ਹਰਕੰਵਲ ਸਿੰਘ
7 ਨਵੰਬਰ 1917 ਦਾ ਮਹੱਤਵਪੂਰਨ ਦਿਹਾੜਾ, ਮਾਨਵ ਇਤਿਹਾਸ ਵਿਚ, ਅਨੰਤਕਾਲ ਤੱਕ ਇਕ ਯਾਦਗਾਰੀ ਦਿਵਸ ਵਜੋਂ ਜਗਮਗਾਉਂਦਾ ਰਹੇਗਾ। ਇਸ ਦਿਨ, ਰੂਸ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਨੇ ਮਹਾਨ ਲੈਨਿਨ ਦੀ ਅਗਵਾਈ ਹੇਠ ਆਪਣੇ ਦੇਸ਼ ਅੰਦਰਲੀ ਪੂੰਜੀਵਾਦੀ ਹਕੂਮਤ ਦਾ ਤਖ਼ਤਾ ਪਲਟ ਕੇ ਮਜ਼ਦੂਰਾਂ-ਕਿਸਾਨਾਂ ਦਾ ਰਾਜ ਸਥਾਪਿਤ ਕਰ ਦਿੱਤਾ ਸੀ। ਅਤੇ, ਇਸ ਨਿਵੇਕਲੀ ਘਟਨਾ ਨਾਲ ਮਨੁੱਖੀ ਸਮਾਜ ਇਕ ਨਵੇਂ ਯੁੱਗ, ਪੂੰਜੀਵਾਦ ਤੋਂ ਸਮਾਜਵਾਦ ਵਿਚ ਪਰਿਵਰਤਨ ਦੇ ਯੁੱਗ, ਵਿਚ ਦਾਖ਼ਲ ਹੋ ਗਿਆ ਸੀ। ਇਸ ਮਹਾਨ ਇਤਿਹਾਸਕ ਘਟਨਾ ਨੂੰ ਅਕਤੂਬਰ ਇਨਕਲਾਬ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਕਿਉਂਕਿ, ਉਸ ਵੇਲੇ ਰੂਸ ‘ਚ ਪ੍ਰਚੱਲਿਤ ਯੂਲੀਅਨ ਕੈਲੰਡਰ ਅਨੁਸਾਰ ਇਸ ਦਿਨ 25 ਅਕਤੂਬਰ ਸੀ। ਜਦੋਂਕਿ ਹੁਣ ਤੱਕ ਸਮੁੱਚੇ ਸੰਸਾਰ ਅੰਦਰ ਅਪਣਾਏ ਜਾ ਚੁੱਕੇ ਗਰੇਗੋਰੀਅਨ ਕੈਲੰਡਰ ਮੁਤਾਬਿਕ ਉਸ ਦਿਨ 7 ਨਵੰਬਰ ਦੀ ਮਿਤੀ ਸੀ। ਉਸ ਵਕਤ ਦਾ ਰੂਸ ਸਾਮਰਾਜੀ ਲੁਟੇਰੇ ਪ੍ਰਬੰਧ ਦੀ ਸਭ ਤੋਂ ਕਮਜ਼ੋਰ ਕੜੀ ਸਮਝੀ ਜਾਂਦੀ ਸੀ ਅਤੇ ‘ਕੌਮਾਂ ਦੇ ਜੇਲ੍ਹਖਾਨੇ’ ਵਜੋਂ ਬਦਨਾਮ ਸੀ ਜਿਸਨੂੰ ਬਾਲਸ਼ਵਿਕਾਂ ਨੇ ਲੋਕ ਸ਼ਕਤੀ ਦੀਆਂ ਵਦਾਣੀ ਸੱਟਾਂ ਮਾਰ ਕੇ ਹਮੇਸ਼ਾਂ-ਹਮੇਸ਼ਾਂ ਲਈ ਸਮੇਟ ਦਿੱਤਾ। ਇਸ ਮਹਾਨ ਇਨਕਲਾਬੀ ਘਟਨਾ ਨੇ ਕੇਵਲ ਰੂਸ ਅੰਦਰ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਅੰਦਰ, ਭਵਿੱਖ ਵਿਚ ਵਾਪਰਨ ਵਾਲੀਆਂ ਸਮਾਜਿਕ ਰਾਜਨੀਤਿਕ ਘਟਨਾਵਾਂ ਨੂੰ ਵੱਡੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਸਾਮਰਾਜੀ ਲੁਟੇਰਿਆਂ ਨੂੰੂ ਲੰਬੇ ਸਮੇਂ ਤੱਕ ਕੰਬਣੀਆਂ ਛੇੜੀ ਰੱਖੀਆਂ ਹਨ।
ਐਪਰ, ਅੱਜ ਇਹ ਇਕ ਬਹੁਤ ਹੀ ਗੰਭੀਰ ਤ੍ਰਾਸਦਿਕ ਗੱਲ ਹੈ ਕਿ ਅਕਤੂਬਰ ਇਨਕਲਾਬ ਦੀ ਇਸ ਵਰ੍ਹੇਗੰਢ ਸਮੇਂ, ਸੋਵੀਅਤ ਯੂਨੀਅਨ ਦੇ ਰੂਪ ਵਿਚ ਉਸਰਿਆ ਮਜ਼ਦੂਰ ਜਮਾਤ ਦਾ ਇਹ ਕਿਲ੍ਹਾ ਢਹਿ ਚੁੱਕਾ ਹੈ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆਂ ਭਾਵੇਂ ਸਮਾਜਵਾਦ ਨੂੰ ਵੱਜੀ ਇਹ ਵੱਡੀ ਪਛਾੜ ਆਰਜ਼ੀ ਹੀ ਹੈ। ਪ੍ਰੰਤੂ ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਸਮਾਜਵਾਦੀ ਕੈਂਪ ਅੱਜ ਵੱਡੀ ਹੱਦ ਤੱਕ ਬਿਖਰ ਚੁੱਕਾ ਦਿਖਾਈ ਦਿੰਦਾ ਹੈ। ਅਜਿਹਾ ਕਿਉਂ ਵਾਪਰਿਆ? ਇਸਨੂੰ ਜਾਨਣਾ ਤੇ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸਮਾਜਵਾਦ ਪ੍ਰਤੀ ਸੁਹਿਰਦ ਅਨੇਕਾਂ ਵਿਦਵਾਨਾਂ, ਰਾਜਨੀਤਿਕ ਚਿੰਤਕਾਂ ਅਤੇ ਮਜ਼ਦੂਰ ਜਮਾਤ ਦੀਆਂ ਰਾਜਸੀ ਪਾਰਟੀਆਂ ਵੱਲੋਂ ਇਸ ਬਾਰੇ ਕਈ ਘੋਖਵੇਂ ਵਿਸ਼ਲੇਸ਼ਣ ਕੀਤੇ ਗਏ ਹਨ ਅਤੇ ਭਵਿੱਖੀ ਅਮਲਾਂ ਵਾਸਤੇ ਢੁਕਵੀਆਂ ਸੇਧਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਐਪਰ, ਹਥਲੀ ਲਿਖਤ ਦਾ ਮਨੋਰਥ ਇਸ ਵਿਸ਼ਾਲ ਤੇ ਬਹੁਪੱਖੀ ਖੋਜ ਚਰਚਾ ਨੂੰ ਖੋਲ੍ਹਣਾ ਨਹੀਂ ਹੈ। ਇਥੇ, ਅਸੀਂ ਇਸ ਯੁੱਗ ਪਲਟਾਊ ਘਟਨਾ ਦੇ ਵਡਮੁੱਲੇ ਵਿਰਸੇ ਦੇ ਕੁੱਝ ਇਕ ਅਹਿਮ ਪੱਖਾਂ ਨੂੰ ਹੀ ਉਜਾਗਰ ਕਰਨ ਦਾ ਯਤਨ ਕਰਾਂਗੇ।
ਸਮਾਜਵਾਦੀ ਵਿਚਾਰਧਾਰਾ ਦਾ ਵਿਆਪਕ ਵਿਸਥਾਰ
ਅਕਤੂਬਰ ਇਨਕਲਾਬ ਨੇ ਜ਼ਾਰਸ਼ਾਹੀ ਰੂਸ ਅੰਦਰਲੀ ਸਾਮੰਤੀ ਤਾਨਾਸ਼ਾਹੀ ਦਾ ਖਾਤਮਾ ਕਰਕੇ ਮਜ਼ਦੂਰ ਜਮਾਤ ਦੀ ਪਾਰਟੀ ਦੀ ਅਗਵਾਈ ਹੇਠ ਕਿਰਤੀ ਲੋਕਾਂ ਦਾ ਪਹਿਲਾ ਜਮਾਤੀ ਰਾਜ ਸਥਾਪਿਤ ਕੀਤਾ। ਇਸ ਨਾਲ ਮਹਾਨ ਕਾਰਲ ਮਾਰਕਸ ਅਤੇ ਉਨ੍ਹਾਂ ਦੇ ਪਰਮ ਮਿੱਤਰ ਤੇ ਯੁੱਧ ਸਾਥੀ ਫਰੈਡਰਿਕ ਐਂਗਲਜ਼ ਵੱਲੋਂ ਸਮਾਜਿਕ ਵਿਕਾਸ ਵਾਰੇ ਸਥਾਪਿਤ ਕੀਤੀ ਗਈ ਵਿਗਿਆਨਕ ਸਿਧਾਂਤਕ ਸਮਝਦਾਰੀ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦਾ ਦੌਰ ਆਰੰਭ ਹੋ ਗਿਆ। ਇਸ ਨਾਲ ਸਮਾਜਵਾਦੀ ਵਿਚਾਰਧਾਰਾ ਨੂੰ ਇਕ ਭਾਵਪੂਰਤ ਹੁਲਾਰਾ ਮਿਲਿਆ। ਜਿਸ ਨੇ ਦੁਨੀਆਂ ਭਰ ਵਿਚ ਵਿਸਤਰਿਤ ਤੇ ਦੂਰਗਾਮੀ ਪ੍ਰਭਾਵ ਪੈਦਾ ਕੀਤੇ। ਮਾਨਵ ਸਮਾਜ ‘ਚੋਂ ਹਰ ਤਰ੍ਹਾਂ ਦੇ ਜ਼ਬਰ-ਜ਼ੁਲਮ ਅਤੇ ਲੁੱਟ-ਘਸੁੱਟ ਨੂੰ ਖਤਮ ਕਰਕੇ ਸਾਰੇ ਮਨੁੱਖਾਂ ਵਿਚਕਾਰ ਮੁੜ ਬਰਾਬਰਤਾ ਕਾਇਮ ਕਰਨ ਦੇ ਸਮਾਜਵਾਦੀ ਸੁਪਨੇ ਤਾਂ ਲੰਬੇ ਸਮੇਂ ਤੋਂ ਲਏ ਜਾ ਰਹੇ ਸਨ। ਪ੍ਰੰਤੂ ਇਹ ਸਾਰੇ ਜਾਂ ਤਾਂ ਕੁੱਝ ਇਕ ਇਨਸਾਫ਼ ਪਸੰਦ ਵਿਅਕਤੀਆਂ ਦੇ ਨਿੱਜੀ ਯਤਨਾਂ ਤੱਕ ਹੀ ਸੀਮਤ ਰਹੇ ਅਤੇ ਜਾਂ ਫਿਰ ਉਨ੍ਹਾਂ ਦੇ ਉਪਦੇਸ਼ਆਤਮਕ ਵਿਚਾਰਾਂ ਦੇ ਪ੍ਰਵਾਹ ਤੱਕ। ਜਦੋਂਕਿ ਅਕਤੂਬਰ ਇਨਕਲਾਬ ਉਪਰੰਤ ਸਮਾਜਵਾਦ ਇਕ ਆਦਰਸ਼ਵਾਦੀ/ਖਿਆਲੀ ਵਰਤਾਰਾ ਨਾ ਰਹਿ ਕੇ ਸਮਾਜਿਕ ਵਿਕਾਸ ਦੇ ਮਾਰਗ ‘ਤੇ ਇਕ ਪ੍ਰਾਪਤੀਯੋਗ ਮੰਜ਼ਿਲ ਵਜੋਂ ਉੱਭਰ ਆਇਆ ਹੈ। ਇਸ ਨਾਲ ਨਾ ਸਿਰਫ ਸਾਬਕਾ ਰੂਸ ਦੇ ਹਾਕਮਾਂ ਵੱਲੋਂ ਨਪੀੜੇ ਹੋਏ ਲੋਕਾਂ ਲਈ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਬੌਧਿਕ ਵਿਕਾਸ ਦੇ ਨਵੇਂ ਦਿਸਹੱਦੇ ਖੁੱਲ੍ਹ ਗਏ ਬਲਕਿ ਪੂੰਜੀਵਾਦੀ ਲੁੱਟ-ਚੌਂਘ ਵਿਰੁੱਧ ਦੁਨੀਆਂ ਭਰ ਅੰਦਰ ਜੂਝ ਰਹੀਆਂ ਸਮੁੱਚੀਆਂ ਸ਼ਕਤੀਆਂ ਨੂੰ ਵੀ ਆਸ਼ਾ ਦੀ ਇਕ ਨਵੀਂ ਕਿਰਨ ਦਿਖਾਈ ਦੇਣ ਲੱਗੀ। ਇਸ ਨਾਲ ਯੂਰਪ ਦੇ, ਸਨੱਅਤੀ ਪੱਖੋਂ ਵਿਕਸਤ, ਦੇਸ਼ਾਂ ਅੰਦਰ ਮਜ਼ਦੂਰ ਜਮਾਤ ਦੀ ਲਹਿਰ, ਜਿਹੜੀ ਕਿ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਚੁੱਕੀ ਸੀ, ਵਿਚ ਤੇਜ਼ੀ ਆਈ। ਅਤੇ, ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਬਸਤੀਵਾਦੀ ਗੁਲਾਮੀ ਵਿਰੁੱਧ ਚੱਲ ਰਹੇ ਕੌਮੀ ਮੁਕਤੀ ਦੇ ਸੰਗਰਾਮਾਂ ਨੂੰ ਵੀ ਭਰਵਾਂ ਉਤਸ਼ਾਹ ਤੇ ਹੌਂਸਲਾ ਮਿਲਿਆ। ਜਿਸਦੇ ਫ਼ਲਸਰੂਪ ਅਗਲੇ ਦੋ-ਤਿੰਨ ਦਹਾਕਿਆਂ ਅੰਦਰ ਹੀ ਦੁਨੀਆਂ ਦੇ ਰਾਜਨੀਤਿਕ ਨਕਸ਼ੇ ਵਿਚ ਢੇਰ ਸਾਰੀਆਂ ਤਬਦੀਲੀਆਂ ਹੋ ਗਈਆਂ ਅਤੇ ਕਈ ਨਵੇਂ ਪ੍ਰਭੂਸੱਤਾ ਸੰਪੰਨ ਆਜ਼ਾਦ ਦੇਸ਼ ਹੋਂਦ ਵਿਚ ਆ ਗਏ।
ਅਮਨ ਸ਼ਾਂਤੀ ਵੱਲ ਸੇਧਿਤ ਵਿਦੇਸ਼ ਨੀਤੀ
ਅਕਤੂਬਰ ਇਨਕਲਾਬ ਸਮੇਂ ਪਹਿਲੀ ਸੰਸਾਰ ਜੰਗ (1914-19) ਚੱਲ ਰਹੀ ਸੀ। ਜ਼ਾਰ ਨਿਕੋਲਿਸ (ਦੂਜੇ) ਦੀ ਅਗਵਾਈ ਹੇਠ ਰੂਸ ਦੀ ਜ਼ਾਰਸ਼ਾਹੀ ਹਕੂਮਤ ਵੀ ਇਸ ਆਦਮਖਾਣੀ ਜੰਗ ਵਿਚ ਸ਼ਾਮਲ ਸੀ। ਜਿਸ ਨਾਲ ਰੂਸੀ ਲੋਕਾਂ ਅੰਦਰ ਵਿਆਪਕ ਰੂਪ ਵਿਚ ਬੇਚੈਨੀ ਫੈਲੀ ਹੋਈ ਸੀ। ਉਹ ਹਰ ਤਰ੍ਹਾਂ ਦੀਆਂ ਮੁਸੀਬਤਾਂ ਹੇਠ ਬੁਰੀ ਤਰ੍ਹਾਂ ਦੱਬੇ ਪਏ ਸਨ। ਦੇਸ਼ ਅੰਦਰ ਖਾਧ-ਖੁਰਾਕ ਦਾ ਲੱਗਭੱਗ ਕਾਲ ਪਿਆ ਹੋਇਆ ਸੀ। ਬਾਲਣ ਲਈ ਕੋਲੇ-ਤੇਲ ਦੀ ਸਪਲਾਈ ਵੀ ਨਾ ਹੋਣ ਦੇ ਬਰਾਬਰ ਹੀ ਸੀ। ਜਰਮਨੀ ਤੇ ਉਸਦੇ ਭਾਈਵਾਲਾਂ ਨੇ ਰੂਸੀ ਹਕੂਮਤ ਹੇਠਲੇ ਕਈ ਇਲਾਕੇ ਆਪਣੇ ਕਬਜੇ ਵਿਚ ਕਰ ਲਏ ਸਨ। ਅਜਿਹੀਆਂ ਆਰਥਿਕ ਰਾਜਸੀ ਅਵਸਥਾਵਾਂ ਵਿਚ ਘਿਰੇ ਹੋਏ ਲੋਕ, ਸਾਮਰਾਜੀ ਲੁਟੇਰਿਆਂ ਵੱਲੋਂ ਮੰਡੀਆਂ ਹਥਿਆਉਣ ਲਈ ਲੜੀ ਜਾ ਰਹੀ ਜੰਗ ਦੇ ਵਿਰੁੱਧ ਸਨ। ਇਸ ਪਿਛੋਕੜ ਵਿਚ ਜ਼ਾਰਸ਼ਾਹੀ ਵਿਰੁੱਧ ਮਾਰਚ 1917 ਵਿਚ ਉੱਭਰੇ ਜਨਤਕ ਵਿਦਰੋਹ ਦੇ ਸਿੱਟੇ ਵਜੋਂ ਹਾਕਮ ਜ਼ਾਰ ਰਾਜਗੱਦੀ ਤਿਆਗ ਕੇ ਭੱਜ ਗਿਆ। ਇਸ ਉਪਰੰਤ ਕਰੰਸਕੀ ਦੀ ਅਗਵਾਈ ਹੇਠ ਬਣੀ ਮਿਲੀ-ਜੁਲੀ ਆਰਜ਼ੀ ਸਰਕਾਰ ਵੀ ਇਸ ਨਾ-ਹੱਕੀ ਜੰਗ ਨਾਲੋਂ ਵੱਖ ਹੋਣ ਦਾ ਹੀਆਂ ਨਹੀਂ ਕਰ ਸਕੀ ਅਤੇ ਆਮ ਲੋਕਾਂ ਦੀਆਂ ਮੁਸੀਬਤਾਂ ਵਿਚ ਨਿਰੰਤਰ ਵਾਧਾ ਹੁੰਦਾ ਗਿਆ। ਇਨ੍ਹਾਂ ਹਾਲਤਾਂ ਵਿਚ, ਅਕਤੂਬਰ ਇਨਕਲਾਬ ਉਪਰੰਤ ਮਹਾਨ ਲੈਨਿਨ ਦੀ ਅਗਵਾਈ ਹੇਠ ਬਣੀ ਬਾਲਸ਼ਵਿਕ ਸਰਕਾਰ ਨੇ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਦੇ ਨਿਪਟਾਰੇ ਨੂੰ ਪਹਿਲ ਦਿੰਦਿਆਂ ਤੁਰੰਤ ਹੀ ਜੰਗਬੰਦੀ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਇਸ ਮੰਤਵ ਲਈ ਲੱਗਭੱਗ ਦੋ ਮਹੀਨੇ ਤੱਕ ਚੱਲੀ ਸਮਝੌਤਾ-ਵਾਰਤਾ ਸਦਕਾ, ਇਸ ਸਰਕਾਰ ਨੇ 3 ਮਾਰਚ 1918 ਨੂੰ ਜਰਮਨੀ ਤੇ ਉਸਦੇ ਹਮਜੋਲੀਆਂ ਨਾਲ ਬਰੈਸਟ-ਲਿਟੋਵਸਕ (ਬੈਲਾਰੂਸ) ਦੀ ਇਤਿਹਾਸਕ ਸੰਧੀ ‘ਤੇ ਦਸਤਖ਼ਤ ਕੀਤੇ। ਇਸ ਸੰਧੀ ਰਾਹੀਂ ਬਾਲਸ਼ਵਿਕਾਂ ਨੂੰ ਭਾਵੇਂ ਜਰਮਨੀ ਆਦਿ ਨੂੰ ਕੁੱਝ ਰਿਆਇਤਾਂ ਦੇਣੀਆਂ ਪਈਆਂ ਪ੍ਰੰਤੂ ਉਨ੍ਹਾਂ ਦੀਆਂ ਧਾੜਵੀ ਫੌਜਾਂ ਰੂਸੀ ਇਲਾਕੇ ਖਾਲੀ ਕਰ ਗਈਆਂ। ਜਿਸ ਨਾਲ, ਕਮਿਊਨਿਸਟਾਂ ਨੂੰ ਜੰਗ ਕਾਰਨ ਤਬਾਹ ਹੋਈ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਲੋੜੀਂਦਾ ਸਮਾਂ ਵੀ ਉਪਲਬੱਧ ਹੋ ਗਿਆ ਅਤੇ ਆਮ ਲੋਕਾਂ ਦੀ ਅਮਨ-ਸ਼ਾਂਤੀ ਲਈ ਸਦੀਵੀਂ ਤਾਂਘ ਪ੍ਰਤੀ ਵੀ ਇਕ ਨੀਤੀਗਤ ਮਹੱਤਵਪੂਰਨ ਕਦਮ ਪੁੱਟਿਆ ਗਿਆ। ਇਸ ਲੋਕ ਪੱਖੀ ਪਹਿਲ-ਕਦਮੀ ਦਾ ਸਿੱਟਾ ਹੀ ਸੀ ਕਿ ਕੁੱਝ ਹੀ ਵਰ੍ਹਿਆਂ ਦੌਰਾਨ ਸੋਵੀਅਤ ਰੂਸ ਖੇਤੀ ਦੇ ਪੱਖ ਤੋਂ ਹੀ ਨਹੀਂ, ਬਲਕਿ ਸਨਅੱਤੀ ਤੇ ਸੁਰੱਖਿਆ ਦੇ ਖੇਤਰਾਂ ਵਿਚ ਵੀ ਇਕ ਮਹਾਸ਼ਕਤੀ ਵਜੋਂ ਉੱਭਰ ਆਇਆ। ਜਿਸਨੇ ਵੱਖ-ਵੱਖ ਕੌਮੀਅਤਾਂ ਨਾਲ ਸਬੰਧਿਤ ਲੋਕਾਂ ਅੰਦਰ ਹਕੀਕੀ ਰਾਸ਼ਟਰਵਾਦ ਦਾ ਨਿਰਮਾਣ ਕਰਕੇ ਦੂਜੇ ਸੰਸਾਰ ਯੁੱਧ (1939-45) ਦੌਰਾਨ ਅੰਧ ਰਾਸ਼ਟਰਵਾਦ ‘ਤੇ ਅਧਾਰਿਤ ਹਿਟਲਰਸ਼ਾਹੀ ਫਾਸ਼ੀਵਾਦ ਦਾ ਬੁਥਾੜ ਭੰਨਣ ਵਿਚ, ਕਾਮਰੇਡ ਸਟਾਲਨ ਦੀ ਅਗਵਾਈ ਹੇਠ, ਸਭ ਤੋਂ ਵੱਡੀ ਭੂਮਿਕਾ ਨਿਭਾਈ। ਇਕ ਅਨੁਮਾਨ ਅਨੁਸਾਰ ਇਸ ਭਿਅੰਕਰ ਜੰਗ ਵਿਚ ਵੱਡੀ ਪੱਧਰ ‘ਤੇ ਹੋਈ ਆਰਥਿਕ ਤਬਾਹੀ ਤੋਂ ਇਲਾਵਾ 4 ਕਰੋੜ ਲੋਕਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ, ਜਿਨ੍ਹਾਂ ‘ਚੋਂ 2 ਕਰੋੜ ਰੂਸੀ ਸਨ। ਇਹ ਅਕਤੂਬਰ ਇਨਕਲਾਬ ਦੀ ਦੇਣ ਹੀ ਸੀ ਜਿਸਨੇ ਰੂਸ ਨੂੰ ਅਜਿਹਾ ਸ਼ਾਨਾਮੱਤਾ ਰੋਲ ਅਦਾ ਕਰਕੇ ਦੁਨੀਆਂ ਭਰ ਦੀ ਲੋਕਾਈ ਨੂੰ ਫਾਸ਼ੀਵਾਦੀ ਦਰਿੰਦਗੀ ਤੋਂ ਬਚਾਅ ਕੇ ਜਮਹੂਰੀਅਤ ਨੂੰ ਪੱਕੇ ਪੈਰੀਂ ਕੀਤਾ।
ਇਸ ਸੰਦਰਭ ਵਿਚ ਇਥੇ ਇਹ ਨੋਟ ਕਰਨਾ ਵੀ ਯੋਗ ਹੈ ਕਿ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਨੂੰ ਪਹਿਲ ਦੇਣ ਵਾਸਤੇ ਦੂਜੇ ਦੇਸ਼ਾਂ ਨਾਲ ਉਤਪੰਨ ਹੁੰਦੇ ਵਿਵਾਦਾਂ ਨੂੰ ਨਿਪਟਾਉਣਾ ਤੇ ਹੱਦਾਂ-ਸਰਹੱਦਾਂ ਦੇ ਮਸਲੇ ਨਿਬੇੜਨੇ ਕਿੰਨੇ ਜ਼ਰੂਰੀ ਹਨ। ਇਸ ਪੱਖੋਂ ਅੱਜ ਭਾਰਤੀ ਹਾਕਮਾਂ ਦੀ ਪਹੁੰਚ ਕੀ ਹੈ? ਅਸੀਂ ਆਜ਼ਾਦੀ ਪ੍ਰਾਪਤੀ ਉਪਰੰਤ 73 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਅੰਗ੍ਰੇਜ਼ ਸਾਮਰਾਜੀਆਂ ਦੀ ‘ਪਾੜੋ ਤੇ ਰਾਜ ਕਰੋ’ ਦੀ ਲੋਕਮਾਰੂ ਖੇਡ ਦਾ ਸ਼ਿਕਾਰ ਬਣੇ ਹੋਏ ਹਾਂ। ਸਾਡੇ ਲਈ ਕਸ਼ਮੀਰ ਦਾ ਮਸਲਾ ਇਕ ਅਜਿਹਾ ਨਾਸੂਰ ਬਣਿਆ ਹੋਇਆ ਹੈ ਜਿਹੜਾ ਪਤਾ ਨਹੀਂ ਕਦੋਂ ਤੇ ਕਿਵੇਂ ਨਿਬੇੜਿਆ ਜਾਵੇਗਾ! ਇਸ ਵਿਵਾਦੀ ਮਸਲੇ ਦੇ ਟਾਕਰੇ ਲਈ ਲੋੜੀਂਦੀ ਫੌਜੀ ਸੁਰੱਖਿਆ ਤੇ ਫੌਜੀ ਸਾਜ-ਸਮਾਨ ਜੁਟਾਉਣ ਲਈ ਦੇਸ਼ ਦੇ ਕੀਮਤੀ ਪਦਾਰਥ ਤੇ ਵਿੱਤੀ ਵਸੀਲੇ ਵੀ ਬੁਰੀ ਤਰ੍ਹਾਂ ਬਰਬਾਦ ਕੀਤੇ ਜਾ ਰਹੇ ਹਨ ਅਤੇ ਫੌਜੀ ਜਵਾਨਾਂ ਦੀਆਂ ਵਡਮੁੱਲੀਆਂ ਜਾਨਾਂ ਵੀ ਅਜਾਈਂ ਜਾ ਰਹੀਆਂ ਹਨ। ਇਸ ਪੱਖੋਂ ਸਾਡੇ ਦੇਸ਼ ‘ਚ ਗੁਆਂਢੀ ਰਾਜ ਚੀਨ ਨੇ ਵੀ 14 ਦੇਸ਼ਾਂ ਨਾਲ ਲਗਦੀਆਂ ਸਰਹੱਦਾਂ ‘ਚੋਂ 12 ਦੇਸ਼ਾਂ ਨਾਲ ਸਰਹੱਦੀ ਝਗੜੇ ਕਦੋਂ ਦੇ ਨਿਬੇੜੇ ਹੋਏ ਹਨ। ਜਦੋਂ ਕਿ ਭਾਰਤ ਦਾ ਚੀਨ ਨਾਲ ਲਗਦੀ ਸਰਹੱਦ ਦਾ ਮਸਲਾ ਅਜੇ ਵੀ ਸਾਮਰਾਜੀ ਡਿਪਲੋਮੈਟਾਂ ਵੱਲੋਂ ਨਕਸ਼ਿਆਂ ਉੱਪਰ ਖਿੱਚੀਆਂ ਗਈਆਂ ਲਾਈਨਾਂ; ਮੈਕਮੋਹਣ ਲਾਈਨ, ਡਿਊਰੈਂਡ ਲਾਈਨ ਅਤੇ ਰੈੱਡ ਕਲਿੱਪ ਲਾਈਨ, ‘ਚ ਹੀ ਉਲਝਿਆ ਪਿਆ ਹੈ।
ਲੋਕ ਪੱਖੀ ਵਿਕਾਸ ਮਾਡਲ ਦੀਆਂ ਨੀਹਾਂ
ਅਕਤੂਬਰ ਇਨਕਲਾਬ ਉਪਰੰਤ ਰੂਸ ਅੰਦਰ ਜਿਸ ਤਰ੍ਹਾਂ ਸਾਮੰਤਸ਼ਾਹੀ ਦਾ ਖਾਤਮਾ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਵਾਹੀ ਹੇਠਲੀ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਗਏ ਅਤੇ ਧਨੀ ਕਿਸਾਨਾਂ (ਕੁੱਲਕਾਂ) ਦੀ ਆਪਾਧਾਪੀ ਤੇ ਜ਼ਖੀਰੇਬਾਜ਼ੀ ਨੂੰ ਲਗਾਮ ਦਿੱਤੀ ਗਈ, ਉਸ ਨਾਲ ਖੇਤੀ ਸੈਕਟਰ ਅੰਦਰ ਪੈਦਾਵਾਰੀ ਸ਼ਤਕਤੀਆਂ ਵਿਚ ਵੀ ਅਥਾਹ ਵਾਧਾ ਹੋਇਆ ਸੀ। ਇਸਤੋਂ ਇਲਾਵਾ ਸਨਅੱਤੀ ਖੇਤਰ ਵਿਚ ਪੈਦਾਵਰੀ ਸ਼ਕਤੀਆਂ ਦੇ ਨਿਰਮਾਣ ਵਾਸਤੇ ਮੰਡੀ ਦੀਆਂ ਬੇਰਹਿਮ ਸ਼ਕਤੀਆਂ ਨੂੰ ਅਤੇ ਪੂੰਜੀਵਾਦੀ ਪੈਦਾਵਾਰੀ ਪ੍ਰਬੰਧ ਦੀ ਅਰਾਜਕਤਾ ਨੂੰ ਨਕੇਲ ਪਾਉਣ ਵਾਸਤੇ ਉਭਾਰੇ ਗਏ ਯੋਜਨਾਬੰਦੀ ਦੇ ਸੰਕਲਪ ਨੂੰ ਵਿਕਸਤ ਕਰਨ ਨਾਲ ਸੋਵੀਅਤ ਰੂਸ ਨੇ ਸਨਅੱਤੀ ਵਿਕਾਸ ਦੇ ਪੱਖੋਂ ਵੀ ਨਿਵੇਕਲੀਆਂ ਮੱਲਾਂ ਮਾਰੀਆਂ। ਇਹ ਇਸ ਸਮੁੱਚੀ ਪਹੁੰਚ ਸਦਕਾ ਬਾਲਸ਼ਵਿਕਾਂ ਨੇ ਸੋਵੀਅਤ ਯੂਨੀਅਨ ਅੰਦਰਲੀਆਂ ਵੱਖ-ਵੱਖ ਕੌਮੀਅਤਾਂ ਤੇ ਘੱਟ ਗਿਣਤੀਆਂ ਨੂੰ ਇਸ ਲੋਕਮੁਖੀ ਵਿਕਾਸ ਮਾਡਲ ਦਾ ਅੰਗ ਬਨਾਉਣ ਦੀ ਦਿਸ਼ਾ ਵਿਚ ਹੀ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਜਿਸ ਨਾਲ ਉਥੇ ਬੇਰੁਜ਼ਗਾਰੀ ਉਪਰ ਵੀ ਵੱਡੀ ਹੱਦ ਤੱਕ ਕਾਬੂ ਪਾਇਆ ਗਿਆ ਅਤੇ ਮਹਿੰਗਾਈ ਨੂੰ ਨੱਥ ਪਾਉਣ ਪੱਖੋਂ ਵੀ ਵਧੀਆ ਸਫ਼ਲਤਾ ਪ੍ਰਾਪਤ ਕੀਤੀ ਗਈ। ਇਸਦੇ ਨਾਲ ਹੀ ਸੋਵੀਅਤ ਯੂਨੀਅਨ ਨੇ ਦੁਨੀਆਂ ਭਰ ਦੀਆਂ ਕੌਮੀ ਮੁਕਤੀ ਲਹਿਰਾਂ ਦੀ ਵੀ ਮਦਦ ਕੀਤੀ ਅਤੇ ਨਵੇਂ ਆਜ਼ਾਦ ਹੋਏ ਦੇਸ਼ਾਂ ਅੰਦਰ ਆਰਥਿਕ ਉਸਾਰੀ ਲਈ ਲੋੜੀਂਦੀਆਂ ਕੂੰਜੀਵਤ ਸਨਅੱਤਾਂ ਵਿਕਸਤ ਕਰਨਾ, ਜਿਵੇਂ ਕਿ ਭਾਰਤ ਅੰਦਰ ਭਿਲਾਈ ਵਿਖੇ ਲੋਹੇ ਤੇ ਇਸਪਾਤ ਦਾ ਕਾਰਖਾਨਾ ਸਥਾਪਿਤ ਕਰਨ, ਵਿਚ ਵੀ ਮਾਣਮੱਤਾ ਤੇ ਨਿਰਸਵਾਰਥ ਯੋਗਦਾਨ ਪਾਇਆ।
ਵੈਲਫੇਅਰ ਸਟੇਟ ਦਾ ਉੱਭਰਿਆ ਸੰਕਲਪ
ਅਕਤੂਬਰ ਇਨਕਲਾਬ ਨਾਲ ਸੋਵੀਅਤ ਯੂਨੀਅਨ ਅੰਦਰ ਰਾਜ ਸੱਤਾ ਮਜ਼ਦੂਰ ਜਮਾਤ ਦੀ ਪਾਰਟੀ ਦੇ ਹੱਥ ਵਿਚ ਆ ਜਾਣ ਨਾਲ ਉਥੇ ਲੋਕਾਂ ਦੀਆਂ ਬੁਨਿਆਦੀ ਜੀਵਨ ਲੋੜਾਂ, ਵਿਦਿਆ ਤੇ ਸਿਹਤ ਸਹੂਲਤਾਂ ਵਰਗੀਆਂ ਵਿਕਾਸਮੁਖੀ ਲੋੜਾਂ ਅਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਿਤ ਲੋੜਾਂ ਨੂੰ ਪ੍ਰਾਥਮਿਕਤਾ ਮਿਲਣ ਸਦਕਾ ਕਿਰਤੀ ਲੋਕਾਂ ਲਈ ਸਰਬਪੱਖੀ ਕਲਿਆਣ ਦਾ ਮੂੰਹ-ਮੁਹਾਂਦਰਾ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਸੀ, ਜਿਸਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਬਹੁਤ ਸਾਰੇ ਹੋਰ ਦੇਸ਼ਾਂ ਦੇ ਕਿਰਤੀਆਂ ਦੇ ਮਨਾਂ ਅੰਦਰ ਵੀ ਨਵੀਆਂ ਮੰਗਾਂ-ਉਮੰਗਾਂ ਜਨਮ ਲੈਣ ਲੱਗੀਆਂ। ਜਿਸਤੋਂ ਘਬਰਾ ਕੇ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਆਪਣੇ ਆਮ ਲੋਕਾਂ ਵਾਸਤੇ ਸੀਮਤ ਜਮਹੂਰੀ ਅਧਿਕਾਰ ਜਿਵੇਂ ਕਿ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਦੇਣਾ, ਸੁਰੱਖਿਅਤ ਰੋਜ਼ਗਾਰ ਅਤੇ ਪੈਨਸ਼ਨਾਂ ਆਦਿ ਦੇ ਰੂਪ ਵਿਚ ਸਮਾਜਿਕ ਸੁਰੱਖਿਆ, ਸਕੂਲਾਂ ਤੇ ਸਿਹਤ ਸਹੂਲਤਾਂ ਆਦਿ ਦੀਆਂ ਵਿਵਸਥਾਵਾਂ ਕਰਨ ਆਦਿ ਲਈ ਮਜ਼ਬੂਰ ਹੋਣਾ ਪਿਆ। ਇਸਨੂੰ ਵੈਲਫੇਅਰ ਸਟੇਟ ਕਿਹਾ ਗਿਆ। ਸੋਵੀਅਤ ਯੂਨੀਅਨ ਦੇ ਟੁੱਟ ਜਾਣ ਉਪਰੰਤ ਭਾਵੇਂ ਪੂੰਜੀਵਾਦੀ ਦੇਸ਼ਾਂ ਦੇ ਹਾਕਮ ਇਨ੍ਹਾਂ ਸਾਰੇ ਪੱਖਾਂ ਤੋਂ ਪਿਛਲਖੁਰੀ ਤੁਰਨੇ ਸ਼ੁਰੂ ਹੋ ਗਏ ਹਨ, ਪ੍ਰੰਤੂ ਰੂਸ ਅੰਦਰਲੇ ਥੋੜ੍ਹਚਿਰੇ ਸਮਾਜਵਾਦੀ ਪ੍ਰਬੰਧ ਦੀਆਂ ਇਹ ਬਰਕਤਾਂ ਅਜੋਕੇ ਸਮਾਜਿਕ-ਆਰਥਿਕ ਮਸਲਿਆਂ ਨੂੰ ਹੱਲ ਕਰਨ ਲਈ ਅੱਜ ਵੀ ਰਾਹ ਦਰਸਾਵੇ ਦਾ ਕੰਮ ਕਰ ਰਹੀਆਂ ਹਨ। ਉਦਾਹਰਣ ਵਜੋਂ ਕੋਵਿਡ-19 ਦੀ ਮੌਜੂਦਾ ਆਲਮੀ ਮਹਾਮਾਰੀ ਨੇ ਇਕ ਵਾਰ ਫਿਰ ਮਾਨਵ ਕਲਿਆਣ ਵਾਸਤੇ ਜਨਤਕ ਸਰਕਾਰੀ ਸਿਹਤ ਪ੍ਰਣਾਲੀ ਦੀ ਅਹਿਮ ਲੋੜ ਨੂੰ ਦੁਨੀਆਂ ਭਰ ਦੇ ਲੋਕਾਂ ਸਾਹਮਣੇ ਉਭਾਰ ਕੇ ਲਿਆਂਦਾ ਹੈ। ਅਜਿਹੀ ਵਿਸ਼ਾਲ ਤੇ ਭਰੋਸੇਯੋਗ ਸਿਹਤ ਪ੍ਰਣਾਲੀ ਸਮਾਜਵਾਦੀ ਢਾਂਚੇ ਵਿਚ ਹੀ ਵਿਕਸਤ ਤੇ ਪ੍ਰਫੁੱਲਿਤ ਹੋ ਸਕਦੀ ਹੈ। ਅਜਿਹੀ ਪ੍ਰਣਾਲੀ ਸਦਕਾ ਹੀ ਲੋਕ ਗਣਰਾਜ ਚੀਨ ਨੂੰ ਇਸ ਮਹਾਮਾਰੀ ‘ਤੇ ਸਫ਼ਲਤਾ ਸਹਿਤ ਕਾਬੂ ਪਾਉਣ ਲਈ ਮੁਕਾਬਲਤਨ ਘੱਟ ਕੀਮਤ ਤਾਰਨੀ ਪਈ। ਜਦੋਂ ਕਿ ਪੂੰਜੀਵਾਦੀ ਦੇਸ਼ਾਂ ਜਿਵੇਂ ਕਿ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ ਤੇ ਇਟਲੀ ਆਦਿ ਵਿਚ ਇਸ ਮਹਾਮਾਰੀ ਕਾਰਨ ਹਾਹਾਕਾਰ ਮਚੀ ਹੋਈ ਹੈ। ਹੁਣ ਤੱਕ ਦੁਨੀਆਂ ਭਰ ਵਿਚ 4 ਕਰੋੜ ਤੋਂ ਵੱਧ ਲੋਕ ਇਸ ਮਹਾਮਾਰੀ ਦੀ ਮਾਰ ਹੇਠ ਆ ਚੁੱਕੇ ਹਨ ਅਤੇ 11 ਲੱਖ 20 ਹਜ਼ਾਰ ਦੇ ਕਰੀਬ ਮਨੁੱਖੀ ਜਾਨਾਂ ਇਸਦੀ ਭੇਂਟ ਚੜ੍ਹ ਚੁੱਕੀਆਂ ਹਨ। ਇਸਦੇ ਟਾਕਰੇ ਵਿਚ ਉਤਰੀ ਕੋਰੀਆ ਤੇ ਵੀਅਤਨਾਮ ਵਰਗੇ ਛੋਟੇ ਸਮਾਜਵਾਦੀ ਦੇਸ਼ ਵੀ ਇਸ ਮਹਾਮਾਰੀ ‘ਤੇ ਵੱਡੀ ਹੱਦ ਤੱਕ ਕਾਬੂ ਪਾਉਣ ਦੇ ਸਮਰੱਥ ਸਿੱਧ ਹੋਏ ਹਨ। ਸਮਾਜਵਾਦੀ ਦੇਸ਼ ਕਿਊਬਾ ਦੀ ਜਨ ਸਿਹਤ ਪ੍ਰਣਾਲੀ ਤਾਂ ਅੱਜ ਇਸ ਪੱਖ ਤੋਂ ਇਕ ਹੋਰ ਸ਼ਾਨਾਮੱਤੀ ਮਿਸਾਲ ਬਣ ਕੇ ਉੱਭਰੀ ਹੈ। ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਢਾਂਚੇ ਦੇ ਨੁਕਸਾਨੇ ਜਾਣ ਉਪਰੰਤ ਪੂੰਜੀਵਾਦੀ ਦੇਸ਼ਾਂ ਅੰਦਰ ਨਵ-ਉਦਾਰਵਾਦੀ ਨੀਤੀਆਂ ਨੂੰ ਮਿਲੇ ਹੁਲ੍ਹਾਰੇ ਅਤੇ ਹਾਕਮਾਂ ਵੱਲੋਂ ਵੈਲਫੇਅਰ ਸਟੇਟ ਦੇ ਸੰਕਲਪ ਨੂੰ ਹੌਲੀ-ਹੌਲੀ ਤਿਆਗਦੇ ਜਾਣ ਕਾਰਨ ਹੀ ਇਸ ਮਹਾਮਾਰੀ ਦੇ ਵਿਸਥਾਰ ਵਿਚ ਤੀਖਣਤਾ ਆਈ ਹੈ।
ਭਵਿੱਖ ਸਮਾਜਵਾਦ ਦਾ ਹੀ ਹੈ
ਇਹੋ ਕਾਰਨ ਹੈ ਕਿ ਅੱਜ ਇਨਸਾਫ਼, ਬਰਾਬਰਤਾ, ਜਮਹੂਰੀਅਤ ਤੇ ਸਮਾਜਵਾਦ ਲਈ ਜਨਤਕ ਸੰਘਰਸ਼ ਥਾਂ-ਥਾਂ ਮੁੜ ਅੰਗੜਾਈਆਂ ਫੜ੍ਹ ਰਹੇ ਹਨ। ਕਿਰਤੀ ਲੋਕ ਆਰਥਿਕ ਲੁੱਟ-ਖਸੁੱਟ ਤੋਂ, ਆਰਥਿਕ ਤੰਗੀਆਂ ਤੋਂ, ਲਗਾਤਾਰ ਵਧ ਰਹੇ ਸਮਾਜਿਕ ਜ਼ਬਰ ਤੋਂ, ਹਰ ਤਰ੍ਹਾਂ ਦੇ ਵਿਤਕਰਿਆਂ ਤੋਂ ਅਤੇ ਬੇਇਨਸਾਫ਼ੀਆਂ ਤੋਂ ਮੁਕਤੀ ਚਾਹੁੰਦੇ ਹਨ। ਇਸ ਲਈ ਸਾਰੇ ਸੰਸਾਰ ਅੰਦਰ ਲੋਕਾਂ ਵੱਲੋਂ ਸਾਮਰਾਜਵਾਦ ਤੇ ਪੂੰਜੀਵਾਦ ਵਿਰੁੱਧ ਸੰਘਰਸ਼ਾਂ ਦੇ ਸੰਭਾਵਨਾਵਾਂ ਭਰਪੂਰ ਪਿੜ ਬੰਨ੍ਹੇ ਜਾ ਰਹੇ ਹਨ। ਲੋਕ ਸਾਮਰਾਜ ਸ਼ਾਹੀ ਦੀ ਨਵਬਸਤੀਵਾਦੀ ਪਹੁੰਚ ਨੂੰ ਭਾਂਜ ਦੇਣ ਲਈ ਇਕਜੁਟ ਹੋ ਰਹੇ ਹਨ। ਇਨ੍ਹਾਂ ਸਾਰੇ ਜਮਹੂਰੀ ਸੰਘਰਸ਼ਾਂ ਨੂੰ ਜੇਤੂ ਬਨਾਉਣ ਲਈ ਸਾਮਰਾਜੀ ਸ਼ਕਤੀਆਂ ਤੇ ਉਨ੍ਹਾਂ ਦੇ ਪਿੱਠੂ ਦੇਸੀ ਲੁਟੇਰਿਆਂ ਨੂੰ ਨਿਖੇੜਨ ਦੀ ਲੋੜ ਹੈ। ਇਸ ਮੰਤਵ ਲਈ ਜ਼ਰੂਰੀ ਹੈ ਕਿ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਤੋਂ ਅਗਵਾਈ ਲੈਂਦੇ ਹੋਏ ਜਨਤਕ ਸੰਘਰਸ਼ਾਂ ਨੂੰ ਜਮਾਤੀ ਪੱਖ ਤੋਂ ਬੱਝਵੇਂ ਰੂਪ ਵਿਚ ਧਾਰਾਬੱਧ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਜੇਤੂ ਬਨਾਉਣ ਲਈ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਉਨ੍ਹਾਂ ਦਰਮਿਆਨੀਆਂ ਜਮਾਤਾਂ ਨੂੰ ਵੀ ਸਾਂਝੇ ਮੋਰਚਿਆਂ ਦੇ ਰੂਪ ਵਿਚ ਇਕਜੁਟ ਕੀਤਾ ਜਾਵੇ ਜਿਹੜੀਆਂ ਕਿ ਸਾਮਰਾਜੀ ਲੁੱਟ ਦੀਆਂ ਸ਼ਿਕਾਰ ਬਣੀਆਂ ਹੋਈਆਂ ਹਨ। ਅਜਿਹੇ ਵਿਸ਼ਾਲ ਤੇ ਸ਼ਕਤੀਸ਼ਾਲੀ ਏਕੇ ਰਾਹੀਂ ਹੀ ਅਕਤੂਬਰ ਇਨਕਲਾਬ ਰਾਹੀਂ ਜਗੀ ਇਨਕਲਾਬੀ ਸਮਾਜਿਕ ਤਬਦੀਲੀ ਦੀ ਜੋਤ ਨੂੰ ਪ੍ਰਚੰਡ ਕੀਤਾ ਜਾ ਸਕਦਾ ਹੈ ਅਤੇ ਪੂੰਜੀਵਾਦ ਦੀ ਅਲਖ ਮੁਕਾਈ ਜਾ ਸਕਦੀ ਹੈ।