Now Reading
ਅਜੋਕੀ ਅਕਾਲੀ ਸਿਆਸਤ ਦਾ ਦੀਵਾਲੀਆਪਨ

ਅਜੋਕੀ ਅਕਾਲੀ ਸਿਆਸਤ ਦਾ ਦੀਵਾਲੀਆਪਨ

ਮੰਗਤ ਰਾਮ ਪਾਸਲਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੌਜੂਦਾ ਸਥਿਤੀ ਹਰ ਪੱਖ ਤੋਂ ਡੂੰਘੇ ਨਿਘਾਰ ਦਾ ਸ਼ਿਕਾਰ ਬਣੀ ਹੋਈ ਹੈ। ਇਤਿਹਾਸਕ ਦਰਿਸ਼ਟੀਕੋਨ ਤੋਂ ਧਾਰਮਿਕ ਚੌਖਟੇ ਅੰਦਰ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਕੇ ਰਾਜਸੀ ਖੇਤਰ ਵਿਚ ਉਭਰਿਆ ਅਕਾਲੀ ਦਲ, ਸਿੱਖ ਧਰਮ ਦੇ ਵਾਰਸ ਹੋਣ ਦਾ ਦਾਅਵਾ ਕਰਦਿਆਂ, ਸਿੱਖਾਂ ਖਾਸਕਰ ਸਿੱਖ ਕਿਸਾਨੀ ਤੇ ਵਿਉਪਾਰੀਆਂ ਦੇ ਇਕ ਚੋਖੇ ਹਿੱਸੇ ਦਾ ਨੁਮਾਇੰਦਾ ਬਣ ਗਿਆ। ਆਜ਼ਾਦੀ ਸੰਗਰਾਮ ਵਿਚ ਅਕਾਲੀ ਦਲ ਨੇ ਗੋਰੇ-ਸਾਮਰਾਜ ਦੇ ਏਜੰਟ ਬਣੇ ਹੋਏ ਮਹੰਤਾਂ ਦੇ ਕਬਜ਼ੇ ਹੇਠੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਭਾਰੀ ਕੁਰਬਾਨੀਆਂ ਕੀਤੀਆਂ। ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਮੋੋਰਚੇ ਦੀ ਕਾਮਯਾਬੀ ਤੋਂ ਬਾਅਦ ਉਹੀ ਅਕਾਲੀ ਲਹਿਰ ਵੱਡੇ ਗੁਰਦੁਆਰੇ ਦੇ ਰੂਪ ਵਿਚ ‘ਭਾਰਤ’ ਨੂੰ ਅੰਗਰੇਜ਼ੀ ਹਕੂਮਤ ਤੋਂ ਮੁਕਤ ਕਰਾਉਣ ਦੀ ਦੇਸ਼ ਭਗਤੀ ਵਾਲੀ ਲੜਾਈ ਵਿਚ ਤਬਦੀਲ ਹੋ ਗਈ। ਇਸ ਸ਼ਾਨਾਮੱਤੇ ਰੋਲ ਸਦਕਾ ਅਕਾਲੀ ਦਲ ਦਾ ਆਮ ਲੋਕਾਂ ਤੇ ਖਾਸਕਰ ਸਿੱਖ ਧਰਮ ਦੇ ਅਨੁਆਈਆਂ ਵਿਚ ਇਕ ਸਨਮਾਨ ਯੋਗ ਸਥਾਨ ਸਥਾਪਤ ਹੋ ਗਿਆ।
ਲੋਕ ਹਮਾਇਤ ਜੁਟਾ ਕੇ ਅਕਾਲੀ ਦਲ ਨੇ ਭਾਜਪਾ (ਪਹਿਲਾਂ  ਜਨ ਸੰਘ) ਨਾਲ਼ ਗਠਜੋੜ ਕਰਕੇ ਪੰਜਾਬ ਦੀ ਸੱਤਾ ‘ਤੇ ਕਈ ਵਾਰ ਕਬਜ਼ਾ ਕੀਤਾ। ਕੇਂਦਰ ਦੀਆਂ ਗੈਰ ਕਾਂਗਰਸੀ ਸਰਕਾਰਾਂ ਅੰਦਰ ਵੀ ਅਕਾਲੀ ਦਲ ਦੇ ਨੁੰਮਾਇੰਦਿਆਂ ਨੂੰ ਖੇਤੀਬਾੜੀ ਵਰਗੇ ਮਹੱਤਵਪੂਰਨ ਮਹਿਕਮਿਆਂ ਦੀਆਂ ਵਜ਼ੀਰੀਆਂ ਹਾਸਲ ਹੋਈਆਂ। ਭਾਵੇਂ ਪੰਜਾਬ ਸਰਕਾਰ ਦੀ ਮੁਖੀ ਧਿਰ ਹੋਣ ਦੇ ਬਾਵਜੂਦ ਅਕਾਲੀ ਦਲ-ਭਾਜਪਾ (ਪਹਿਲਾਂ ਜਨ ਸੰਘ) ਗਠਜੋੜ ਸਰਕਾਰ ਤੇ ਇਸਦੇ ਮੁਖ ਮੰਤਰੀਆਂ ਦੀ ਸਮੁੱਚੀ ਕਾਰਗੁਜ਼ਾਰੀ ਕਦੀ ਵੀ ਲੋਕ ਪੱਖੀ ਨਹੀਂ ਰਹੀ, ਪ੍ਰੰਤੂ ਕਿਸਾਨੀ ਅੰਦਰ ਆਪਣੇ ਜਨ ਆਧਾਰ ਨੂੰ ਕਾਇਮ ਰੱਖਣ ਦੀ ਮਜ਼ਬੂਰੀ ਵੱਸ ਇਨ੍ਹਾਂ ਸਰਕਾਰਾਂ ਵਲੋਂ ਟਿਊਬਵੈਲਾਂ ਲਈ ਮੁਫਤ ਬਿਜਲੀ ਤੇ ਕਈ ਹੋਰ ਸਮਾਜਿਕ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਕਿਸੇ ਵੀ ਹੋਰ ਸਰਮਾਏਦਾਰ-ਜਗੀਰਦਾਰ ਸਰਕਾਰ ਵਾਂਗ, ਅਕਾਲੀ-ਭਾਜਪਾ ਸਰਕਾਰਾਂ ਨੇ ਵੀ ਸਰਮਾਏਦਾਰੀ ਲੀਹਾਂ ਉਪਰ ਵਿਕਾਸ ਕਰਨ ਲਈ ਬਹੁਤ ਸਾਰੇ ਕਦਮ ਪੁੱਟੇ। ਇਸਦੇ ਨਤੀਜੇ ਵਜੋਂ ਅਕਾਲੀ ਦਲ ਨੂੰ ਪੰਜਾਬ ਦੇ ਵਿਕਾਸ ਕਰਨ ਦੇ ਨਾਲ ਨਾਲ ਖਾਸਕਰ ਕਿਸਾਨਾਂ ਦੇ ਹਿਤੂ ਹੋਣ ਦਾ ਲਾਭ ਪ੍ਰਾਪਤ ਵੀ ਹੋਇਆ, ਜਦੋਂ ਕਿ ਇਨ੍ਹਾਂ ਸਰਕਾਰਾਂ ਦੀਆਂ ਸਮੁੱਚੀਆਂ ਆਰਥਿਕ ਨੀਤੀਆਂ ਨੇ ਕਿਸਾਨੀ ਸਮੇਤ ਸਮਾਜ ਦੇ ਸਾਰੇ ਹੀ ਕਿਰਤੀ ਵਰਗਾਂ ਨੂੰ ਕੰਗਾਲੀ ਵੱਲ ਨੂੰ ਹੀ ਧਕੇਲਿਆ। ਇਨ੍ਹਾਂ ਸਰਕਾਰਾਂ ਵਲੋਂ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਸਦਕਾ ਪੰਜਾਬ ਦੀ ਕਿਸਾਨੀ ਤੇ ਖੇਤ ਮਜ਼ਦੂਰ ਕਰਜ਼ਿਆਂ ਦੇ ਭਾਰ ਹੇਠਾਂ ਜਕੜੇ ਪਏ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ ਆਤਮ ਹੱਤਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਸਰਕਾਰਾਂ ਦੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਸਿੱਟੇ ਵਜੋਂ ਵਿਦਿਆ, ਸਿਹਤ ਤੇ ਹੋਰ ਸਮਾਜਿਕ ਸਹੂਲਤਾਂ ਆਮ ਲੋਕਾਂ ਦੇ ਵੱਡੇ ਭਾਗ ਦੀ ਪਹੁੰਚ ਤੋਂ ਬਾਹਰ ਹਨ। ਬੇਕਾਰੀ ਘਟਣ ਦੀ ਥਾਂ ਲਗਾਤਾਰ ਵੱਧ ਰਹੀ ਹੈ ਤੇ ਸਰਕਾਰੀ ਖੇਤਰ ਦੇ ਮਹਿਕਮਿਆਂ ਤੇ ਸਰਕਾਰੀ ਅਸਾਮੀਆਂ ਨੂੰ ਨਿੱਜੀ ਖੇਤਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਧਕੇਲਣ ਦਾ ਵੱਡਾ ਜ਼ੁਰਮ ਵੀ ਅਕਾਲੀ ਦਲ-ਭਾਜਪਾ ਸਰਕਾਰਾਂ ਦੇ ਸਿਰ ਹੀ ਬੱਝਦਾ ਹੈ, ਭਾਵੇਂ ਕਿ ਇਹ ਸਿਲਸਿਲਾ ਕਾਂਗਰਸੀ ਹਕੂਮਤਾਂ ਵਿਚ ਵੀ ਬਦਸਤੂਰ ਜਾਰੀ ਰਿਹਾ। ਭੌਂ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਨਸ਼ਾ ਤਸਕਰਾਂ ਆਦਿ ਦੇ ਰੰਗ ਬਰੰਗੇ ਹਥਿਆਰਬੰਦ ਗੁੰਡਾ ਗ੍ਰੋਹ ਪੈਦਾ ਕਰਨ ਵਿਚ ਵੀ ਅਕਾਲੀ ਦਲ ਦੀ ਵੱਡੀ ਭੂਮਿਕਾ ਦੇਖੀ ਜਾ ਸਕਦੀ ਹੈ। ਭਰਿਸ਼ਟਾਚਾਰ ਰਾਹੀਂ ਪੈਸਾ ਇਕੱਠਾ ਕਰਨ ਵਿਚ ਤਾਂ ਅਕਾਲੀ ਦਲ ਤੇ ਭਾਜਪਾ ਆਗੂਆਂ ਦਾ ਕੋਈ ਸਾਨੀ ਹੀ ਨਹੀਂ ਹੈ।
ਇਨ੍ਹਾਂ ਉਪਰੋਕਤ ਸਾਰੇ ਕਾਰਨਾਂ ਦੇ ਮੱਦੇ ਨਜ਼ਰ ਅੱਜ ਅਕਾਲੀ ਦਲ (ਬਾਦਲ), ਪੰਜਾਬ ਦੇ ਲੁਟੇਰੇ ਗ੍ਰੋਹਾਂ ਤੋਂ ਸਿਵਾਏ ਦੂਸਰੇ ਆਮ ਮਿਹਨਤਕਸ਼ ਵਰਗਾਂ ਅੰਦਰ ਨਫਰਤ ਤੇ ਗੁੱਸੇ ਦਾ ਪਾਤਰ ਬਣ ਗਿਆ ਹੈ।
ਜਦੋਂ ਵੀ ਅਕਾਲੀ ਦਲ ਦੇ ਆਗੂਆਂ ਨੇ ਦੇਸ਼ ਅੰਦਰ ਸੰਘੀ (ਫੈਡਰਲ) ਢਾਂਚੇ ਨੂੰ ਮਜ਼ਬੂਤ ਕਰਨ ਹਿੱਤ ਰਾਜਾਂ ਲਈ ਵਧੇਰੇ ਅਧਿਕਾਰਾਂ ਦੀ ਮੰਗ ਉਠਾਈ, ਪੰਜਾਬ ਦੀਆਂ ਜਮਹੂਰੀ ਤੇ ਹੱਕੀ ਮੰਗਾਂ (ਪੰਜਾਬੀ ਭਾਸ਼ਾ ਦੀ ਉਨਤੀ, ਦਰਿਆਈ ਪਾਣੀਆਂ ਦੀ ਨਿਆਈਂ ਵੰਡ, ਪੰਜਾਬੋਂ ਬਾਹਰ ਰਹਿੰਦੇ ਪੰਜਾਬੀ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਨ ਵਰਗੇ ਮੁੱਦਿਆਂ) ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾਂ 1975 ਵਿਚ ਐਲਾਨੀ ਐਮਰਜੈਂਸੀ ਵਿਰੁੱਧ ‘ਜਮਹੂਰੀਅਤ ਬਹਾਲੀ’ ਦਾ ਮੋਰਚਾ ਲਾਇਆ ਤਾਂ ਅਕਾਲੀ ਦਲ ਨੂੰ ਦੇਸ਼ ਪੱਧਰ ਦੀ ਰਾਜਨੀਤੀ ਵਿਚ ਇਕ ਲੋਕ ਰਾਜੀ ਪਾਰਟੀ ਵਜੋਂ ਮਾਨਤਾ ਮਿਲੀ। ਪ੍ਰੰਤੂ ਜਦੋਂ ਤੋਂ ਅਕਾਲੀ ਦਲ ਨੇ ਭਾਜਪਾ (ਪਹਿਲਾਂ ਜਨ ਸੰਘ) ਨਾਲ ਸਾਂਝ ਪਾ ਕੇ ਆਪਣੇ ਜਮਹੂਰੀ ਪ੍ਰਤੀਬੱਧਤਾ ਵਾਲੇ ਸਰੋਕਾਰਾਂ ਨੂੰ ਪਿੱਠ ਦਿੱਤੀ ਹੈ, ਉਸ ਸਮੇਂ ਤੋਂ ਹੀ ਇਸ ਦੇ ਵਕਾਰ ਨੂੰ ਭਾਰੀ ਢਾਅ ਲੱਗਣੀ ਸ਼ੁਰੂ ਹੋ ਗਈ। ਅੱਜ ਅਕਾਲੀ ਦਲ (ਬਾਦਲ), ਭਾਜਪਾ ਤੇ ਆਰ.ਐਸ.ਐਸ. ਦੀ ਸੁਰ ਵਿਚ ਸੁਰ ਮਿਲਾ ਕੇ ਰਾਜਾਂ ਲਈ ਵਧੇਰੇ ਅਧਿਕਾਰਾਂ ਦੀ ਲੜਾਈ ਤੋਂ ਕਿਨਾਰਾਕਸ਼ੀ ਕਰ ਗਿਆ ਹੈ, ਆਪਣੇ ਅਮਲਾਂ ਵਿਚ, ਕੇਂਦਰੀ ਤਰਜ਼ ਦੀ ਹਕੂਮਤ ਦਾ ਹਮੈਤੀ ਬਣ ਗਿਆ ਹੈ ਤੇ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ਤੋਂ ਪਾਸਾ ਵੱਟੀ ਬੈਠਾ ਹੈ। ਕੇਂਦਰੀ ਤੇ ਪੰਜਾਬ ਸਰਕਾਰ ਵਿਚ ਅਕਾਲੀ ਦਲ ਨੇ ਆਪਣੀ ਸ਼ਮੂਲੀਅਤ ਹੋਣ ਦੇ ਬਾਵਜੂਦ ਕਦੀ ਵੀ ਪੰਜਾਬੀ ਭਾਸ਼ਾ ਨੂੰ ਇਸਦਾ ਬਣਦਾ ਸਥਾਨ ਦੇਣ ਦਾ ਕੋਈ ਯਤਨ ਨਹੀਂ ਕੀਤਾ। ਦਰਿਆਈ ਪਾਣੀਆਂ ਦੀ ਨਿਆਈਂ ਵੰਡ, ਸੂਬੇ ਤੋਂ ਬਾਹਰ ਰਹਿੰਦੇ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਤਾਂ ਲਗਭਗ ਵਿਸਾਰ ਹੀ ਦਿੱਤਾ ਗਿਆ ਹੈ। ਹੁਣ ਅਕਾਲੀ ਦਲ ਨੇ ਧਾਰਮਿਕ ਘੱਟ ਗਿਣਤੀਆਂ ਦੀ ਰਾਖੀ ਕਰਨ ਦੀ ਦਾਅਵੇਦਾਰੀ ਨੂੰ ਵੀ ਪੂਰਨ ਰੂਪ ਵਿਚ ਅਲਵਿਦਾ ਆਖ ਕੇ ਭਾਜਪਾ ਤੇ ਸੰਘ ਪਰਿਵਾਰ ਦੀ ਧਰਮ ਅਧਾਰਤ ‘ਹਿੰਦੂ ਰਾਸ਼ਟਰ’ ਦੀ ਕਾਇਮੀ ਦੇ ਐਲਾਨ ਪ੍ਰਤੀ ਸਾਜਿਸ਼ੀ ਚੁੱਪ (ਮਨਜੂਰੀ ਵਰਗੀ) ਧਾਰ ਕੇ ਦੇਸ਼ ਪੱਧਰ ਉਪਰ ਧਾਰਮਿਕ ਘੱਟ ਗਿਣਤੀਆਂ ਨੂੰ ਮਾਰ ਮੁਕਾਉਣ ਦੀ ਫਿਰਕੂ ਖੇਡ ਦਾ ਹੀ ਸਮਰਥਨ ਕਰ ਦਿੱਤਾ ਹੈ। ਅਕਾਲੀ ਦਲ (ਬਾਦਲ) ਨੂੰ ਭਾਜਪਾ ਸਰਕਾਰ ਵਲੋਂ ਚੋਣ ਕਮਿਸ਼ਨ, ਨੀਤੀ ਆਯੋਗ, ਨਿਆਂ ਪਾਲਕਾ, ਰੀਜ਼ਰਵ ਬੈਂਕ, ਸੀ.ਬੀ.ਆਈ. ਆਦਿ ਸੰਸਥਾਵਾਂ ਵਿਚ ਦਿੱਤੇ ਜਾ ਰਹੇ ਗੈਰ-ਵਿਧਾਨਕ ਦਖਲ ਉਪਰ ਵੀ ਕੋਈ ਗਿਲਾ ਨਹੀਂ ਜਾਪਦਾ। ਪਹਿਲਾਂ ਗੋਆ ਤੇ ਮਨੀਪੁਰ ਵਿਚ ਜਮਹੂਰੀ ਵਿਵਸਥਾਵਾਂ ਦੀ ਉਲੰਘਣਾ ਕਰਕੇ ਭਾਜਪਾਈ ਸਰਕਾਰਾਂ ਥੋਪਣ ਅਤੇ ਹੁਣ ਜੰਮੂ-ਕਸ਼ਮੀਰ ਦੀ ਅਸੈਂਬਲੀ ਭੰਗ ਕਰਨ ਵਿਚ ਰਾਜਪਾਲਾਂ ਵਲੋਂ ਨਿਭਾਏ ਗਏ ਗੈਰ ਸੰਵਿਧਾਨਕ ਰੋਲ ਉਪਰ ਵੀ ਪ੍ਰਕਾਸ਼ ਸਿੰਘ ਬਾਦਲ ਵਰਗੇ ਨੇਤਾਵਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।
ਸੱਤਾ ਦੇ ਲਾਲਚ ਨੇ ਅਕਾਲੀ ਦਲ ਦੇ ਨੇਤਾਵਾਂ ਨੂੰ ਏਨਾ ਅੰਨ੍ਹਾ ਤੇ ਅਸੰਵੇਦਨਸ਼ੀਲ ਬਣਾ ਦਿੱਤਾ ਹੈ ਕਿ ਉਨ੍ਹਾਂ ਲਈ ਮੋਦੀ ਸਰਕਾਰ, ਜੋ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ, ਹੁਣ ਕਿਸਾਨਾਂ ਦੀ ਸਭ ਤੋਂ ਭਰੋਸੇਮੰਦ ਮਿੱਤਰ ਜਾਪਦੀ ਹੈ। ਸੰਘ ਦੇ ਨੇਤਾਵਾਂ ਵਲੋਂ ਸਿੱਖ ਗੁਰੂਆਂ ਨੂੰ ਸਨਾਤਨੀ ਵਿਚਾਰਧਾਰਾ (ਭਾਵ ਸੰਘੀ ਵਿਚਾਰਧਾਰਾ) ਦੇ ਅਨੁਆਈ ਦੱਸਣ ਦਾ ਕੁਫ਼ਰ ਤੋਲਣ ਦੇ ਬਾਵਜੂਦ ਇਨ੍ਹਾਂ ਅਕਾਲੀ ਨੇਤਾਵਾਂ ਦੇ ਮਨਾਂ ਅੰਦਰ ਸਿੱਖ ਧਰਮ ਦੇ ਮਾਨਵਵਾਦੀ, ਅਗਾਂਹਵਧੂ ਤੇ ਧਰਮ ਨਿਰਪੱਖ ਸਰੋਕਾਰਾਂ ਨਾਲ ਹੋ ਰਹੀ ਖਿਲਵਾੜ ਵਿਰੁੱਧ ਕੋਈ ਰੋਸ ਨਹੀਂ ਉਪਜਦਾ।
ਸੰਘ ਪਰਿਵਾਰ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਧਾਰਮਿਕ ਘੱਟ ਗਿਣਤੀਆਂ, ਖਾਸਕਰ ਮੁਸਲਮਾਨਾਂ ਤੇ ਇਸਾਈਆਂ, ਦਲਿਤਾਂ ਤੇ ਔਰਤਾਂ ਵਿਰੁੱਧ ਜਿਸ ਤਰ੍ਹਾਂ ਲੂੰਅ-ਕੰਡੇ ਖੜੇ ਕਰਨ ਵਾਲੇ ਜ਼ੁਲਮ ਢਾਹੇ ਜਾ ਰਹੇ ਹਨ, ਅਕਾਲੀ ਆਗੂਆਂ ਦੇ ਵਿਵੇਕ ਨੂੰ ਉਹ ਵੀ ਰੱਤੀ ਭਰ ਨਹੀਂ ਝੰਜੋੜਦੇ। ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼ ਭਾਵ ਹਰ ਭਾਜਪਾ ਸ਼ਾਸ਼ਤ ਪ੍ਰਾਂਤ ਅੰਦਰ ਜਿਸ ਡਰ ਤੇ ਸਹਿਮ ਦੇ ਮਾਹੌਲ ਵਿਚ ਇਹ ਪੀੜਤ ਲੋਕ ਦਿਨ ਕਟੀ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਅਮਾਨਵੀ ਤੇ ਫਾਸ਼ੀਵਾਦੀ ਕਿਹਾ ਜਾਣਾ ਚਾਹੀਦਾ ਹੈ ਤੇ ਇਹ ਦੇਣ ”ਮੋਦੀ ਵਿਚਾਰਧਾਰਾ” ਦੀ ਹੈ, ਜਿਸ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਨਹੁੰ ਮਾਸ ਦਾ ਰਿਸ਼ਤਾ ਜੋੜ ਰੱਖਿਆ ਹੈ।
ਅਸਲ ਵਿਚ ਜਦੋਂ ਤੋਂ ਅਕਾਲੀ ਦਲ ਨੇ ਆਪਣੇ ਦੇਸ਼ ਭਗਤੀ ਤੇ ਜਮਹੂਰੀ ਨਜ਼ਰੀਏ ਨੂੰ ਤਿਆਗ ਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿੱਤ ਕੰਮ ਕਰਦੀਆਂ ਭਾਜਪਾ ਵਰਗੀਆਂ ਰਾਜਸੀ ਪਾਰਟੀਆਂ ਨਾਲ ਸਾਂਝ ਪਾਈ ਹੈ, ਉਸਨੇ ਆਪਣੇ ਜਮਹੂਰੀ ਤਕਾਜ਼ਿਆਂ ਨੂੰ ਛੱਡ ਕੇ ਉਨ੍ਹਾਂ ਸਾਰੀਆਂ ਬੁਰਿਆਈਆਂ ਨੂੰ ਵੀ ਅਪਣਾ ਲਿਆ ਹੈ, ਜੋ ਲੁਟੇਰੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀ ਸੇਵਾ ਕਰ ਰਹੇ ਬਾਕੀ ਰਾਜਸੀ ਦਲਾਂ ਨਾਲ ਚੁੰਬੜੀਆਂ ਹੋਈਆਂ ਹਨ।
ਅਕਾਲੀ ਦਲ (ਬਾਦਲ) ਲਈ ਹੁਣ ਸਿੱਖ ਧਰਮ ਦੇ ਨਾਮ ਜੱਪਣ (ਗਿਆਨ ਗ੍ਰਹਿਣ ਕਰਨ), ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ ਤੇ ਮਲਿਕ ਭਾਗੋਆਂ ਵਿਰੁੱਧ ਸੰਘਰਸ਼ ਵਿਚ ‘ਭਾਈ ਲਾਲੋਆਂ’ ਦਾ ਸਮਰਥਨ ਕੋਈ ਅਰਥ ਨਹੀਂ ਰੱਖਦਾ। ਭੇਖੀ ਸਾਧਾਂ, ਸੰਤਾਂ, ਪਾਖੰਡੀ ਧਰਮ ਗੁਰੂਆਂ, ਊਚ ਨੀਚ ਦੇ ਭਿੰਨ ਭੇਦਾਂ ਨਾਲ ਗ੍ਰਸੀਆਂ ਹੋਈਆਂ ਧਾਰਮਿਕ ਤੇ ਰਾਜਸੀ ਧਿਰਾਂ ਅਤੇ ਸੰਘ ਪਰਿਵਾਰ ਵਰਗੀਆਂ ਦੂਸਰੇ ਧਰਮਾਂ ਵਿਰੁੱਧ ਜ਼ਹਿਰ ਉਗਲਣ ਵਾਲੀਆਂ ਫਿਰਕੂ ਸ਼ਕਤੀਆਂ ਦਾ ਸਾਥ ਨਿਭਾ ਰਹੇ ਅੱਜ ਦੇ ਅਕਾਲੀ ਦਲ ਨੂੰ ਨਾ ਸਿੱਖ ਧਰਮ ਤੇ ਨਾ ਹੀ ਪੰਜਾਬ ਦੀ ਕਿਸਾਨੀ ਦੇ ਨੁਮਾਇੰਦੇ ਦਲ ਵਜੋਂ ਆਂਕਿਆ ਜਾ ਸਕਦਾ ਹੈ।
ਇਹ ਬਦ ਕਿਸਮਤੀ ਵਾਲੀ ਗੱਲ ਹੈ ਕਿ ਸਿੱਖ ਸਫ਼ਾਂ ਅੰਦਰ, ਇਕ ਹਿੱਸੇ ਵਲੋਂ, ਅਕਾਲੀ ਦਲ (ਬਾਦਲ) ਦਾ ਜੋ ਵਿਰੋਧ ਇਕ ਸੰਕੀਰਨ ਫਿਰਕੂ ਨਜ਼ਰੀਏ ਤੋਂ ਕੀਤਾ ਜਾ ਰਿਹਾ ਹੈ, ਅਸਲ ਵਿਚ ਉਹ ਇਸ ਲਈ ਵਰਦਾਨ ਸਿੱਧ ਹੋ ਸਕਦਾ ਹੈ, ਜਿਸ ਨਾਲ ਅਕਾਲੀ ਦਲ ਕੁਝ ਜਮਹੂਰੀ ਹਲਕਿਆਂ ਦੀ ਹਮਾਇਤ ਜੁਟਾ ਸਕਣ ਦੇ ਸਮਰੱਥ ਬਣ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਮੁੱਚੇ ਪੰਜਾਬ ਵਾਸੀ, ਖਾਸ ਕਰ ਸਿੱਖ ਜਨ ਸਮੂਹ ਅਕਾਲੀ ਦਲ (ਬਾਦਲ) ਦੇ ਵਿਰੁੱਧ ਪੈਂਤੜਾ ਲੈਣ ਸਮੇਂ ਇਸ ਦੀਆਂ ਲੋਕ ਮਾਰੂ ਤੇ ਧਨਾਢਾਂ ਪੱਖੀ ਆਰਥਿਕ ਨੀਤੀਆਂ, ਘਿਰਨਾਜਨਕ ਭਰਿਸ਼ਟ ਕਾਰਵਾਈਆਂ ਤੇ ਗੈਰ ਜਮਹੂਰੀ ਅਮਲਾਂ ਨੂੰ ਨਿਸ਼ਾਨੇ ਉਪਰ ਰੱਖਣ। ਇਸਦੇ ਨਾਲ ਹੀ ਅਕਾਲੀ ਦਲ ਦੇ ਭਾਜਪਾਈ ਵਿਚਾਰਧਾਰਾ ਦੇ ਅਨੁਕੂਲ ਦੇਸ਼ ਦੇ ਫੈਡਰਲ ਢਾਂਚੇ, ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਤਬਾਹ ਕਰਨ ਵਾਲੇ ਅਮਲਾਂ ਅਤੇ ਸਿੱਖ ਧਰਮ ਨਾਲ ਸਬੰਧਤ ਪ੍ਰੰਪਰਾਵਾਂ ਤੇ ਸੰਸਥਾਵਾਂ ਦੀ ਆਪਣੇ ਨਿੱਜੀ ਸਵਾਰਥੀ ਰਾਜਸੀ ਹਿੱਤਾਂ ਦੀ ਪੂਰਤੀ ਲਈ ਕੀਤੀ ਗਈ ਦੁਰਵਰਤੋਂ ਦੇ ਪਰਦੇ ਫਰੋਲ ਕੇ ਹੀ ਅਕਾਲੀ ਦਲ (ਬਾਦਲ) ਨੂੰ ਦੇਸ਼ ਤੇ ਪੰਜਾਬ ਦੀ ਰਾਜਨੀਤੀ ਵਿਚੋਂ ਮਨਫੀ ਕੀਤਾ ਜਾ ਸਕਦਾ ਹੈ। ਅਕਾਲੀ ਦਲ ਲਈ ਸਿੱਖ ਧਰਮ ਪ੍ਰਤੀ ਦਿਖਾਈ ਜਾ ਰਹੀ ਓਪਰੀ ਆਸਥਾ ਇਸ ਧਰਮ ਦੀਆਂ ਨਰੋਈਆਂ ਪ੍ਰੰਪਰਾਵਾਂ ਨੂੰ ਅਮਲਾਂ ਵਿਚ ਅਪਣਾਉਣ ਦਾ ਵਿਸ਼ਾ ਨਹੀਂ, ਸਗੋਂ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਕੇ ਸੱਤਾ ਹਥਿਆਉਣਾ ਹੀ ਇਕ ਘਿਨਾਉਣਾ ਉਦੇਸ਼ ਬਣ ਗਿਆ ਹੈ। ਅਕਾਲੀ ਦਲ (ਬਾਦਲ) ਦੇ ਉਪਰੋਕਤ ਦੱਸੇ ਕੁਕਰਮਾਂ ਨੂੰ ਨਸ਼ਰ ਕਰਕੇ ਹੀ ਇਸ ਪਾਰਟੀ ਨਾਲ ਜੁੜੇ ਲੋਕਾਂ ਨੂੰ ਹਕੀਕੀ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸ਼ਕਤੀਆਂ ਸੰਗ ਇਕਮਿਕ ਕੀਤਾ ਜਾ ਸਕਦਾ ਹੈ। ਇਸ ਵਿਧੀ ਨਾਲ ਹੀ ਪੰਜਾਬ ਦੇ ਜੁਝਾਰੂ ਲੋਕ ਸਮਾਜਿਕ ਤਬਦੀਲੀ ਦੀ ਲਹਿਰ ਵਿਚ ਆਪਣੀ ਆਗੂ ਭੂਮਿਕਾ ਅਦਾ ਕਰ ਸਕਦੇ ਹਨ। ਜਿਨ੍ਹਾਂ ਆਗੂਆਂ ਤੇ ਨੀਤੀਆਂ ਦਾ ਅਕਾਲੀ ਦਲ (ਬਾਦਲ) ਅਨੁਸਰਨ ਕਰ ਰਿਹਾ ਹੈ, ਉਸ ਨਾਲ ਇਸ ਦਲ ਦਾ ਹੋਰ ਵਧੇਰੇ ਤਿੱਖੇ ਰੂਪ ਵਿਚ ਅਧੋਗਤੀ ਵੱਲ ਜਾਣਾ ਤੈਅ ਹੈ, ਬਸ਼ਰਤੇ ਕਿ ਜਮਹੂਰੀ ਸ਼ਕਤੀਆਂ ਇਸ ਨਾਲ ਜੁੜੀ ਲੋਕਾਈ ਨੂੰ ਪੰਜਾਬੀ ਦੇ ਜੁਝਾਰੂ ਵਿਰਸੇ ਤੇ ਸਿੱਖ ਧਰਮ ਦੇ ਮਾਨਵੀ ਸਰੋਕਾਰਾਂ ਤੋਂ ਜਾਣੂੰ ਕਰਾ ਕੇ ਆਪਣੇ ਨਾਲ ਤੋਰਨ ਦੇ ਸਮਰੱਥ ਬਣਨ।

Scroll To Top