਚਰਨ ਸਿੰਘ ਦੀ ਅਗਵਾਈ ‘ਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਨਵਾਂ ਸ਼ਹਿਰ : ਸੋਹਣ ਸਿੰਘ ਸਲੇਮਪੁਰੀ, ਬਿਮਲ ਬਖਲੌਰ, ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ‘ਚ ਡੈਪੂਟੇਸ਼ਨ ਮਿਲ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਫਰੀਦਕੋਟ : ਫਰੀਦਕੋਟ ‘ਚ ਦੋਹਾਂ ਪਾਰਟੀਆਂ ਦੇ ਆਗੂਆਂ ਗੁਰਤੇਜ ਸਿੰਘ ਹਰੀਨੌ, ਜਗਜੀਤ ਪਾਲ, ਗੁਰਤੇਜ ਸਿੰਘ ਸਿੱਧੂ ਅਤੇ ਬਲਰਾਜ ਸਿੰਘ ਗੁਰੂਸਰ ਦੀ ਅਗਵਾਈ ਹੇਠ ਮਿਲੇ ਵਫ਼ਦ ਰਾਹੀਂ ਮੰਗ ਪੱਤਰ ਦਿੱਤਾ ਗਿਆ। ਹੁਸ਼ਿਆਰਪੁਰ : ਇਕ ਵੱਡਅਕਾਰੀ ਵਫ਼ਦ, ਜਿਸ ਦੀ ਅਗਵਾਈ ਦਵਿੰਦਰ ਸਿੰਘ ਕੱਕੋਂ ਅਤੇ ਗੰਗਾ ਪ੍ਰਸ਼ਾਦ ਨੇ ਕੀਤੀ, ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ। ਤਰਨਤਾਰਨ : ਤਰਨ ਤਾਰਨ ‘ਚ ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਬਲਵੀਰ ਸੂਦ, ਨਿਰਪਾਲ ਸਿੰਘ ਅਤੇ ਮਨਜੀਤ ਸਿੰਘ ਬੱਗੂਕੋਟ ਦੀ ਅਗਵਾਈ ‘ਚ ਮਿਲੇ ਵਫ਼ਦ ਨੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਅੰਮ੍ਰਿਤਸਰ : ਸਰਵਸਾਥੀ ਸ਼ੀਤਲ ਸਿੰਘ ਤਲਵੰਡੀ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ ਅਤੇ ਮੰਗਲ ਸਿੰਘ ਧਰਮਕੋਟ ਦੀ ਅਗਵਾਈ ‘ਚ ਸੈਂਕੜੇ ਲੋਕਾਂ ਨੇ ਜ਼ੋਰਦਾਰ ਮੁਜ਼ਾਹਰਾ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰੂ ਮੰਗ ਪੱਤਰ ਸੌਂਪਿਆ। ਪਠਾਨਕੋਟ : ਪਠਾਨਕੋਟ ‘ਚ ਸਰਵਸਾਥੀ ਸ਼ਿਵ ਕੁਮਾਰ, ਦਲਬੀਰ ਸਿੰਘ, ਪ੍ਰੇਮ ਸਾਗਰ, ਜਨਕ ਕੁਮਾਰ ਸਰਨਾ, ਹਜਾਰੀ ਲਾਲ, ਤ੍ਰਿਪਤਾ ਦੇਵੀ ਸੁਨੀਤਾ, ਆਸ਼ਾ ਰਾਣੀ, ਨਿਰਮਲਾ ਅਤੇ ਹੋਰਨਾਂ ਦੀ ਸ਼ਮੂਲੀਅਤ ਵਾਲੇ ਵਿਸ਼ਾਲ ਵਫ਼ਦ ਨੇ ਨਸ਼ਿਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਜ਼ਿਲ੍ਹਾ ਅਧਿਕਾਰੀਆਂ ਨੂੰ ਯਾਦ ਪੱਤਰ ਸੌਂਪਿਆ। ਗੁਰਦਾਸਪੁਰ : ਨੀਲਮ ਘੁਮਾਣ, ਜਸਵੰਤ ਸਿੰਘ ਬੁੱਟਰ, ਨਿਰਮਲ ਬੋਪਾਰਾਏ, ਦਰਸ਼ਨ ਸਿੰਘ, ਮੰਗਤ ਚੰਚਲ, ਜੁਗਿੰਦਰ ਪਾਲ ਸੈਣੀ, ਗੁਲਜਾਰ ਸਿੰਘ ਭੁੰਗਲੀ, ਬਲਵੀਰ ਰੰਧਾਵਾ, ਬਲਜੀਤ ਬਾਜਵਾ, ਸ਼ਮਸ਼ੇਰ ਸਿੰਘ ਨਵਾਂ ਪਿੰਡ ਦੀ ਅਗਵਾਈ ‘ਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਜ਼ਿਲ੍ਹਾ ਹੈਡਕੁਆਰਟਰ ‘ਤੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਭੇਜਿਆ ਗਿਆ। ਰੋਪੜ : ਰੋਪੜ ‘ਚ ਆਰ.ਐਮ.ਪੀ.ਆਈ. ਦੇ ਸੂਬਾਈ ਆਗੂਆਂ ਵੇਦ ਪ੍ਰਕਾਸ਼ ਸ਼ਰਮਾ ਅਤੇ ਮੋਹਣ ਸਿੰਘ ਧਮਾਣਾ ਦੀ ਅਗਵਾਈ ਵਿਚ ਮਿਲੇ ਇਕ ਜ਼ਿਲ੍ਹਾ ਪੱਧਰੀ ਵਫ਼ਦ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਸੂਬਾ ਸਰਕਾਰ ਨੂੰ ਭੇਜਣ ਲਈ ਸੌਂਪਿਆ।
ਨਿਰਮਾਣ ਮਜ਼ਦੂਰਾਂ ਵਲੋਂ ਰੈਲੀ ਅਤੇ ਮੁਜ਼ਾਹਰਾ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਹਜ਼ਾਰਾਂ ਮਜ਼ਦੂਰਾਂ ਨੇ 12 ਜੁਲਾਈ ਨੂੰ ਮੋਹਾਲੀ ‘ਚ ਗੰਗਾ ਪ੍ਰਸਾਦ ਦੀ ਪ੍ਰਧਾਨਗੀ ਹੇਠ ਰੈਲੀ ਕਰਕੇ ਕਿਰਤ ਮੰਤਰੀ ਦੇ ਘਰ ਦਾ ਘੇਰਾਓ ਕੀਤਾ। ਮਜ਼ਦੂਰਾਂ ਨੇ ਹੱਥਾਂ ਵਿੱਚ ਤੇਸੀ ਤੇ ਕਾਂਡੀ ਦੇ ਝੰਡੇ ਫੜੇ ਹੋਏ ਸਨ ਅਤੇ ਉਹ “ਆਫ-ਲਾਈਨ ਚਾਲੂ ਕਰੋ”, “ਨਿਰਮਾਣ ਮਜ਼ਦੂਰਾਂ ਦੀ ਮੰਗਾਂ ਪੂਰੀਆਂ ਕਰੋ”, “1996 ਦੇ ਭਲਾਈ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰੋ”, “ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਲਾਗੂ ਕਰੋ” ਦੇ ਰੋਹ ਪੂਰਵਕ ਨਾਹਰੇ ਲਗਾ ਰਹੇ ਸਨ।
ਨਿਰਮਾਣ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਐਨ.ਸੀ.ਸੀ.-ਸੀ.ਐਲ. ਦੇ 2017 ਦੇ ਸਰਵੇ ਮੁਤਾਬਿਕ 21 ਲੱਖ ਤੋਂ ਵਧੇਰੇ ਮਜ਼ਦੂਰ ਬਿਲਡਿੰਗਾਂ, ਸੜਕਾਂ, ਫਲਾਈ ਓਵਰ, ਡੈਮਾਂ, ਨਹਿਰਾਂ, ਸੁਰੰਗਾਂ, ਘਰ ਬਣਾਉਣ ਅਤੇ ਰੀਅਲ ਅਸਟੇਟਾਂ ਬਨਾਉਣਾ ਆਦਿ ਦੇ ਕੰਮਾਂ ਵਿੱਚ ਕੰਮ ਕਰਦੇ ਹਨ। ਦੇਸ਼ ਅੰਦਰ ਇਹਨਾਂ ਮਜ਼ਦੂਰਾਂ ਵਲੋਂ ਕੀਤੇ ਸੰਘਰਸ਼ਾਂ ਸਦਕਾ ਕੇਂਦਰ ਦੀ ਸਰਕਾਰ ਨੂੰ “ਦਿ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਰੈਗੁਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996” ਬਨਾਉਣਾ ਪਿਆ। ਪਰ ਅੱਜ 22 ਸਾਲ ਬੀਤ ਜਾਣ ‘ਤੇ ਵੀ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀ ਕੀਤਾ ਜਾ ਰਿਹਾ। ਇਸ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਹਿੱਤ ਰਿੱਟ ਪਟੀਸ਼ਨ ਸਿਵਲ 318 ਆਫ 2006 ਐਨ.ਸੀ.ਸੀ.-ਸੀ.ਐਲ. ਬਨਾਮ ਭਾਰਤ ਸਰਕਾਰ ਵਿੱਚ ਮਾਨਯੋਗ ਸੁਪਰੀਮ ਕੋਰਟ ਵਲੋਂ 48 ਫੈਸਲੇ ਨਿਰਮਾਣ ਮਜ਼ਦੂਰਾਂ ਦੇ ਹੱਕ ਵਿੱਚ ਸੁਣਾਏ ਜਾ ਚੁੱਕੇ ਹਨ। ਇਹਨਾਂ ਫੈਸਲਿਆਂ ਵਿੱਚ ਵੱਧ ਤੋਂ ਵੱਧ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰ ਕਰਨ, ਵੱਧ ਤੋਂ ਵੱਧ ਸੈਸ ਇਕੱਠਾ ਕਰਨ, ਨਿਰਮਾਣ ਮਜ਼ਦੂਰਾਂ ਲਈ ਸਿਹਤ ਸਹੂਲਤਾਂ, ਵਿਦਿਆ, ਪੈਨਸ਼ਨ ਅਤੇ ਘਰ ਬਣਾਉਣ ਆਦਿ ਤੇ ਜੋਰ ਦਿੱਤਾ ਜਾਂਦਾ ਰਿਹਾ ਹੈ। ਦੇਸ ਅੰਦਰ 8 ਕਰੋੜ ਦੇ ਕਰੀਬ ਨਿਰਮਾਣ ਮਜ਼ਦੂਰ ਕੰਮ ਕਰਦੇ ਹਨ ਪਰ ਇਨ੍ਹਾਂ ਵਿੱਚੋ ਢਾਈ ਕਰੋੜ ਨੂੰ ਹੀ ਅਜੇ ਤੱਕ ਰਜਿਸਟਰਡ ਕੀਤਾ ਗਿਆ। ਇਹਨਾਂ ਮਜ਼ਦੂਰਾਂ ਲਈ 40 ਹਜ਼ਾਰ ਕਰੋੜ ਦੇ ਕਰੀਬ ਸੈਸ (ਫੰਡ) ਇਕੱਠਾ ਹੋ ਚੁੱਕਾ ਹੈ ਪਰ ਇਸ ਵਿੱਚੋਂ 9 ਹਜ਼ਾਰ ਕਰੋੜ ਦੇ ਕਰੀਬ ਹੀ ਮਜ਼ਦੂਰਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਵੀ 1517 ਕਰੋੜ ਦੇ ਕਰੀਬ ਪੈਸਾ ਇਕੱਠਾ ਹੋ ਚੁੱਕਾ ਹੈ ਇਸ ਵਿਚੋਂ ਬਹੁਤ ਘੱਟ ਪੈਸੇ ਮਜ਼ਦੂਰਾਂ ਨੂੰ ਮਿਲੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਨਾਲ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਕੰਮ ਆਨ-ਲਾਈਨ ਕਰ ਦਿੱਤਾ ਗਿਆ ਜਿਸ ਨਾਲ ਪਿਛੱਲੇ ਅੱਠ ਸਾਲਾਂ ਤੋਂ ਰਜ਼ਿਸਟਰਡ ਹੋਏ ਲੱਖਾਂ ਲਾਭਪਾਤਰੀਆਂ ਨੂੰ ਬਾਹਰ ਧੱਕ ਦਿੱਤਾ ਗਿਆ। 7 ਅਗਸਤ 2017 ਤੋਂ 31 ਮਾਰਚ 2018 ਤੱਕ ਲੱਖਾਂ ਕਿਰਤੀਆਂ ‘ਚੋਂ ਕੇਵਲ 4806 ਮਜ਼ਦੂਰਾਂ ਦਾ ਹੀ ਨਵੀਨੀਕਰਨ ਹੋਇਆ ਹੈ। ਇਸ ਤਰ੍ਹਾਂ ਲੇਬਰ ਵਿਭਾਗ ਨੇ ਆਨ-ਲਾਈਨ ਦੇ ਨਾਂਅ ਹੇਠ ਮਜ਼ਦੂਰਾਂ ਨੂੰ ਮਿਲ ਰਹੀਆਂ ਨਿਗੂਣੀਆਂ ਸਹੂਲਤਾਂ ਤੋਂ ਵੀ ਵਾਂਝੇ ਕਰ ਦਿੱਤਾ। ਉਹਨਾਂ ਕਿਹਾ ਕਿ ਆਨ-ਲਾਈਨ ਵਿਵਸਥਾ ਰਾਹੀਂ ਅਸਲ ‘ਚ ਨਿਰਮਾਣ ਮਜ਼ਦੂਰ ਨੂੰ ਰਜਿਸਟਰਡ ਨਹੀ ਕੀਤਾ ਜਾ ਰਿਹਾ ਸਗੋਂ ਗੈਰ-ਨਿਰਮਾਣ ਮਜ਼ਦੂਰ ਵੱਡੇ ਪੱਧਰ ਤੇ ਰਜਿਸਟਰਡ ਹੋ ਰਹੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਨੇ 1600 ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਦੂਜੇ ਪਾਸੇ ਲੇਬਰ ਵਿਭਾਗ ਦਾ ਸਾਰਾ ਕੰਮ ਸੇਵਾ ਕੇਂਦਰ ਨੂੰ ਦੇ ਦਿੱਤਾ ਜਿਸ ਨਾਲ ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਆਨ-ਲਾਈਨ ਦੇ ਨਾਲ ਨਾਲ ਆਫ-ਲਾਈਨ ਰਜਿਸਟਰੇਸ਼ਨ ਵੀ ਚਾਲੂ ਕੀਤੀ ਜਾਵੇ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਚ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਲੁਭਾਵਣੇ ਵਾਅਦੇ ਕੀਤੇ ਸਨ ਪਰ ਸੱਤਾ ਵਿੱਚ ਆ ਕੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਹੱਥ ਵਿੱਚ ਫੜ੍ਹ ਕੇ ਖਾਧੀ ਸੰਹੂ ਦੇ ਬਾਵਜੂਦ ਪੰਜਾਬ ਅੰਦਰ ਨਸ਼ਿਆਂ ਦਾ ਹੜ੍ਹ ਰੁਕਿਆ ਨਹੀਂ, ਨੌਜਵਾਨ ਉਸੇ ਤਰ੍ਹਾਂ ਨਸ਼ਿਆਂ ਕਾਰਨ ਮਰ ਰਹੇ ਹਨ। ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆ ਰੁਕੀਆਂ ਨਹੀ। ਪੰਜਾਬ ਦਾ ਪਾਣੀ ਪੀਣਯੋਗ ਨਹੀ ਰਿਹਾ ਜਿਸ ਕਾਰਨ ਕੈਂਸਰ ਵਰਗਾ ਘਾਤਕ ਰੋਗ ਫੈਲਦਾ ਜਾ ਰਿਹਾ ਹੈ। ਵਿਦਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ ਅਤੇ ਬਿਜਲੀ ਦੇ ਬਿੱਲਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਨਿਰਮਾਣ ਮਜ਼ਦੂਰਾਂ ਦੀ ਮੰਗਾਂ ਦਾ ਸਮਰੱਥਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਆਫ-ਲਾਈਨ ਸਿਸਟਮ ਸ਼ੁਰੂ ਕਰੇ। ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਘੱਟੋ ਘੱਟ ਉਜਰਤ ਵਿੱਚ ਵਾਧਾ ਕਰੇ ਅਤੇ ਮਜ਼ਦੂਰ ਦੀ ਦਿਹਾੜੀ ਘਟੋ-ਘੱਟ 600 ਰੁਪਏ ਨਿਸਚਿਤ ਕਰੇ।
ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਚੇਅਰਮੈਨ ਇੰਦਰਜੀਤ ਗਰੇਵਾਲ ਨੇ ਮੰਗ ਕੀਤੀ ਕਿ ਸਰਕਾਰ ਨਿਰਮਾਣ ਮਜ਼ਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰੀਆਂ ਕਰੇ, ਨਿਰਮਾਣ ਮਜ਼ਦੂਰ ਵੱਧ ਤੋਂ ਵੱਧ ਪੰਜੀਕ੍ਰਿਤ ਕਰਕੇ ਭਲਾਈ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਏ, ਸਕੀਮ ਦੇਣ ਸਮੇਂ ਬੇਲੋੜੀਆਂ ਸਰਤਾਂ ਖ਼ਤਮ ਕਰੇ, ਲੇਬਰ ਚੌਕ ਵਿੱਚ ਖੜਨ ਵਾਲੇ ਮਜ਼ਦੂਰਾਂ ਲਈ ਸ਼ੈਡ ਉਸਾਰੇ ਜਾਣ। ਸੀ.ਟੀ.ਯੂ. ਪੰਜਾਬ ਦੇ ਵਿੱਤ ਸਕੱਤਰ ਸ਼ਿਵ ਕੁਮਾਰ ਨੇ ਭੱਠਿਆਂ ਉਪੱਰ ਕੰਮ ਕਰਨ ਵਾਲੀਆਂ ਸਾਰੀਆਂ ਕੈਟਾਗਿਰੀਆਂ ਤੇ 1996 ਦੇ ਭਲਾਈ ਕਾਨੂੰਨ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਰਾਏ ਕੋਟ, ਵਿਜੇ ਵਾਲੀਆ, ਸਜੱਣ ਸਿੰਘ ਮੋਹਾਲੀ ਜਸਵੰਤ ਸੰਧੂ, ਨੰਦ ਲਾਲ ਮਹਿਰਾ, ਮਾਸਟਰ ਸੁਭਾਸ਼ ਸ਼ਰਮਾ, ਬਲਵਿੰਦਰ ਛੇਹਰਟਾ, ਸਰਵਨ ਸਿੰਘ ਸੁਲਤਾਨਪੁਰ ਲੋਧੀ, ਅਮਰਜੀਤ ਘਨੌਰ, ਹਰੀਮੁਨੀ ਜਲੰਧਰ, ਜਗੀਰ ਸਿੰਘ ਬਟਾਲਾ, ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਦਤਾਰ ਸਿੰਘ ਠੱਕਰ ਸੰਧੂ, ਸਤਨਾਮ ਸਿੰਘ ਦਕੋਹਾ, ਗੁਰਸੇਵਕ ਸਿੰਘ ਫਰੀਦਕੋਟ, ਜਸਮੰਤ ਸਿੰਘ ਰਮਾਣਾ, ਬਚਨ ਯਾਦਵ, ਬਲਵਿੰਦਰ ਸਿੰਘ ਭੁਲੱਥ, ਮਾਨ ਸਿੰਘ ਮੁਕੇਰੀਆਂ, ਰਾਮ ਬਿਲਾਸ, ਤਿਲਕ ਰਾਜ ਜੈਣੀ, ਹਰਜਿੰਦਰ ਸਿੰਘ ਲਮੀਣੀ, ਮਿਥਲੇਸ਼, ਨੰਦ ਕਿਸ਼ੋਰ ਮੋਰੀਆ ਅਤੇ ਨਰੋਤਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਰੈਲੀ ਦੌਰਾਨ ਐਸ.ਡੀ.ਐਮ. ਮੋਹਾਲੀ ਨੇ ਖ਼ੁਦ ਆ ਕੇ ਯੂਨੀਅਨ ਆਗੂਆਂ ਕੋਲੋਂ ਮੰਗ ਪੱਤਰ ਲਿਆ ਸੀ। ਉਸ ਮੌਕੇ ਸਟੇਜ ਤੋਂ ਬੋਲਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕਹਿਣ ‘ਤੇ ਇਹ ਮੰਗ ਪੱਤਰ ਲੈਣ ਆਏ ਹਨ। ਉਨ੍ਹਾਂ ਕਿਹਾ ਸੀ ਕਿ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ 10 ਦਿਨਾਂ ਦੇ ਅੰਦਰ ਅੰਦਰ ਆਫਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਬਾਅਦ ਵਿਚ 20 ਜੁਲਾਈ ਨੂੰ ਹੋਈ ਸਲਾਹਕਾਰ ਕਮੇਟੀ ਦੀ ਮੀਟਿੰਗ, ਜਿਸ ਦੇ ਚੇਅਰਮੈਨ ਖ਼ੁਦ ਕਿਰਤ ਮੰਤਰੀ ਹਨ, ਦੌਰਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ ਨੇ ਕਮੇਟੀ ਦੇ ਮੈਂਬਰ ਦੀ ਹੈਸੀਅਤ ‘ਚ ਨਿਰਮਾਣ ਮਜ਼ਦੂਰਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਤੇ ਆਫਲਾਈਨ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਵਾਅਦਾ ਯਾਦ ਕਰਵਾਇਆ। ਐਪਰ, 12 ਜੁਲਾਈ ਨੂੰ ਭਰੋਸਾ ਦੇਣ ਵਾਲੇ ਕਿਰਤ ਮੰਤਰੀ ਇਸ ਮੀਟਿੰਗ ਦੌਰਾਨ ਟਸ ਤੋਂ ਮਸ ਨਹੀਂ ਹੋਏ ਤੇ ਆਪਣੇ ਕੀਤੇ ਵਾਅਦੇ ਤੋਂ ਮੁਨਕਰ ਹੋ ਗਏ। ਜਦਕਿ ਇਸ ਤੋਂ ਪਹਿਲਾਂ ਇਹੋ ਮੰਤਰੀ ਕਹਿੰਦਾ ਆ ਰਿਹਾ ਹੈ ਕਿ ਮੈਂ ਤਾਂ ਆਫਲਾਈਨ ਰਜਿਸਟਰੇਸ਼ਨ ਲਈ ਸਹਿਮਤ ਹਾਂ ਪਰ ਮੇਰਾ ਸੈਕਟਰੀ ਨਹੀਂ ਮੰਨਦਾ।
ਸਰਕਾਰ ਦੀ ਇਸ ਵਾਅਦਾ ਖਿਲਾਫ਼ੀ ਨੂੰ ਲੈ ਕੇ ਨਿਰਮਾਣ ਮਜ਼ਦੂਰਾਂ ‘ਚ ਭਾਰੀ ਰੋਹ ਹੈ । ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਨਿਰਮਾਣ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਤੱਕ ਮੈਦਾਨ ਵਿਚ ਡਟੀ ਰਹੇਗੀ।
ਰਿਪੋਰਟ : ਸ਼ਿਵ ਕੁਮਾਰ ਪਠਾਨਕੋਟ
ਮਨੂੰੂਵਾਦੀ ਗੁਲਾਮੀ ਵਿਰੁੱਧ ‘ਦਲਿਤ ਜਗਾਓ ਮਾਰਚ’
ਦਿਹਾਤੀ ਮਜ਼ਦੂਰ ਸਭਾ ਵਲੋਂ, ਸਦੀਆਂ ਤੋਂ ਚੱਲੇ ਆ ਰਹੇ ਜਾਤ ਅਧਾਰਤ ਵਿਤਕਰੇ ਅਤੇ ਅਖੌਤੀ ਉਚ ਜਾਤੀ ਹੰਕਾਰ ਦੀ ਮੰਦੀ ਭਾਵਨਾ ‘ਚੋਂ ਜਨਮਦੇ ਅਮਾਨਵੀ ਅੱਤਿਆਚਾਰਾਂ ਦੇ ਖ਼ਾਤਮੇ ਲਈ ਪੜਾਅਵਾਲ ਫ਼ੈਸਲਾਕੁੰਨ ਸੰਗਰਾਮ ਵਿੱਢਣ ਦੇ ਫ਼ੈਸਲੇ ਤਹਿਤ ਲੋਕ ਚੇਤਨਾ ਅਤੇ ਲਾਮਬੰਦੀ ਦੇ ਉਦੇਸ਼ ਨਾਲ ਸੂਬਾਈ ਜੱਥਾ ਮਾਰਚ ਕੀਤਾ ਗਿਆ। ਉਕਤ ਮਾਰਚ, ਲਾਮਿਸਾਲੀ ਯੋਧੇ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੇ ਪੈਤ੍ਰਿਕ ਪਿੰਡ ਗੱਗੋਮਾਹਲ (ਅੰਮ੍ਰਿਤਸਰ) ਤੋਂ ਆਰੰਭ ਹੋਇਆ ਅਤੇ ਅਗਸਤ ਦੀ ਪਹਿਲੀ ਤਰੀਕ ਨੂੰ ਮਹਾਨ ਦੇਸ਼ ਭਗਤ, ਗਦਰੀ ਬਾਬਾ ਮੰਗੂ ਰਾਮ ਦੀ ਜਨਮ ਭੂਮੀ ”ਮੂੱਗੋਵਾਲ” (ਹੁਸ਼ਿਆਰਪੁਰ) ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਜਥੇ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਸੂਬਾਈ ਕਾਰਜਕਾਰਣੀ ਅਤੇ ਵਰਕਿੰਗ ਕਮੇਟੀ ਦੇ ਮੈਂਬਰ ਕਰ ਰਹੇ ਹਨ। ਇਸ ਜੱਥਾ ਮਾਰਚ ਨੂੰ ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਊ ਮਾਰਚ” ਦਾ ਨਾਂ ਦਿੱਤਾ ਗਿਆ ਹੈ। ਬੇਜ਼ਮੀਨੇ, ਸਾਧਨਹੀਨ, ਦਲਿਤ ਮਜ਼ਦੂਰਾਂ ਦੀ ਨਿਘਾਰਗ੍ਰਸਤ ਜ਼ਿੰਦਗੀ, ਸਰਕਾਰਾਂ ਦੇ ਇਨ੍ਹਾਂ ਪ੍ਰਤੀ ਮੁਜ਼ਰਮਾਨਾ ਬੇਧਿਆਨੀ ਵਾਲੇ ਰਵੱਈਏ ਅਤੇ ਮੰਗਾਂ ਦੀ ਪ੍ਰਾਪਤੀ ਲਈ ਜ਼ੋਰਦਾਰ ਬੱਝਵੇਂ ਸੰਗਰਾਮ ਦੀ ਲੋੜ ਨੂੰ ਉਭਾਰਦੀ ”ਜਾਗੋ! ਜਥੇਬੰਦ ਹੋਵੇ-ਸੰਘਰਸ਼ ਕਰੋ-ਸਮਾਜ ਬਦਲੋ” ਸਿਰਲੇਖ ਹੇਠਲੀ ਦੁਵਰਕੀ ਵੀ ਲੋਕਾਂ ‘ਚ ਵੱਡੇ ਪੱਧਰ ‘ਤੇ ਵੰਡੀ ਜਾ ਰਹੀ ਹੈ। ਜਥੇ ਦੇ ਵਹੀਕਲਾਂ ‘ਤੇ ਸਭਾ ਦੇ ਝੰਡਿਆਂ ਅਤੇ ਮੰਗਾਂ ‘ਤੇ ਰੌਸ਼ਨੀ ਪਾਉਂਦੀਆਂ ਫਲੈਕਸਾਂ ਨਾਲ ਕ੍ਰਾਂਤੀਕਾਰੀ ਸਜਾਵਟ ਕੀਤੀ ਹੋਈ ਸੀ। ਜਥਾ ਮਾਰਚ ਦੌਰਾਨ ਹੋਈਆਂ ਜਨ ਸਭਾਵਾਂ ‘ਚ ਬੋਲਣ ਵਾਲੇ ਬੁਲਾਰਿਆਂ ਨੇ ਦਿਹਾਤੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ, ਜਿਨ੍ਹਾਂ ਦਾ ਵੇਰਵਾ ਇਸੇ ਅੰਕ ‘ਚ ਛਪੇ ਸਾਥੀ ਗੁਰਨਾਮ ਸਿੰਘ ਦਾਊਦ ਦੇ ਲੇਖ ਵਿਚ ਦਿੱਤਾ ਗਿਆ ਹੈ, ਦੀ ਖੁੱਲ੍ਹ ਕੇ ਵਿਆਖਿਆ ਕੀਤੀ। ਭਾਈ ਜੈਤਾਂ ਜੀ ਦੇ ਜਨਮ ਸਥਾਨ ਗੱਗੋਮਾਹਲ ਪੁੱਜਣ ਤੋਂ ਪਹਿਲਾਂ ਜਥੇ ਦੇ ਆਗੂ ਅੱਤਵਾਦ ਖਿਲਾਫ਼ ਵਿਚਾਰ ਧਾਰਕ ਜੰਗ ਦੇ ਮਹਾਨ ਸ਼ਹੀਦ ਦੇਸ਼ ਰਾਜ ਸਹੋਤਾ ਦੀ ਯਾਦ ‘ਚ ਉਨ੍ਹਾਂ ਦੇ ਪਿੰਡ ਮਾਹੂੰਵਾਲ ਵਿਖੇ ਨਤਮਸਤਕ ਹੋਏ। ਇੱਥੋਂ ਜਮਹੂਰੀ ਲਹਿਰ ਦੇ ਪ੍ਰਸਿੱਧ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਇਨਕਲਾਬੀ ਨਾਅਰਿਆਂ ਦੀ ਗੂੰਜ ਦਰਮਿਆਨ ਝੰਡਾ ਦਿਖਾ ਕੇ ਜਥੇ ਨੂੰ ”ਗੱਗੋ ਮਾਹਲ” ਲਈ ਰਵਾਨਾ ਕੀਤਾ। ਜਥਾ ਮਾਰਚ ਦੌਰਾਨ ਹੋਈਆਂ ਮਜ਼ਦੂਰ ਇਕੱਤਰਤਾਵਾਂ ਦੀਆਂ ਜ਼ਿਲ੍ਹਾਵਾਰ ਅਤੇ ਮਿਤੀਵਾਰ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ :
22 ਜੁਲਾਈ : ਇਸ ਦਿਨ ਗੱਗੋਮਾਹਲ, ਅਜਨਾਲਾ, ਪੂੰਗਾ, ਭਿੰਡੀ ਸਈਦਾਂ, ਲੋਪੋਕੇ, ਚੁਗਾਵਾਂ ਅਤੇ ਟਪਿਆਲਾ ਵਿਖੇ ਜਲਸੇ ਅਤੇ ਮਾਰਚ ਕੀਤੇ ਗਏ। ਦਰਜ਼ਨ ਦੋਪਹੀਆ ਵਾਹਨਾਂ ਦਾ ਕਾਫ਼ਿਲਾ ਪੂਰਾ ਦਿਨ ਜਥੇ ਦੇ ਅੰਗ ਸੰਗ ਰਿਹਾ। ਇਕੱਤਰਤਾਵਾਂ ਨੂੰ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਮਹੀਪਾਲ, ਅਮਰੀਕ ਸਿੰਘ ਦਾਊਦ, ਨਿਰਮਲ ਆਧੀ, ਨਰਿੰਦਰ ਵਡਾਲਾ, ਨਰਿੰਦਰ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ, ਪਰਵਿੰਦਰ ਸਿੰਘ ਮਹਿਸਮਪੁਰ, ਅਮਰਜੀਤ ਭੀਲੋਵਾਲ, ਕਮਲ ਸ਼ਰਮਾ ਅਤੇ ਹੋਰਨਾ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਮੱਲੂਨੰਗਲ ਵੀ ਜਥੇ ‘ਚ ਸ਼ਾਮਲ ਹੋਏ। ਆਗੂਆਂ ਨੇ ਸਵਾਲ ਕੀਤਾ ਕਿ ਅਦੁੱਤੀ ਕੁਰਬਾਨੀਆਂ ਕਰਨ ਵਾਲੇ ਮਹਾਨ ਜਰਨੈਲ ਭਾਈ ਜੀਵਨ ਸਿੰਘ ਉਰਫ ਭਾਈ ਜੈਤਾ ਜੀ ਅਤੇ ਉਨ੍ਹਾਂ ਦੇ ਵੰਸ਼ਜ ਗੁਰਬਾਣੀ ਅਤੇ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਹੋਣ ਦੇ ਬਾਵਜੂਦ ਵੀ ਸਿੰਘ ਜਾਂ ਸਿੱਖ ਸੱਦੇ ਜਾਣ ਦੀ ਬਜਾਇ ਮਜ੍ਹਬੀ ਸਿੱਖ ਕਿਉਂ ਸੱਦੇ ਜਾਂਦੇ ਹਨ?
23 ਜੁਲਾਈ : ਜਥੇ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ/ਕਸਬਿਆਂ; ਚੀਮਾ, ਬਾਠ, ਖਡੂਰ, ਭਿੱਖੀ ਵਿੰਡ, ਲੋਹੁਕਾ, ਰਸੂਲਪੁਰ, ਵੈਰੋਵਾਲ ਵਿਖੇ ਜਲਸੇ ਕੀਤੇ ਗਏ ਜਿਨ੍ਹਾਂ ਨੂੰ ਜਥੇ ਦੇ ਆਗੂਆਂ ਤੋਂ ਇਲਾਵਾ ਚਮਨ ਲਾਲ ਦਰਾਜਕੇ, ਜਸਪਾਲ ਸਿੰਘ ਝਬਾਲ, ਸੱਤਪਾਲ ਪੱਟੀ, ਬਲਦੇਵ ਸਿੰਘ ਭੈਲ, ਹਰਬੰਤ ਸਿੰਘ ਚੀਮਾ, ਜੋਗਿੰਦਰ ਸਿੰਘ ਖਡੂਰ ਨੇ ਸੰਬੋਧਨ ਕੀਤਾ।
24 ਜੁਲਾਈ : ਸੂਬਾਈ ਜਥੇ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡਾਂ ਧਾਰੜ, ਸੁਧਾਰ, ਖਲਚੀਆਂ, ਬੁਟਰ, ਟਾਂਗਰਾ ਵਿਖੇ ਭਰਵੇਂ ਜਲਸਿਆਂ ਵਿਚ ਜਥੇ ਦਾ ਮਨੋਰਥ ਲੋਕਾਂ ਨਾਲ ਸਾਂਝਾ ਕੀਤਾ ਗਿਆ। ਜਥਾ ਮਾਰਚ ਦੀ ਅਗਵਾਈ ਕਰ ਰਹੇ ਆਗੂਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਚਲ ਰਹੇ ਸੰਘਰਸ਼ ਨੂੰ ਮੁਕੰਮਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਮਜ਼ਦੂਰਾਂ ਵਲੋਂ ਥਾਂ-ਪੁਰ-ਥਾਂ ਜਥਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਲੋਕ ਪਰਿਵਾਰਾਂ ਸਮੇਤ ਜਨ ਸਭਾਵਾਂ ‘ਚ ਪੁੱਜ ਕੇ ਨੀਝ ਨਾਲ ਆਗੂਆਂ ਦੇ ਵਿਚਾਰ ਸੁਣ ਰਹੇ ਹਨ। ਚਾਹ ਪਾਣੀ ਅਤੇ ਭੋਜਨ ਦਾ ਲੰਗਰ ਮੋਹ ‘ਤੇ ਭਰੋਸੇ ਨਾਲ ਛਕਾਉਣ ਤੋਂ ਬਿਨਾਂ ਮਜ਼ਦੂਰ ਆਪਣੀ ਕਿਰਤ ਕਮਾਈ ‘ਚੋਂ ਯਥਾ ਸ਼ਕਤੀ ਆਰਥਿਕ ਸਹਾਇਤਾ ਵੀ ਦੇ ਰਹੇ ਹਨ। ਲੋਕ ਅਗਸਤ ਮਹੀਨੇ ਦੀ 6 ਤੋਂ 8 ਤਰੀਕ ਤੱਕ ਡੀ.ਸੀ. ਦਫਤਰਾਂ ਮੂਹਰੇ ਲੱਗਣ ਵਾਲੇ ਦਿਨ-ਰਾਤ ਦੇ ਧਰਨਿਆਂ ਪ੍ਰਤੀ ਬੇਮਿਸਾਲ ਹੁੰਗਾਰਾ ਭਰ ਰਹੇ ਹਨ।
ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਦਿੱਲੀ ਵਿਖੇ ਮੁਜ਼ਾਹਰਾ
20 ਜੁਲਾਈ ਨੂੰ ਵਰ੍ਹਦੇ ਮੀਂਹ ਵਿਚ ਦੇਸ਼ ਭਰ ਵਿਚੋਂ ਆਏ ਹਜਾਰਾਂ ਕਿਸਾਨਾਂ, ਜਿਹਨਾਂ ਵਿਚ ਔਰਤਾਂ ਦੀ ਵੀ ਕਾਫੀ ਗਿਣਤੀ ਸੀ, ਨੇ ਮੋਦੀ ਸਰਕਾਰ ਵਲੋਂ ਸੌਣੀ ਦੀਆਂ ਫਸਲਾਂ ਵਿਚ ਕੀਤੇ ਅਖੌਤੀ ਵਾਧੇ ਦੇ ਨਾਂਅ ‘ਤੇ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਬਾਰੇ ਕੀਤੀ ਗਈ ਧੋਖਾ ਧੜੀ ਵਿਰੁੱਧ ਅਤੇ ਜਥੇਬੰਦੀ ਵਲੋਂ ਤਿਆਰ ਕੀਤੇ ਗਏ ਦੋ ਬਿੱਲਾਂ-ਕਰਜ਼ਾ ਮੁਕਤੀ ਅਧਿਕਾਰ ਬਿੱਲ ਅਤੇ ਖਰਚੇ ਨਾਲੋਂ ਡਿਓਢੇ ਭਾਆਂ ਦੀ ਪ੍ਰਾਪਤੀ ਅਧਿਕਾਰ ਬਿੱਲ ਪਾਸ ਕਰਾਉਣ ਲਈ ਮੰਡੀ ਹਾਊਸ ਤੋਂ ਪਾਰਲੀਮੈਂਟ ਸਟਰੀਟ ਤੱਕ ਮਾਰਚ ਕਰਨ ਉਪਰੰਤ ਵਿਸ਼ਾਲ ਰੈਲੀ ਕੀਤੀ। ਇਸ ਮਾਰਚ ਵਿਚ ਕਾਲੇ ਝੰਡਿਆਂ ਦਾ ਵਿਖਾਵਾ ਮੋਦੀ ਸਰਕਾਰ ਵਿਰੁੱਧ ਕਿਸਾਨੀ ਦੇ ਗੁੱਸੇ ਦਾ ਜ਼ੋਰਦਾਰ ਪ੍ਰਗਟਾਵਾ ਕਰਦਾ ਸੀ।
ਮੰਡੀ ਹਾਊਸ ਵਿਚ ਨੇਪਾਲ ਦੀ ਅੰਬੈਂਸੀ ਸਾਹਮਣੇ ਅਜੇ ਕਿਸਾਨ ਇਕੱਠੇ ਹੀ ਹੋ ਰਹੇ ਸਨ ਕਿ ਬਹੁਤ ਤੇਜ਼ ਬਾਰਸ਼ ਸ਼ੁਰੂ ਹੋ ਗਈ। ਪਰ ਕਿਸਾਨਾਂ ਨੇ ਪੂਰੀ ਦ੍ਰਿੜ੍ਹਤਾ ਵਿਖਾਈ ਅਤੇ ਉਹ ਆਪਣੀਆਂ ਥਾਵਾਂ ‘ਤੇ ਡਟੇ ਰਹੇ ਅਤੇ ਕਿਸਾਨ ਗੀਤਕਾਰਾਂ ਵਲੋਂ ਆਪਣੇ ਦੁੱਖਾਂ ਅਤੇ ਸੰਘਰਸ਼ਾਂ ਨਾਲ ਸਬੰਧਤ ਗਾਏ ਗੀਤ ਸੁਣਦੇ ਰਹੇ। ਬਾਰਸ਼ ਦੌਰਾਨ ਵੀ ਕਿਸਾਨਾਂ ਦੇ ਕਾਫ਼ਲੇ ਪੁੱਜਦੇ ਰਹੇ। ਲਗਭਗ ਇਕ ਵਜੇ ਕਿਸਾਨਾਂ ਦੇ ਉਤਸ਼ਾਹ ਨਾਲ ਠਾਠਾਂ ਮਾਰਦੇ ਜਲੂਸ ਨੇ ਮੰਡੀ ਹਾਊਸ ਤੋਂ ਪਾਰਲੀਮੈਂਟ ਸਟਰੀਟ ਵੱਲ ਚਾਲੇ ਪਾਏ। ਇਸ ਜਲੂਸ ਦੀ ਅਗਵਾਈ ਮੁੱਖ ਤੌਰ ‘ਤੇ ਵੀ.ਐਮ. ਸਿੰਘ ਕਨਵੀਨਰ, ਡਾਕਟਰ ਦਰਸ਼ਨ ਪਾਲ ਪਟਿਆਲਾ, ਡਾ. ਅਸ਼ੀਸ਼ ਮਿੱਤਲ, ਡਾਕਟਰ ਸੁਨੀਲਮ, ਮੇਧਾ ਪਾਟੇਕਰ, ਯੋਗਿੰਦਰ ਯਾਦਵ, ਕਾਮਰੇਡ ਪ੍ਰੇਮ ਕੁਮਾਰ ਗਹਿਲਾਵਤ, ਜਗਮੋਹਨ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ ਆਦਿ ਨੇ ਕੀਤੀ। ਮੁਜ਼ਾਹਰਾਕਾਰੀ ਨਾਹਰੇ ਮਾਰ ਰਹੇ ਸਨ, ‘ਮੋਦੀ ਐਮ.ਐਸ.ਪੀ. ਧੋਖਾ ਹੈ, ਗਾਰੰਟੀ ਕਾਨੂੰਨ ਕਾ ਮੌਕਾ ਹੈ’, ‘ਸਾਡੇ ਬਿੱਲ ਪਾਸ ਕਰੋ-ਪਾਸ ਕਰੋ’, ‘ਹਮ ਲੜ ਰਹੇ ਹੈਂ, ਹਮ ਜੀਤੇਂਗੇ’, ‘ਹਮ ਲੜੇਂਗੇ-ਹਮ ਜੀਤੇਂਗੇ’। ਪਾਰਲੀਮੈਂਟ ਸਟਰੀਟ ਵਿਚ ਹੋਈ ਰੈਲੀ ਆਪਣੇ ਆਪ ਵਿਚ ਕਈ ਵਿਲੱਖਣਤਾਵਾਂ ਵਾਲੀ ਸੀ। ਇਹ ਭਾਰਤ ਦੇ ਹਰ ਹਿੱਸੇ ਤੋਂ ਆਏ ਕਿਸਾਨਾਂ ਦੀ ਇਕਮੁੱਠਤਾ ਅਤੇ ਦੋ ਬੁਨਿਆਦੀ ਮੰਗਾਂ ਦੁਆਲੇ ਉਠੇ ਕਿਸਾਨ ਏਕੇ ਅਤੇ ਕਿਸਾਨਾਂ ਦੇ ਜਿੱਤ ਤੱਕ ਸੰਘਰਸ਼ ਕਰਨ ਦੇ ਦ੍ਰਿੜ੍ਹ ਸੰਕਲਪਾਂ ਦਾ ਪ੍ਰਗਟਾਵਾ ਕਰਦੀ ਸੀ। 13 ਅਤੇ 14 ਜੁਲਾਈ ਨੂੰ ਕ੍ਰਮਵਾਰ ਵਰਕਿੰਗ ਗਰੁੱਪ ਅਤੇ ਜਨਰਲ ਬਾਡੀ ਮੀਟਿੰਗਾਂ ਵਲੋਂ 20 ਜੁਲਾਈ ਦੇ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਪਾਸ ਤਿਆਰੀ ਲਈ ਮੁਸ਼ਕਲ ਨਾਲ 2-3 ਦਿਨਾਂ ਦਾ ਹੀ ਸਮਾਂ ਸੀ। ਪਰ ਉਨ੍ਹਾਂ ਆਪਣੀ ਸਮਰੱਥਾ ਦਾ ਪੂਰਨ ਸਬੂਤ ਦਿੱਤਾ ਅਤੇ ਜ਼ੋਰਦਾਰ ਮੁਜ਼ਾਹਰਾ ਅਤੇ ਵਿਸ਼ਾਲ ਰੈਲੀ ਆਯੋਜਿਤ ਕੀਤੀ।
ਰੈਲੀ, ਸ਼੍ਰੀ ਵੀ.ਐਮ.ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਇਸਨੂੰ ਜਥੇਬੰਦੀਆਂ ਵਲੋਂ ਕਨਵੀਨਰ ਤੋਂ ਬਿਨਾਂ ਰਾਸ਼ਟਰੀਆ ਕਿਸਾਨ ਮਜ਼ਦੂਰ ਸਭਾ ਵਲੋਂ ਤੇਜਿੰਦਰ ਸਿੰਘ (ਯੁ.ਪੀ.), ਡਾਕਟਰ ਸੁਨੀਲਮ (ਮੱਧ ਪ੍ਰਦੇਸ਼), ਕੁਲ ਹਿੰਦ ਕਿਸਾਨ ਸਭਾ ਵਲੋਂ ਕਾਮਰੇਡ ਅਤੁਲ ਅਣਜਾਣ, ਕੁਲ ਹਿੰਦ ਕਿਸਾਨ-ਮਜ਼ਦੂਰ ਸਭਾ ਵਲੋਂ ਡਾਕਟਰ ਅਸ਼ੀਸ਼ ਮਿੱਤਲ, ਬੀ.ਕੇ.ਯੂ.(ਡਕੌਂਦਾ) ਵਲੋਂ ਡਾ. ਦਰਸ਼ਨ ਪਾਲ, ਜੈ ਕਿਸਾਨ ਅੰਦੋਲਨ ਵਲੋਂ ਯੋਗਿੰਦਰ ਯਾਦਵ, ਨਰਮਦਾ ਬਚਾਓ ਅੰਦੋਲਨ ਵਲੋਂ ਮੇਧਾ ਪਾਟੇਕਰ, ਤਾਮਿਲਨਾਡੂ ਦੀ ਕਿਸਾਨ ਆਗੂ ਕਵਿਤਾ ਕਿਰਨ, ਆਲ ਇੰਡੀਆ ਕਿਸਾਨ-ਮਜ਼ਦੂਰ ਮਹਾਂਸਭਾ ਵਲੋਂ ਗੁਰਨਾਮ ਸਿੰਘ ਭੀਖੀ, ਜਮਹੂਰੀ ਕਿਸਾਨ ਸਭਾ ਵਲੋਂ ਡਾ. ਸਤਨਾਮ ਸਿੰਘ ਅਜਨਾਲਾ ਆਦਿ ਵਰਕਿੰਗ ਗਰੁੱਪ ਮੈਂਬਰਾਂ ਤੋਂ ਬਿਨਾਂ ਪੰਜਾਬ ਦੇ ਕਿਸਾਨ ਆਗੂਆਂ ਨਿਰਭੈ ਸਿੰਘ, ਅਵਤਾਰ ਸਿੰਘ ਮਹਿਮਾ, ਯੂ.ਪੀ. ਤੋਂ ਇੰਡੀਅਨ ਲੋਕ ਦਲ ਦੀ ਅਗਵਾਈ ਵਿਚ ਆਏ ਕਿਸਾਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਲਾਹੇਵੰਦ ਭਾਅ ਪ੍ਰਾਪਤ ਕਰਨਾ ਉਹਨਾਂ ਦਾ ਕਾਨੂੰਨੀ ਅਧਿਕਾਰ ਹੈ ਅਤੇ ਇਸ ਲਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਤਿਆਰ ਕੀਤੇ ਗਏ ਬਿਲ ਪਾਸ ਕੀਤੇ ਜਾਣੇ ਜ਼ਰੂਰੀ ਹਨ। ਸ਼ੇਤਕਾਰੀ ਸਵਾਭੀਮਾਨ ਸੰਗਠਨ ਮਹਾਰਾਸ਼ਟਰ ਦੇ ਆਗੂ ਰਾਜੂ ਸ਼ੈਟੀ ਮੈਂਬਰ ਪਾਰਲੀਮੈਂਟ ਜਿਹਨਾਂ ਵਲੋਂ ਇਹ ਬਿਲ ਲੋਕ ਸਭਾ ਵਿਚ ਪੇਸ਼ ਕੀਤੇ ਜਾਣੇ ਹਨ ਨੇ ਦੱਸਿਆ ਕਿ ਲੋਕ ਸਭਾ ਵਿਚ ਮੋਦੀ ਸਰਕਾਰ ਵਿਰੁੱਧ ਵਿਚਾਰੇ ਜਾ ਰਹੇ ਬੇਵਿਸਾਹੀ ਮਤੇ ਕਰਕੇ ਅੱਜ ਇਹ ਬਿੱਲ ਪੇਸ਼ ਨਹੀਂ ਹੋ ਸਕੇਗਾ। ਪਰ ਉਹ ਆਪਣੇ ਯਤਨ ਜਾਰੀ ਰੱਖਣਗੇ ਅਤੇ ਬਿੱਲ ਪਾਰਲੀਮੈਂਟ ਵਿਚ ਜ਼ਰੂਰ ਪੇਸ਼ ਹੋਵੇਗਾ।
ਕਿਸਾਨ ਆਗੂਆਂ ਨੇ ਅੰਕੜਿਆਂ ਦੇ ਅਧਾਰ ‘ਤੇ ਦੱਸਿਆ ਕਿ ਮੋਦੀ ਸਰਕਾਰ ਨੇ ਲਾਗਤ ਕੀਮਤਾਂ ਦੀ ਗਿਣਤੀ-ਮਿਣਤੀ ਵਿਚ ਵੱਡੀ ਹੇਰਾਫੇਰੀ ਕਰਕੇ ਘੱਟ ਐਮ.ਐਸ.ਪੀ. ਦਾ ਐਲਾਨ ਕੀਤਾ ਹੈ। ਝੋਨੇ ਦੀ ਲਾਗਤ ਕੀਮਤ ਸੀ-2 ਫਾਰਮੂਲੇ ਅਨੁਸਾਰ 1560 ਰੁਪਏ ਬਣਦੀ ਹੈ ਅਤੇ ਇਸ ਵਿਚ 50% ਵਾਧੇ ਨਾਲ ਐਮ.ਐਸ.ਪੀ. 2340 ਬਣਦੀ ਹੈ। ਸਰਕਾਰ ਨੇ 1750 ਰੁਪਏ ਦਾ ਭਾਅ ਐਲਾਨ ਕੇ ਕਿਸਾਨ ਨੂੰ 590 ਰੁਪਏ ਪ੍ਰਤੀ ਕਵਿੰਟਲ ਘੱੱਟ ਦਿੱਤੇ ਹਨ।
ਉਪਰੋਕਤ ਕਿਸਾਨ ਆਗੂਆਂ ਤੋਂ ਬਿਨਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕਰਕੇ ਕਿਸਾਨਾਂ ਦੀਆਂ ਮੰਗਾਂ ਅਤੇ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕੀਤਾ। ਇਸ ਇਕੱਠ ਨੂੰ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੂਰੀ, ਸੀ.ਪੀ.ਆਈ.(ਐਮ.ਐਲ. ਲਿਬਰੇਸ਼ਨ) ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਸੀ.ਪੀ.ਆਈ. ਦੇ ਕੌਮੀ ਆਗੂ ਕਾਮਰੇਡ ਅਤੁਲ ਅਨਜਾਣ, ਆਪ ਪਾਰਟੀ ਦੇ ਸੰਜੇ ਸਿੰਘ, ਉਘੇ ਸਮਾਜਵਾਦੀ ਆਗੂ ਸ਼ਰਦ ਯਾਦਵ, ਸ਼ਿਵ ਸੈਨਾ ਦੇ ਆਗੂ ਅਰਵਿੰਦ ਜੀ ਅਤੇ ਜਨਤਾ ਦਲ ਸੈਕੂਲਰ ਦੇ ਆਗੂ ਕੰਵਰ ਦਾਨਿਸ਼ ਅਲੀ ਨੇ ਸੰਬੋਧਨ ਕੀਤਾ।
ਸਭਾ ਨੇ ਤਿੰਨ ਮਤੇ ਸਰਵਸੰਮਤੀ ਨਾਲ ਪਾਸ ਕੀਤੇ।
(ੳ) ਮੋਦੀ ਦੁਆਰਾ ਐਲਾਨੀ ਗਈ ਐਮ.ਐਸ.ਪੀ. ਸਰਾਸਰ ਧੋਖਾ ਹੈ ਅਤੇ ਦੇਸ਼ ਦੇ ਕਿਸਾਨ ਇਸਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ।
(ਅ) ਜਥੇਬੰਦੀ ਵਲੋਂ ਕੀਤੇ ਤਿਆਰ ਦੋਵੇਂ ਬਿੱਲ ਕਿਸਾਨ ਕਰਜ਼ਾ ਮੁਕਤੀ ਅਧਿਕਾਰ ਅਤੇ ਲਾਹੇਵੰਦ ਭਾਅ ਪ੍ਰਾਪਤੀ ਦਾ ਅਧਿਕਾਰ ਬਿੱਲ ਫੌਰੀ ਤੌਰ ‘ਤੇ ਪਾਸ ਕੀਤੇ ਜਾਣ।
(ੲ) ਮੋਦੀ ਸਰਕਾਰ ਕਿਸਾਨਾਂ ਨਾਲ ਵਾਰ ਵਾਰ ਧੋਖਾ ਕਰਦੀ ਆ ਰਹੀ ਹੈ। ਇਸ ਲਈ ਕਿਸਾਨਾਂ ਦਾ ਇਹ ਇਕੱਠ ਇਸ ਵਿਰੁੱਧ ਡੂੰਘੀ ਅਵਿਸ਼ਵਾਸ ਪ੍ਰਗਟ ਕਰਦਾ ਹੈ।
(ਸ) ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗੀ। ਉਹ ਹੇਠ ਲਿਖਿਆ ਪ੍ਰੋਗਰਾਮ ਅਮਲ ਵਿਚ ਲਿਆਵੇਗੀ।
(1) 9 ਅਗਸਤ 2018 ਇਤਿਹਾਸਕ ਮਹੱਤਤਾ ਵਾਲੇ ਦਿਨ ਤੇ ਬਾਕੀ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਦਿੱਤੇ ਗਏ ਐਕਸ਼ਨਾਂ ਨਾਲ ਤਾਲਮੇਲ ਕਰਦੀ ਹੋਈ ਕਰਜ਼ਾ ਮੁਕਤੀ ਅਤੇ ਠੀਕ ਐਮ.ਐਸ.ਪੀ. ਦਿੱਤੇ ਜਾਣ ਦੀ ਮੰਗ ਕਰੇਗੀ।
(2) 8 ਤੋਂ 10 ਅਕਤੂਬਰ ਨੂੰ ਮੰਡੀਆਂ ਵਿਚ ਜਾ ਕੇ ਕਿਸਾਨਾਂ ਦੇ ਇਕੱਠ ਕਰਕੇ ਹਕੀਕੀ ਐਮ.ਐਸ.ਪੀ. ਦੇਣ, ਸਰਕਾਰੀ ਖਰੀਦ ਦੀ ਜਾਮਨੀ ਅਤੇ ਕਰਜ਼ਾ ਮੁਕਤੀ ਦੀ ਮੰਗ ਕੀਤੀ ਜਾਵੇਗੀ।
(3) ਕਿਸਾਨ ਮੁਕਤੀ ਯਾਤਰਾ : ਸਾਰੇ ਦੇਸ਼ ਵਿਚ 400 ਰੈਲੀਆਂ ਕੀਤੀਆਂ ਜਾਣਗੀਆਂ। ਇਹਨਾਂ ਯਾਤਰਾਵਾਂ ਦਾ ਆਰੰਭ ਹਰਿਆਣਾ, ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਤੋਂ ਹੋਵੇਗਾ।
(4) ਨਵੰਬਰ ਦੇ ਆਖਰੀ ਹਫ਼ਤੇ ਦਿੱਲੀ ਵੱਲ ਪੈਦਲ ਮਾਰਚ ਹੋਵੇਗਾ। 30 ਨਵੰਬਰ ਨੂੰ ਦਿੱਲੀ ਵਿਚ ਲੱਖਾਂ ਦਾ ਇਕੱਠ ਕੀਤਾ ਜਾਵੇਗਾ।
ਰਿਪੋਰਟ : ਰਘਬੀਰ ਸਿੰਘ
ਨਸ਼ਿਆਂ ਵਿਰੁੱਧ ਰੋਸ ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ)ੇ ਵੱਲੋਂ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦੇ ਹੋ ਰਹੇ ਘਾਣ ਅਤੇ ਹਰ ਰੋਜ ਹੋ ਰਹੀਆਂ ਮੌਤਾਂ ਵਿਰੁੱਧ ਫਤਿਆਬਾਦ (ਤਰਨ ਤਾਰਨ) ‘ਚ ਰੋਸ ਮਾਰਚ ਕੀਤਾ ਗਿਆ । ਇਸਦੀ ਅਗਵਾਈ ਆਰਐਮਪੀਆਈ ਦੇ ਆਗੂ ਸਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ ਕੋਟ, ਦਾਰਾ ਸਿੰਘ ਮੁੰਡਾ ਪਿੰਡ, ਰੇਸ਼ਮ ਸਿੰਘ ਫੇਲੋਕੇ ਆਦਿ ਆਗੂਆ ਨੇ ਕੀਤੀ।
ਆਰਐਮਪੀਆਈ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਪਵਿੱਤਰ ਬਾਣੀ ਦੀ ਸੌਂਹ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਚਾਰ ਹਫਤਿਆਂ ਵਿੱਚ ਖਤਮ ਕਰ ਦਿੱਤੇ ਜਾਣਗੇ। ਅੱਜ ਪੰਜਾਬ ਨਸ਼ਿਆਂ ਨਾਲ ਤਬਾਹ ਹੋ ਰਿਹਾ ਹੈ ਅਤੇ ਹਰ ਨਵੇਂ ਦਿਨ ਨੌਜਵਾਨ ਮਰ ਰਹੇ ਹਨ। ਕੈਪਟਨ ਸਰਕਾਰ ਨਸ਼ਿਆਂ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰਾਂ ਫੇਲ੍ਹ ਹੋਈ ਹੈ।ਉਹਨਾਂ ਕਿਹਾ ਕਿ ਨਸ਼ੇ ਦੇ ਵਪਾਰ ਲਈ ਅਕਾਲੀ-ਭਾਜਪਾ ਆਗੂ ਬਰਾਬਰ ਦੇ ਦੋਸ਼ੀ ਹਨ। ਇਹਨਾਂ ਪਾਰਟੀਆਂ ਨੇ ਜਿੱਥੇ ਜਵਾਨੀ ਨੂੰ ਨਸ਼ਿਆਂ ਵਿੱਚ ਤਬਾਹ ਕੀਤਾ। ਓਥੇ ਸਰਕਾਰੀ ਅਦਾਰੇ ਖਤਮ ਕਰਕੇ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵੀ ਖਤਮ ਕੀਤੇ ਹਨ ।
ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਨਸ਼ੇ ਦੇ ਵਪਾਰੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ।ਨਸ਼ੇ ਦੀ ਗਰਿਫਤ ਵਿੱਚ ਆਏ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰਾਂ ਵਿੱਚ ਭਰਤੀ ਕਰਕੇ ਨਸ਼ਾ ਮੁਕਤ ਕੀਤਾ ਜਾਵੇ ਅਤੇ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਸੋਮੇ ਪੈਦਾ ਕੀਤੇ ਜਾਣ। ਨਸ਼ਾ ਸਮੱਗਲਿੰਗ ਵਿੱਚ ਮੱਦਦਗਾਰ ਸਿਆਸੀ ਆਗੂਆਂ ਅਤੇ ਭਰਿਸ਼ਟ ਪੁਲਿਸ ਅਧਿਕਾਰੀਆਂ ਖਿਲਾਫ ਪਰਚੇ ਦਰਜ ਕੀਤੇ ਜਾਣ।
ਨੌਜਵਾਨਾਂ ਵਲੋਂ ਨਸ਼ਿਆਂ ਦੇ ਮੁੱਦੇ ‘ਤੇ ਮੁਜ਼ਾਹਰੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਦਿੱਤੇ ਗਏ ਸੱਦੇ ‘ਤੇ 1-7 ਜੁਲਾਈ ਤੱਕ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦੀ ਹੋ ਰਹੀ ਤਬਾਹੀ ਰੋਕਣ ਲਈ ਪੰਜਾਬ ਸਰਕਾਰ ਦੇ ਖਿਲਾਫ ਫਿਲੌਰ, ਬਟਾਲਾ, ਅਜਨਾਲਾ, ਤਰਨ ਤਾਰਨ, ਮਾਨਸਾ, ਸਰਦੂਲਗੜ੍ਹ, ਫਰੀਦਕੋਟ, ਪਠਾਨਕੋਟ, ਸਮਾਣਾ, ਜੋਧਾਂ ਆਦਿ ਥਾਵਾਂ ‘ਤੇ ਰੋਸ ਮਾਰਚ ਅਤੇ ਮੁਜ਼ਾਹਰੇ ਕੀਤੇ ਗਏ ਅਤੇ ਮੰਗ ਕੀਤੀ ਗੲਂੀ ਕਿ ਪੰਜਾਬ ਅੰਦਰ ਮੁਕੰਮਲ ਨਸ਼ਿਆਂ ‘ਤੇ ਮੁਕੰਮਲ ਰੋਕ ਲਾਈ ਜਾਵੇ, ਨਸ਼ਾ ਤਸਕਰਾਂ ‘ਤੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਜਾਵੇ, ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਪੁਲਸ ਅਧਿਕਾਰੀਆਂ, ਸਿਆਸਤਦਾਨਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ, ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਵਾ ਕੇ ਉਹਨਾਂ ਦਾ ਮੁਫ਼ਤ ਇਲਾਜ ਕਰਕੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ, ਨਸ਼ਿਆਂ ਤੋਂ ਨੌਜਵਾਨਾਂ ਦੀ ਸਦੀਵੀਂ ਰਾਖੀ ਲਈ ਸਿੱਖਿਆ ਅਤੇ ਯੋਗਤਾ ਮੁਤਾਬਿਕ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇ।
ਰਿਪੋਰਟ : ਸ਼ਮਸ਼ੇਰ ਸਿੰਘ
ਜਮਹੂਰੀ ਕੰਢੀ ਸੰਘਰਸ਼ ਕਮੇਟੀ ਵਲੋਂ ਕਨਵੈਨਸ਼ਨ
ਜਮਹੂਰੀ ਕੰਢੀ ਸੰਘਰਸ਼ ਕਮੇਟੀ ਵਲੋਂ 25 ਜੁਲਾਈ ਨੂੰ ਗੜ੍ਹਸ਼ੰਕਰ ਵਿਖੇ ਕਨਵੈਨਸ਼ਨ ਕੀਤੀ ਗਈ, ਜਿਸਦੀ ਪ੍ਰਧਾਨਗੀ ਮੋਹਣ ਸਿੰਘ ਧਮਾਣਾ, ਰਘਬੀਰ ਸਿੰਘ ਪਕੀਵਾਂ, ਬਗੀਚਾ ਸਿੰਘ ਬਲਾਚੌਰ, ਧਰਮਪਾਲ ਰੋਪੜ, ਜਗਦੀਸ਼ ਸਿੰਘ ਪਠਾਨਕੋਟ ਅਤੇ ਧਰਮਿੰਦਰ ਸਿੰਘ ਹੁਸ਼ਿਆਰਪੁਰ ਆਦਿ ਸਾਥੀਆਂ ਨੇ ਕੀਤੀ। ਇਸ ਮੌਕੇ ਕੰਢੀ ਇਲਾਕੇ ਦੀਆਂ ਮੰਗਾਂ ਸਬੰਧੀ 22 ਸੂਤਰੀ ਮੰਗ ਪੱਤਰ ਪੜ੍ਹਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਮੂਹ ਬੁੁਲਾਰਿਆਂ ਮੰਗ ਕੀਤੀ ਕਿ ਕੰਢੀ ਖੇਤਰ ਦੀ ਨਿਸ਼ਾਨਦੇਹੀ ਜੀ.ਐਸ. ਕਾਲਕਟ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇ। ਖਰਾਬ ਅਤੇ ਬੰਦ ਪਏ ਡੂੰਘੇ ਟਿਊਬਵੈਲਾਂ ਨੂੰ ਚਾਲੂ ਕੀਤਾ ਜਾਵੇ, ਜੰਗਲੀ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਤੋਂ ਫਸਲਾਂ ਦੀ ਰਾਖੀ ਦਾ ਪ੍ਰਬੰਧ ਕੀਤਾ ਜਾਵੇ, ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਜਲ ਘਰਾਂ ਨੂੰ ਪੰਚਾਇਤਾਂ ਹਵਾਲੇ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ, ਰੇਲਵੇ ਲਾਈਨ ਮੁਕੰਮਲ ਕੀਤੀ ਜਾਵੇ। ਇਸ ਮੌਕੇ ਇਕ ਨਵੀਂ ਟੀਮ ਚੁਣੀ ਗਈ, ਜਿਸ ਅਨੁਸਾਰ ਮੋਹਣ ਸਿੰਘ ਧਮਾਣਾ ਪ੍ਰਧਾਨ, ਬਲਵੰਤ ਪਠਾਨਕੋਟ ਅਤੇ ਧਰਮ ਪਾਲ ਰੋਪੜ ਮੀਤ ਪ੍ਰਧਾਨ, ਦੀਵਾਨ ਸਿੰਘ ਜਨਰਲ ਸਕੱਤਰ, ਧਰਮਿੰਦਰ ਸਿੰਘ ਸਹਾਇਕ ਸਕੱਤਰ, ਸੋਮਪਾਲ ਵਿੱਤ ਸਕੱਤਰ ਅਤੇ ਸ਼ਿੰਗਾਰਾ ਰਾਮ ਪ੍ਰੈਸ ਸਕੱਤਰ ਚੁਣੇ ਗਏ। ਇਸ ਮੌਕੇ ਰਾਮਜੀਦਾਸ ਚੌਹਾਨ, ਕੁਲਭੁਸ਼ਨ ਸਿੰਘ, ਬਲਵੰਤ ਸਿੰਘ, ਦੀਵਾਨ ਸਿੰਘ, ਵੇਦ ਪ੍ਰਕਾਸ਼, ਸੁਰਿੰਦਰ ਪੰਨੂੰ ਅਤੇ ਦਵਿੰਦਰ ਕੱਕੋਂ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਨੌਜਵਾਨਾਂ ਵਲੋਂ ਰੁੱਖ ਲਗਾਓ ਮੁਹਿੰਮ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਅਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਦੀ ਵੱਧ ਤੋਂ ਵੱਧ ਮੁਨਾਫੇ ਲਈ ਦੌੜ ਪ੍ਰਮੁੱਖ ਰੂਪ ‘ਚ ਸਾਡੇ ਚੁਗਿਰਦੇ ਨੂੰ ਪ੍ਰਦੂਸ਼ਤ ਕਰਨ ਲਈ ਜਿੰਮੇਵਾਰ ਹੈ। ਇੰਨ੍ਹਾਂ ਕੰਪਨੀਆਂ ਵੱਲੋਂ ਅੰਨੇਵਾਹ ਕੁਦਰਤ ਦੇ ਸਮਤੋਲ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨ੍ਹਾਂ ਧੰਨਕੁਬੇਰਾਂ ਦਾ ਅਸਲੀ ਮੰਤਵ ਮੁਨਾਫਾ ਕਮਾਉਣਾ ਹੀ ਹੈ ਅਤੇ ਇਨ੍ਹਾਂ ਨੂੰ ਲੋਕਾਂ ਦਾ ਕੋਈ ਵੀ ਫਿਕਰ ਨਹੀਂ ਹੈ। ਸਨਅਤਾਂ ਲਾਉਣ ਦੇ ਨਾਂਅ ਹੇਠ ਧੜਾ ਧੜ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ। ਵਾਤਾਵਰਣ ‘ਚ ਜਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਹਨ। ਪਾਣੀ ਦੇ ਸੋਮੇ ਖਰਾਬ ਕੀਤੇ ਜਾ ਰਹੇ ਹਨ। ਵਾਤਾਵਰਣ ਗੰਧਲਾ ਕਰਕੇ ਇਨ੍ਹਾਂ ਧੰਨਕੁਬੇਰਾਂ ਵੱਲੋਂ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਹੈ। ਬਿਮਾਰੀ ਦਾ ਹਾਲਤ ‘ਚ ਇਨ੍ਹਾਂ ਵਰਗੇ ਹੀ ਧਨਾਢਾਂ ਦੀਆਂ ਵੱਡੀਆਂ ਕੰਪਨੀਆਂ ਦੀਆਂ ਦਵਾਈਆਂ ਵਿਕ ਰਹੀਆਂ ਹਨ। ਇੰਝ ਦੋਹਰੇ ਹੱਥੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਸਭਾ ਵੱਲੋਂ ਪੌਦੇ ਲਗਾ ਕਿ ਸਿਰਫ ਖ਼ਾਨਾ ਪੂਰਤੀ ਹੀ ਨਹੀਂ ਕੀਤੀ ਜਾ ਰਹੀ ਸਗੋਂ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਸੂਬਾ ਕੇਂਦਰ ‘ਤੇ ਪੁੱਜੀਆਂ ਰਿਪੋਰਟਾਂ ਮੁਤਾਬਿਕ ਵੱਖ-ਵੱਖ ਥਾਵਾਂ ‘ਤੇ ਪੌਦੇ ਲਗਾਏ ਗਏ :
ਜਲੰਧਰ : ਜਥੇਬੰਦੀ ਦੇ ਸੱਦੇ ਉਤੇ ਜਲੰਧਰ ਦੇ ਵੱਖ-ਵੱਖ ਪਿੰਡਾਂ ਵਿਚ ਰੁੱਖ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ਤਹਿਤ ਕਾਹਨਾਂ ਢੇਸੀਆਂ, ਫਿਲੌਰ, ਬੇਗਮਪੁਰਾ, ਸ਼ੇਰਪੁਰਾ, ਦਾਰਾਪੁਰ, ਪ੍ਰਤਾਪਪੁਰਾ, ਦੁਸਾਂਝ ਕਲਾਂ, ਭੈਣੀ, ਰੁੜਕਾ ਕਲਾਂ, ਪੱਖੋਵਾਲ, ਸੰਗੋਵਾਲ, ਮਹਿਤਪੁਰ, ਕਲਿਆਣਪੁਰਾ, ਭਾਰਦਵਾਜੀਆਂ, ਬੁੰਡਾਲਾ, ਹੁਸੈਨਾਵਾਦ, ਕੰਗ ਅਰਾਇਆਂ, ਮਿਓਵਾਲ ਆਦਿ ਪਿੰਡਾਂ ਵਿਚ ਰੁੱਖ ਲਗਾ ਕੇ ਵਾਤਾਵਰਲ ਬਚਾਉਣ ਦਾ ਸੁਨੇਹਾ ਦਿੱਤਾ ਗਿਆ।
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਵਿਚ ਵੀ ਹਰੀਕੇ ਜੋਨ, ਕੋਟ ਮੁਹੰਮਦ ਖਾਂ, ਵੇਈਪੂਈ, ਤੁੜ, ਪੱਖੋਕੇ, ਫੈਲੋਕੇ, ਲੋਹਕਾ, ਧੂੰਦਾ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਪੰਡੋਰੀ ਹੋਟੀਆਂ ਆਦਿ ਪਿੰਡਾਂ ਤੋਂ ਇਲਾਵਾ ਸੜਕੀ ਮਾਰਗਾਂ ਦੇ ਕਿਨਾਰਿਆਂ ‘ਤੇ ਵੀ ਬੂਟੇ ਲਗਾਏ ਗਏ।
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਅੰਦਰ ਵੀ ਬੂਟੇ ਲਗਾਓ ਮੁਹਿੰਮ ਤਹਿਤ ਬੂਟੇ ਲਗਾਏ। ਇਸ ਤਹਿਤ, ਮਨਸੂਰਾਂ, ਲੋਹਟਬੱਧੀ, ਗੁੱਜਰਵਾਲ, ਲਤਾਲਾ, ਜੋਧਾਂ ਆਦਿ ਪਿੰਡਾਂ ਵਿਚ ਵੀ ਬੂਟੇ ਲਗਾਏ ਗਏ।
ਗੁਰਦਾਸਪੁਰ : ਜਥੇਬੰਦੀ ਦੇ ਸੱਦੇ ‘ਤੇ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਬਟਾਲਾ, ਨਵਾਂ ਪਿੰਡ ਮਿਲਖੀਵਾਲ, ਖਾਨਫੱਤਾ, ਸ਼ਬਰੀ, ਦੁੰਬੀਵਾਲ, ਵਿੰਝਣਾ, ਕਿਲਾ ਲਾਲ ਸਿੰਘ, ਗੱਗੋਵਾਲੀ, ਬਿਸ਼ਨਕੋਟ ਆਦਿ ਪਿੰਡਾਂ ਵਿਚ ਬੂਟੇ ਲਗਾਏ ਗਏ।
ਪਟਿਆਲਾ : ਕੁਲਾਰਾਂ, ਆਲਮਪੁਰ, ਸਮਾਣਾ ਆਦਿ ਪਿੰਡਾਂ ਵਿਚ ਰੁੱਖ ਲਗਾਏ ਗਏ।
ਫਰੀਦਕੋਟ : ਇਸੇ ਤਰ੍ਹਾਂ ਫਰੀਦਕੋਟ ਸ਼ਹਿਰ ਵਿਚ ਬੂਟੇ ਲਗਾ ਕੇ ਮੁਹਿੰਮ ਚਲਾਈ ਗਈ ਅਤੇ ਪੱੱਪੀ ਪਿੰਡ, ਸਿੱਖਵਾਲੇ ਪਿੰਡਾਂ ਵਿਚ ਵੀ ਬੂਟੇ ਲਗਾਏ ਗਏ।
ਪਠਾਨਕੋਟ : ਜਥੇਬੰਦੀ ਦੇ ਸੱਦੇ ‘ਤੇ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਕਟਾਰੂਚੱਕ, ਚਸ਼ਮਾ, ਜਕਰੋਰ, ਮਿਹੋੜਾ ਕਲਾਂ, ਖੁਸ਼ੀਨਗਰ, ਮਿਆਣੀ ਆਦਿ ਥਾਵਾਂ ‘ਤੇ ਰੁੱਖ ਲਗਾਏ ਗਏ।
ਮਾਨਸਾ : ਸਰਦੂਲਗੜ੍ਹ ਅਤੇ ਹੋਰ ਨਾਲ ਲੱਗਦੇ ਪਿੰਡਾਂ ਅੰਦਰ ਰੁੱਖ ਲਗਾਏ ਗਏ।
ਅੰਮ੍ਰਿਤਸਰ : ਮੱਲੂ ਨੰਗਲ, ਦੁਧਰਾਏ, ਉਠੀਆਂ, ਡੱਲਾ, ਘੌਗਾ, ਖਿਲਚੀਆਂ, ਧਿਆਨਪੁਰ, ਬੁਟਾਰੀ ਅਤੇ ਭੌਰਸ਼ੀ ਰਾਜਪੂਤਾਂ ਵਿਚ ਰੁੱਖ ਲਗਾਏ ਗਏ।
ਰਿਹਾਇਸ਼ੀ ਪਲਾਟਾਂ ਲਈ ਮੁਕਤਸਰ ਦੇ ਬੇਜ਼ਮੀਨੇ ਮਜ਼ਦੂਰਾਂ ਦਾ ਸੰਘਰਸ਼
ਦਹਾਕਿਆਂ ਬੱਧੀ ਅਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਵਲੋਂ ਬੇਜ਼ਮੀਨੇ, ਸਾਧਨਹੀਨ, ਦਲਿਤ ਦਿਹਾਤੀ ਮਜ਼ਦੂਰਾਂ ਨੂੰ ਪਿੰਡਾਂ ਵਿਚ, ਪੰਚਾਇਤੀ/ਸਾਂਝੀਆਂ ਜ਼ਮੀਨਾਂ ‘ਚੋਂ ਰਿਹਾਇਸ਼ ਲਈ ਥਾਵਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ। ਪਰ ਹਕੀਕਤ ‘ਚ ਇਨ੍ਹਾਂ ਵਾਅਦਿਆਂ ‘ਤੇ ਦੋਹਾਂ ਧਿਰਾਂ ਨੇ ਕਦੇ ਅਮਲ ਨਹੀਂ ਕੀਤਾ। ਇਸ ਵਾਰ ਵਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਲੋਕ ਅੰਦਰੋ-ਅੰਦਰੀ ਉਬਲ ਰਹੇ ਹਨ। ਪਰਿਵਾਰਾਂ ਦਾ ਅਕਾਰ ਵੱਧਦੇ ਜਾਣ ਨਾਲ ਰਿਹਾਇਸ਼ੀ ਥਾਵਾਂ ਦੀ ਜ਼ਰੂਰਤ ਸਗੋਂ ਹੋਰ ਵੱਧਦੀ ਜਾ ਰਹੀ ਹੈ। ਜ਼ਮੀਨ ਮਹਿੰਗੀ ਹੋਣ ਅਤੇ ਆਮਦਨ ਦੇ ਸਾਧਨ ਲਗਾਤਾਰ ਸੁੰਗੜਦੇ ਜਾਣ ਕਾਰਨ ਖ਼ੁਦ ਥਾਂ ਖਰੀਦਣੀ ਮਜ਼ਦੂਰਾਂ ਲਈ ਅਸੰਭਵ ਬਣ ਚੁੱਕੀ ਹੈ। ਰਹਿੰਦੀ ਕਸਰ ਨਿੱਤ ਵੱਧਦੀ ਆਮ ਮਹਿੰਗਾਈ ਨੇ ਕੱਢ ਦਿੱਤੀ ਹੈ। ਸਾਲਾਂਬੱਧੀ ਸਾਂਝੀਆਂ ਪੰਚਾਇਤੀ ਜ਼ਮੀਨਾਂ ਦੀ ਹੁੰਦੀ ਆ ਰਹੀ ਦੁਰਵਰਤੋਂ ਅਤੇ ਭੌਂ ਮਾਲਕਾਂ ਰਾਹੀਂ ਅਜਿਹੀਆਂ ਜ਼ਮੀਨਾਂ ‘ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਤੋਂ ਮਜ਼ਦੂਰਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਅਜਿਹਾ ਹੀ ਵਾਪਰਿਆ ਹੈ, ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਮੌੜ ਅਤੇ ਚੱਕ ਮਦਰੱਸਾ (ਕੌੜਿਆਂ ਵਾਲੀ) ਵਿਚ।
ਪਿੰਡ ਮੌੜ (ਨਜਦੀਕ ਬਲੱਮਗੜ੍ਹ), ਜ਼ਿਲ੍ਹਾ ਮੁਕਤਸਰ ਵਿਚ ਮਜ਼ਦੂਰ ਘਰਾਂ ਦੇ ਐਨ ਨਜ਼ਦੀਕ 4 ਕਿੱਲੇ ਪੰਚਾਇਤੀ ਸ਼ਾਮਲਾਟ ਜ਼ਮੀਨ ਹੈ। ਲੋਕ ਸੂਰਾਂ ਦੇ ਘੁਰਣਿਆਂ ਵਰਗੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹਨ। ਪਰ ”ਰੱਬ ਦਾ ਰੂਪ” ਪੰਚਾਇਤ ਇਸ ਜ਼ਮੀਨ ‘ਤੇ ਮਜ਼ਦੂਰਾਂ ਨੂੰ ਪੈਰ ਵੀ ਨਹੀਂ ਰੱਖਣ ਦੇ ਰਹੀ। ਸਿਰੇ ਦੀ ਪੱਖਪਾਤੀ ਪਹੁੰਚ ਤੋਂ ਕੰਮ ਲੈਂਦਿਆਂ ”ਸਰਵਸਾਂਝੀ” ਪੰਚਾਇਤ ਨੇ ਉਲਟਾ ਸਗੋਂ ਘਰਾਂ-ਜ਼ਮੀਨਾਂ ਦੇ ਮਾਲਕ ਆਪਣੇ ਕੁੱਝ ਚਹੇਤਿਆਂ ਦਾ ਇਸ ਜ਼ਮੀਨ ਦੇ ਕਾਫ਼ੀ ਭਾਗ ‘ਤੇ ਕਬਜ਼ਾ ਕਰਵਾ ਦਿੱਤਾ। ਬੇਜ਼ਮੀਨੇ ਪਰਿਵਾਰਾਂ ਨੂੰ ਰਿਹਾਇਸ਼ ਲਈ ਦਿੱਤੇ ਜਾਣ ਵਾਲੀ ਜ਼ਮੀਨ ਸਦਾ ਲਈ ਧੱਕੜਸ਼ਾਹਾਂ ਦੇ ਕਬਜ਼ੇ ਹੇਠ ਜਾਂਦੀ ਦੇਖ ਮਜ਼ਦੂਰਾਂ ਦੇ ਮੱਥਿਆਂ ‘ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ। ਭਵਿੱਖ ਧੁੰਦਲਾ ਸਾਹਮਣੇ ਖੜਾ ਭਾਂਪ ਕੇ ਉਨ੍ਹਾਂ ਨੇ ਇਕੱਠੇ ਹੋ ਕੇ ਹੱਲਾ ਮਾਰਿਆ ਅਤੇ ਬਾਕੀ ਬਚਦੀ ਜ਼ਮੀਨ ਕਬਜ਼ੇ ਵਿਚ ਲੈ ਕੇ ਸਾਰਿਆਂ ਨੂੰ ਰਿਹਾਇਸ਼ੀ ਥਾਂ ਵਜੋਂ ਵੰਡ ਦਿੱਤੀ। ਇਹ ਘਟਨਾ 28 ਜੂਨ ਦੀ ਹੈ। ਪੰਚਾਇਤ ਨੇ ਮਜ਼ਦੂਰਾਂ ਨੂੰ ਇਸ ਜਗਾਹ ਤੋਂ ਬੇਦਖਲ ਕਰਨ ਲਈ ਪੁਲਸ ਦਾਬੇ ਸਮੇਤ ਹਰ ਹਰਬਾ ਵਰਤਿਆ। ਪਰ ਦ੍ਰਿੜ੍ਹਚਿੱਤ ਮਜ਼ਦੂਰ ਨਾ ਕੇਵਲ ਉਸ ਥਾਂ ‘ਤੇ ਡੱਟੇ ਹੋਏ ਹਨ, ਬਲਕਿ ਹੁਣ ਉਨ੍ਹਾਂ ਨੇ ਗੁਜ਼ਾਰੇ ਜੋਗੇ ਘਰ ਵੀ ਬਨਾਉਣੇ ਸ਼ੁਰੂ ਕਰ ਦਿੱਤੇ ਹਨ। ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ‘ਤੇ ਹੋਈਆਂ ਰੈਲੀਆਂ/ਮੁਜ਼ਾਹਰਿਆਂ ਤੋਂ ਬਾਅਦ ਪੁਲੀਸ ਪਿੰਡ ‘ਚੋਂ ਆਪਣਾ ਡੰਡਾ-ਡੇਰਾ ਚੁੱਕ ਕੇ ਚਾਲੇ ਪਾ ਚੁੱਕੀ ਹੈ। 2 ਅਪ੍ਰੈਲ ਦੇ ਭਾਰਤ ਬੰਦ ‘ਚ ਮੁਕਤਸਰ ਵਿਖੇ ਸਾਂਝੀ ਸਰਗਰਮੀ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਮਜ਼ਦੂਰਾਂ ਦੀ ਹਿਮਾਇਤ ‘ਚ ਮੈਦਾਨ ‘ਚ ਕੁੱਦ ਪਈਆਂ ਹਨ।
ਐਨ ਇਸੇ ਤਰ੍ਹਾਂ ਦੀ ਹੀ ਘਟਨਾ ਪਿੰਡ ਚੱਕ ਮਦਰਸਾ (ਕੌੜਿਆਂ ਵਾਲੀ) ਵਿਖੇ ਵੀ ਵਾਪਰੀ ਹੈ। ਇੱਥੇ ਬੇਜ਼ਮੀਨੇ, ਦਲਿਤ ਮਜ਼ਦੂਰਾਂ ਨੇ 9 ਕਿੱਲੇ (ਬੰਜਰ) ਪੰਚਾਇਤੀ ਸ਼ਾਮਲਾਟ ‘ਤੇ ਕਬਜ਼ਾ ਕਰ ਲਿਆ ਹੈ। ਇਸ ਸੰਘਰਸ਼ ਦੀ ਵੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਕਰ ਰਹੀ ਹੈ।
