ਲਾਮਿਸਾਲ ਸਿਰੜ੍ਹ ਤੇ ਇਨਕਲਾਬੀ ਜਜ਼ਬੇ ਨਾਲ ਗੜੁੱਚ ਪਟਿਆਲਾ ਵਿਖੇ ਪੱਕਾ ਮੋਰਚਾ
ਮੁੱਖ ਮੰਤਰੀ ਨਾਲ ਗੱਲਬਾਤ ਦੇ ਸੱਦੇ ‘ਤੇ ਕੀਤਾ ਮੁਲਤਵੀ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਪ੍ਰਾਂਤ ਵਾਸੀਆਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਬਰਬਾਦੀ ਰੋਕਣ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਗਿਆ ਤਿੰਨ ਪੜਾਵੀ ਸੰਗਰਾਮ ਕਈਆਂ ਪੱਖਾਂ ਤੋਂ ਬੇਹਦ ਕਾਮਯਾਬ ਰਿਹਾ ।
ਰਾਜ ਕਮੇਟੀ ਦੇ ਫੈਸਲੇ ਅਨੁਸਾਰ 4 ਜੁਲਾਈ ਨੂੰ ਜਲੰਧਰ ਵਿਖੇ ਸੱਦੀ ਗਈ ਸੂਬਾ ਪੱਧਰੀ ਵਿਸ਼ਾਲ ਪ੍ਰਤੀਨਿਧ ਕਨਵੈਨਸ਼ਨ ਵਲੋਂ 15 ਤੋਂ 31 ਅਗਸਤ ਤੱਕ ਪਿੰਡਾਂ/ਕਸਬਿਆਂ ਅੰਦਰ ਲੋਕਾਂ ਨੂੰ ਬਿਜਲੀ-ਪਾਣੀ ਨਾਲ ਸਬੰਧਤ ਮੰਗਾਂ ਦੀ ਜਾਣਕਾਰੀ ਦੇਣ ਅਤੇ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਕਰਨ ਲਈ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ ਗਿਆ ਸੀ । ਇਸ ਸੱਦੇ ਤਹਿਤ ਸਾਰੀਆਂ ਜਿਲ੍ਹਾ ਕਮੇਟੀਆਂ ਵਲੋਂ ਸੈਂਕੜੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਕੁੱਝ ਇੱਕ ਜਿਲ੍ਹਿਆਂ ਵਲੋਂ ਝੰਡਾ ਮਾਰਚ ਅਤੇ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਸੂਬਾ ਕੇਂਦਰ ਵਲੋਂ ਛਪਵਾਈ ਗਈ ਦੁਵਰਕੀ ਵੀ ਵੱਡੇ ਪੱਧਰ ‘ਤੇ ਲੋਕਾਂ ਵਿੱਚ ਵੰਡੀ ਗਈ । ਇੱਕ ਦੋ ਜਿਲ੍ਹਾ ਕਮੇਟੀਆਂ ਨੇ ਇਹ ਦੁਵਰਕੀ ਪਿਛੋਂ ਆਪਣੇ ਪੱਧਰ ‘ਤੇ ਹੋਰ ਵੀ ਛਪਵਾਈ।
ਇਸ ਲੋਕ ਲਾਮਬੰਦੀ ਪੰਦਰਵਾੜੇ ਤੋਂ ਬਾਅਦ 5 ਤੋਂ 9 ਅਗਸਤ ਤੱਕ ਜਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਧਰਨੇ ਮਾਰੇ ਗਏ ਅਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ । ਪਾਰਟੀ ਦੇ ਰਵਾਇਤੀ ਪ੍ਰਭਾਵ ਮਾਝੇ-ਦੋਆਬੇ ਦੇ ਜਿਲ੍ਹਿਆਂ ਤੋਂ ਇਲਾਵਾ ਮੁਕਾਬਲਤਨ ਕਮਜੋਰ ਸਮਝੇ ਜਾਂਦੇ ਮਾਲਵੇ ਦੇ ਕਈ ਜਿਲ੍ਹਿਆਂ ਵਿੱਚ ਵੀ ਇਹ ਐਕਸ਼ਨ ਬੇਹੱਦ ਸਫਲ ਰਹੇ। ਯਾਦ ਰਹੇ ਜਿਨ੍ਹਾਂ ਜਿਲ੍ਹਾ ਕਮੇਟੀਆਂ ਨੇ ਲਾਮਬੰਦੀ ਪੰਦਰਵਾੜੇ ਦੌਰਾਨ ਰਾਜ ਕਮੇਟੀ ਵਲੋਂ ਦਰਸਾਈ ਸੇਧ ਅਨੁਸਾਰ ਸਰਗਰਮੀ ਕੀਤੀ ਉੱਥੇ ਜਿਲ੍ਹਾ ਐਕਸ਼ਨਾਂ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵਿੱਚ ਚੋਖਾ ਵਾਧਾ ਹੋਇਆ ਹੈ । ਜਿਲ੍ਹਾ ਐਕਸ਼ਨਾਂ ਦੌਰਾਨ ਇਸ ਵਾਰ ਝੰਡੇ, ਮਾਟੋ, ਫਲੈਕਸਾਂ ਅਤੇ ਹੋਰ ਪ੍ਰਚਾਰ ਸਮੱਗਰੀ ਦੀ ਵਰਤੋਂ ਵੀ ਪਹਿਲਾਂ ਦੇ ਮੁਕਾਬਲੇ ਚੰਗੀ ਸੀ । ਲੋਕ ਲਾਮਬੰਦੀ ਮੁਹਿੰਮ ਅਤੇ ਜਿਲ੍ਹਾ ਪੱਧਰੀ ਰੋਸ ਐਕਸ਼ਨਾਂ ਦੀ ਮੀਡੀਆ ਕਵਰੇਜ਼ ਵੀ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਾਫੀ ਚੰਗੀ ਰਹੀ । ਸੂਬਾ ਕੇਂਦਰ ਤੋਂ ਇਸ ਪੱਖੋਂ ਵਿਸ਼ੇਸ਼ ਯਤਨ ਕੀਤੇ ਗਏ ।
ਉਕਤ ਦੋਹਾਂ ਪੜਾਵਾਂ ਦਾ ਰੀਵਿਊ ਕਰਨ ਤੋਂ ਬਾਅਦ ਪਾਰਟੀ ਵਲੋਂ 4 ਜੁਲਾਈ ਦੀ ਨੁਮਾਇੰਦਾ ਕਨਵੈਨਸ਼ਨ ਦੇ ਨਿਰਣੇ ਅਨੁਸਾਰ 9 ਸਤੰਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ । ਸੂਬਾ ਸਕੱਤਰੇਤ ਵਲੋਂ ਇਹ ਵੀ ਸੱਦਾ ਦਿੱਤਾ ਗਿਆ ਕਿ ਹੇਠਲੀਆਂ ਪਾਰਟੀ ਇਕਾਈਆਂ ਮੋਰਚੇ ਦੀ ਬਾਕੀ ਤਿਆਰੀ ਤੋਂ ਇਲਾਵਾ 6 ਅਤੇ 7 ਸਤੰਬਰ ਨੂੰ ਪਿੰਡਾਂ/ਸ਼ਹਿਰਾਂ ਵਿੱਚ ਵੱਡੇ ਪੱਧਰ ਤੇ ਮੁਨਾਦੀ (ਅਨਾਊਂਸਮੈਂਟ) ਕਰਨ । 9 ਸਤੰਬਰ ਤੋਂ ਮੋਰਚਾ ਸ਼ੁਰੂ ਹੋਇਆ । ਇਸ ਤੋਂ ਇਲਾਵਾ ਇੱਕ ਹੱਥ ਪਰਚਾ ਵੀ ਚੋਖੀ ਮਾਤਰਾ ਵਿੱਚ ਛਾਪ ਕੇ ਥੱਲੇ ਭੇਜਿਆ ਗਿਆ ਅਤੇ ਪੰਚਾਇਤਾਂ ਤੇ ਹੋਰ ਚੁਣੀਆਂ ਸੰਸਥਾਵਾਂ, ਕਲੱਬਾਂ, ਸਮਾਜਿਕ ਤੇ ਵਪਾਰਕ ਐਸੋਸੀਏਸ਼ਨਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਹੋਰ ਨਾਮਵਰ ਹਸਤੀਆਂ ਕੋਲ ਪੁੱਜਦੀ ਕਰਨ ਲਈ ਛਾਪੀ ਗਈ ।
ਪਹਿਲਾ ਦਿਨ : ਪਾਵਰਕਾਮ ਮੁੱਖ ਦਫਤਰ ਦਾ ਘਿਰਾਓ
ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਪਟਿਆਲਾ ਅਤੇ ਕਪੂਰਥਲਾ ਜਿਲ੍ਹਿਆਂ ਦੇ ਸਾਥੀ ਪਹਿਲੇ ਦਿਨ (9 ਸਤੰਬਰ) ਮੋਰਚੇ ਵਿੱਚ ਸ਼ਾਮਲ ਹੋਏ। ਮੋਰਚੇ ਦੀ ਸ਼ੁਰੂਆਤ ਬੇਹਦ ਕਾਮਯਾਬ ਅਤੇ ਉਤਸ਼ਾਹ ਵਧਾਉਣ ਵਾਲੀ ਸਾਬਤ ਹੋਈ । ਤਪਦੀ ਦੁਪਿਹਰ ਵਿੱਚ ਬੇਹਦ ਲੰਮਾ ਮੁਜ਼ਾਹਰਾ ਕਰਕੇ ਪੱਕੇ ਮੋਰਚੇ ਵਿੱਚ ਸ਼ਾਮਲ ਸਾਥੀਆਂ ਨੇ ਪਾਵਰਕਾੱਮ ਦਾ ਮੁੱਖ ਦਫਤਰ ਜਾ ਘੇਰਿਆ । ਸੈਂਕੜੇ ਲੋਕਾਂ ਨੂੰ ਪਾਵਰਕਾਮ ਦਫਤਰ ਸਾਹਮਣੇ ਸੜਕ ‘ਤੇ ਮੋਰਚੇ ਵਿੱਚ ਤਿਆਰ ਕੀਤਾ ਸਾਦਾ ਲੰਗਰ ਛਕਾਇਆ ਗਿਆ । ਇਹ ਜਬਰਦਸਤ ਘਿਰਾਓ ਦੇ ਸਿੱਟੇ ਵਜੋਂ ਪਾਵਰਕਾਮ ਅਧਿਕਾਰੀਆਂ ਨੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ । ਅੰਦਰ ਗੱਲਬਾਤ ਜਾਰੀ ਰਹੀ ਅਤੇ ਬਾਹਰ ਘੰਟਿਆਂ ਬੱਧੀ ਘਿਰਾਓ ਜਾਰੀ ਰਿਹਾ । ਆਗੂ ਸਾਥੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਠੋਸ ਦਲੀਲਾਂ ਤੋਂ ਕਾਇਲ ਹੁੰਦਿਆਂ 11 ਸਤੰਬਰ ਦੀ ਸਕੱਤਰ ਪੱਧਰ ਦੀ ਗੱਲਬਾਤ ਚੰਡੀਗੜ੍ਹ ਵਿਖੇ ਹੋਣੀ ਤੈਅ ਹੋਈ ।
ਦੂਜਾ ਦਿਨ
10 ਸਤੰਬਰ ਨੂੰ ਬਠਿੰਡਾ, ਮਾਨਸਾ, ਬਰਨਾਲਾ, ਹੁਸ਼ਿਆਰਪੁਰ, ਲੁਧਿਆਣਾ ਜਿਲ੍ਹਿਆਂ ਦੇ ਸਾਥੀ ਮੋਰਚੇ ਵਿੱਚ ਸ਼ਾਮਲ ਹੋਏ । 11 ਸਤੰਬਰ ਦੀ ਗੱਲਬਾਤ ਤੈਅ ਹੋਣ ਦੇ ਮੱਦੇਨਜ਼ਰ, ਸਦਭਾਵਨਾ ਵਜੋਂ ਇਸ ਦਿਨ ਪੱਕੇ ਮੋਰਚੇ ਵਿੱਚ ਕੇਵਲ ਆਗੂਆਂ ਦੀਆਂ ਤਕਰੀਰਾਂ ਹੀ ਜਾਰੀ ਰੱਖੀਆਂ ਗਈਆਂ, ਕੋਈ ਮਾਰਚ ਆਦਿ ਨਹੀਂ ਕੀਤਾ ਗਿਆ ।
ਤੀਜਾ ਦਿਨ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਦਾ ਘਿਰਾਓ
11 ਸਤੰਬਰ ਨੂੰ ਪੱਕੇ ਮੋਰਚੇ ਵਿੱਚ ਸ਼ਾਮਲ ਸਾਥੀਆਂ ਵਲੋਂ ਲੰਮਾਂ ਮਾਰਚ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ । ਅਧਿਕਾਰੀਆਂ ਨੇ ਬਾਹਰ ਆ ਕੇ ਮੰਗ ਪੱਤਰ ਲਿਆ ਅਤੇ ਬੜੀ ਬੇਬਾਕੀ ਨਾਲ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਹੱਕ ਬਜ਼ਾਨਬ ਕਰਾਰ ਦਿੱਤਾ। ਘਿਰਾਓ ਕਰ ਰਹੇ ਸਾਥੀਆਂ ਦੀ ਮੰਗ ਤੇ ਸਾਰਿਆਂ ਲਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਜੋਰਦਾਰ ਸਿਫਾਰਸ਼ਾਂ ਸਹਿਤ ਮੰਗ ਪੱਤਰ ਸੂਬਾ ਸਰਕਾਰ ਨੂੰ ਭੇਜਣ ਦਾ ਵਿਸ਼ਵਾਸ ਦਿਵਾਇਆ । ਇਸ ਤੋਂ ਇਲਾਵਾ ਪੱਕੇ ਮੋਰਚੇ ਵਾਲੀ ਥਾਂ ‘ਤੇ ਦਿਨ ਭਰ ਆਗੂਆਂ ਦੀਆਂ ਪਰਭਾਵਸ਼ਾਲੀ ਤਕਰੀਰਾਂ ਬਾਦਸਤੂਰ ਜਾਰੀ ਰਹੀਆਂ । ਬਿਜਲੀ ਵਿਭਾਗ ਦੇ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਗੱਲਬਾਤ ਬਾਰੇ ਆਗੂਆਂ ਨੇ ਵਿਸਥਾਰ ਸਹਿਤ ਰਿਪੋਰਟਿੰਗ ਕੀਤੀ। ਇਸ ਦਿਨ ਫਰੀਦਕੋਟ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਪਟਿਆਲਾ, ਹੁਸ਼ਿਆਰਪੁਰ ਜਿਲ੍ਹਿਆਂ ਦੇ ਸਾਥੀ ਸ਼ਾਮਲ ਹੋਏ । ਇਹ ਸਾਥੀ ਅੰਤ ਤੱਕ ਮੋਰਚੇ ਵਿੱਚ ਡਟੇ ਰਹੇ।
ਚੌਥਾ ਦਿਨ : ਸ਼ਹਿਰੀਆਂ ‘ਚ ਮੰਗਾਂ ਦੇ ਪ੍ਰਚਾਰ ਲਈ ਵਿਖਾਵੇ
Úੌਥੇ ਦਿਨ ਮੋਰਚੇ ਦੀਆਂ ਮੰਗਾਂ ਅਤੇ ਸਮੁੱਚੀ ਪਹੁੰਚ ਤੋਂ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਦੋ ਐਕਸ਼ਨ ਲਾਮਬੰਦ ਕੀਤੇ ਗਏ । ਸਵੇਰੇ ਪਟਿਆਲਾ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਵਿਚਕਾਰਲੇ ਓਵਰ ਬ੍ਰਿਜ ਦੇ ਹੇਠਾਂ ਸੜਕ ਵਿਖਾਵਾ (ਛਵਗਕਕਵ 4ਕਠਰਅਤਵਗ਼ਵਜਰਅ) ਆਯੋਜਿਤ ਕੀਤਾ ਗਿਆ। ਸੈਂਕੜੇ ਸਾਥੀ ਪੱਕੇ ਮੋਰਚੇ ਦਾ ਮੁੱਖ ਬੈਨਰ, ਮੰਗਾਂ ਵਾਲੀਆਂ ਤਖਤੀਆਂ ਅਤੇ ਫਲੈਕਸਾਂ ਹੱਥਾਂ ਵਿੱਚ ਫੜ ਕੇ ਓਵਰ ਬ੍ਰਿਜ ਦੇ ਹੇਠਾਂ ਕਤਾਰਬੱਧ ਖਲੋ ਗਏ । ਇੱਕ ਸਾਥੀ ਮੋਰਚੇ ਦੀਆਂ ਮੰਗਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦੀ ਅਨਾਊਂਸਮੈਂਟ ਕਰੀ ਗਿਆ । ਲੱਗਭਗ ਤਿੰਨ ਘੰਟਿਆਂ ਦੇ ਇਸ ਸੜਕ ਵਿਖਾਵੇ ਦੌਰਾਨ ਹਜਾਰਾਂ ਲੋਕੀਂ ਬੜੀ ਦਿਲਚਸਪੀ ਨਾਲ ਮੋਰਚੇ ਦੀਆਂ ਮੰਗਾਂ ਵਾਲੀ ਸਮੱਗਰੀ ਤੇ ਲਿਖੀ ਇਬਾਰਤ ਪੜ੍ਹ ਕੇ ਕੋਲੋਂ ਦੀ ਲੰਘੇ । ਮੋਰਚੇ ਵਾਲੇ ਸਾਥੀ ਵੀ ਇਸ ਪਰਚਾਰ ਢੰਗ ਤੋਂ ਕਾਫੀ ਉਤਸ਼ਾਹਿਤ ਹੋਏ । ਇਸੇ ਦਿਨ ਸ਼ਾਮ ਨੂੰ ਸ਼ਹਿਰ ਦੀ ਸੰਘਣੀ ਆਬਾਦੀ ਵਾਲੀਆਂ ਗਲੀਆਂ ਵਿੱਚ ਸੈਂਕੜੇ ਸਾਥੀਆਂ ਨੇ ਮਸ਼ਾਲ ਮਾਰਚ ਕੀਤਾ। ਜਿੱਥੇ ਲੋਕਾਂ ਨੇ ਇਸ ਮਸ਼ਾਲ ਮਾਰਚ ਪ੍ਰਤੀ ਉਤਸੁਕਤਾ ਦਿਖਾਈ ਉਥੇ ਮੋਰਚੇ ਦੀਆਂ ਮੰਗਾਂ ਨੂੰ ਵੀ ਠੀਕ ਦੱਸਿਆ । ਇਸ ਦਿਨ ਅੰਮ੍ਰਿਤਸਰ, ਜਲੰਧਰ ਅਤੇ ਤਰਨਤਾਰਨ ਤੋਂ ਵਿਸ਼ਾਲ ਜੱਥੇ ਮੋਰਚੇ ਵਿੱਚ ਸ਼ਾਮਲ ਹੋਏ ।
ਪੰਜਵਾਂ ਦਿਨ : ਮੋਤੀ ਮਹਿਲ ਵੱਲ ਮਾਰਚ
13 ਸਤੰਬਰ ਨੂੰ ਪੱਕੇ ਮੋਰਚੇ ਵਿੱਚ ਪੰਜਾਬ ਭਰ ਤੋਂ ਸਾਥੀ ਵਹੀਰਾਂ ਘੱਤ ਕੇ ਪੁੱਜੇ । ਪਹਿਲਾਂ ਪੱਕੇ ਮੋਰਚੇ ਵਾਲੀ ਥਾਂ ‘ਤੇ ਵਿਸ਼ਾਲ ਜਨ ਸਭਾ ਕੀਤੀ ਗਈ । ਬਾਅਦ ਦੁਪਹਿਰ ਲੋਕਾਈ ਦੇ ਵਿਸ਼ਾਲ ਹੜ੍ਹ ਨੇ ਮੁੱਖ ਮੰਤਰੀ ਪੰਜਾਬ ਦੀ ਨਿੱਜੀ ਰਿਹਾਇਸ਼ ‘ ਮੋਤੀ ਮਹਿਲ’ ਵੱਲ ਨੂੰ ਫੈਸਲਾਕੁੰਨ ਮੂਡ ਵਿੱਚ ਚਾਲੇ ਪਾ ਦਿੱਤੇ । ਇਸ ਵਿਸ਼ਾਲ ਲੋਕ ਇਕੱਤਰਤਾ ਨੂੰ ਭਾਰੀ ਪੁਲਸ ਫੋਰਸ ਲਾ ਕੇ ਫੁਆਰਾ ਚੌਂਕ ਕੋਲ ਰੋਕ ਲਿਆ ਗਿਆ । ਅੰਤਾਂ ਦੀ ਗਰਮੀ ਵਿੱਚ ਹਜਾਰਾਂ ਲੋਕ ਅੱਗ ਉੱਗਲਦੀਆਂ ਸੜਕਾਂ ‘ਤੇ ਬਹਿ ਗਏ। ਆਗੂਆਂ ਨੇ ਐਲਾਨ ਕਰ ਦਿੱਤਾ ਕਿ ਜਾਂ ਸਾਡੀਆਂ ਮੰਗਾਂ ਮੰਨੋ, ਨਹੀਂ ਤਾਂ ਸਾਨੂੰ ਗ੍ਰਿਫਤਾਰ ਕਰੋ । ਹਜਾਰਾਂ ਲੋਕਾਂ ਨੇ ਇਸ ਐਲਾਨ ਦਾ ਸਮਰਥਨ ਕਰਦੇ ਨਾਹਰਿਆਂ ਨਾਲ ਆਸਮਾਨ ਗੁੰਜਾ ਦਿੱਤਾ। ਆਗੂਆਂ ਦੀ ਦ੍ਰਿੜਤਾ ਨਾਲ ਮੇਲ ਖਾਂਦੇ ਲੋਕਾਂ ਦੇ ਆਰ-ਪਾਰ ਦੇ ਮੂਡ ਨੂੰ ਭਾਂਪਦਿਆਂ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆਈ ਅਤੇ ਸ਼ਾਮ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਸਤਖਤਾਂ ਹੇਠ ਮੁੱਖ ਮੰਤਰੀ ਪੰਜਾਬ ਨਾਲ 30 ਸਤੰਬਰ ਨੂੰ ਗੱਲਬਾਤ ਦਾ ਲਿਖਤੀ ਸੱਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਗੂਆਂ ਦੇ ਹੱਥ ਸੌਂਪਿਆ । ਆਗੂਆਂ ਵਲੋਂ ਆਪਸੀ ਸਲਾਹ ਮਸ਼ਵਰਾ ਕਰਕੇ ਸੰਘਰਸ਼ ਵਿੱਚ ਸ਼ਾਮਲ ਹਜਾਰਾਂ ਲੋਕਾਂ ਦੀ ਪ੍ਰਵਾਨਗੀ ਨਾਲ ਮੋਰਚਾ 30 ਸਤੰਬਰ 2019 ਤੱਕ ਮੁਲਤਵੀ ਕਰ ਦਿੱਤਾ ਗਿਆ । ਪਰ ਨਾਲ ਹੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਮੋਰਚੇ ਦੀਆਂ ਮੰਗਾਂ ਦਾ ਪ੍ਰਚਾਰ ਅਤੇ ਅਗਲੇਰੇ ਘੋਲ ਦੀ ਤਿਆਰੀ ਵੱਖੋ-ਵੱਖ ਢੰਗਾਂ ਨਾਲ਼ ਜਾਰੀ ਰੱਖਣ । ਉਤਸ਼ਾਹ ਨਾਲ ਲਬਾਲਬ ਭਰੇ ਪਾਰਟੀ ਕਾਰਕੁੰਨ ਅਤੇ ਆਮ ਲੋਕੀਂ ਅਗਲੇ ਉਚੇਰੇ ਸੰਘਰਸ਼ ਦਾ ਨਿਸ਼ਚਾ ਮਨਾਂ ਵਿੱਚ ਲੈ ਕੇ ਘਰਾਂ ਨੂੰ ਪਰਤ ਗਏ ।
ਮੋਰਚੇ ਦੇ ਵਿਸ਼ੇਸ਼ ਪਹਿਲੂ
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੋਰਚੇ ਵਿੱਚ ਪੂਰਾ ਸਮਾਂ ਸ਼ਾਮਲ ਰਹੇ ਅਤੇ ਸ਼ਾਨਦਾਰ ਅਗਵਾਈ ਕੀਤੀ ਜਿਸ ਤੋਂ ਅਗਲੀ ਕਤਾਰ ਦੇ ਆਗੂਆਂ ਨੂੰ ਬੜਾ ਕੁੱਝ ਸਿੱਖਣ ਨੂੰ ਮਿਲਿਆ । ਉਨ੍ਹਾਂ ਤੋਂ ਇਲਾਵਾ ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਮਹੀਪਾਲ, ਪਰਗਟ ਸਿੰਘ ਜਾਮਾਰਾਇ, ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਵੇਦ ਪ੍ਰਕਾਸ਼ ਸ਼ੁਰੂਆਤ ਤੋਂ ਲੈ ਕੇ ਸਮਾਪਨ ਤੱਕ ਮੋਰਚੇ ਵਿੱਚ ਹਾਜਰ ਰਹੇ । ਸਾਥੀ ਦਾਊਦ ਅਤੇ ਜਾਮਾਰਾਇ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਪਟਿਆਲਾ ਜਿਲ੍ਹੇ ਵਿੱਚ ਰਹਿ ਕੇ ਮੋਰਚੇ ਦੀ ਤਿਆਰੀ ਅਤੇ ਯੋਜਨਾਬੰਦੀ ਵਿੱਚ ਸਹਿਯੋਗ ਕਰਦੇ ਰਹੇ । ਸਾਥੀ ਪਾਸਲਾ ਲਗਾਤਾਰ ਪਟਿਆਲਾ ਅਤੇ ਨੇੜਲੇ ਜਿਲ੍ਹਿਆਂ, ਖਾਸ ਕਰਕੇ ਸੰਗਰੂਰ ਵਿੱਚ ਮੋਰਚੇ ਦੇ ਹੱਕ ਵਿਚ ਲਾਮਬੰਦੀ ਲਈ ਰੁਝੇ ਰਹੇ । ਇਨ੍ਹਾਂ ਦੇ ਇੱਥੇ ਰਹਿਣ ਨਾਲ ਮੋਰਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਤੇ ਲੋਕ ਭਾਗੀਦਾਰੀ ਵਧਾਉਣ ਵਿੱਚ ਚੋਖੀ ਇਮਦਾਦ ਮਿਲੀ । ਪਾਰਟੀ ਦੇ ਸੂਬਾਈ ਸਕੱਤਰ ਅਤੇ ਸੂਬਾ ਕਮੇਟੀ ਦੇ ਬਹੁਤ ਸਾਰੇ ਹੋਰ ਮੈਂਬਰਾਂ ਨੇ ਵੀ ਇਸ ਮੋਰਚੇ ਵਿਚ ਸ਼ਲਾਘਾਜਨਕ ਢੰਗ ਨਾਲ ਯੋਗਦਾਨ ਪਾਇਆ।
ਭਰਾਤਰੀ ਸਹਿਯੋਗ
ਮੋਰਚੇ ਦੀ ਹਿਮਾਇਤ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਸਾਥੀ ਬੰਤ ਬਰਾੜ, ਐਮ ਸੀ ਪੀ ਆਈ-ਯੂ ਦੇ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਕਿਰਨਜੀਤ ਸੇਖੋਂ ਅਤੇ ਮੰਗਤ ਰਾਮ ਲੌਂਗੋਵਾਲ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਉਚੇਚੇ ਪੁੱਜੇ । ਆਪਣੀ ਸਾਦ ਮੁਰਾਦੀ ਕੰਮ ਸ਼ੈਲੀ ਅਤੇ ਲੋਕਾਂ ਵਿੱਚ ਘੁਲਣ ਮਿਲਣ ਦੀ ਪ੍ਰਸਿੱਧੀ ਮੁਤਾਬਕ ਵਿਚਰਦਿਆਂ ਡਾਕਟਰ ਗਾਂਧੀ ਫੁਆਰਾ ਚੌਂਕ ਕੋਲ ਤਪਦੀ ਦੁਪਹਿਰੇ ਮੱਚਦੀ ਸੜਕ ‘ਤੇ ਧਰਨੇ ਮਾਰੀ ਬੈਠੇ ਭੂਮੀ ਪੁੱਤਰਾਂ ਦੇ ਨਾਲ ਆਣ ਬੈਠੇ ।
ਲੰਗਰ
ਲੰਗਰ ਪੰਜੇ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਚੱਲਿਆ । ਹਮੇਸ਼ਾਂ ਵਾਂਗ, ਪਹਿਲੇ ਦਿਨ ਕੁੱਝ ਕੁ ਮੁਸ਼ਕਿਲਾਂ ਜਰੂਰ ਆਈਆਂ ਪਰ ਪਿਛੋਂ ਸਭ ਕਾਸੇ ਦਾ ਸ਼ਾਨਦਾਰ ਨਿਭਾਅ ਹੋਇਆ । ਪਟਿਆਲਾ ਜਿਲ੍ਹੇ ਦੇ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਨੇ ਸਮਰਪਣ ਅਤੇ ਸਿਦਕ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ । ਇਨ੍ਹਾਂ ਨੇ ਮੋਰਚੇ ਲਈ ਰਾਸ਼ਨ ਦਾ ਯੋਗਦਾਨ ਵੀ ਸਾਰੇ ਪੰਜਾਬ ਤੋਂ ਵਧੇਰੇ ਪਾਇਆ । ਪਟਿਆਲਾ ਵਾਲੇ ਸਾਥੀਆਂ ਨੇ ਮੋਰਚੇ ਨਾਲ ਸਬੰਧਤ ਜਿਲ੍ਹੇ ਦੇ ਬਾਕੀ ਖਰਚੇ ਵੀ ਜਨਤਕ ਉਗਰਾਹੀ ਰਾਹੀਂ ਪੂਰੇ ਕੀਤੇ । ਜਿਲ੍ਹੇ ਦੀਆਂ ਇਕਾਈਆਂ ਹਰ ਰੋਜ ਮੋਰਚੇ ਵਿੱਚ ਸ਼ਾਮਲ ਹੁੰਦੀਆਂ ਰਹੀਆਂ। ਇਸ ਪਿਛੋਂ ਤਰਨਤਾਰਨ ਅਤੇ ਅੰਮ੍ਰਿਤਸਰ ਦਾ ਯੋਗਦਾਨ ਵੀ ਬੇਮਿਸਾਲ ਰਿਹਾ । ਇਸ ਤੋਂ ਇਲਾਵਾ ਹੋਰ ਜਿਲ੍ਹਿਆਂ ਚੋਂ ਵੀ ਰਸਦ ਪੁੱਜੀ । ਇਹ ਸਭ ਸਮਾਨ ਪਾਰਟੀ ਕਮੇਟੀਆਂ ਨੇ ਆਮ ਲੋਕਾਂ, ਖਾਸ ਕਰਕੇ ਕਿਰਤੀ ਸ਼੍ਰੇਣੀ ਤੋਂ ਇਕੱਤਰ ਕਰਕੇ ਪੱਕੇ ਮੋਰਚੇ ਵਿੱਚ ਪੁੱਜਦਾ ਕੀਤਾ । ਵਿਸ਼ੇਸ਼ ਜ਼ਿਕਰਯੋਗ ਤੱਥ ਇਹ ਹੈ ਕਿ ਜਿਸ ਜਿਲ੍ਹੇ ਨੇ ਰਾਸ਼ਨ ਵਧੇਰੇ ਇਕੱਤਰ ਕੀਤਾ ਉਸ ਜਿਲ੍ਹੇ ਵਿੱਚੋਂ ਆਮ ਲੋਕਾਂ ਦੀ ਮੋਰਚੇ ਵਿੱਚ ਸ਼ਮੂਲੀਅਤ ਵੀ ਵਧੀ ।
ਵਲੰਟੀਅਰ
ਤਿੰਨ ਵਲੰਟੀਅਰ, ਸਾਥੀ ਬਲਵਿੰਦਰ ਸਿੰਘ ਛੇਹਰਟਾ, ਹਰਮੀਤ ਸਿੰਘ ਰਿੰਕਾ ਅਤੇ ਗੁਰਸੇਵਕ ਸਿੰਘ ਤਰਨਤਾਰਨ ਆਰੰਭ ਤੋਂ ਸਮਾਪਨ ਤੱਕ ਮੋਰਚੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਰਹੇ । ਇਸ ਤੋਂ ਬਿਨਾਂ ਪਟਿਆਲਾ ਦੇ ਵਲੰਟੀਅਰਾਂ ਨੇ ਵੀ ਲਗਾਤਾਰ ਡਿਊਟੀਆਂ ਨਿਭਾਈਆਂ । ਬਾਕੀ ਜਿਲ੍ਹੇ ਪੱਕੇ ਵਲੰਟੀਅਰ ਨਹੀਂ ਭੇਜ ਸਕੇ ਪਰ ਬਦਲਵੇਂ ਦਿਨਾਂ ‘ਚ ਜਲੰਧਰ, ਤਰਨਤਾਰਨ, ਅਮ੍ਰਿਤਸਰ, ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ, ਫਾਜ਼ਿਲਕਾ, ਲੁਧਿਆਣਾ ਆਦਿ ਜਿਲ੍ਹਿਆਂ ਦੇ ਵਲੰਟੀਅਰਾਂ ਨੇ ਵੀ ਬਹੁਤ ਸਿਦਕਦਿਲੀ ਨਾਲ ਕੰਮ ਕੀਤਾ । ਸਾਥੀ ਹਰਮੀਤ ਅਤੇ ਗੁਰਸੇਵਕ ਨੇ ਮੋਰਚੇ ਦੀ ਕਾਮਯਾਬੀ ਲਈ ਜਰੂਰੀ ਹਰ ਕਾਰਜ ਵਿੱਚ ਮਿਸਾਲੀ ਯੋਗਦਾਨ ਪਾਇਆ ।
ਮੀਡੀਆ ਕਵਰੇਜ
ਇਹ ਅਕਸਰ ਹੀ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਐਕਸ਼ਨ ਬਹੁਤ ਵੱਡੇ ਕਰ ਲੈਂਦੇ ਹਾਂ ਪਰ ਮੀਡੀਆ ਕਵਰੇਜ ਪੱਖੋਂ ਕਮਜ਼ੋਰੀ ਰਹਿ ਜਾਂਦੀ ਹੈ । ਪਰ ਇਸ ਵਾਰ ਇਸ ਪੱਖੋਂ ਬਹੁਤ ਸੁਧਾਰ ਦੇਖਣ ਵਿੱਚ ਆਇਆ ਹੈ । ਪ੍ਰਿੰਟ ਅਤੇ ਬਿਜਲਈ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਸਾਡੀ ਮੋਰਚੇ ਦੀ ਵਿਸ਼ਾਲ ਚਰਚਾ ਰਹੀ ਹੈ । ਸਾਡੀ ਪਾਰਟੀ ਵਲੋਂ ਸੋਸ਼ਲ ਮੀਡੀਆ ‘ਤੇ ਚਲਾਏ ਜਾਂਦੇ ‘ਸੰਗਰਾਮ ਟੀਵੀ’ ‘ਤੇ ਵਾਇਰਲ ਕੀਤੀ ਗਈ ਇੱਕ ਵੀਡੀਓ ਨੂੰ ਹਜਾਰਾਂ ਲੋਕਾਂ ਵਲੋਂ ਦੇਖਿਆ ਅਤੇ ਸਰਾਹਿਆ ਗਿਆ ਹੈ । ਇਸ ਵਾਰ ਸਾਡੇ ਆਗੂਆਂ ਦੇ ਭਾਸ਼ਣਾਂ ਅਤੇ ਮੋਰਚੇ ਨਾਲ ਸਬੰਧਤ ਸਰਗਰਮੀਆਂ ਦੀ ਲਾਈਵ ਕਵਰੇਜ (ਸਿੱਧਾ ਪ੍ਰਸਾਰਣ) ਵੀ ਕਾਫੀ ਹੋਇਆ ਹੈ । ਇਸ ਕਾਰਜ ਵਿੱਚ ਸਾਥੀ ਗੁਰਸੇਵਕ ਸਿੰਘ, ਹਰਨੇਕ ਸਿੰਘ ਗੁੱਜਰਵਾਲ ਅਤੇ ਗਗਨਦੀਪ ਸਰਦੂਲਗੜ੍ਹ ਨੇ ਉੱਘੜਵਾਂ ਹਿੱਸਾ ਪਾਇਆ । ਉਂਝ ਇਹ ਵੀ ਚੰਗੀ ਗੱਲ ਹੈ ਕਿ ਇਸ ਤਰਜ਼ ਦਾ ਪਰਚਾਰ ਕਰਨ ਵਾਲੇ ਸਾਥੀਆਂ ਦੀ ਗਿਣਤੀ ਸਾਡੀ ਪਾਰਟੀ ‘ਚ ਵਧਦੀ ਜਾ ਰਹੀ ਹੈ । ਪਰ ਇਹ ਵੀ ਸੱਚ ਹੈ ਕਿ ਇਸ ਪੱਖੋਂ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਸਾਡੇ ਯਤਨ ਬਹੁਤ ਊਣੇ ਹਨ ਅਤੇ ਇਸ ਪੱਖੋਂ ਬੜਾ ਕੁੱਝ ਕੀਤਾ ਜਾਣਾ ਲੋੜੀਂਦਾ ਹੈ ।
ਪਾਰਟੀ ਫੈਸਲੇ ਅਨੁਸਾਰ ਹਰ ਜਿਲ੍ਹੇ ਦੇ ਸਾਥੀ ਆਪਣੀ ਵਾਰੀ ਵਾਲੇ ਦਿਨ ਮੋਰਚੇ ਵਿੱਚ ਪੁੱਜ ਕੇ ਰਾਤ ਰਹਿੰਦੇ ਰਹੇ ਅਤੇ ਅਗਲੇ ਦਿਨ ਪੁੱਜਣ ਵਾਲੇ ਸਾਥੀਆਂ ਨਾਲ ਸਾਂਝੀ ਜਨਸਭਾ ਅਤੇ ਮਾਰਚ ਵਿੱਚ ਸ਼ਾਮਲ ਹੋ ਕੇ ਮੁੜਦੇ ਰਹੇ ਹਨ । ਇਸ ਫੈਸਲੇ ਨਾਲ ਮੋਰਚੇ ਨੂੰ ਮਜਬੂਤੀ ਮਿਲੀ ਅਤੇ ਰੋਜਾਨਾ ਦੇ ਐਕਸ਼ਨ ਪ੍ਰਭਾਵਸ਼ਾਲੀ ਬਣੇ । ਪਰ ਇਸ ਫੈਸਲੇ ਦੀ ਉਲੰਘਣਾ ਦੀਆਂ ਚੰਦ ਕੁ ਦੁਖਦਾਈ ਮਿਸਾਲਾਂ ਵੀ ਹਨ । ਪਾਰਟੀ ਕਮੇਟੀਆਂ ਇਸ ਪੱਖੋਂ ਸੁਧਾਰ ਦੇ ਯਤਨ ਕਰਨ । ਪਰ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਉਲੰਘਣਾ ਦੇ ਦੋਸ਼ੀ ਸਾਥੀ ਆਪਣਾ ਸਵੈ ਵਿਸ਼ਲੇਸ਼ਣ ਕਰਕੇ ਆਪਣੇ ਆਪ ਨਾਲ ਪਾਰਟੀ ਫੈਸਲਿਆਂ ਪ੍ਰਤੀ ਪਾਬੰਦ ਰਹਿਣ ਦਾ ਪ੍ਰਣ ਕਰਨ ।
ਇਹ ਕਾਫੀ ਤਸੱਲੀ ਦਾ ਵਿਸ਼ਾ ਹੈ ਕਿ ਮੋਰਚੇ ਦੌਰਾਨ ਝੰਡੇ, ਮਾਟੋ, ਤਖਤੀਆਂ, ਫਲੈਕਸਾਂ, ਬੈਜਾਂ ਆਦਿ ਦੀ ਵੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਗਈ । ਇਸ ਸਭ ਸਾਜੋ ਸਮਾਨ ਨੇ ਮੋਰਚੇ ਦੀ ਦਿੱਖ ਨੂੰ ਚਾਰ ਚੰਨ ਲਾਏ । ਐਪਰ ਇਹ ਵੀ ਸੱਚ ਹੈ ਕਿ ਇਸ ਸਾਰੀ ਸਮੱਗਰੀ ਦਾ ਵੱਡਾ ਹਿੱਸਾ ਸੂਬਾ ਕੇਂਦਰ ਵਲੋਂ ਤਿਆਰ ਕੀਤਾ ਗਿਆ ਸੀ । ਜਿਆਦਾਤਰ ਜਿਲ੍ਹਾ ਕਮੇਟੀਆਂ ਦੀ ਸੰਗਰਾਮਾਂ ਸਬੰਧੀ ਵਿਉਂਤਬੰਦੀ ‘ਚੋਂ ਪ੍ਰਚਾਰ ਸਮੱਗਰੀ ਦੇ ਮਹੱਤਵ ਪੱਖੋਂ ਲੋੜੀਂਦੀ ਸੰਜੀਦਗੀ ਨਹੀਂ ਝਲਕਦੀ ।
ਸੂਬਾ ਕੇਂਦਰ ਤੋਂ ਛਾਪੀ ਗਈ ਦੁਵਰਕੀ, ਹੱਥ ਪਰਚਾ ਅਤੇ ਉੱਘੀਆਂ ਸ਼ਖਸੀਅਤਾਂ ਤੇ ਸੰਗਠਨਾਂ ਨੂੰ ਦਿੱਤੇ ਜਾਣ ਵਾਲੀ ਚਿੱਠੀ ਹਰ ਜਿਲ੍ਹੇ ਵਿੱਚ ਭੇਜੀ ਗਈ । ਲੁਧਿਆਣੇ ਨੂੰ ਛੱਡ ਕੇ ਕਿਸੇ ਜਿਲ੍ਹਾ ਕਮੇਟੀ ਨੇ ਇਹ ਦੁਵਰਕੀ ਜਾਂ ਹੱਥ ਪਰਚਾ ਆਪਣੇ ਪੱਧਰ ‘ਤੇ ਦੁਬਾਰਾ ਨਹੀਂ ਛਾਪਿਆ । ਹਾਂ! ਇਹ ਦੁਵਰਕੀ ਅਤੇ ਹੱਥ ਪਰਚਾ ਇਸ ਵਾਰ ਵੰਡਿਆ ਜਰੂਰ ਗਿਆ ਹੈ। ਪਰ ਪੰਚਾਇਤਾਂ ਆਦਿ ਨੂੰ ਦਿੱਤੇ ਜਾਣ ਵਾਲੀ ਚਿੱਠੀ ਬਾਬਤ ਕੋਈ ਇਕੱਸਾਰ ਤੇ ਉਤਸ਼ਾਹਜਨਕ ਰਿਪੋਰਟਾਂ ਨਹੀਂ ਹਨ । ਇਸੇ ਤਰ੍ਹਾਂ ਮੁਨਾਦੀ ਕਰਨ ਵਾਲੇ ਫੈਸਲੇ ਨੂੰ ਪਹਿਲਾਂ ਦੇ ਮੁਕਾਬਲੇ ਬੇਸ਼ਕ ਵਧੇਰੇ ਲਾਗੂ ਕੀਤਾ ਗਿਆ ਹੈ । ਪਰ ਪਾਰਟੀ ਸਫਾਂ ਤੋਂ ਬਾਹਰਲੇ ਜਨ ਸਮੂਹਾਂ ਅੰਦਰ ਪਾਰਟੀ ਐਕਸ਼ਨਾਂ ਅਤੇ ਸਮਝਦਾਰੀ ਦੇ ਪ੍ਰਚਾਰ ਦੀ ਲੋੜ ਬਾਰੇ ਸਮਝਦਾਰੀ ਨੂੰ ਹਾਲੇ ਵੀ ਸਮੁੱਚੀ ਪਾਰਟੀ ਦੀ ਸਮਝਦਾਰੀ ਦਾ ਹਿੱਸਾ ਨਹੀਂ ਬਣਾਇਆ ਜਾ ਸਕਿਆ। ਐਪਰ ਇਸ ਸੰਘਰਸ਼ ਦੀ ਮੁੱਢਲੀ ਪੜਚੋਲ ਤੋਂ ਪਾਰਟੀ ਦੇ ਕਰਨ ਗੋਚਰੇ ਅਨੇਕਾਂ ਨਵੇਂ ਕੰਮਾਂ ਦੀ ਨਿਸ਼ਾਨਦੇਹੀ ਵੀ ਹੋਈ ਹੈ । ਸੰਭਾਵਨਾਵਾਂ ਇਹ ਹਨ ਕਿ ਇਹ ਸੰਗਰਾਮ ਨਿਵੇਕਲੇ ਰੂਪਾਂ ਵਿੱਚ ਵਿਸ਼ਾਲ ਪੈਮਾਨੇ ਉੱਤੇ ਜਾਰੀ ਰਹੇਗਾ। ਉਸ ਅਵਸਥਾ ਵਿੱਚ ਇਸ ਗੰਭੀਰ ਘੋਖ-ਪੜਤਾਲ ਦੇ ਨਤੀਜੇ ਬਹੁਤ ਲਾਹੇਵੰਦੇ ਰਹਿਣਗੇ । ਇਸ ਸੰਗਰਾਮ ਦੇ ਪਹਿਲੇ ਦੋ ਪੜਾਵਾਂ ਦਾ ਸੰਖੇਪ ਰੀਵਿਊ ਵੀ ਲਾਹੇਵੰਦਾ ਰਹੇਗਾ।
ਕੁੱਝ ਕੁ ਪਾਰਟੀ ਆਗੂ ਬੀਮਾਰੀ ਕਾਰਨ ਮੋਰਚੇ ਵਿੱਚ ਸ਼ਰੀਰਕ ਤੌਰ ‘ਤੇ ਸ਼ਾਮਲ ਨਹੀਂ ਹੋ ਸਕੇ ਪਰ ਉਹ ਮੋਰਚੇ ਦੇ ਅੰਗ-ਸੰਗ ਹੀ ਰਹੇ ਹਨ । ਪਰੰਤੂ ਉਹ ਕਮੇਟੀਆਂ ਦੇ ਮੈਂਬਰ ਅਤੇ ਬ੍ਰਾਂਚਾਂ ਜੋ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਏ ਉਨ੍ਹਾਂ ਦੀ ਨਿਸ਼ਾਨਦੇਹੀ ਅਤੇ ਪੁੱਛ-ਪੜਤਾਲ ਲਾਜ਼ਮੀ ਹੋਣੀ ਚਾਹੀਦੀ ਹੈ ।
ਇਸ ਮੋਰਚੇ ਵਿੱਚ ਬੇਜਮੀਨੇ ਪੇਂਡੂ ਮਜ਼ਦੂਰਾਂ ਅਤੇ ਇਸੇ ਵਰਗ ਦੇ ਨੌਜਵਾਨਾਂ ਦੀ ਸ਼ਮੂਲੀਅਤ ਕਮਿਊਨਿਸਟ ਲਹਿਰ ਦੇ ਸ਼ਾਨਦਾਰ ਵਾਧੇ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ । ਗਰੀਬ ਕਿਸਾਨੀ ਦੀ ਵੀ ਚੰਗੀ ਸ਼ਮੂਲੀਅਤ ਰਹੀ ਹੈ । ਐਪਰ ਜਲੰਧਰ-ਅਮ੍ਰਿਤਸਰ ਨੂੰ ਛੱਡ ਕੇ ਸ਼ਹਿਰੀ ਮਜ਼ਦੂਰਾਂ ਅਤੇ ਨਿਮਨ ਮੱਧ ਵਰਗ ਦੀ ਇਸ ਮੋਰਚੇ ਵਿੱਚ ਨਾਂਅ ਮਾਤਰ ਭਾਗੀਦਾਰੀ ਸਮੁੱਚੀ ਪਾਰਟੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ । ਇਹ ਕਮਜੋਰੀ ਦੂਰ ਕਰਨ ਦੇ ਬਿਨਾਂ ਦੇਰੀ ਠੋਸ ਯਤਨ ਆਰੰਭ ਦੇਣੇ ਚਾਹੀਦੇ ਹਨ ।
ਕੁਲ ਮਿਲਾ ਕੇ ਇਹ ਮੋਰਚਾ ਨਾ ਕੇਵਲ ਬੇਹੱਦ ਕਾਮਯਾਬ ਕਹਾਏ ਜਾਣ ਦਾ ਹੱਕਦਾਰ ਹੈ ਬਲਕਿ ਪੰਜਾਬ ਅੰਦਰ ਭਵਿੱਖ ਦੇ ਜਮਹੂਰੀ ਸੰਗਰਾਮਾਂ ‘ਤੇ ਇਸ ਮੋਰਚੇ ਦੇ ਪੈਣ ਵਾਲੇ ਹਾਂ ਪੱਖੀ ਪ੍ਰਭਾਵ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਪਹਿਲੀ ਪ੍ਰਾਪਤੀ ਇਸ ਮੋਰਚੇ ਦੀ ਇਹ ਹੈ ਕਿ ਇਸ ਦੀਆਂ ਹੱਕੀ ਤੇ ਤਰਕਸੰਗਤ ਮੰਗਾਂ ਵੱਡੀ ਪੱਧਰ ‘ਤੇ ਲੋਕ ਚਰਚਾ ਦਾ ਹਿੱਸਾ ਬਣੀਆਂ ਹਨ । ਇਹ ਮੋਰਚਾ ਇਹ ਮਿੱਥ ਤੋੜਣ ਵਿੱਚ ਵੀ ਕਾਫੀ ਹੱਦ ਤੱਕ ਸਫਲ ਰਿਹਾ ਹੈ ਕਿ ਸਿਆਸੀ ਪਾਰਟੀਆਂ ਲੰਮੇ ਮੋਰਚੇ ਨਹੀਂ ਲਾ ਸਕਦੀਆਂ ਜਾਂ ਲੰਮੀ ਮਿਆਦ ਦੇ ਸੰਘਰਸ਼ ਨਹੀਂ ਲੜ ਸਕਦੀਆਂ । ਇਸ ਮੋਰਚੇ ਨੇ ਜਿੱਥੇ ਆਰ ਐਮ ਪੀ ਆਈ ਦੇ ਵਕਾਰ ਅਤੇ ਹਰਮਨ ਪਿਆਰਤਾ ਵਿੱਚ ਗਿਣਨ ਯੋਗ ਵਾਧਾ ਕੀਤਾ ਹੈ ਉੱਥੇ ਲੋਕ ਮਸਲਿਆਂ ਦੇ ਨਿਪਟਾਰੇ ਲਈ ਲਾਲ ਝੰਡੇ ਦੇ ਆਜ਼ਾਦਾਨਾ ਅਤੇ ਸਾਂਝੇ ਸੰਗਰਾਮਾਂ ਦੇ ਮਹੱਤਵ ਨੂੰ ਵੀ ਮੁੜ ਤੋਂ ਉਭਾਰਿਆ ਹੈ ।
ਆਪਾਂ ਸਾਰਿਆਂ ਨੂੰ ਉਪਰੱਲੀਆਂ ਠੋਸ ਪ੍ਰਾਪਤੀਆਂ ਦਾ ਲਾਹਾ ਲੈਂਦਿਆਂ ਕਮਜੋਰੀਆਂ ਉੱਪਰ ਲੈਨਿਨਵਾਦੀ ਵਿਧੀ ਰਾਹੀਂ ਕਾਬੂ ਪਾਉਂਦਿਆਂ ਅਗਲੇਰੇ ਪੜਾਵਾਂ ਦੇ ਸੰਗਰਾਮਾਂ ਦੀ ਤਿਆਰੀ ਲਈ ਜੁੱਟ ਜਾਣਾ ਚਾਹੀਦਾ ਹੈ । ਰਿਪੋਰਟ : ਮਹੀਪਾਲ
‘ਕਸ਼ਮੀਰ ‘ਤੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ’ ਵੱਲੋਂ ਵਿਸ਼ਾਲ ਲਾਮਬੰਦੀ ਦਾ ਐਲਾਨ
ਪੰਜਾਬ ਦੀਆਂ ਖੱਬੇ ਪੱਖੀ ਅਤੇ ਇਨਕਲਾਬੀ ਪਾਰਟੀਆਂ ਤੇ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿਚ ਸੀ.ਪੀ.ਆਈ ਵਲੋਂ ਕਾਮਰੇਡ ਬੰਤ ਸਿੰਘ ਬਰਾੜ, ਐਮ.ਐਸ. ਭਾਟੀਆ, ਚਮਕੌਰ ਸਿੰਘ, ਆਰ.ਐਮ.ਪੀ.ਆਈ. ਵਲੋਂ ਪ੍ਰੋ. ਜੈਪਾਲ ਸਿੰਘ, ਪਰਗਟ ਸਿੰਘ ਜਾਮਾਰਾਏ, ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਵਲੋਂ ਕਾਮਰੇਡ ਦਰਸ਼ਨ ਸਿੰਘ ਖਟਕੜ, ਇਨਕਲਾਬੀ ਕੇਂਦਰ ਪੰਜਾਬ ਵਲੋਂ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਵਲੋਂ ਤਾਰਾ ਸਿਘ ਮੋਗਾ, ਸੁਖਵਿੰਦਰ ਕੌਰ, ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਸਤਵੰਤ ਸਿੰਘ ਵਜੀਦਪੁਰ, ਰਾਜੇਸ਼ ਮਲਹੋਤਰਾ, ਇਨਕਲਾਬੀ ਜਮਹੂਰੀ ਮੋਰਚਾ ਵਲੋਂ ਨਰਿੰਦਰ ਨਿੰਦੀ ਸ਼ਾਮਲ ਹੋਏ। ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਸਹਿਮਤੀ ਭੇਜੀ ਗਈ। ਕਸ਼ਮੀਰ ‘ਚ ਧਾਰਾ 370 ਅਤੇ 35-ਏ ਮੂਲ ਰੂਪ ‘ਚ ਬਹਾਲ ਕਰਨ, ਕੇਂਦਰ ਪ੍ਰਸ਼ਾਸਤ ਪ੍ਰਦੇਸ਼ ਰੱਦ ਕਰਕੇ ਕਸ਼ਮੀਰ ਦਾ ਪੂਰਨ ਰਾਜ ਦਾ ਪਹਿਲਾਂ ਵਾਂਗ ਦਰਜਾ ਬਹਾਲ ਕਰਨ, ਕਸ਼ਮੀਰ ‘ਚੋਂ ਸੈਨਿਕ ਬਲ ਬਾਹਰ ਕੱਢਣ, ਅਫਸਪਾ, ਯੂ.ਏ.ਪੀ.ਏ., ਪੀ.ਐਸ.ਏ. ਜਿਹੇ ਸਾਰੇ ਕਾਲੇ ਕਾਨੂੰਨ ਰੱਦ ਕਰਨ, ਜੰਮੂ ਕਸ਼ਮੀਰ ‘ਚ ਇੰਟਰਨੈਟ ਸੰਚਾਰ, ਸਿਹਤ, ਸਿੱਖਿਆ ਸੇਵਾਵਾਂ ਬਹਾਲ ਕਰਨ, ਗ੍ਰਿਫਤਾਰ ਕੀਤੇ ਸਾਰੇ ਆਗੂ ਤੇ ਆਮ ਲੋਕਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ, ਜਮਹੂਰੀ ਹੱਕ ਬਹਾਲ ਕਰਨ ਆਦਿ ਮੰਗਾਂ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਸ ਕਾਰਵਾਈ ਨੂੰ ਗੈਰ ਸੰਵਿਧਾਨਕ, ਗੈਰ ਜਮਹੂਰੀ ਕਰਾਰ ਦਿੱਤਾ ਗਿਆ।
ਮੀਟਿੰਗ ‘ਚ ਹਾਜ਼ਰ ਪ੍ਰਤੀਨਿਧਾਂ ਨੇ ਇਸ ਕਾਰਵਾਈ ਨੂੰ ਸਿਰੇ ਦਾ ਫਾਸ਼ੀਵਾਦੀ ਹਮਲਾ ਕਰਾਰ ਦਿੰਦਿਆਂ ਧਾਰਮਕ ਘੱਟ ਗਿਣਤੀਆਂ ਨੂੰ ਦਬਾਉਣ ਦੀ ਇਸ ਨੀਤੀ ਨੂੰ ਇਨਸਾਫ ਪਸੰਦ ਜਮਹੂਰੀ ਲੋਕਾਂ ਲਈ ਇਕ ਵੱਡੀ ਚੁਣੌਤੀ ਵਜੋਂ ਸਵੀਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਪੂਰੀ ਕਸ਼ਮੀਰ ਵਾਦੀ ਨੂੰ ਜੇਲ੍ਹ ‘ਚ ਬਦਲ ਕੇ ਲੋਕਾਂ ਦੇ ਕਾਰੋਬਾਰ ਖਤਮ ਕਰਕੇ, ਭੁੱਖੇ ਮਾਰਕੇ, ਗ੍ਰਿਫਤਾਰੀਆਂ ਕਰਕੇ, ਬੱਚਿਆਂ ਨੂੰ ਘਰਾਂ ਚੋਂ ਚੁੱਕ ਕੇ, ਪੈਲਟ ਗੰਨਾਂ ਨਾਲ ਆਮ ਲੋਕਾਂ ਨੂੰ ਵਿੰਨ੍ਹ ਕੇ, ਕੁਟਾਪੇ ਚਾੜ੍ਹ ਕੇ, ਸਕੂਲ, ਕਾਲਜ ਬੰਦ ਕਰਕੇ, ਸੰਚਾਰ ਸੇਵਾਵਾਂ ਰੋਕ ਕੇ ਮੋਦੀ ਦੀ ਭਾਜਪਾ ਹਕੂਮਤ ਕਿਹੜਾ ‘ਸਵਰਗ’ ਬਣਾ ਰਹੀ ਹੈ, ਦੇਸ਼ ਦੇ ਲੋਕ ਭਲੀਭਾਂਤ ਜਾਣਦੇ ਹਨ।
ਅਸਲ ‘ਚ ਧਾਰਾ 35ਏ ਖਤਮ ਕਰਕੇ ਮੋਦੀ ਹਕੂਮਤ ਇਸ ਵਾਦੀ ‘ਚ ਕਾਰਪੋਰੇਟਾਂ ਲਈ ਸਵਰਗ ਉਸਾਰਨਾ ਚਾਹੁੰਦੀ ਹੈ। ਸੰਘੀ ਹਕੂਮਤ ਦੇਸ਼ ‘ਚ ਇਕ ਸਿਵਲ ਕੋਡ, ਇਕ ਭਾਸ਼ਾ, ਇਕ ਕੌਮ, ਇਕ ਸਿੱਖਿਆ ਨੀਤੀ ਰਾਹੀਂ ਦੇਸ਼ ਨੂੰ ਫਿਰਕੂ ਜ਼ਹਿਰ ਦੇ ਕੱਟੜ, ਜਨੂੰਨੀ ਪੰਜਿਆਂ ‘ਚ ਫਸਾ ਕੇ ਲੁੱਟ ਦੇ ਰਾਜ ਦੀ ਉਮਰ ਲੰਮੀ ਕਰਨਾ ਚਾਹੁੰਦੀ ਹੈ। ਇਸ ਅਤਿਅੰਤ ਖਤਰਨਾਕ ਚੁਣੌਤੀ ਦਾ ਸਾਹਮਣਾ ਕਰਨ ਲਈ, ਲੋਕਾਂ ਨੂੰ ਇਸ ਫਾਸ਼ੀ ਹਮਲੇ ਵਿਰੁੱਧ ਸੁਚੇਤ ਕਰਨ ਲਈ ‘ਸਮੁੱਚੀਆਂ’ ਖੱਬੀਆਂ ਤੇ ਇਨਕਲਾਬੀ ਧਿਰਾਂ ਨੇ ਰਲ ਕੇ ਇਸ ਮੀਟਿੰਗ ‘ਚ ‘ਕਸ਼ਮੀਰ ‘ਤੇ ਫਾਸ਼ੀਵਾਦੀ ਹਮਲੇ ਵਿਰੁੱਧ ਫਰੰਟ, ਪੰਜਾਬ’ ਨਾਂਅ ਦੇ ਸਾਂਝੇ ਪਲੇਟਫਾਰਮ ਦੀ ਸਥਾਪਨਾ ਕੀਤੀ। ਇਸ ਫਰੰਟ ਵਲੋਂ 7 ਅਕਤੂਬਰ ਤੋਂ 14 ਅਕਤੂਬਰ ਤੱਕ ਮੋਗਾ, ਪਟਿਆਲਾ, ਜਲੰਧਰ, ਅਮ੍ਰਿਤਸਰ ‘ਚ ਵਿਸ਼ਾਲ ਕਾਨਫਰੰਸਾਂ ਅਤੇ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਨੂੰ ਸੂਬਾਈ ਆਗੂ ਸੰਬੋਧਨ ਕਰਨਗੇ।
ਬਟਾਲਾ ਪਟਾਕਾ ਫੈਕਟਰੀ ਹਾਦਸਾ ਪੀੜਤਾਂ ਨੂੰ ਮੁਆਵਜ਼ੇ ਲਈ ਸੰਘਰਸ਼
ਸਨਅਤੀ ਸ਼ਹਿਰ ਬਟਾਲਾ ਵਿਚ 4 ਸਤੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਜਲੰਧਰ ਰੋਡ ਹੁਸਲੀ ਪੁਲ ਦੇ ਨਜ਼ਦੀਕ ਇਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਕਾਰਨ 23 ਲੋਕਾਂ ਦੀਆਂ ਮੌਤਾਂ ਹੋ ਗਈਆਂ ਅਤੇ 27 ਤੋਂ ਵੱਧ ਲੋਕ ਜਖ਼ਮੀ ਹੋਏ। ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਪਟਾਕਾ ਫੈਕਟਰੀ ਦੇ ਆਲੇ ਦੁਆਲੇ 200 ਮੀਟਰ ਦੀ ਦੂਰੀ ਤੱਕ ਦੁਕਾਨਾਂ ਤੇ ਘਰਾਂ ਦੀਆਂ ਇਮਾਰਤਾਂ, ਵਹੀਕਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਇਸ ਧਮਾਕੇ ਨਾਲ ਕਈ ਲੋਕਾਂ ਦੇ ਕੰਨਾਂ ਦੇ ਪਰਦੇ ਤੱਕ ਪਾਟ ਗਏ। ਇਹ ਪਟਾਕਾ ਫੈਕਟਰੀ ਸ਼ਹਿਰ ਦੀ ਸੰਘਣੀ ਅਬਾਦੀ ਵਿਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇਸ ਪਟਾਕਾ ਫੈਕਟਰੀ ਦਾ ਲਾਇਸੈਂਸ ਕਾਫੀ ਸਮਾਂ ਪਹਿਲਾਂ ਰੱਦ ਹੋ ਚੁੱਕਾ ਹੈ ਤੇ ਇਹ ਫੈਕਟਰੀ ਕਾਗਜਾਂ ਵਿਚ ਕਾਦੀਆਂ ਰੋਡ ‘ਤੇ ਚੱਲਦੀ ਹੈ।
ਇਹ ਦਰਦਨਾਕ ਹਾਦਸਾ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਵਾਪਰਿਆ। ਇਸ ਫੈਕਟਰੀ ਵਿਚ 2017 ਵਿਚ ਵੀ ਇਕ ਧਮਾਕਾ ਹੋਇਆ ਸੀ ਮਜ਼ਦੂਰਾਂ ਦੀ ਮੌਤ ਵੀ ਹੋਈ ਸੀ। ਉਸ ਸਮੇਂ ਫੈਕਟਰੀ ਦੇ ਆਂਢ-ਗੁਆਂਢ ਵਿਚ ਰਹਿੰਦੇ ਘਰਾਂ ਵਾਲੇ ਲੋਕਾਂ, ਦੁਕਾਨਦਾਰਾਂ ਨੇ ਲਿਖਤੀ ਦਰਖਾਸਤ ਵੀ ਦਿੱਤੀ ਅਤੇ ਐਫ.ਆਈ.ਆਰ. ਹੋਣ ਦੇ ਬਾਵਜੂਦ ਵੀ ਇਹ ਫੈਕਟਰੀ ਚੱਲਦੀ ਰਹੀ। ਹਾਦਸੇ ਵਾਲੇ ਦਿਨ ਸ਼ਹਿਰ ਅੰਦਰ ਕਾਫੀ ਭੀੜ ਸੀ ਕਿਉਂਕਿ ਅਗਲੇ ਦਿਨ 5 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸੀ।
ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਇਸ ਹਾਦਸੇ ਲਈ ਡੀਸੀ ਗੁਰਦਾਸਪੁਰ, ਐਸ.ਡੀ.ਐਮ. ਬਟਾਲਾ, ਐਸ.ਐਸ.ਪੀ. ਬਟਾਲਾ ਅਤੇ ਨਗਰ ਕੌਂਸਲ ਪ੍ਰਧਾਨ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ ਇਹਨਾਂ ‘ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਇਕ ਸਰਕਾਰੀ ਨੌਕਰੀ ਤੇ ਗੰਭੀਰ ਜਖ਼ਮੀਆਂ ਨੂੰ 5-5 ਲੱਖ ਰੁਪਏ ਦਿੱਤੇ ਜਾਣ। ਫੈਕਟਰੀ ਦੇ ਆਲੇ ਦੁਆਲੇ ਹੋਏ ਦੁਕਾਨਦਾਰਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਸ਼ਹਿਰ ਦੀ ਅਬਾਦੀ ਵਿਚ ਲੱਗੇ ਕਾਰਖਾਨੇ ਜਿਹੜੇ ਨੁਕਸਾਨਦੇਹ ਹਨ, ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਅਤੇ ਇਸ ਹਾਦਸੇ ਦੀ ਹਾਈਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਵਾਈ ਜਾਵੇ। ਹਾਦਸਾ ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਸੰਨੀ ਦਿਓਲ ਵੀ ਬਿਨਾ ਕੋਈ ਮੁਆਵਜ਼ਾ ਦਿੱਤੇ ਚੱਲਦੇ ਬਣੇ।
ਇਸ ਹਾਦਸੇ ਦੇ ਸ਼ਿਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਹਾਦਸੇ ਲਈ ਜਿੰਮੇਵਾਰ ਅਧਿਕਾਰੀਆਂ ਤੇ ਮੁਕੱਦਮਾ ਦਰਜ ਕਰਵਾਉਣ ਲਈ 20 ਸਤੰਬਰ ਨੂੰ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਆਰ.ਐਮ.ਪੀ. ਆਈ. ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਸ਼ਹਿਰ ਬਟਾਲਾ ਵਿਚ ਕਾਲੀਆਂ ਝੰਡੀਆਂ ਲੈ ਕੇ ਮੁਜ਼ਾਹਰਾ ਕਰਨ ਉਪਰੰਤ ਐਸ.ਡੀ.ਐਮ. ਬਟਾਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਵੀ ਦਿੱਤਾ ਗਿਆ। ਸਰਵਸਾਥੀ ਜਰਨੈਲ ਸਿੰਘ, ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਬਟਾਲਾ ਅਤੇ ਗੁਰਮੀਤ ਬਖਤਪੁਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਇਹ ਵਾਜਬ ਮੰਗਾਂ ਨਾ ਮੰਨੀਆਂ ਤਾਂ ਖੱਬੀਆਂ ਪਾਰਟੀਆਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੀਆਂ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਸੀ.ਟੀ.ਯੂ. ਪੰਜਾਬ ਵਲੋਂ ਸਫਲ ਕੰਨਵੈਨਸ਼ਨ
Ãੈਂਟਰ ਆਫ ਟਰੇਡ ਯੂਨੀਅਨ (CTU) ਪੰਜਾਬ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਮਜਦੂਰ ਵਿਰੋਧੀ ਫੈਸਲਿਆਂ ਵਿਰੁੱਧ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ ਜਿਸ ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਇੰਦਰਜੀਤ ਸਿੰਘ ਗਰੇਵਾਲ, ਕਾਮਰੇਡ ਵਿਜੇ ਮਿਸ਼ਰਾ ਅਤੇ ਜਸਵੰਤ ਸਿੰਘ ਸੰਧੂ ‘ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਨੇ ਦੇਸ਼ ਦੇ ਮਜਦੂਰਾਂ ਲਈ ਬਣੇ 44 ਕਿਰਤ ਕਾਨੂੰਨ ਨੂੰ ਤੋੜ ਕੇ 4 ਲੇਬਰ ਕੋਡਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਕਾਨੂੰਨ ਮਜਦੂਰਾਂ ਦੇ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਸਦਕਾ ਬਣੇ ਸਨ। ਲੋੜ ਇਸ ਗੱਲ ਦੀ ਸੀ ਕਿ ਇਹਨਾਂ ਕਾਨੂੰਨਾਂ ਨੂੰ ਹੋਰ ਮਜ਼ਦੂਰ ਪੱਖੀ ਬਣਾਇਆ ਜਾਂਦਾ ਅਤੇ ਇਨ੍ਹਾਂ ਨੂੰ ਸਖਤੀ ਨਾਲ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਂਦਾ ਪਰ ਮੋਦੀ ਸਰਕਾਰ 4 ਲੇਬਰ ਕੋਡ ਬਣਾ ਕੇ ਜਿਹੜੀਆਂ ਕੁਝ ਕੁ ਅੱਧ-ਪਚੱਧੀਆਂ ਸਹੂਲਤਾਂ ਮਿਲਦੀਆਂ ਹਨ ਉਹ ਵੀ ਖੋਹਣ ਜਾ ਰਹੀ ਹੈ। ਮੋਦੀ ਸਰਕਾਰ ਇਕ ਪਾਸੇ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀ ਹੈ ਦੂਜੇ ਪਾਸੇ ਫਿਰਕੂ ਫਾਸ਼ੀਵਾਦੀ ਨੀਤੀਆਂ ਲਾਗੂ ਕਰਕੇ ਸਮਾਜ ਦਾ ਫਿਰਕੂ ਧਰੁਵੀਕਰਨ ਕਰ ਰਹੀ ਹੈ। ਇਸ ਨਾਲ ਜਿੱਥੇ ਦੇਸ਼ ਦੇ ਧਰਮ ਨਿਰਪੱਖ, ਲੋਕ ਰਾਜੀ ਤੇ ਸੰਘਾਤਮਕ ਢਾਂਚੇ ਨੂੰ ਭਾਰੀ ਸੱਟ ਵੱਜੇਗੀ ਉਥੇ ਦੇਸ਼ ਦੇ ਸਮੂਹ ਕਿਰਤੀਆਂ ਦੀ ਫੌਲਾਦੀ ਏਕਤਾ ਨੂੰ ਵੀ ਢਾਹ ਲੱਗੇਗੀ। ਸਾਥੀ ਪਾਸਲਾ ਨੇ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਫਿਰਕੂ ਤਾਕਤਾਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਕੇ ਘੋਲਾਂ ਦੇ ਮੈਦਾਨ ਵਿਚ ਨਿਤਰਨ।
ਸੀਟੀਯੂ ਦੇ ਪ੍ਰਧਾਨ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀ ਹੈ ਉਥੇ ਪੰਜਾਬ ਸਰਕਾਰ ਵੀ ਮਜਦੂਰਾਂ ਦੀ ਕੋਈ ਸਾਰ ਨਹੀਂ ਲੈ ਰਹੀ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। 2012 ਤੋਂ ਬਾਅਦ ਤਨਖਾਹਾਂ ਵਿਚ ਕੋਈ ਵੀ ਸੋਧ ਨਹੀਂ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਅਣ-ਸਿੱਖਿਅਤ ਮਜ਼ਦੂਰ ਦੀ ਘੱਟੋ-ਘੱਟ ਉਜਰਤ 18000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਉਘੇ ਟਰੇਡ ਯੂਨੀਅਨ ਆਗੂ ਸਾਥੀ ਵਿਜੇ ਮਿਸ਼ਰਾ ਨੇ ਕਿਹਾ ਕਿ ਮਜ਼ਦੂਰ ਦੇਸ਼ ਵਿਚ ਵਧੀ ਮਹਿੰਗਾਈ ਤੇ ਹੋਰ ਸਮਾਜਕ ਹਾਲਤਾਂ ਦੇ ਮੱਦੇ ਨਜ਼ਰ 600 ਰੁਪਏ ਪ੍ਰਤੀ ਦਿਨ ਮਜਦੂਰੀ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ 15 ਜੂਲਾਈ 2019 ਨੂੰ 178 ਰੁਪਏ ਪ੍ਰਤੀ ਦਿਨ ਘੱਟੋ ਘੱਟ ਮਜ਼ਦੂਰੀ ਨਿਰਧਾਰਤ ਕਰਕੇ ਪਿਛਲੇ 2 ਸਾਲ ਵਿਚ ਸਿਰਫ 2 ਰੁਪਏ ਪ੍ਰਤੀ ਦਿਨ ਦਾ ਵਾਧਾ ਕਰਕੇ ਦੇਸ਼ ਦੇ ਮਜਦੂਰਾਂ ਨਾਲ ਕੋਝਾ ਮਜਾਕ ਕੀਤਾ ਹੈ। ਜਦੋਂਕਿ ਇਸ ਸਰਕਾਰ ਵਲੋਂ ਬਣਾਈ ਕਮੇਟੀ ਨੇ 447 ਰੁਪਏ ਪ੍ਰਤੀ ਦਿਨ ਘੱਟੋ ਘੱਟ ਮਜ਼ਦੂਰੀ ਦੇਣ ਦੀ ਸਿਫਾਰਸ਼ ਕੀਤੀ ਸੀ।
ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਗਸਤ 2017 ਤੋਂ ਨਿਰਮਾਣ ਮਜਦੂਰਾਂ ਨੂੰ ਆਨ-ਲਾਈਨ ਰਜਿਸਟਰ ਅਤੇ ਨਵੀਨੀਕਰਨ ਕਰਨ ਦੇ ਨਾਂਅ ਹੇਠ ਪਹਿਲਾਂ ਮਿਲ ਰਹੀਆਂ ਸਹੂਲਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਨੇ ਮਜਦੂਰਾਂ ਵਿਰੁੱਧ ਇਹ ਫੈਸਲਾ ਕੀਤਾ ਉਥੇ ਇਸ ਤੋਂ ਵੀ ਅੱਗੇ ਕੇਂਦਰ ਸਰਕਾਰ ਨੇ ਨਿਰਮਾਣ ਮਜਦੂਰਾਂ ਦੀ ਭਲਾਈ ਲਈ ਬਣੇ 1996 ਦੇ ਕਾਨੂੰਨ ਨੂੰ ਵੀ 12 ਹੋਰ ਕਾਨੂੰਨਾਂ ਸਮੇਤ ਇਕ ਕੋਡ ਵਿਚ ਤਬਦੀਲ ਕਰਕੇ ਕਿੱਤਾਕਾਰੀ ਸੁਰੱਖਿਆ, ਸਿਹਤ ਤੇ ਕੰਮ ਸਥਿਤੀਆਂ ਬਾਰੇ ਕਿਰਤ ਕੋਡ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮਜ਼ਦੂਰ ਵਿਰੋਧੀ ਫੈਸਲੇ ਵਿਰੁੱਧ ਪੂਰੇ ਪੰਜਾਬ ਅੰਦਰ 30 ਸਿਤੰਬਰ ਨੂੰ ਧਰਨੇ ਦਿਤੇ ਜਾਣਗੇ।
ਸੀਟੀਯੂ ਪੰਜਾਬ ਦੇ ਜਨਰਲ ਸੱਕਤਰ ਸਾਥੀ ਨੱਥਾ ਸਿੰਘ ਨੇ ਕਿਹਾ ਕਿ ਨਵੇਂ ਕਿਰਤ ਕੋਡਾਂ ਨਾਲ ਪੱਕੀ ਨੌਕਰੀ ਸੁਪਨੇ ਦੀ ਗੱਲ ਹੋ ਜਾਵੇਗੀ। ਮਿੱਥੇ ਸਮੇਂ ਦੀ ਨੌਕਰੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਮਜ਼ਦੂਰ ਨੂੰ ਜਦੋਂ ਮਰਜੀ ਰੱਖੋ ਤੇ ਜਦੋਂ ਮਰਜ਼ੀ ਕੱਢ ਦੇਵੋ, ਇਹ ਮਾਲਿਕ ਦੀ ਮਰਜ਼ੀ ਹੋਵੇਗੀ। ਇਸ ਤਰ੍ਹਾਂ ਮਜ਼ਦੂਰਾਂ ਨੂੰ ਇਕ ਵਾਰ ਮੁੜ ਗੁਲਾਮਦਾਰੀ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਗੈਰ ਜਥੇਬੰਦ ਮਜ਼ਦੂਰਾਂ ਨੂੰ ਵੀ ਸਮਾਜਿਕ ਸੁਰਖਿਆ ਕਾਨੂੰਨ 2008 ਤਹਿਤ ਰਜਿਸਟਰਡ ਕਰਕੇ ਉਹਾਂ ਨੂੰ ਭਲਾਈ ਲਾਭ, ਪੈਨਸ਼ਨ, ਬੱਚਿਆਂ ਦੀ ਪੜ੍ਹਾਈ ਲਈ ਵਜੀਫੇ ਆਦਿ ਦਿੱਤੇ ਜਾਣ।
ਸਾਥੀ ਸ਼ਿਵ ਕੁਮਾਰ ਨੇ ਕਿਹਾ ਕਿ ਇਸ ਵੇਲੇ ਭੱਠਾ ਮਜ਼ਦੂਰਾਂ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਭੱਠਿਆਂ ਤੇ ਸਾਰੇ ਕਿਰਤ ਕਾਨੂੰਨ ਲਾਗੂ ਕਰੇ। ਸਾਥੀ ਜਸਵੰਤ ਸੰਧੂ ਨੇ ਮੰਗ ਕੀਤੀ ਕਿ ਸ਼ਾਹਪੁਰਕੰਡੀ ਡੈਮ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ।
ਕਨਵੈਨਸ਼ਨ ਨੇ ਨੋਟ ਕੀਤਾ ਕਿ ਦੇਸ਼ ਵਿਚ ਆਰਥਕ ਸੰਕਟ ਸਦਕਾ ਆਟੋਮੋਬਾਇਲ ਵਰਗੇ ਵੱਡੇ ਸਨਅਤੀ ਖੇਤਰ ਵਿਚ ਲੱਖਾਂ ਮਜ਼ਦੂਰ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਪੰਜਾਬ ਵਿਚ ਵੀ ਟੈਕਸਟਾਇਲ, ਸਪੋਰਟਸ, ਹੌਜਰੀ, ਮਸ਼ੀਨ ਟੂਲਜ ਆਦਿ ਖੇਤਰਾਂ ਨਾਲ ਸਬੰਧਤ ਛੋਟੇ ਤੇ ਦਰਮਿਆਨੇ ਸਨਅਤੀ ਅਦਾਰੇ ਬੰਦ ਹੋਣ ਕਰਕੇ ਮਜ਼ਦੂਰਾਂ ਨੂੰ ਆਪਣੇ ਰੋਜ਼ਗਾਰ ਤੋਂ ਹੱਥ ਧੋਣਾ ਪੈ ਰਿਹਾ ਹੈ। ਕੰਨਵੈਨਸ਼ਨ ਨੇ ਮੰਗ ਕੀਤੀ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਅਰਥਚਾਰੇ ਦੇ ਮੰਦੇ ਦੇ ਨਾਂਅ ‘ਤੇ ਗੱਫੇ ਦੇਣ ਦੀ ਥਾਂ ਛੋਟੀਆਂ ਤੇ ਦਰਮਿਆਨੀ ਸਨਅਤਾਂ ਨੂੰ ਵਸੀਲੇ ਪ੍ਰਦਾਨ ਕਰੇ, ਜਿਹੜੇ ਕਿ ਵੱਡੀ ਗਿਣਤੀ ਵਿਚ ਰੋਜ਼ਗਾਰ ਪ੍ਰਦਾਨ ਕਰਦੇ ਹਨ। ਇਸਦੇ ਨਾਲ ਹੀ ਸਰਕਾਰ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੀ ਖਰੀਦ ਸ਼ਕਤੀ ਵਧਾਉਣ ਵਾਲੇ ਕਦਮ ਚੁੱਕੇ ਤਾਂਕਿ ਦੇਸ਼ ਦੇ ਅਰਥਚਾਰੇ ਨੂੰ ਸੰਕਟ ‘ਚੋਂ ਕੱਢਿਆ ਜਾ ਸਕੇ। ਕਨਵੈਨਸ਼ਨ ਵਲੋਂ ਫੈਸਲਾ ਕੀਤਾ ਗਿਆ ਕਿ 7-8 ਨਵੰਬਰ ਨੂੰ ਜਲੰਧਰ ਵਿਖੇ ਸੀ.ਟੀ.ਯੂ. ਪੰਜਾਬ ਦਾ ਜਥੇਬੰਦਕ ਅਜਲਾਸ ਕੀਤਾ ਜਾਵੇਗਾ ਜਿਸ ਵਿਚ ਕੇਂਦਰ ਤੇ ਸੂਬਾਈ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਕਦਮਾਂ ਵਿਰੁੱਧ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਉਸ ਤੋਂ ਪਹਿਲਾਂ 31 ਅਕਤੂਬਰ ਤੱਕ ਸਾਰੀਆਂ ਸਬੰਧਤ ਯੂਨੀਅਨਾਂ ਦੇ ਅਜਲਾਸ ਕਰ ਲਏ ਜਾਣਗੇ।
ਰੇਲਵੇ ਦੇ ਨਿੱਜੀਕਰਣ ਵਿਰੁੱਧ ਜੇ.ਪੀ.ਐਮ.ਓ. ਵਲੋਂ ਰੋਸ ਰੈਲੀਆਂ
ਰੇਲਵੇ ਅਤੇ ਕੌਮੀ ਮਹੱਤਵ ਦੇ ਹੋਰਨਾਂ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਣ ਵਿਰੁੱਧ ਲੁਧਿਆਣਾ ਅਤੇ ਪਠਾਨਕੋਟ ਰੇਲਵੇ ਸਟੇਸ਼ਨਾਂ ਉੱਪਰ ਲਾਮਿਸਾਲ ਰੋਸ ਰੈਲੀਆਂ ਕੀਤੀਆਂ ਗਈਆਂ । ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੀ ਸੂਬਾਈ ਕਮੇਟੀ ਦੇ ਸੱਦੇ ਤੇ ਕੀਤੀਆਂ ਗਈਆਂ ਉਕਤ ਰੈਲੀਆਂ ਨੂੰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵਲੋਂ ਡਵੀਜ਼ਨਲ ਸਕੱਤਰ ਸਾਥੀ ਸ਼ਿਵ ਦੱਤ , ਸੀਟੀਯੂ ਪੰਜਾਬ ਵਲੋਂ ਪ੍ਰਧਾਨ ਅਤੇ ਸਕੱਤਰ ਸਾਥੀ ਇੰਦਰਜੀਤ ਸਿੰਘ ਗਰੇਵਾਲ ਅਤੇ ਨੱਥਾ ਸਿੰਘ ਢਡਵਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਪ੍ਰਧਾਨ ਸਾਥੀ ਸਤੀਸ਼ ਰਾਣਾ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਆਗੂਆਂ ਵਲੋਂ ਸਾਥੀ ਹਰਿੰਦਰ ਰੰਧਾਵਾ ਅਤੇ ਗੁਰਦੀਪ ਸਿੰਘ ਕਲਸੀ, ਜਮਹੂਰੀ ਕਿਸਾਨ ਸਭਾ ਵਲੋਂ ਸਾਥੀ ਰਘਬੀਰ ਸਿੰਘ ਬੈਨੀਪਾਲ ਅਤੇ ਮਾਸਟਰ ਦਲਬੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਵਲੋਂ ਸਾਥੀ ਅਮਰਜੀਤ ਮੱਟੂ ਅਤੇ ਅਜੀਤ ਰਾਜ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਾਥੀ ਹਰਨੇਕ ਸਿੰਘ ਗੁੱਜਰਵਾਲ ਅਤੇ ਰਵੀ ਕੁਮਾਰ ਕਟਾਰੂ ਚੱਕ, ਉੱਘੇ ਬੁੱਧੀਜੀਵੀ ਪ੍ਰੋਫੈਸਰ ਜੈ ਪਾਲ, ਜਨਵਾਦੀ ਇਸਤਰੀ ਸਭਾ ਵਲੋਂ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਪੀਐਮਓ ਵਲੋਂ ਰੇਲਵੇ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਵਿਰੁੱਧ ਲਹੂ ਵੀਟਵੇਂ ਸੰਘਰਸ਼ਾਂ ਦੇ ਨਿਰਮਾਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ।
ਨਾਜਾਇਜ਼ ਮੁਕੱਦਮੇ ਦਰਜ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਚੋਗਾਵਾਂ ਵਿਚ ਵਾਪਰੇ ਪੁਲੀਸ ਦੀ ਕੁੱਟਮਾਰ ਦੇ ਕੇਸ ਵਿੱਚ ਪੁਲੀਸ ਵੱਲੋਂ ਨਜਾਇਜ਼ ਨਾਮਜ਼ਦ ਕੀਤੇ ਜਾ ਰਹੇ ਨੌਜਵਾਨਾਂ ਦੇ ਹੱਕ ਵਿੱਚ ‘ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ’ (ਜੇਪੀਐਮਓ) ਵੱਲੋਂ ਪਿੰਡ ਟਪਿਆਲਾ ਵਿਚ ਬੀਬੀ ਕੰਵਲਜੀਤ ਕੌਰ, ਬੀਬੀ ਬਲਵਿੰਦਰ ਕੌਰ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪ੍ਰਸ਼ਾਸ਼ਨ ਖ਼ਿਲਾਫ਼ 17 ਸਿਤੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਜੇਪੀਐਮਓ ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਬੀਬੀ ਬਲਵਿੰਦਰ ਕੌਰ ਅਤੇ ਨੌਜਵਾਨ ਆਗੂ ਜਸਬੀਰ ਸਿੰਘ ਟਪਿਆਲਾ ਨੇ ਕਿਹਾ ਕਿ ਚੋਗਾਵਾਂ ਵਿਚ ਪੁਲੀਸ ਦੀ ਕੁੱਟਮਾਰ ਦੇ ਵਾਪਰੇ ਕਾਂਡ ਦੀ ਉਹ ਨਿੰਦਾ ਕਰਦੇ ਹਨ ਪਰ ਪੁਲੀਸ ਵੱਲੋਂ ਨੌਜਵਾਨਾਂ ਨੂੰ ਨਜਾਇਜ਼ ਗ੍ਰਿਫ਼ਤਾਰ ਕਰਕੇ ਕੇਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਟਪਿਆਲਾ ਦੇ ਨੌਜਵਾਨ ਜਤਿੰਦਰਪਾਲ ਸਿੰਘ ਉਰਫ਼ ਸ਼ੁਭ, ਗੁਰਵਿੰਦਰ ਸਿੰਘ ਭੁੱਲਰ ਅਤੇ ਅਜੀਤ ਸਿੰਘ ਚੋਗਾਵਾਂ ਦਾ ਇਸ ਕੇਸ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਪੁਲੀਸ ਵੱਲੋਂ ਉਨ੍ਹਾਂ ਨੂੰ ਘਰੋਂ ਫੜ ਕੇ ਉਨ੍ਹਾਂ ਉਪਰ ਕੇਸ ਪਾਇਆ ਗਿਆ ਅਤੇ ਭਾਰੀ ਤਸ਼ੱਦਦ ਕੀਤਾ ਗਿਆ ਹੈ। ਜਿਸਦਾ ਇਲਾਕੇ ਭਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨਾਂ ਉੱਤੇ ਦਰਜ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ।
ਤਰਨਤਾਰਨ ਦੇ ਡੇਹਰਾ ਸਾਹਿਬ ਵਿਖੇ ਪੁਲਸ ਚੌਕੀ ਦਾ ਘਿਰਾਓ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਾਰਟੀ ਦੇ ਆਗੂ ਮੁਖਤਾਰ ਸਿੰਘ ਨਾਲ ਡੇਹਰਾ ਸਾਹਿਬ ਚੌਕੀ ਇੰਚਾਰਜ ਵੱਲੋ ਦੁਰਵਿਵਹਾਰ ਕਰਨ ਦੇ ਮਾਮਲੇ ਨੂੰ ਲੈ ਕੇ ਡੇਹਰਾ ਸਾਹਿਬ ਚੌਕੀ ਦਾ ਘਿਰਾਓ ਕੀਤਾ ਗਿਆ। ਘਿਰਾਓ ਦੀ ਅਗਵਾਈ ਬਲਵਿੰਦਰ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾਪਿੰਡ, ਨਰਿੰਦਰ ਸਿੰਘ ਤੁੜ, ਸਰਬਜੀਤ ਸਿੰਘ ਭਰੋਵਾਲ ਨੇ ਕੀਤੀ । ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ, ਆਰਐਮਪੀਆਈ ਦੇ ਆਗੂ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ ਨੇ ਕਿਹਾ ਕਿ ਚੌਕੀ ਇੰਚਾਰਜ ਮੁਖਤਾਰ ਸਿੰਘ ਵੱਲੋ ਦਾਰਾ ਸਿੰਘ ਨਾਲ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੌਕੀ ਵਿਚ ਲੰਮੇ ਸਮੇਂ ਤੋਂ ਲਟਕ ਰਹੀਆਂ ਦਰਖਾਸਤਾਂ ‘ਤੇ ਸਰਕਾਰੀ ਦਬਾਅ ਹੋਣ ਕਾਰਨ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਜਿਸ ਕਰਕੇ ਲੋਕਾਂ ਨੂੰ ਚੌਕੀ ਦਾ ਘਿਰਾਓ ਕਰਨਾ ਪਿਆ। ਲਗਾਤਾਰ ਚਾਰ ਘੰਟੇ ਦੇ ਘਿਰਾਓ ਤੋਂ ਬਾਅਦ ਐੱਸਐੱਚਓ ਗੋਇੰਦਵਾਲ ਬਲਜਿੰਦਰ ਸਿੰਘ ਬਾਜਵਾ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਹੀ ਮਸਲੇ ਜਲਦੀ ਹੱਲ ਕੀਤੇ ਜਾਣਗੇ । ਅੱਗੇ ਤੋਂ ਕਿਸੇ ਨੂੰ ਵੀ ਗਲਤ ਸ਼ਬਦਾਵਲੀ ਨਹੀਂ ਬੋਲੀ ਜਾਵੇਗੀ। ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਰਾਜਞਿੰਦਰ ਸਿੰਘ ਰਾਜੂ, ਬੂਟਾ ਸਿੰਘ, ਨਰਿੰਜਨ ਸਿੰਘ ਕੋਟ, ਮੈਂਬਰ ਪੰਚਾਇਤ ਕਸ਼ਮੀਰ ਸਿੰਘ, ਗੁਰਜਿੰਦਰ ਸਿੰਘ ਤੁੜ, ਨਬਾਬ ਸਿੰਘ ਰਾਣੀਵਲਾਹ ਵੀ ਹਾਜ਼ਰ ਸਨ।
ਨੌਜਵਾਨਾਂ ਦਾ ਹਲਕਾ ਵਿਧਾਇਕ ਦੇ ਦਫਤਰ ਸਾਹਮਣੇ ਧਰਨਾ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਜ਼ਿਲ੍ਹਾ ਇਕਾਈ ਦੀ ਅਗਵਾਈ ਵਿਚ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਨਸ਼ਿਆਂ ਅਤੇ ਬੇਰੁਜ਼ਗਾਰੀ ਆਦਿ ਮੁੱਦਿਆਂ ਨੂੰ ਲੈ ਕੇ 25 ਅਗਸਤ ਨੂੰ ਤਰਨ ਤਾਰਨ ਵਿਖੇ ਰੈਲੀ ਕੀਤੀ ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਰਕਾਰੀ ਦਫਤਰ ਸਾਹਮਣੇ ਧਰਨਾ ਦਿੱਤਾ।
ਅਤਿ ਦੀ ਗਰਮੀ ਵਿਚ ਦਿੱਤੇ ਧਰਨੇ ਵਿਚ ਜਥੇਬੰਦੀ ਦਾ ਇਕ ਵਰਕਰ ਗਰਮੀ ਬਰਦਾਸ਼ਤ ਨਾ ਕਰਦਾ ਹੋਇਆ ਬੇਹੋਸ਼ ਹੋ ਗਿਆ, ਜਿਸ ਨੂੰ ਮੁੱਢਲਾ ਉਪਚਾਰ ਦਿੱਤਾ ਗਿਆ ਤੇ ਸੂਰਤ ਸੰਭਾਲਣ ਮਗਰੋਂ ਉਹ ਮੁੜ ਨਾਅਰੇਬਾਜ਼ੀ ਕਰਨ ਲੱਗਾ। ਵਰਕਰਾਂ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਨੇ ਕੀਤੀ। ਇਕੱਠ ਨੂੰ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਚਾਰ ਹਫਤਿਆਂ ਅੰਦਰ ਨਸ਼ਿਆਂ ਦਾ ਖਾਤਮਾ ਕਰਨ, ਘਰ ਘਰ ਰੁਜਗਾਰ ਦੇਣ, ਸਮਾਰਟ ਫੋਨ, ਮੁਫ਼ਤ ਵਿਦਿਆ ਤੇ ਸਿਹਤ ਸੇਵਾਵਾਂ ਦੇਣ ਆਦਿ ਵਾਅਦੇ ਪੂਰੇ ਨਾ ਕਰਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਜ਼ਿਆਦਾ ਤੇ ਵੱਡੀ ਪੱਧਰ ‘ਤੇ ਚਲ ਰਿਹਾ ਹੈ। ਜਥੇਬੰਦੀ ਨੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਚੋਣ ਵਾਅਦੇ ਯਾਦ ਦਿਵਾਉਣ ਲਈ ਮੰਗ ਪੱਤਰ ਵੀ ਦਿੱਤਾ, ਜਿਸ ਵਿਚ ਨੌਜਵਾਨਾਂ ਨੂੰੂ ਨੌਕਰੀਆਂ ਦੇਣ, ਨਸ਼ਿਆਂ ਦੇ ਖਾਤਮੇ ਲਈ, ਮੁਢਲੀ ਵਿਦਿਆ ਤੇ ਸਿਹਤ ਸੇਵਾਵਾਂ ਦੇਣ, ਪੋਸਟ ਮ੍ਰੈਟਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ, ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਕੀਤੀ ਜਾ ਰਹੀ ਛੇੜਛਾੜ ਰੋਕੇ ਜਾਣ, ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਵਾਧਾ ਵਾਪਸ ਕਰਵਾਉਣ ਆਦਿ ਮੰਗਾਂ ਸ਼ਾਮਲ ਸਨ।
ਦਿਹਾਤੀ ਮਜ਼ਦੂਰ ਸਭਾ ਵਲੋਂ ਥਾਣੇ ਦਾ ਘਿਰਾਓ
ਮੁਕਤਸਰ ਜ਼ਿਲ੍ਹੇ ਦੇ ਪਿੰਡ ਸੰਗੂਧੌਣ ‘ਚ ਪਿਛਲੇ ਦਿਨੀਂ ਪਿੰਡ ਦੇ ਹੀ ਇਕ ਪਰਿਵਾਰ ਵਲੋਂ ਪੰਚਾਇਤੀ ਜ਼ਮੀਨ ‘ਤੇ ਝੁੱਗੀਆਂ ਪਾ ਕੇ ਬੈਠੇ ਮਜ਼ਦੂਰਾਂ ਦੀ ਬੇਰਹਿਮੀ ਨਾਲ ਕੀਤੀ ਕਥਿਤ ਕੁੱਟਮਾਰ ਤੇ ਝੁੱਗੀਆਂ ਪੁੱਟਣ ਦੇ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ‘ਚ ਸੈਂਕੜੇ ਮਜ਼ਦੂਰਾਂ ਵਲੋਂ ਥਾਣਾ ਸਦਰ ਮੁਕਤਸਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਸ਼ਹਿਰ ‘ਚ ਰੋਸ ਰੈਲੀ ਕੀਤੀ।
ਮਜ਼ਦੂਰਾਂ ਨੇ ਪੁਲਸ-ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸੰਗੂਧੌਣ, ਜਸਵਿੰਦਰ ਸਿੰਘ ਵੱਟੂ, ਲਖਵੀਰ ਸਿੰਘ ਤਖਤ ਮਲਾਣਾ, ਹਰਪਾਲ ਸਿੰਘ, ਕਰਮ ਸਿੰਘ ਮਦਰੱਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਪਿੰਡ ਸੰੜੂਧੌਣ ਦੇ ਬੇਘਰੇ ਦਲਿਤ ਮਜ਼ਦੂਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਸ਼ਾਮਲਾਟ ਜ਼ਮੀਨ ‘ਤੇ ਝੁੱਗੀਆਂ ਪਾ ਕੇ ਬੈਠੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਧਨਾਢ ਅਮਰਜੀਤ ਸਿੰਘ, ਸ਼ਮਿੰਦਰ ਸਿੰਘ, ਬਲਵਿੰਦਰ ਸਿੰਘ ਨੇ ਕਥਿਤ ਤੌਰ ‘ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ 50 ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ ਤੇ ਬਾਅਦ ਵਿਚ ਇਕ ਕਿਸਾਨ ਇਕਬਾਲ ਸਿੰਘ ਨੇ ਅਦਾਲਤ ਵਿਚ ਕੇਸ ਕਰਕੇ ਜਮੀਨ ਛੁਡਵਾ ਲਈ ਸੀ ਜਿੱਥੇ ਹੁਣ ਮਜ਼ਦੂਰਾਂ ਨੂੰ ਪਲਾਟ ਅਲਾਟ ਹੋਣੇ ਸਨ। ਆਗੂਆਂ ਨੇ ਆਖਿਆ ਕਿ ਇਸ ਰੰਜਿਸ਼ ‘ਤੇ ਚਲਦਿਆਂ ਪਿਛਲੇ ਦਿਨੀਂ ਝੁੱਗੀਆਂ ਪਾ ਕੇ ਬੈਠੇ ਮਜ਼ਦੂਰਾਂ ਦੀ ਧਨਾਢ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਮਜ਼ਦੂਰਾਂ ਦੇ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਸੱਟ ਮਾਰਨ ਵਾਲੇ ਵਿਅਕਤੀਆਂ ਤੇ ਐਸਸੀ/ਐਸਟੀ ਧਾਰਾ 354ਬੀ, 323, 341 ਆਈਪੀਸੀ ਤਹਿਤ ਥਾਣਾ ਸਦਰ ਮੁਕਤਸਰ ਵਿਖੇ ਮਾਮਲਾ ਦਰਜ ਕਰ ਲਿਆ ਸੀ ਤੇ ਇਕ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਬਾਕੀ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਥਾਣਾ ਸਦਰ ਦਾ ਘਿਰਾਓ ਕਰਨਾ ਪਿਆ।
ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਲਈ ਸੜਕ ਜਾਮ
ਦਿਹਾਤੀ ਮਜ਼ਦੂਰ ਸਭਾ ਦੀ ਬਰਨਾਲਾ ਜਿਲ੍ਹਾ ਕਮੇਟੀ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਮਹਿਲ ਕਲਾਂ ਵਿਖੇ, ਬਰਨਾਲਾ-ਲੁਧਿਆਣਾ ਮੁੱਖ ਮਾਰਗ ਉੱਪਰ ਘੰਟਿਆਂ ਬੱਧੀ ਜਾਮ ਲਾਇਆ ਗਿਆ । ਇਸ ਐਕਸ਼ਨ ਦੀ ਅਗਵਾਈ ਜਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ, ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਸਮੁੱਚੀ ਜਿਲ੍ਹਾ ਕਮੇਟੀ ਵੱਲੋਂ ਕੀਤੀ ਗਈ। ਸਖਤ ਰੋਸ ਅਤੇ ਜਬਰਦਸਤ ਸੜਕ ਜਾਮ ਦੇ ਮੱਦੇਨਜ਼ਰ ਆਕੜਕੰਨੇ ਅਧਿਕਾਰੀ ਨੇ ਮੁੱਖ ਮਾਰਗ ਉੱਪਰ ਪਹੁੰਚ ਕੇ ਮਜ਼ਦੂਰਾਂ ਦੀ ਗੱਲ ਸੁਣੀ ਅਤੇ ਮੰਗਾਂ ਹੱਲ ਕਰਨ ਦਾ ਭਰੋਸਾ ਦਿਵਾਇਆ।
19 ਸਤੰਬਰ ਦੇ ਸ਼ਹੀਦਾਂ ਦੀ ਯਾਦ ‘ਚ 51ਵੀਂ ਸ਼ਹੀਦੀ ਕਾਨਫਰੰਸ
ਆਲ ਗੌਰਮਿੰਟ ਟਰੇਡ ਯੂਨੀਅਨ ਕੌਂਸਲ ਵਲੋਂ 19 ਸਤੰਬਰ 1968 ਦੀ ਕੇਂਦਰੀ ਮੁਲਾਜ਼ਮਾਂ ਦੀ ਕੁਲ ਹਿੰਦ ਹੜਤਾਲ ਸਮੇਂ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ‘ਚ ਪਠਾਨਕੋਟ ਵਿਖੇ 51ਵੀਂ ਸ਼ਹੀਦੀ ਕਾਨਫਰੰਸ ਕੀਤੀ ਗਈ। ਜਿਸ ‘ਚ ਕਈ ਜਥੇਬੰਦੀਆਂ ਦੇ ਆਗੂਆਂ ਤੇ ਰੇਲਵੇ ਦੇ ਹਜ਼ਾਰਾਂ ਕਰਮਚਾਰੀਆਂ ਨੇ ਹਿੱਸਾ ਲਿਆ। ਕਾਨਫਰੰਸ ਦੀ ਪ੍ਰਧਾਨਗੀ ਆਲ ਗੌਰਮਿੰਟ ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਕਾਮਰੇਡ ਹਰਿੰਦਰ ਸਿੰਘ ਰੰਧਾਵਾ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਅਤੇ ਨਾਰਦਨ ਰੇਲਵੇਮੈਨਜ਼ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਬੇਕਾਰ ਨਹੀਂ ਜਾਣ ਦੇਵਾਂਗੇ। ਉਨ੍ਹਾਂ ਕਿਹਾ ਸਰਕਾਰ ਨੇ 100 ਦਿਨ ਦੇ ਐਕਸ਼ਨ ਪਲਾਨ ਤਹਿਤ ਰੇਲਵੇ ‘ਚ ਨਿਗਮੀਕਰਨ ਅਤੇ ਨਿੱਜੀਕਰਨ ਨੂੰ ਵੜ੍ਹਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਰੇਲ ਕਰਮੀ ਬਰਦਾਸ਼ਤ ਨਹੀਂ ਕਰਨਗੇ।
ਸੀ.ਟੀ.ਯੂ. ਦੇ ਸੀਨੀਅਰ ਉਪ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਆਉਣ ਵਾਲੇ ਸਮੇਂ ‘ਚ ਸਰਕਾਰਾਂ ਸਰਕਾਰੀ ਨੌਕਰੀ ਨਹੀਂ ਰਹਿਣ ਦੇਣਗੀਆਂ, ਅੱਜ ਹੀ ਪੜ੍ਹੇ ਲਿਖੇ ਕਰੋੜਾਂ ਬੱਚੇ ਬੇਰੁਜ਼ਗਾਰ ਘੁੰਮ ਰਹੇ ਹਨ। ਇਨ੍ਹਾਂ ਦੀ ਗਿਣਤੀ ਵਿਚ ਹੋਰ ਕਈ ਗੁਣਾ ਵਾਧਾ ਹੋ ਜਾਵੇਗਾ। ਸਰਕਾਰਾਂ ਦਾ ਮੁੱਖ ਕੰਮ ਹਰ ਨਾਗਰਿਕ ਨੂੰ ਰੋਜ਼ੀ-ਰੋਟੀ, ਸਿਹਤ ਸੁਵਿਧਾਵਾਂ ਦੇਣਾ, ਸਾਰਿਆਂ ਨੂੰ ਸਿੱਖਿਆ ਦੇਣਾ ਹੈ। ਜਿਸ ਤੋਂ ਉਹ ਭੱਜ ਰਹੀ ਹੈ। ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਇਕ ਮੰਚ ‘ਤੇ ਇਕੱਠਾ ਹੋਣ ਅਤੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਜ਼ੋਰਦਾਰ ਸੱਦਾ ਦਿੱਤਾ। ਉਨ੍ਹਾਂ ਕਿਹਾ ਪ੍ਰਦੇਸ਼ ਅੰਦਰ ਜਲ ਸੰਕਟ ਤੇ ਬਿਜਲੀ ਦੀਆਂ ਦਰਾਂ ਸਾਰੇ ਸੂਬਿਆਂ ਨਾਲੋਂ ਮਹਿੰਗੀਆਂ ਹਨ, ਇਹ ਇਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਤੇ ਬਿਜਲੀ ਦੋਵੋਂ ਹੀ ਮਨੁੱਖ ਦੀ ਜੀਵਨ ਰੇਖਾ ਹਨ ਜੇਕਰ ਇਹ ਹੀ ਹਾਲਤ ਰਹੀ ਤਾਂ ਇਹ ਦੋਵੇਂ ਹੀ ਮਿਹਨਤਕਸ਼ਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਬਿਜਲੀ ਦੀਆਂ ਦਰਾਂ ਘਟਾਉਣ ਅਤੇ ਸਾਫ ਪਾਣੀ ਪੀਣ ਲਈ ਪ੍ਰਾਪਤ ਕਰਨ, ਪਾਣੀ ਦੀ ਸਾਂਭ ਸੰਭਾਲ ਲਈ ਸਰਕਾਰ ‘ਤੇ ਜ਼ੋਰ ਪਾਉਣ ਹਿੱਤ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਜ਼ੋਨਲ ਪ੍ਰਧਾਨ ਕਾਮਰੇਡ ਐਸ.ਕੇ. ਤਿਆਗੀ, ਮੰਡਲ ਸਕੱਤਰ ਕਾਮਰੇਡ ਸ਼ਿਵਦੱਤ, ਥੀਨ ਡੈਮ ਵਰਕਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਆਗੂ ਲਾਲ ਚੰਦ ਕਟਾਰੂਚੱਕ, ਸੀ.ਟੀ.ਯੂ. ਦੇ ਕਾਮਰੇਡ ਨੱਥਾ ਸਿੰਘ, ਕਾਮਰੇਡ ਸ਼ਿਵ ਕੁਮਾਰ, ਕਾ: ਕੁਲਵਿੰਦਰ ਗਰੇਵਾਲ, ਕਾਮਰੇਡ ਪ੍ਰਵੀਨ ਕੁਮਾਰ, ਪਰਮਜੀਤ ਸਿੰਘ, ਐਲ.ਐਮ. ਪਾਠਕ, ਕਿਸਾਨ ਸਭਾ ਦੇ ਦਲਵੀਰ ਸਿੰਘ, ਮਾਸਟਰ ਪ੍ਰੇਮ ਸਾਗਰ, ਕ੍ਰਿਸ਼ਨ ਪਹਿਲਵਾਨ, ਟੀ.ਆਰ. ਗੌਤਮ, ਰਮੇਸ਼ ਠਾਕੁਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।
रतिया में छात्रों द्वारा अपनी मांगों के लिये धरना
रतिया (हरियाणा) में सरदूलगढ़ रोड़ स्थित खालसा कालेज में प्रध्यापकों की कमी दूर करने और फीस वृद्धि वापस लेने की मांगों को लेकर 13 सितंबर को हरियाणा छात्र यूनियन की अगुवाई में छात्रों ने कालेज के गेट के आगे धरना दिया और प्रशासन व सरकार के खिलाफ रोष प्रदर्शन किया गया। आक्रोशित छात्रों ने रोषस्वरूप सरकार का पुतला भी फूंका।
छात्रों ने चेतावनी दी कि अगर उनकी समस्या का हल ना किया गया तो वह कड़ा आंदोलन करेंगे। धरने की अध्यक्षता यूनियन नेता अमर रतिया तथा कुलदीप खान ने की। हरियाणा छात्र यूनियन के अध्यक्ष रवि रतिया ने बताया कि खालसा कालेज में कई विषयों के प्रध्यापकों की कमी है तथा पूरे कालेज में अंग्रेजी विषय का एक ही प्रध्यापक है। इस कारण छात्रों की पढ़ाई खराब हो रही है। उन्होंने आरोप लगाया कि हरियाणा सरकार द्वारा कालेजों के अंदर फीस बढ़ाई गई थी जिसका हरियाणा छात्र यूनियन व अन्य संगठनों ने भारी विरोध किया था।
विरोध के बाद हरियाणा सरकार ने अपना फैसला वापस लिया था तथा यूनिवर्सिटी को पत्र जारी कर 15 दिन के अंदर छात्रों की बढ़ी फीस वापस करने के निर्देश दिए थे लेकिन आज 2 महीने के पश्चात भी छात्रों की बढ़ी हुई फीस वापस नहीं दी गई। इसके विरोध में खालसा कालेज के छात्र-छात्राओं ने कालेज के गेट के आगे धरना दिया व गेट बंद कर दिया और सरकार को चेतावनी भी दी कि अगर हमारी समस्या का हल 20 सितंबर तक नहीं हुआ कालेज गेट के आगे अनिश्चितकालीन धरना शुरू कर देंगे। इस मौके पर हरविंदर, शुभम, रेखा, प्रीतपाल, मोहिनी, सनी, संदीप, हिमांशु, अमरीक, पूजा, सोनिया, मीना, अंजू, बिंदर, गोपाल, सुनील, सुरेंद्र आदि मौजूद थे।
हरियाणा के रतिया में ‘धर्म निरपेक्षता व लोकतंत्र बचाओ’ कन्वैन्शन
भारतीय क्रांतिकारी माक्र्सवादी पार्टी (आरएमपीआई) द्वारा अग्रवाल धर्मशाला रतिया में 14 सितंबर को ‘धर्म निरपेक्षता व लोकतंत्र बचाओ’ विषय को लेकर कन्वेंशन की गई, जिस की अध्यक्षता कामरेड राजेश चौबारा व मनदीप सिंह नथवान ने की। मंच संचालन कामरेड तेजिंदर सिंह रतिया ने किया। मुख्य वक्ता प्रोफैसर जय पाल सिंह ने अपने विचार रखते हुए कहा कि शहीद भगत सिंह ने अपनी छोटी आयु में बहुत बड़ा काम किया। भगत सिंह के विचारों को लगातार पढऩे की जरूरत है, और उस का अध्ययन करके ही हम जातिवादी व पूंजीवादी व्यवस्था बदल सकते हैं। उन्होंने कहा कि आजादी प्राप्ति के संघर्ष के दौरान उपनिवेशी शासकों का साथ देने वाले आरएसएस का राजनीतिक विंग भाजपा आज देश में सत्ता पर काबिज है। जिसके कारण हमारे देश की सैद्धांतिक बुनियाद धर्म निरपेक्षता को खतरा पैदा हो गया है। संविधान के लोकतांत्रिक मूल्यों पर हमला करके जम्मू-कश्मीर में धारा 370 व 35ए को हटा कर और राज्य का दर्जा कम कर दिया गया है। पूरे राज्य में कर्फयू लगा कर विपक्ष के नेताओं व प्रमुख व्यापारी नेताओं को जेल में डाल दिया गया है।
साथी जयपाल ने बताया कि धर्मनिरपेक्षता का मतलब यह नहीं है कि हम धर्म को नहीं मानते, धर्म को मानना हर व्यक्ति का अपना निजी अधिकार है। चाहे वह मंदिर जाये, गुरुद्वारे, मस्जिद जाये लेकिन सभी धर्मों को अपने विचार रखने की तथा सभी व्यक्तियों को किसी धर्म को मानने की आजादी है। लेकिन भाजपा, आरएसएस अन्य धर्मों खास कर मुस्लिम धर्म के खिलाफ जहर घोल रहे हैं। भाजपा धर्म पर आधारित राजनीति कर रही है व जातिवादी नफरत भी पैदा कर रही है। साथी ने कहा गुरू नानक देव जी, गुरू रवि दास व गुरु कबीर, गुरू गोबिंद सिंह जी का संघर्ष, धर्मों के खिलाफ नहीं था। वह उस समय के जालिम शासकों के जुल्म के खिलाफ था। हमें जाति, धर्म से ऊपर उठकर रोटी, कपड़ा, मकान, शिक्षा, स्वास्थ्य रोजगार के लिये संघर्ष करना होगा और जहां मनुष्य द्वारा मनुष्य का शोषण न हो ऐसा समाज बनाना होगा।
इस कार्यक्रम में साथी शेर सिंह रोही, कामरेड कृष्ण स्वरूप, सुखचैन सिंह ने भी अपने विचार रखे।
रिपोर्ट : तेजिंदर सिंह रतिया
