Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਨਵੰਬਰ 2019)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਨਵੰਬਰ 2019)

ਕਮਿਊਨਿਸਟਾਂ ਦੇ ਸਾਂਝੇ ਮੰਚ ਵੱਲੋਂ ਕਸ਼ਮੀਰ-ਕਸ਼ਮੀਰੀਆਂ ਦੇ ਹੱਕ ‘ਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ‘ਚ ਵਿਸ਼ਾਲ ਲਾਮਬੰਦੀ
ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਮੰਚਾਂ ਵਲੋਂ ਜੰਮੂ-ਕਸ਼ਮੀਰ ਨਾਲ ਕੇਂਦਰ ਦੀ ਮੋਦੀ-ਸ਼ਾਹ ਹੁਕੂਮਤ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਖਿਲਾਫ਼ ਸਾਂਝਾ ਮੰਚ ਅਤੇ ਸਾਂਝਾ ਪ੍ਰਤੀਰੋਧ ਉਸਾਰਨ ਲਈ ਸਮਾਂ ਅਨੁਕੂਲ ਉੱਦਮ ਕੀਤਾ ਗਿਆ ਹੈ । ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀ ਆਈ), ਸੀਪੀਆਈ(ਮ.ਲ.)ਲਿਬਰੇਸ਼ਨ, ਸੀਪੀਆਈ (ਮ.ਲ.) ਨਿਊ ਡੈਮੋਕਰੇਸੀ, ਇਨਕਲਾਬੀ ਕੇਂਦਰ ਪੰਜਾਬ,  ਲੋਕ ਸੰਗਰਾਮ ਮੰਚ,  ਇਨਕਲਾਬੀ ਲੋਕ ਮੋਰਚਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂਆਂ ਵਲੋਂ ਸਾਝੀ ਮੀਟਿੰਗ ਕਰਕੇ ਕਸ਼ਮੀਰ-ਕਸ਼ਮੀਰੀਆਂ ਦੇ ਹੱਕ ਵਿੱਚ ਲੋਕ ਰਾਇ ਲਾਮਬੰਦ ਕਰਨ ਹਿਤ ‘ਕਸ਼ਮੀਰ ਦੇ ਲੋਕਾਂ ‘ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’ ਨਾਂਅ ਦੇ  ਸਾਂਝੇ ਮੰਚ ਦਾ ਗਠਨ ਕੀਤਾ ਗਿਆ । ਮੰਚ ਵਲੋਂ ਸਾਂਝਾ ਇਸ਼ਤਿਹਾਰ ਕੱਢ ਕੇ ਚਾਰ ਮੁੱਖ ਸ਼ਹਿਰਾਂ ਮੋਗਾ, ਪਟਿਆਲਾ, ਅਮ੍ਰਿਤਸਰ ਅਤੇ ਜਲੰਧਰ ਵਿਖੇ ਵਿਸ਼ਾਲ ਕਾਨਫਰੰਸਾਂ ਅਤੇ ਮੁਜ਼ਾਹਰੇ ਕੀਤੇ ਗਏ । ਸੰਖੇਪ ਰਿਪੋਰਟਾਂ :
ਮੋਗਾ : ‘ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’ ਦੇ ਸੱਦੇ ‘ਤੇ 12 ਅਕਤੂਬਰ ਨੂੰ  ਮੋਗਾ ਸ਼ਹਿਰ ਦੀ ਨੇਚਰ ਪਾਰਕ ਵਿਖੇ ਵਿਸ਼ਾਲ ਕਾਨਫਰੰਸ ਅਤੇ ਮੁੱਖ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਮੁਜ਼ਾਹਰਾਕਾਰੀਆਂ ਵਲੋਂ ਮੰਗ ਕੀਤੀ ਗਈ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਅਤੇ 35-ਏ  ਮੂਲ ਰੂਪ ਵਿੱਚ ਬਹਾਲ ਕੀਤੀਆਂ ਜਾਣ, ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦਾ ਪੁਰਾਣਾ ਦਰਜਾ ਕਾਇਮ ਕੀਤਾ ਜਾਵੇ, ਗ੍ਰਿਫਤਾਰ ਕੀਤੇ ਆਗੂ ਅਤੇ ਆਮ ਲੋਕੀਂ ਤੁਰਤ ਰਿਹਾ ਕੀਤੇ ਜਾਣ, ਕਸ਼ਮੀਰ ‘ਚੋਂ ਫੌਜ ਅਤੇ ਅਰਧ ਸੈਨਿਕ ਬਲ ਵਾਪਸ ਬੁਲਾਏ ਜਾਣ, ਸਮੁੱਚੀਆਂ ਜਨਤਕ ਸੇਵਾਵਾਂ ਅਤੇ ਜਮਹੂਰੀ ਹੱਕ ਬਹਾਲ ਕੀਤੇ ਜਾਣ, ਅਫਸਪਾ, ਯੂਏਪੀਏ, ਪੀਐਸਏ ਆਦਿ ਕਾਲੇ ਕਾਨੂੰਨ ਮਨਸੂਖ਼ ਕੀਤੇ ਜਾਣ ਅਤੇ ਕਸ਼ਮੀਰ ਬਾਰੇ ਹੁਕੂਮਤੀ ਤੇ ਫਿਰਕੇਦਾਰਾਨਾ ਕੂੜ ਪ੍ਰਚਾਰ ਬੰਦ ਕੀਤਾ ਜਾਵੇ ।
ਪਿਛਲੇ ਦਿਨੀਂ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਪਰਤੇ ਕੁੱਲ ਹਿੰਦ ਮਹਿਲਾ ਫੈਡਰੇਸ਼ਨ ਦੇ ਕੌਮੀ ਆਗੂ ਕਾਮਰੇਡ ਐਨੀ ਰਾਜਾ ਮੁਜ਼ਾਹਰੇ ‘ਚ ਸ਼ਾਮਲ ਹੋਣ ਅਤੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ । ਆਪਣੇ ਸੰਬੋਧਨ ਵਿੱਚ ਉਨ੍ਹਾਂ ਕਸ਼ਮੀਰ-ਕਸ਼ਮੀਰੀਆਂ ਦੇ ਹੱਕ ਵਿੱਚ ਦਿਲੇਰਾਨਾ ਹਾਅ ਦਾ ਨਾਅਰਾ ਮਾਰਨ ਵਾਲੇ ਪੰਜਾਬ ਵਾਸੀਆਂ ਨੂੰ ਸਲਾਮ ਪੇਸ਼ ਕਰਦਿਆਂ ਜੰਮੂ-ਕਸ਼ਮੀਰ ਦੀ ਮੌਜੂਦਾ ਚਿੰਤਾਜਨਕ ਅਵਸਥਾ ਬਾਰੇ ਵਿਸਤ੍ਰਿਤ  ਵਿਚਾਰ ਰੱਖੇ । ਉਨ੍ਹਾਂ ਕੇਂਦਰੀ ਸਰਕਾਰ ਦੇ ਕਸ਼ਮੀਰ ‘ਵਿੱਚ ਸਭ ਅੱਛਾ’ ਹੋਣ ਦੇ ਦਾਅਵੇ ਕਰਦੇ ਗੁੰਮਰਾਹਕੁੰਨ ਕੂੜ ਪ੍ਰਚਾਰ ਦੇ ਬਖੀਏ ਉਧੇੜਦਿਆਂ ਸੁਆਲ ਕੀਤਾ ਕਿ ਜੇ ਉੱਥੋਂ ਦੇ ਹਾਲਾਤ ਆਮ ਵਰਗੇ ਹਨ ਤਾਂ ਫਿਰ ਕਰਫਿਊ ਹਟਾ ਕੇ ਸੰਚਾਰ ਸੇਵਾਵਾਂ ਬਹਾਲ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਸਿਆਸੀ ਤੇ ਜਨਤਕ ਆਗੂਆਂ ਨੂੰ ਜੇਲ੍ਹੀਂ ਕਿਉਂ ਡੱਕਿਆ ਹੋਇਐ? ਉਨ੍ਹਾਂ ਦੱਸਿਆ ਕਿ ਕਰਫਿਊ ਲੱਗਾ ਹੋਣ ਕਰਕੇ ਜਣੇਪੇ ਸਮੇਂ  ਆਵਾਜਾਈ ਅਤੇ ਸੰਚਾਰ ਸਾਧਨਾਂ ਤੋਂ ਮਹਿਰੂਮ ਹੋਣ ਸਦਕਾ ਬੇਸ਼ੁਮਾਰ ਜੱਚਾ-ਬੱਚਾ ਦੀਆਂ ਜਾਨਾਂ ਜਾ ਚੁੱਕੀਆਂ ਹਨ । 5 ਅਗਸਤ ਤੋਂ ਬਾਅਦ ਗੋਲੀਬਾਰੀ ਜਾਂ ਪੱਥਰਬਾਜੀ ਦੀਆਂ ਘਟਨਾਵਾਂ ਵਿੱਚ ਇੱਕ ਵੀ ਮੌਤ ਨਾ ਹੋਣ ਦੇ ਦਾਅਵੇ ਕਰਨ ਵਾਲੇ ਅਮਿਤ ਸ਼ਾਹ ਨੂੰ ਸਾਥੀ ਰਾਜਾ ਨੇ ਸੁਆਲ ਕੀਤਾ ਕਿ ਉਪਰੋਕਤ ਔਰਤਾਂ ਅਤੇ ਉਨ੍ਹਾਂ ਦੇ ਗਰਭ ਵਿਚਲੇ ਬਾਲਾਂ ਦੀਆਂ ਮੌਤਾਂ ਕੀ ਮੌਤਾਂ ਨਹੀਂ? ਉਨ੍ਹਾਂ ਜਾਣਕਾਰੀ ਦਿੱਤੀ ਕਿ ਅਚਾਨਕ ਮੋਟਰਾਂ ਗੱਡੀਆਂ ਦੀ ਆਵਾਜ਼ ਸੁਣ ਕੇ ਕਸ਼ਮੀਰੀ ਬੱਚਿਆਂ ਅਤੇ ਮਾਵਾਂ ਨੂੰ ਹੌਲ ਪੈ ਜਾਂਦੇ ਹਨ ਕਿਉਂਕਿ ਫੌਜੀ ਅਫਸਰਾਂ ਨੇ ਐਲਾਨ ਕੀਤਾ ਹੋਇਐ ਕਿ ਜੇ ਪਹਿਲੀ ਆਵਾਜ਼ ‘ਤੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਦਰਵਾਜਾ ਤੋੜ ਦਿੱਤਾ ਜਾਵੇਗਾ । ਉਨ੍ਹਾਂ ਜਾਣਕਾਰੀ ਦਿੱਤੀ ਕਿ ਦਿਨ ਛਿਪਣ ਤੋਂ ਪਹਿਲਾਂ ਹੀ ਬਲੈਕ ਆਊਟ ਕਰ ਦਿੱਤਾ ਜਾਂਦਾ ਹੈ। ਕਸ਼ਮੀਰੀ ਵਸੋਂ ਦਾ ਵੱਡਾ ਹਿੱਸਾ ਇਸ ਸਹਿਮ ਦੇ ਮਾਹੌਲ ਕਰਕੇ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ ਜਿਸ ਦੀ ਪੁਸ਼ਟੀ ਕੌਮਾਂਤਰੀ ਸਿਹਤ ਸੰਗਠਨਾਂ ਵਲੋਂ ਕਸ਼ਮੀਰ ਬਾਰੇ ਜਾਰੀ ਹਾਲੀਆ  ਰਿਪੋਰਟਾਂ ਤੋਂ ਵੀ ਹੁੰਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਕਸ਼ਮੀਰੀ ਨੌਜਵਾਨਾਂ ਨੂੰ ਫੜ ਕੇ ਅਣਦੱਸੇ ਥਾਵਾਂ ‘ਤੇ ਲਿਜਾ ਕੇ ਅਮਾਨਵੀ ਤਸੀਹੇ ਦਿੱਤੇ ਜਾ ਰਹੇ ਹਨ। ਵੱਖੋ-ਵੱਖ ਅਖਬਾਰੀ ਰਿਪੋਰਟਾਂ ਅਤੇ ਆਪਣੇ ਕਸ਼ਮੀਰ ਦੌਰੇ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਬੰਦ ਕਸ਼ਮੀਰੀਆਂ ਖਾਸ ਕਰਕੇ ਯੁਵਕਾਂ ਦੀ ਗਿਣਤੀ ਹਜਾਰਾਂ ਵਿੱਚ ਹੈ । ਕਸ਼ਮੀਰੀ ਲੋਕਾਂ ਖਾਸ ਕਰਕੇ ਔਰਤਾਂ ਨਾਲ ਮੁਲਾਕਾਤਾਂ ਦੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਕਸ਼ਮੀਰੀ ਆਵਾਮ ਧਾਰਾ 370 ਅਤੇ 35ਏ ਨੂੰ ਆਪਣੀ ਜੀਵਨ ਰੇਖਾ ਸਮਝਦੇ ਹਨ ਅਤੇ ਇਸ ਨੂੰ ਤੋੜੇ ਜਾਣ ਖਿਲਾਫ਼ ਉਨ੍ਹਾਂ ਅੰਦਰ ਡਾਢਾ ਰੋਸ ਉਬਾਲੇ ਮਾਰ ਰਿਹਾ ਹੈ । ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਧਰਮਨਿਰਪੱਖ ਭਾਰਤ ਨਾਲ ਰਲੇਵੇਂ ਦਾ ਫੈਸਲਾ ਕਰਨ ਵਾਲੇ ਅਮਨ ਪਸੰਦ ਕਸ਼ਮੀਰੀ ਮੋਦੀ-ਸ਼ਾਹ ਹੁਕੂਮਤ ਦੇ ਕਸ਼ਮੀਰ ਬਾਰੇ ਬਦਨੀਅਤੀ ਭਰੇ ਫੈਸਲਿਆਂ ਕਰਕੇ ਕਹਿਣ ਲੱਗ ਪਏ ਹਨ ਕਿ ‘ਸਾਡੇ ਲਈ ਤਾਂ ਨਾ ਪਾਕਿਸਤਾਨ ਚੰਗਾ ਹੈ ਨਾ ਹੀ ਭਾਰਤ’ ।
ਕਾਨਫਰੰਸ ਨੂੰ ਸੀਪੀਆਈ ਦੇ ਕੌਮੀ ਆਗੂ ਸਾਥੀ ਜਗਰੂਪ, ਆਰਐਮਪੀਆਈ ਦੇ ਕੇਂਦਰੀ ਕਮੇਟੀ ਅਤੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਅਤੇ ਪ੍ਰੋਫੈਸਰ ਜੈਪਾਲ, ਸੀਪੀਆਈ (ਮ.ਲ.) ਲਿਬਰੇਸ਼ਨ ਦੇ ਕੌਮੀ ਆਗੂ ਸਾਥੀ ਸੁਖਦਰਸ਼ਨ ਨੱਤ, ਸੀਪੀਆਈ (ਮ.ਲ.) ਨਿਊ ਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਕੁਲਵਿੰਦਰ ਵੜੈਚ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੀ ਸੂਬਾ ਜਨਰਲ ਸਕੱਤਰ  ਸਾਥੀ ਸੁਖਵਿੰਦਰ ਕੌਰ, ਇਨਕਲਾਬੀ ਲੋਕ ਮੋਰਚਾ ਦੇ ਆਗੂ ਲਾਲ ਸਿੰਘ ਗੋਲੇਵਾਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਨਰਿੰਦਰ ਨਿੰਦੀ ਨੇ ਵੀ ਸੰਬੋਧਨ ਕੀਤਾ । ਆਗੂਆਂ ਨੇ ਐਲਾਨ ਕੀਤਾ ਕਿ ਕਸ਼ਮੀਰੀ ਲੋਕਾਂ ਨਾਲ ਜ਼ਿਆਦਤੀਆਂ ਖਿਲਾਫ਼ ਸੰਗਰਾਮ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ । ਉਨ੍ਹਾਂ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਬਾਰੇ ਕੇਂਦਰ ਦੀ ਮੋਦੀ-ਸ਼ਾਹ ਹੁਕੂਮਤ ਵਲੋਂ ਲਏ ਗਏ ਮੌਜੂਦਾ ਤਬਾਹਕੁੰਨ ਫੈਸਲੇ ਫਿਰਕੂ ਵੰਡ ਤਿੱਖੀ ਕਰਨ ਦੀ ਸਾਜਿਸ਼ ਅਧੀਨ ਲਏ ਗਏ ਹਨ ਜਿਸ ਦੀ ਦੇਸ਼ ਨੂੰ ਭਾਰੀ ਕੀਮਤ ਤਾਰਨੀ ਪਵੇਗੀ । ਆਗੂਆਂ ਨੇ ਕਿਹਾ ਕਿ ਉਕਤ ਕਦਮ ਦੇਸ਼ ਦੇ ਜਮਹੂਰੀ, ਧਰਮਨਿਰਪੱਖ ਅਤੇ ਫੈਡਰਲ ਢਾਂਚੇ ਲਈ ਗੰਭੀਰ ਖਤਰਿਆਂ ਦੀ ਨਿਸ਼ਾਨਦੇਹੀ ਕਰਦੇ ਹਨ । ਇਸ ਮੌਕੇ ਐਮ ਸੀ ਪੀ ਆਈ ਯੂ ਦੇ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਕਿਰਨਜੀਤ ਸੇਖੋਂ ਅਤੇ ਮੰਗਤ ਰਾਮ ਲੌਂਗੋਵਾਲ ਵੀ ਹਾਜਰ ਸਨ । ਪੰਜਾਬ ਮੁਸਲਿਮ ਫਰੰਟ ਦੇ ਸਦਰ ਹੰਸ ਰਾਜ ਮੋਫਰੀਆ ਨੇ ਵੀ ਸ਼ਮੂਲੀਅਤ ਕੀਤੀ । ਮੰਚ ਸੰਚਾਲਨ ਸਾਥੀ ਤਾਰਾ ਸਿੰਘ ਮੋਗਾ ਵਲੋਂ ਕੀਤਾ ਗਿਆ ।
ਪਟਿਆਲਾ : 14 ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ  ਸਾਥੀ ਨਿਰਮਲ ਸਿੰਘ ਧਾਲੀਵਾਲ, ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਇੰਦਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰੇਤ ਮੈਂਬਰ ਪਰਗਟ ਸਿੰਘ ਜਾਮਾਰਾਇ, ਲਿਬਰੇਸ਼ਨ ਦੇ ਕੌਮੀ ਆਗੂ ਸਾਥੀ ਕੰਵਲਜੀਤ ਚੰਡੀਗੜ੍ਹ, ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਸਾਥੀ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਪੰਜਾਬ ਦੇ ਮੁਖਤਿਆਰ ਸਿੰਘ ਪੂਹਲਾ, ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ, ਲੋਕ ਸੰਗਰਾਮ ਮੰਚ ਦੇ ਸੁਖਵਿੰਦਰ ਕੌਰ ਅਤੇ ਐਮ ਸੀਪੀਆਈ ਯੂ ਦੇ ਲਾਭ ਸਿੰਘ ਭੰਗੂ ਤੋਂ ਇਲਾਵਾ ਡਾਕਟਰ ਦਰਸ਼ਨ ਪਾਲ, ਕੁਲਵੰਤ ਸਿੰਘ ਮੌਲਵੀ ਵਾਲਾ, ਗੋਬਿੰਦ ਸਿੰਘ ਛਾਜਲੀ, ਰਮਿੰਦਰ ਪਟਿਆਲਾ, ਰਸ਼ਪਿੰਦਰ ਜਿੰਮੀ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਬਾਰੇ ਮੋਦੀ-ਸ਼ਾਹ ਹੁਕੂਮਤ ਵਲੋਂ ਲਏ ਗਏ ਹਾਲੀਆ ਘਾਤਕ ਫੈਸਲਿਆਂ ਪਿੱਛੇ ਅਸਲ ‘ਚ ਆਰਐਸਐਸ ਦੀ ਭਾਰਤ ਨੂੰ ਕੱਟੜਤਾ ਆਧਾਰਿਤ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਸਾਜਿਸ਼ ਕੰਮ ਕਰਦੀ ਹੈ ।
ਅੰਮ੍ਰਿਤਸਰ : ਇਥੇ 15 ਅਕਤੂਬਰ ਨੂੰ ਕੰਪਨੀ ਬਾਗ ਵਿਖੇ ਸਾਥੀ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਨਿਜਾਮਪੁਰਾ, ਜਤਿੰਦਰ ਸਿੰਘ ਛੀਨਾ, ਮੰਗਲ ਸਿੰਘ ਧਰਮਕੋਟ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਾਨਫਰੰਸ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਕਾਨਫਰੰਸ ਨੂੰ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ, ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ, ਨਿਊ ਡੈਮੋਕਰੇਸੀ ਦੇ ਕੌਮੀ ਆਗੂ ਸਾਥੀ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਪ੍ਰਧਾਨ ਸਾਥੀ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਦੇ ਆਗੂ ਲਾਲ ਸਿੰਘ ਗੋਲੇਵਾਲਾ, ਆਰਐਮਪੀਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ  ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ । ਹਾਲ ਹੀ ਵਿੱਚ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਪਰਤੇ ਡਾਕਟਰ ਪੂਨਮ ਕੌਸ਼ਿਕ ਅਤੇ ਸਾਥੀ ਨਿਰਦੋਸ਼ ਉੱਪਲ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਸਾਥੀ ਵਿਜੇ ਮਿਸ਼ਰਾ, ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ  ਜਾਮਾਰਾਇ, ਲਾਲ ਚੰਦ ਕਟਾਰੂ ਚੱਕ, ਕੰਵਲਜੀਤ ਚੰਡੀਗੜ੍ਹ, ਸਤਬੀਰ ਸਿੰਘ ਸੁਲਤਾਨੀ, ਸਤਨਾਮ ਸਿੰਘ ਝੰਡੇਰ, ਬਲਵਿੰਦਰ ਸਿੰਘ ਦੁਧਾਲਾ, ਗੁਲਜ਼ਾਰ ਸਿੰਘ ਧੁੰਦਲੀ ਵੀ ਹਾਜਰ ਸਨ । ਮੰਚ ਸੰਚਾਲਨ ਦੀ ਭੂਮਿਕਾ ਸਾਥੀ ਅਮਰਜੀਤ ਸਿੰਘ ਆਸਲ ਨੇ ਬਾਖੂਬੀ ਨਿਭਾਈ । ਬੁਲਾਰਿਆਂ ਨੇ ਦੋਸ਼ ਲਾਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਜ਼ੀਰ ਜੰਮੂ ਕਸ਼ਮੀਰ ਵਿੱਚ ਹਾਲਾਤ ਸੁਖਾਵੇਂ ਹੋਣ ਦੇ ਦੰਭੀ ਦਾਅਵੇ ਕਰ ਰਹੇ ਹਨ ਜਦਕਿ ਸੂਬਾ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਲਗਾਤਾਰ ਲੱਗੇ ਕਰਫਿਊ ਸਦਕਾ ਆਮ ਕਸ਼ਮੀਰੀਆਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ, ਮਾਸੂਮ ਲੋਕ ਇਲਾਜ ਤੋਂ ਬਿਨ੍ਹਾਂ ਮਰ ਰਹੇ ਹਨ ਅਤੇ ਫਿਰਕੂ ਸੋਚ ਨਾਲ ਡੰਗੇ ਸੰਘ-ਭਾਜਪਾ ਆਗੂ ਆਪਣੇ ਅਹਿਮਕਾਨਾ ਕਦਮਾਂ ਦੀ ਆਪ ਹੀ ਤਾਰੀਫ ਕਰੀ ਜਾ ਰਹੇ ਹਨ । ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੋ ਕੁੱਝ ਜੰਮੂ ਕਸ਼ਮੀਰ ਵਿੱਚ ਵਾਪਰਿਆ ਹੈ ਉਹ ਦੇਸ਼ ਦੇ ਹਰ ਸੂਬੇ ਨਾਲ ਵਾਪਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਆਗੂਆਂ ਨੇ ਕਿਹਾ ਕਿ ਮੋਦੀ-ਸ਼ਾਹ ਹੁਕੂਮਤ ਦਾ ਫੈਸਲਾ ਵਾਦੀ ਵਿਚਲੇ ਅਤੇ ਸਰਹੱਦ ਪਾਰਲੇ ਵੱਖਵਾਦੀ ਅਨਸਰਾਂ ਦੀ ਇਮਦਾਦ ਕਰਨ ਵਾਲਾ ਅਤੇ ਭਾਰਤ ਨਾਲ ਕਸ਼ਮੀਰ ਦੇ ਰਲੇਵੇਂ ਦੇ ਹਾਮੀਆਂ ਨੂੰ ਅਲੱਗ-ਥਲੱਗ ਕਰਨ ਵਾਲਾ ਹੈ । ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਉਕਤ ਕਦਮ ਨਾਲ ਭਾਰਤ ਦੀ ਅਖੰਡਤਾ ‘ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ ।
ਜਲੰਧਰ : ‘ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ’ ਦੇ ਸੱਦੇ ‘ਤੇ ਇਕੱਤਰ ਹੋਏ ਹਜ਼ਾਰਾਂ ਕਾਰਕੁੰਨਾਂ ਵਲੋਂ 16 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਦੇ ਖੁੱਲ੍ਹੇ ਵਿਹੜੇ ਵਿਖੇ ਵਿਸ਼ਾਲ ਕਾਨਫਰੰਸ ਕਰਕੇ ਕਸ਼ਮੀਰੀ ਆਵਾਮ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ, ਕੇਂਦਰੀ ਸਰਕਾਰ ਦੇ ਫਿਰਕੂ ਜ਼ਿਹਨੀਅਤ ਅਧੀਨ ਲਏ ਗਏ ਤਾਨਾਸ਼ਾਹੀ ਪੂਰਨ ਫੈਸਲੇ ਦੀ ਸਖ਼ਤ ਮੁਜਹਮਤ ਕੀਤੀ ਗਈ । ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ , ਸੀਪੀਆਈ(ਮ. ਲ.)ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ, ਸੀਪੀਆਈ(ਮ.ਲ.) ਨਿਊ ਡੈਮੋਕਰੇਸੀ ਦੇ ਸਾਥੀ ਅਜਮੇਰ ਸਿੰਘ ਸਮਰਾ, ਐਮ ਸੀ ਪੀ ਆਈ ਯੂ ਦੇ ਮੰਗਤ ਰਾਮ ਲੌਂਗੋਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ ਸਿੰਘ, ਐਡਵੋਕੇਟ ਪੂਨਮ ਕੌਸ਼ਿਕ ਨੇ ਕਿਹਾ ਕਿ ਮੋਦੀ ਹੁਕੂਮਤ ਆਪਣੀਆਂ ਚੌਤਰਫਾ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਹੁਕੂਮਤ ਨੂੰ ਕਠਪੁਤਲੀ ਨਾਚ ਨਚਾਉਣ ਵਾਲੇ ਆਰ ਐਸ ਐਸ ਵਲੋਂ ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ਼ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਹੀ ਅਗਲਾ ਕਾਲਾ ਅਧਿਆਇ ਹੈ ਕਸ਼ਮੀਰ-ਕਸ਼ਮੀਰੀਆਂ ਤੇ ਕੀਤਾ ਗਿਆ ਹਾਲੀਆ ਫਾਸ਼ੀਵਾਦੀ ਹਮਲਾ । ਉਨ੍ਹਾਂ ਕਿਹਾ ਕਿ ਆਪਣੀ ਇਸ ਕਰਤੂਤ ਦੀ ਵਾਜਬੀਅਤ ਸਿੱਧ ਕਰਨ ਲਈ ਸੰਘੀ ਸੰਗਠਨ, ਭਾਜਪਾ ਆਗੂ ਅਤੇ ਪ੍ਰਧਾਨ ਮੰਤਰੀ ਸਮੇਤ ਕੇਂਦਰ ਵਜ਼ੀਰ ਦੇਸ਼ਵਾਸੀਆਂ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ। ਇਥੋਂ ਤੱਕ ਕਿ ਮੋਦੀ-ਸ਼ਾਹ ਵਲੋਂ ਦੇਸ਼ ਦੀ ਪਾਰਲੀਮੈਂਟ ਵਿਚ ਵੀ ਰੱਜ ਕੇ ਝੂਠ ਬੋਲਿਆ ਗਿਆ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਹੋਰ ਕਿਧਰੇ ਵੀ ਕਿਸੇ ਦੋ ਧਿਰੀ ਸੰਧੀ ਨੂੰ ਇੱਕ ਧਿਰ ਵਲੋਂ ਧੱਕੇ ਨਾਲ ਮਨਸੂਖ਼ ਕਰਨ ਦੀ ਅਜਿਹੀ ਕੋਝੀ ਮਿਸਾਲ ਨਹੀਂ ਮਿਲਦੀ । ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਕਸ਼ਮੀਰ ਬਾਰੇ ਸਾਂਝੇ ਮੋਰਚੇ ਦੀ ਮੌਜੂਦਾ ਜੰਗ ਨਾ ਕੇਵਲ ਜਾਰੀ ਰਹੇਗੀ ਬਲਕਿ ਇਸ ਦਾ ਘੇਰਾ ਪੰਜਾਬ ਤੋਂ ਬਾਹਰ ਵੀ ਵਧਾਇਆ ਜਾਵੇਗਾ । ਸਰਵ ਸਾਥੀ ਦਰਸ਼ਨ ਨਾਹਰ, ਰਜਿੰਦਰ ਮੰਡ, ਤਰਸੇਮ ਪੀਟਰ, ਨਰਿੰਦਰ ਨਿੰਦੀ, ਗੁਲਜ਼ਾਰ ਸਿੰਘ, ਨਿਰੰਜਨ ਸਿੰਘ ਉੱਚਾ, ਅਵਤਾਰ ਸਿੰਘ ਤਾਰੀ, ਪ੍ਰਿੰਸੀਪਲ ਪਿਆਰਾ ਸਿੰਘ ਨੇ ਵੀ ਵਿਚਾਰ ਰੱਖੇ । ਮੰਚ ਸੰਚਾਲਨ ਸਾਥੀ ਕੁਲਵਿੰਦਰ ਸਿੰਘ ਵੜੈਚ ਵੱਲੋਂ ਕੀਤਾ ਗਿਆ । ਇਸ ਉਪਰੰਤ ਸ਼ਹਿਰ ਵਿੱਚ ਲਾਮਿਸਾਲ ਮੁਜ਼ਾਹਰਾ ਵੀ ਕੀਤਾ ਗਿਆ ।

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਜਥੇਬੰਦਕ ਕਾਨਫਰੰਸ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਮਜ਼ਦੂਰ ਆਗੂਆਂ ਸਰਵ ਸਾਥੀ ਜਸਵੰਤ ਸਿੰਘ ਬੁੱਟਰ, ਸੁਖਦੇਵ ਸਿੰਘ ਗੋਹਲਵੜ, ਰਾਮ ਸਿੰਘ ਪਟਿਆਲਾ, ਹੁਕਮ ਰਾਜ ਦੇਹੜਕਾ  ਅਤੇ ਪੂਰਨ ਸਿੰਘ ਭਾਣਾ ਦੀ ਸਾਂਝੀ ਪ੍ਰਧਾਨਗੀ ਹੇਠ 21 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਜਥੇਬੰਦਕ ਕਨਵੈਨਸ਼ਨ ਕਰਕੇ ਭੱਠਾ ਮਜ਼ਦੂਰਾਂ ਦੀਆਂ ਆਰਥਿਕ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਕੰਮ ਕਰਦੇ ਸਮੇਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਚਾਰ ਚਰਚਾ ਕਰਨ ਉਪਰੰਤ ਯੂਨੀਅਨ ਦੀ ਸੂਬਾਈ ਟੀਮ ਦਾ ਗਠਨ ਕੀਤਾ ਗਿਆ ।
ਕਨਵੈਨਸ਼ਨ ਵਿੱਚ ਸ਼ਾਮਲ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੂਜੀ ਵਾਰ ਸੱਤਾ ‘ਚ ਆਉਂਦਿਆਂ ਹੀ ਪਹਿਲਾ ਹਮਲਾ ਮਜ਼ਦੂਰ ਜਮਾਤ ‘ਤੇ ਕਰਕੇ, ਮਜ਼ਦੂਰਾਂ ਦੇ ਹਿਤਾਂ ਦੀ ਰਾਖੀ ਲਈ ਹੁਣ ਤੱਕ ਬਣੇ ਹੋਏ ਕਾਨੂੰਨਾਂ ‘ਚ ਸੋਧ ਕਰਕੇ ਸਾਰੇ  ਕਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਬਣਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ, ਇਹ ਮਜਦੂਰ ਵਿਰੋਧੀ ਸੋਧਾਂ ਜਿਥੇ ਦੇਸ਼ ਭਰ ਵਿੱਚ ਵੱਖ-ਵੱਖ ਸਨਅਤੀ ਅਦਾਰਿਆਂ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਆਰਥਿਕ ਲੁੱਟ ਨੂੰ ਹੋਰ ਤੇਜ਼ ਕਰੇਗਾ, ਉਥੇ  ਮੋਦੀ ਸਰਕਾਰ ਦਾ ਇਹ ਮਜਦੂਰ ਵਿਰੋਧੀ ਫੈਸਲਾ ਭੱਠਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਵਿਚ ਵੀ ਹੋਰ ਵਾਧਾ ਕਰੇਗਾ। ਉਨ੍ਹਾਂ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਨੂੰ ਰੋਕਣ ਲਈ ਮਜਦੂਰ ਜਮਾਤ ਦੇ ਵਿਸ਼ਾਲ ਏਕੇ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ  ਵੀ ਪਿਛਲੇ ਤਿੰਨ ਸਾਲਾਂ ਤੋਂ ਮਿਨੀਮਮ ਵੇਜ ਵਿਚ ਸੋਧ ਨਹੀਂ ਕੀਤੀ। ਜਿਸ ਕਾਰਨ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।
ਸੀਟੀਯੂ ਪੰਜਾਬ ਦੇ ਜਨਰਲ ਸਕੱਤਰ  ਕਾਮਰੇਡ ਨੱਥਾ ਸਿੰਘ ਢਡਵਾਲ  ਨੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ  ਦੇਸ਼ ਅੰਦਰ ਫੈਲੀ ਆਰਥਿਕ ਮੰਦੀ ਨੇ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਅਤੇ ਹੋਰ ਮੇਹਨਤੀ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ । ਕੇਂਦਰ ‘ਚ ਬਿਰਾਜਮਾਨ ਮੋਦੀ ਸਰਕਾਰ ਵਲੋਂ ਮਜ਼ਦੂਰਾਂ, ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਆਰਐਸਐਸ ਦੀ ਫਿਰਕੂ ਵਿਚਾਰਧਾਰਾ ਅਤੇ ਭਾਜਪਾ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਤੇ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਉਨ੍ਹਾਂ ਨੂੰ ਲਗਾਤਾਰ ਫਿਰਕੂ ਲੀਹਾਂ ਉਪਰ ਵੰਡਣ ਲਈ ਰੋਜਾਨਾ ਵੱਖ-ਵੱਖ ਜਾਤੀਵਾਦੀ, ਧਰਮ ਅਧਾਰਿਤ ਅਤੇ ਇਲਾਕਾਈ ਵੱਖਵਾਦੀ ਨਾਅਰਿਆਂ ਨੂੰ ਅਮਲ ਵਿਚ ਲਿਆਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਿਸ ਤੋਂ ਮਜਦੂਰ ਜਮਾਤ ਨੂੰ ਸੂਚੇਤ ਹੋਣ ਦੀ ਲੋੜ ਹੈ ।
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਭੱਠਿਆਂ ਉਪਰ ਕੰਮ ਕਰਦੇ ਵੱਖ-ਵੱਖ ਕੈਟਾਗਰੀਆਂ ਜਿਵੇਂ ਪਥੇਰ, ਭਰਾਈ, ਜਲਾਈ, ਨਿਕਾਸੀ ਅਤੇ ਤਨਖਾਹਦਾਰ ਕਾਮੇ ਮਿਨੀਮਮ ਵੇਜ ਤੋਂ ਵੀ ਘੱਟ ਉਜਰਤ ‘ਤੇ ਕੰਮ ਕਰਨ ਲਈ ਮਜਬੂਰ ਹਨ ਅਤੇ ਮੁਸ਼ਕਲਾਂ ਭਰਪੂਰ ਜੀਵਨ ਹਾਲਤਾਂ ਵਿੱਚ ਕੰਮ ਕਰ ਰਹੇ ਹਨ। ਪੰਜਾਬ ਸਰਕਾਰ, ਲੇਬਰ ਵਿਭਾਗ ਅਤੇ ਡਾਇਰੈਕਟਰ ਫੈਕਟਰੀਜ਼ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਵੀ ਭੱਠਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ ।
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਆਗੂਆਂ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜਸਵੰਤ ਸਿੰਘ ਬੁੱਟਰ, ਪੂਰਨ ਸਿੰਘ ਭਾਣਾ, ਹਰੀ ਸਿੰਘ ਢੀਂਡਸਾ, ਮਨਹਰਨ, ਕਰਮ ਸਿੰਘ ਵਰਸਾਲਚੱਕ ਅਤੇ ਕਨਵੈਨਸ਼ਨ ਵਿੱਚ ਸ਼ਾਮਲ ਹੋਰ ਸਾਥੀਆਂ ਨੇ ਸਾਂਝੇ ਤੌਰ ਤੇ  ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ  ਹਨ :- ਵੱਧ ਰਹੀ ਮਹਿੰਗਾਈ ਅਨੁਸਾਰ ਮਜ਼ਦੂਰੀ ਰੇਟਾਂ ਵਿਚ ਯੋਗ ਵਾਧਾ ਕੀਤਾ ਜਾਵੇ, ਭੱਠਿਆਂ ਉਪਰ ਕਿਰਤ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਭੱਠਿਆਂ ਉਪਰ ਕੰਮ ਕਰਦੇ ਮਜ਼ਦੂਰਾਂ ਲਈ ਸ਼ੌਚਾਲਯ, ਬਿਜਲੀ, ਸਾਫ ਪੀਣ ਯੋਗ ਪਾਣੀ ਸਮੇਤ  ਪੱਕੇ ਕਵਾਟਰਾਂ ਦਾ ਪ੍ਰਬੰਧ ਕੀਤਾ ਜਾਵੇ, ਪਰਿਵਾਰਾਂ ਨਾਲ ਰਹਿ ਰਹੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰ ਅਤੇ ਕੁਝ ਭੱਠਿਆਂ ਦੇ ਕਲੱਸਟਰ ਬਣਾ ਕੇ ਘੱਟੋ ਘੱਟ ਪ੍ਰਾਇਮਰੀ ਤੱਕ ਦੀ ਵਿੱਦਿਆ ਦਾ ਪ੍ਰਬੰਧ ਜਰੂਰ ਕੀਤਾ ਜਾਵੇ, ਮੁਢਲੀ ਮੈਡੀਕਲ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇ, ਇਨ੍ਹਾਂ ਮੰਗਾਂ ਅਤੇ ਕੰਮ ਕਰਦੇ ਸਮੇਂ ਪੇਸ਼ ਆ ਰਹੀਆਂ ਹੋਰ ਮੁਸ਼ਕਲਾਂ ਨੂੰ ਦੂਰ ਕਰਨ ਲਈ ਕਨਵੈਨਸ਼ਨ ਵਿੱਚ ਵਿਚਾਰ ਚਰਚਾ ਕੀਤੀ ਗਈ । ਇਸ ਕਨਵੈਨਸ਼ਨ ਨੂੰ ਉਪਰੋਕਤ ਤੋਂ ਇਲਾਵਾ ਸਰਵ ਸਾਥੀ ਹਰੀਮੁਨੀ ਸਿੰਘ, ਅਮਰਜੀਤ ਸਿੰਘ ਘਨੌਰ, ਬਲਦੇਵ ਸਿੰਘ ਪੰਡੋਰੀ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਦੇ ਅਖੀਰ ਵਿਚ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੀ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਸਾਥੀ ਸੁਖਦੇਵ ਸਿੰਘ ਗੋਹਲਵੜ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਹਰੀ ਸਿੰਘ ਢੀਂਡਸਾ,  ਮੀਤ ਪ੍ਰਧਾਨ ਜਸਵੰਤ ਸਿੰਘ ਬੁੱਟਰ, ਪੂਰਨ ਸਿੰਘ ਭਾਣਾ, ਮਨਹਰਨ, ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ,  ਮੀਤ ਸਕੱਤਰ  ਸਰਵਣ ਸਿੰਘ ਘਰਿਆਲਾ, ਕਰਮ ਸਿੰਘ ਵਰਸਾਲਚੱਕ, ਮੁਖਤਿਆਰ ਸਿੰਘ ਲਧੇੜੀ ਜੱਟਾਂ, ਕਰਮਜੀਤ ਸਿੰਘ ਫਰੀਦਕੋਟ, ਵਿੱਤ ਸਕੱਤਰ ਹੁਕਮ ਰਾਜ ਦੇਹੜਕਾ, ਵਰਕਿੰਗ ਕਮੇਟੀ ਮੈਂਬਰ ਰਾਮ ਚੰਦਰ, ਨਛੱਤਰ ਸਿੰਘ ਚੀਮਾ, ਬਾਗਰਾਜ, ਗੁਰਮੀਤ ਸਿੰਘ ਸਮੇਤ ਪੱਚੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਨਵੰਬਰ ਮਹੀਨੇ ਯੂਨੀਅਨ ਦੀ ਸੂਬਾਈ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਰਿਪੋਰਟ : ਸ਼ਿਵ ਕੁਮਾਰ ਪਠਾਨਕੋਟ
 

ਮਹਿਲਕਲਾਂ ਬੀਡੀਪੀਓ ਦਫ਼ਤਰ ਦਾ ਘਿਰਾਓ
ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਗਨਰੇਗਾ ਮਜ਼ਦੂਰਾਂ ਵੱਲੋਂ ਮਗਨਰੇਗਾ ਤਹਿਤ ਕੰਮ ਦੀ ਮੰਗ ਲਈ ਕਸਬਾ ਮਹਿਲ ਕਲਾਂ ਵਿੱਚ ਰੋਸ ਮਾਰਚ ਕਰਕੇ ਸਥਾਨਕ ਬੀਡੀਪੀਓ ਦਫ਼ਤਰ ਅੱਗੇ 15 ਅਕਤੂਬਰ ਨੂੰ ਧਰਨਾ ਦਿੱਤਾ। ਮਜ਼ਦੂਰਾਂ ਨੇ ਸਰਕਾਰ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਗਨਰੇਗਾ ਤਹਿਤ ਕੰਮ ਦੀ ਮੰਗ ਕੀਤੀ। ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ ਅਤੇ ਭਾਨ ਸਿੰਘ ਸੰਘੇੜਾ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮਜ਼ਦੂਰ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਗਨਰੇਗਾ ਤਹਿਤ ਕੰਮ ਲੈਣ ਲਈ ਅਰਜ਼ੀਆਂ ਦੇ ਚੁੱਕੇ ਹਨ ਪਰ ਅਫ਼ਸਰਸ਼ਾਹੀ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਪਿੰਡ ਸੱਦੋਵਾਲ, ਛੀਨੀਵਾਲ ਖ਼ੁਰਦ, ਧਨੇਰ, ਮੂੰਮ, ਕਲਾਲ ਮਾਜਰਾ ਆਦਿ ਵਿੱਚ ਕੰਮ ਚਾਲੂ ਕਰਵਾਉਣ ਲਈ ਰੋਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਬਣਦਾ ਕੰਮ ਨਾ ਦੇਣ ਵਾਲੇ ਬਲਾਕ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਬਲਾਕ ਮਹਿਲ ਕਲਾਂ ਦੇ ਸਮੂਹ ਪਿੰਡਾਂ ‘ਚ ਮਗਨਰੇਗਾ ਮਜ਼ਦੂਰਾਂ ਨੂੰ ਨਿਰਵਿਘਨ ਕੰਮ ਦਿੱਤਾ ਜਾਵੇ। ਮੰਗ ਕੀਤੀ ਗਈ ਕਿ ਮਜ਼ਦੂਰਾਂ ਦੇ ਪਹਿਲਾਂ ਕੀਤੇ ਹੋਏ ਕੰਮ ਦੇ ਬਕਾਏ ਤੁਰੰਤ ਜਾਰੀ ਕਰਦਿਆਂ ਅੱਗੇ ਤੋਂ 600 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਰੁਜ਼ਗਾਰ ਦਿੱਤਾ ਜਾਵੇ, ਮਜ਼ਦੂਰਾਂ ਦੀ ਹਾਜ਼ਰੀ ਜਾਬ ਕਾਰਡਾਂ ‘ਤੇ ਯਕੀਨੀ ਬਣਾਈ ਜਾਵੇ, ਪੰਜ ਕਿਲੋਮੀਟਰ ਦੀ ਦੂਰੀ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਕਿਰਾਇਆ ਦਿੱਤਾ ਜਾਵੇ ਤੇ ਪੰਜ ਲੱਖ ਦਾ ਸਿਹਤ ਬੀਮਾ ਦਿੱਤਾ ਜਾਵੇ।
ਇਸ ਮੌਕੇ ਮਗਨਰੇਗਾ ਏਪੀਓ ਗਗਨਜੀਤ ਸਿੰਘ, ਸੁਪਰਡੈਂਟ ਗੁਰਚੇਤ ਸਿੰਘ ਅਤੇ ਗ੍ਰਾਮ ਸੇਵਕ ਬੂਟਾ ਸਿੰਘ ਨੇ ਧਰਨੇ ਵਿੱਚ ਪੁੱਜ ਕੇ ਮਜ਼ਦੂਰਾਂ ਨੂੰ ਜਲਦੀ ਕੰਮ ਚਲਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਯਾਦ ‘ਚ ਸਮਾਗਮ
ਬਠਿੰਡਾ : ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੀ ਬਠਿੰਡਾ ਇਕਾਈ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ 112ਵਾਂ  ਜਨਮ ਦਿਹਾੜਾ 28 ਸਤੰਬਰ ਨੂੰ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ । ਇਸ ਮੌਕੇ ਸਥਾਨਕ ਰੋਜ ਗਾਰਡਨ ਵਿਖੇ  ਹੋਈ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਉਚੇਚੇ ਪੁੱਜੇ । ਉਨ੍ਹਾਂ ਸ਼ਹੀਦ ਦੇ ਮਿਸਾਲੀ ਜੀਵਨ, ਪਰਿਵਾਰਕ ਪਿਛੋਕੜ ਅਤੇ ਬੇਮਿਸਾਲ ਕੁਰਬਾਨੀ ਅਤੇ ਮਾਨਵਤਾਵਾਦੀ ਵਿਚਾਰਧਾਰ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ । ਸਾਥੀ ਮਹੀਪਾਲ ਨੇ ਦੇਸ਼ ਦੇ ਕਿਰਤੀ ਆਵਾਮ ਸਨਮੁੱਖ ਮੌਜੂਦਾ ਦੁਸ਼ਵਾਰੀਆਂ ਜਿਵੇਂ ਭਿਅੰਕਰ ਆਰਥਕ ਮੰਦਵਾੜੇ, ਸਿਖਰਾਂ ਛੂਹ ਚੁੱਕੀ ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਛਾਲਾਂ ਮਾਰ ਕੇ ਵਧਦੀ ਮਹਿੰਗਾਈ, ਆਬਾਦੀ ਦੇ ਵੱਡੇ ਹਿੱਸੇ ਦਾ ਪੀਣ ਵਾਲੇ ਸਵੱਛ ਪਾਣੀ, ਸਾਫ ਸੁਥਰੇ ਆਲੇ-ਦੁਆਲੇ, ਮਨੁੱਖਾਂ ਦੇ ਰਹਿਣ ਯੋਗ ਘਰਾਂ,  ਸਿਹਤ ਸੇਵਾਵਾਂ ਤੇ ਵਿੱਦਿਅਕ ਸਹੂਲਤਾਂ ਤੋਂ ਵਾਂਝੇ ਹੋਣਾ ਆਦਿ ਲਈ ਮੌਜੂਦਾ ਰਾਜ ਪ੍ਰਬੰਧ ਨੂੰ ਜਿੰਮੇਵਾਰ ਦਸਦਿਆਂ ਇਸ ਲੋਟੂ ਨਿਜ਼ਾਮ ਨੂੰ ਬਦਲਣ ਅਤੇ ਬਰਾਬਰਤਾ ਅਧਾਰਤ ਸਮਾਜ ਸਿਰਜਣ ਦੇ ਸੰਘਰਸ਼ਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ ਅਤੇ ਔਰਤਾਂ ਖਿਲਾਫ਼ ਕੀਤੇ ਜਾ ਰਹੇ ਅਮਾਨਵੀ ਅੱਤਿਆਚਾਰਾਂ ਦੇ ਦੋਸ਼ੀਆਂ ਦੀ  ਕੇਂਦਰ ਦੀ ਮੋਦੀ ਸਰਕਾਰ, ਆਪਣੇ ਆਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀਆਂ ਹਿਦਾਇਤਾਂ ਅਨੁਸਾਰ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਅੰਦਰ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ  ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੀ ਗਰੰਟੀ ਕਰਦੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ਼ ਹਰ ਮੋਰਚੇ ‘ਤੇ ਸੰਗਰਾਮ ਹੀ ਸੱਭ ਤੋਂ ਮਹੱਤਵਪੂਰਨ ਕਾਰਜ ਹੈ ।                                              ਇਸ ਮੌਕੇ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ, ਮੱਖਣ ਸਿੰਘ ਤਲਵੰਡੀ ਸਾਬੋ, ਕਿਸ਼ੋਰ ਚੰਦ ਗਾਜ਼, ਦਰਸ਼ਨ ਰਾਮ , ਮੱਖਣ ਖਣਗਵਾਲ, ਨਾਇਬ ਸਿੰਘ ਔਲਖ , ਅਮ੍ਰਿਤ ਪਾਲ ਸਿੰਘ , ਨਛੱਤਰ ਸਿੰਘ,  ਜੀਤ ਰਾਮ ਦੋਦੜਾ, ਮੇਜਰ ਸਿੰਘ ਚੱਠਾ ਨੇ ਵੀ ਸ਼ਹੀਦ ਦੇ ਜਨਮ ਦਿਵਸ ਦੀਆਂ  ਸਾਰੇ ਕਿਰਤੀ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ । ਮੰਚ ਸੰਚਾਲਨ ਸਾਥੀ ਗੁਰਦੀਪ ਸਿੰਘ ਬਰਾੜ ਵੱਲੋਂ ਕੀਤਾ ਗਿਆ। ਅੰਤ ਵਿੱਚ ਬਜੁਰਗ ਆਗੂ ਸਾਥੀ ਸੰਪੂਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ।

ਨਰਮੇ ਦੀ ਮਿੱਥੇ ਭਾਅ ਤੋਂ ਘੱਟ ਕੀਮਤ ਤੇ ਖਰੀਦ ਵਿਰੁੱਧ ਧਰਨੇ
ਜਮਹੂਰੀ ਕਿਸਾਨ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਭਾਰੀ ਗਿਣਤੀ ਕਿਸਾਨਾਂ ਵਲੋਂ 11 ਸਿਤੰਬਰ ਨੂੰ ਮੰਡੀਕਰਨ ਬੋਰਡ ਦੇ ਦਫਤਰ ਮੂਹਰੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ। ਰੋਹ ਵਿੱਚ ਆਏ  ਕਿਸਾਨ ਪੰਜਾਬ ਸਰਕਾਰ ਅਤੇ ਜਿਲ੍ਹਾ ਅਧਿਕਾਰੀਆਂ ਤੋਂ ਮੰਗ ਕਰ ਰਹੇ ਸਨ ਕਿ ਨਰਮੇ/ਕਪਾਹ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਘੱਟ ਕੀਮਤ ‘ਤੇ ਖ੍ਰੀਦ ਸਖਤੀ ਨਾਲ ਰੋਕੀ ਜਾਵੇ ਅਤੇ ਕਿਸਾਨਾਂ ਨੂੰ ਫਸਲਾਂ ਦਾ ਤੈਅਸ਼ੁਦਾ ਭਾਅ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਅਧਿਕਾਰੀਆਂ ਨੂੰ ਉਕਤ ਮੰਗ ਦਾ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਫਸਲਾਂ ਦੀ ਖ੍ਰੀਦ ਸੀ.ਸੀ.ਆਈ. ਅਤੇ ਹੋਰਨਾਂ ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾਵੇ ।
ਭੇਜੇ ਗਏ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਜਾਨ ਤੋਂ ਪਿਆਰੀਆਂ ਫਸਲਾਂ ਦੀ ਹਰ ਨਸਲ ਦੇ ਆਵਾਰਾ ਪਸ਼ੂਆਂ, ਵਿਸ਼ੇਸ਼ ਕਰਕੇ ਵੰਨ-ਸੁਵੰਨੀਆਂ  ਕਿਸਮਾਂ  ਦੇ ਗਊਆਂ-ਢੱਠਿਆਂ, ਨੀਲ ਗਾਇ, ਸੂਰਾਂ ਆਦਿ ਤੋਂ ਰਾਖੀ ਦੇ ਠੋਸ ਇੰਤਜ਼ਾਮ ਕੀਤੇ ਜਾਣ । ਕਿਸਾਨਾਂ ਨੇ ਆਵਾਰਾ ਕੁੱਤਿਆਂ ਅਤੇ ਹਲਕਾਅ ਦੇ ਸ਼ਿਕਾਰ ਹੋਰਨਾਂ ਜਾਨਵਰਾਂ ਤੋਂ ਵੀ ਲੋਕਾਂ ਦੇ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਾਥੀ ਲਾਲ ਚੰਦ ਸਰਦੂਲਗੜ੍ਹ ਅਤੇ ਜਿਲ੍ਹਾ ਸਕੱਤਰ  ਦਰਸ਼ਨ ਸਿੰਘ ਫੁੱਲੋ ਮਿੱਠੀ ਵਲੋਂ ਚਿਤਾਵਨੀ ਦਿੱਤੀ ਗਈ ਕਿ ਜੇ ਕਿਸਾਨਾਂ ਦੀ ਬੇਤਰਸ ਲੁੱਟ ਫੌਰੀ ਬੰਦ ਨਾ ਹੋਈ ਤਾਂ ਜਥੇਬੰਦੀ ਤਿੱਖੇ ਤੋਂ ਤਿਖੇਰੇ ਸੰਘਰਸ਼ ਛੇੜਣ ਲਈ ਮਜਬੂਰ ਹੋਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਵਿਭਾਗੀ ਅਧਿਕਾਰੀਆਂ ਅਤੇ ਸਰਕਾਰ ਸਿਰ ਹੋਵੇਗੀ । ਕਿਸਾਨਾਂ ਵਲੋਂ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ ਜਿਸ ਦੀ ਅਗਵਾਈ ਉਕਤ ਆਗੂਆਂ ਤੋਂ ਇਲਾਵਾ ਸੁਖਦੇਵ ਸਿੰਘ ਨਥਾਣਾ, ਤਾਰਾ ਸਿੰਘ ਨੰਦਗੜ੍ਹ ਕੋਟੜਾ ਅਤੇ ਹਰਦੇਵ ਸਿੰਘ ਗਹਿਰੀ ਬੁੱਟਰ ਵਲੋਂ ਕੀਤੀ ਗਈ ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਰਾਤਰੀ ਜਥੇਬੰਦੀਆਂ ਸੀ.ਟੀ.ਯੂ. ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਸਾਥੀ ਆਤਮਾ ਰਾਮ ਅਤੇ ਮਿੱਠੂ ਸਿੰਘ ਘੁੱਦਾ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ।
ਸਰਦੂਲਗੜ੍ਹ : ਹਰਿਆਣਾ ਦੀ ਹੱਦ ‘ਤੇ ਪੈਂਦੇ ਕਸਬਾ ਸਰਦੂਲਗੜ੍ਹ ਵਿਖੇ ਜਮਹੂਰੀ ਕਿਸਾਨ ਸਭਾ ਵਲੋਂ ਨਰਮਾ ਉਤਪਾਦਕ ਕਿਸਾਨਾਂ ਦੀ ਲੁੱਟ ਖਿਲਾਫ਼ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਰੋਸ ਐਕਸ਼ਨ ਦੀ ਅਗਵਾਈ ਮਾਸਟਰ ਦਰਸ਼ਨ ਸਿੰਘ ਟਾਹਲੀਆਂ, ਗੁਰਦੇਵ ਸਿੰਘ ਲੋਹਗੜ੍ਹ, ਕੇਵਲ ਸਿੰਘ ਰੋੜਕੀ ਵਲੋਂ ਕੀਤੀ ਗਈ।

ਮਜ਼ਦੂਰ ਔਰਤਾਂ ਦੇ ਹੱਕਾਂ ਲਈ ਇਸਤਰੀ ਸਭਾ ਵਲੋਂ ਰੋਸ ਮਾਰਚ
ਜਨਵਾਦੀ ਇਸਤਰੀ ਸਭਾ ਦੀਆਂ ਅਹੁਦੇਦਾਰਾਂ ਨੇ 1 ਅਕਤੂਬਰ ਨੂੰ ਗੁਰਦਾਸਪੁਰ ਦੇ ਨਹਿਰੂ ਪਾਰਕ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫਤਰ ਤੱਕ ਰੋਸ ਮਾਰਚ ਕੀਤਾ। ਇਸ ਉਪਰੰਤ ਆਗੂਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਏ.ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲਖਵਿੰਦਰ ਕੌਰ ਵੀਰੋਵਾਲੀ, ਰਾਜ ਡੱਲਾ ਅਤੇ ਅਮਰਜੀਤ ਕੌਰ ਵਡਾਲਾ ਗ੍ਰੰਥੀਆਂ ਨੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੀ ਸੂਬਾ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਮਨਰੇਗਾ ਤਹਿਤ ਕੰਮ ਕਰਨ ਵਾਲੀਆਂ ਔਰਤਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਔਰਤਾਂ ਨੂੰ ਮਿਹਨਤ ਕਰਨ ਦੇ ਬਾਅਦ ਬਕਾਏ ਲੈਣ ਲਈ ਬੀ.ਡੀ.ਪੀ.ਓ. ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮੁਲਾਜ਼ਮਾਂ ਦੀ ਦਿਹਾੜੀ ਘੱਟੋ ਘੱਟ 600 ਰੁਪਏ ਕੀਤੀ ਜਾਵੇ ਅਤੇ ਬੀਮਾ ਸੁਰੱਖਿਆ ਦੇਣ ਦੇ ਨਾਲ ਨਾਲ ਕੰਮ ਵਾਲੀਆਂ ਥਾਵਾਂ ‘ਤੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਾਮਰੇਡ ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਸਾਥੀ ਇਸ ਸੰਘਰਸ਼ ਵਿਚ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਰਾਜ ਡੱਲਾ, ਪ੍ਰਵੀਨ, ਕਿਰਨ ਕੌਰ, ਜਸਬੀਰ ਕੌਰ, ਰੀਟਾ ਕੌਰ, ਅਮਰੀਕ ਕੌਰ, ਰਾਜੀ, ਅਮਰਜੀਤ ਕੌਰ, ਕਸ਼ਮੀਰ ਕੌਰ, ਸਵਿੰਦਰ ਕੌਰ, ਲਖਵਿੰਦਰ ਕੌਰ, ਜਸਬੀਰ ਕੌਰ, ਸੰਤੋਖ ਕੌਰ, ਸੋਮਾ ਰਾਣੀ, ਗੁਰਨਾਮ ਸਿੰਘ, ਇੰਦਰਜੀਤ, ਕਸ਼ਮੀਰ ਸਿੰਘ ਭੋਮਾ, ਅਮਰਜੀਤ ਸਿੰਘ ਭੋਮਾ ਆਦਿ ਮੌਜੂਦ ਸਨ।

See Also

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪੂਰੇ ਉਤਸ਼ਾਹ ਨਾਲ ਮਨਾਇਆ
ਜਲੰਧਰ : 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ 112ਵਾਂ ਜਨਮ ਦਿਨ ਮੌਕੇ ਗੁਰਾਇਆ ਤੋਂ ਖਟਕੜ ਕਲਾਂ ਤੱਕ ਪ੍ਰਭਾਵਸ਼ਾਲੀ ਮੋਟਰ ਸਾਇਕਲ ਤੇ ਗੱਡੀਆਂ ਦਾ ਮਾਰਚ ਸਾਮਰਾਜ ਦੇ ਵੱਧ ਰਹੇ ਦਖਲ ਤੇ ਫਿਰਕਾਪ੍ਰਸਤੀ ਦੇ ਵਿਰੋਧ ਵਿਚ ਕੀਤਾ ਗਿਆ ਅਤੇ ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੀ ਅਕੀਦਤ ਭੇਂਟ ਕੀਤੀ। ਇਸ ਮਾਰਚ ਦੀ ਅਗਵਾਈ ਅਜੈ ਫਿਲੌਰ, ਮੱਖਣ ਸੰਗਰਾਮੀ, ਦਲਵਿੰਦਰ ਕੁਲਾਰ ਤੇ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਹੋਏ ਇਕੱਠ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਤੇ ਪੀ.ਐਸ.ਐਫ. ਦੇ ਸੂਬਾਈ ਕਨਵੀਨਰ ਮਨਜਿੰਦਰ ਢੇਸੀ ਨੇ ਸੰਬੋਧਨ ਕੀਤਾ ਅਤੇ ਫਿਲੌਰ ਸ਼ਹਿਰ ਦੇ ਮੁਹੱਲਾ ਚੌਧਰੀਆਂ ਤੇ ਪਿੰਡ ਕਾਹਨਾਂ ਢੇਸੀਆਂ ਤੇ ਬੇਗਮਪੁਰ ਵਿਖੇ ਇਨਕਲਾਬੀ ਨਾਟਕ ਮੇਲੇ ਵੀ ਕਰਵਾਏ ਗਏ।
ਲੁਧਿਆਣਾ : ਜੋਧਾਂ ਦਾਣਾ ਮੰਡੀ ਵਿਖੇ ਇਨਕਲਾਬੀ ਮੇਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਕੌਰੀਓਗਰਾਫੀਆਂ ਤੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸਾਬਕਾ ਨੌਜਵਾਨ ਆਗੂ ਪਰਗਟ ਸਿੰਘ ਜਾਮਾਰਾਏ, ਪ੍ਰੋ. ਜੈਪਾਲ ਸਿੰਘ, ਹਰਨੇਕ ਗੁੱਜਰਵਾਲ, ਜਸਵਿੰਦਰ ਕਾਲਖ ਤੇ ਪ੍ਰਦੀਪ ਯੋਧਾਂ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਅਜਨਾਲਾ ਵਿਖੇ ਤਹਿਸੀਲ ਪੱਧਰੀ ਇਕੱਠ ਕੀਤਾ ਗਿਆ ਅਤੇ ਜੰਡਿਆਲਾ ਗੁਰੂ ਤੇ ਰਈਆ ਕਸਬੇ ਅੰਦਰ ਮਸ਼ਾਲ ਮਾਰਚ ਕੀਤੇ ਗਏ। ਜਿਸਨੂੰ ਕੁਲਵੰਤ ਮੱਲੂਨੰਗਲ, ਸੁਰਜੀਤ ਦੁਧਰਾਏ, ਹਰਮੀਤ ਰਿੰਕਾ ਦਾਊਦ, ਪਲਵਿੰਦਰ ਮਹਿਸਮਪੁਰ, ਸਤਵਿੰਦਰ ਉਠੀਆਂ ਨੇ ਸੰਬੋਧਨ ਕੀਤਾ।
ਤਰਨਤਾਰਨ : ਕਸਬਾ ਹਰੀਕੇ ਦੇ ਬਜ਼ਾਰਾਂ ਵਿਚ ਮਾਰਚ ਕਰਕੇ ਲੱਡੂ ਵੰਡੇ ਗਏ ਅਤੇ ਭਿੱਖੀਵਿੰਡ, ਜਵੰਦਾ ਕਲਾਂ, ਚੰਬਾ ਕਲਾਂ ਅਤੇ ਪਿੰਡ ਤੁੜ ਵਿਖੇ ਇਨਕਲਾਬੀ ਇਕੱਠ ਕੀਤੇ ਗਏ ਇਸੇ ਤਰ੍ਹਾਂ ਹੀ ਪਿੰਡ ਤੁੜ ਵਿਚ ਟੂਰਨਾਮੈਂਟ ਕਰਵਾਇਆ ਗਿਆ। ਇਹਨਾਂ ਇਕੱਠਾਂ ਨੂੰ ਸੁਲੱਖਣ ਤੁੜ, ਸੁਖਦੇਵ ਜਵੰਦਾ, ਅਮਰਜੀਤ ਹਰੀਕੇ ਆਦਿ ਨੇ ਸੰਬੋਧਨ ਕੀਤਾ।
ਗੁਰਦਾਸਪੁਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਜ਼ਿਲ੍ਹੇ ਅੰਦਰ ਪਿੰਡ ਬਿਸ਼ਨਕੋਟ ਅਤੇ ਬਟਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ਾਲ ਮੀਟਿੰਗ ਕੀਤੀ ਗਈ ਅਤੇ ਕਸਬਾ ਕਲਾਨੌਰ ਅੰਦਰ ਸ਼ਾਮ ਨੂੰ ਜਾਗੋ ਕੱਢੀ ਗਈ। ਇਸ ਸਮੇਂ ਹੋਏ ਇਕੱਠ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ, ਜ਼ਿਲ੍ਹਾ ਆਗੂ ਸ਼ਿੰਦਰ ਪਾਲ ਬਿਸ਼ਨਕੋਟ, ਗੁਰਜੀਤ ਸਿੰਘ ਬੁਲਾਰੀਆ, ਵਿਰਗਟ ਖਾਨਫੱਤਾ ਅਤੇ ਪ੍ਰੇਮ ਸਿੰਘ ਘਸੀਟਪੁਰ ਨੇ ਸੰਬੋਧਨ ਕੀਤਾ।
ਫਰੀਦਕੋਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਹੋਰ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਸ਼ਾਮ ਨੂੰ ਬਜ਼ਾਰਾਂ ਵਿਚ ਕੈਂਡਲ ਮਾਰਚ ਕੀਤਾ ਗਿਆ ਜਿਸਦੀ ਅਗਵਾਈ ਜਤਿੰਦਰ ਕੁਮਾਰ ਤੇ ਸਿਮਰਜੀਤ ਸਿੰਘ ਬਰਾੜ ਨੇ ਕੀਤੀ।
ਮਾਨਸਾ : ਸਰਦੂਲਗੜ੍ਹ ਵਿਚ ਸ਼ਾਮ ਨੂੰ ਬਜ਼ਾਰਾਂ ਵਿਚ ਮਾਰਚ ਕੀਤਾ ਗਿਆ। ਜਿਸਦੀ ਅਗਵਾਈ ਬੰਸੀ ਲਾਲ, ਸੰਦੀਪ, ਗਗਨ, ਰਵਿੰਦਰ ਲੋਹਗੜ੍ਹ ਤੇ ਮਨਪ੍ਰੀਤ ਸਿੰਘ ਨੇ ਕੀਤੀ।
ਪਟਿਆਲਾ : ਕਸਬਾ ਸਮਾਣਾ ਵਿਖੇ ਇਨਕਲਾਬੀ ਮੀਟਿੰਗ ਕੀਤੀ ਗਈ ਜਿਸਨੂੰ ਸੁਰੇਸ਼ ਸਮਾਣਾ ਨੇ ਸੰਬੋਧਨ ਕੀਤਾ।
ਹਰਿਆਣਾ : ਰਤੀਆ ਵਿਖੇ ਸ਼ਾਮ ਨੂੰ ਪ੍ਰਭਾਵਸ਼ਾਲੀ ਮਸ਼ਾਲ ਮਾਰਚ ਕੀਤਾ ਗਿਆ। ਜਿਸਨੂੰ ਸੂਬਾ ਪ੍ਰਧਾਨ ਮਨਦੀਪ ਰਤੀਆ, ਪਰਮਜੀਤ ਲਾਲੀ, ਨਿਰਭੈ ਰਤੀਆ, ਰਵੀ ਰਤੀਆ, ਮਨਜੀਤ ਅਲਿਕਾ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

ਖਨਨ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਥਾਣੇ ‘ਚ ਬੰਦ ਕੀਤੇ
ਜਿਮਨੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ 19 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਇੰਦੂ ਬਾਲਾ  ਦੇ ਹੱਕ ਵਿੱਚ ਮੁੱਖ ਮੰਤਰੀ ਵੱਲੋਂ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਤੋਂ ਠੀਕ ਪਹਿਲਾਂ ਹਾਜੀਪੁਰ ਪੁਲਸ ਨੇ ‘ਖਨਨ ਰੋਕੋ, ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਉਘੇ ਆਗੂ ਸਾਥੀ ਧਰਮਿੰਦਰ ਸਿੰਘ ਨੂੰ ਉਸਦੀ ਦੁਕਾਨ ਤੋਂ ਗ੍ਰਿਫਤਾਰ ਕਰ ਲਿਆ। ਨਾਲ ਹੀ ਦੁਕਾਨ ‘ਤੇ ਹਾਜਰ ਨੌਜਵਾਨ ਆਗੂ ਅਕਸ਼ਿਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ । ਟੋਟੇ ਪਿੰਡ ਦੇ ਰਹਿਣ ਵਾਲੇ ਸੰਘਰਸ਼ ਕਮੇਟੀ ਦੇ ਇੱਕ ਹੋਰ ਆਗੂ ਜਸਵੀਰ ਸਿੰਘ,  ਜੋ ਕਿ ਅਪੰਗ ਹਨ ਅਤੇ ਹਾਜੀਪੁਰ ਦਵਾਈ ਲੈਣ ਲਈ ਆਏ ਸਨ, ਨੂੰ ਵੀ ਪੁਲਸ ਨੇ ਹਿਰਾਸਤ ਵਿੱਚ ਲੈਂਦਿਆਂ ਥਾਣੇ ਵਿੱਚ ਡੱਕ ਦਿੱਤਾ । ਇਨ੍ਹਾਂ ਦਾ ਪਤਾ ਲੈਣ ਗਏ ਦੀਪਕ ਠਾਕੁਰ, ਜੋ ਕਿ ਪੱਤਰਕਾਰ ਵੀ ਹਨ, ਨੂੰ ਵੀ ਪੁਲਸ ਨੇ ਘੰਟਿਆਂ ਬੱਧੀ ਜਬਰੀ ਥਾਣੇ ਬਿਠਾਈ ਰੱਖਿਆ । ਇਸ ਘਟਨਾ ਦਾ ਪਤਾ ਲੱਗਣ ‘ਤੇ ਬਜੁਰਗ ਆਗੂ ਸਾਥੀ ਗਿਆਨ ਸਿੰਘ ਗੁਪਤਾ, ਸਾਥੀ ਸ਼ਿਵ ਕੁਮਾਰ ਅਤੇ ਹੋਰ ਆਗੂਆਂ ਨੇ ਥਾਣੇ ਪੁੱਜ ਕੇ ਪੁਲਸ ਦੀ ਧੱਕੇਸ਼ਾਹੀ ਖਿਲਾਫ਼ ਰੋਸ ਪ੍ਰਗਟ ਕੀਤਾ । ਇਸ ਤੋਂ ਬਾਅਦ ਇਨ੍ਹਾਂ ਜਨਤਕ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ।
ਗੌਰਤਲਬ ਹੈ ਕਿ ਸੰਨ 2013 ਤੋਂ ਇਸ ਇਲਾਕੇ ਵਿੱਚ ਸਿਆਸੀ ਅਤੇ ਪ੍ਰਸ਼ਾਸ਼ਕੀ ਥਾਪੜਾ ਪ੍ਰਾਪਤ ਸਟੋਨ ਕਰੈਸ਼ਰ ਵੱਡੇ ਪੈਮਾਨੇ ਉੱਤੇ ਗੈਰ ਕਾਨੂੰਨੀ ਖੁਦਾਈ ਕਰ ਰਹੇ ਹਨ ਜਿਸ ਤੋਂ ਇਲਾਕਾ ਨਿਵਾਸੀ ਬਹੁਤ ਤੰਗ ਹਨ । ਇਨ੍ਹਾਂ ਵਿਚੋਂ ਕੁਝ ਤਾਂ ਆਬਾਦੀ ਦੇ ਐਨ ਅੰਦਰ ਤੱਕ ਮਨਮਾਨੇ ਢੰਗਾਂ ਨਾਲ ਖੁਦਾਈ ਕਰਦੇ ਹਨ ।
ਇਸ ਮਾਨਵਤਾ ਵਿਰੋਧੀ ਕਾਰਵਾਈ ਦੇ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਨੇ ‘ਖਨਨ ਰੋਕੋ-ਜਮੀਨ ਬਚਾਓ ਸੰਘਰਸ਼ ਕਮੇਟੀ’ ਦੇ ਝੰਡੇ ਹੇਠਾਂ ਲਹੂ ਵੀਟਵਾਂ ਸੰਘਰਸ਼ ਲੜਿਆ । ਸੰਘਰਸ਼ ਕਮੇਟੀ ਦੇ ਆਗੂਆਂ ‘ਤੇ ਪੁਲਸ ਨੇ ਖਨਨ ਮਫੀਆ ਦੀ ਮਿਲੀਭੁਗਤ ਨਾਲ ਝੂਠੇ ਪਰਚੇ ਵੀ ਦਰਜ ਕਰਵਾਏ । ਪਰ ਕਮੇਟੀ ਦੀ ਅਗਵਾਈ ਵਿੱਚ ਸਿਰੜੀ ਲੋਕ ਸੰਗਰਾਮ ਦੇ ਦਬਾਅ ਅਧੀਨ  ਸਟੋਨ ਕਰੈਸ਼ਰ ਇੱਕ ਵਾਰੀ ਬੰਦ ਹੋ ਗਏ । ਪਰ ਹਾਲੀਆ ਲੋਕ ਸਭਾ ਚੋਣਾਂ ਤੋਂ ਪਿੱਛੋਂ ਸਟੋਨ ਕਰੈਸ਼ਰਾਂ ਨੇ ਮੁੜ ਜੋਰ ਫੜਿਆ ਹੈ ।
ਪੁਲਸ ਦੀ ਉਪਰੋਕਤ ਕਾਰਵਾਈ ਪੂਰੀ ਤਰ੍ਹਾਂ ਅਨਉਚਿਤ ਅਤੇ ਧੱਕੇਸ਼ਾਹੀ ਵਾਲੀ ਹੈ । ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਕਮੇਟੀ ਦੀ ਮੀਟਿੰਗ ਬੁਲਾ ਕੇ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਪੁਲਸ ਦੀ ਕਿਸੇ ਧੌਂਸ ਅੱਗੇ ਝੁਕਿਆ ਨਹੀਂ ਜਾਵੇਗਾ ।

Scroll To Top