ਡਾ. ਆਰ.ਕੁਮਾਰ
ਸਾਡੀ ਸਿਹਤ ਲਈ, ਨਾ ਸਿਰਫ ਅਣਗਹਿਲੀ ਜਾਂ ਦਵਾਈਆਂ ਦੇ ਰਿਐਕਸ਼ਨ ਕਰਕੇ, ਬਲਕਿ ਡਾਕਟਰੀ ਪੇਸ਼ੇ ਦੀ ਮਗਰੂਰੀ ਕਾਰਨ ਦਵਾਈਆਂ ਦੀ ਹੁੰਦੀ ਲੋੜੋਂ ਵੱਧ ਵਰਤੋਂ, ਬੇਲੋੜੀ ਵਰਤੋਂ ਅਤੇ ਕੁਵਰਤੋਂ ਕਰਕੇ ਵੱਡਾ ਖਤਰਾ ਬਣ ਚੁੱਕਾ ਹੈ। ਕੋਈ ਵੀ ਵਿਅਕਤੀ ਜੋ ਡਾਕਟਰੀ ਸਲਾਹ ਲੈਂਦਾ ਹੈ, ਆਪਣੇ ‘ਤੇ ਮਰੀਜ਼ ਹੋਣ ਦਾ ਠੱਪਾ ਲਗਵਾ ਲੈਂਦਾ ਹੈ, ਜਿਸ ਨੂੰ ਬਾਅਦ ‘ਚ ਉਤਾਰਨਾ ਬੇਹੱਦ ਔਖਾ ਹੈ। ਇਹ ਤਾਂ ਹਕੀਕਤ ਹੈ ਕਿ ਬਹੁਤੇ ਡਾਕਟਰ ਸਿਹਤ-ਪੱਖੀ ਹੋਣ ਦੀ ਬਿਜਾਏ ਬਿਮਾਰੀ-ਪੱਖੀ ਬਣ ਗਏ ਹਨ। ਸ਼ਹਿਰੀ ਖੇਤਰਾਂ ‘ਚ ਡਾਕਟਰਾਂ ਨੂੰ ਮਿਲੀ ਇਹ ਸ਼ਕਤੀ ਉਹਨਾਂ ਅੰਦਰ ਅਫਸਰਸ਼ਾਹੀ ਅਤੇ ਅਣਮਨੁੱਖੀ ਪਹੁੰਚ ਨੂੰ ਜਨਮ ਦਿੰਦੀ ਹੈ। ਇਸ ਲਈ ਮੈਡੀਕਲ ਸਾਧਨਾਂ ਦੀ ਅਨੈਤਿਕ ਵਰਤੋਂ ਵਾਸਤੇ ਲਈ ਸਿਰਫ ਡਾਕਟਰਾਂ ਨੂੰ ਹੀ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ, ਮਰੀਜ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਆਪਣੇ ਆਪ ਹੀ, ਜਾਂ ਕਿਸੇ ਕੈਮਿਸਟ ਦੀ ਸਲਾਹ ਨਾਲ ਜਾਂ ਕਿਸੇ ਰਿਸ਼ਤੇਦਾਰ, ਦੋਸਤ-ਮਿੱਤਰ ਜਾਂ ਸਹਿਕਰਮੀ ਦੀ ਸਲਾਹ ਨਾਲ ਦਵਾਈਆਂ ਦੀ ਬੇਲੋੜੀ ਵਰਤੋਂ ਬਹੁਤ ਵਿਆਪਕ ਹੈ। ਇਥੋਂ ਤੱਕ ਕਿ ਮਰੀਜਾਂ ਵਲੋਂ ਸਰਜੀਕਲ ਓਪਰੇਸ਼ਨ ਕਰਨ ਦੀ ਮੰਗ ਕੀਤੀ ਜਾਂਦੀ ਹੈ ਤੇ ਉਸ ਲਈ ਜ਼ੋਰ ਵੀ ਪਾਇਆ ਜਾਂਦਾ ਹੈ, ਜਿਸਤੋਂ ਕਿ ਆਮ ਤੌਰ ‘ਤੇ ਬਚਿਆ ਜਾ ਸਕਦਾ ਹੈ। ਡਾਕਟਰੀ ਦਖਲਅੰਦਾਜ਼ੀ ਲਈ ਤੇ ਚੈਕਅਪ ਲਈ 5 ਤਾਰਾ ਹਸਪਤਾਲਾਂ ਵਿਚ ਜਾਕੇ ਅਥਾਹ ਪੈਸਾ ਵਹਾਉਣਾ ਹੁਣ ਰੁਤਬੇ ਦੀ ਨਿਸ਼ਾਨੀ ਬਣ ਗਈ ਹੈ ਤੇ ਇਸ ਬਾਰੇ ਸ਼ੇਖੀਆਂ ਵੀ ਮਾਰੀਆਂ ਜਾਂਦੀਆਂ ਹਨ।
ਸੱਚਾਈ ਤਾਂ ਇਹ ਹੈ ਕਿ ਕੌਮੀ ਸਾਧਨਾਂ ਤੇ ਨਿੱਜੀ ਪੂੰਜੀ ਦੀ ਇਹ ਕੁਵਰਤੋਂ ਅਸਲ ਵਿਚ ਸਿਹਤ ਲਈ ਹਾਨੀਕਾਰਕ ਹੈ। ਡਾਕਟਰ ਤੇ ਮਰੀਜ਼ ਦੇ ਇਸ ਪਵਿੱਤਰ ਰਿਸ਼ਤੇ ‘ਚ ਜੋ ਗੈਰ ਇਖਲਾਕੀ ਪ੍ਰਥਾਵਾਂ ਦਾਖਲ ਹੋ ਚੁੱਕੀਆਂ ਹਨ, ਉਨ੍ਹਾਂ ਨੇ ਸਿਹਤ ਦੇ ਸ਼ਰਤੀਆ ਡਾਕਟਰੀਕਰਨ ਦੇ ਅਪਰਾਧ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇੱਥੇ ਮੌਤ, ਗਰਭ ਅਵਸਥਾ, ਸੁੰਦਰਤਾ, ਥਕਾਵਟ, ਕਮਜ਼ੋਰੀ, ਭੁੱਖਮਰੀ, ਮੋਟਾਪੇ, ਉਨੀਦਰੇਪਨ, ਚਿੰਤਾ ਵਗੈਰਾ-ਵਗੈਰਾ ਸਭ ਕਾਸੇ ਦਾ ਡਾਕਟਰੀਕਰਨ ਕਰ ਦਿੱਤਾ ਗਿਆ ਹੈ। ਸ਼ਰੇਆਮ ਕਾਊਂਟਰ ‘ਤੇ ਰੱਖ ਕੇ ਲੂਣ ਜਾਂ ਸ਼ੂਗਰ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ, ਜੰਕ ਫੂਡ ਜਾਂ ਖਤਰਨਾਕ ਤੇਲ ਵਾਲੇ ਭੋਜਨ ਵੇਚੇ ਜਾਂਦੇ ਹਨ। ਇਹ ਚਿੱਟੀਆਂ ਜ਼ਹਿਰਾਂ ਮੋਟਾਪੇ ਵਰਗੀਆਂ ਨਵੀਆਂ ਸਿਹਤ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ ਤੇ ਕੋਈ ਵੀ ਇਨ੍ਹਾਂ ਦੀ ਵਰਤੋਂ ‘ਤੇ ਰੋਕ ਨਹੀਂ ਲਗਾਉਂਦਾ। ਖਾਣੇ ਦੀ ਅਜਿਹੀ ਬੇਕਿਰਕ ਵਰਤੋਂ ਕਾਰਨ ਪੈਦਾ ਹੋਈਆਂ ਅਲਾਮਤਾਂ ਨੂੰ ਦਵਾਈਆਂ, ਟੈਸਟਾਂ ਤੇ ਸਰਜਰੀ ਵਗੈਰਾ ਨਾਲ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਛੋਟੀ ਤੋਂ ਛੋਟੀ ਤਕਲੀਫ (ਬਿਮਾਰੀ) ਵੀ ਵਿਅਕਤੀ ਨੂੰ ਡਾਕਟਰ ਕੋਲ ਲੈ ਜਾਂਦੀ ਹੈ। ਆਪਣੀ ਕਿਤਾਬ ”ਮੈਡੀਕਲ ਅਪਰਾਧ” ਵਿਚ ਇਵਾਨ ਇਲੀਚ ਲਿਖਦੀ ਹੈ ਕਿ, ”ਸਰੀਰ ਦੇ ਅੱਡ-ਅੱਡ ਸੁਰਾਖਾਂ (ਦੁਆਰਾ) ‘ਚ ਲੱਗੇ ਪਾਇਪ, ਰੈਡੀਕਲ ਸਰਜਰੀ, ਕੀਮੋ ਥੈਰੇਪੀ, ਡਾਇਲਿਸਿਸ, ਅੰਗ ਟਰਾਂਸਪਲਾਂਟ ਕਰਨੇ, ਮਰੀਜ਼ ਲਈ ਬਿਆਨੋਂ-ਬਾਹਰੇ ਤਕਲੀਫ ਦੇਹ ਹੁੰਦੇ ਹਨ ਤੇ ਇਹ ਮਰੀਜ ਨੂੰ ਪਹੁੰਚਾਏ ਲਾਭ ਦੇ ਮੁਕਾਬਲੇ ਵਿਚ ਉਸਦੇ ਪਦਾਰਥਕ ਸਾਧਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ।”
ਰੋਕਥਾਮਕ ਸੇਵਾਵਾਂ ਜ਼ਿਆਦਾ ਜ਼ਰੂਰੀ ਹਨ
ਬਦਕਿਸਮਤੀ ਨਾਲ ਜ਼ਿਆਦਾ ਮਹੱਤਵਪੂਰਨ ਜਨਤਕ ਸਿਹਤ-ਸਿੱਖਿਆ ਅਤੇ ਰੋਕਥਾਮਕ ਸੇਵਾਵਾਂ ਦੇ ਮੁਕਾਬਲੇ ਸਿਹਤ ਬਜਟ ਦਾ 70 ਤੋਂ 80% ਹਿੱਸਾ ਡਾਕਟਰੀ/ਸਰਜੀਕਲ ਇਲਾਜ ‘ਤੇ ਖਰਚ ਕੀਤਾ ਜਾਂਦਾ ਹੈ। ਸਾਰੇ ਦੇਸ਼ ਹੀ ਹੋਰ ਹਸਪਤਾਲ ਚਾਹੁੰਦੇ ਹਨ। ਕਿੰਨੇ ਹੀ ਦੁਨੀਆਂ ਦਾ ਸਭ ਤੋਂ ਬਿਹਤਰ ਸਾਜੋ ਸਮਾਜ ਚਾਹੁੰਦੇ ਹਨ। ਇਸੇ ਦੌਰ ‘ਚ ਭਾਰਤ ਨੇ ਵੀ ਲੋੜੀਂਦੇ ਬਜਟ ਅਤੇ ਡਾਕਟਰੀ ਅਮਲੇ ਤੋਂ ਬਿਨਾਂ ਹੀ ਕਈ ਸਾਰੇ ਏਮਜ਼ ਵਰਗੇ ਹਸਪਤਾਲ ਬਨਾਉਣ ਦਾ ਐਲਾਨ ਕਰ ਛੱਡਿਆ ਹੈ। ਜਿੰਨਾ ਕੋਈ ਦੇਸ਼ ਜ਼ਿਆਦਾ ਗਰੀਬ ਹੋਵੇਗਾ, ਓਨੀ ਹੀ ਉਨ੍ਹਾਂ ਦੀ ਵਸਤੂ ਸੂਚੀ ਤੇ ਅਸਲ ਲਾਗਤ ਵੱਧ ਹੋਵਗੀ। ਅੱਜ ਦੇ ਮਾਡਰਨ ਹਸਪਾਲਾਂ ਦੇ ਬੈਡਾਂ, ਇਨਕਿਊਬੇਟਰਜ਼, ਰੈਸਪਰੇਟਰਜ਼, ਓਪਰੇਸ਼ਨ ਥਇਏਟਰਾਂ, ਪ੍ਰਯੋਗਸ਼ਾਲਾਵਾਂ ਦੀ ਕੀਮਤ ਭਾਰਤ ਵਿਚ ਜਰਮਨੀ ਜਾਂ ਫਰਾਂਸ ਨਾਲੋਂ ਕਿਤੇ ਵੱਧ ਹੈ, ਕਿਉਂਕਿ ਅਜਿਹਾ ਸਾਮਾਨ ਉਨ੍ਹਾਂ ਦੇਸ਼ਾਂ ‘ਚ ਬਣਦਾ ਹੈ। ਇਹ ਸਾਮਾਨ ਇਥੇ ਜਲਦੀ ਟੁੱਟ ਜਾਂਦਾ ਹੈ ਤੇ ਇਸਦੀ ਮੁਰੰਮਤ ਵੀ ਕਾਫੀ ਮੁਸ਼ਕਲ ਹੈ ਤੇ ਇਹ ਅਕਸਰ ਹੀ ਖਰਾਬ ਪਿਆ ਰਹਿੰਦਾ ਹੈ।
ਸਾਡੇ ਸਮਾਜਾਂ ‘ਚ ਮੈਡੀਕਲ ਦਵਾਈਆਂ ਦੀ ਹੱਦੋਂ ਵੱਧ ਖਪਤ ਜ਼ਿਆਦਾ ਵਿਆਪਕ ਪੱਧਰ ‘ਤੇ ਹੈ। ਬੁੁਢਾਪੇ ਦੌਰਾਨ ਦਿੱਤੀਆਂ ਜਾਂਦੀਆਂ ਦਵਾਈਆਂ ਅਨੁਪਾਤਕ ਤੌਰ ਤੇ ਜ਼ਿਆਦਾ ਹਨ। ਮੈਡੀਕਲ ਬਜਟ ਦਾ 28% ਹਿੱਸਾ ਕੁੱਲ ਜਨ ਸੰਖਿਆ ਦੇ ਉਸ 10% ‘ਤੇ ਖਰਚ ਕੀਤਾ ਜਾਂਦਾ ਹੈ ਜੋ 65 ਸਾਲ ਤੋਂ ਵਡੇਰੀ ਉਮਰ ਦੇ ਹਨ। ਕੀ ਘੱਟ ਤੋਂ ਘੱਟ ਸਿਹਤ ਤੇ ਵੱਧ ਤੋਂ ਵੱਧ ਦਵਾਈਆਂ ਦੀ ਸਾਡੀ ਇਹ ਸਾਰੀ ਪਹੁੰਚ ਸਿਹਤਮੰਦ ਭਾਰਤ ਵੱਲ ਲੈ ਕੇ ਜਾਵੇਗੀ? ਬਹੁਤ ਸਾਰੀਆਂ ਮਸ਼ੀਨਾਂ ‘ਤੇ ਅਧਾਰਤ ਤਕਨਾਲੋਜੀਕਲ ਦਵਾਈਆਂ ਸਾਨੂੰ ਸੀਮਤ ਕਰਨੀਆਂ ਪੈਣਗੀਆਂ। ਸਾਡੇ ਕੋਲ ਇੰਨਾ ਧੰਨ ਹੀ ਨਹੀਂ ਕਿ ਅਸੀਂ ਜਿੰਨੇ ਵੀ ਲੋਕਾਂ ਨੂੰ ਇਨ੍ਹਾਂ ਮਸ਼ੀਨਾਂ ਤੋਂ ਫਾਇਦਾ ਹੋ ਸਕਦਾ ਹੈ, ਉਨਾ ਸਭ ਨੂੰ ਇਹ ਦੇ ਸਕੀਏ। ਸਾਡੇ ਸਾਧਨਾਂ ਦੀਆਂ ਸੀਮਤ ਹੱਦਾਂ ਦਾ ਅਹਿਸਾਸ ਕਰਕੇ, ਸਿਹਤ ਸਿੱਖਿਆ ਦਾ ਇਕ ਕਾਰਜਸ਼ੀਲ ਪ੍ਰੋਗਰਾਮ ਸਾਡੀ ਸਭ ਤੋਂ ਵੱਡੀ ਪਹਿਲ ਬਣਦਾ ਹੈ, ਜਿਸ ਨੂੰ ਕਿ ਸਾਡੇ ਸਮਾਜ ਨੂੰ ਸਵੀਕਾਰਨਾ ਚਾਹੀਦਾ ਹੈ ਤਾਂ ਕਿ ਵਿਅਕਤੀ ਵਿਸ਼ੇਸ਼ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਨੂੰ ਮੋੜਨ ਉਪਰ ਧਿਆਨ ਕੇਂਦਰਤ ਕੀਤਾ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ‘ਚ ਗੰਭੀਰ ਬਿਮਾਰੀਆਂ ਪੈਦਾ ਕਰਨ ਵਾਲੇ ਕਾਰਕਾਂ ਤੋਂ ਪਹਿਲਾਂ ਹੀ ਬਚਿਆ ਜਾ ਸਕੇ।
ਡਾਕਟਰਾਂ ਵਲੋਂ ਤਜਵੀਜਤ (Prescription) ਦਵਾਈਆਂ ਦੀ ਦੁਰਵਰਤੋਂ ‘ਚ ਵਾਧਾ ਕਿਉਂ ਹੋ ਰਿਹਾ ਹੈ?
ਪਿਛਲੇ ਸਾਲਾਂ ‘ਚ ਡਾਕਟਰਾਂ ਵਲੋਂ ਤਜਵੀਜਤ ਦਵਾਈਆਂ ਦੀ ਗਲਤ ਵਰਤੋਂ ਜਾਂ ਦੁਰਵਰਤੋਂ ‘ਚ ਅਥਾਹ ਵਾਧਾ ਹੋਇਆ ਹੈ। ਮਨ ਸ਼ਾਂਤ ਰੱਖਣ ਵਾਲੀਆਂ, ਦਰਦ ਹਟਾਉਣ ਵਾਲੀਆਂ, ਚਿੰਤਾ ਨਿਵਾਰਕ ਅਤੇ ਐਂਟੀਬਾਇਓਟਿਕ ਦਵਾਈਆਂ ਬਾਰੇ ਸਾਡੀ ਸਮਾਜਿਕ ਪ੍ਰਵਾਨਗੀ ਲਗਾਤਾਰ ਵੱਧ ਰਹੀ ਹੈ। ਇਹ ਗਲਤ ਧਾਰਨਾ ਹੈ ਕਿ ਠੀਕ ਜਾਂ ਤੰਦਰੁਸਤ ਮਹਿਸੂਸ ਨਾ ਕਰਨ ਦੀਆਂ ਸਾਰੀਆਂ ਮਰਜ਼ਾਂ ਦਾ ਰਾਮਬਾਣ ਹੱਲ ਸਿਰਫ ਫਾਰਮੇਸੀ ‘ਚ ਬਣਦੀਆਂ ਦਵਾਈਆਂ ਹੀ ਹਨ, ਚਾਹੇ ਇਨ੍ਹਾਂ ਮਰਜ਼ਾਂ ਦਾ ਕਾਰਨ ਗੈਰ-ਮੈਡੀਕਲ ਹੀ ਕਿਉਂ ਨਾ ਹੋਵੇ। ਅਤੇ, ਕਿ ਇਹ ਹਰ ਉਮਰ ‘ਚ ਲੈਣੀਆਂ ਵੀ ਸੁਰੱਖਿਅਤ ਹਨ। ਡਾਕਟਰ ਸ਼ੌਪਿੰਗ ਵੀ ਇਕ ਹੋਰ ਰੁਝਾਨ ਹੈ, ਜੋ ਕਿ ਕਈ ਅੱਡ ਅੱਡ ਡਾਕਟਰਾਂ ਤੋਂ ਲਿਖਵਾ ਕੇ ਦਵਾਈਆਂ ਲੈਣੀਆਂ। ਇਸ ਨੂੰ ਡਾਕਟਰ ਵਲੋਂ ਤਜਵੀਜਤ ਦਵਾਈਆਂ ਦੀ ਦੁਰਵਰਤੋਂ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ। ਇਸ ਰੁਝਾਨ ਨੇ ਹਸਪਤਾਲਾਂ ਦੇ ਚੱਕਰ ਵਧਾ ਦਿੱਤੇ ਹਨ ਕਿਉਂਕਿ ਦਵਾਈਆਂ ਅਚਾਨਕ ਹੀ ਓਵਰਡੋਜ਼ ਹੋ ਜਾਂਦੀਆਂ ਹਨ ਅਤੇ ਦਵਾਈਆਂ ਦੇ ਆਦੀ ਹੋਣ ਤੋਂ ਛੁਟਕਾਰਾ ਪਾਉਣ ਦੇ ਇਲਾਜ ਲਈ ਵਾਰ ਵਾਰ ਹਸਪਤਾਲ ਦਾਖਲ ਹੋਣਾ ਪੈਂਦਾ ਹੈ। ਬਦਕਿਸਮਤੀ ਨਾਲ ਅਸੀਂ ਪੱਛਮੀ ਦੇਸ਼ਾਂ ਦੇ ਮਾਡਲਾਂ ਦੀ ਨਕਲ ਕਰਦੇ ਹਾਂ, ਜਿਸ ਵਿਚ ਕਿ ਕਿਸੇ ਵਿਅਕਤੀ ਜਾਂ ਸਮੁਦਾਏ (ਭਾਈਚਾਰੇ) ਲਈ ਲੋੜੀਂਦੇ ਪ੍ਰਬੰਧ ਕਰਨ ਦੀ ਬਿਜਾਏ ਸਿਰਫ ਬਿਮਾਰੀ ਠੀਕ ਕਰਨ ‘ਤੇ ਹੀ ਧਿਆਨ ਕੇਂਦਰਤ ਕੀਤਾ ਜਾਂਦਾ ਹੈ। ਇਹ ਸਿਸਟਮ ਦਵਾਈਆਂ ਬਨਾਉਣ ਵਾਲੀਆਂ ਸਨਅਤਾਂ ਜਾਂ ਟੈਸਟ ਕਰਨ ਵਾਲੇ ਤੇ ਡਾਇਗਨੋਸਟਿਕ ਲੈਬੋਰਟਰੀ ਮਾਲਕਾਂ ਦੇ ਨਾਲ ਨਾਲ ਇਸ਼ਤਿਹਾਰਬਾਜ਼ੀ ਕੰਪਨੀਆਂ ਅਤੇ ਬੀਮਾ ਕੰਪਨੀਆਂ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਿਹਾ ਹੈ।
ਕਿਊਬਾ ਦਾ ਮਾਡਲ
ਭਾਰਤ, ਪੱਛਮ ਦੇ ਮਹਿੰਗੇ ਫਜ਼ੂਲ ਖਰਚੀ ਵਾਲੇ ਤੇ ਕੁੱਝ ਕੰਪਨੀਆਂ ਲਈ ਲਾਹੇਵੰਦ ਮਾਡਲ ਦੀ ਠਾਠ (ਅਯਾਸ਼ੀ) ਬਰਦਾਸ਼ਤ ਕਰਨ ਦੇ ਯੋਗ ਨਹੀਂ। ਕਿਊਬਾ ਵਰਗੇ ਗਰੀਬ ਮੁਲਕ ਦੁਆਰਾ ਸਫਲਤਾਪੂਰਬਕ ਚਲਾਏ ਜਾ ਰਹੇ ਮਾਡਲ ਵੱਲ ਰੁਖ ਕਿਉਂ ਨਾ ਕੀਤਾ ਜਾਵੇ? ਸੰਸਾਰ ਸਿਹਤ ਸੰਸਥਾ ਨੇ ਕਿਊਬਾ ਦੀ ਤਾਰੀਫ ਕਰਦਿਆਂ ਟਿੱਪਣੀ ਕੀਤੀ ਹੈ ਕਿ ”ਕਿਊਬਾ ਵਰਗੇ ਸੀਮਤ ਸਾਧਨਾਂ ਵਾਲੇ ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਲਈ ਆਪਣੀ ਸਮੁੱਚੀ ਵਸੋਂ ਦੇ ਹਰ ਹਿੱਸੇ ਲਈ ਸਮਾਜਿਕ ਸੁਰੱਖਿਆ ਦੇ ਨਾਂਅ ਨੂੰ ਅਸਲ ਮਾਅਨਿਆਂ ‘ਚ ਰੂਪਮਾਨ ਕਰਦੀ ਹੋਈ ਤੇ ਕਾਰਗਰ ਸਿਹਤ ਸੰਭਾਲ ਸਿਸਟਮ (ਪ੍ਰਣਾਲੀ) ਨੂੰ ਲਾਗੂ ਕਰਨਾ ਬਿਲਕੁਲ ਸੰਭਵ ਹੈ।” ਕਿਊਬਾ ਦੇ ਲੋਕ ਆਪਣੇ ਸਿਸਟਮ ਨੂੰ ‘ਵਿਆਪਕ ਆਮ ਮੈਡੀਸਿਨ’ ਦੇ ਨਾਂਅ ਨਾਲ ਜਾਣਦੇ ਹਨ। ਉਨ੍ਹਾਂ ਦਾ ਪ੍ਰੋਗਰਾਮ ਬਿਮਾਰੀ ਹੋਣ ਤੋਂ ਬਚਾਉਣ ਅਤੇ ਜੇ ਹੋ ਹੀ ਜਾਵੇ ਤਾਂ ਜਲਦੀ ਤੋਂ ਜਲਦੀ ਇਲਾਜ ਕਰਨ ‘ਤੇ ਕੇਂਦਰਤ ਹੈ। ਇਸ ਨਾਲ ਕਿਊਬਾ ਦੀ ਬਾਲ ਮੌਤ ਦਰ ਸਿਰਫ 4 ਹੈ ਜੋ ਕਿ ਸਭ ਤੋਂ ਵੱਧ ਵਿਕਸਤ ਦੇਸ਼ ਅਮਰੀਕਾ ਤੋਂ ਵੀ ਘੱਟ ਹੈ। ਪੁਰਾਣੀਆਂ (Chronic) ਤੇ ਲਾਗ (ਛੂਤ) ਦੀਆਂ ਬਿਮਾਰੀਆਂ ਨਾਲ ਸਿੱਝਣ ਲਈ (ਆਪਣੇ ਹੈਰਾਨੀਜਨਕ ਸੀਮਤ ਸਾਧਨਾਂ ਰਾਹੀਂ) ਕਿਊਬਾ ਦਾ ਕੋਈ ਸਾਨੀ ਹੀ ਨਹੀਂ।
ਤੇਜ਼ੀ ਨਾਲ ਵੱਧ ਰਹੇ ਮੈਡੀਕਲਕਰਨ ਦੀ ਰਫਤਾਰ ਘਟਾਉਣ ਲਈ ਸਾਰੀਆਂ ਦਵਾਈਆਂ, ਟੈਸਟਾਂ ਤੇ ਨਕਲੀ ਅੰਗਾਂ ਵਗੈਰਾ ਨੂੰ ਜਾਂ ਲਾਗਤ ਕੀਮਤ _ਤੇ ਜਾਂ ਫਿਰ ਸਭ ਨੂੰ ਫਿਰ ਉਕਾ ਹੀ ਮੁਫ਼ਤ ਦਿੱਤੇ ਜਾਣਾ ਜ਼ਰੂਰੀ ਹੈ। ਆਦਰਸ਼ਿਕ ਡਾਕਟਰ ਪੈਦਾ ਕਰਨ ਲਈ, ਸਰਕਾਰ ਦੀ ਬੁੱਧੀਮਾਨੀ ਇਸੇ ਗੱਲ ‘ਚ ਹੋਵੇਗੀ ਕਿ ਡਾਕਟਰੀ ਪੜ੍ਹਾਈ ਨੂੰ ਸਿਰਫ ਮੈਰਿਟ ਦੇ ਆਧਾਰ ‘ਤੇ ਬਿਲਕੁੱਲ ਮੁਫ਼ਤ ਦਿੱਤਾ ਜਾਵੇ ਅਤੇ ਇਸ ਵਿਚ ਨੈਤਿਕਤਾ, ਸੰਚਾਰ ਯੋਗਤਾ, ਹਮਦਰਦੀ, ਰਹਿਮਦਿਲੀ ਆਧਾਰਤ ਵਿਸ਼ੇ ਵੀ ਸਿਲੇਬਸ ਵਜੋਂ ਪੜ੍ਹਾਏ ਜਾਣ। ਨਵੇਂ ਮੈਡੀਕਲ ਗਰੈਜੂਏਟਾਂ ਨੂੰ ਕਿਸੇ ਮਰੀਜ਼ ਨੂੰ ਤੰਦਰੁਸਤ ਵਿਅਕਤੀ ‘ਚ ਤਬਦੀਲ ਕਰਨ ਲਈ ਸੰਵੇਦਨਸ਼ੀਲ ਕੀਤਾ ਜਾਵੇ ਨਾ ਕਿ ਉਸਨੂੰ ਪੱਕਾ ਮਰੀਜ਼ ਬਣਾਇਆ ਜਾਵੇ।
(ਲੇਖਕ, ਨੈਤਿਕ ਅਤੇ ਸਸਤੀ ਸਿਹਤ ਸੰਭਾਲ ਸੁਸਾਇਟੀ
ਦੇ ਪ੍ਰਧਾਨ ਹਨ)
ਅਨੁਵਾਦ : ਪ੍ਰੋ. ਜੈਪਾਲ ਸਿੰਘ,
(‘ਦ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)