Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਕਤੂਬਰ 2018)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਕਤੂਬਰ 2018)

 ਰਵੀ ਕੰਵਰ

ਮੂਨ ਜਾਈ-ਇਨ ਤੇ ਕਿਮ ਜੋਂਗ-ਉਨ ਸਿਖਰ ਵਾਰਤਾ ਪ੍ਰਮਾਣੂ ਜੰਗ ਦੇ ਤਣਾਅ ਤੋਂ ਮੁਕਤੀ ਵੱਲ ਇਕ ਮਹੱਤਵਪੂਰਨ ਕਦਮ
ਦੱਖਣੀ ਕੋਰੀਆ ਤੇ ਉਤਰੀ ਕੋਰੀਆ ਦੇ ਰਾਸ਼ਟਰਪਤੀਆਂ, ਮੂਨ ਜਾਈ-ਇਨ ਤੇ ਕਿਮ ਜੋਂਗ-ਉਨ ਦਰਮਿਆਨ ਉਤਰੀ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਵਿਖੇ ਹੋਈ ਸਿਖਰ ਵਾਰਤਾ ਨੇ ਕੋਰੀਆਈ ਪ੍ਰਾਈਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਅਤੇ ਸਮੁੱਚੀ ਦੁਨੀਆਂ ਸਮੇਤ ਏਸ਼ੀਆਈ ਮਹਾਂਦੀਪ ਵਿਚ ਸਥਾਈ ਸ਼ਾਂਤੀ ਕਾਇਮ ਕਰਨ ਦੀਆਂ ਦੁਨੀਆਂ ਭਰ ਦੇ ਅਮਨ ਪਸੰਦ ਲੋਕਾਂ ਦੀਆਂ ਆਸਾਂ-ਉਮੰਗਾਂ ਨੂੰ ਮੁੜ ਇਕ ਵਾਰ ਹੁਲਾਰਾ ਦਿੱਤਾ ਹੈ। ਇਹ ਸ਼ਿਖਰ ਵਾਰਤਾ ਉਤਰੀ ਕੋਰੀਆ ਦੀ ਵਰਕਰਜ਼ ਪਾਰਟੀ ਆਫ ਕੋਰੀਆ’, ਜਿਹੜੀ ਕਿ ਕਮਿਊਨਿਸਟ ਸਿਧਾਂਤਾਂ ‘ਤੇ ਚੱਲਣ ਵਾਲੀ, ਉਥੇ ਦੀ ਹਾਕਮ ਪਾਰਟੀ ਹੈ, ਦੇ ਹੈਡ ਕੁਆਰਟਰ ਵਿਖੇ ਹੋਈ। ਬੜੇ ਹੀ ਖੁਸ਼ਗਵਾਰ ਮਾਹੌਲ ਵਿਚ ਚੱਲੀ, 18-20 ਸਿਤੰਬਰ, ਤਿੰਨ ਰੋਜ਼ਾ ਸਿਖਰ ਵਾਰਤਾ ਦੌਰਾਨ ਇਸਦੇ ਇਕ ਮਹੱਤਵਪੂਰਨ ਹਿੱਸੇ ਦੇ ਰੂਪ ਵਿਚ ਇਹ ਦੋਵੇਂ ਆਗੂ ਰਾਜਧਾਨੀ ਦੀਆਂ ਸੜਕਾਂ ‘ਤੇ ਖੁੱਲ੍ਹੀ ਗੱਡੀ ਵਿਚ ਘੁੰਮੇ ਅਤੇ ਸੜਕਾਂ ਦੇ ਦੋਵੇਂ ਪਾਸੇ ਖਲੌਤੇ ਲੱਖਾਂ ਉਤਰੀ ਕੋਰੀਆਈ ਨਾਗਰਿਕਾਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਉਤਰੀ ਕੋਰੀਆ ਦੀਆਂ ਨਵੇਕਲੀਆਂ ਜਨ ਖੇਡਾਂ (Mass Games) ਦਾ ਵੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ-ਇਨ ਨੇ ਆਨੰਦ ਮਾਣਿਆ। ਇੱਥੇ ਉਨ੍ਹਾਂ ਆਪਣੇ ਸੰਬੋਧਨ ਵਿਚ ਖਾਸ ਗੱਲ ਜਿਹੜੀ ਕਹੀ, ਉਹ ਸੀ ਕਿ ਕੋਰੀਆਈ ਲੋਕ 5000 ਸਾਲ ਤੋਂ ਇਕੱਠੇ ਰਹਿੰਦੇ ਆਏ ਹਨ, ਅਤੇ ਛੇਤੀ ਹੀ ਉਨ੍ਹਾਂ ਦੀ ਇਹ ਤਾਂਘ ਮੁੜ ਪੂਰੀ ਹੋਵੇਗੀ। ਉਤਰੀ ਕੋਰੀਆ ਦੇ ਲੋਕਾਂ ਵਲੋਂ ਇਨ੍ਹਾਂ ਆਯੋਜਨਾਂ ਵਿਚ ਹੁੰਮ ਹੁੰਮਾ ਕੇ ਸ਼ਾਮਲ ਹੋਣਾ, ਉਸ ਦੇਸ਼ ਦੇ ਨਾਗਰਿਕਾਂ ਅਤੇ ਸਰਕਾਰ ਦੀ ਇਸ ਖਿੱਤੇ ਵਿਚ ਸਥਾਈ ਅਮਨ ਸਥਾਪਤ ਕਰਨ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਜੂਨ ਵਿਚ ਸਿੰਗਾਪੁਰ ਵਿਖੇ ਹੋਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰੀ ਕੋਰੀਆ ਦੇ ਮੁਖੀ ਕਿਮ ਜੋਂਗ-ਉਨ ਦੀ ਸਿਖਰ ਵਾਰਤਾ ਬੇਹੱਦ ਸਫਲ ਰਹੀ ਸੀ। ਪ੍ਰੰਤੂ ਇਸ ‘ਤੇ ਅਮਲ ਠੰਡਾ ਪੈ ਗਿਆ ਸੀ, ਖਾਸ ਕਰਕੇ ਅਮਰੀਕੀ ਅਧਿਕਾਰੀਆਂ ਵਲੋਂ ਪ੍ਰਮਾਣੂ ਮੁਕਤੀ ਦੇ ਤਰੀਕੇਕਾਰਾਂ ਬਾਰੇ ਦਿੱਤੇ ਗਏ ਬਿਆਨਾਂ ਤੋਂ ਬਾਅਦ। ਦੋਹਾਂ ਕੋਰੀਆ ਦੇ ਮੁਖੀਆਂ ਦੀ ਇਸ ਸਿਖਰ ਵਾਰਤਾ ਨੇ ਮੁੜ ਇਕ ਵਾਰ ਸਿੰਗਾਪੁਰ ਵਿਚ ਹੋਈ ਅਮਰੀਕਾ-ਉਤਰੀ ਕੋਰੀਆ ਸਿਖਰ ਵਾਰਤਾ ਵਿਚ ਬਣੀ ਸਹਿਮਤੀ ਅਤੇ ਭਾਵਨਾ ਨੂੰ ਅੱਗੇ ਵਧਾਉਣ ਲਈ ਗਰਮਜੋਸ਼ੀ ਪੈਦਾ ਕਰ ਦਿੱਤੀ ਹੈ।
ਇਸ ਸਿਖਰ ਵਾਰਤਾ ਉਪਰੰਤ ਜਾਰੀ ਕੀਤਾ ਗਿਆ ਸਾਂਝਾ ਐਲਾਨਨਾਮਾ, ਇਸ ਸਿਖਰ ਵਾਰਤਾ ਦੇ ਸਿੱਟਿਆਂ ਨੂੰ ਸਪੱਸ਼ਟ ਕਰਦਾ ਹੈ।  19 ਸਿਤੰਬਰ ਨੂੰ ਜਾਰੀ ਇਹ ਐਲਾਨਨਾਮਾ ਹੇਠ ਅਨੁਸਾਰ ਹੈ :
”ਰਿਪਬਲਿਕ ਆਫ ਕੋਰੀਆ ਦੇ ਰਾਸ਼ਟਰਪਤੀ ਮੂਨ ਜਈ-ਇਨ ਅਤੇ ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਦੇ ਰਾਜ ਮਾਮਲਿਆਂ ਦੇ ਕਮੀਸ਼ਨ ਦੇ ਚੇਅਰਮੈਨ ਕਿਮ ਜੋਂਗ-ਉਨ ਦਰਮਿਆਨ ਅੰਤਰ-ਕੋਰੀਆ ਸਿਖਰ ਮੀਟਿੰਗ 18-20 ਸਿਤੰਬਰ 2018 ਨੂੰ ਪਿਉਂਗਯਾਂਗ ਵਿਖੇ ਹੋਈ।
”ਦੋਵਾਂ ਆਗੂਆਂ ਨੇ ਇਤਿਹਾਸਕ ਪਾਨਮੁਨਜਿਉਮ ਐਲਾਨਨਾਮੇ ਦੇ ਅਪਨਾਏ ਜਾਣ ਦੇ ਬਾਅਦ ਤੋਂ ਇਸਨੂੰ ਲਾਗੂ ਕਰਨ ਦੇ ਮਾਮਲੇ ਵਿਚ ਹੋਈ ਸ਼ਾਨਦਾਰ ਪ੍ਰਗਤੀ ਦਾ ਜਾਇਜਾ ਲਿਆ। ਜਿਵੇਂ ਕਿ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਦਰਮਿਆਨ ਹੋਈਆਂ ਵਾਰਤਾਵਾਂ ਤੇ ਸੰਪਰਕ, ਨਾਗਰਿਕ ਆਦਾਨ-ਪ੍ਰਦਾਨ ਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਆਪਸੀ ਸਹਿਯੋਗ ਅਤੇ ਫੌਜੀ ਤਨਾਅ ਨੂੰ ਖ਼ਤਮ ਕਰਨ ਲਈ ਚੁੱਕੇ ਗਏ ਮਹੱਤਵਪੂਰਨ ਕਦਮ।
”ਦੋਵੇਂ ਆਗੂਆਂ ਨੇ ਕੋਰੀਆਈ ਕੌਮ ਦੀ ਆਜ਼ਾਦੀ ਤੇ ਸਵੈ-ਮੁਖਤਾਰੀ ਦੇ ਸਿਧਾਂਤ ਨੂੰ ਮੁੜ ਦਰਿੜ੍ਹਾਇਆ, ਅਤੇ ਕੌਮੀ ਮੁੜ ਸਹਿਮਤੀ ਤੇ ਸਹਿਯੋਗ ਲਈ ਅੰਤਰ ਕੋਰੀਆਈ ਸੰਬੰਧਾਂ ਨੂੰ ਦਰਿੜ੍ਹਤਾ ਨਾਲ ਤੇ ਨਿਰੰਤਰ ਰੂਪ ਵਿਚ ਵਿਕਸਤ ਕਰਨ ‘ਤੇ ਸ਼ਾਂਤੀ ਤੇ ਸਾਂਝੀ ਖੁਸ਼ਹਾਲੀ ਨੂੰ ਪਕੇਰਾ ਕਰਨ ਅਤੇ ਸਾਰੇ ਕੋਰੀਆਈਆਂ ਦੀਆਂ ਆਸਾਂ-ਉਮੰਗਾਂ, ਕਿ ਅੰਤਰ-ਕੋਰੀਆਈ ਸੰਬੰਧਾਂ ਦੇ ਮੌਜੂਦਾ ਘਟਨਾਕ੍ਰਮ ਨੂੰ ਮੁੜ ਇਕਜੁਟਤਾ ਵੱਲ ਵਧਾਇਆ ਜਾਵੇ, ਨੂੰ ਨੀਤੀਗਤ ਕਦਮਾਂ ਰਾਹੀਂ ਹਾਸਲ ਕਰਨ ਲਈ ਯਤਨ ਕਰਨ ਬਾਰੇ ਸਹਿਮਤੀ ਪ੍ਰਗਟਾਈ।
”ਦੋਵਾਂ ਆਗੂਆਂ ਨੇ ਅੰਤਰ ਕੋਰੀਆਈ ਸੰਬੰਧਾਂ ਨੂੰ ਪਾਨਮੁਨਜਿਉਮ ਐਲਾਨਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਕਰਦੇ ਹੋਏ ਨਵੇਂ ਤੇ ਉਚੇ ਸਿਖਰਾਂ ਤੱਕ ਪਹੁੰਚਾਉਣ ਬਾਰੇ ਵੱਖ-ਵੱਖ ਮੁੱਦਿਆਂ ਤੇ ਅਮਲੀ ਕਦਮਾਂ ਬਾਰੇ ਡੂੰਘਾ ਤੇ ਖੁੱਲ੍ਹ ਦਿਲਾ ਵਿਚਾਰ ਵਟਾਂਦਰਾ ਕੀਤਾ। ਇਸ ਵਿਚਾਰ ਉਤੇ ਉਨ੍ਹਾਂ ਸਾਂਝ ਦਾ ਪ੍ਰਗਟਾਵਾ ਕੀਤਾ ਕਿ ਪਿਉਂਗਯਾਂਗ ਸਿਖਰ ਵਾਰਤਾ ਇਕ ਮਹੱਤਵਪੂਰਨ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਹੇਠ ਅਨੁਸਾਰ ਐਲਾਨ ਕੀਤੇ :
”1. ”ਦੋਵੇਂ ਧਿਰਾਂ ਟਕਰਾਵਾਂ ਦੇ ਖੇਤਰਾਂ ਵਿਚੋਂ ਫੌਜੀ ਦੁਸ਼ਮਣੀ ਨੂੰ ਖਤਮ ਕਰਦੇ ਹੋਏ ਜਿਵੇਂ ਕਿ ਫੌਜ ਮੁਕਤ ਜੋਨ ਸਥਾਪਤ ਕਰਦੇ ਹੋਏ ਸਮੁੱਚੇ ਕੋਰੀਆਈ ਪ੍ਰਾਈਦੀਪ ਵਿਚੋਂ ਜੰਗ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਖਤਮ ਕਰਨ ਅਤੇ ਦੁਸ਼ਮਣੀ ਭਰੇ ਸੰਬੰਧਾਂ ਨੂੰ ਬੁਨਿਆਦੀ ਰੂਪ ਵਿਚ ਹੱਲ ਕਰਨ ਲਈ ਸਹਿਮਤ ਹੋਈਆਂ।
(i) ਦੋਵੇਂ ਧਿਰਾਂ ‘ਫੌਜੀ ਕਾਰਜ ਖੇਤਰ ਵਿਚ ਇਤਿਹਾਸਕ ਪਾਨਮੁਨਜੋਇਮ ਐਲਾਨਨਾਮੇ ਨੂੰ ਲਾਗੂ ਕਰਨ ਬਾਰੇ ਸਮਝੌਤੇ’ ਨੂੰ ਪਿਉਂਗਯਾਂਗ ਐਲਾਨਨਾਮੇ ਵਿਚ ਇਕ ਅੰਤਕਾ ਵਜੋਂ ਅਪਨਾਉਣ ਅਤੇ ਇਸਨੂੰ ਲਾਗੂ ਕਰਨ ਪ੍ਰਤੀ ਨਿਸ਼ਠਾ ਨਾਲ ਪਾਬੰਦ ਰਹਿਣ ਅਤੇ ਕੋਰੀਆਈ ਪ੍ਰਾਈਦੀਪ ਨੂੰ ਸਥਾਈ ਸ਼ਾਂਤੀ ਦੀ ਭੂਮੀ ਵਿਚ ਤਬਦੀਲ ਕਰਨ ਹਿੱਤ ਸਰਗਰਮੀ ਨਾਲ ਅਮਲ ਕਰਨ ਯੋਗ ਕਦਮ ਚੁੱਕਣ ਲਈ ਸਹਿਮਤ ਹੋਈਆਂ।
(ii) ਦੋਵੇਂ ਧਿਰਾਂ ਸਮਝੌਤੇ ਦੀ ਪਾਲਨਾ ਬਾਰੇ ਜਾਇਜਾ ਲੈਣ ਲਈ ਨਿਰੰਤਰ ਸੰਪਰਕ ਕਾਇਮ ਕਰਨ ਤੇ ਠੋਸ ਵਿਚਾਰ ਵਟਾਂਦਰਾ ਕਰਨ ਅਤੇ ਦੁਰਘਟਨਾਵਸ ਹੋਣ ਵਾਲੀਆਂ ਫੌਜੀ ਝੜਪਾਂ ਨੂੰ ਰੋਕਣ ਲਈ ਤਤਪਰਤਾ ਨਾਲ ਅੰਤਰ ਕੋਰੀਆਈ ਸਾਂਝੀ ਮਿਲਟਰੀ ਕਮੇਟੀ ਨੂੰ ਸਰਗਰਮ ਕਰਨ ਲਈ ਸਹਿਮਤ ਹੋਈਆਂ।
”2. ਦੋਵੇਂ ਧਿਰਾਂ ਪਰਸਪਰ ਹਿੱਤ ਅਤੇ ਸਾਂਝੀ ਖੁਸ਼ਹਾਲੀ ਦੀ ਭਾਵਨਾ ‘ਤੇ ਅਧਾਰਤ ਆਦਾਨ-ਪ੍ਰਦਾਨ ਤੇ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਨਿੱਗਰ ਕਦਮ ਚੁੱਕਣ, ਅਤੇ ਕੌਮ ਦੇ ਅਰਥਚਾਰੇ ਨੂੰ ਸੰਤੁਲਤ ਢੰਗ ਨਾਲ ਵਿਕਸਿਤ ਕਰਨ ਲਈ ਸਹਿਮਤ ਹੋਈਆਂ।
(i) ਦੋਵੇਂ ਧਿਰਾਂ ਪੂਰਬੀ-ਤੱਟੀ ਤੇ ਪੱਛਮੀ-ਤੱਟੀ ਰੇਲ ਤੇ ਸੜਕ ਸੰਪਰਕਾਂ ਨੂੰ ਜੋੜਨ ਲਈ ਇਸੇ ਇਕ ਸਾਲ ਦੇ ਅੰਦਰ-ਅੰਦਰ ਉਦਘਾਟਨੀ ਰਸਮਾਂ ਆਯੋਜਨ ਕਰਨ ਲਈ ਸਹਿਮਤ ਹੋਈਆਂ।
(ii) ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਹਾਲਾਤ ਸਾਜ਼ਗਾਰ ਹਨ, ਪਹਿਲਾਂ ਗਾਇਸਿਉਂਗ ਸਨਅਤੀ ਕੰਮਪਲੈਕਸ ਤੇ ਮਾਊਂਟ ਗਿਉਂਮਗਾਂਗ ਸੈਲਾਨੀ ਪ੍ਰੋਜੈਕਟ ਵਿਚ ਹਾਲਾਤ ਸੁਧਾਰਕੇ ਉਨ੍ਹਾਂ ਨੂੰ ਆਮ ਵਾਂਗ ਕੀਤਾ ਜਾਵੇ, ਅਤੇ ਪੱਛਮੀ ਤੱਟੀ ਸਾਂਝਾ ਸਪੈਸ਼ਲ ਆਰਥਕ ਜੋਨ ਤੇ ਇਕ ਪੂਰਬੀ ਤੱਟੀ ਸਾਂਝਾ ਸਪੈਸ਼ਲ ਸੈਲਾਨੀ ਜੋਨ ਬਨਾਉਣ ਦੇ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇ।
(iii) ਦੋਵੇਂ ਧਿਰਾਂ ਦੱਖਣੀ-ਉਤਰੀ ਪਰਿਆਵਰਨ ਸਹਿਯੋਗ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਸਹਿਮਤ ਹੋਈਆਂ ਤਾਂਕਿ ਕੁਦਰਤੀ ਵਾਤਾਵਰਨ ਨੂੰ ਕਾਇਮ ਰੱਖਿਆ ਜਾ ਸਕੇ ਤੇ ਉਸਦੀ ਰੱਖਿਆ ਕੀਤੀ ਜਾ ਸਕੇ, ਅਤੇ ਇਸਦੇ ਪਹਿਲੇ ਕਦਮ ਵਜੋਂ ਚਲ ਰਹੇ ਜੰਗਲਾਤ-ਸਹਿਯੋਗ ਵਿਚ ਮਹੱਤਵਪੂਰਨ ਨਤੀਜੇ ਹਾਸਲ ਕਰਨ ਲਈ ਯਤਨ ਕੀਤੇ ਜਾਣ।
(iv) ਦੋਵੇਂ ਧਿਰਾਂ ਮਹਾਮਾਰੀਆਂ ਨੂੰ ਰੋਕਣ, ਜਨਤਕ ਸਿਹਤ ਤੇ ਇਲਾਜ, ਸਮੇਤ ਛੂਆਛਾਤ ਦੀਆਂ ਬਿਮਾਰੀਆਂ ਦੇ ਦਾਖਲੇ ਤੇ ਪ੍ਰਸਾਰ ਨੂੰ ਰੋਕਣ ਲਈ ਐਮਰਜੈਂਸੀ ਕਦਮ ਚੁੱਕਣ ਲਈ ਸਹਿਮਤ ਹੋਈਆਂ।
”3. ਦੋਵੇਂ ਧਿਰਾਂ ਵਿਛੜੇ ਪਰਿਵਾਰਾਂ ਦੇ ਮੁੱਦੇ ਨੂੰ ਬੁਨਿਆਦੀ ਰੂਪ ਵਿਚ ਹੱਲ ਕਰਨ ਹਿੱਤ ਮਨੁੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਈਆਂ।
(i) ਦੋਵੇਂ ਧਿਰਾਂ ਪਰਿਵਾਰਾਂ ਦੇ ਮੁੜ ਮਿਲਣ ਲਈ ਮੀਟਿੰਗਾਂ ਹਿੱਤ ਮਾਉਂਟ ਗਿਉਂਮਗਾਂਗ ਖੇਤਰ ਵਿਚ ਇਕ ਸਥਾਈ ਸਹੂਲਤ ਕੇਂਦਰ ਛੇਤੀ ਤੋਂ ਛੇਤੀ ਸਥਾਪਤ ਕਰਨ, ਅਤੇ ਤਤਪਰਤਾ ਨਾਲ ਇਸ ਸਹੂਲਤ ਨੂੰ ਫੌਰੀ ਸ਼ੁਰੂ ਕਰਨ ਲਈ ਸਹਿਮਤ ਹੋਈਆਂ।
(ii) ਦੋਵੇਂ ਧਿਰਾਂ ਅੰਤਰ-ਕੋਰੀਆਈ ਰੈਡ ਕਰਾਸ ਗੱਲਬਾਤ ਰਾਹੀਂ ਪਹਿਲ ਦੇ ਆਧਾਰ ‘ਤੇ ਵਿਛੜੇ ਪਰਿਵਾਰਾਂ ਦਰਮਿਆਨ ਵੀਡੀਓ ਮੀਟਿੰਗਾਂ ਤੇ ਵੀਡੀਓ ਸੁਨੇਹਾਂ ਦੇ ਆਦਾਨ-ਪ੍ਰਦਾਨ ਦੇ ਮੁੱਦੇ ਨੂੰ ਹੱਲ ਕਰਨ ਲਈ ਸਹਿਮਤ ਹੋਈਆਂ।
”4. ਦੋਵੇਂ ਧਿਰਾਂ ਵੱਖ-ਵੱਖ ਖੇਤਰਾਂ ਵਿਚ ਆਦਾਨ-ਪ੍ਰਦਾਨ ਤੇ ਸਹਿਯੋਗ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਸਹਿਮਤ ਹੋਈਆਂ ਤਾਂਕਿ ਸੁਲਾਹ ਤੇ ਇਕਜੁੱਟਤਾ ਦਾ ਵਾਤਾਵਰਣ ਪ੍ਰਫੁੱਲਤ ਕੀਤਾ ਜਾਵੇ ਜਿਸ ਨਾਲ ਬਾਹਰੀ ਤੇ ਅੰਦਰੂਨੀ ਦੋਹਾਂ ਹੀ ਰੂਪਾਂ ਵਿਚ ਕੋਰੀਆਈ ਕੌਮ ਦੀ ਭਾਵਨਾ ਦਾ ਇਜਹਾਰ ਹੋਵੇ।
(i) ਦੋਵੇਂ ਧਿਰਾਂ ਸਭਿਆਚਾਰਕ ਤੇ ਕਲਾਤਮਕ ਆਦਾਨ-ਪ੍ਰਦਾਨ ਨੂੰ ਹੋਰ ਵਧੇਰੇ ਅੱਗੇ ਵਧਾਉਣ ਅਤੇ ਇਸਦੇ ਪਹਿਲੇ ਕਦਮ ਵਜੋਂ ਇਸ ਸਾਲ ਦੇ ਅਕਤੂਬਰ ਮਹੀਨੇ ਵਿਚ ਦੱਖਣੀ ਕੋਰੀਆ ਦੀ ਰਾਜਧਾਨੀ ਸਿਉਲ ਵਿਖੇ ਪਿਉਂਗਯਾਂਗ ਆਰਟ ਟਰੁਪ ਦੀ ਇਕ ਪੇਸ਼ਕਾਰੀ ਕਰਨ ਲਈ ਸਹਿਮਤ ਹੋਈਆਂ।
(ii) ਦੋਵੇਂ ਧਿਰਾਂ 2020 ਦੀਆਂ ਗਰਮੀ ਰੁੱਤ ਦੀਆਂ ਉਲੰਪਿਕ ਖੇਡਾਂ ਤੇ ਹੋਰ ਕੌਮਾਂਤਰੀ ਖੇਡਾਂ ਵਿਚ ਸਰਗਰਮੀ ਨਾਲ ਸਾਂਝੇ ਰੂਪ ਵਿਚ ਹਿੱਸਾ ਲੈਣ ਅਤੇ 2032 ਦੀਆਂ ਗਰਮੀ ਰੁੱਤ ਉਲੰਪਿਕ ਖੇਡਾਂ ਦਾ ਸਾਂਝੇ ਰੂਪ ਵਿਚ ਆਯੋਜਨ ਕਰਨ ਲਈ ਦਾਅਵਾ ਪੇਸ਼ ਕਰਨ ਹਿੱਤ ਸਹਿਯੋਗ ਕਰਨ ਲਈ ਸਹਿਮਤ ਹੋਈਆਂ।
(iii) ਦੋਵੇਂ ਧਿਰਾਂ ਅਕਤੂਬਰ 4 ਐਲਾਨਨਾਮੇ ਦੀ 11ਵੀਂ ਵਰ੍ਹੇਗੰਢ ਨੂੰ ਮਨਾਉਣ ਹਿੱਤ ਢੁਕਵੇਂ ਆਯੋਜਨ ਕਰਨ, ਪਹਿਲੀ ਮਾਰਚ ਆਜ਼ਾਦੀ ਅੰਦੋਲਨ ਦਿਵਸ ਦੀ 100ਵੀਂ ਵਰ੍ਹੇਗੰਢ ਸਾਂਝੇ ਰੂਪ ਵਿਚ ਮਨਾਉਣ ਹਿੱਤ, ਅਤੇ ਇਸ ਲਈ ਕਾਰਜਕਾਰੀ ਪੱਧਰ ਦਾ ਵਿਚਾਰ-ਵਟਾਂਦਰਾ ਕਰਨ ਲਈ ਸਹਿਮਤ ਹੋਏ।
”5. ਦੋਵੇਂ ਧਿਰਾਂ ਦਾ ਸਾਂਝਾ ਵਿਚਾਰ ਸੀ ਕਿ ਕੋਰੀਅਨ ਪ੍ਰਾਈਦੀਪ ਨੂੰ ਐਟਮੀ ਹਥਿਆਰਾਂ ਤੇ ਐਟਮੀ ਧਮਕੀਆਂ ਤੋਂ ਮੁਕਤ ਇਕ ਸ਼ਾਂਤੀ ਭੂਮੀ ਵਿਚ ਤਬਦੀਲ ਕੀਤਾ ਜਾਵੇ, ਅਤੇ ਇਸ ਦੀ ਪ੍ਰਾਪਤੀ ਲਈ ਮਹੱਤਵਪੂਰਨ ਰੂਪ ਵਿਚ ਤੱਤਪਰਤਾ ਨਾਲ ਵਧਿਆ ਜਾਵੇ।
(i) ਪਹਿਲਾਂ, ਉਤਰੀ ਕੋਰੀਆ ਸੰਬੰਧਤ ਦੇਸ਼ਾਂ ਦੇ ਮਾਹਿਰਾਂ ਦੀ ਨਿਗਰਾਨੀ ਵਿਚ ਦੋਂਗਚਾਂਗ-ਰੀ ਮਿਜਾਇਲ ਇੰਜਨ ਟੈਸਟ ਸਥੱਲ ਤੇ ਲਾਂਚ ਪਲੇਟਫਾਰਮ ਨੂੰ ਪੱਕੇ ਰੂਪ ਵਿਚ ਨਸ਼ਟ ਕਰ ਦੇਵੇਗਾ।
(ii) ਉਤਰੀ ਕੋਰੀਆ ਨੇ ਅਮਰੀਕਾ-ਉਤਰੀ ਕੋਰੀਆ ਦੇ 12 ਜੂਨ ਦੇ ਸਾਂਝੇ ਬਿਆਨ ਦੀ ਭਾਵਨਾ ਦੇ ਮੁਤਾਬਕ ਅਮਰੀਕਾ ਵਲੋਂ ਮੇਚਵੇਂ ਕਦਮ ਚੁੱਕਣ ‘ਤੇ ਹੋਰ ਵਧੇਰੇ ਕਦਮ ਚੁੱਕਣ ਨੂੰ ਜਾਰੀ ਰੱਖਣ ਦੀ ਇੱਛਾ ਜਾਹਰ ਕੀਤੀ, ਜਿਵੇਂ ਕਿ ਬਿਉਂਗਬਈਉਨ ਐਟਮੀ ਕੇਂਦਰ ਨੂੰ ਸਥਾਈ ਰੂਪ ਵਿਚ ਨਸ਼ਟ ਕਰ ਦੇਣਾ।
(iii) ਦੋਵੇਂ ਧਿਰਾਂ ਕੋਰੀਆਈ ਪ੍ਰਾਈਦੀਪ ਨੂੰ ਪੂਰਣ ਰੂਪ ਵਿਚ ਪ੍ਰਮਾਣੂ ਮੁਕਤ ਬਨਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਠੋਸ ਸਹਿਯੋਗ ਲਈ ਸਹਿਮਤ ਹੋਏ।
”6. ਚੇਅਰਮੈਨ ਕਿਮ ਜੋਂਗ-ਉਨ ਰਾਸ਼ਟਰਪਤੀ ਮੂਨ ਜਈ-ਇਨ ਦੇ ਸੱਦੇ ‘ਤੇ ਕਿਸੇ ਨੇੜਲੀ ਮਿਤੀ ‘ਤੇ ਸਿਊਲ ਦੀ ਯਾਤਰਾ ਕਰਨ ਲਈ ਸਹਿਮਤ ਹੋਏ।”
‘ਸਿਤੰਬਰ 19, 2018’
ਇਸ ਐਲਾਨਨਾਮੇ ਦੇ ਜਾਰੀ ਹੋਣ ਦੇ ਨਾਲ ਹੀ ਇਸਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਅਮਲ ਵੀ ਸ਼ੁਰੂ ਹੋ ਗਿਆ ਹੈ। ਦੋਹਾਂ ਦੇਸ਼ਾਂ ਦੇ ਰੱਖਿਆ ਮੁਖੀਆਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਦੱਸਿਆ ਕਿ ਅਕਤੂਬਰ ਮਹੀਨੇ ਦੇ ਅੰਦਰ-ਅੰਦਰ ਪਾਨਮੁਨਜਿਉਮ ਪਿੰਡ ਵਿਚੋਂ ਬਾਰੂਦੀ ਸੁਰੰਗਾਂ ਸਾਫ ਕਰ ਦਿੱਤੀਆਂ ਜਾਣਗੀਆਂ ਤੇ ਇਥੋਂ ਸੰਤਰੀਆਂ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਜਾਣਗੀਆਂ।
1950-53 ਦੀ ਕੋਰੀਆਈ ਜੰਗ ਦੌਰਾਨ ਮਾਰੇ ਗਏ ਫੌਜੀਆਂ ਦੀਆਂ ਅਸਥੀਆਂ ਖੋਜਣ ਲਈ ਸਾਂਝੀ ਮੁਹਿੰਮ ਚਲਾਉਣ ਦਾ ਐਲਾਨ ਕਰਦੇ ਹੋਏ ਰੱਖਿਆ ਮੁਖੀਆਂ ਨੇ ਕਿਹਾ ਕਿ ਪਹਿਲਾਂ ਸੀਮਾਂ ਦੇ ਇਕ ਕੇਂਦਰੀ ਖੇਤਰ ਵਿਚੋਂ ਸੁਰੰਗਾਂ ਅਤੇ ਹੋਰ ਧਮਾਕਾਖੇਜ ਸਮੱਗਰੀਆਂ ਹਟਾਈਆਂ ਜਾਣਗੀਆਂ ਤਾਂਕਿ ਅਗਲੇ ਅਪ੍ਰੈਲ ਤੋਂ ਅਸਥੀਆਂ ਨੂੰ ਖੋਜਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਸਕੇ। ਇਸੇ ਤਰ੍ਹਾਂ ਹੋਰ ਸੰਤਰੀ ਪੋਸਟਾਂ ਹਟਾਉਣ, ਆਕਾਸ਼ ਵਿਚ ਨੋ-ਫਲਾਈ ਜੋਨ ਖਤਮ ਕਰਨ ਤੇ ਦੁਰਘਟਨਾਵਸ ਹੋਣ ਵਾਲੀਆਂ ਫੌਜੀ ਝੜਪਾਂ ਨੂੰ ਖਤਮ ਕਰਨ ਹਿੱਤ ਦੋਹਾਂ ਦੇਸ਼ਾਂ ਦੇ ਰੱਖਿਆ ਮੁਖੀਆਂ ਨੇ ਐਲਾਨ ਕੀਤੇ।
ਅਮਰੀਕਾ ਅਤੇ ਚੀਨ, ਦੋਵਾਂ ਨੇ ਹੀ ਇਸ ਸਿਖਰ ਵਾਰਤਾ ਦੇ ਸਿੱਟਿਆਂ ਦਾ ਸਵਾਗਤ ਕੀਤਾ ਹੈ।
ਚੀਨ, ਜਿਹੜਾ ਕਿ ਉਤਰੀ ਕੋਰੀਆ ਦਾ ਸਭ ਤੋਂ ਨੇੜਲਾ ਗੁਆਂਢੀ ਦੇਸ਼ ਹੈ ਅਤੇ ਹਮੇਸ਼ਾ ਉਸ ਨਾਲ ਖਲੋਤਾ ਰਿਹਾ ਹੈ, ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸਦੇ ਹਾਂਪੱਖੀ ਪ੍ਰਭਾਵਾਂ ਨੂੰ ਅਸੀਂ ਨੋਟ ਕੀਤਾ ਹੈ। ਇਸ ਮੀਟਿੰਗ ਨਾਲ ਫੌਜੀ ਤਨਾਅ ਘੱਟਣ, ਸ਼ਾਂਤੀ ਵਾਰਤਾ ਅੱਗੇ ਵੱਧਣ ਦੇ ਪ੍ਰਮਾਣੂ ਮੁਕਤੀ ਦੀ ਪ੍ਰਕਿਰਿਆ ਨੂੰ ਹੁਲਾਰਾ ਮਿਲੇਗਾ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਈ-ਇਨ ਨੇ ਆਪਣੇ ਦੇਸ਼ ਪਹੁੰਚਕੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੰਘ ਦੀ ਛੇਤੀ ਹੀ ਹੋਣ ਵਾਲੀ ਮੀਟਿੰਗ ਸਮੇਂ ਡੋਨਾਲਡ ਟਰੰਪ ਨਾਲ ਇਸ ਮਾਮਲੇ ‘ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਉਹ ਕਿਮ-ਜੋਂਗ-ਉਨ ਵਲੋਂ ਲਿਖਿਆ ਇਕ ਪੱਤਰ ਵੀ ਉਸਨੂੰ ਦੇਣਗੇ। ਆਪਣੀ ਸਿਉਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਕ ਬਹੁਤ ਹੀ ਮਹੱਤਵਪੂਰਨ ਗੱਲ ਉਨ੍ਹਾਂ ਕਹੀ ਜਿਹੜੀ ਦੋਵਾਂ ਕੋਰੀਆ ਦੇ ਇਸ ਮੁੱਦੇ ਬਾਰੇ ਰੁੱਖ ਨੂੰ ਸਪੱਸ਼ਟ ਕਰਦੀ ਹੈ। ਉਨ੍ਹਾਂ ਕਿਹਾ ”ਅਮਰੀਕਾ ਦੀ ਲੋੜ ਹੈ ਕਿ ਉਹ ਉਤਰੀ ਕੋਰੀਆ ਨਾਲ ਦੁਸ਼ਮਣੀ ਭਰੇ ਰਿਸ਼ਤੇ ਖਤਮ ਕਰੇ ਤੇ ਉਤਰੀ ਕੋਰੀਆਈ ਹਕੂਮਤ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰੇ।”
ਜਿੰਨੇ ਖੁਸ਼ਗਵਾਰ ਮਾਹੌਲ ਵਿਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਇਹ ਯਾਤਰਾ ਸ਼ੁਰੂ ਹੋਈ ਸੀ, ਓਨੇ ਹੀ ਖੁਸ਼ਗਵਾਰ ਢੰਗ ਨਾਲ ਇਸਦਾ ਅੰਤ ਵੀ ਹੋਇਆ। ਇਸ ਸਿਖਰ ਵਾਰਤਾ ਦੇ ਆਖਰੀ ਦਿਨ ਦੋਵਾਂ ਕੋਰੀਆਈ ਦੇਸ਼ਾਂ ਦੇ ਮੁਖੀਆਂ ਨੇ ਉਤਰ ਕੋਰੀਆ ਤੇ ਚੀਨ ਦੀ ਸਰਹੱਦ ‘ਤੇ ਸਥਿਤ ਮਾਊਂਟ ਪਾਇਕਟੂ ਦਾ ਦੌਰਾ ਕੀਤਾ, ਉਨ੍ਹਾਂ ਦੀਆਂ ਪਤਨੀਆਂ ਵੀ ਉਨ੍ਹਾਂ ਨਾਲ ਸਨ। ਇਥੇ ਵਰਣਨਯੋਗ ਹੈ ਕਿ 2744 ਮੀਟਰ ਉਚਾ ਇਹ ਪਹਾੜ ਕੋਰੀਆਈ ਕੌਮ ਦਾ ਉਦਗਮ ਸਥੱਲ ਹੈ ਅਤੇ ਇਹ ਕੋਰੀਆਈ ਕੌਮ ਦੇ ਜਨ ਮਾਨਸ ‘ਚ ਉਕਰਿਆ ਹੋਇਆ ਹੈ। ਇਹ ਕੋਰਿਆਈ ਰਾਜ ਦੇ ਬਾਨੀ ਸੰਸਥਾਪਕ ਦਾਨਗੁਨ ਦੀ ਜਨਮਭੂਮੀ ਹੈ। ਕਿਮ ਜੋਂਗ-ਉਨ ਦੇ ਵੰਸ਼ ਦੀ ਤਾਂ ਜਨਮਭੂਮੀ ਹੀ ਇਹ ਹੈ। ਉਸਦੇ ਦਾਦਾ ਪ੍ਰਸਿੱਧ ਕਮਿਊਨਿਸਟ ਆਗੂ ਕਿਮ-ਇਲ-ਸੁੰਗ, ਜਿਨ੍ਹਾਂ ਨੇ ਜਪਾਨੀ ਸਾਮਰਾਜ ਵਿਰੁੱਧ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੰਗ ਦੀ ਅਗਵਾਈ ਕੀਤੀ, ਉਨ੍ਹਾਂ ਵੀ ਇਹ ਗੁਰੀਲਾ ਜੰਗ ਇਸੇ ਪਹਾੜੀ ਖੇਤਰ ਨੂੰ ਆਧਾਰ ਖੇਤਰ ਬਣਾਕੇ ਲੜੀ ਸੀ। ਉਸਦੇ ਪਿਤਾ ਕਿਮ ਜੋਂਗ-ਇਲ ਦਾ ਜਨਮ ਹੀ ਇਸ ਖੇਤਰ ਵਿਚ ਉਸ ਜੰਗ ਦੌਰਾਨ ਹੋਇਆ ਸੀ। ਦੋਵਾਂ ਮੁਖੀਆਂ ਦਾ ਇਸ ਮਹਾਨ ਭੂਮੀ ਦਾ ਇਕੱਠਿਆਂ ਦੌਰਾ, ਉਨ੍ਹਾਂ ਦੀ ਕੋਰੀਆਈ ਕੌਮ ਦੇ ਇਕਜੁਟ ਹੋਣ ਦੀ ਤਾਂਘ ਪ੍ਰਤੀ ਪ੍ਰਤੀਬੱਧਤਾ ਨੂੰ ਜਾਹਿਰ ਕਰਦਾ ਹੈ।
ਕੋਰੀਆ ਪ੍ਰਾਈਦੀਪ ਨੂੰ ਪ੍ਰਮਾਣੂ ਮੁਕਤ ਬਨਾਉਣ ਅਤੇ ਏਸ਼ੀਆ ਤੇ ਸਮੁੱਚੀ ਦੁਨੀਆਂ ਦੇ ਸਿਰ ਤੋਂ ਪ੍ਰਮਾਣੂ ਜੰਗ ਦੇ ਖਤਰੇ ਨੂੰ ਅੰਸ਼ਕ ਰੂਪ ਵਿਚ ਟਾਲਣ ਦੀ ਜ਼ਿੰਮੇਵਾਰੀ ਹੁਣ ਅਮਰੀਕਾ ਸਿਰ ਜਾ ਪਈ ਹੈ। ਹੁਣ ਗੇਂਦ ਅਮਰੀਕਾ ਦੇ ਪਾਲੇ ਵਿਚ ਹੈ। ਸਮੁੱਚੀ ਦੁਨੀਆਂ ਦਾ ਪੂੰਜੀਵਾਦੀ ਮੀਡੀਆ ਜਿਵੇਂ ਉਤਰੀ ਕੋਰੀਆ ਦੇ ਮੁਖੀ ਕਿਮ ਜੋਂਗ-ਉਨ ਨੂੰ, ਆਪਣੇ ਕੂੜ ਤੇ ਜ਼ਹਿਰੀਲੇ ਪ੍ਰਚਾਰ ਰਾਹੀਂ, ਇਕ ਖੂਨ ਦੇ ਪਿਆਸੇ ਤਾਨਾਸ਼ਾਹ, ਸਮੁੱਚੀ ਦੁਨੀਆਂ ਨੂੰ ਜੰਗ ਦੀ ਭੱਠੀ ‘ਚ ਝੋਕਣ ਵਾਲੇ ਹਾਕਮ ਦੇ ਰੂਪ ਵਿਚ ਪੇਸ਼ ਕਰਦਾ ਸੀ, ਨੂੰ ਇਸ ਸਿਖਰ ਵਾਰਤਾ ਦੇ ਨਿਕਲੇ ਨਤੀਜਿਆਂ ਨੇ ਇਕ ਵਾਰ ਫਿਰ ਝੁਠਲਾ ਦਿੱਤਾ ਹੈ। ਅਮਰੀਕਾ ਨੂੰ ਹੁਣ ਇਸ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵੱਲ ਵੱਧਣਾ ਪਵੇਗਾ। ਜਿਵੇਂ ਦੱਖਣੀ ਕੋਰੀਆ ਦੇ ਮੁਖੀ ਮੂਨ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਦਰ-ਅੰਦਰ ਅਮਰੀਕਾ ਨੂੰ ਕੋਰੀਆਈ ਜੰਗ ਨੂੰ ਖਤਮ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤਾਂਕਿ ਸ਼ਾਂਤੀ ਪ੍ਰਕਿਰਿਆ ਅੱਗੇ ਵੱਧ ਸਕੇ। ਇੱਥੇ ਵਰਣਨਯੋਗ ਹੈ ਕਿ 1950-53 ਵਿਚ ਹੋਈ ਕੋਰੀਆਈ ਜੰਗ ਅਜੇ ਵੀ ਤਕਨੀਕੀ ਰੂਪ ਵਿਚ ਜਾਰੀ ਹੈ ਅਤੇ ਅਮਰੀਕਾ ਦੀ ਅਗਵਾਈ ਵਿਚ ਸੰਯੁਕਤ ਰਾਸ਼ਟਰ ਫੌਜਾਂ, ਦੱਖਣੀ ਕੋਰੀਆ ਤੇ ਉਤਰੀ ਕੋਰੀਆ ਅਜੇ ਵੀ ਜੰਗ ਦੇ ਮੋਡ ਵਿਚ ਹਨ। ਕਿਉਂਕਿ ਸਿਰਫ ਗੋਲੀਬੰਦੀ ਹੋਈ ਸੀ, ਸ਼ਾਂਤੀ ਸੰਧੀ ਕਰਕੇ ਇਸ ਜੰਗ ਨੂੰ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਗਿਆ।
ਇਸ ਜੰਗ ਦੇ ਰਸਮੀ ਰੂਪ ਵਿਚ ਖਤਮ ਹੋਣ ਨਾਲ ਇਸ ਖਿੱਤੇ ਵਿਚ ਚੱਲ ਰਹੀ ਫੌਜੀ ਦੌੜ ਵੀ ਖਤਮ ਹੋ ਜਾਵੇਗੀ। ਅਮਰੀਕਾ ਦੀ ਅਗਵਾਈ ਵਿਚ ਚਲ ਰਹੀ ਸੰਯੁਕਤ ਰਾਸ਼ਟਰ ਫੌਜੀ ਕਮਾਂਡ ਨੂੰ ਖਤਮ ਕਰਕੇ ਅਮਰੀਕੀ ਫੌਜਾਂ ਵਾਪਸ ਜਾਣਗੀਆਂ। ਇਸ ਖਿੱਤੇ ਵਿਚ ਥਾਂ ਪੁਰ ਥਾਂ ਬੀੜੇ ਪ੍ਰਮਾਣੂ ਹਥਿਆਰ ਤੇ ਮਿਜਾਇਲਾਂ ਹਟਾਣੀਆਂ ਪੈਣਗੀਆਂ। ਨਿੱਤ ਹੁੰਦੇ ਫੌਜੀ ਅਭਿਆਸ ਵੀ ਬਹੁਤ ਘੱਟ ਜਾਣਗੇ। ਇਸ ਤਰ੍ਹਾਂ ਏਸ਼ੀਆ ਦੇ ਲੋਕਾਂ ਦੇ ਸਿਰੋਂ ਜੰਗ ਦਾ ਖਤਰਾ ਖਤਮ ਹੋਣ ਨਾਲ ਉਨ੍ਹਾਂ ਨੂੰ ਸੁੱਖ ਦਾ ਸਾਹ ਆਵੇਗਾ।
ਇਸ ਸਿਖਰ ਵਾਰਤਾ ਨੇ ਸਮੁੱਚੀ ਦੁਨੀਆਂ ਦੇ ਅਮਨ ਪਸੰਦ ਤੇ ਮਨੁਖਤਾ ਨੂੰ ਰਸਦਾ-ਵਸਦਾ ਦੇਖਣ ਵਾਲੇ ਲੋਕਾਂ ਦੀਆਂ ਆਸਾਂ ਉਮੰਗਾਂ ਨੂੰ ਇਕ ਵਾਰ ਮੁੜ ਬੂਰ ਪਾਇਆ ਹੈ। ਸ਼ਾਲਾ, ਡੋਨਾਲਡ ਟਰੰਪ ਤੇ ਉਸਦੇ ਪ੍ਰਸ਼ਾਸਨ ਨੂੰ ਸੁਮੱਤ ਮਿਲੇ ਅਤੇ ਇਹ ਸ਼ਾਂਤੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧੇ।

Scroll To Top