ਮੋਗਾ :’ਕਸ਼ਮੀਰੀ ਲੋਕਾਂ ‘ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’ ਦੇ ਸੱਦੇ ‘ਤੇ ਇੱਥੋਂ ਦੇ ਨੇਚਰ ਪਾਰਕ ਵਿਖੇ ਵਿਸ਼ਾਲ ਕਾਨਫਰੰਸ ਅਤੇ ਮੁੱਖ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਵਲੋਂ ਮੰਗ ਕੀਤੀ ਗਈ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਅਤੇ 35 ਏ ਬਿਨਾਂ ਦੇਰੀ ਮੂਲ ਰੂਪ ਵਿੱਚ ਬਹਾਲ ਕੀਤੀਆਂ ਜਾਣ, ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦਾ ਪੁਰਾਣਾ ਦਰਜਾ ਕਾਇਮ ਕੀਤਾ ਜਾਵੇ, ਗ੍ਰਿਫਤਾਰ ਕੀਤੇ ਸਾਰੇ ਆਗੂ ਤੁਰਤ ਰਿਹਾ ਕੀਤੇ ਜਾਣ, ਕਸ਼ਮੀਰ ‘ਚੋਂ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਵਾਪਸ ਬੁਲਾਇਆ ਜਾਵੇ, ਸਮੁੱਚੀਆਂ ਜਨਤਕ ਸੇਵਾਵਾਂ ਅਤੇ ਜਮਹੂਰੀ ਹੱਕ ਬਹਾਲ ਕੀਤੇ ਜਾਣ, ਅਫਸਪਾ, ਯੂਏਪੀਏ, ਪੀਐਸਏ ਆਦਿ ਕਾਲੇ ਕਾਨੂੰਨ ਮਨਸੂਖ਼ ਕੀਤੇ ਜਾਣ ਅਤੇ ਕਸ਼ਮੀਰ ਬਾਰੇ ਹੁਕੂਮਤੀ ਤੇ ਫਿਰਕੇਦਾਰਾਨਾ ਕੂੜ ਪ੍ਰਚਾਰ ਬੰਦ ਕੀਤਾ ਜਾਵੇ। ਬੀਤੇ ਦਿਨੀਂ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਪਰਤੇ ਕੁੱਲ ਹਿੰਦ ਮਹਿਲਾ ਫੈਡਰੇਸ਼ਨ ਦੀ ਕੌਮੀ ਆਗੂ ਕਾਮਰੇਡ ਐਨ ਈ ਰਾਜਾ ਮੁਜ਼ਾਹਰੇ ‘ਚ ਸ਼ਾਮਲ ਹੋਣ ਅਤੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ। ਉਨ੍ਹਾਂ ਤੋਂ ਇਲਾਵਾ ਸੀਪੀਆਈ ਦੇ ਕੌਮੀ ਆਗੂ ਸਾਥੀ ਜਗਰੂਪ, ਆਰਐਮਪੀਆਈ ਦੇ ਕੇਂਦਰੀ ਕਮੇਟੀ ਅਤੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਅਤੇ ਪ੍ਰੋਫੈਸਰ ਜੈਪਾਲ, ਸੀਪੀਆਈ (ਮ ਲ) ਲਿਬਰੇਸ਼ਨ ਦੇ ਕੌਮੀ ਆਗੂ ਸਾਥੀ ਸੁਖਦਰਸ਼ਨ ਨੱਤ, ਸੀਪੀਆਈ (ਮ ਲ) ਨਿਊ ਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਕੁਲਵਿੰਦਰ ਵੜੈਚ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੀ ਸੂਬਾ ਆਗੂ ਸਾਥੀ ਸੁਖਵਿੰਦਰ ਕੌਰ, ਇਨਕਲਾਬੀ ਲੋਕ ਮੋਰਚਾ ਦੇ ਆਗੂ ਲਾਲ ਸਿੰਘ ਗੋਲੇਵਾਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਨਰਿੰਦਰ ਨਿੰਦੀ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਤਾਰਾ ਸਿੰਘ ਮੋਗਾ ਵਲੋਂ ਕੀਤਾ ਗਿਆ।