Now Reading
ਆਕਸਫਾਮ ਰਿਪੋਰਟ-2020

ਆਕਸਫਾਮ ਰਿਪੋਰਟ-2020

ਅਮੀਰ ਗਰੀਬ ’ਚ ਨਿਰੰਤਰ ਵੱਧ ਰਿਹਾ ਹੈ ਪਾੜਾ
ਔਰਤਾਂ ਵਲੋਂ ਕੀਤਾ ਜਾਂਦਾ ਬਿਨਾਂ ਮਿਹਨਤਾਨੇ ਤੋਂ ਘਰੇਲੂ ਕੰਮ ਅਰਥਚਾਰੇ ਦਾ ਇੰਜਣ


ਸਵਿਟਜਰਲੈਂਡ ਦੇ ਸ਼ਹਿਰ ਦਾਵੋਸ ਵਿਖੇ 21 ਜਨਵਰੀ ਤੋਂ ਸ਼ੁਰੂ ਹੋਈ ‘ਸੰਸਾਰ ਆਰਥਕ ਫੋਰਮ’ ਦੀ 50ਵੀਂ ਸਾਲਾਨਾ ਬੈਠਕ ਤੋਂ ਇਕ ਦਿਨ ਪਹਿਲਾਂ 20 ਜਨਵਰੀ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਨੁੱਖੀ ਅਧਿਕਾਰਾਂ, ਖਾਸ ਤੌਰ ’ਤੇ ਦੁਨੀਆਂ ਦੇ ਗਰੀਬ ਲੋਕਾਂ ਦੇ ਹਿਤਾਂ ਦਾ ਲੇਖਾ-ਜੋਖਾ ਰੱਖਣ ਵਾਲੀ ਸੰਸਥਾ ‘ਆਕਸਫਾਮ’ (ਆਕਸਫੋਰਡ ਕਮੇਟੀ ਆਨ ਫੇਮਿਨ ਰਲੀਫ) ਨੇ ਸੰਸਾਰ ਅਸਮਾਨਤਾ ਰਿਪੋਰਟ-‘ਟਾਈਮ ਟੂ ਕੇਅਰ’ (ਦੇਖਭਾਲ ਦਾ ਸਮਾਂ) ਦੇ ਸਿਰਲੇਖ ਅਧੀਨ ਜਾਰੀ ਕੀਤੀ ਹੈ। ਇਸ ਵਾਰ ਇਹ ਰਿਪੋਰਟ ਆਕਸਫਾਮ ਦੇ ਭਾਰਤ ਅਧਿਆਏ ਦੇ ਮੁਖੀ ਅਮਿਤਾਬ ਬੇਹਰ ਨੇ ਪੇਸ਼ ਕੀਤੀ।
ਇਸ ਰਿਪੋਰਟ ਅਨੁਸਾਰ ਸਾਡੇ ਦੇਸ਼ ਭਾਰਤ ਵਿਚ
 ਸਭ ਤੋਂ ਅਮੀਰ 1% ਲੋਕਾਂ ਕੋਲ ਸਾਡੀ ਆਬਾਦੀ ਦੇ ਸਭ ਤੋਂ ਹੇਠਲੇ 95 ਕਰੋੜ 30 ਲੱਖ ਲੋਕਾਂ, ਜਿਹੜੇ ਕਿ ਕੁੱਲ ਆਬਾਦੀ ਦਾ 70% ਬਣਦੇ ਹਨ, ਦੀ ਕੁਲ ਸੰਪਤੀ ਨਾਲੋਂ ਵੀ 4 ਗੁਣਾ ਤੋਂ ਵੀ ਵਧੇਰੇ ਸੰਪਤੀ ਹੈ।
 ਦੇਸ਼ ਦੇ 63 ਅਰਬਪਤੀਆਂ ਦੀ ਕੁਲ ਸੰਪਤੀ ਦੇਸ਼ ਦੇ ਸਾਲ 2018-19 ਦੇ ਬਜਟ, ਜਿਹੜਾ ਕਿ 24 ਲੱਖ 42 ਹਜ਼ਾਰ 200 ਕਰੋੜ ਰੁਪਏ ਸੀ, ਨਾਲੋਂ ਵੀ ਵਧੇਰੇ ਹੈ।
 ਭਾਰਤ ਵਿਚ ਇਕ ਸਾਲ ਵਿਚ ਇਕ ਸਿਖਰਲੀ ਤਕਨੀਕੀ ਕੰਪਨੀ ਦਾ ਸੀ.ਈ.ਓ. ਜਿੰਨੀ ਕਮਾਈ ਕਰਦਾ ਹੈ, ਓਨੀ ਕਮਾਈ ਕਰਨ ਲਈ ਇਕ ਇਸਤਰੀ ਘਰੇਲੂ ਮਜ਼ਦੂਰ ਨੂੰ 22,777 ਸਾਲ ਕੰਮ ਕਰਨਾ ਪਵੇਗਾ।
 ਉਪਰੋਕਤ ਸੀ.ਈ.ਓ. 106 ਰੁਪਏ ਪ੍ਰਤੀ ਸੈਕੰਡ ਕਮਾਉਂਦਾ ਹੈ, 10 ਮਿੰਟਾਂ ਦੀ ਹੀ ਉਸਦੀ ਕਮਾਈ ਇਕ ਘਰੇਲੂ ਇਸਤਰੀ ਕਾਮੇ ਦੀ ਇਕ ਸਾਲ ਦੀ ਤਨਖਾਹ ਦੇ ਬਰਾਬਰ ਹੁੰਦੀ ਹੈ।
 ਭਾਰਤ ਵਿਚ ਔਰਤਾਂ ਤੇ ਕੁੜੀਆਂ ਪ੍ਰਤੀ ਦਿਨ ਬਿਨਾਂ ਮਿਹਨਤਾਨੇ ਤੋਂ 3.26 ਅਰਬ ਘੰਟੇ ਘਰੇਲੂ ਤੇ ਸਾਂਭ-ਸੰਭਾਲ ਦਾ ਕੰਮ ਕਰਦੀਆਂ ਹਨ, ਜਿਵੇਂ ਘਰ ਵਿਚ ਰੋਟੀ-ਪਾਣੀ ਬਨਾਉਣਾ, ਬੱਚਿਆਂ ਤੇ ਬੁਢਿਆਂ ਨੂੰ ਸਾਂਭਣਾ ਆਦਿ।
 ਆਪਣੇ ਇਸ ਕੰਮ ਨਾਲ ਉਹ ਭਾਰਤੀ ਅਰਥਚਾਰੇ ਵਿਚ ਹਰ ਸਾਲ ਘੱਟੋ-ਘੱਟ 19 ਲੱਖ ਕਰੋੜ ਰੁਪਏ ਦੇ ਬਰਾਬਰ ਦਾ ਯੋਗਦਾਨ ਪਾਉਂਦੀਆਂ ਹਨ, ਜਿਹੜਾ ਕਿ ਭਾਰਤ ਦੇ 2019 ਦੇ ਸਮੁੱਚੇ ਸਿੱਖਿਆ ਬਜਟ (93000 ਕਰੋੜ ਰੁਪਏ) ਨਾਲੋਂ 20 ਗੁਣਾ ਵਧੇਰੇ ਬਣਦਾ ਹੈ।
 ਜੇਕਰ ਸਾਂਭ-ਸੰਭਾਲ ਦੇ ਅਰਥਚਾਰੇ ਵਿਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 2% ਦੇ ਬਰਾਬਰ ਸਿੱਧਾ ਜਨਤਕ ਨਿਵੇਸ਼ ਕੀਤਾ ਜਾਵੇ ਤਾਂ 1 ਕਰੋੜ 10 ਲੱਖ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ, ਜਿੰਨੀਆਂ ਕਿ ਅਸੀਂ 2018 ਵਿਚ ਗੁਆਈਆਂ ਹਨ।
 ਔਰਤਾਂ ਤੇ ਕੁੜੀਆਂ ਘਰ ਦੇ ਕੰਮਾਂ, ਖਾਣਾ ਬਨਾਉਣ, ਸਾਫ ਸਫਾਈ ਕਰਨ ਤੇ ਬੱਚਿਆਂ-ਬੁਢਿਆਂ ਦੀ ਸਾਂਭ ਸੰਭਾਲ ਵਿਚ ਅਰਬਾਂ ਘੰਟੇ ਖਰਚ ਕਰਦੀਆਂ ਹਨ। ਉਨ੍ਹਾਂ ਵਲੋਂ ਕੀਤਾ ਜਾਂਦਾ ਇਹ ਬਿਨ੍ਹਾਂ ਮਿਹਨਤਾਨੇ ਤੋਂ ਕੰਮ ਸਾਡੇ ਅਰਥਚਾਰਿਆਂ, ਵਪਾਰਾਂ ਤੇ ਸਮਾਜ ਦੀ ਗਤੀਸ਼ੀਲਤਾ ਦਾ ਲੁਕਵਾਂ ਇੰਜਣ ਹੈ। ਇਹ ਸਮਾਜ ਦਾ ਉਹ ਹਿੱਸਾ ਹੈ ਜਿਹੜਾ ਕਿ ਸਿੱਖਿਆ, ਚੰਗੇ ਰਹਿਣ-ਸਹਿਣ ਦੇ ਮਾਮਲੇ ਵਿਚ ਸਮਾਜ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਰਿਪੋਰਟ ਅਨੁਸਾਰ ਭਾਰਤ ਸਮੇਤ ਦੁਨੀਆਂ ਭਰ ਦੀਆਂ ਸਰਕਾਰਾਂ ਸਭ ਤੋਂ ਵਧੇਰੇ ਅਮੀਰ ਵਿਅਕਤੀਆਂ ਤੇ ਵਪਾਰਕ ਅਦਾਰਿਆਂ ਤੋਂ ਟੈਕਸ ਵਸੂਲਣ ਵਿਚ ਨਾਕਾਮ ਰਹਿ ਰਹੀਆਂ ਹਨ, ਜਿਸ ਨਾਲ ਕਿ ਇਹ ਗਰੀਬੀ ਤੇ ਅਸਮਾਨਤਾ ਦੂਰ ਕੀਤੀ ਜਾ ਸਕਦੀ ਹੈ।
ਆਕਸਫਾਮ ਦੀ ‘ਅਸਮਾਨਤਾ ਰਿਪੋਰਟ’ ਅਨੁਸਾਰ ਸੰਸਾਰ ਵਿਚ
 2019 ਵਿਚ ਸੰਸਾਰ ਭਰ ਵਿਚ 2153 ਅਰਬਪਤੀ ਸਨ, ਜਿਨ੍ਹਾਂ ਦੀ ਕੁਲ ਸੰਪਤੀ ਸੰਸਾਰ ਦੇ ਸਭ ਤੋਂ ਹੇਠਲੇ ਪੱਧਰ ਦੇ 4 ਅਰਬ 60 ਕਰੋੜ ਲੋਕਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਸੀ, ਜਿਹੜੇ ਕਿ ਸੰਸਾਰ ਦੀ ਕੁਲ ਆਬਾਦੀ ਦਾ 60% ਹਨ।
 ਸੰਸਾਰ ਦੇ ਸਭ ਤੋਂ ਅਮੀਰ 22 ਲੋਕਾਂ ਦੀ ਸੰਪਤੀ ਅਫਰੀਕਾ ਮਹਾਂਦੀਪ ਦੀਆਂ ਸਮੁੱਚੀਆਂ ਔਰਤਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਹੈ।
 ਸੰਸਾਰ ਦੇ ਸਭ ਤੋਂ ਅਮੀਰ 1% ਲੋਕਾਂ ਦੀ ਕੁੱਲ ਸੰਪਤੀ ਸਭ ਤੋਂ ਹੇਠਲੇ 6 ਅਰਬ 90 ਕਰੋੜ ਲੋਕਾਂ ਦੀ ਕੁੱਲ ਸੰਪਤੀ ਨਾਲੋਂ ਵੀ ਵਧੇਰੇ ਹੈ।
 ਜੇਕਰ ਲੋਕਾਂ ਨੂੰ ਉਨ੍ਹਾਂ ਦੀ ਸੰਪਤੀ ਨੂੰ 100-100 ਅਮਰੀਕੀ ਡਾਲਰ ਦੇ ਨੋਟਾਂ ਵਿਚ ਤਬਦੀਲ ਕਰਕੇ ਉਸ ਉਤੇ ਬਿਠਾਇਆ ਜਾਵੇ ਤਾਂ ਸੰਸਾਰ ਦੇ ਵਧੇਰੇ ਲੋਕਾਂ ਨੂੰ ਫਰਸ਼ ’ਤੇ ਹੀ ਬੈਠਣਾ ਪਵੇਗਾ, ਅਮੀਰ ਦੇਸ਼ਾਂ ਦੇ ਦਰਮਿਆਨੇ ਤਬਕੇ ਦੇ ਲੋਕ ਕੁਰਸੀ ਦੀ ਉਚਾਈ ’ਤੇ ਬੈਠ ਸਕਣਗੇ; ਅਤੇ ਦੁਨੀਆਂ ਦੇ ਦੋ ਸਭ ਤੋਂ ਅਮੀਰ ਵਿਅਕਤੀਆਂ ਨੂੰ ਧਰਤੀ ਦੇ ਬਾਹਰੀ ਖਲਾਅ ( ) ਵਿਚ ਬੈਠਣਾ ਪਵੇਗਾ।
 ਸਭ ਤੋਂ ਉਪਰਲੇ 1% ਅਮੀਰਾਂ ਦੀ ਸੰਪਤੀ ’ਤੇ ਜੇਕਰ ਅਗਲੇ 10 ਸਾਲਾਂ ਲਈ 0.5% ਵਧੇਰੇ ਟੈਕਸ ਲਾ ਦਿੱਤਾ ਜਾਵੇ ਤਾਂ ਉਸ ਆਮਦਣ ਨਾਲ ਸਿੱਖਿਆ, ਸਿਹਤ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਖੇਤਰਾਂ ਵਿਚ 1 ਅਰਬ 17 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
 2011 ਤੋਂ 2017 ਦਰਮਿਆਨ ਜੀ-7 ਦੇਸ਼ਾਂ ਵਿਚ ਤਨਖਾਹਾਂ ਵਿਚ ਔਸਤਨ ਵਾਧਾ 3% ਦੀ ਦਰ ਨਾਲ ਹੋਇਆ ਹੈ ਜਦੋਂਕਿ ਅਮੀਰਾਂ ਦੇ ਸ਼ੇਅਰਾਂ ਦੀ ਵਾਧਾ ਦਰ 31% ਰਹੀ ਹੈ।

Scroll To Top