sangrami lehar

ਬਹੁਮੰਤਵੀ ਯਤਨਾਂ ਤੋਂ ਬਿਨਾਂ ਨਸ਼ਿਆਂ ਤੋਂ ਕਾਬੂ ਪਾਉਣਾ ਮਹਿਜ਼ ਡਰਾਮਾ ਕਰਾਰ

  • 06/07/2018
  • 07:53 PM

ਫਿਲੌਰ : ਨਸ਼ਿਆਂ ਕਾਰਨ ਜਵਾਨ-ਜਹਾਨ ਧੀਆਂ-ਪੁੱਤਾਂ ਦੀਆਂ ਹਰ ਰੋਜ਼ ਹੋ ਰਹੀਆਂ ਅਣ ਆਈਆਂ ਮੌਤਾਂ ਦੇ ਤਿੱਖੇ ਹੋਏ ਕੁਲਹਿਣੇ ਘਟਨਾਕ੍ਰਮ ਲਈ ਸਮੇਂ ਦੀਆਂ ਸਰਕਾਰਾਂ ਤੇ ਹਾਕਮ ਜਮਾਤ ਦੀਆਂ ਨੁਮਾਇੰਦਗੀ ਕਰਦੀਆਂ ਰਾਜਸੀ ਪਾਰਟੀਆਂ ਦੀ ਨਾਕਸ ਕਾਰਗੁਜ਼ਾਰੀ ਮੁੱਖ ਰੂਪ 'ਚ ਜ਼ਿੰਮੇਵਾਰ ਹੈ।' ਇਹ ਸ਼ਬਦ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਮੁਕਾਮੀ ਯੂਨਿਟਾਂ ਵੱਲੋਂ ਸ਼ਹਿਰ 'ਚ ਕੀਤੇ ਮਾਰਚ ਉਪਰੰਤ ਸਥਾਨਕ ਕਚਹਿਰੀਆਂ 'ਚ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਹੇ। ਅੱਜ ਦਾ ਮਾਰਚ ਸਥਾਨਕ ਨੂਰਮਹਿਲ ਦੇ ਅੱਡੇ ਤੋਂ ਆਰੰਭ ਹੋਕੇ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਕਚਹਿਰੀਆਂ 'ਚ ਸਮਾਪਤ ਕੀਤਾ ਗਿਆ। ਇਸ ਮਗਰੋਂ ਐਸਡੀਐਮ ਫਿਲੌਰ ਨਵਨੀਤ ਕੌਰ ਬਲ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਲੋਕ ਰੋਹ ਨੂੰ ਠੰਢਾ ਕਰਨ ਦੇ ਮਕਸਦ ਨਾਲ ਸਰਕਾਰਾਂ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਜਾ ਰਹੇ ਡੌਪੋ ਤੇ ਡੋਪ ਵਰਗੇ ਡਰਾਮਾਨੁਮਾ ਕਦਮ ਕਦੇ ਵੀ ਨਸ਼ਿਆਂ ਨੂੰ ਠੱਲ੍ਹ ਨਹੀਂ ਪਾ ਸਕਦੇ ਬਲਕਿ ਉਕਤ ਮੰਤਵ ਲਈ ਗੰਭੀਰਤਾ ਸਹਿਤ ਬਹੁਮੰਤਵੀ ਯਤਨ ਕਰਨੇ ਲੋੜੀਂਦੇ ਹਨ, ਜਿਨ੍ਹਾਂ 'ਚੋਂ ਬੇਰੁਜ਼ਗਾਰੀ ਦਾ ਖ਼ਾਤਮਾ ਕਰਨਾ, ਨਸ਼ਾ ਕਾਰੋਬਾਰ ਪਿੱਛੇ ਕੰਮ ਕਰਦੇ 'ਬਾਰਸੂਖ' ਗੱਠਜੋੜ ਨੂੰ ਸਖ਼ਤੀ ਨਾਲ ਤੋੜਨਾ ਅਤੇ ਜਨਤਕ ਖੇਤਰ ਦੇ ਸਿਹਤ ਅਦਾਰਿਆਂ ਨੂੰ ਲੋੜੀਂਦੀਆਂ ਦਵਾਈਆਂ ਤੇ ਹੋਰ ਸਾਜੋ ਸਮਾਨ ਉਪਲਬਧ ਕਰਵਾਉਣਾ ਅਤੇ ਨਸ਼ੇੜੀ ਬਣਾ ਦਿੱਤੇ ਗਏ ਨੌਜਵਾਨਾਂ ਨੂੰ ਜੇਲ੍ਹਾਂ ਦੀ ਥਾਂ ਸਿਹਤਮੰਦ ਹੋਣ ਤੱਕ ਹਰ ਪੱਖੋਂ ਸੰਪੂਰਨ ਨਸ਼ਾ-ਮੁਕਤੀ ਕੇਂਦਰਾਂ ਵਿੱਚ ਭੇਜਣ ਦੀ ਵਿਵਸਥਾ ਕਰਨਾ ਪ੍ਰਮੁੱਖ ਬੁਨਿਆਦੀ ਕਦਮ ਹਨ।
ਆਗੂਆਂ ਨੇ ਅੱਗੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਮਾਮਲੇ 'ਚ ਕੀਤਾ ਜਾ ਰਿਹਾ ਸਮੁੱਚਾ ਕਾਰ-ਵਿਹਾਰ ਇਸ ਗੱਲ ਦਾ ਪ੍ਰਭਾਵ ਦਿੰਦਾ ਹੈ ਕਿ ਮੌਜੂਦਾ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਨਸ਼ਿਆਂ ਨਾਲ ਜੁੜਿਆਂ ਸਮੁੱਚਾ ਘਟਨਾਕ੍ਰਮ ਵਿਧਾਨ ਸਭਾ ਚੋਣ ਜਿੱਤਣ ਲਈ ਮਹਿਜ਼ ਇੱਕ ਪ੍ਰਚਾਰ ਦਾ ਹੱਥਕੰਡਾ ਸੀ ਅਤੇ ਨਸ਼ਿਆਂ ਦੀ ਦਲਦਲ 'ਚ ਧੱਕਣ ਲਈ ਲੋਕਾਂ ਵੱਲੋਂ ਜ਼ਿੰਮੇਵਾਰ ਸਮਝੇ ਜਾਂਦੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਅੱਜ ਨਸ਼ਿਆਂ ਦੇ ਮੁੱਦੇ 'ਤੇ ਠੀਕ ਕਾਂਗਰਸੀਆਂ ਵਾਲੀ ਹੀ ਰਾਜਸੀ ਖੇਡ ਖੇਡਣ 'ਚ ਮਸ਼ਗੂਲ ਹਨ। ਰਾਜ ਦੀ ਮੁੱਖ ਵਿਰੋਧੀ ਪਾਰਟੀ 'ਆਪ' ਦੇ ਕੌਮੀ ਕਨਵੀਨਰ ਵੱਲੋਂ ਨਸ਼ਾ ਕਾਰੋਬਾਰੀਆਂ ਦੀ ਪੁਸ਼ਤ ਪਨਾਹੀ ਲਈ ਦੋਸ਼ੀ ਸਮਝੇ ਜਾਂਦੇ ਲੋਕਾਂ ਤੋਂ ਜਨਤਕ ਮੁਆਫ਼ੀ ਮੰਗਣ ਨੇ ਇਸ ਮਾਮਲੇ 'ਚ 'ਆਪ' ਦਾ ਹੀਜ-ਪਿਆਜ਼ ਵੀ ਨੰਗਾ ਕਰਕੇ ਰੱਖ ਦਿੱਤਾ ਹੈ।
ਇਸ ਮੌਕੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਕਾਮਰੇਡ ਦੇਵ ਫਿਲੌਰ, ਕੁਲਦੀਪ ਫਿਲੌਰ, ਕੌਂਸਲਰ ਸੁਨੀਤਾ ਫਿਲੌਰ, ਜਰਨੈਲ ਫਿਲੌਰ ਅਤੇ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਮੰਗ ਪੱਤਰ ਦੇਣ ਵੇਲੇ ਓਂਕਾਰ ਬਿਰਦੀ, ਸੁਖ ਰਾਮ, ਗੇਜੋ, ਸਰੋਜ ਰਾਣੀ ਆਦਿ ਵੀ ਹਾਜ਼ਰ ਸਨ ਅਤੇ ਇਨ੍ਹਾਂ ਆਗੂਆਂ ਨੇ ਨਸ਼ਿਆਂ ਤੋਂ ਇਲਾਵਾ ਪੀੜਤ ਲੋਕਾਂ ਦੇ ਹੋਰ ਅਨੇਕਾਂ ਮਸਲਿਆਂ ਬਾਰੇ ਵੀ ਐਸਡੀਐਮ ਨਾਲ ਚਰਚਾ ਕੀਤੀ।