sangrami lehar

ਨੌਜਵਾਨ ਸਭਾ ਅਤੇ ਵਿਦਿਆਰਥੀਆਂ ਨੇ ਨਸ਼ਿਆਂ ਖ਼ਿਲਾਫ਼ ਮੰਗ ਪੱਤਰ ਦਿੱਤਾ

  • 02/07/2018
  • 07:31 PM

ਫਿਲੌਰ : ਨਸ਼ਿਆਂ ਖ਼ਿਲਾਫ਼ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਵੱਲੋਂ ਮਨਾਏ ਜਾ ਰਹੇ ਕਾਲੇ ਹਫ਼ਤੇ ਦੀ ਕੜੀ ਵਜੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਵੱਲੋਂ ਐਸਡੀਐਮ ਫਿਲੌਰ ਨਵਨੀਤ ਕੌਰ ਬਲ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਰੋਸ ਪੱਤਰ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਕਿ ਪੁਲੀਸ ਸਿਆਸੀ ਨਸ਼ਾ ਸਮਗਲਰਾਂ ਦੇ ਗੱਠਜੋੜ ਨੂੰ ਨੱਥ ਪਾਈ ਜਾਵੇ ਅਤੇ ਸਖ਼ਤ ਸਜਾਵਾਂ ਦਿੱਤੀਆਂ ਜਾਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਧੱਕਣ ਦੀ ਬਜਾਏ ਨਸ਼ਾ ਮੁਕਤੀ ਕੇਂਦਰਾਂ ਵਿੱਚ ਭਰਤੀ ਕੀਤਾ ਜਾਵੇ, ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਮੁੜ ਵਸੇਬੇ ਲਈ ਸਹੂਲਤਾਂ ਦਿੱਤੀਆਂ ਜਾਣ, ਸਕੂਲਾਂ, ਕਾਲਜਾਂ ਦੇ 2 ਕਿੱਲੋਮੀਟਰ ਦੇ ਘੇਰੇ ਵਿੱਚੋਂ ਨਸ਼ੇ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਜਾਣ। ਇਸ ਮੌਕੇ ਪੀਐਸਐਫ ਦੇ ਸੂਬਾ ਸਕੱਤਰ ਅਜੇ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ, ਗੁਰਦੀਪ ਬੇਗਮਪੁਰ, ਮੱਖਣ ਸੰਗਰਾਮੀ ਨੇ ਦੱਸਿਆ ਕਿ ਨਸ਼ਿਆਂ ਦਾ ਧੰਦਾ ਸਿਆਸੀ ਆਗੂਆਂ ਦੀ ਰਹਿਨੁਮਾਈ ਹੇਠ ਪੁਲੀਸ ਦੀ ਮਿਲੀਭੁਗਤ ਨਾਲ ਜਿਉਂ ਦੀ ਤਿਉਂ ਚੱਲ ਰਿਹਾ ਹੈ, ਆਗੂਆਂ ਨੇ ਕਿਹਾ ਕਿ ਇੱਕ ਮਹੀਨੇ ਅੰਦਰ 23 ਨੌਜਵਾਨਾਂ ਦੀਆਂ ਨਸ਼ੇ ਕਾਰਨ ਹੋਈਆਂ ਮੌਤਾਂ ਨੇ ਸਿੱਧ ਕਰ ਦਿੱਤਾ ਹੈ ਕਿ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਨਸ਼ਿਆਂ ਨੂੰ ਬੰਦ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਨੂੰ ਬੰਦ ਕਰਨ ਵਿੱਚ ਪੂਰੀ ਤਰਾਂ ਫ਼ੇਲ੍ਹ ਹੋ ਗਈ ਹੈ, ਜਦ ਕਿ ਪੁਲੀਸ ਤੇ ਸਿਆਸੀ ਆਗੂਆਂ ਦੀ ਮਿਲੀ ਭੁਗਤ ਨਾਲ ਹੀ ਨਸ਼ਿਆਂ ਦਾ ਧੰਦਾ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਬੇਰੁਜ਼ਗਾਰਾਂ ਦੀ ਵੱਡੀ ਫ਼ੌਜ ਘੁੰਮ ਰਹੀ ਹੈ, ਜਿਸ ਦੇ ਰੁਜ਼ਗਾਰ ਦਾ ਨਾ ਤਾਂ ਕਿਸੇ ਸਰਕਾਰ ਨੇ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਇਸ ਪ੍ਰਤੀ ਕੋਈ ਸੁਹਿਰਦ ਦਿਖਾਈ ਦੇ ਰਿਹਾ ਹੈ, ਜਦ ਕਿ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਸੁੱਟਿਆ ਜਾ ਰਿਹਾ ਹੈ। ਨਸ਼ਿਆਂ ਦੀ ਸਮੱਸਿਆ ਦਾ ਉਦੋਂ ਤੱਕ ਕੋਈ ਹੱਲ ਨਹੀਂ ਹੋ ਸਕਦਾ ਜਦੋਂ ਤੱਕ ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋ ਜਾਂਦਾ।।ਇਸ ਮੌਕੇ ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ 31 ਜੁਲਾਈ ਨੂੰ ਸੁਨਾਮ ਵਿਖੇ ਹੋਣ ਵਾਲੇ "ਨਸ਼ੇ ਦਾ ਸਥਾਈ ਹੱਲ ਅਤੇ ਵਾਤਾਵਰਣ ਦੀ ਸੰਭਾਲ'' ਵਿਸ਼ੇ 'ਤੇ ਹੋ ਰਹੇ ਸੂਬਾ ਪੱਧਰੀ ਸੈਮੀਨਾਰ ਵਿੱਚ ਹੁੰਮ ਹਮਾ ਕੇ ਪੁੱਜਣ। ਇਸ ਮੌਕੇ ਸੰਦੀਪ ਸਿੰਘ, ਸੰਨੀ ਜੱਸਲ, ਅਵਤਾਰ ਚੰਦ, ਓਂਕਾਰ ਬਿਰਦੀ, ਗੁਲਸ਼ਨ ਕੁਮਾਰ, ਮਨੀ ਕੁਮਾਰ, ਮਨੋਜ ਕੁਮਾਰ, ਗੁਰਜੀਤ ਬੇਗਮਪੁਰ, ਅਜੇ ਕੁਮਾਰ ਆਦਿ ਹਾਜ਼ਰ ਸਨ।