Now Reading
ਜਦੋਂ ਭਾਰਤ ਵਿੱਚ ਪਹਿਲੀ ਵਾਰੀ ਮਨਾਇਆ ਗਿਆ ਮਈ ਦਿਹਾੜਾ

ਜਦੋਂ ਭਾਰਤ ਵਿੱਚ ਪਹਿਲੀ ਵਾਰੀ ਮਨਾਇਆ ਗਿਆ ਮਈ ਦਿਹਾੜਾ

1927 ਦੇ ਨਵੰਬਰ ਮਹੀਨੇ ਵਿੱਚ ਉਸ ਸਮੇਂ ਦੇ ਵੱਡੇ ਸਨਅਤੀ ਸ਼ਹਿਰ ਕਾਨਪੁਰ ਵਿਖੇ ਹੋਈ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ( ਏ ਆਈ ਟੀ ਯੂ ਸੀ ) ਦੀ 8ਵੀਂ ਕਾਨਫਰੰਸ ਵਿੱਚ ਜਨਰਲ ਸਕੱਤਰ ਵਲੋਂ ਪੇਸ਼ ਕੀਤੀ ਗਈ ਰੀਪੋਰਟ ਵਿੱਚ ਮੁੰਬਈ (ਉਸ ਵੇਲੇ ਬੰਬਈ ) ਅਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਮਈ ਦਿਹਾੜਾ ਮਨਾਏ ਜਾਣ ਦਾ ਜਿਕਰ ਹੈ । ਭਾਰਤ ਵਿੱਚ ਕੌਮਾਂਤਰੀ ਮਜਦੂਰ ਦਿਹਾੜਾ ਜਥੇਬੰਦਕ ਰੂਪ ਵਿੱਚ ਮਨਾਏ ਜਾਣ ਦੀ ਸ਼ੁਰੂਆਤ ਬਾਕੀ ਦੇਸ਼ਾਂ ਨਾਲੋਂ ਬਹੁਤ ਪਿਛੋਂ 1927 ਸਾਲ ਹੋਈ ਸੀ। ਅਮਰੀਕੀ ਕਿਰਤੀਆਂ ਨੇ ਉਨੀਵੀਂ ਸਦੀ ਦੇ ਛੇਵੇਂ ਦਹਾਕੇ ਵਿੱਚ ਅੱਠ ਘੰਟੇ ਦੀ ਕੰਮ ਦਿਹਾੜੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਦੀ ਸ਼ੁਰੂਆਤ ਕੀਤੀ । ਇਹ ਮਜਦੂਰ ਅੰਦੋਲਨ ਇੱਕ ਮਈ 1886 ਤੱਕ ਸ਼ਿਕਾਗੋ ਸ਼ਹਿਰ ਵਿੱਚ ਸਿਖਰ ਦੀ ਤੇਜੀ ਫੜ ਗਿਆ । ਪੁਲੀਸ ਜ਼ੁਲਮ ਦੌਰਾਨ ਸੰਘਰਸ਼ ਕਰ ਰਹੇ ਚਾਰ ਮਜ਼ਦੂਰਾਂ ਨੂੰ ਜਿੰਦਗੀ ਗੁਆਉਣੀ ਪਈ । ਇਸ ਪਿੱਛੋਂ ਅਦਾਲਤੀ ਮੁਕੱਦਮੇਬਾਜੀ ਦਾ ਲੰਮਾ ਨਾਟਕ ਚੱਲਿਆ ਅਤੇ ਚਾਰ ਮਜਦੂਰ ਆਗੂਆਂ ਪਾਰਸੰਸ, ਫਿਸ਼ਰ, ਹੁਏ ਅਤੇ ਏਂਗਲ ਨੂੰ ਇੱਕ ਪਾਸੜ ਫੈਸਲੇ ਰਾਹੀਂ ਫਾਹੇ ਚਾੜ੍ਹ ਦਿੱਤਾ ਗਿਆ । ਸ਼ਿਕਾਗੋ ਦੀ ਘਟਨਾ ਦੇ ਤਿੰਨ ਵਰ੍ਹਿਆਂ ਬਾਅਦ, ਸੰਸਾਰ ਸਮਾਜਵਾਦੀ ਅੰਦੋਲਨ ਦੇ ਆਗੂ, ਬਾਸਟਿਲ (ਫਰਾਂਸ) ਦਾ ਕਿਲਾ ਜਨਤਾ ਵਲੋਂ ਢਾਹੇ ਜਾਣ ਦੀ ਘਟਨਾ ਦੀ ਸੌਵੀਂ ਵਰ੍ਹੇਗੰਢ ਮਨਾਉਣ ਲਈ 14 ਫਰਵਰੀ 1889 ਵਾਲੇ ਦਿਨ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਇਕੱਤਰ ਹੋਏ । ਸਮਾਜਵਾਦੀਆਂ ਦੀ ਇਸੇ ਇਕੱਤਰਤਾ ਵਲੋਂ ਪਾਸ ਕੀਤੇ ਗਏ ਇਕ ਮਤੇ ਰਾਹੀਂ ਸੰਸਾਰ ਭਰ ਦੇ ਕਿਰਤੀਆਂ ਨੂੰ ਇੱਕ ਮਈ 1890 ਦਾ ਦਿਹਾੜਾ ਕੌਮਾਂਤਰੀ ਮਜਦੂਰ ਪ੍ਰਦਰਸ਼ਨ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ । ਇਸ ਅਪੀਲ ਨੂੰ ਦੁਨੀਆਂ ਭਰ ਦੇ ਕਿਰਤੀਆਂ ਵਲੋਂ ਲਾਮਿਸਾਲ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਇਹ ਦਿਨ ਵੱਡੇ ਪੱਧਰ ‘ਤੇ ਮਨਾਇਆ ਗਿਆ । ਉਸੇ ਸਮੇਂ ਤੋਂ ਪਹਿਲੀ ਮਈ ਨੂੰ ਮਜਦੂਰ ਇੱਕਜੁਟਤਾ ਦਿਵਸ ਵਜੋਂ ਮਨਾਏ ਜਾਣ ਦੀ ਸ਼ੁਰੂਆਤ ਹੋਈ। ਭਾਰਤ ਵਿੱਚ ਬੇਸ਼ਕ ਮਈ ਦਿਹਾੜਾ ਵਿਧੀਵਤ ਰੂਪ ਵਿੱਚ 1927 ਤੋਂ ਕੌਮੀ ਪੱਧਰ ‘ਤੇ ਮਨਾਏ ਜਾਣ ਦੀ ਰਵਾਇਤ ਪਈ , ਪਰ ਇਸ ਤੋਂ ਪਹਿਲਾਂ ਵੀ ਮਜਦੂਰ ਦਿਵਸ ਛਿਟਪੁਟ ਰੂਪ ਵਿੱਚ ਮਨਾਏ ਜਾਣ ਦੇ ਸਬੂਤ ਹਨ । 1926 ਵਿੱਚ ਮੁੰਬਈ ਵਿਖੇ ਐਨ ਐਸ ਮਿਰਾਜਕਰ, ਐਸ ਬੀ ਘਾਟੇ ਅਤੇ ਹੋਰਨਾਂ ਨੇਤਾਵਾਂ ਦੀ ਅਗਵਾਈ ਵਿੱਚ ਕੌਮਾਂਤਰੀ ਮਜਦੂਰ ਦਿਹਾੜਾ ਮਨਾਇਆ ਗਿਆ। ਇਨ੍ਹਾਂ ਸਮਾਰੋਹਾਂ ਵਿੱਚ ਨਗਰ ਪਾਲਿਕਾ ਕਰਮਚਾਰੀਆਂ ਨੇ ਪ੍ਰਮੁੱਖਤਾ ਨਾਲ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ ਸੀ । ਇਸ ਤੋਂ ਵੀ ਪਹਿਲਾਂ ਮਾਰਕਸਵਾਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਰਾਂਤੀਕਾਰੀ ਸਿੰਗਰਾਵੇਲੂ ਚੇੱਟੀਆਰ ਦੀ ਅਗਵਾਈ ਵਿੱਚ 1923 ਵਿੱਚ ਮਦਰਾਸ ਵਿਖੇ ਮਜਦੂਰ ਦਿਹਾੜਾ ਮਨਾਏ ਜਾਣ ਦੇ ਸਬੂਤ ਮੌਜੂਦ ਹਨ । ‘ਦ ਹਿੰਦੂ’ ਅਖਬਾਰ ਨੇ ਇਹਨਾਂ ਮਈ ਦਿਵਸ ਸਮਾਗਮਾਂ ਦੇ ਸਮਾਚਾਰ ਵੀ ਛਾਪੇ ਸਨ । ਅਖਬਾਰ ਅਨੁਸਾਰ ਇਹ ਸਮਾਗਮ ਮਦਰਾਸ ਵਿਖੇ ਦੋ ਥਾਂਵਾਂ ‘ਤੇ ਹੋਏ । ਪਹਿਲਾ ਸਮੁੰਦਰ ਕਿਨਾਰੇ ਮਦਰਾਸ ਹਾਈ ਕੋਰਟ ਦੇ ਸਾਹਮਣੇ ਜਿਸ ਦੀ ਪ੍ਰਧਾਨਗੀ ਸਿੰਗਰਾਵੇਲੂ ਚੇੱਟੀਆਰ ਨੇ ਕੀਤੀ ਸੀ । ਦੂਜਾ ਸਮਾਗਮ ਟਰਿਪਲੀਕੇਨ ਬੀਚ ‘ਤੇ ਹੋਇਆ ਜਿਸ ਦੀ ਪ੍ਰਧਾਨਗੀ ਐਸ ਕ੍ਰਿਸ਼ਨਾ ਸਵਾਮੀ ਵਲੋਂ ਕੀਤੀ ਗਈ ਸੀ । ‘ਦਿ ਹਿੰਦੂ’ ਅਖਬਾਰ ਨੇ ਲਿਖਿਆ ਕਿ ਇਨ੍ਹਾਂ ਸਮਾਗਮਾਂ ‘ਚ ਭਾਰੀ ਭੀੜ ਉਤਸ਼ਾਹ ਨਾਲ ਇਕੱਠੀ ਹੋਈ । ਅਖਬਾਰ ਨੇ ਇਨ੍ਹਾਂ ਸਮਾਗਮਾਂ ਦੀ ਰੀਪੋਰਟ ਵਿਸਤਾਰ ਨਾਲ ਛਾਪੀ ਜਿਸ ਦਾ ਸਮਾਪਨ ਸਿੰਗਰਾਵੇਲੂ ਚੇੱਟੀਆਰ ਦੇ ਭਾਸ਼ਣ ਦੇ ਮੁੱਖ ਨੁਕਤਿਆਂ ਨੂੰ ਉਭਾਰ ਕੇ ਪੇਸ਼ ਕਰਦਿਆਂ ਕੀਤਾ ਗਿਆ। ਉਨ੍ਹਾਂ ਮਈ ਦਿਹਾੜੇ ਦੇ ਮਹੱਤਵ ਨੂੰ ਉਭਾਰਦਿਆਂ ਕਿਹਾ ਕਿ ਇਹ ਦਿਨ ਸੰਸਾਰ ਕਿਰਤੀ ਲਈ ਬੇਹੱਦ ਪਵਿੱਤਰ ਦਿਵਸ ਹੈ, ਸਾਨੂੰ ਭਾਰਤੀ ਕਿਰਤੀਆਂ ਨੂੰ ਵੀ ਇਹ ਦਿਹਾੜਾ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਦੁਨੀਆਂ ਦੇ ਸਾਰੇ ਭਾਗਾਂ ਦੇ ਕਿਰਤੀ ਸਾਡੇ ਸਹਿਯੋਗ ਦੀ ਨਿਸ਼ਾਨਦੇਹੀ ਕਰ ਸਕਣ ਅਤੇ ਅਸੀਂ ਖੁਦ ਵੀ ਆਪਣੀ ਸ਼ਕਤੀ ਦਾ ਵਾਜਬ ਪ੍ਰਗਟਾਵਾ ਕਰ ਸਕੀਏ, ਸਾਨੂੰ ਮਜਦੂਰ ਕੇਂਦਰਾਂ ਵਜੋਂ ਦਫਤਰਾਂ ਦੀ ਸਥਾਪਨਾ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਕਿ ਭਵਿੱਖ ਵਿੱਚ ਇਹ ਸ਼ਾਨਦਾਰ ਇਮਾਰਤਾਂ ‘ਚ ਤਬਦੀਲ ਹੋਣ ਦੇ ਨਾਲ ਨਾਲ ਦੱਬੇ ਕੁਚਲੇ ਮਜ਼ਦੂਰਾਂ ਲਈ ਸ਼ਕਤੀ ਅਤੇ ਉਤਸ਼ਾਹ ਦੇ ਸੋਮੇ ਬਣ ਜਾਣ, ਮਜਦੂਰਾਂ ਅੰਦਰ ਇਹ ਅਹਿਸਾਸ ਜਾਗਣਾ ਚਾਹੀਦਾ ਹੈ ਕਿ ਉਹ ਵੀ ਇੱਕ ਜਮਾਤ ਹਨ । ਇਨ੍ਹਾਂ ਸਮਾਗਮਾਂ ਦੀਆਂ ਖਬਰਾਂ ‘ਮਦਰਾਸ ਮੇਲ’ ਅਖਬਾਰ ਨੇ ਵੀ ਛਾਇਆ ਕੀਤੀਆਂ । ਅਖਬਾਰ ਨੇ ਤਾਂ ਹਾਂ ਪੱਖੀ ਟਿੱਪਣੀਆਂ ਕਰਦੇ ਹੋਏ ਇਥੋਂ ਤੱਕ ਲਿਖਿਆ ਕਿ ਇਕ ਦਿਨ ਇਹ ਲੋਕ ਸੰਘਰਸ਼ ਕਰਦੇ ਕਰਦੇ ਸੱਤਾ ਤੇ ਕਬਜਾ ਕਰ ਲੈਣਗੇ।

(ਪ੍ਰਸਿੱਧ ਟਰੇਡ ਯੂਨੀਅਨ ਆਗੂ ਸੁਕੋਮਲ ਸੇਨ ਦੀ ਪੁਸਤਕ ‘ਭਾਰਤੀ ਮਜ਼ਦੂਰ ਮਜ਼ਦੂਰ ਜਮਾਤ : ਉਦਭਵ ਔਰ ਇਤਿਹਾਸ’ ਤੋਂ ਧੰਨਵਾਦ ਸਹਿਤ)

Scroll To Top